ਕੀਨੀਆ ਯੂਨੀਵਰਸਿਟੀ ‘ਚ ਅੱਤਵਾਦੀ ਹਮਲਾ-150 ਮੌਤਾਂ
ਨੈਰੋਬੀ, 2 ਅਪ੍ਰੈਲ (ਪੰਜਾਬ ਮੇਲ)-ਕੀਨੀਆ ਦੀ ਗੇਰਿਸਾ ਯੂਨੀਵਰਸਿਟੀ ‘ਚ ਅੱਜ ਸਵੇਰੇ ਕਰੀਬ ਪੰਜ ਵਜੇ ਕੁੱਝ ਹਥਿਆਰਬੰਦ ਅੱਤਵਾਦੀਆਂ ਨੇ ਸੋਮਾਲੀਆ ਦੀ ਸਰਹੱਦ ਨੇੜਲੀ ਇਸ ‘ਵਰਸਿਟੀ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਦਿਆ ਹਮਲਾ ਕਰ ਦਿੱਤਾ | ਜਿਸ ਦੌਰਾਨ 150 ਤੋਂ ਵੱਧ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ, ਜਿੰਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਹੈ | ਅਲ ਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਹਮਲੇ ਦੀ ਜਿੰਮੇਵਾਰੀ ਲਈ ਹੈ |
ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆ ਅਲ ਸ਼ਬਾਬ ਦੇ ਚਾਰੋਂ ਹਮਲਾਵਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ | ਗ੍ਰਹਿ ਮੰਤਰੀ ਜੋਸੇਫ ਨਕਾਈਸੇਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਖੇਤਰ ‘ਚੋਂ ਅੱਤਵਾਦੀਆਂ ਦਾ ਸਫਾਇਆ ਕਰ ਰਹੇ ਹਾਂ | ਕੀਨੀਆ ਦੀ ਫੌਜ ਨੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ | ਉਨ੍ਹਾਂ ਦੱਸਿਆ ਕਿ 1998 ‘ਚ ਅਮਰੀਕੀ ਦੂਤਘਰ ‘ਤੇ ਹੋਈ ਬੰਬਾਰੀ ਤੋਂ ਬਾਅਦ ਇਹ ਦੇਸ਼ ‘ਚ ਸਭ ਤੋਂ ਘਾਤਕ ਹਮਲਾ ਹੋਇਆ ਹੈ |
ਉਨ੍ਹਾਂ ਦੱਸਿਆ ਕਿ ਨਕਾਬਪੋਸ਼ ਬੰਦੂਕਧਾਰੀਆਂ ਨੇ ਯੂਨੀਵਰਸਿਟੀ ਦੇ ਗੇਟ ਨੂੰ ਖੋਲਣ ਲਈ ਗ੍ਰੇਨੇਡ ਨਾਲ ਧਮਾਕਾ ਕੀਤਾ ਅਤੇ ਇਸ ਦੇ ਬਾਅਦ ਬੰਦੂਕਧਾਰੀਆਂ ਨੇ ਤੜਕੇ ਪੰਜ ਵਜੇ ਸੁੱਤੇ ਪਏ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ | ਗ੍ਰਹਿ ਮੰਤਰੀ ਨੇ ਦੱਸਿਆ ਕਿ ‘ਵਰਸਿਟੀ ‘ਚ ਛੇ ਹੋਸਟਲ ਹਨ ਅਤੇ 815 ਵਿਦਿਆਰਥੀਆਂ ‘ਚੋਂ 500 ਸੁਰੱਖਿਅਤ ਹਨ | ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਯੂਨਵਰਸਿਟੀ ਦੇ ਅੰਦਰ ਕਿੰਨੇ ਵਿਦਿਆਰਥੀ ਸਨ | ਖੁਫੀਆ ਵਿਭਾਗ ਨੇ 25 ਮਾਰਚ ਨੂੰ ਹੀ ਸਰਕਾਰ ਨੂੰ ਚੌਕਸ ਕਰ ਦਿੱਤਾ ਸੀ ਕਿ ਅੱਤਵਾਦੀ ਸੰਗਠਨ ਅਲ ਸ਼ਬਾਬ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾ ਸਕਦਾ ਹੈ | ਇੰਟਰਨੈੱਟ ‘ਤੇ ਇਸਦੀ ਇਕ ਕਾਪੀ ਵੀ ਸਾਹਮਣੇ ਆਈ ਹੈ | ਸੁਰੱਖਿਆ ਅਧਿਕਾਰੀਆਂ ਅਨੁਸਾਰ ਅਜੇ ਵੀ ਖ਼ਤਰਾ ਟਲਿਆ ਨਹੀਂ ਹੈ | ਇਸ ਲਈ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ |ਭਾਰਤ ਵੱਲੋਂ ਹਮਲੇ ਦੀ ਸਖ਼ਤ ਨਿਖੇਧੀ
ਕੀਨੀਆ ਦੀ ਯੂਨੀਵਰਸਿਟੀ ‘ਤੇ ਹੋਏ ਅੱਤਵਾਦੀ ਹਮਲੇ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਨਿੰਦਾ ਕੀਤੀ ਹੈ | ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਭਾਰਤ ਸਰਕਾਰ ਨੇ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕਰਦਿਆ ਪੀੜਤ ਪਰਿਵਾਰਾਂ ਅਤੇ ਜ਼ਖ਼ਮੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ |