ਸੰਪਰਦਾਈਆਂ ਵਲੋਂ ਗੁਰਬਾਣੀ ਦੇ ਅਰਥਾਂ ਦੇ ਅਨਰਥ
ਗੁਰਮਤਿ ਸਮਝੇ ਤੋਂ ਬਿਨਾ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀ ਅਰਥ ਕਰ ਕੇ ਅਰਥਾਂ ਦੇ ਅਨਰਥ ਕਰ ਕੇ ਸੰਗਤਾਂ ਵਿਚ ਦੁਬਿਧਾ ਪੈਦਾ ਕਰ ਰਹੇ ਹਨ
ਭਾਈ ਹਰੀ ਸਿੰਘ ਰੰਧਾਵਾ ਵੱਲੋਂ ਪਿਛਲੇ ਸਮੇਂ ’ਚ ਕੀਤੀ ਕਥਾ ਦੌਰਾਨ ਮਹਾਂਵਾਰੀ ਦੇ ਦਿਨਾਂ ਵਿੱਚ ਬੀਬੀਆਂ ’ਚ ਆਈ ਅਪਵਿੱਤਰਤਾ ਅਤੇ ਪਾਥੀਆਂ ਵਿੱਚੋਂ ‘ਵਾਹਿਗੁਰੂ’ ਸ਼ਬਦ ਦੀ ਆ ਰਹੀ ਅਵਾਜ਼ ਵਰਗੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ’ਤੇ ਸਰੀ (ਕੈਨੇਡਾ) ਵਿੱਚ ਵਧੇ ਵਿਵਾਦ ਉਪ੍ਰੰਤ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਦੋਵਾਂ ਧਿਰਾਂ ਦੀ ਕਰਾਈ ਦੋ ਦਿਨਾਂ ਮੀਟਿੰਗ ਦੌਰਾਨ ਭਾਈ ਹਰੀ ਸਿੰਘ ਰੰਧਾਵਾ ਜੀ ਵਾਰ ਵਾਰ ਗੁਰਬਾਣੀ ਦੀ ਇਹ ਤੁਕ
“ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥”
ਦਾ ਪ੍ਰਮਾਣ ਦੇ ਕੇ ਇਹ ਕਹਿੰਦੇ ਰਹੇ ਕਿ ਮਹਾਂਵਾਰੀ ਦੇ ਦਿਨਾਂ ਵਿੱਚ ਬੀਬੀਆਂ ਦਾ ਸਰੀਰ ਅਪਵਿੱਤਰ ਹੋ ਜਾਂਦਾ ਹੈ ਜੋ ਚੌਥੇ ਦਿਨ ਸਿਰ ਨਹ੍ਹਾ ਕੇ ਹੀ ਪਵਿੱਤਰ ਹੋ ਸਕਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇਸ ਤੋਂ ਅਗਲੀ ਤੁਕ ਪੜ੍ਹਦੇ ਹੀ ਨਹੀਂ ਸਨ ਅਤੇ ਨਾਂ ਹੀ ਸੁਣਦੇ ਸਨ। ਅਗਲੀਆਂ ਤੁਕਾਂ ਇਹ ਹਨ :
“ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥
ਜੇ ਹਰਿ ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥”
ਜਿਸ ਦੇ ਪ੍ਰੋ: ਸਾਹਿਬ ਸਿੰਘ ਨੇ ਅਰਥ ਇਸ ਤਰ੍ਹਾਂ ਕੀਤੇ ਹਨ:- (ਹੇ ਭਾਈ! ਮਨੁੱਖਾ ਸਰੀਰ ਵਿਚ ਨੱਕ ਕੰਨ ਆਦਿਕ ਨੌ ਛੇਕ ਹਨ, ਇਹ) ਨੌ ਹੀ ਛੇਕ ਸਿੰਮਦੇ ਰਹਿੰਦੇ ਹਨ (ਅਤੇ ਵਿਕਾਰ-ਵਾਸਨਾ ਆਦਿਕ ਦੇ ਕਾਰਨ) ਅਪਵਿੱਤਰ ਭੀ ਹਨ। (ਜਿਹੜਾ ਮਨੁੱਖ ਹਰਿ-ਨਾਮ ਉਚਾਰਦਾ ਹੈ) ਹਰਿ-ਨਾਮ ਉਚਾਰ ਕੇ ਉਸ ਨੇ ਇਹ ਸਾਰੇ ਪਵਿੱਤਰ ਕਰ ਲਏ ਹਨ। ਹੇ ਭਾਈ! ਜੇ ਮੇਰਾ ਮਾਲਕ-ਪ੍ਰਭੂ ਕਿਸੇ ਜੀਵ ਉਤੇ ਦਇਆਵਾਨ ਹੋ ਜਾਏ, ਤਾ ਹਰਿ-ਨਾਮ ਸਿਮਰਦਿਆਂ (ਉਸ ਦੇ ਇਹਨਾਂ ਇੰਦ੍ਰਿਆਂ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ।
ਦੂਸਰੀ ਗੱਲ ਹੈ ਕਿ ਗਿਆਨੀ ਜਸਵੀਰ ਸਿੰਘ ਦੀ ਇਸ ਦਲੀਲ ਨਾਲ ਵੀ ਰੰਧਾਵਾ ਜੀ ਸਹਿਮਤ ਹੁੰਦੇ ਨਜ਼ਰ ਨਹੀਂ ਆਏ ਕਿ
“ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥”
ਵਿੱਚ ਗੁਰੂ ਸਾਹਿਬ ਜੀ ਨੇ ਮਹਾਂਵਾਰੀ ਦੇ ਦਿਨਾਂ ਵਿੱਚ ਇਸਤਰੀ ਨੂੰ ਅਪਵਿੱਤਰ ਨਹੀਂ ਮੰਨਿਆ ਬਲਕਿ ਇੱਕ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਇਸਤਰੀ ਨੂੰ ਕੁਦਰਤੀ ਨਿਯਮਾਂ ਅਨੁਸਾਰ ਮਹਾਂਵਾਰੀ ਹਰ ਮਹੀਨੇ ਵਾਰ ਵਾਰ ਆਉਂਦੀ ਹੈ; ਇਸੇ ਤਰ੍ਹਾਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਖ਼ੁਆਰ ਹੀ ਹੁੰਦਾ ਰਹਿੰਦਾ ਹੈ। ਅਜੇਹੇ ਮਨੁੱਖ ਨਿਰਾ ਸਰੀਰ ਨੂੰ ਹੀ ਧੋ ਕੇ ਸੁੱਚੇ ਨਹੀਂ ਆਖੇ ਜਾਂਦੇ। ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ। ਬਾਕੀ ਵਿਦਵਾਨਾਂ ਦੇ ਅਰਥ ਭਾਵ ਵੀ ਬਿਲਕੁਲ ਇਸ ਦੇ ਨਾਲ ਮਿਲਦੇ ਜੁਲਦੇ ਹੀ ਹਨ।
ਗੁਰੂ ਸਾਹਿਬ ਜੀ ਵੱਲੋਂ ਇਹ ਉਸੇ ਤਰ੍ਹਾਂ ਇੱਕ ਉਦਾਹਰਣ ਹੈ ਜਿਵੇਂ:
“ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥”
ਤੁਕ ਵਿੱਚ ਗੁਰੂ ਸਾਹਿਬ ਜੀ ਜਨਮ ਕਰਕੇ ਕਿਸੇ ਨੂੰ ਨੀਚ ਜਾਤ ਨਹੀਂ ਮੰਨਦੇ ਪਰ ਸਮਾਜ ਵਿੱਚ ਪ੍ਰਚਲਤ ਹੋਣ ਕਰਕੇ ਇੱਕ ਉਦਾਹਰਣ ਦਿੱਤੀ ਗਈ ਹੈ ਕਿ “ਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਵਿਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ।”
ਤੀਸਰੀ ਗੱਲ ਹੈ ਕਿ ਜੇ ਰੰਧਾਵਾ ਸਾਹਿਬ ਦੀ ਗੱਲ ਮੰਨ ਵੀ ਲਈਏ ਕਿ ਨੌ ਹੀ ਦੁਆਰਿਆਂ ਵਿੱਚੋਂ ਹਰ ਸਮੇਂ ਕੁਝ ਨਾ ਕੁਝ ਸਿੰਮਦਾ ਰਹਿੰਦਾ ਹੋਣ ਕਰਕੇ ਉਹ ਅਪਵਿੱਤਰ ਹੋਏ ਰਹਿੰਦੇ ਹਨ ਤਾਂ ਇਹ ਗੱਲ ਸਿਰਫ ਇਸਤਰੀਆਂ ਦੇ ਮਹਾਂਵਾਰੀ ਆਉਣ ਦੇ ਦਿਨਾਂ ਵਿੱਚ ਅਪਵਿੱਤਰ ਹੋਣ ’ਤੇ ਹੀ ਨਹੀਂ ਢੁਕਦੀ ਬਲਕਿ ਮਨੁੱਖ ’ਤੇ ਵੀ ਉਤਨੀ ਹੀ ਢੁਕਦੀ ਹੈ ਕਿਉਂਕਿ ਇਸਤਰੀ ਨੂੰ ਮਹਾਂਵਾਰੀ ਤਾਂ ਮਹੀਨੇ ਬਾਅਦ ਤਿੰਨ ਦਿਨ ਲਈ ਹੀ ਆਉਂਦੀ ਹੈ ਪਰ ਬਾਕੀ ਦੇ ਹਰ ਪਲ ਇਸਤਰੀ ਪੁਰਸ਼ਾਂ ਦੋਵਾਂ ਦੇ ਨੌ ਦੁਆਰੇ ਤਾਂ ਹਮੇਸ਼ਾਂ ਅਪਵਿੱਤਰ ਹੀ ਰਹਿੰਦੇ ਹਨ । ਇੱਥੋਂ ਤੱਕ ਕਿ ਮਨੁਖ ਦੇ ਸਮੁੱਚੇ ਸਰੀਰ ਵਿੱਚੋਂ ਹਰ ਪਲ ਪਸੀਨਾ ਨਿਕਲਦਾ ਰਹਿੰਦਾ ਹੈ ਜਿਸ ਕਾਰਣ ਸਰੀਰ ਵੀ ਹਮੇਸ਼ਾਂ ਗੰਦਾ ਹੋਇਆ ਰਹਿੰਦਾ ਹੈ। ਫਿਰ ਮਨੁਖ ਵੀ ਉਤਨਾ ਹੀ ਅਪਵਿੱਤਰ ਹੋਇਆ ਰਹਿੰਦਾ ਹੈ ਜਿਤਨਾ ਕਿ ਇਸਤਰੀ। ਇਸ ਹਿਸਾਬ ਨਾਲ ਤਾਂ ਕੋਈ ਵੀ ਮਨੁੱਖ ਕਦੀ ਵੀ ਪਵਿੱਤਰ ਨਹੀ ਹੋ ਸਕਦਾ। ਸੋ ਗੱਲ ਕੁਦਰਤੀ ਕਿਰਿਆ ਕਾਰਣ ਅਪਵਿੱਤਰ ਹੋਣ ਦੀ ਨਹੀਂ ਬਲਕਿ ਸਫਾਈ ਰੱਖਣ ਦੀ ਹੈ। ਹਰ ਔਰਤ ਜਿਹੜੀ ਵੀ ਗੁਰੂ ਦੀ ਹਜੂਰੀ ਵਿੱਚ ਹਾਜਰੀ ਭਰਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਆਉਂਦੀ ਹੈ ਉਸ ਨੂੰ ਘੱਟ ਤੋਂ ਘੱਟ ਇਤਨੀ ਤਾਂ ਸੂਝ ਹੁੰਦੀ ਹੀ ਹੈ ਕਿ ਉਹ ਸਫਾਈ ਕਰਕੇ ਹੀ ਆਉਂਦੀ ਹੈ ਇਸ ਲਈ ਕਿਸੇ ’ਤੇ ਰੋਕ ਲਾਉਣੀ ਗੁਰਮਤਿ ਦੇ ਬਿਲਕੁਲ ਉਲਟ ਹੈ। ਜਿਹੜੇ ਵੀਰ ਗੁਰਬਾਣੀ ਦੇ ਸ਼ਨਾਤਨੀ ਅਰਥ ਕਰਕੇ ਬੀਬੀਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ, ਦਰਬਾਰ ਸਾਹਿਬ ਜੀ ਵਿਖੇ ਕੀਰਤਨ ਕਰਨ, ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਜਾਂ ਕੋਈ ਹੋਰ ਸੇਵਾ ਨਿਭਾਉਣ ’ਤੇ ਰੋਕ ਲਾਏ ਜਾਣ ਦੀ ਵਕਾਲਤ ਕਰਦੇ ਹਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਚੇਤੇ ਰੱਖਣਾ ਚਾਹੀਦਾ ਹੈ:
“ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥”
ਮੈਡੀਕਲ ਸਾਇੰਸ ਦੀ ਉਦਾਹਰਣ ਨੂੰ ਭਾਈ ਰੰਧਾਵਾ ਜੀ ਦੇ ਨਾਲ ਆਏ ਇੱਕ ਸਮਰਥਕ ਨੇ ਗੁਰਬਾਣੀ ਦੀ ਇਸ ਤੁਕ ਦਾ ਹਵਾਲਾ ਦੇ ਕੇ ਰੱਦ ਕੀਤਾ:
“ਮੁਕਤਿ ਨਹੀ ਬਿਦਿਆ ਬਿਗਿਆਨਿ ॥”
ਇਸ ਤੁਕ ਵਿੱਚ ਉਹ ਸਮਰਥਕ ਆਪਣੇ ਵੱਲੋਂ 'ਬਿਗਿਆਨਿ' ਦੇ ਅਰਥ 'ਵਿਗਿਆਨ' ਭਾਵ 'ਸਾਇੰਸ' ਕਰਦਾ ਸੀ ਜਦੋਂ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ:-
ਗਿਆਨਿ = ਗਿਆਨ ਵਿਚ। ਬਿਗਿਆਨਿ = ਬਿਨਾਂ-ਗਿਆਨ ਤੋਂ = ਗਿਆਨ-ਹੀਨਤਾ ਵਿਚ। ਬਿਦਿਆ = ਆਤਮਕ ਵਿੱਦਿਆ। ਬਿਦਿਆ ਬਿਗਿਆਨੀ = ਆਤਮਕ ਵਿੱਦਿਆ ਦੀ ਸੂਝ ਤੋਂ ਬਿਨਾ।
ਫਰੀਦਕੋਟੀ ਟੀਕੇ ਵਿੱਚ ਇਸ ਤੁਕ ਦੇ ਅਰਥ ਇਸ ਤਰ੍ਹਾਂ ਕੀਤੇ ਹਨ: “ਪਰੰਤੂ ਬਿਗ੍ਯਾਨ ਬਿਦ੍ਯਾ ਸੇ ਬਿਨਾ ਮੁਕਤੀ ਪ੍ਰਾਪਤਿ ਨਹੀਂ ਹੋਤੀ।”
ਸੋ ਇਸ ਤੋਂ ਪਤਾ ਲਗਦਾ ਹੈ ਕਿ ਗੁਰਬਾਣੀ ਦੀ ਫ਼ਿਲਾਸਫ਼ੀ ਭਾਵ ਗੁਰਮਤਿ ਸਮਝੇ ਤੋਂ ਬਿਨਾਂ ਹੀ ਸੰਪ੍ਰਦਾਈ ਲੋਕ ਸਿਰਫ ਅੱਖਰੀ ਅਰਥ ਕਰਕੇ ਅਰਥਾਂ ਦੇ ਅਨਰਥ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ।
ਦੋ ਦਿਨਾਂ ਦੇ ਚਲਦੇ ਵਿਵਾਦ ਦੌਰਾਨ ਰੰਧਾਵਾ ਜੀ ਇਹ ਤਾਂ ਮੰਨਣ ਲੱਗ ਪਏ ਕਿ ਉਨ੍ਹਾਂ ਔਰਤ ਨੂੰ ਅਪਵਿੱਤਰ ਨਹੀਂ ਕਿਹਾ ਪਰ ਮਹਾਂਵਾਰੀ ਦੀ ਕਿਰਿਆ ਨੂੰ ਅਪਵਿੱਤਰ ਕਿਹਾ ਹੈ। ਜੇ ਗੱਲ ਸਹੀ ਹੈ ਤਾਂ ੳਨ੍ਹਾਂ ਵੱਲੋਂ ਹੀ ਦਿੱਤੇ ਪ੍ਰਮਾਣ “ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥”
ਅਨੁਸਾਰ ਇਹ ਅਪਵਿੱਤਰਤਾ ਤਾਂ ਇਸਤਰੀ ਪੁਰਸ਼ਾਂ ਦੋਵਾਂ ਵਿੱਚ ਹੀ ਹਰ ਸਮੇਂ ਬਣੀ ਰਹਿੰਦੀ ਹੈ ਫਿਰ ਸਿਰਫ ਔਰਤਾਂ ’ਤੇ ਪਾਬੰਦੀ ਕਿਉਂ?
