* - ਕਰ ਲਓ ਘਿਓ ਨੂੰ ਭਾਂਡਾ - *
ਜੱਥੇਦਾਰ ਗੁਰਬਚਨ ਸਿੰਘ ਕਹਿੰਦਾ ਹੈ “ਸਿੱਖ ਚਾਰ ਚਾਰ ਬੱਚੇ ਪੈਦਾ ਕਰਨ”। ਦੂਜਾ ਜੱਥੇਦਾਰ ਕਹਿੰਦਾ ਹੈ “ਸਿੱਖ ਲਵ ਕੁਛ ਦੀ ਉਲਾਦ ਹਨ”। ਤੀਜਾ ਜੱਥੇਦਾਰ ਕਹਿੰਦਾ ਹੈ “ ਮੈਂ ਸਮਝਾਂਗਾ ਕਿ ਮੇਰੀ ਕੀਤੀ ਘਾਲਣਾ ਥਾਇ ਪਈ ਜੇਕਰ ਗੁਰਦਵਾਰਿਆਂ ਵਿਚ ਮੁੜ ਤੋਂ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਸ਼ੁਰੂ ਹੋ ਜਾਵੇਗੀ। ਭਾਈ ਰਣਜੀਤ ਸਿੰਘ ਹਾਲੇ ਵੀ ਆਪਣੇ ਆਪ ਨੂੰ ਜੱਥੇਦਾਰ ਹੀ ਮੰਨੀ ਜਾ ਰਿਹਾ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਿੱਤੀ ਹੋਈ ਕੋਠੀ ਹਾਲੇ ਵੀ ਨੱਪੀ ਬੈਠਾ ਹੈ। ਇਕਬਾਲ ਸਿੰਘ ਪਟਨੇ ਵਾਲਾ ਕਹਿੰਦਾ ਹੈ ਕੀ ਹੋਇਆ ਜੇ ਮੈਂ ਤਿੰਨ ਵਿਆਹ ਕਰਵਾਏ ਹਨ। ਸਾਡੇ ਗੁਰੂਆਂ ਨੇ ਵੀ ਤਾਂ ਤਿੰਨ ਤਿੰਨ ਤੇ ਸੱਤ ਵਿਆਹ ਕਰਵਾਏ ਸਨ। ਜਾਣੀ ਕੇ ਹਰ ਇਕ ਜੱਥੇਦਾਰ ਆਪਣੇ ਆਪ ਨੂੰ ਫੱਨੇ ਖਾਂ ਸਮਝੀ ਬੈਠਾ ਹੈ।
ਗੁਰਬਚਨ ਸਿੰਘ ਨੂੰ ਫੂਨ ਕਰਕੇ ਪੁੱਛਿਆ ਕਿ ਜਥੇਦਾਰ ਜੀ ਹਰ ਸਿੱਖ ਚਾਰ ਚਾਰ ਬੱਚੇ ਕਿਉਂ ਪੈਦਾ ਕਰੇ? ਕੀ ਤੁਸੀਂ ਕਨੇਡੀਆਨ ਸਰਕਾਰ ਵਾਂਗ ਸਿੱਖਾਂ ਨੂੰ ਬੱਚਿਆਂ ਦੀ ਪਰਵਰਸ਼ ਵਾਸਤੇ ਸਹਾਇਤਾ ਦੇਣੀ ਚਾਲੂ ਕਰਨੀ ਹੈ? ਜੱਥੇਦਾਰ ਜੀ ਸਮਝਾਓ ਕਿ ਅਸਲ ਵਿਚ ਕਹਾਣੀ ਹੈ ਕੀ? ਉਹ ਕਹਿਣ ਲੱਗਾ ਬਈ ਆਹ ਲੋਕ, ਜਿਹੜੇ ਅੱਧ-ਪਚੱਧ ਜਿਉਂਦੇ ਤੇ ਮਰੇ ਹੋਏ ਹਨ, ਇਹ ਤਾਂ ਆਰਬਿਟ ਬੱਸਾਂ ਦਾ ਵੋਰੋਧ ਕਰ ਰਹੇ ਹਨ ਤੇ ਨਵੀਂ ਪਨੀਰੀ ਨੂੰ ਕੀ ਪਤਾ ਕਿ ਬਾਦਲਾਂ ਨੇ ਕੀ ਕਹਿਰ ਢਾਇਆ ਸੀ। ਸੋ ਸਾਨੂੰ ਨਵਿਆਂ ਪਰਮਿਟਾਂ ਦੇ ਨਾਲ ਨਾਲ ਨਵੀਆਂ ਸਵਾਰੀਆਂ ਵੀ ਚਾਹੀਦੀਆਂ ਹਨ। ਪਹਿਲੇ ਸਿੱਖ ਤਾਂ ਚਿੱਟਾ ਖਾ ਕਾ ਕੇ ਮਰ ਗਏ ਤੇ ਗੋਦਾਮਾਂ ਵਿਚ ਪਏ ਚਿੱਟੇ ਨੂੰ ਕੀ ਅਸੀਂ ਅੱਗ ਲਾਉਣੀ ਐ? ਇਹ ਗੋਦਾਮ ਖਾਲੀ ਕਿਵੇਂ ਕਰਾਂਗੇ? ਜੇ ਖਾਲੀ ਨਾ ਹੋਵੇ ਤਾਂ ਨਵਾਂ ਮਾਲ ਕਿੱਥੇ ਰੱਖਾਂਗੇ? ਭਾਈ ਸਿੱਖੋ! ਗੁਰ ਪਿਆਰਿਓ ਨਵਾਂ ਮਾਲ ਤੇ ਨਵਾਂ ਖਪਤਕਾਰ ਹੈ ਨਾ ਵੱਧੀਆ ਸਕੀਮ।
ਮੈਂ ਫਿਰ ਕਿਹਾ ਜੀ ਜਿਹੜੀਆਂ ਅੱਜ-ਕੱਲ੍ਹ ਪੰਜਾਬਣਾਂ ਵਿਆਹੁਣ ਦੇ ਯੋਗ ਹੋਈਆਂ ਹਨ ਇਨ੍ਹਾ ਦਾ ਤਾਂ ਬੱਚੇ ਪੈਦਾ ਕਰਨ ਵਾਲਾ ਸਿਸਟਮ ਹੀ ਖਰਾਬ ਹੋ ਗਿਆ ਹੈ। ਜੱਥੇਦਾਰ ਕਹਿਣ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ? ਮੈਂ ਕਿਹਾ ਜੀ ਮੇਰਾ ਦੋਸਤ ਕੈਂਬਰਿਜ ਵਿਚ ਫਰਮਾਸਿਸਟ ਹੈ ਤੇ ਉਸ ਰਾਹੀਂ ਮੈਂ ਕਈ ਸਾਰੇ ਹੋਰ ਫਰਮਾਸਿਸਟਾਂ ਨੂੰ ਜਾਣਦਾ ਹਾਂ। ਦੋ ਕੁ ਹਫਤੇ ਹੋਏ ਨੇ ਕਿ ਮੈਨੂੰ ਉਨ੍ਹਾ ਦੀ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਸਾਰਿਆਂ ਦੀ ਜ਼ਬਾਨ ਤੇ ਇਹੀ ਸੀ ਕਿ ਹੁਣ ਪੰਜਾਬ ਤੋਂ ਆਈਆਂ ਕੁੜੀਆਂ ਨੂੰ ਮਹਾਂਵਾਰੀ, ਜਿਸ ਨੂੰ ਗੁਰਬਾਣੀ ਵਿਚ ‘ਸਿਰਨਾਵਣੀ’ ਆਖਦੇ ਹਨ, ਆਉਣੀ ਹੀ ਬੰਦ ਹੋ ਗਈ ਹੈ। ਸਾਡੀ ਕੌਮ ਬੱਚੇ ਕਿਵੇਂ ਪੈਦਾ ਕਰੇਗੀ? ਜਵਾਬ ਸੀ ਸਿੱਖੋ ਕਿਸੇ ਵੀ ਹੋਰ ਕੌਮ ਦੀਆਂ ਕੁੜੀਆਂ ਫੜੋ ਤੇ ਵਿਆਹ ਕਰਵਾਓ। ਬੱਸ! ਬੱਚੇ ਚਾਰ ਦੇ ਛੇ ਹੋ ਜਾਣ ਕੋਈ ਹਰਜ ਨਹੀਂ। ਆਪਣੇ ਆਪ ਸੱਭ ਕੁੱਝ ਠੀਕ ਹੋਵੇਗਾ। ਨਾਲੇ ਆਉਣ ਵਾਲੇ ਸਮੇਂ ਅੰਦਰ ਅਸੀਂ ਇੱਧਰ ਪੰਜਾਬ ਵਿਚ ਸਾਰੇ ਫਰਮਾਸਿਸਟਾਂ ਨੂੰ ਇਹ ਆਰਡਰ ਵੀ ਕਰ ਦਿਆਂਗੇ ਕਿ ਕੁੜੀਆਂ ਜਿਹੜੀ ਜਿਹੜੀ ਦਵਾਈ ਮੰਗਦੀਆਂ ਹਨ ਸਿਰਫ ਓਹੀ ਦਿੱਤੀ ਜਾਵੇ। ਖਿਆਲ ਰੱਖਿਆ ਜਾਵੇ ਕਿ ਮਹਾਂਵਾਰੀ ਬੰਦ ਕਰਨ ਵਾਲੀ ਦਵਾਈ ਭੁਲੇਖੇ ਨਾਲ ਬਿਲਕੁਲ ਕਿਸੇ ਨੂੰ ਨਾ ਦਿੱਤੀ ਜਾਵੇ। ਭੂਤਕਾਲ ਵਾਂਗਰ ਨਹੀਂ ਕਰਨਾ ਕਿ ਸਾਡੀ ਕੌਮ ਦੀਆਂ ਹੀਰਾਂ ਰਾਂਝੇ ਪੈਦਾ ਕਰਨੋ ਹੀ ਵਾਂਝੀਆਂ ਰਹਿ ਜਾਣ। ਪਿੱਛੇ ਜੋ ਹੋਇਆ ਸੋ ਹੋਇਆ ਹੁਣ ਅਸੀਂ ਇਹ ਬਰਦਾਸ਼ਤ ਨਹੀ ਕਰਾਂਗੇ। ਜੇ ਮਿਰਜੇ ਤੇ ਰਾਂਝੇ ਹੀ ਨਾ ਹੋਏ ਤਾਂ ਸਾਡਾ ਨਸ਼ੇ ਦਾ ਕਾਰੋਬਾਰ ਹੀ ਬੰਦ ਹੋ ਜਾਵੇਗਾ। ਇਹ ਕਾਬਲੇ-ਬਦਰਾਸ਼ਤ ਨਹੀਂ ਹੋਵੇਗਾ।
ਜੱਥੇਦਾਰ ਪੂਰਨ ਸਿੰਘ ਕਹਿਣ ਲੱਗਾ ਸਿੱਖ ਤਾਂ ਲਵ-ਕੁਛ ਦੀ ਉਲਾਦ ਹਨ ਤੇ ‘ਦਮਦਮੀ ਟਕਸਾਲ ਇਟਲੀ’ ਦੀ ਇਕ ਬੀਬੀ ਸਤਿਨਾਮ ਕੌਰ ਨੇ ਵੈਬ-ਸਾਈਟ ਤੇ ਇਕ ਵੀਡੀਓ ਪਾਈ ਹੋਈ ਹੈ ਜਿਸ ਵਿਚ ਉਹ ਇਹ ਕਹਿ ਰਹੀ ਹੈ ਕਿ ਇਹ ਤਾਂ ਬੰਸਾਵਲੀ ਦੱਸਣ ਲਈ ਕਹਾ ਗਿਆ ਸੀ। ਬੀਬਾ ਜੀ ਦੋ ਚਾਰ ਪਿਤਾ ਪਤਾਮਿਆਂ ਦੇ ਨਾਮ ਲੈਣ ਨਾਲ ਬੰਸਾਵਲੀ ਨਹੀਂ ਦੱਸੀ ਜਾ ਸਕਦੀ। ਗੁਰਬਾਣੀ ਮੁਤਾਬਕ ਸਾਡਾ ‘ਕੁਲ’ ਨਾਲ ਕੋਈ ਵਾਸਤਾ ਨਹੀਂ। ਗੁਰੂ ਨਾਨਕ ਸਾਹਿਬ ਦੀ ‘ਕੁਲ’ ਉਹ ਹੈ ਜਿਸ ਨੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਤੇ ਆਪਣੇ ਜੀਵਨ ਵਿਚ ਲਾਗੂ ਕੀਤਾ। ਇਸੇ ਕਰਕੇ ਸਿਰੀ ਚੰਦ ਤੇ ਲੱਖਮੀ ਚੰਦ ਨੂੰ ਗੁਰੂ ਨਾਨਕ ਪਿਤਾ ਨੇ ਸਵੀਕਾਰ ਨਹੀਂ ਕੀਤਾ ਤੇ ਆਪਣਾ ਖਜ਼ਾਨਾ “ਅੰਗਦ ਕੇ ਹਵਾਲੇ ਕੀਆ” ਪੁਰਾਣੀਆਂ ਇਤਹਾਸਕ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ। ਪੈਸਾ ਟਕਾ ਬੇਸ਼ੱਕ ਸਿਰੀ ਚੰਦ ਤੇ ਲੱਖਮੀ ਚੰਦ ਨੂੰ ਦੇ ਦਿੱਤਾ ਗਿਆ ਪਰ ਅਸਲੀ ਖਜ਼ਾਨਾ ਗੁਰੂ ਅੰਗਦ ਜੀ ਨੂੰ ਹੀ ਮਿਲਿਆ।
ਗਉੜੀ ਕਬੀਰ ਜੀ ॥
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਗੁ. ਗ੍ਰੰ. ਪੰਨਾ 324॥
ਗੁਰਬਾਣੀ ਮੁਤਾਬਕ ਕਿਸੇ ਦੀ ਕੋਈ ‘ਕੁਲ’ ਨਹੀਂ ਜਾਤੀ ਨਹੀਂ। ਜੱਥੇਦਾਰ ਜੀ ਤੁਸੀਂ ਸਾਨੂੰ ਕਿਹੜੇ ਗ੍ਰੰਥ ਦੇ ਲੜ ਲਾਉਣਾ ਚਾਹੁੰਦੇ ਹੋ? ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਤਾਂ ਤੁਸੀਂ ਹੈ ਨਹੀਂ।
ਜੱਥੇਦਾਰ ਵੇਦਾਂਤੀ ਕਹਿੰਦਾ ਹੈ ਗੁਰ ਬਿਲਾਸ ਪਾਤਸ਼ਾਹੀ ਦੀ ਕਥਾ ਮੁੜ ਤੋਂ ਗੁਰਦਵਾਰਿਆਂ ਵਿਚ ਚਾਲੂ ਹੋਵੇ ਤਾਂ ਮੇਰੀ ਘਾਲਣਾ ਥਾਂਇ ਪਈ ਸਮਝਾਂਗਾ। ਓ ਭਾਈ ਤੇਰੀ ਘਾਲਣਾ ਬਦਲੇ ਪਟਿਆਲੇ ਵਿਚ ਛੇ ਨੋਜ਼ਲਾਂ ਵਾਲਾ ਪੰਪ ਤੇ ਕਰੋੜਾਂ ਰੁਪੈ ਨਕਦ ਡਾ. ਅਮਰਜੀਤ ਸਿੰਘ ਤੇ ਤੁਹਾਨੂੰ ਮਿਲ ਗਏ। ਡਾ.ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ‘ਸਿੱਖ ਤਵਾਰੀਖ ‘ਚ ਅਕਾਲ ਤਖਤ ਸਾਹਿਬ ਦਾ ਰੋਲ’ ਦੇ ਪੰਨਾ 26 ਮੁਤਾਬਕ ਵੇਦਾਂਤੀ ਜੀ ਤੇ ਦੋ ਕਰੋੜ ਰੁਪੈ ਨਕਦੀ ਗਬਨ ਦਾ ਦੋਸ਼ ਲਾਇਆ ਗਿਆ ਹੈ। ਇਸੇ ਕਿਤਾਬ ਦੇ ਪੰਨਾ 586 ਮੁਤਾਬਕ ਹਰਿੰਦਰਪਾਲ ਸਿੰਘ ਤੋਂ ਇਸੇ ਵੇਦਾਂਤੀ ਨੇ ਇਕ ਕਰੋੜ ਦਸ ਲੱਖ ਨਕਦ ਲਏ ਹਨ। ਸਾਧ ਧਨਵੰਤ ਸਿੰਘ ਤੋਂ 75000 ਰੁਪੈ ਲੈ ਕੇ ਰੇਪ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਜਿਸ ਨੂੰ ਹਾਈ ਕੋਰਟ ਨੇ ਦਸ ਸਾਲ ਦੀ ਸਜ਼ਾ ਸੁਣਾਈ। ਇਹ ਵੇਦਾਂਤੀ ਦੀਆਂ ਮਾੜੀ ਕਾਰਗੁਜਾਰੀ ਦੀ ਨਿਸ਼ਾਨੀਆਂ ਹਨ। ਵੇਦਾਂਤੀ ਜੀ ਹੋਰ ਤੁਹਾਨੂੰ ਕੀ ਵੰਝ ਚਾਹੀਦਾ ਹੈ? ਸ਼੍ਰੋ.ਗੁ.