-: ‘ਅਜੋਕਾ ਗੁਰਮਤਿ ਪ੍ਰਚਾਰ (?)’ ਭਾਗ 33 :-
(ਕੀ ਕਰਮਾਂ ਦਾ ਫਲ਼ ਹੱਥੋ ਹੱਥ ਮਿਲਦਾ ਹੈ?)
ਪਿਛਲੇ ਦਿਨੀਂ ਵੀਰ ਭੁਪਿੰਦਰ ਸਿੰਘ ਜੀ ਦੀ ਸਵਾਲਾਂ ਜਵਾਬਾਂ ਦੀ ਇੱਕ ਵੀਡੀਓ ਕਿਸੇ ਵੀਰ ਵੱਲੋਂ ਫੇਸ ਬੁੱਕ ਤੇ ਪਾਈ ਗਈ ਸੀ।ਪੇਸ਼ ਹਨ ਉਸ ਸੰਬੰਧੀ ਹੋਏ ਵਿਚਾਰ ਵਟਾਂਦਰੇ ਦੇ ਕੁਝ ਅੰਸ਼ (ਵੀਡੀਓ ਵਿੱਚ ਗੱਲ ਬਾਤ ਹਿੰਦੀ ਵਿੱਚ ਕੀਤੀ ਗਈ ਹੈ, ਉਸ ਨੂੰ ਇੱਥੇ ਪੰਜਾਬੀ ਵਿੱਚ ਲਿਖਿਆ ਜਾ ਰਿਹਾ ਹੈ):-
ਸਵਾਲ 1- ਇਨਸਾਨ ਨੂੰ ਮਰਨ ਤੋਂ ਬਾਅਦ ਕੀ ਹੁੰਦਾ ਹੈ? ਪਿਛਲੇ ਜਨਮ ਵਿੱਚ ਅਸੀਂ ਕੀ ਸੀ? ਅਤੇ ਮਰਨ ਤੋਂ ਬਾਅਦ ਕੀ ਹੁੰਦਾ ਹੈ? ਗੁਰਬਾਣੀ ਵਿੱਚ ਲਿਖਿਆ ਹੈ- “ਕਈ ਜਨਮ ਭਏ ਕੀਟ ਪਤੰਗਾ॥ਕਈ ਜਨਮ ਗਜ ਮੀਨ ਕੁਰੰਗਾ….॥” ਇਸ ਬਾਰੇ ਵਿਚਾਰ ਦਿਉ ਜੀ।
ਜਵਾਬ ਵੀਰ ਭੁਪਿੰਦਰ ਸਿੰਘ:- ਇਹ ਇਸੇ ਜਨਮ ਦੀ ਗੱਲ ਹੈ।ਇਸੇ ਜਨਮ ਵਿੱਚ ਇਨਸਾਨ ਕੀੜਿਆਂ ਪਤੰਗਿਆਂ ਵਾਲੇ ਕੰਮ ਕਰਦਾ ਹੈ।ਪਰ ਗੁਰਬਾਣੀ ਅਨੁਸਾਰ ਮਰਨ ਤੋਂ ਬਾਅਦ ਕੀ ਹੁੰਦਾ ਹੈ ਕੋਈ ਨਹੀਂ ਦੱਸ ਸਕਦਾ।ਇਹ ਮਨੁੱਖਾ ਜਨਮ ਲੈਣ ਤੋਂ ਪਹਿਲਾਂ ਅਸੀਂ ਕੀ ਸੀ ਅਤੇ ਮਰਨ ਤੋਂ ਬਾਅਦ ਇਸ ਨਾਲ ਕੀ ਹੁੰਦਾ ਹੈ ਕੋਈ ਨਹੀਂ ਦੱਸ ਸਕਦਾ।
ਮੇਰੇ ਵਿਚਾਰ / ਸਵਾਲ:- ਕੋਈ ਸੱਜਣ ਦੱਸਣ ਦੀ ਖੇਚਲ ਕਰੇਗਾ ਕਿ
“ਕਈ ਜਨਮ ਭਏ ਕੀਟ ਪਤੰਗਾ …॥”
ਸ਼ਬਦ ਵਿੱਚ “ਕਈ ਜਨਮ” ਦਾ ਕੀ ਅਰਥ ਜਾਂ ਭਾਵ ਅਰਥ ਹੈ? ਅਤੇ ਸਾਰੇ ਸ਼ਬਦ ਦੇ ਅਰਥ ਜਾਂ ਭਾਵ ਅਰਥ ਕੀ ਹਨ? ਕੋਈ ਮਨੁੱਖ ਆਪਣੀ ਮਰਜੀ ਅਤੇ ਖੁਸ਼ੀ ਨਾਲ ਕੀੜਿਆਂ ਪਤੰਗਿਆਂ ਵਾਲੇ ਅਤੇ ਹੋਰ ਜੂਨਾਂ ਵਾਲੇ ਕੰਮ ਕਰਦਾ ਹੈ ਜਾਂ ਕਿਸੇ ਨੇ ਉਸ ਨੂੰ ਮਜਬੂਰ ਕੀਤਾ ਹੈ ਕੀੜਿਆਂ ਪਤੰਗਿਆਂ ਵਾਲੇ ਕੰਮ ਕਰਨ ਲਈ? ਜੇ ਬੰਦਾ ਆਪਣੀ ਖੁਸ਼ੀ ਅਤੇ ਮਰਜ਼ੀ ਨਾਲ ਕੀੜਿਆਂ ਪਤੰਗਿਆਂ ਵਾਲੇ ਕੰਮ ਕਰਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਇਸ ਤਰ੍ਹਾਂ ਦੇ ਜੀਵਨ ਨੂੰ ਕੋਈ ਦੂਸਰਾ ‘ਕੀੜੇ ਪਤੰਗਿਆਂ’ ਵਾਲਾ ਜੀਵਨ ਮੰਨਦਾ ਹੈ।ਜੇ ਉਹ ਮੰਨਦਾ ਹੀ ਨਹੀਂ ਕਿ ਇਸ ਜਨਮ ਤੋਂ ਬਾਅਦ ਵੀ ਕੀਤੇ ਕਰਮਾਂ ਦਾ ਫਲ ਭੁਦਤਣਾ ਪੈ ਸਕਦਾ ਹੈ।ਉਸ ਨੂੰ ਇਸੇ ਤਰ੍ਹਾਂ ਦੇ ਕੰਮ ਕਰਨੇ ਚੰਗੇ ਲਗਦੇ ਹਨ ਅਤੇ ਇਨ੍ਹਾਂ ਕੰਮਾਂ ਵਿੱਚ ਹੀ ਉਹ ਜੀਵਨ ਬਿਤਾ ਕੇ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਕੀ ਗੁਰਬਾਣੀ ਦਾ ਜਾਂ ਕਿਸੇ ਵੀ ਹੋਰ ਸਦਾਚਾਰਕ ਉਪਦੇਸ਼ ਦਾ ਕੋਈ ਮਕਸਦ ਬਣਦਾ ਹੈ?
