ਅਖੌਤੀ ਸਤਿਕਾਰ ਕਮੇਟੀਆਂ , ਗਰੀਬ ਅਤੇ ਕਮਜ਼ੋਰ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਣ ਦੀ ਇਕ ਸੋਚੀ ਮਿਥੀ ਸਾਜਿਸ਼ ਹੈ !
ਅਖੌਤੀ ਸਤਿਕਾਰ ਕਮੇਟੀ ਦੇ ਗੂੰਡਿਆਂ ਪਾਸੋਂ ਗਰੀਬ ਨਿਹੱਥੇ ਸਿੱਖਾਂ ਦੀ ਜੋ ਭੰਨ ਤੋੜ ਹੋਈ, ਉਸ ਬਾਰੇ ਹੱਲੀ ਵੀ ਬਹੁਤ ਛੋਟੀ ਸੋਚ ਕਮ ਕਰ ਰਹੀ ਹੈ। ਕੁਝ ਸਿੱਖਾਂ ਦਾ ਕਹਿਣਾਂ ਹੈ ਕਿ ਇਸ ਕਮੇਟੀ ਨੇ ਸਿੱਖਾਂ ਦੀ ਜੋ ਭਨ ਤੋੜ ਕੀਤੀ ਉਹ ਜਾਇਜ ਸੀ । ਕੁਝ ਸਿੱਖਾਂ ਦਾ ਕਹਿਣਾਂ ਹੈ ਕਿ ਸਿੱਖਾਂ ਵਲੋਂ ਸਿੱਖਾਂ ਤੇ ਇਹ ਤਸ਼ਦਦ ਕਰਨ ਵਾਲੀ ਸੋਚ ਸਿੱਖੀ ਦੇ ਮੁਡਲੇ ਅਸੂਲਾਂ ਅਤੇ ਗੁਰਮਤਿ ਦੇ ਬਿਲਕੁਲ ਉਲਟ ਹੈ। ਲੇਕਿਨ ਜੋ ਸਚ ਹੈ ਉਸ ਵਲ ਤਾਂ ਕਿਸੇ ਦਾ ਧਿਆਨ ਜਾ ਹੀ ਨਹੀ ਰਿਹਾ ਹੈ। ਆਉ ਜਰਾ ਅਸਲਿਅਤ ਵਲ ਇਕ ਨਿਗਾਹ ਮਾਰ ਲਈਏ।
ਪਿਛਲੇ ਕੁਝ ਵਰ੍ਹਿਆਂ ਤੋ ਕੁਝ ਇਹੋ ਜਹੀਆ ਘਟਨਾਵਾਂ ਵਾਪਰ ਰਹੀਆਂ ਨੇ, ਜਿਨ੍ਹਾਂ ਨੂੰ ਆਪਸ ਵਿਚ ਜੋੜ ਕੇ ਵੇਖਣਾਂ ਬਹੁਤ ਜਰੂਰੀ ਹੈ ਤਾਂਕਿ ਅਸਲੀ ਸਾਜਿਸ਼ ਨੂੰ ਸਮਝਿਆ ਜਾ ਸਕੇ। "ਗਉ" ਦੇ ਸਤਿਕਾਰ ਨੂੰ ਕਾਇਮ ਕਰਨ ਲਈ ,ਕੁਝ ਕੱਟਰ ਹਿੰਦੂਵਾਦੀ ਸੰਗਠਨਾਂ ਨੇ ਵੀ ਇਹੋ ਜਹੀਆਂ ਭਨ ਤੋੜ ਕਮੇਟੀਆਂ ਬਣਾਈਆ ਹੋਈਆਂ ਹਨ । ਇਹ ਕਮੇਟੀਆਂ ਗਉ ਦੀ ਰਖਿਆ ਦੇ ਨਾਮ ਤੇ ਕਾਨੂੰਨ ਨੂੰ ਅਪਣੇ ਹੱਥ ਵਿਚ ਲੈਕੇ ਸਿਧੇ ਸਾਧੇ ਬੰਦਿਆ ਤੇ ਤਸ਼ਦਦ ਕਰਦੀਆ ਹਨ ਅਤੇ ਪ੍ਰਸ਼ਾਸ਼ਨ ਵੀ ਇਨ੍ਹਾਂ ਦੇ ਨਾਲ ਰਲਿਆ ਹੂੰਦਾ ਹੈ ।
ਸਿਅਸੀ ਲੋਗ ਅਪਣਾਂ ਕਮ ਸਾਰਨ ਲਈ ਇਨ੍ਹਾਂ ਗੂੰਡਿਆਂ ਦੀ ਫੌਜ ਨੂੰ ਬਚਾਉਦੀਆਂ ਅਤੇ ਵਰਤਦੀਆਂ ਹਨ। ਇਹੋ ਜਹੀਆਂ ਗੂੰਡਾ ਬ੍ਰਿਗੇਡਾਂ , ਇਲੇਕਸ਼ਨ ਵੇਲੇ ਸਿਆਸਤਦਾਨਾਂ ਦੇ ਬਹੁਤ ਕਮ ਆਂਉਦੀਆ ਹਨ। ਹੇਠ ਦਿੱਤੇ ਲਿੰਕ ਤੇ ਦਿੱਤੀ ਵੀਡੀਉ ਨੂੰ ਵੇਖ ਕੇ ਤੁਸੀ ਇਸ ਗਲ ਦਾ ਅੰਦਾਜਾ ਲਾ ਸਕਦੇ ਹੋ ਕਿ ਕਾਨੂਨ ਵੀ ਇਨ੍ਹਾਂ ਦੇ ਹੱਥ ਵਿਚ ਹੈ ਅਤੇ ਮਨੁਖੀ ਅਧਿਕਾਰਾਂ ਦਾ ਵੀ ਇਨ੍ਹਾਂ ਨੂੰ ਕੋਈ ਏਹਿਸਾਸ ਨਹੀ। ਇਹ ਸਿਆਸਤਦਾਨਾਂ ਦੇ ਹੱਥ ਠੋਕੇ ਗੂੰਡੇ , ਭੋਲੇ ਭਾਲੇ ਅਤੇ ਗਰੀਬ ਲੋਕਾਂ ਤੇ "ਗਉ ਦੀ ਰਖਿਆ" ਦੇ ਨਾਮ ਤੇ ਤਸ਼ਦਦ ਕਰਦੇ ਹਨ। ਅਪਣੀ ਦਹਿਸ਼ਤ ਅਤੇ ਦਬਦਬੇ ਨੂੰ ਕਾਇਮ ਰਖਣ ਲਈ, ਇਹ ਇਸ ਤਸ਼ਦਦ ਦੀਆਂ ਵੀਡੀਉ ਆਪ ਬਨਾਉਦੇ ਹਨ, ਅਤੇ ਆਪ ਹੀ ਉਨ੍ਹਾਂ ਨੂੰ ਜਨਤਕ ਕਰਦੇ ਹਨ।
https://www.facebook.com/gurpreet.ghuliani.3/videos/vb.100003114605823/739917576122056/?type=2&theater
ਇਸ ਵੀਡੀਉ ਨਾਲ ਪਿਛਲੇ ਦਿਨੀ ਵਾਪਰੀ ਘਟਨਾਂ ਦੀ ਵੀਡੀਉ ਰਲਾਉ ! ਤੁਹਾਨੂੰ ਕੋਈ ਫਰਕ ਨਜਰ ਨਹੀ ਆਵੇਗਾ।
ਹੁਣ ਤੁਸੀ ਕਹੋਗੇ ਕਿ ਇਨ੍ਹਾਂ "ਗਉ ਰਖਿਅਕ ਕਮੇਟੀਆਂ" ਦਾ ਅਖੌਤੀ ਸਤਿਕਾਰ ਕਮੇਟੀਆਂ ਨਾਲ ਕੀ ਸੰਬੰਧ ਹੈ ? ਬਿਲਕੁਲ ਸੰਬੰਧ ਹੈ। ਇਹੋ ਜਹੀਆਂ ਕਮੇਟੀਆਂ ਦਾ ਚਲਨ ਹਿੰਦੂ ਸੰਗਠਣਾਂ ਤੋਂ ਹੂੰਦਾ ਹੋਇਆ, ਹੁਣ ਸਿੱਖੀ ਦੇ ਵੇੜ੍ਹੇ ਵਿਚ ਵੀ ਆਨ ਪੁੱਜਾ ਹੈ। ਇਸਦਾ ਸਿਧਾ ਅਤੇ ਸਪਸ਼ਟ ਕਾਰਣ ਇਹ ਹੈ ਕਿ ਹਿੰਦੂਵਾਦੀ ਸੰਗਠਨਾਂ ਦਾ ਪੰਜਾਬ ਵਿਚ ਬੋਲ ਬਾਲਾ ਹੈ ਕਿਉਕਿ ਪੰਜਾਬ ਦੀ ਸਿਆਸਤ ਹਿੰਦੂਵਾਦੀ ਸੰਗਠਣਾਂ ਦੀ ਰਖੇਲ ਬਣ ਕੇ ਰਹਿ ਗਈ ਹੈ। ਸਿਅਸਤਦਾਨ ਅਤੇ ਧਰਮ ਮਾਫੀਆ ਇਨ੍ਹਾਂ ਨੂੰ ਵਰਤਦਾ ਹੈ, ਇਹ ਕਮੇਟੀਆਂ ਬਿਲਕੁਲ ਉਹ ਹੀ ਕਮ ਕਰ ਰਹੀਆਂ ਨੇ । ਜਰਾ ਅਪਣੀ ਯਾਦਾਸ਼ਤ ਤੇ ਥੋੜਾ ਜੋਰ ਮਾਰੋ ਤਾਂ ਕੁਝ ਘਟਨਾਵਾਂ ਤੁਹਾਨੂੰ ਯਾਦ ਆ ਜਾਂਣਗੀਆਂ।
ਕੁਝ ਦਿਨ ਪਹਿਲਾਂ ਅਕਾਲ ਤਖਤ ਤੇ ਵੀ ਇਹੋ ਜਹੀਆਂ ਕਮੇਟੀਆਂ ਦੀ ਵਰਤੋਂ ਹੋਈ । ਅਕਾਲ ਤਖਤ ਤੇ ਸਿਖਾਂ ਨੇ ਹੀ ਸਿੱਖਾਂ ਤੇ ਕਿਰਪਾਨਾਂ , ਡਾਂਗਾ ਅਤੇ ਬਰਛੇ ਚਲਾਏ। ਹਰਿਆਣਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਦਿਆ ਹੀ ਪੰਜਾਬ ਤੋਂ ਇਹੋ ਜਹੀਆਂ ਹਜਾਰਾਂ ਸਤਿਕਾਰ ਕਮੇਟੀਆਂ ਹਰਿਆਣਾਂ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜਾ ਕਰਣ ਲਈ ਕੂਚ ਕਰ ਗਈਆਂ, ਤੇ ਉਥੇ ਇਨ੍ਹਾਂ ਨੇ ਜੋ ਗੂੰਡਾ ਗਰਦੀ ਪ੍ਰਸ਼ਾਸ਼ਨ ਦੀ ਨਕ ਹੇਠਾਂ ਕੀਤੀ , ਉਸ ਤੋਂ ਆਪ ਸਾਰੇ ਚੰਗੀ ਤਰ੍ਹਾਂ ਵਾਕਿਫ ਹੋ। ਇਨ੍ਹਾਂ ਕਮੇਟੀਆਂ ਨੂੰ ਹਰਿਆਣੇ ਕਿਸ ਨੇ ਭੇਜਿਆ ਸੀ , ਇਹ ਵੀ ਤੁਸੀ ਚੰਗੀ ਤਰ੍ਹਾਂ ਜਾਂਣਦੇ ਹੋ ।
ਇਨ੍ਹਾਂ ਦੋ ਘਟਨਾਵਾਂ ਦੇ ਨਾਲ ਹੀ ਨਾਲ ਇਕ ਹੋਰ ਸਤਿਕਾਰ ਕਮੇਟੀ ਪੰਜਾਬ ਤੋਂ ਆਸਨਸੋਲ ਵੀ ਭੇਜੀ ਗਈ ਸੀ ਜਿਸਨੇ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਜੀ ਤੇ ਜਾਨਲੇਵਾ ਹਮਲਾ ਕੀਤਾ।ਪੰਜਾਬ ਦੀਆਂ ਗੱਡੀਆਂ ਦੇ ਨੰਬਰ ਵੀ ਉਥੇ ਨੋਟ ਕੀਤੇ ਗਏ। 