-: ਉਤਾਰੇ ਵੇਲੇ ਹੋਈਆਂ ਗ਼ਲਤੀਆਂ- ਭਾਗ 2 :-
ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਵੇਲੇ ਹੋਈਆਂ ਗ਼ਲਤੀਆਂ ਦੇ ਸੰਬੰਧ ਵਿੱਚ ਜਨਵਰੀ 2013 ਵਿੱਚ, ਇੱਕ ਵੈਬ ਸਾਇਟ ਤੇ ਪੱਤਰਾਂ ਦੇ ਜਰੀਏ ਵਿਚਾਰ ਵਟਾਂਦਰਾ ਹੋਇਆ ਸੀ।ਪੇਸ਼ ਹਨ ਵਿਚਾਰ ਵਟਾਂਦਰੇ ਵਾਲੇ ਉਹ ਪੱਤਰ।
(ਨੋਟ:- ਮਾਮੂਲੀ ਜਿਹੀਆਂ ਸੋਧਾਂ ਤੋਂ ਇਲਾਵਾ ਬਾਕੀ ਪੱਤਰ ਹੂ ਬ ਹੂ ਉਸੇ ਤਰ੍ਹਾਂ ਹੀ ਇੱਥੇ ਦਰਜ ਕੀਤੇ ਗਏ ਹਨ ਜਿਸ ਤਰ੍ਹਾਂ ਵਿਚਾਰ ਵਟਾਂਦਰੇ ਦੌਰਾਨ ਲਿਖੇ ਗਏ ਸਨ)।
ਜਰਨੈਲ ਸਿੰਘ ਅਸਟ੍ਰੇਲੀਆ:- (11-01-13) ਗੁਰੂ ਗ੍ਰੰਥ ਸਾਹਿਬ ਦੇ ਪੰਨਾ 176 ਤੇ ਅੰਕਾਂ ਦੀ ਗਿਣਤੀ ਬਾਰੇ ਸਵਾਲ ਉਠਾਇਆ ਗਿਆ ਸੀ।ਅੰਕਾਂ ਦੀ ਗਿਣਤੀ ਵਿੱਚ ਵਾਧਾ-ਘਾਟਾ ਪੰਨਾ 200 ਤੱਕ ਚਲਦਾ ਹੈ।ਪੰਨਾ 200 ਉੱਪਰ ਅੰਕਾਂ ਦਾ ਜੋੜ 174 ਹੈ, ਜਦਕਿ ਚੱਲਦੇ ਸੰਗ੍ਰਹਿ ਦੇ 70 ਸ਼ਬਦ ਜੋੜ ਦੇ ਕੁੱਲ ਜੋੜ 175 ਹੋਣਾ ਚਾਹੀਦਾ ਹੈ।ਪੰਨਾ 200 ਤੋਂ ਬਾਅਦ ਕੁੱਲ ਜੋੜ ਲਿਖਣਾ ਬੰਦ ਕਰ ਦਿੱਤਾ।ਜਦੋਂ ਪੰਨਾ 220 ਤੇ ਚੱਲਦੇ ਸੰਗ੍ਰਹਿ ਦੇ ਅਖੀਰ’ਚ ਕੁੱਲ ਜੋੜ ਦਿੱਤਾ ਤਾਂ ਅੰਕਾਂ ਦੀ ਗਿਣਤੀ ਸਹੀ ਕਰ ਦਿੱਤੀ ਹੈ।ਪੰਨਾ 218 ਤੱਕ ਮਹਲੇ 5 ਦੇ 172 ਸ਼ਬਦਾਂ ਅਤੇ ਪੰਨਾ 220 ਤੱਕ ਮਹਲੇ 9 ਦੇ 9 ਸ਼ਬਦਾਂ ਵਿੱਚ ਪਹਲੇ ਸੰਗ੍ਰਹਿ ਦੇ 70 ਸ਼ਬਦਾਂ ਨੂੰ ਜੋੜ ਕੇ ਗਿਣਤੀ 251 ਹੀ ਬਣਦੀ ਹੈ।
ਸਰਵਜੀਤ ਸਿੰਘ:-
“…. ਇਹ ਗੱਲ ਤਾਂ ਸਪੱਸ਼ਟ ਸਾਹਮਣੇ ਆਈ ਹੈ ਕਿ ਉਤਾਰੇ ਕਰਨ ਵਾਲਿਆਂ ਨੇ ਜਾਣੇ-ਅਨਜਾਣੇ’ਚ ਉਕਾਈਆਂ ਕੀਤੀਆਂ ਹਨ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਤਾਰੇ ਕਰਨ ਵਾਲਿਆਂ ਵੱਲੋਂ ਗ਼ਲਤੀਆਂ ਕੀਤੀਆਂ ਗਈਆਂ ਹਨ ਤਾਂ ਫਿਰ ਉਹਨਾਂ ਨੂੰ ਦਰੁਸਤ ਕੌਣ ਕਰੇ? ਬਹੁਤਿਆਂ ਨੂੰ ਤਾਂ ਹਾਲੇ ਇਹ ਗੱਲਾਂ ਵੀ ਹਜ਼ਮ ਕਰਨੀਆਂ ਔਖੀਆਂ ਹਨ ਕਿ ਕਾਤਬਾਂ ਨੇ ਗ਼ਲਤੀਆਂ ਕੀਤੀਆਂ ਹਨ।
