-:ਅਜੋਕਾ ਗੁਰਮਤਿ ਪ੍ਰਚਾਰ? ਭਾਗ 31:-
“ਚੇਤਿ ਗੋਬਿੰਦੁ ਅਰਾਧੀਐ ….॥2॥” ਦੀ ਅਜੋਕੀ ਵਿਆਖਿਆ ਸੰਬੰਧੀ-
ਅਖੌਤੀ (ਨਕਲੀ) ਮਿਸ਼ਨਰੀ ਵਿਦਵਾਨ ਜਿਹੜੇ ਅੱਖੀਂ ਘੱਟਾ ਪਾਉਣ ਲਈ ਉਪਰੋਂ ਉਪਰੋਂ ਤਾਂ ਰੱਬ ਦੀ ਗੱਲ ਕਰਦੇ ਹਨ।ਪਰ ਅਸਲ ਵਿੱਚ ਰੱਬ ਦੀ ਹੋਂਦ ਮੰਨਣ ਤੋਂ ਆਕੀ ਹਨ।‘ਕੁਦਰਤ, ਕੁਦਰਤੀ ਨਿਯਮ, ਰੱਬੀ ਨਿਯਮ ਜਾਂ ਸਦੀਵ-ਕਾਲ ਨਿਯਮਾਵਲੀ’ ਨੂੰ ‘ਰੱਬ’ ਦੱਸਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਅਤੇ ਗੁਰਮਤਿ ਤੋਂ ਦੂਰ ਕੀਤਾ ਜਾ ਰਿਹਾ ਹੈ।ਲੁਧਿਆਣੇ ਕੋਲ ਦੇ ਇਕ (ਨਕਲੀ) ਮਿਸ਼ਨਰੀ ਕਾਲੇਜ ਦੇ ਅਖੌਤੀ ਵਿਦਵਾਨ ਪਿੰ: ਜੀ ਵੱਲੋਂ ਕੀਤੀਆਂ ਜਾਂਦੀਆਂ ਗੁਰਬਾਣੀ ਵਿਆਖਿਆਵਾਂ ਦੀ ਵਿਚਾਰ-ਲੜੀ ਵਿੱਚ ਪੇਸ਼ ਹੈ ਬਾਰਹ ਮਾਹਾ ਵਿੱਚੋਂ “ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥….॥2॥” (ਪੰਨਾ 133) ਦੀ ਕੀਤੀ ਗਈ ਵਿਆਖਿਆ ਅਤੇ ਉਸ ਵਿਆਖਿਆ ਸੰਬੰਧੀ ਕੁਝ ਤਰਕ:-
“ਚੇਤਿ ਗੋਬਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥”
ਅਰਥ (ਗਿਆਨੀ ਜੀ/ਪ੍ਰਿੰ: ਜੀ):- ਚੇਤ ਵਿੱਚ (ਬਸੰਤ ਰੁਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤ ਨਾਲ) ਬਹੁਤ ਆਤਮਕ ਅਨੰਦ ਹੋ ਸਕਦਾ ਹੈ।
ਵਿਆਖਿਆ (ਪ੍ਰਿੰ: ਜੀ)- ਗੋਬਿੰਦ ਨੂੰ ਅਰਾਧਣ ਲਈ ਕਿਹਾ ਗਿਆ ਹੈ।ਗੋਬਿੰਦ ਨੂੰ ਅਰਾਧਣ ਦਾ ਅਰਥ ਹੈ, ‘ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਸਮਝਣੀ’ ਆਪਣੇ ਫਰਜ਼ਾਂ ਦੀ ਪਹਿਛਾਣ ਕਰਨੀ। ਸਿਮਰਣ ਹੈ ਸੱਚ ਦਾ ਧਾਰਨੀ ਹੋਣਾ।ਦੂਜਾ ਆਪਣੇ ਕੰਮ ਪ੍ਰਤੀ ਇਮਾਨਦਾਰ ਅਤੇ ਸਾਵਧਾਨ ਹੋਣਾ।