5 ਦਿਸੰਬਰ 2009 ਨੂੰ ਪ੍ਰੋਫੇਸਰ ਦਰਸ਼ਨ ਸਿੰਘ ਦੀ ਅਕਾਲ ਤਖਤ ਤੇ ਪੇਸ਼ੀ ਦੇ ਦੌਰਾਨ, ਜਿਥੇ ਦਾਸ ਆਪ ਮੌਜੂਦ ਸੀ ,ਇਹ ਵੇਖ ਕੇ ਹੈਰਾਨ ਹੋ ਗੲਆ ਕਿ "ਸਕੱਤਰੇਤ ਜੂੰਡਲੀ" ਕੋਲ ਵੀ ਇਕ ਬਹੁਤ ਵੱਡੀ ਸਤਿਕਾਰ ਕਮੇਟੀ (ਟਾਸਕ ਫੋਰਸ ) ਮੌਜੂਦ ਹੈ। ਜਿਵੇ ਹੀ ਦਾਸ ਅਕਾਲ ਤਖਤ ਉੱਤੇ ਮੱਥਾ ਟੇਕਣ ਗਿਆ , ਅੰਦਰ ਦਾ ਹਾਲ ਅਤੇ ਬਾਹਰ ਦਾ ਵੇੜ੍ਹਾ ਲਗਭਗ ਦੋ ਹਜਾਰ, ਹਥਿਆਰ ਬੰਦ ਸਿੱਖਾਂ ਦੀ ਸਤਿਕਾਰ ਕਮੇਟੀ ਨਾਲ ਖਚਾ ਖਚ ਭਰਿਆ ਪਿਆ ਸੀ। ਜੋ ਹਰ ਤਰੀਕੇ ਦਾ ਸਤਕਾਰ ਕਰਨ ਲਈ ਤਿਆਰ ਬਰ ਤਿਆਰ ਬੈਠਾ ਸੀ । ਇਨ੍ਹਾਂ ਸਤਿਕਾਰ ਕਮੇਟੀਆਂ ਨੂੰ ਇਨ੍ਹਾਂ ਨੇ "ਟਾਸਕ ਫੋਰਸ" ਦਾ ਨਾਮ ਵੀ ਦਿਤਾ ਹੋਇਆ ਹੈ।ਜਿਥੇ ਲੋੜ ਪਇੰਦੀ ਹੈ ਇਨ੍ਹਾਂ ਨੂੰ ਲਾ ਦਿਤਾ ਜਾਂਦਾ ਹੈ, ਜੋ ਇਨ੍ਹਾਂ ਦੇ ਉੱਲੂ ਵੀ ਸਿੱਧੇ ਕਰਦੀਆਂ ਹਨ ਅਤੇ ਅਪਣੇ ਢਿਡ ਵੀ ਭਰਦੀਆਂ ਹਨ (ਵੀਰ ਗੁਰਿੰਦਰ ਪਾਲ ਸਿੰਘ ਧਨੌਲਾ ਜੀ ਦੇ ਕਲ ਛਪੇ ਇਕ ਲੇਖ ਤੋਂ ਇਹ ਗਲ ਸਪਸਟ ਹੋ ਜਾਂਦੀ ਹੈ ,ਕਿ ਚੋਰ ਅਤੇ ਕੁੱਤੀ ਦੋਵੇਂ ਰਲੇ ਹੋਏ ਹਨ ।)
ਮੇਰੇ ਵੀਰੋ ਹਰ ਗਲ ਤੇ ਆਪਸ ਵਿਚ ਹੀ ਨਾਂ ਲੜਨ ਲਗ ਪਿਆ ਕਰੋ। ਕੰਧ ਦੇ ਪਿਛੇ , ਸਿੱਖੀ ਦੇ ਖਿਲਾਫ ਕੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਉਨ੍ਹਾਂ ਨੂ ਜਰਾ ਦੂਰਦਰਸ਼ੀ ਬਣ ਕੇ ਪਰਖਿਆ ਕਰੋ । ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਬਹਾਨੇ ਇਹ ਅਖੌਤੀ ਸਤਿਕਾਰ ਕਮੇਟੀਆਂ ਹਿੰਦੂਵਾਦੀ ਸੰਗਠਨਾਂ ਦਾ ਹੀ ਅਜੇੰਡਾ ਪੂਰ ਰਹੀਆ ਨੇ। ਜਦੋਂ ਇਕ ਸਿੱਖ ਦੂਜੇ ਤੇ ਤਸ਼ਦਦ ਕਰੇਗਾ ਤਾਂ ਭੋਲੇਭਾਲੇ ਸਿੱਖਾਂ ਦਾ ਵਿਸ਼ਵਾਸ਼ ਸਿੱਖੀ ਤੋਂ ਉਠ ਜਾਏਗਾ , ਤੇ ਉਹ ਧਰਮ ਪਰਿਵਰਤਨ ਦੇ ਰਾਹ ਤੇ ਤੁਰ ਪਵੇਗਾ। ਦਾਸ ਨੇ ਕਲ ਵੀ ਅਪਣੇ ਲੇਖ ਵਿਚ ਲਿਖਿਆ ਸੀ ਕਿ ਉਹ ਗਰੀਬ ਸਿੱਖ ਇਹ ਸੋਚਣ ਲਗ ਪਵੇਗਾ ਕਿ , ਕੀ ਇਹ ਹੀ ਹੈ ਸਿੱਖੀ ? ਮੈ ਇਸਤੋਂ ਕੀ ਲੈਣਾਂ ਹੈ ? ਤੇ ਉਹ ਸਿੱਖੀ ਤੋਂ ਟੁੱਟ ਜਾਵੇਗਾ।
ਵੀਰੋ ਹੋਸ਼ ਵਿਚ ਆਉ ਇਹ ਗੂੰਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕੀ ਕਰਣ ਗੇ ? ਜਿਨਹਾਂ ਦੇ ਆਕਾ ਤੇ ਆਪ ਡੇਰਿਆ ਤੇ ਬਾਬਿਆ ਦੀਆਂ ਬਰਸੀਆਂ ਤੇ ਖੇਹ ਖਾਂਦੇ ਫਿਰਦੇ ਨੇ ਤੇ ਉਨ੍ਹਾਂ ਡੇਰੇਦਾਰਾਂ ਦੇ ਡੇਰਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਪਤੀ ਵਿਚ ਇਹ ਆਪ ਸ਼ਾਮਿਲ ਹੂੰਦੇ ਨੇ। ਬੰਦ ਕਰੋ ਇਹ ਨਾਟਕ ਬਾਜੀ । ਜੇ ਗਰੀਬ ਸਿੱਖਾਂ ਦਾ ਭਲਾ ਨਹੀ ਕਰ ਸਕਦੇ , ਉਨ੍ਹਾਂ ਦੀ ਮਦਦ ਨਹੀ ਕਰ ਸਕਦੇ ਤਾਂ ਉਨ੍ਹਾਂ ਨੂੰ ਸਿੱਖੀ ਤੋਂ ਤੇ ਨਾਂ ਟੁਟਣ ਦਿਉ ! ਇਹ ਅਖੌਤੀ ਸਤਿਕਾਰ ਕਮੇਟੀ , ਗਰੀਬ ਅਤੇ ਕਮਜੋਰ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਣ ਦੀ ਇਕ ਸੋਚੀ ਮਿਥੀ ਸਾਜਿਸ਼ ਤੋਂ ਅਲਾਵਾ ਹੋਰ ਕੁਝ ਵੀ ਨਹੀ। ਇਹ ਸਿਅਾਸਤਦਾਨਾਂ ਅਤੇ ਧਰਮ ਮਾਫੀਆ ਦੇ ਗੂੰਡਿਆ ਦੀ ਟਾਸਕ ਫੋਰਸ ਹੈ, ਹੋਰ ਕੁਝ ਵੀ ਨਹੀ !
ਇੰਦਰਜੀਤ ਸਿੰਘ, ਕਾਨਪੁਰ