ਪ੍ਰ. ਕਮੇਟੀ ਦੇ ਕਰੋੜਾਂ ਰੁਪੈ ਦੀ ਲਾਗਤ ਨਾਲ ਇਹ ਕਿਤਾਬ ਛਪਵਾਈ ਗਈ। ਜਿਹੜੀ ਗੁਰੂ ਨਿੰਦਾ ਨਾਲ ਭਰਪੂਰ ਹੈ। ਛੇਵੇਂ ਗੁਰੂ ਕਾਜੀ ਦੀ ਨਾਬਾਲਗ ਲੜਕੀ ਨੂੰ ਰਾਤ ਦੇ ਸਮੇਂ ਚੋਰੀ ਕੱਢ ਕੇ ਆਪਣੇ ਘੋੜੇ ਤੇ ਆਪਣੇ ਪਿੱਛੇ ਬਿਠਾ ਕੇ ਲਿਆਉਂਦੇ ਹਨ। ਗੁਰਬਾਣੀ ਮੁਤਾਬਕ ਵਰ ਤੇ ਸਰਾਪ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਮਾਂ ਤੇ ਪਿਤਾ ਦੇ ਮੇਲ ਤੋਂ ਬਗੈਰ ਬੱਚਾ ਪੈਦਾ ਨਹੀਂ ਹੋ ਸਕਦਾ।
ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥
ਘੋਰ ਬਿਨਾ ਕੈਸੇ ਅਸਵਾਰ ॥ ਸਾਧੂ ਬਿਨੁ ਨਾਹੀ ਦਰਵਾਰ ॥੩॥ {ਪੰਨਾ 872}॥
ਵੇਦਾਂਤੀ ਜੀ! ਮਾਤਾ ਗੰਗਾ ਜੀ ਨੂੰ ਬਾਬੇ ਬੁੱਢੇ ਕੋਲ ਭੇਜ ਕੇ ਤੇ ਉੱਥੋਂ ਹੀ ਪੇਟ ਫੁਲਾ ਕੇ ਘਰ ਵਾਪਸ ਆਉਣਾ ਦੱਸੋਗੇ ਕਿ ਛੇਵੇਂ ਪਾਤਸ਼ਾਹ ਦਾ ਪਿਤਾ ਕੌਣ ਸੀ? ਗੁਰਬਾਣੀ ਸਹੀ ਹੈ ਜਾਂ ਗੁਰ ਬਿਲਾਸ ਪਾਤਸ਼ਾਹੀ ਛੇਵੀਂ? ਇਸ ਸਾਰੀ ਕਿਤਾਬ ਵਿਚ ਗੁਰ ਉਪਦੇਸ਼ ਨਾਮ ਦੀ ਕੋਈ ਗੱਲ ਨਹੀਂ ਕੀਤੀ ਗਈ। ਸਿੱਖਾਂ ਨੂੰ ਇਹ ਵੀ ਪਤਾ ਨਹੀਂ ਕਿ ਗੁਰੂ ਅਰਜਨ ਪਾਤਸ਼ਾਹ ਦਾ ਵਿਆਹ ਕਦੋਂ ਹੋਇਆ? ਗੁਰੂ ਅਰਜਨ ਪਾਤਸ਼ਾਹ ਦਾ ਵਿਆਹ 1589 ਈਸਵੀ ਵਿਚ ਮਾਤਾ ਗੰਗਾ ਜੀ ਨਾਲ ਹੁੰਦਾ ਹੈ ਤੇ 1590 ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦਾ ਜਨਮ ਹੋਇਆ ਹੈ। ਇਸ ਕਰਕੇ ਬੱਚੇ ਪ੍ਰਾਪਤੀ ਲਈ ਵਰ ਲੈਣ ਜਾਣ ਦੀ ਕੋਈ ਲੋੜ ਹੀ ਨਹੀਂ। ਗੁਰੂ ਅਰਜਨ ਪਿਤਾ ਤੇ ਗੁਰੂ ਹਰਿ ਗੋਬਿੰਦ ਸਾਹਿਬ ਬੱਚਿਆਂ ਦੇ ਜਨਮ ਦਿਨ ਮਨਾਉਂਦੇ, ਵਿਆਹ-ਦਿਨ ਦੇ ਜੱਸ਼ਨ ਮਨਾਉਂਦੇ ਇਉਂ ਲੱਗਦੇ ਹਨ ਜਿਵੇਂ ਕਨਾਤ ਤੇ ਕਰਾਕਰੀ ਦਾ ਵਿਓਪਾਰ ਕਰਦੇ ਹੋਣ ਤੇ ਨਾਲ ਨਾਲ ਹਲਵਾਈ ਦੀ ਦੁਕਾਨ ਵੀ ਕਰਦੇ ਹੋਣ। ਲਾਹਨਤ ਹੈ ਵੇਦਾਂਤੀ ਜੀ ਤੁਹਾਡੀ ਜੱਥੇਦਾਰੀ ਦੇ।