ਜਸਬੀਰ ਸਿੰਘ ਕੈਲਗਰੀ (ਵਿਰਦੀ):-
ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ ਪੰਨਾ 175 ਤੱਕ ਸ਼ਬਦਾਂ ਦਾ ਕੁੱਲ ਜੋੜ ‘70’ ਦਿੱਤਾ ਗਿਆ ਹੈ।ਇਸ ਤੋਂ ਅੱਗੇ ਇਸੇ ਰਾਗ ਦੇ ਗੁਰੂ ਅਰਜਨ ਦੇਵ ਜੀ ਦੇ ਪਹਿਲੇ ਸ਼ਬਦ ਤੇ ਨੰਬਰ ‘1’ ਪਾ ਕੇ ਵੱਡਾ ਜੋੜ ‘70+1=71’ ਪੈਣੋਂ ਛੁੱਟ ਗਿਆ ਅਤੇ ਮ:5 ਦੇ ਇਸ ਤੋਂ ਅਗਲੇ ਸ਼ਬਦ ਨੰ: 2 ਤੇ (ਗੁਰੂ ਸਾਹਿਬ ਦੇ ਸਮੇਂ ਹੀ) ਨੰ: ‘71’ ਪੈ ਗਿਆ।ਵੱਡੇ ਜੋੜ ਵਿੱਚ ਇਹ ‘ਇੱਕ’ ਨੰਬਰ ਦਾ ਫਰਕ ਜੋ ਕਿ ਮ:5 ਦੇ ਸੰਗ੍ਰਹਿ ਦੇ ਪਹਿਲੇ ਸ਼ਬਦ ਤੇ ਰਹਿ ਗਿਆ ਇਹ ਫਰਕ ਪੰਨਾ 200, ਗੁਰੂ ਅਰਜਨ ਦੇਵ ਜੀ ਦੇ ਸ਼ਬਦ ‘105’ ਤੱਕ ਚੱਲਦਾ ਰਿਹਾ।ਇਸ ਤੋਂ ਬਾਅਦ ਮ:5 ਦੇ 106ਵੇਂ ਸ਼ਬਦ ਤੇ ਜਾ ਕੇ ਭੁੱਲ ਦਾ ਅਹਿਸਾਸ ਹੋ ਜਾਣ ਤੇ ਵੱਡਾ ਜੋੜ (ਜਿਸ ਵਿੱਚ ਇੱਕ ਨੰਬਰ ਦਾ ਫਰਕ ਚੱਲਦਾ ਆ ਰਿਹਾ ਸੀ) ਲਿਖਣਾ ਬੰਦ ਕਰ ਦਿੱਤਾ ਗਿਆ।ਇਸ ਹੋਈ ਭੁੱਲ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਦੇ ਵਕਤ ਵੀ ਅਹਿਸਾਸ ਸੀ।ਲੇਕਿਨ ਪਹਿਲੀ ਲਿਖਤ ਵਿੱਚ ਕੋਈ ਛੇੜ-ਛਾੜ ਨਾ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਇਸ ਪ੍ਰਕਰਣ ਦੇ ਅਖੀਰਲੇ ਨੌਵੇਂ ਸ਼ਬਦ ਪੰਨਾ 220 ਤੇ ਕੁੱਲ ਜੋੜ ਨੂੰ ਦਰੁਸਤ ਕਰਕੇ ਵੱਡਾ ਜੋੜ ਜੋ ਕਿ ਅਸਲ ਵਿੱਚ ‘251’ ਬਣਦਾ ਸੀ, ਉਹੀ ਲਿਖ ਦਿੱਤਾ ਗਿਆ।ਸੋ ਇਹ ਉਤਾਰੇ ਦੇ ਵਕਤ ਹੋਈ ਭੁੱਲ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਵਕਤ ਹੀ ਹੋਈ ਭੁੱਲ ਹੈ।
ਇਸ ਦੇ ਨਾਲ ਹੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ ਕਾਟਾ-ਪੀਟੀ ਨਹੀਂ ਕੀਤੀ ਬਲਕਿ ਆਪਣੇ ਵੱਲੋਂ ਅਖੀਰ ਤੇ ਸਹੀ ਨੰਬਰ ਪਾ ਕੇ ਭੁੱਲ ਦੀ ਸੋਧ ਕਰ ਦਿੱਤੀ ਗਈ ਸੀ।
(ਨੋਟ:- ਇਸ ਤੋਂ ਅੱਗੇ ਵਿਚਾਰ ਵਟਾਂਦਰਾ ਕਰਨ ਵਾਲੇ ਸੱਜਣਾਂ ਵੱਲੋਂ, ਮੁੱਦੇ ਦੀ ਗੱਲ ਨਾ ਕਰਕੇ, ਹੋਰ ਹੋਰ ਹੀ ਗੱਲਾਂ ਕੀਤੀਆਂ ਗਈਆਂ।)
ਜਸਬੀਰ ਸਿੰਘ ਕੈਲਗਰੀ:-
ਜੇ ਉਤਾਰੇ ਦੇ ਵਕਤ ਗ਼ਲਤੀ ਹੋਈ ਹੁੰਦੀ ਤਾਂ ਇਹ ਗ਼ਲਤੀ ਇੱਕ ਥਾਂ ਹੋ ਸਕਦੀ ਸੀ, 172 ਥਾਵਾਂ ਤੇ ਨਹੀਂ, ਜਾਂ 105 ਥਾਵਾਂ ਤੇ ਨਹੀਂ, ਜਿਸ ਤੋਂ ਅੱਗੇ ਵਡਾ ਜੋੜ ਲਿਖਣਾ ਬੰਦ ਕਰ ਦਿੱਤਾ ਗਿਆ।ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ ਦੇ 172 ਸ਼ਬਦਾਂ ਦਾ (ਛੋਟੇ ਜੋੜ ਵਾਲਾ) ਨੰਬਰ ਸਹੀ ਚੱਲੀ ਆ ਰਿਹਾ ਹੈ, ਫਰਕ ਸਿਰਫ ਵੱਡੇ ਜੋੜ ਵਾਲੇ ਅੰਕਾਂ ਦਾ ਹੈ।ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲਾ ਕਾਤਿਬ ਛੋਟੇ ਅੰਕਾਂ ਦਾ ਤਾਂ ਉਤਾਰਾ ਸਹੀ ਕਰੀ ਜਾ ਰਿਹਾ ਸੀ।ਪਰ ਉਸ ਦੇ ਨਾਲ ਹੀ ਲਿਖੇ ਵੱਡੇ ਜੋੜ ਵਾਲੇ ਅਕਾਂ ਨੂੰ ਹਰ ਵਾਰੀਂ (172 ਵਾਰੀਂ/ 105 ਵਾਰੀਂ) ਗ਼ਲਤ ਉਤਾਰਾ ਕਰਦਾ ਰਿਹਾ?
ਸੋ ਕਿਸੇ ਵੀ ਹਾਲਤ ਵਿੱਚ ਇਸ ਨੂੰ ਉਤਾਰੇ ਦੇ ਵਕਤ ਹੋਈ ਗ਼ਲਤੀ ਨਹੀਂ ਕਿਹਾ ਜਾ ਸਕਦਾ।
***
ਇਸ ਤੋਂ ਅੱਗੇ ਮੁੱਖ ਨੁਕਤਾ ਕਿ, ਕੀ ਗ਼ਲਤੀ ਉਤਾਰੇ ਵੇਲੇ ਹੋਈ ਹੈ? ਇਸ ਸੰਬੰਧੀ ਮੈਂ ਕਈ ਵਾਰੀ ਆਪਣੇ ਸਵਾਲਾਂ ਨੂੰ ਦੁਹਰਾਉਣ ਲਈ ਕੌਪੀ ਪੇਸਟ ਵੀ ਲਗਾਈ।ਪਰ ਵਿਚਾਰ ਸਾਂਝੇ ਕਰਨ ਵਾਲੇ ਸੱਜਣਾਂ ਵੱਲੋਂ ਮੁੱਖ ਨੁਕਤੇ ਤੇ ਗੱਲ ਨਾ ਕਰਕੇ, ਵਿਸ਼ੇ ਨੂੰ ਹੋਰ ਹੋਰ ਪਾਸੇ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ।ਅਖੀਰ ਮੈਂ ਸੰਪਾਦਕ ਜੀ ਨੂੰ ਬੇਨਤੀ ਕੀਤੀ ਕਿ:-