{ਨੋਟ:- “ਕਈ ਜਨਮ” ਦੇ ਅਰਥ ਇਨ੍ਹਾਂ ਲੋਕਾਂ ਵੱਲੋਂ ਕੀਤੇ ਜਾਂਦੇ ਹਨ-“(ਇਸੇ ਜਨਮ ਵਿੱਚ) ਬਹੁਤ ਸਮਾਂ”।ਇਨ੍ਹਾਂ ਅਰਥਾਂ ਅਨੁਸਾਰ ਸਾਰੇ ਸ਼ਬਦ ਵਿੱਚ ਜਿੱਥੇ-ਜਿੱਥੇ ਵੀ “ਕਈ ਜਨਮ” ਆਇਆ ਹੈ, ਉਸ ਦੇ ਅਰਥ “ਬਹੁਤ ਸਮਾਂ” ਕੀਤੇ ਜਾਣ ਤਾਂ ਸ਼ਬਦ ਦੇ ਜੋ ਅਰਥ ਬਣਦੇ ਹਨ, ਲੱਗਦਾ ਹੈ ਜਿਵੇਂ ਬੰਦਾ ‘ਬਹੁਤ ਸਮਾਂ’ ਕਿਸੇ ਇੱਕ ਪਸ਼ੂ ਵਰਗਾ ਜੀਵਨ ਜਿਉਣ ਤੋਂ ਬਾਅਦ ਦੂਸਰੇ ਪਸ਼ੂ ਵਾਲਾ ਕਿਰਦਾਰ ਨਿਭਾਉਣ ਲੱਗ ਗਿਆ।ਬਹੁਤ ਸਮਾਂ ਦੂਸਰੇ ਜਾਨਵਰ ਵਾਲੇ ਕਿਰਦਾਰ ਵਾਲਾ ਜੀਵਨ ਬਿਤਾਉਣ ਤੋਂ ਬਾਅਦ ਲੜੀਵਾਰ ਤੀਸਰੀ, ਚੌਥੀ, ਪੰਜਵੀਂ ਆਦਿ ਜੂਨ ਵਾਲਾ ਕਿਰਦਾਰ ਨਿਭਾਉਣ ਵਿੱਚ ਲੱਗ ਪਿਆ ਹੋਵੇ। ‘ਕਈ ਜਨਮ’ ਦੇ ਅਰਥ ‘ਬਹੁਤ ਸਮਾਂ’ ਕਰਨ ਨਾਲ ਸ਼ਬਦ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਹਨ:- ਬਹੁਤ ਸਮਾਂ ਤੂੰ ਕੀੜੇ ਪਤੰਗੇ ਵਰਗਾ ਜੀਵਨ ਬਤੀਤ ਕਰਦਾ ਰਿਹਾ।(ਫੇਰ) ਬਹੁਤ ਸਮਾਂ ਤੂੰ ਹਾਥੀ, ਮੱਛੀ, ਹਿਰਨ ਆਦਿ ਵਰਗਾ ਜੀਵਨ ਜਿਉਂਦਾ ਰਿਹਾ।(ਫੇਰ) ਬਹੁਤ ਸਮਾਂ ਤੂੰ ……।}
{ਨੋਟ:- ਮੇਰੇ ਇਨ੍ਹਾਂ ਵਿਚਾਰਾਂ ਅਤੇ ਸਵਾਲਾਂ ਬਾਰੇ ਕਿਸੇ ਸੱਜਣ ਦਾ ਕੋਈ ਪ੍ਰਤੀਕਰਮ ਨਹੀਂ ਸੀ ਆਇਆ}
ਵੀਰ ਜੀ ਦਾ ਕਹਿਣਾ ਹੈ ਕਿ- “ਗੁਰਬਾਣੀ ਅਨੁਸਾਰ ਮਰਨ ਤੋਂ ਬਾਅਦ ਕੀ ਹੁੰਦਾ ਹੈ, ਕੋਈ ਨਹੀਂ ਦੱਸ ਸਕਦਾ।ਇਹ ਜਨਮ ਲੈਣ ਤੋਂ ਪਹਿਲਾਂ ਕੋਈ ਕੀ ਸੀ, ਕੋਈ ਨਹੀਂ ਦੱਸ ਸਕਦਾ। ਤਾਂ ਕੀ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਸਿਧਾਂਤਕ ਤੌਰ ਤੇ ਗੁਰਬਾਣੀ ਅਗਲੇ ਪਿਛਲੇ ਜਨਮ ਦਾ ਖੰਡਣ ਨਹੀਂ ਕਰਦੀ।ਅਰਥਾਤ ਗੁਰਬਾਣੀ ਅਨੁਸਾਰ ਇਸ ਜਨਮ ਤੋਂ ਪਹਿਲਾਂ ਅਤੇ ਅੱਗੋਂ ਜਨਮ ਤਾਂ ਹੈ ਜਾਂ ਹੋ ਸਕਦਾ ਹੈ, ਪਰ ਕਿਹੜਾ ਜਨਮ ਸੀ ਜਾਂ ਅੱਗੇ ਕਿਹੜਾ ਹੋਵੇਗਾ ਕੋਈ ਨਹੀਂ ਦੱਸ ਸਕਦਾ। ਜੇ ਗੁਰਮਤਿ ਇਸ ਜਨਮ ਤੋਂ ਅਗਲਾ ਪਿਛਲਾ ਜਨਮ ਨਾ ਮੰਨਦੀ ਹੁੰਦੀ ਤਾਂ ਗੁਰਬਾਣੀ ਵਿੱਚ ਸਾਫ ਲਿਖਿਆ ਹੋਣਾ ਸੀ ਕਿ ਇਸ ਜਨਮ ਤੋਂ ਅੱਗੇ ਪੱਛੇ ਕੋਈ ਜਨਮ ਨਹੀਂ ਹੈ, ਫੇਰ ਇਹ ਨਹੀਂ ਸੀ ਲਿਖਿਆ ਹੋਣਾ ਕਿ ਕੋਈ ਦੱਸ ਨਹੀਂ ਸੱਕਦਾ।
{ਨੋਟ:- ਇਸ ਬਾਰੇ ਵੀ ਕਿਸੇ ਸੱਜਣ ਦੇ ਕੋਈ ਵਿਚਾਰ ਨਹੀਂ ਸੀ ਆਏ}
ਸਵਾਲ 2- ਕੋਈ ਇਨਸਾਨ ਪਿਛਲੇ ਜਨਮ ਦੇ ਕਰਮਾਂ ਕਰਕੇ ਹੁਣ ਇਸ ਜਨਮ ਵਿੱਚ ਦੁਖ-ਸੁਖ ਭੋਗਦਾ ਹੈ ਜਾਂ ਇਸੇ ਜਨਮ ਦੇ ਕਰਮਾਂ ਕਰਕੇ?