ਭਾਈ ਹਰੀ ਸਿੰਘ ਜੀ ਰੰਧਾਵਾ ਇੱਕ ਨੌਜਵਾਨ ਭੁਪਿੰਦਰ ਸਿੰਘ ਦੇ ਇਸ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੇ ਕਿ ਜੇ ਅੰਦਰੂਨੀ ਕਪੜਿਆਂ ਨੂੰ ਖੂਨ ਦੇ ਦਾਗ ਲੱਗਣ ਕਾਰਣ ਹੀ ਔਰਤ ਅਪਵਿੱਤਰ ਹੋ ਜਾਂਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੀ ਤਾਂ ਜੇ ਕਰ ਮਰਦ ਦੇ ਸਰੀਰ ’ਤੇ ਕੋਈ ਜਖ਼ਮ ਹੋ ਜਾਣ ਕਰਕੇ ਖੂਨ ਸਿਮਦਾ ਹੋਵੇ ਤਾਂ ਕੀ ਉਹ ਪੱਟੀ ਬੰਨ੍ਹ ਕੇ ਤਾਬਿਆ ਬੈਠ ਸਕਦਾ ਹੈ ਜਾਂ ਨਹੀਂ? ਦੂਸਰਾ ਸਵਾਲ ਕੇ ਪਾਥੀਆਂ ਜੋ ਪਸ਼ੂਆਂ ਦੇ ਮਲ ਮੂਤਰ ਤੋਂ ਬਣੀਆਂ ਹਨ, ’ਚੋਂ ਕਿਸੇ ਉਚੀ ਆਤਮਿਕ ਅਵਸਥਾ ਵਾਲੇ ਵਿਅਕਤੀ ਨੂੰ ‘ਵਾਹਿਗੁਰੂ ਵਾਹਿਗੁਰੂ’ ਸ਼ਬਦ ਸੁਣਾਈ ਦੇ ਸਕਦਾ ਹੈ ਤਾਂ ਮਹਾਂਵਾਰੀ ਦੇ ਦਿਨਾਂ ਵਿੱਚ ਇੱਕ ਔਰਤ ਵਿੱਚੋਂ ਉਸ ਵਿਅਕਤੀ ਨੂੰ ਉਹ ਪਵਿੱਤਰਤਾ ਕਿਉਂ ਵਿਖਾਈ ਨਹੀਂ ਦਿੰਦੀ ਜਦੋਂ ਕਿ ਸਾਡੀਆਂ ਮਾਤਾਵਾਂ ਨੂੰ ਮਹਾਂਵਾਰੀ ਆਉਣ ਕਰਕੇ ਹੀ ਮੇਰੇ, ਤੁਹਾਡੇ ਸਮੇਤ ਹਰ ਵਿਅਕਤੀ ਦੀ ਹੋਂਦ ਵਜੂਦ ਵਿੱਚ ਆਈ ਹੈ।
ਕਿਰਪਾਲ ਸਿੰਘ ਬਠਿੰਡਾ
ਮੋਬ 80797 98554