ਸੰਪਾਦਕ ਜੀ! ਬੇਨਤੀ ਹੈ ਕਿ ਸਰਵਜੀਤ ਸਿੰਘ ਜੀ ਮੇਰੇ ਵੱਲੋਂ ਦਿੱਤੇ ਗਏ ਵਿਚਾਰਾਂ ਬਾਰੇ ਆਪਣਾ ਜਵਾਬ ਨਾ ਦੇ ਕੇ ਹੋਰ ਹੋਰ ਵਿਚਾਰਾਂ ਦੇ ਰਹੇ ਹਨ।ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਇਸ ਸੰਬੰਧੀ ਸੰਪਾਦਕੀ ਨੋਟ ਦੇ ਜ਼ਰੀਏ ਹਦਾਇਤ ਕੀਤੀ ਜਾਵੇ।ਵੀਰ ਜੀ! ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ ਵੱਖ ਸਰੂਪਾਂ ਵਿੱਚ ਕਿੱਥੇ ਕੀ ਕੀ ਗ਼ਲਤੀਆਂ ਹਨ, ਰਾਗ ਮਾਲਾ, ਮੰਗਲਾ ਚਰਨ ਆਦਿ ਬਾਰੇ ਮੈਂ ਆਪਣੇ ਕੋਈ ਵਿਚਾਰ ਨਹੀਂ ਦਿੱਤੇ।ਮੈਂ ਜਿੰਨੀ ਗੱਲ ਕੀਤੀ ਹੈ, ਉਸ ਦਾਇਰੇ ਦੇ ਅੰਦਰ ਆਪਣੇ ਵਿਚਾਰ ਦੇਣ ਲਈ ਸੰਬੰਧਤ ਸੱਜਣਾਂ ਨੂੰ ਹਦਾਇਤ ਕੀਤੀ ਜਾਵੇ।ਧੰਨਵਾਦ।
ਮੇਰੀ ਇਸ ਬੇਨਤੀ ਨੂੰ ਸਵਿਕਾਰ ਕਰਦੇ ਹੋਏ ਸੰਪਾਦਕ ਜੀ ਨੇ ਉਲਟਾ ਮੇਰੇ ਤੇ ਹੀ ਕਈ ਕਿਸਮ ਦੇ ਇਲਜਾਮ ਲਗਾ ਦਿੱਤੇ।ਮੇਰੇ ਵੱਲੋਂ ਬਾਰ ਬਾਰ ਸਵਾਲਾਂ ਦੀ ਕੌਪੀ ਪੇਸਟ ਲਗਾਉਣ ਨੂੰ ਵੀ ਮੇਰੇ ਵੱਲੋਂ ਦੁਹਰਾਵ ਕੀਤੇ ਜਾਣ ਦਾ ਦੋਸ਼ ਲਗਾ ਦਿੱਤਾ ਗਿਆ।ਸੋ ਸੰਪਾਦਕ ਜੀ ਦਾ ਮੇਰੇ ਖਿਲਾਫ ਇਕ ਤਰਫਾ ਝੁਕਾਵ ਦੇਖਦੇ ਹੋਏ, ਪਾਠਕਾਂ ਨੂੰ ਆਖਰੀ ਫਤਹਿ ਬੁਲਾ ਕੇ, ਮੈਂ ਉਸ ਤੋਂ ਬਾਅਦ ਆਪਣੇ ਵਿਚਾਰ ਉਸ ਵੈਬ ਸਾਇਟ ਤੇ ਭੇਜਣੇ ਬੰਦ ਕਰ ਦਿੱਤੇ ਸਨ।
ਪਾਠਕ ਧਿਆਨ ਦੇਣ ਕਿ, ਮੰਨ ਲਵੋ ਜੇ ਛਾਪੇ ਦੀਆਂ ਬੀੜਾਂ ਵਿੱਚ ਉਤਾਰਾ ਕਰਨ ਵੇਲੇ ਨੰਬਰ ਪਾਉਣ ਦੀਆਂ ਗ਼ਲਤੀਆਂ ਹੋਈਆਂ ਹੋਣ, ਤਾਂ ਵੀ ਇਹ ਕਿੰਨਾ ਕੁ ਵੱਡਾ ਮਸਲਾ ਹੈ? ਕੀ ਨੰਬਰਾਂ ਦੀ ਇਸ ਗ਼ਲਤੀ ਨਾਲ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ?