ਭਾਈ ਰਣਜੀਤ ਸਿੰਘ ਹਾਲੇ ਵੀ ਸ਼੍ਰੋ.ਗੁ.ਪ੍ਰ. ਕਮੇਟੀ ਵਾਲੀ ਕੋਠੀ ਨੱਪੀ ਬੈਠਾ ਹੈ ਤੇ ਆਪਣੇ ਆਪ ਨੂੰ ਜੱਥੇਦਾਰ ਐਲਾਨਿਆ ਹੋਇਆ ਹੈ। ਇਸ ਦੀ ਜੱਥੇਦਾਰੀ ਦੀ ਯੋਗਤਾ ਸੀ ਨਿਰੰਕਾਰੀ ਦਾ ਕਤਲ। ਅਖਬਾਰਾਂ ਵਿਚ ਛੱਪ ਚੁਕਿਆ ਹੈ ਕਿ ਦਿੱਲੀ ਦੇ ਕਿਸੇ ਠਾਣੇ ਵਿਚ ਇਸ ਦੇ ਵਿਰੁਧ ਟਾਇਰ ਚੋਰੀ ਕਰਨ ਦੀ ਐਫ.ਆਈ ਆਰ ਵੀ ਦਰਜ਼ ਹੈ ਤੇ ਉਸਦਾ ਨੰਬਰ ਵੀ ਦਿੱਤਾ ਹੋਇਆ ਸੀ। ਇਸ ਜੱਥੇਦਾਰ ਨੂੰ ਕੈਦ ਪੂਰੀ ਹੋਣ ਤੋਂ ਪਹਿਲਾਂ ਕਿਸ ਕਾਨੂੰਨ ਦੇ ਅਧੀਨ ਰਿਹਾ ਕੀਤਾ ਗਿਆ? ਜਦੋਂ ਕਿ ਅੱਜ ਕੱਲ੍ਹ ਸਜਾ ਪੂਰੀ ਭੁਗਤਣ ਦੇ ਬਾਵਜੂਦ ਵੀ ਸਿੱਖ ਕੈਦੀਆਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ? ਉੱਤਰੀ ਅਮਰੀਕਾ ਦੇ ਗੁਰਦਵਾਰਿਆਂ ਤੇ ਸਰਕਾਰੀ ਕਬਜਾ ਕਰਾਉਣ ਤੇ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਫੁੱਟ ਪਾਉਣ ਦੇ ਇਕਰਾਰਨਾਮੇ ਅਧੀਨ ਰਣਜੀਤ ਸਿੰਘ ਨੂੰ ਰਿਹਾ ਕੀਤਾ ਗਿਆ। ਇਸ ਨੇ ਆਉਂਦਿਆਂ ਸਾਰ ਇਹ ਕੰਮ ਸ਼ੁਰੂ ਕੀਤਾ। ਅਮਰੀਕਾ ਵਿਚ ਵੜਨ ਤੋਂ ਤਾਂ ਕਿਸੇ ਸੁਹਿਰਦ ਸਿੱਖ ਨੇ ਇਸ ਦਾ ਵੀਜ਼ਾ ਕੈਂਸਲ ਕਰਵਾ ਦਿੱਤਾ ਪਰ ਕੈਨੇਡਾ ਵਿਚ ਆ ਕੇ ਇਸ ਨੇ ਇਹੋ ਕੁੱਝ ਕੀਤਾ। ਲੰਗਰ ਹਾਲਾਂ ਵਿਚ ਕੁਰਸੀਆਂ ਤੇ ਬੈਠ ਕੇ ਖਾਣਾ ਖਾਣਾ ਗੁਰਮਤਿ ਦੇ ਅਨਕੂਲ ਨਹੀਂ ਦਾ ਫਤਵਾ ਜਾਰੀ ਕੀਤਾ। ਜਦੋਂ ਕਿ 1935 ਵਿਚ ਭਾਈ ਕਾਹਨ ਸਿੰਘ ਨਾਭਾ, ਭਾਈ ਜੋਧ ਸਿੰਘ ਤੇ ਸ਼੍ਰੋ. ਕਮੇਟੀ ਦੇ ਸਿਰਕੱਢ ਅਹੁਦੇਦਾਰਾਂ ਨੇ ਮਤਾ ਪਾਸ ਕੀਤਾ ਹੋਇਆ ਹੈ , “ਗੁਰਦਵਾਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੇ ਥਾਂ ਤੇ ਕਰਕੇ ਸੰਗਤ ਕੁਰਸੀਆਂ ਤੇ ਬੈਠ ਕੇ ਗੁਰਬਾਣੀ ਦਾ ਅਨੰਦ ਮਾਣ ਸਕਦੀ ਹੈ”। ਪਰ ਨਹੀਂ ਜੱਥੇਦਾਰ ਕੀ ਤੇ ਗੁਰਮਤਿ ਕੀ। ਇਹ ਤਾਂ ਇਨ੍ਹਾ ਦੇ ਨੇੜੇ ਵੀ ਨਹੀਂ ਢੁੱਕਦੀ। ਭਾਈ ਰਣਜੀਤ ਸਿੰਘ ਦੇ ਸਾਥੀ ਭਾਂਵੇਂ ਉਸ ਨੂੰ ਦੁੱਧ-ਧੋਤਾ ਆਖਦੇ ਹਨ ਪਰ ਡੇਰੇਦਾਰ ਅਮਰ ਸਿੰਘ ਬੜੂੰਦੀ, ਜਿਸ ਉਪਰ ਰੇਪ ਤੇ ਧੋਖਾ-ਧੜੀ ਦੇ ਕਈ ਦੋਸ਼ ਲੱਗੇ ਹਨ, ਵਾਲੇ ਤੋਂ ਮਹਿੰਗੀ ਕਾਰ ਲੈ ਕੇ ਸਿਰੋਪਾਓ ਦੇਣਾ,ਦਾਹੜੀ ਬੰਨ੍ਹ ਕੇ ਫੋਟੋ ਖਿਚਵਾ ਕੇ ਰਣਜੀਤ ਸਿੰਘ ਦੀ ਥਾਂ ਆਰ.ਐਸ. ਘਟੌੜਾ ਦੇ ਨਾਮ ਹੇਠ ਮੁਹਾਲੀ ਵਿਚ ਦਸਵੰਧ ਦੇ ਪੈਸੇ ਨਾਲ ਕੋਠੀ ਖਰੀਦਣੀ ਤੇ ਫਿਰ ਮੁਨਾਫਾ ਕਮਾ ਕੇ ਵੇਚਣਾ ਤੇ ਹੋਰ ਜਾਇਦਾਦ ਪੰਥਕ ਪੈਸੇ ਨਾਲ ਖੁਦ ਵਾਸਤੇ ਖਰੀਦਣੀ ਸਬੂਤਾਂ ਵਜੋਂ ਕਾਫੀ ਹਨ ਕਿ ਰਣਜੀਤ ਸਿੰਘ ਵੀ ਉਸੇ ਗੰਦਗੀ ਦਾ ਕੀੜਾ ਹੈ ਜਿਸ ਵਿਚ ਦੂਜੇ ਜੱਥੇਦਾਰ ਲਿਬੜੇ ਹੋਏ ਨੇ।
ਲਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਕਬਾਲ ਸਿੰਘ ਪਟਨੇ ਵਾਲੇ ਦੀ ਜਿਸ ਨੇ ਤਿੰਨ ਵਿਆਹ ਕਰਵਾਏ ਹੋਏ ਹਨ ਬਗੈਰ ਕਿਸੇ ਪਤਨੀ ਨੂੰ ਤਲਾਕ ਦੇਣ ਦੇ। ਪੁੱਛਣ ਤੇ ਜਵਾਬ ਦਿੰਦਾ ਹੈ ਕਿ ਭਾਈ ਛੇਵੇਂ ਤੇ ਦਸਵੇਂ ਗੁਰੂ ਸਾਹਿਬਾਨ ਨੇ ਤਿੰਨ ਤਿੰਨ ਵਿਆਹ ਕਰਵਾਏ ਸਨ ਤੇ ਗੁਰੂ ਹਰਿ ਰਾਇ ਸਾਹਿਬ ਤੇ ਸੱਤ ਵਿਆਹ ਸਨ। ਫਿਰ ਮੇਰੇ ਲਈ ਤਿੰਨ ਵਿਆਹ ਕਿਉਂ ਵਰਜਤ ਹਨ? ਲਓ ਫੜ ਲਓ ਪੂਛ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਕਿਤਾਬ ਦੀ। ਗੁਰ ਸਿੱਖ ਸੱਜਣੋ! ਜਿਹੜਾ ਮਨੁੱਖ ਇਸ ਨੂੰ ਇਤਹਾਸਕ ਸੋਮਾ ਕਬੂਲ ਕਰਦਾ ਹੈ ਮੈਂ ਉਸ ਨੂੰ ਗੁਰਸਿੱਖ ਹੀ ਨਹੀਂ ਮੰਨਦਾ। ਇਹੋ ਜਿਹੀਆ ਕਿਤਾਬਾਂ ਕਰਕੇ ਹੀ ਤਾਂ ਅਸੀਂ ਸਿੱਖ ਸਿਧਾਂਤ ਨਾਲੋਂ ਟੁੱਟੇ ਹੋਏ ਹਾਂ। ਇਕਬਾਲ ਸਿੰਘ ਪਟਨੇ ਵਾਲਾ, ਜਿਹੜਾ ਆਪਣੇ ਆਪ ਨੂੰ ਦਸਮ ਗ੍ਰੰਥ ਦਾ ਸੱਭ ਤੋਂ ਵੱਡਾ ਹਮਾਇਤੀ ਤੇ ਪ੍ਰਚਾਰਕ ਸਮਝਦਾ ਹੈ, ਨੂੰ ਰਾਚੈਸਟਰ ਨਿਊਯਾਰਕ ਸਟੇਟ ‘ਚ ਮੈਂ ( ਗੁਰਚਰਨ ਸਿੰਘ ਜਿਉਣਵਾਲਾ) ਦਸਮ ਗ੍ਰੰਥ ਬਾਰੇ ਸਵਾਲ ਕੀਤੇ, ਜਿਸ ਦੀ ਵੀਡੀਓ ਯੂਟਿਊਬ ਤੇ ਪਾਈ ਹੋਈ ਹੈ, ਪਰ ਉਸ ਨੇ ਇਕੋ ਰੱਟ ਲਾਈ ਹੋਈ ਸੀ “ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ”। ਇਸ ਬੰਦੇ ਨੇ ਇਹ ਵੀ ਐਲਾਨਿਆਂ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ 2016 ਵਿਚ ਫਿਰ ਤੋਂ ਪ੍ਰਗਟ ਹੋਣਗੇ। 2016 ਵੀ ਦੂਰ ਨਹੀਂ ਦੇਖੋ ਉਹ ਕਿੱਥੇ ਪ੍ਰਗਟ ਹੁੰਦੇ ਹਨ?
ਜਿਤਨੀ ਦੇਰ ਤਕ ਸਿੱਖ ਕੌਮ ਐਸੀਆਂ ਨਿਘਰੀਆਂ ਹੋਈਆਂ ਹੈਸੀਅਤਾਂ ਕੋਲੋਂ ਆਪਣੀ ਅਗਵਾਈ ਕਰਵਾਉਂਦੀ ਰਹੇਗੀ, ਕੌਮ ਹੋਰ ਨਿਘਾਰ/ਰਸਾਤਲ ਵੱਲ ਜਾਂਦੀ ਹੀ ਰਹੇਗੀ। ਹੁਣ ਲੋੜ ਹੈ ਤਕੜੀਆਂ ਸਖਸ਼ੀਅਤਾਂ ਦੇ ਹੱਥ ਵਾਗ-ਡੋਰ ਦੇਣ ਦੀ ਜਿਨ੍ਹਾਂ ਦੀ ਸੋਚ ਗੁਰੂ ਸਿਧਾਂਤ ਤੇ ਪਹਿਰਾ ਦਿੰਦੀ ਹੋਵੇ। ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ) ਕੈਨੇਡਾ
# 647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਕਰ ਲਓ ਘਿਓ ਨੂੰ ਭਾਂਡਾ
Page Visitors: 3011