ਜਵਾਬ ਵੀਰ ਜੀ :-- ਕੁਦਰਤ ਦਾ ਪ੍ਰੌਸੈਸ ਐਸਾ ਨਹੀਂ ਹੈ ਕਿ ਫਾਇਲ ਸਲੋ ਚੱਲ ਰਹੀ ਹੈ।ਅੱਜ ਵਕੀਲ ਨਹੀਂ ਆਇਆ, ਅੱਜ ਜੱਜ ਛੁੱਟੀ ਤੇ ਹੈ, ਅੱਜ ਚਪੜਾਸੀ ਨਹੀਂ ਆਇਆ…।ਗੁਰਬਾਣੀ ਕਹਿੰਦੀ ਹੈ- “ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ….॥” ਨਾਲ ਦੀ ਨਾਲ ਹੀ ਨਬੇੜਾ ਹੋਈ ਜਾਂਦਾ ਹੈ।…ਪੜੋਸ ਵਿੱਚ ਕਿਸੇ ਦੀ ਮਾਂ ਬਿਮਾਰ ਹੈ।ਮੈਂ ਦੇਖਕੇ ਵੀ ਅਣਦੇਖਿਆ ਕਰ ਜਾਂਦਾ ਹਾਂ।ਨਾਲ ਦੀ ਨਾਲ ਨਿਬੇੜਾ ਹੋ ਗਿਆ। ਮੈਂ ਭਗਵਾਨ ਜੀ ਨਾਲੋਂ ਉਸੇ ਵਕਤ ਟੂਟ ਗਿਆ।ਹੋਰ ਕੋਈ ਸਜ਼ਾ ਨਹੀਂ ਹੈ।ਇਹੀ ਸਜ਼ਾ ਹੈ ਕਿ ਮੈਂ ਉਸ ਨੂੰ ਦੇਖਕੇ ਵੀ ਅਣ-ਦੇਖਿਆ ਕਰਕੇ ਚਲਾ ਜਾਂਦਾ ਹਾਂ। ਇਹ ਸਭ ਤੋਂ ਵੜੀ ਸਜ਼ਾ ਹੈ। ਮੈਂ ਏਨਾ ਗ਼ਲਤ ਸੋਚ ਸਕਦਾ ਹਾਂ? ਮੈਂ ਏਨਾ ਸੈਲਫਿਸ਼ ਹੋ ਸਕਦਾ ਹਾਂ ਕਿ ਤੇਰੀ ਮਾਂ ਮੇਰੀ ਮਾਂ ਨਹੀਂ ਹੈ? ਖੂਨ ਏਨਾ ਸਫੈਦ ਹੋ ਗਿਆ ਹੈ? ਇਹ ਸਜ਼ਾ ਹੈ ਨਾਲ ਦੇ ਨਾਲ ਹੀ, ਇਮੀਜਿਏਟ, ਔਨ ਦਾ ਸਪੌਟ। ਇਸ ਨੂੰ ਧਰਮ ਕਹਿੰਦੇ ਹਨ। ਇਸ ਨੂੰ ਧਰਮਰਾਜ ਕਹਿੰਦੇ ਹਨ। ਇਸ ਨੂੰ ਧਰਮ ਕਾ ਕੰਡਾ ਕਹਿੰਦੇ ਹਨ। ਇਸ ਨੂੰ ਧਰਮ ਦੀ ਤਰੱਕੜੀ ਕਹਿੰਦੇ ਹਨ। ਸੱਚ ਦੀ ਤੁਲਾ ਕਹਿੰਦੇ ਹਨ। ਆਪਾਂ ਸਭਨੇ ਅੱਖਾਂ ਬੰਦ ਕਰ ਰੱਖੀਆਂ ਹਨ। ਕੈਸੀਆਂ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੇ ਪਏ ਹਾਂ? ਇਹ ਆਪਣੇ ਆਪ ਨੂੰ ਧੋਖਾ ਦੇਣਾ ਹੈ।
ਮੇਰਾ ਸਵਾਲ:- ਜੇ ਕਿਸੇ ਬੰਦੇ ਨੂੰ ਅਹਿਸਾਸ ਹੀ ਨਹੀਂ ਹੈ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ। ਜੇ ਹੋਰ ਸਾਰੀਆਂ ਗਤੀਵਿਧੀਆਂ ਜਾਂ ਜਿੰਮੇਵਾਰੀਆਂ ਨਾਲੋਂ ਬੰਦੇ ਦਾ ਦੌਲਤ ਕਮਾਉਣ ਵੱਲ ਹੀ ਜਿਆਦਾ ਰੁਝਾਨ ਹੋਵੇ, ਫੇਰ? ਜੇ ਉਹ ਸੋਚੇ ਕਿ ਪੜੋਸੀ ਨੇ ਵੀ ਉਸ ਨਾਲ ਕਦੇ ਇਸੇ ਤਰ੍ਹਾਂ ਹੀ ਕੀਤਾ ਸੀ, ਹਿਸਾਬ ਬਰਾਬਰ ਹੋ ਗਿਆ, ਫੇਰ? ਜੇ ਕੋਈ ‘ਅੱਖਾਂ ਬੰਦ ਕਰਨੀਆਂ’ ਹੀ ਠੀਕ ਸਮਝਦਾ ਹੈ, ਨੀਂਦ ਦੀਆਂ ਗੋਲੀਆਂ ਖਾ ਕੇ ਸੌਣਾ ਹੀ ਪਸੰਦ ਕਰਦਾ ਹੈ, ਫੇਰ? ਜੇ ਉਹ ਸਮਝਦਾ ਹੀ ਨਹੀਂ ਕਿ ਉਸਨੇ ਕੁਝ ਗ਼ਲਤ ਕੀਤਾ ਹੈ, ਉਹ ਸਮਝਦਾ ਹੀ ਨਹੀਂ ਕਿ ਉਸਦਾ ਖੂਨ ਸਫੇਦ ਹੋ ਗਿਆ ਹੈ ਤਾਂ, ਇਹ ਆਪਣੇ ਆਪ ਨੂੰ ਧੋਖਾ ਕਿਵੇਂ ਹੋ ਗਿਆ? ਜੇ ਕੋਈ ਦੂਸਰਾ ਇਹ ਸਮਝਦਾ ਹੈ ਕਿ ਇਹ ਆਪਣੇ ਆਪ ਨੂੰ ਧੋਖਾ ਦੇਣਾ ਹੈ ਤਾਂ ਇਸ ਨਾਲ ਉਸ ਨੂੰ ਕੀ ਨੁਕਸਾਨ ਹੁੰਦਾ ਹੈ? ਜੇ ਉਹ ਮੰਨਦਾ ਹੀ ਨਹੀਂ ਕਿ ਕੀਤੇ ਕਰਮਾਂ ਦਾ ਫਲ਼ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ ਭੁਗਤਣਾ ਹੀ ਪਏਗਾ ਤਾਂ ਕੋਈ ਬੇਸ਼ੱਕ ਸੋਚਦਾ ਹੈ ਤਾਂ ਸੋਚੀ ਜਾਵੇ ਕਿ ਇਹ ਭਗਵਾਨ ਜੀ ਨਾਲੋਂ ਟੁੱਟ ਗਿਆ ਹੈ, ਇਸ ਨਾਲ ਉਸ ਨੂੰ ਕੀ ਫਰਕ ਪੈਂਦਾ ਹੈ?
{ਨੋਟ:- ਇਹ ਲੋਕ ‘ਭਗਵਾਨ ਜੀ ਦੀ ਗੱਲ’ ਸਿਰਫ ਅੱਖੀਂ ਘੱਟਾ ਪਾਉਣ ਲਈ ਕਰਦੇ ਹਨ, ਅਸਲ ਵਿੱਚ ਨਿਰਾਕਾਰ ਕੁਝ ਵੀ ਵਾਪਰਨ ਜਾਂ ‘ਨਿਰਾਕਾਰ ਭਗਵਾਨ’ ਦੀ ਹੋਂਦ ਨੂੰ ਨਹੀਂ ਮੰਨਦੇ।ਇਨ੍ਹਾਂ ਮੁਤਾਬਕ ਭੌਤਿਕ ਸੰਸਾਰ ਤੇ ਐਕਸ਼ਨ-ਰਿਐਕਸ਼ਨ ਦੀ ਤਰ੍ਹਾਂ ਬੰਦੇ ਦੀ ਆਪਣੀ ਸੂਝ-ਬੂਝ ਅਤੇ ਉਪਰਾਲਿਆਂ ਨਾਲ ਸੰਸਾਰ ਤੇ ਸਾਰੇ ਕਾਰ ਵਿਹਾਰ ਚੱਲੀ ਜਾਂਦੇ ਹਨ।ਇਹ ਮੰਨਦੇ ਹੀ ਨਹੀਂ ਕਿ “..ਵਿਧ ਨੇ ਰਚਿਆ ਸੋ ਹੋਇ॥”
ਇਨ੍ਹਾਂ ਮੁਤਾਬਕ ਸੰਸਾਰ ਦੇ ਸਾਰੇ ਕਾਰਾਂ ਵਿਹਾਰਾਂ ਵਿੱਚ ਕੋਈ ਨਿਰਾਕਾਰ ਪਰਮਾਤਮਾ ਦਾ ਕੋਈ ਰੋਲ ਨਹੀਂ ਹੈ।ਉਪਰੋਂ ਉਪਰੋਂ ਨਿਰਾਕਾਰ ਪਰਮਾਤਮਾ ਦੀ ਹੋਂਦ ਮੰਨਣ ਦਾ ਦਿਖਾਵਾ ਕਰਨਾ ਏਨ੍ਹਾਂ ਦੀ ਕੋਈ ਮਜਬੂਰੀ ਹੈ}
ਵੀਰ ਜੀ ‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ..’ ਦੇ ਅਰਥ ਕਰ ਰਹੇ ਹਨ- ‘ਹੱਥੋ-ਹੱਥ, ਉਸੇ ਵੇਲੇ’ ਨਿਬੇੜਾ ਹੋ ਜਾਂਦਾ ਹੈ।ਵੀਰ ਭੁਪਿੰਦਰ ਸਿੰਘ ਜੀ ਅੱਧੀ ਪੰਗਤੀ ਹੀ ਪੜ੍ਹ ਰਹੇ ਹਨ।ਬਾਕੀ ਦੀ ਅੱਧੀ ਪੰਗਤੀ ਮਿਲਾ ਕੇ ਪੜ੍ਹਨ ਨਾਲ ਇਨ੍ਹਾਂ ਵੱਲੋਂ ਘੜੇ ਹੋਏ “ਹੱਥੋ ਹੱਥ, ਉਸੇ ਵੇਲੇ” ਅਰਥ ਗ਼ਲਤ ਸਾਬਤ ਹੋ ਰਹੇ ਹਨ ਇਸ ਲਈ ਵੀਰ ਜੀ ਬਾਕੀ ਦੀ ਅੱਧੀ ਪੰਗਤੀ ਕਿਸੇ ਹੋਰ ਦੇ ਪੜ੍ਹਨ ਲਈ ਛੱਡ ਰਹੇ ਹਨ।ਪੂਰੀ ਪੰਗਤੀ ਇਸ ਤਰ੍ਹਾਂ ਹੈ :–
“ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥”
ਅਰਥ ਹਨ, ਜਿਸ ਹੱਥ ਨੇ ਕੋਈ ਕੰਮ ਕੀਤਾ ਹੈ, ਸਜ਼ਾ ਵੀ ਓਸੇ ਨੂੰ ਹੀ ਮਿਲਦੀ ਹੈ ਅਰਥਾਤ ਜਿਸ ਨੇ ਵੀ ਗੁਨਾਹ ਕੀਤਾ ਹੈ (ਪ੍ਰਭੂ ਦੀ ਦਰਗਾਹ ਵਿੱਚ) ਸਜ਼ਾ ਵੀ ਉਸੇ ਨੂੰ ਹੀ ਮਿਲਦੀ ਹੈ, ਕਿਸੇ ਇੱਕ ਦੇ ਕੀਤੇ ਗੁਨਾਹ ਦੇ ਬਦਲੇ ਕੋਈ ਦੂਜਾ ਦੋਸ਼ੀ ਨਹੀਂ ਠਹਿਰਾਇਆ ਜਾਂਦਾ।
{ਨੋਟ:- ਮੇਰੇ ਇਨ੍ਹਾਂ ਵਿਚਾਰਾਂ ਸੰਬੰਧੀ ਵੀ ਫੇਸ ਬੁੱਕ ਤੇ ਕਿਸੇ ਸੱਜਣ ਨੇ ਕੋਈ ਵਿਚਾਰ ਨਹੀਂ ਸੀ ਪਾਏ}
“ਨਾਲ ਦੀ ਨਾਲ ਨਬੇੜਾ ਹੋਈ ਜਾਂਦਾ ਹੈ” ਬਾਰੇ ‘ਇਸ ਜਨਮ ਤੋਂ ਬਾਅਦ ਫੇਰ ਜਨਮ’ ਵਾਲੇ ਸੰਕਲਪ ਨੂੰ ਮੰਨਣ ਵਾਲਿਆਂ ਤੇ ਫਿਕਰਾ ਕਸਦੇ ਹੋਏ ਵੀਰ ਭੁਪਿੰਦਰ ਸਿੰਘ ਜੀ ਸਵਾਲ-ਕਰਤਾ ਭੈਣ ਜੀ ਨੂੰ ਸੰਬੋਧਿਤ ਹੋ ਕੇ ਮਿਸਾਲ ਦਿੰਦੇ ਹਨ- ਆਪਾਂ ਦੋਨੋਂ ਭੈਣ ਭਰਾ ਰਿਖਸ਼ੇ ਤੇ ਬੈਠਕੇ ਕਿਤੇ ਜਾ ਰਹੇ ਹਾਂ। ਸਾਮ੍ਹਣਿਓਂ ਕੋਈ ਚੋਰ ਆਉਂਦਾ ਹੈ।(ਭੈਣ ਦੀ) ਸੋਨੇ ਦੀ ਚੇਨ ਖੋਹ ਲੈਂਦਾ ਹੈ।ਜਿਹੜੇ ਲੋਕ ਅਗਲੇ ਪਿਛਲੇ ਜਨਮ ਦੇ ਕਰਮਾਂ ਨੂੰ ਮੰਨਦੇ ਹਨ ਉਨ੍ਹਾਂ ਮੁਤਾਬਕ ਪਤਾ ਹੈ ਮੈਨੂੰ ਕੀ ਕਰਨਾ ਚਾਹੀਦਾ ਹੈ-ਮੈਂ ਰਿਕਸ਼ੇ ਤੋਂ ਉੱਤਰਾਂ ਚੋਰ ਦੇ ਪੈਰੀਂ ਪੈ ਕੇ ਉਸ ਨੂੰ ਕਹਾਂ ਕਿ ਭਾਈ ਸਾਹਿਬ ਪਿਛਲੇ ਜਨਮ ਵਿੱਚ ਅਸੀਂ ਤੇਰੀ ਚੇਨ ਖੋਹੀ ਹੋਣੀ ਹੈ। ਹੁਣ ਤੂੰ ਚੇਨ ਖੋਹ ਕੇ ਬੜਾ ਉਪਕਾਰ ਕੀਤਾ ਹੈ ਸਾਡੇ ਪਿਛਲੇ ਕਰਮਾਂ ਦੇ ਫਲ਼ ਤੋਂ ਛੁਟਕਾਰਾ ਕਰਵਾ ਦਿੱਤਾ ਹੈ।ਤੇਰਾ ਧੰਨਵਾਦ।
(ਵੀਰ ਭੁਪਿੰਦਰ ਸਿੰਘ ਜੀ ਵਰਗੇ ਤੱਨਜ ਭਰੇ ਲਹਿਜੇ ਵਿੱਚ) ਮੇਰੇ ਵਿਚਾਰ:- ਵੀਰ ਭੁਪਿੰਦਰ ਸਿੰਘ ਜੀ ਆਪਣੀ ਮੂੰਹ-ਬੋਲੀ ਭੈਣ ਨਾਲ ਰਿਕਸ਼ੇ ਤੇ ਬੈਠੇ ਕਿਤੇ ਜਾ ਰਹੇ ਹਨ।ਸਾਹਮਣਿਓਂ ਕੋਈ ਚੋਰ ਆਉਂਦਾ ਹੈ। ਭੈਣ ਜੀ ਦੀ ਚੇਨ ਖੋਹ ਲੈਂਦਾ ਹੈ। ਅੱਗੋਂ ਪਤਾ ਹੈ ਕੀ ਹੁੰਦਾ ਹੈ? ਹੱਥੋ-ਹੱਥ ਨਿਆਂ ਹੋ ਜਾਂਦਾ ਹੈ, ਧਰਮ ਦੀ ਤਰੱਕੜੀ ਦਾ ਨਿਆਂ ਹੋ ਜਾਂਦਾ ਹੈ। ਧਰਮਰਾਜ ਦਾ ਨਿਆਂ ਹੋ ਜਾਂਦਾ ਹੈ……..। ਵੀਰ ਭੁਪਿੰਦਰ ਸਿੰਘ ਜੀ ਦੇ ਰਿਕਸ਼ੇ ਤੋਂ ਉਤਰ ਕੇ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਹੀ ਕੋਈ ਪੁਲਿਸ ਵਾਲਾ ਪਹਿਲਾਂ ਹੀ ਉਥੇ ਮੌਜੂਦ ਖੜ੍ਹਾ ਹੁੰਦਾ ਹੈ। ਉਹ ਚੋਰ ਨੂੰ ਫੜ ਕੇ ਇਮੀਜੀਏਟ, ਔਨ ਦਾ ਸਪੌਟ, ਇੱਕ ਪਲ ਦੀ ਦੇਰੀ ਕੀਤੇ ਬਿਨਾ, ਹੱਥੋ-ਹੱਥ ਚੋਰ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਦਿੰਦਾ ਹੈ।ਇਸੇ ਲਈ ਤਾਂ ਸੰਸਾਰ ਤੇ ਚੋਰੀਆਂ ਡਕੈਤੀਆਂ ਘੱਟ ਹੁੰਦੀਆਂ ਹਨ। ਕਿਉਂਕਿ ਚੋਰ ਨੇ ਚੋਰੀ ਕੀਤੀ ਹੱਥੋ ਹੱਥ ਫੜਿਆ ਗਿਆ, ਧਰਮਰਾਜ ਦੀ ਤਰੱਕੜੀ ਦੁਆਰਾ ਨਿਆਂ ਹੋ ਕੇ (ਇਸੇ ਜਨਮ ਵਿੱਚ) ਹੱਥੋ ਹੱਥ ਉਸ ਨੂੰ ਸਜ਼ਾ ਮਿਲ ਗਈ। ਕਿਉਂਕਿ ਕੋਈ ਵੀ ਗੁਨਾਹ ਕਰਨ ਦੀ ਤਾਂ ਇਸੇ ਜਨਮ ਵਿੱਚ ਹੱਥੋ ਹੱਥ ਸਜ਼ਾ ਮਿਲ ਜਾਂਦੀ ਚੋਰ ਨੇ ਪ੍ਰਤੱਖ ਦੇਖ ਲਈ ਅਤੇ ਭੁਗਤ ਲਈ ਹੈ, ਇਸ ਲਈ ਚੋਰ ਨੇ ਅੱਗੋਂ ਤੋਂ ਚੋਰੀ ਕਰਨ ਤੋਂ ਤੌਬਾ ਕਰ ਲਈ। ਚੋਰ ਦੇ ਨਾਲ-ਨਾਲ ਹੋਰ ਬਹੁਤ ਸਾਰੇ ਲੋਕ ਜਿਨ੍ਹਾਂਨੇ ਇਹ ਸੀਨ ਦੇਖਿਆ ਜਾਂ ਸੁਣਿਆ, ਉਨ੍ਹਾਂ ਨੂੰ ਵੀ ਸਬਕ ਮਿਲ ਜਾਂਦਾ ਹੈ ਕਿ ਧਰਮਰਾਜ ਦਾ ਨਿਆਂ ਹੱਥੋ ਹੱਥ ਹੋ ਜਾਂਦਾ ਹੈ।ਇਸ ਲਈ ਉਹ ਵੀ ਸਾਰੇ ਕੋਈ ਵੀ ਗੁਨਾਹ ਕਰਨ ਤੋਂ ਤੌਬਾ ਕਰ ਗਏ।
ਜਾਂ ਫੇਰ ਦੂਸਰਾ ਪੱਖ- ਵੀਰ ਭੁਪਿੰਦਰ ਸਿੰਘ ਜੀ ਦੇ ਰਿਕਸ਼ੇ ਤੋਂ ਉਤਰ ਕੇ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਹੀ ਚੋਰ ਨੂੰ ਹੱਥੋ-ਹੱਥ, ਉਸੇ ਵੇਲੇ ਧਰਮਰਾਜ ਦੇ ਨਿਆਂ ਦੁਆਰਾ ਸਜ਼ਾ ਮਿਲ ਗਈ।ਉਸ ਨੂੰ ਤੇਜ ਬੁਖਾਰ ਹੋ ਗਿਆ, ਜਾਂ ਉਸ ਦੇ ਸਰੀਰ ਤੇ ਫੋੜੇ ਹੋ ਗਏ, ਜਾਂ ਦਿਲ ਦਾ ਦੌਰਾ ਪੈ ਗਿਆ ਜਾਂ …। ਚੋਰ ਨੂੰ ਸਮਝ ਆ ਗਈ ਕਿ ਇਹ ਸਭ ਚੋਰੀ ਕਰਨ ਕਰਕੇ ‘ਹੱਥੋ-ਹੱਥ’ ਧਰਮਰਾਜ ਦਾ ਨਿਆਂ ਹੋ ਕੇ ਫਲ਼ ਮਿਲਿਆ ਹੈ।ਸੋ ਉਹ ਅਤੇ ਹੋਰ ਕਿੰਨੇ ਹੀ ਲੋਕ ਜਿਨ੍ਹਾਂਨੇ ਇਹ ਸੀਨ ਦੇਖਿਆ, ਸਭ ਨੂੰ ਸੋਝੀ ਆ ਗਈ ਅਤੇ ਗੁਨਾਹ ਕਰਨ ਤੋਂ ਤੌਬਾ ਕਰ ਗਏ। ਤਾਂ ਹੀ ਤੇ ਦੁਨੀਆਂ ਤੇ ਗੁਨਾਹ ਘੱਟ ਹੁੰਦੇ ਹਨ।
