ਵੇਲੇ ਸਿਰ ਵਾਪਸ ਚਲੇ ਜਾਨ ਵਿਦੇਸ਼ੀ ਇਸਾਈ ਮਿਸ਼ਨਰੀ : ਆਰ. ਐਸ.ਐਸ.
ਨਵੀਂ ਦਿੱਲੀ (ਪੀਟੀਆਈ), 4 ਅਪ੍ਰੈਲ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਅਪਣੇ ਇਕ ਪ੍ਰੋਗਰਾਮ 'ਚ ਅੱਜ ਕਿਹਾ ਕਿ ਇਕ ਹਜ਼ਾਰ ਸਾਲਾਂ ਬਾਅਦ ਹਿੰਦੂਆਂ ਦੀ ਚੜ੍ਹਤ ਦਾ ਸਮਾਂ ਆ ਗਿਆ ਹੈ ਅਤੇ ਈਸਾਈ ਮਿਸ਼ਨਰੀ ਕ੍ਰਿਪਾ ਕਰ ਕੇ ਇਸ ਦੇਸ਼ 'ਚੋਂ ਵਾਪਸ ਚਲੇ ਜਾਣ।ਅਜਿਹਾ ਆਰ.ਐਸ.ਐਸ. ਦੇ ਰਾਸ਼ਟਰੀ ਸੇਵਾ ਭਾਰਤੀ ਵਲੋਂ ਸਮਾਜ ਦੇ ਵੱਖੋ-ਵੱਖ ਵਰਗਾਂ 'ਚ ਕੰਮ ਕਰ ਰਹੇ ਸੰਘ ਨਾਲ ਜੁੜੀਆਂ ਲਗਭਗ 800 ਸੰਸਥਾਵਾਂ ਦੇ ਪੰਜ ਸਾਲਾਂ ਬਾਅਦ ਹੋਣ ਵਾਲੇ ਸੰਮੇਲਨ 'ਰਾਸ਼ਟਰੀ ਸੇਵਾ ਸੰਗਮ' 'ਚ ਕਿਹਾ ਗਿਆ।ਪ੍ਰੋਗਰਾਮ 'ਚ ਵੰਡੇ ਗਏ 'ਰਾਸ਼ਟਰੀ ਸਵੈਮਸੇਵਕ ਸੰਘ ਦਾ ਦ੍ਰਿਸ਼ਟੀਕੋਣ' ਨਾਮ ਦੇ ਕਿਤਾਬਚੇ 'ਚ 'ਈਸਾਈਅਤ ਅਤੇ ਕੌਮੀ ਏਕਤਾ' ਨਾਮਕ ਪਾਠ 'ਚ ਕਿਹਾ ਗਿਆ ਹੈ, ''ਵਿਦੇਸ਼ੀ ਮਿਸ਼ਨਰੀ ਕ੍ਰਿਪਾ ਕਰ ਕੇ ਤੁਸੀਂ ਵਾਪਸ ਚਲੇ ਜਾਉ। ਹੁਣ ਸਮਾਂ ਆ ਗਿਆ ਹੈ ਕਿ ਉਹ ਅਪਣੇ ਘਰ ਵਾਪਸ ਚਲੇ ਜਾਣ। ਉਨ੍ਹਾਂ ਨੂੰ ਵੇਲੇ ਸਿਰ ਪਰਤ ਜਾਣਾ ਚਾਹੀਦਾ ਹੈ।''
ਸੰਘ ਦੇ ਆਗੂ ਕ੍ਰਿਸ਼ਨ ਗੋਪਾਲ ਨੇ ਆਜ਼ਾਦੀ ਤੋਂ ਪਹਿਲਾਂ ਇਕ ਹਜ਼ਾਰ ਸਾਲ ਦੇ ਵਿਦੇਸ਼ੀ ਰਾਜ ਵੱਲ ਇਸ਼ਾਰਾ ਕਰਦਿਆਂ ਅੱਜ ਕਿਹਾ, ''ਇਕ ਹਜ਼ਾਰ ਸਾਲ ਦਾ ਮੁਸ਼ਕਲ ਸਮਾਂ ਸਮਾਜਕ, ਧਾਰਮਕ ਅਤੇ ਆਰਥਕ ਤਬਦੀਲੀਆਂ ਦਾ ਦੌਰ ਸੀ ਅਤੇ ਅਜਿਹਾ ਲਗ ਰਿਹਾ ਸੀ ਕਿ ਹਿੰਦੂ ਸਮਾਜ ਤਿਤਰ-ਬਿਤਰ ਹੋ ਗਿਆ ਹੈ, ਬਹੁਤ ਕੁੱਝ ਟੁੱਟ ਗਿਆ ਹੈ ਅਤੇ ਛੁੱਟ ਗਿਆ ਹੈ।ਹਜ਼ਾਰ ਸਾਲਾਂ ਦੀ ਇਹ ਯਾਤਰਾ ਲੰਮੀ ਅਤੇ ਬਹੁਤ ਸੰਘਰਸ਼ਮਈ ਰਹੀ ਅਤੇ ਆਰ.ਐਸ.ਐਸ. ਦੀ ਸਥਾਪਨਾ ਹਿੰਦੂ ਸਮਾਜ ਦੀ ਸਿਹਤ ਨੂੰ ਬਦਲਣ ਲਈ ਹੋਈ।''ਉਨ੍ਹਾਂ ਅੱਗੇ ਕਿਹਾ, ''ਸਾਡੇ ਸਾਹਮਣੇ ਇਕ ਹਜ਼ਾਰ ਸਾਲ ਦਾ 'ਬੈਕਲਾਗ' ਹੈ ਜਿਸ ਨੂੰ ਹੁਣ ਪੂਰਾ ਕਰਨਾ ਹੈ। ਹੁਣ ਹਿੰਦੂ ਸਮਾਜ ਅਪਣੀ ਸੁਭਾਵਕ ਤਾਕਤ ਅਤੇ ਮਾਣ ਨਾਲ ਖੜਾ ਹੈ। ਅਸੀਂ ਹਿੰਦੂ ਸਮਾਜ ਦੇ ਨਾਲ ਦੇਸ਼ ਅਤੇ ਦੁਨੀਆ ਦੇ ਸਾਰੇ ਲੋਕਾਂ ਦੀ ਚਿੰਤਾ ਕਰਾਂਗੇ।
''ਕ੍ਰਿਸ਼ਨ ਗੋਪਾਲ ਨੇ ਕਿਹਾ ਕਿ ਭਾਰਤ ਤੋਂ ਬਾਹਰੋਂ ਜੋ ਦਾਨ ਹੁੰਦਾ ਹੈ ਉਸ 'ਚ ਨਿਜੀ ਹਿੱਤ ਜੁੜੇ ਹੁੰਦੇ ਹਨ ਅਤੇ ਜਦੋਂ ਦਾਨ 'ਚ ਨਿਜੀ ਹਿਤ ਲੁਕੇ ਹੁੰਦੇ ਹਨ ਤਾਂ ਸੇਵਾ ਭਾਵ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ, ''ਸੇਵਾ ਭਾਵ ਦੀ ਕਮੀ 'ਚ ਇਹ ਵਪਾਰ ਬਣ ਜਾਂਦਾ ਹੈ ਜਦਕਿ ਇਸ ਤੋਂ ਉਲਟ ਭਾਰਤ 'ਚ ਨਿਸਵਾਰਥ ਸੇਵਾ ਦਾ ਦਰਸ਼ਨ ਹੈ।''ਰਾਸ਼ਟਰੀ ਸਵੈਮਸੇਵਕ ਸੰਘ ਨੇ ਕਿਹਾ ਕਿ ਉਸ ਨੂੰ ਵਿਦੇਸ਼ੀ ਮਿਸ਼ਨਰੀਆਂ ਦੇ ਭਾਰਤ 'ਚ ਆ ਕੇ ਸੇਵਾ ਕਰਨ 'ਤੇ ਇਤਰਾਜ਼ ਨਹੀਂ ਹੈ ਪਰ ਜੇਕਰ ਉਹ ਅਪਣੇ ਸਵਾਰਥ ਲਈ ਸਾਡੇ ਸਮਾਜ ਨੂੰ ਤੋੜਦੇ ਹਨ ਤਾਂ ਇਹ ਠੀਕ ਨਹੀਂ। ਸੰਘ ਦੇ ਕੁਲ ਭਾਰਤੀ ਸਹਿ-ਸੇਵਾ ਪ੍ਰਮੁੱਖ ਅਜੀਤ ਪ੍ਰਸਾਦ ਮਹਾਪਾਤਰ ਨੇ ਇਕ ਗੱਲਬਾਤ 'ਚ ਕਿਹਾ, ''ਜੋ ਵਿਅਕਤੀ ਜਾਂ ਸੰਸਥਾ ਭਾਰਤ ਦੇ ਨਾਮ 'ਤੇ ਸੇਵਾ ਕਰਨ ਆਉਂਦੇ ਹਨ ਪਰ ਭਾਰਤ ਲਈ ਨਹੀਂ ਬਲਕਿ ਅਪਣੇ ਦੇਸ਼ ਦੇ ਕੰਮ ਕਰਦੇ ਹਨ, ਉਨ੍ਹਾਂ 'ਤੇ ਸਾਨੂੰ ਇਤਰਾਜ਼ ਹੈ।''ਵਿਦੇਸ਼ੀ ਮਿਸ਼ਨਰੀਆਂ ਦੇ ਭਾਰਤ 'ਚ ਕੰਮ ਕਰਨ ਦਾ ਆਰ.ਐਸ.ਐਸ. ਵਲੋਂ ਵਿਰੋਧ ਕਰਨ ਬਾਰੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, ''ਤੁਸੀਂ ਮੇਰੇ ਦੋਸਤ ਹੋ ਪਰ ਅਪਣੇ ਸਵਾਰਥ ਲਈ ਮੇਰੇ ਪਰਵਾਰ, ਸਮਾਜ ਨੂੰ ਤੋੜੋਗੇ ਤਾਂ ਇਹ ਠੀਕ ਨਹੀਂ। ਵਿਦੇਸ਼ੀ ਮਿਸ਼ਨਰੀ ਜੋ ਸੇਵਾ ਲਈ ਕੁੱਝ ਕਰਨ ਆਉਂਦੇ ਹਨ, ਉਨ੍ਹਾਂ ਦਾ ਸਵਾਗਤ ਹੈ।''