ਕੈਟੇਗਰੀ

ਤੁਹਾਡੀ ਰਾਇ



ਦਲਬੀਰ ਸਿੰਘ ਪੱਤਰਕਾਰ
ਆਓ ਵੇਖੀਏ ਕਿ ਇਹ ‘ਆਰਬਿਟ’ ਕੰਪਨੀ ਹੈ ਕੀ ਚੀਜ਼ ?
ਆਓ ਵੇਖੀਏ ਕਿ ਇਹ ‘ਆਰਬਿਟ’ ਕੰਪਨੀ ਹੈ ਕੀ ਚੀਜ਼ ?
Page Visitors: 2776

ਆਓ ਵੇਖੀਏ ਕਿ ਇਹ ‘ਆਰਬਿਟ’ ਕੰਪਨੀ ਹੈ ਕੀ ਚੀਜ਼ ?
ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦਾ ਰਾਜ ਭਾਗ ਸਾਂਭਣ ਸਮੇਂ ਜਦ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਦੇਵੀ ਲਾਲ ਨੇ ਆਪਣੇ ਸੂਬੇ ਲਈ ਪਾਣੀ ਦਾ ਹਿੱਸਾ ਮੰਗਿਆ ਤਾਂ ਬਾਦਲ ਨੇ ਉਸ ਪਾਸੋਂ ਸਰਕਾਰੀ ਖਜ਼ਾਨੇ ਵਿੱਚ 2 ਕਰੋੜ ਰੁਪਇਆ ਲੈ ਕੇ ‘ਸਤਲੁਜ, ਯਮੁਨਾ ਲਿੰਕ’ ਨਾਂ ਦੀ ਨਹਿਰ ਪੁੱਟਣ ਦੀ ਆਗਿਆ ਦੇ ਦਿੱਤੀ। ਪਰ ਜਨਤਕ ਅੱਖਾਂ ਤੋਂ ਪਰੇ ਸ੍ਰੀ ਦੇਵੀ ਲਾਲ ਜੀ ਨੇ ਸੁਖਬੀਰ ਬਾਦਲ ਦੇ ਨਾਂ ਤੇ ਲਗਭਗ 17 ਏਕੜ ਧਰਤੀ ਦਾ ਇੱਕ ਪਲਾਟ ਗੁੜਗਾਉਂ ਵਿਖੇ ਉਸਦੇ ਨਾਂ ਕਰ ਦਿੱਤਾ। ਅਜਕਲ੍ਹ ਉੱਥੇ ਸੱਤ-ਤਾਰਾ ਹੋਟਲਾਂ ਦੀਆਂ ਉਸਾਰੀਆਂ ਹੋਂਦ ਵਿੱਚ ਆਈਆਂ ਹੋਈਆਂ ਹਨ। ਏਸੇ ਲੜੀ ਵਿੱਚ ਆਪਣੀ ਪੰਜਾਬ ਤੇ ਸਰਕਾਰੀ ਮਾਲਕੀ ਸਮੇਂ ਟਰਾਂਸਪੋਰਟ ਮਹਿਕਮੇ ਵਿੱਚ ‘ਆਰਬਿਟ’ ਨਾਂ ਦੀ ਇਸ ਕੰਪਨੀ ਲਈ ਲਗਭਗ 250 ਬੱਸਾਂ ਦਾ ਜੁਗਾੜ ਚਾਲੂ ਕਰ ਲਿਆ। ਇਹ ਖਿਲਾਰਾ ਅਜਕੱਲ੍ਹ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਮਾਲਕੀ ਤਾਈਂ ਅੱਪੜ ਚੁੱਕਾ ਹੈ। ਜਨਤਕ ਜਾਣਕਾਰੀ ਅਨੁਸਾਰ ‘ਬੇਨਾਮੀ’ ਸ਼ਬਦ ਦੀ ਵਰਤੋਂ ਅਧੀਨ ਅਨੇਕ ਨਿੱਜੀ ਕਾਰੋਬਾਰਾਂ ਵਿੱਚ ਇਸ ਪਰਿਵਾਰ ਨੇ ਹਿੱਸੇ ਪੱਤੀਆਂ ਰੱਖੇ ਹੋਏ ਹਨ। ਜੰਗਲਾਂ ਤੇ ਨੀਮ ਪਹਾੜੀ ਇਲਾਕਿਆਂ, ਪੰਚਾਇਤੀ, ਦਰਿਆਈ, ਛੱਪੜਾਂ, ਟੋਭਿਆਂ, ਚਿਰਾਂਦਾਂ, ਵਾਕਫ ਬੋਰਡਾਂ, ਆਦਿ-ਆਦਿ ਦੀਆਂ ਜ਼ਮੀਨਾਂ, ਰੇਤ-ਬਜਰੀ, ਪਾਣੀ, ਰੁੱਖਾਂ ਅਤੇ ਕਈ ਕਿਸਮ ਦੀਆਂ ਸਰਕਾਰੀ ਜਾਇਦਾਦਾਂ ਅਤੇ ਟੈਲੀਵਿਜ਼ਨ ਤੇ ਟੈਲੀਫੋਨਾਂ ਦੀਆਂ ਕੇਬਲਾਂ ਤੇ ਇਸ ਪਰਿਵਾਰ ਨੇ ਪੁਲਿਸ ਦੀ ਸਹਾਇਤਾ ਨਾਲ ਕਬਜ਼ੇ ਜ਼ਮਾਏ ਹੋਏ ਹਨ। ਹਾਈਕੋਰਟ ਵਰਗੀਆਂ ਉੱਚ ਅਦਾਲਤਾਂ ਵਿੱਚ ਵੀ ਇਨ੍ਹਾਂ ਵੱਡੇ ਖਿਲਾਰਿਆਂ ਸਬੰਧੀ ਕਈ ਕੇਸ ਚੱਲ ਰਹੇ ਹਨ। ਪਰ ਕਿਉਂਕਿ ਇਸ ਸਾਂਝੇ ਵਰਤਾਰੇ ਵਿੱਚ ਪੈਰਵੀ ਕਰਨ ਵਾਲੀਆਂ ਕੋਈ ਮਜ਼ਬੂਤ ਧਿਰਾਂ ਨਹੀਂ ਅਤੇ ਲੁੱਟ ਦੇ ਇਸ ਖਿਲਾਰੇ ਵਿੱਚ ਹਰ ਪਾਰਟੀ ਦੇ ਰਾਜਨੀਤਿਕ ਆਗੂ ਅਤੇ ਉੱਚ ਪਦਵੀਆਂ ਤੇ ਬੈਠੀ ਨੌਕਰਸ਼ਾਹੀ ਵੀ ਸ਼ਾਮਲ ਹੈ, ਇਸ ਲਈ ਨੇੜੇ ਭਵਿੱਖ ਵਿੱਚ ਪੰਜਾਬ ਦੀ ਆਰਥਿਕ ਤੇ ਰਾਜਨੀਤਿਕ ਦਿਸ਼ਾ ਸੁਧਰਨ ਦੇ ਸੁਰ ਬੜੇ ਮੱਧਮ ਪਏ ਹੋਏ ਸਨ। ਕਹਾਵਤ ਹੈ ਕਿ ‘ਪਾਪੀ ਦੇ ਮਾਰਨੇ ਕੋ ਪਾਪ ਮਹਾਂ ਬਲੀ ਹੈ’ ਦੇ  ਅਨੁਸਾਰ ਦੇਖੋ ਕੀ ਵਰਤਾਰਾ ਵਰਤਦਾ ਹੈ ?
  ਇੱਥੇ ਅਸੀਂ ਮਇਆ ਅਤੇ ਜਾਇਦਾਦਾਂ ਦੇ ਭੰਡਾਰ ਜਮ੍ਹਾਂ ਕਰਨ ਲਈ ਬਾਦਲਾਂ ਦੀਆਂ ਹੋਰ ਅਨੇਕ ਖੁਨਾਮੀਆਂ ਦੀ ਚਰਚਾ ਕਰਨੀ ਜ਼ਰੂਰੀ ਸਮਝਦੇ ਹਾਂ। ਪੰਜਾਬ ਦੇ ਸਿੱਖੀ ਅਧਾਰਿਤ ਮੁੱਖ ਸੱਭਿਆਚਾਰ ਤੇ ਕਬਜ਼ਾ ਕਰਨਾ ਇਸ ਮਨਸ਼ੇ ਦੀ ਪੂਰਤੀ ਲਈ ਜ਼ਰੂਰੀ ਸੀ। ਬਾਦਲ ਨੇ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਅਸਥਾਨਾਂ ਤੇ ਆਪਣੇ ਪੱਖ ਦੇ ਵਿਅਕਤੀ ਬਿਠਾਏ ਅਤੇ ਉਨ੍ਹਾਂ ਰਾਹੀਂ ਆਪਣੀ ਧਾਰਮਿਕ ਯੋਗਤਾ ਨੂੰ ਪ੍ਰਵਾਨ ਕਰਵਾਇਆ। ਇਸਦੇ ਨਾਲ-ਨਾਲ ਬ੍ਰਾਹਮਣਵਾਦੀ ਅਤੇ ਕਰਮਕਾਂਡੀ ਸਾਧਾਂ ਦੇ ਡੇਰਿਆਂ ਰਾਹੀਂ ਸਿੱਖੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੱਡੀ ਮੁਹਿੰਮ ਚਾਲੂ ਰੱਖੀ। ਆਪਣੇ ਚੇਲਿਆਂ ਤੋਂ ਇਸ ਵਿਸ਼ੇ ਤੇ ਇੱਕ ਮੁਹਿੰਮ ਚਲਵਾਈ ਕਿ ਸਿੱਖੀ ਕੇਵਲ ਪੱਗ, ਦਾੜ੍ਹੀ-ਕੇਸਾਂ ਅਤੇ ਦਿੱਖ ਦਾ ਵਿਸ਼ਾ ਹੈ, ਮਨ ਦੇ ਨੇਕੀ ਵੱਲ ਪਰਿਵਰਤਨ ਨਾਲ ਇਸਦਾ ਕੋਈ ਸਬੰਧ ਨਹੀਂ। ਗੁਰਦੁਆਰਿਆਂ ਅੰਦਰ ਸੋਨੇ ਦੀਆਂ ਪਾਲਕੀਆਂ, ਕੀਮਤੀ ਚੰਦੋਏ, ਰੁਮਾਲੇ ਅਤੇ ਚਾਂਦੀ ਦੇ ਬਾਟੇ ਤੇ ਕੲ੍ਹੀਆਂ, ਸਿੱਖ ਮਰਿਯਾਦਾ ਦਾ ਹਿੱਸਾ ਬਣਾ ਦਿੱਤੇ। ਬਾਬਾ ਨਾਨਕ ਜੀ ਨੇ ਗਿਆਨ ਦੀ ਪ੍ਰਾਪਤੀ ਹਰ ਸਿੱਖ ਲਈ ਮੁਢਲੀ ਯੋਗਤਾ ਦੱਸੀ ਸੀ, ਪਰ ਹੁਣ ਇਸਦੇ ਉਲਟ ‘ਸਿਮਰਨ’ ਭਾਵ ਅੱਖਰਾਂ ਨੂੰ ਘੋਟਾ ਚਾੜ੍ਹਨਾ, ਅਰਥਾਤ ਮੂਰਖਤਾ ਨੂੰ ਸਾਂਭ ਕੇ ਰੱਖਣਾ, ਸਿੱਖੀ ਆਦਰਸ਼ ਬਣ ਗਿਆ ਹੈ। ਸਿੱਖ ਵਿਚਾਰਧਾਰਾ ਦੇ ਖੇਤਰ ਅੰਦਰ ਬਾਦਲਾਂ ਦੀ ਇਹ ਵੱਡੀ ਦੇਣ ਹੈ।
ਬਾਦਲਾਂ ਦੀ ਲੁੱਟ-ਘਸੁੱਟ ਵਿੱਚ ਉਨ੍ਹਾਂ ਹੱਥੋਂ ਖ੍ਰੀਦੇ ਗਏ ਅਖਬਾਰਾਂ ਤੇ ਪੱਤਰਕਾਰਾਂ ਦੀ ਵੱਡੀ ਭੂਮਿਕਾ ਰਹੀ ਹੈ। ਇਸਦਾ ਸਿਖਰ ਚੰਡੀਗੜ੍ਹ ਦੇ ਕੁੱਝ ਨਿੱਜੀ ਪੱਤਰਕਾਰਾਂ ਦੇ ਨਾਲ-ਨਾਲ ਮੁੱਖ ਰੂਪ ਵਿੱਚ ਅਜੀਤ ਅਖਬਾਰ ਦੇ ਖਾਤੇ ਪੈਂਦਾ ਹੈ। ਇਸਦੇ ਪਿਉ-ਪੁੱਤ ਅਡੀਟਰਾਂ ਨੂੰ ਗੁਰੂ ਨਾਨਕ ਜੀ ਦੇ ਨਾਂ ਤੇ ਬਣੀ ਸਨਮਾਨਿਤ ਯੂਨੀਵਰਸਿਟੀ ਵੱਲੋਂ ‘ਡਾਕਟਰੀ’, ਡਿਗਰੀਆਂ ਦੇ ਪੁਰਸਕਾਰ, ਸਰਕਾਰੀ ਇਸ਼ਤਿਹਾਰਾਂ ਰਾਹੀਂ ਨਿਵਾਜਣਾਂ ਅਤੇ ਸ਼ਹੀਦਾਂ ਦੇ ਨਾਂਵਾ ਨਾਲ ਜੋੜ-ਜੋੜ ਕੇ ਉਨ੍ਹਾਂ ਤੋਂ ਜੋ ‘ਸੇਵਾ’ ਲਈ ਉਸਦਾ ਹੀ ਸਿੱਟਾ ਹੈ, ਬਾਦਲਾਂ ਦੀ ਅਜੋਕੀ ਹਸਤੀ। ਪਰ ਦੂਜੇ ਪਾਸੇ ਭਾਰਤੀ ਫੌਜ ਸੱਦ ਕੇ ਹਰਿਮੰਦਰ ਸਾਹਿਬ ਸਮੂਹ ਅੰਦਰ ਟੈਂਕਾਂ ਦੀ ਵਰਤੋਂ ਰਾਹੀਂ ਸਿੱਖਾਂ ਤੇ ਸਿੱਖ ਵਿਚਾਰਧਾਰਾ ਦਾ ਵਿਨਾਸ਼ ਵੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੱਡੀ ‘ਦੇਣ’ ਹੈ, ਜੋ ਇਤਿਹਾਸਕ ਪੱਖੋਂ ਉਸਦੇ ਮੱਥੇ ਤੇ ਲੱਗਾ ਕਾਲਾ ਟਿੱਕਾ ਬਣੀ ਰਹੇਗੀ।
ਮਾਇਆ ਹੜੱਪਣ, ਜਾਇਦਾਦਾਂ ਦੇ ਭੰਡਾਰ ਇਕੱਠੇ ਕਰਨ ਅਤੇ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਦੇ ਨਿਸ਼ਾਨਿਆਂ ਦੀਆਂ ਬਾਦਲਾਂ ਨੇ ਅਜਕਲ੍ਹ ਲਗਭਗ ਸਿਖਰਾਂ ਛੋਹ ਲਈਆਂ ਹਨ, ਪਰ ਭੁੱਖ ਨਹੀਂ ਮਿਟੀ। ‘ਅਕਾਸ਼ਦੀਪ’ ਦੀ ਮੌਤ ਇਸ ਪਰਿਵਾਰ ਦੇ ਹਲਕਾਅ ਨੂੰ ਕਿੰਨੀ ਢਾਹ ਲਾਉਂਦੀ ਹੈ, ਇਹ ਨਿਰਭਰ ਕਰਦਾ ਹੈ, ਪੰਜਾਬ ਦੇ ਗੱਭਰੂਆਂ ਦੀ ਅਣਖ `ਤੇ। ਇਸ ਅਣਖ ਦਾ ਵਰਤਾਰਾ ਤਾਂ 1978 ਵਿੱਚ 13 ਅਪ੍ਰੈਲ ਦੀ ਵਿਸਾਖੀ ਵਾਲੇ ਦਿਨ ਖਾਲਸੇ ਦੇ ਜਨਮ ਦਿਨ ਤੇ ਸਿੱਖਾਂ ਦੀ ਰਾਜਨਧਾਨੀ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਨਾਲ ਹੋਈ ਝੜਪ ਵਿੱਚ ਵੀ ਪਰਖਿਆ ਗਿਆ ਸੀ। ਫਿਰ ਇਸਦੀ ਪਰਖ ਹੋਈ ਸੀ ‘ਸਾਕਾ ਨੀਲਾ ਤਾਰਾ’ ਸਮੇਂ। ‘ਅਣਪਛਾਤੀਆਂ ਲਾਸ਼ਾਂ’ ਅਤੇ ‘ਸਿੱਖ ਕੁਲ਼ਨਾਸ’ ਦੇ ਵਰਤਾਰਿਆਂ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਰਾਹੀਂ ਨੰਗੇ ਕੀਤੇ ਜਾਣਾ ਵੀ ਇੱਕ ਪਹੁੰਚ ਸੀ, ਉਸ ਸਮੇਂ ਦੇ ਗੱਭਰੂਆਂ ਦੀ ਅਣਖ ਦੀ, ਜਿਸਨੇ ਸਿਖਰਾਂ ਛੋਹ ਲਈਆਂ ਸਨ, ਇੰਦਰਾ ਗਾਂਧੀ, ਜਨਰਲ ਵੈਦੀਆ, ਲਾਲਾ ਜਗਤ ਨਾਰਾਇਣ, ਰਮੇਸ਼ ਚੰਦਰ, ਨਿਰੰਕਾਰੀ ਗੁਰਬਚਨ ਸਿੰਘ, ਹਰਚੰਦ ਸਿੰਘ ਲੌਂਗੋਵਾਲ ਆਦਿ ਨੂੰ ਗੱਡੀ ਚੜ੍ਹਾਉਣ ਸਮੇਂ। ਆਓ ਦ੍ਰਿੜਤਾ ਬਣਾਈ ਰੱਖੀਏ ਕਿ ਸਿੱਖ ਵਿਚਾਰਧਾਰਾ ਦਾ ਬੁਨਿਆਦੀ ਨਾਅਰਾ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਦਾ ਸਦੀਵੀ ਪਹਿਰਾ ਸਮੁੱਚੀ ਧਰਤੀ ਤੇ ਵਰਤਦਾ ਰਹੇ।

ਦਲਬੀਰ ਸਿੰਘ ਪੱਤਰਕਾਰ
ਮੋਬਾਇਲ: 99145-71713
ਜਲੰਧਰ, 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.