ਸਨ 84 ਦੇ ਸਿੱਖ-ਕਤਲੇ ਆਮ ਵੇਲੇ ਵੀ ਤਾਂ ਇਹੀ ਕੁਝ ਹੋਇਆ ਸੀ; ਕਿਸੇ ਗੁਨਹਗਾਰ ਨੇ ਇੱਕ ਸਿੱਖ ਦੇ ਗਲ਼ ਵਿੱਚ ਟਾਇਰ ਪਾ ਕੇ ਜਿਉਂਦੇ ਨੂੰ ਅੱਗ ਲਗਾ ਦਿੱਤੀ, ਉਸੇ ਵੇਲੇ ਹੱਥੋ ਹੱਥ ਪੁਲਿਸ ਨੇ ਫੜਕੇ ਉਸਨੂੰ ਫਾਂਸੀ ਤੇ ਲਟਕਾ ਦਿੱਤਾ ਜਾਂ ਫੇਰ ਉਹ ‘ਹੱਥੋ-ਹੱਥ’ ਉਸੇ ਵੇਲੇ ਤੇਜ ਬੁਖਾਰ ਨਾਲ ਤੜਪਣ ਲੱਗ ਪਿਆ। ਜਾਂ ਉਸ ਨੂੰ ਹੱਥੋ ਹੱਥ ਉਸੇ ਵੇਲੇ ਟੀ ਬੀ ਹੋ ਗਈ, ਕੈਂਸਰ ਹੋ ਗਿਆ ਜਾਂ ਫੇਰ .……। ਤਾਂ ਹੀ ਅੱਜ ਦੁਨੀਆਂ ਤੇ ਸਤਜੁਗ ਵਰਤਿਆ ਪਿਆ ਹੈ, ਗੁਨਾਹ ਘੱਟ ਹੋ ਰਹੇ ਹਨ। ਕਿਉਂਕਿ ਹਰ ਕੋਈ ‘ਇਸੇ ਜਨਮ ਵਿੱਚ ਹੱਥੋ ਹੱਥ’ ਧਰਮਰਾਜ ਦਾ, ਧਰਮ ਦੀ ਤਰੱਕੜੀ ਦੁਆਰਾ ਨਿਆਂ ਹੁੰਦਾ ਦੇਖ ਜਾਂ ਭੁਗਤ ਜੋ ਰਿਹਾ ਹੈ।
ਕੀ ਵੀਰ ਭੁਪਿੰਦਰ ਸਿੰਘ ਜੀ ਜਾਂ ਉਨ੍ਹਾ ਦਾ ਕੋਈ ‘ਪ੍ਰਸ਼ੰਸਕ / ਸਮਰਥਕ’ ਦੱਸਣ ਦੀ ਖੇਚਲ ਕਰੇਗਾ ਕਿ ‘ਚੋਰ ਦੇ ਕੀਤੇ ਕਰਮ’ ਦੇ ਫਲ ਬਾਰੇ ਫੈਸਲਾ ਵੀਰ ਜੀ ਨੇ ਕਰਨਾ ਹੈ ਜਾਂ ਧਰਮਰਾਜ (ਪਰਮਾਤਮਾ) ਨੇ? ਜੇ ਧਰਮਰਾਜ (ਪਰਮਾਤਮਾ) ਨੇ ਫੈਸਲਾ ਕਰਨਾ ਹੈ ਅਤੇ ਜੋ ਕੁਝ ਹੋਣਾ ਹੈ ਉਸ ਦੇ ਹੁਕਮ ਅਨੁਸਾਰ ਹੋਣਾ ਹੈ ਤਾਂ ਵੀਰ ਭੁਪਿੰਦਰ ਸਿੰਘ ਜੀ ਕਿਉਂ ਚੋਰ ਦੇ ਪੈਰੀਂ ਪੈ ਕੇ ਉਸ ਦਾ ਸ਼ੁਕਰੀਆ ਕਰਨਗੇ? ਕੀ ਵੀਰ ਭੁਪਿੰਦਰ ਸਿੰਘ ਜੀ ਗੁਰਬਾਣੀ ਦੇ ਸੰਕਲਪ “ਹੁਕਮ” ਨੂੰ ਨਹੀਂ ਮੰਨਦੇ? ਕੀ ਉਹ ਨਹੀਂ ਮੰਨਦੇ
“ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥” (ਪੰਨਾ- 1241)।
ਕੀ ਉਹ ਨਹੀਂ ਮੰਨਦੇ ਕਿ ਕਰਮ ਸਾਡੇ ਹਨ।ਉਨ੍ਹਾਂ ਮੁਤਾਬਕ ਹੁਕਮ ਉਸ ਦਾ ਚੱਲਦਾ ਹੈ?
ਇੱਕ ਸੱਜਣ ਨੇ ਮੇਰੇ ਕਮੈਂਟਸ ਬਾਰੇ ਮੇਰੇ ਤੇ ਸਵਾਲ ਕੀਤਾ ਸੀ:- “ਇਸ ਦਾ ਮਤਲਬ ਹੋਇਆ ਕਿ ਮੱਸੇ ਰੰਘੜ ਨੂੰ ਸਿੱਖਾਂ ਦੁਆਰਾ ਸਜ਼ਾ ਨਹੀਂ ਸੀ ਦਿੱਤੀ ਜਾਣੀ ਚਾਹੀਦੀ?”