ਨਹੀਂ, ਅਸਲ ਵਿੱਚ ਇਹ ਲੋਕ ਕਿਸੇ ਵੀ ਤਰੀਕੇ ਨਾਲ ਸੋਧ ਦੇ ਬਹਾਨੇ ਇੱਕ ਵਾਰੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਨਾ ਕੁਝ ਬਦਲਣਾ ਚਾਹੁੰਦੇ ਹਨ।ਚਾਹੇ ਬਦਲਾਵ ਜਾਂ ਸੋਧ ਛੋਟੀ ਜਿਹੀ ਵੀ ਕਿਉਂ ਨਾ ਹੋਵੇ।ਬੱਸ ਇੱਕ ਵਾਰੀਂ ਸੋਧ ਕਰਨ ਦੀ ਛੁਰੂਆਤ ਹੋਣੀ ਚਾਹੀਦੀ ਹੈ, ਇਸ ਤੋਂ ਬਾਅਦ ਇਹ ਲੋਕ ਕੀ ਕੀ ਸੋਧ ਕਰਨ ਦੇ ਇਰਾਦੇ ਰੱਖਦੇ ਹਨ, ਇਨ੍ਹਾਂ ਵੱਲੋਂ ਪੇਸ਼ ਕੀਤੀਆਂ ਜਾਂਦੀ ਫਲੌਸਫੀਆਂ ਅਤੇ ਅਰਥਾਂ ਦੇ ਅਨਰਥਾਂ ਤੋਂ ਜ਼ਾਹਰ ਹੈ।
ਜਸਬੀਰ ਸਿੰਘ ਵਿਰਦੀ 23-06-2015
…………………………………….
ਟਿੱਪਣੀ :- ਉਸ ਵੇਲੇ ਦੇ ਸਿੱਖ ਸੁਹਿਰਦ, ਸਮੱਰਪਿਤ, ਸਿਆਣੇ ਅਤੇ ਗੁਰੂ ਨੂੰ ਅਭੁੱਲ ਸਮਝਣ ਵਾਲੇ ਸਨ, ਜਦ ਉਤਾਰੇ ਵਾਲੇ ਨੂੰ ਆਪਣੀ ਉਕਾਈ ਦੀ ਸਮਝ ਆਈ ਤਾਂ ਉਸ ਨੇ ਜ਼ਿਆਦਾ ਛੇੜ-ਛਾੜ ਨਾ ਕਰ ਕੇ ਉਸ ਥਾਂ ਹੀ ਠੀਕ ਕਰ ਲਈ । ਉਸ ਨੂੰ ਪਤਾ ਸੀ ਕਿ ਜੇ ਕੋਈ ਸਿੱਖ ਵੇਖੇਗਾ ਤਾਂ ਸਮਝ ਲਵੇਗਾ ਕਿ ਗਲਤੀ ਹੋਈ ਸੀ, ਜੋ ਠਕਿ ਕਰ ਲਈ, ਉਹ ਬੰਦੇ ਨੂੰ ਭੁਲਣ ਅੰਦਰਿ ਸਮਝ ਕੇ ਚੁੱਪ ਕਰ ਰਹੇਗਾ, ਅਤੇ ਇਹੀ ਹੋਇਆ। ਪਰ ਅੱਜ ਦੇ ਸਿੱਖ ਬਹੁਤ ਸਿਆਣੇ ਹਨ, ਉਹ ਗੁਰੂ ਨੂੰ ਤਾਂ ਭੁਲਣਹਾਰ ਸਮਝਦੇ ਹਨ, ਪਰ ਬੰਦੇ ਨੂੰ ਅਭੁੱਲ ਸਮਝ ਕੇ ਇਹ ਸਵਾਲ ਉਠਾਉਂਦੇ ਹਨ ਕਿ, ਬੰਦੇ ਨੇ ਗਲਤੀ ਕਿਉਂ ਕੀਤੀ? ਇਹ ਠੀਕ ਹੋਣੀ ਚਾਹੀਦੀ ਹੈ, ਪਰ ਆਪਣੇ ਵਲੋਂ ਹੁੰਦੀਆਂ ਅਨੇਕਾਂ ਭੁੱਲਾਂ ਨੂੰ ਸੁਧਾਰਨਾ ਤਾਂ ਇਕ ਪਾਸੇ, ਮੰਨਣ ਲਈ ਵੀ ਤਿਆਰ ਨਹੀਂ।
ਅਮਰ ਜੀਤ ਸਿੰਘ ਚੰਦੀ