ਮੇਰਾ ਜਵਾਬ- ਇਹ ਜਗਤ, ‘ਕਰਮ-ਭੂਮੀ’ ਹੈ।ਹਰ ਇੱਕ ਨੇ ਕਰਮ ਕਮਾਣੇ ਹਨ ਅਤੇ ਆਪਣੇ ਕੀਤੇ ਕਰਮਾਂ ਅਨੁਸਾਰ ਫਲ ਪ੍ਰਭੂ ਦੇ ਹੁਕਮ ਦੇ ਰੂਪ ਵਿੱਚ ਪਾਉਣਾ ਹੈ।ਮੱਸੇ ਰੰਘੜ ਨੇ ਜੋ ਕੀਤਾ ਜਾਂ ਸਿੱਖਾਂ ਨੇ ਜੋ ਕੀਤਾ, ਉਹ ਉਨ੍ਹਾਂ ਦੇ ਆਪੋ ਆਪਣੇ ਕਰਮ ਹਨ। ਦੁਨਿਆਵੀ ਪੱਧਰ ਤੇ ਕਿਸੇ ਨੇ ਠੀਕ ਕੀਤਾ ਜਾਂ ਗ਼ਲਤ, ਕਿਸੇ ਨਾਲ ਸਹੀ ਨਿਆਂ ਹੋਇਆ ਜਾਂ ਅਨਿਆਂ ਹੋਇਆ, ਇੱਥੋਂ ਦੇ ਨਿਆਂ-ਅਨਿਆਂ ਏਥੋਂ ਤੱਕ ਹੀ ਸੀਮਿਤ ਹਨ ਅਤੇ ਏਥੇ ਹੀ ਰਹਿ ਜਾਂਦੇ ਹਨ। ਪ੍ਰਭੂ ਦੀ ਦਰਗਾਹ ਵਿੱਚ ਮੱਸੇ ਰੰਘੜ ਨੇ ਪਹੁੰਚਣਾ ਹੈ ਅਤੇ ਸਿੱਖਾਂ ਨੇ ਵੀ-
“ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ॥” (ਪੰਨਾ 1414)।
ਅਸਲੀ ਅਤੇ ਅੰਤਮ ਫੈਸਲਾ/ ਨਿਆਂ ਉਸ ਦੀ ਦਰਗਾਹ ਵਿੱਚ ਹੀ ਹੋਣਾ ਹੈ। ਦੁਨਿਆਵੀ ਕੋਈ ਵੀ ਗਤੀ ਵਿਧੀ ਜਾਂ ਨਿਆਂ ਆਪਣੇ ਥਾਂ ਤੇ ਹੈ ਅਤੇ ਪ੍ਰਭੂ ਦਾ ਨਿਆਂ ਆਪਣੇ ਥਾਂ ਤੇ।ਦੁਨਿਆਵੀ ਨਿਆਂ ਅਤੇ ਪ੍ਰਭੂ ਦੇ ਨਿਆਂ ਦੀ ਆਪਸ ਵਿੱਚ ਤੁਲਣਾ ਅਤੇ ਰਲ-ਗੱਡ ਨਹੀਂ ਕਰ ਸਕਦੇ।
ਜਸਬੀਰ ਸਿੰਘ ਵਿਰਦੀ 20-04-2015
……………………………………………….
ਟਿਪਣੀ:- ਇਹ ਕੈਸਾ ਗੁਰਮਤਿ ਦਾ ਪਰਚਾਰ ਹੈ ? ਜਿਸ ਵਿਚ ਗੁਰਬਾਣੀ ਦੀ ਇਕ ਜਾਂ ਅੱਧੀ ਤੁਕ ਲੈ ਕੇ ਵੀਰ ਭੁਪਿੰਦਰ ਸਿੰਘ ਜੀ (ਵੈਸੇ ਸਿੱਖੀ ਦੇ ਅਜਿਹੇ ਹੋਰ ਵੀ ਹਜ਼ਾਰਾਂ ਪਰਚਾਰਕ ਹਨ) ਉਸ ਦੀ ਕੁਵਰਤੋਂ ਕਰਦੇ, ਗੁਰਮਤਿ ਦੀ ਥਾਂ ਆਪਣੀ ਮਨਮਤਿ ਪਰਚਾਰ ਰਹੇ ਹਨ । ਗੁਰਬਾਣੀ ਦੇ ਪਰਚਾਰ ਦਾ ਮਤਲਬ ਹੈ, ਗੁਰਬਾਣੀ ਦੇ ਪੂਰੇ ਸ਼ਬਦ ਦੀ, ਗੁਰਮਤਿ ਸਿਧਾਂਤ ਅਨੁਸਾਰ ਵਿਆਖਿਆ ਕਰਨੀ, ਜਿਸ ਵਿਚ ਰਹਾਉ ਦੀ ਪੰਗਤੀ ਦੇ ਸਿਧਾਂਤ ਨੂੰ ਕੇਂਦਰ ਬਣਾ ਕੇ ਉਸ ਅਨੁਸਾਰ ਸ਼ਬਦ ਦੇ ਅਰਥ ਕਰਨੇ ਅਤੇ ਇਹ ਵੀ ਦੱਸਣਾ ਕਿ ਇਸ ਵਿਚ ਵਰਤੇ ਬਹੁ ਅਰਥੀ ਅੱਖਰਾਂ ਵਿਚੋਂ ਇਸ ਅੱਖਰ ਦਾ ਇਸ ਥਾਂ ਕਿਹੜਾ ਅਰਥ ਠੀਕ ਬੈਠਦਾ ਹੈ। ਇਸ ਤੋਂ ਇਲਾਵਾ ਵਿਆਕਰਣ ਅਨੁਸਾਰ ਇਹ ਵੀ ਸਮਝਾਉਣਾ ਕਿ ਇਸ ਸ਼ਬਦ ਤੋਂ ਸਾਨੂੰ ਕੀ ਸੇਧ ਮਿਲਦੀ ਹੈ ?
ਜੇ ਵੀਰ ਭੁਪਿੰਦਰ ਸਿੰਘ ਜੀ ਆਪਣਾ ਹੀ ਕੋਈ ਫਲ਼ਸਫਾ ਪਰਚਾਰ ਰਹੇ ਹਨ ਤਾਂ, ਇਸ ਬਾਰੇ ਵੀ ਉਨ੍ਹਾਂ ਨੂੰ ਸਾਫ ਕਰਨਾ ਚਾਹੀਦਾ ਹੈ, ਗੁਰਮਤਿ ਦੀ ਆੜ ਵਿਚ ਸਿੱਖਾਂ ਨੂੰ ਕੁਰਾਹੇ ਪਾਉਣਾ ਸੋਭਦਾ ਨਹੀਂ। ਵੈਸੇ ਤਾਂ ਅੱਜ-ਕਲ 90% ਤੋਂ ਵੱਧ ਪਰਚਾਰਕ ਇਹ ਤਾਲ ਰੋਟੀਆਂ ਕਾਰਨ ਹੀ ਪੂਰ ਰਹੇ ਹਨ, ਸਿੱਖਾਂ ਨੂੰ ਉਨ੍ਹਾਂ ਤੋਂ ਬਚਦੇ ਹੋਏ ਆਪ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਚਾਹੀਦਾ ਹੈ ।
ਅਮਰ ਜੀਤ ਸਿੰਘ ਚੰਦੀ