ਟਿੱਪਣੀ:- ਓਪਰੀ ਨਜ਼ਰੇ ਦੇਖਣ ਤੇ ਲੱਗਦਾ ਹੈ ਕਿ ਇਹ (ਨਕਲੀ) ਮਿਸ਼ਨਰੀ ਪ੍ਰਿੰ: ਜੀ ਗੋਬਿੰਦ, ਪਰਮਾਤਮਾ ਦੀ ਹਸਤੀ ਮੰਨਣ ਤੋਂ ਇਨਕਾਰੀ ਨਹੀਂ ਹਨ।ਪਰ ਗੁੱਝੇ ਤਰੀਕੇ ਨਾਲ ਕਿਸ ਤਰ੍ਹਾਂ ਗੋਬਿੰਦ, ਪਰਮਾਤਮਾ ਦੇ ਅਰਥ ਬਦਲ ਕੇ ਇਮਾਨਦਾਰੀ, ਜ਼ਿੰਮੇਵਾਰੀ ਸਮਝਣੀ, ਫ਼ਰਜ਼ਾਂ ਨੂੰ ਪਛਾਨਣਾ ਅਰਥ ਕਰ ਦਿੱਤੇ ਗਏ ਹਨ।ਭੁਲੇਖਾ ਪਾਉਣ ਲਈ ਅਰਥਾਂ ਵਿੱਚ ‘ਗੋਬਿੰਦ (ਪਰਮਾਤਮਾ)’ ਦਾ ਜ਼ਿਕਰ ਕੀਤਾ ਗਿਆ ਹੈ ਪਰ ਵਿਆਖਿਆ ਵਿੱਚ ‘ਗੋਬਿੰਦ (ਪਰਮਾਤਮਾ)’ ਦਾ ਜ਼ਿਕਰ ਉੱਡ ਗਿਆ ਹੈ।
“ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥”
ਅਰਥ (ਪ੍ਰਿੰ: ਜੀ):- ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।
ਵਿਆਖਿਆ- ਸੰਤ ਜਨਾਂ ਤੋਂ ਭਾਵ ਗੁਰਬਾਣੀ ਦੀ ਸੰਗਤ ਕਰਨੀ ਹੈ।ਗੁਰਬਾਣੀ ਗਿਆਨ ਦੁਆਰਾ ਮਿਲੇ ਉਪਦੇਸ਼ ਨੂੰ ਆਪਣੀ ਜ਼ਬਾਨ ਤੇ ਲੈ ਕੇ ਆਉਣਾ ਹੈ।ਰਸਨਾ ਨਾਮੁ ਭਣਾ ਤੋਂ ਸਪੱਸ਼ਟ ਹੈ ਕਿ ਗੁਰੂ ਸਿਧਾਂਤ ਦੀ ਹੀ ਗੱਲ ਹੋਵੇਗੀ।ਇਸੇ ਗਿਆਨ ਦੁਆਰਾ ਸਮਾਜ ਦੀ ਸੇਵਾ ਕਰਨੀ ਹੈ।ਉਸਤਾਦ ਨੇ ਜੋ ਸਿਖਿਆ ਹੈ ਉਹ ਅਗਾਂਹ ਬੱਚਿਆਂ ਨੂੰ ‘ਬੋਲ ਕੇ’ ਸਿਖਾਉਣਾ ਹੈ।
ਟਿੱਪਣੀ:- ਦੇਖੋ ‘ਪ੍ਰਭ’ ਦੇ ਅਰਥ ਬਦਲਕੇ ‘ਉਸਤਾਦ ਦਾ ਦਿੱਤਾ ਗਿਆਨ’ ਭਾਵ ਅਰਥ ਬਣ ਗਏ ਹਨ।ਅਤੇ ‘ਰਸਨਾ ਨਾਮ ਭਣਾ’ ‘ਜੀਭ ਨਾਲ ਪ੍ਰਭੂ ਦਾ ਨਾਮ ਜਪਣ’ ਦੇ ਭਾਵ ਅਰਥ ਬਣ ਗਏ ‘ਉਸਤਾਦ ਨੇ ਜੋ ਸਿਖਿਆ ਹੈ ਉਹ ‘ਬੋਲ ਕੇ’ ਬੱਚਿਆਂ ਨੂੰ ਸਿਖਾਣਾ???
“ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥”
ਅਰਥ (ਪ੍ਰਿੰ: ਜੀ):- ਉਸੇ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।
ਵਿਆਖਿਆ- ‘ਰੱਬ ਜੀ ਨੂੰ ਪ੍ਰਾਪਤ ਕਰ ਲਿਆ’ ਦਾ ਭਾਵ ਹੈ ਜੋ ਰੱਬ ਦੇ ਗੁਣ ਹਨ ਉਨ੍ਹਾਂਨੂੰ ਸਮਝਣਾ।ਰੱਬ ਜੀ ਦਾ ਇਕ ਗੁਣ ਹੈ ਕਰਤਾ ਪੁਰਖ।ਭਾਵ ਉਸ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ।ਅਸੀਂ ਵੀ ਆਪਣੇ ਜੀਵਨ ਵਿੱਚ ਵਿਕਾਸਸ਼ੀਲ ਹੋਈਏ।ਆਪਣੇ ਫਰਜ਼ਾਂ ਦੀ ਪੂਰਤੀ ਕਰੀਏ ਅਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਪ੍ਰਤੀ ਜਵਾਬ ਦੇਹ ਹੋਈਏ।ਇਹ ਤੁਕ ਵਿਹਲਿਆਂ ਮਨੁੱਖਾਂ ਨੂੰ ਨਕਾਰਦੀ ਹੈ।ਵਿਕਾਸ ਕਰਨ ਵਾਲਿਆਂ ਨੂੰ ਸਤਕਾਰਦੀ ਹੈ।
ਟਿੱਪਣੀ:- ਦੇਖੋ ਕਿਸ ਤਰ੍ਹਾਂ ‘ਪ੍ਰਭੁ ਪਾਇਆ’ ਦਾ ਅਰਥ ‘ਪਰਮਾਤਮਾ ਦਾ ਮਿਲਾਪ’ ਅਤੇ ਵਿਆਖਿਆ ਵਿੱਚ ਕੈਸਾ ਸ਼ਬਦ-ਜਾਲ ਬੁਣ ਕੇ ‘ਵਿਕਾਸਸ਼ੀਲ ਹੋਣਾ, ਫਰਜ਼, ਜਿੰਮੇਵਾਰੀ’ ਭਾਵ ਅਰਥ ਕਰ ਦਿੱਤੇ ਗਏ ਹਨ।ਪੜ੍ਹਨ ਸੁਣਨ ਵਾਲੇ ਨੂੰ ਛੇਤੀ ਕੀਤੇ ਪਤਾ ਹੀ ਨਹੀਂ ਲੱਗਦਾ ਕਿ ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਹੋਣ ਵਾਲੇ ਭਾਵ ਅਰਥ ਕਰ ਦਿੱਤੇ ਗਏ ਹਨ।
“ਹਾਸਲ ਕਰ ਲਿਆ” “ਫਰਜ਼ਾਂ ਦੀ ਪੂਰਤੀ ਕਰੀਏ” “ਜਵਾਬ ਦੇਹ ਹੋਈਏ” ਵਿੱਚ ਕਰ ਲਿਆ (ਭੁਤਕਾਲ) ਅਤੇ ਕਰੀਏ, ਹੋਈਏ ਵੱਲ ਖਾਸ ਧਿਆਨ ਦਿੱਤਾ ਜਾਵੇ। (ਕਰ ‘ਲਿਆ’ - ਕਰੀਏ, ਹੋਈਏ)
(ਨੋਟ- ‘ਕਰਤਾ ਪੁਰਖ’ ਬਾਰੇ ਵਿਚਾਰ ਅੱਗੇ ਕੀਤੀ ਜਾਵੇਗੀ)
“ਇਕ ਖਿਨੁ ਤਿਸੁ ਬਿਨੁ ਜੀਵਣਾ ਇਕੁ ਬਿਰਥਾ ਜਨਮੁ ਜਣਾ॥”
ਅਰਥ (ਪ੍ਰਿੰ: ਜੀ):- ਪਰਮਾਤਮਾ ਦੀ ਯਾਦ ਤੋਂ ਬਿਨਾ ਇੱਕ ਖਿਨ ਮਾਤ੍ਰ ਸਮਾਂ ਗੁਜ਼ਾਰਿਆਂ ਭੀ ਜ਼ਿੰਦਗ਼ੀ ਵਿਅਰਥ ਬੀਤਦੀ ਜਾਣੋ।
ਵਿਆਖਿਆ- ਜਿਹੜਾ ਮਨੁੱਖ ਅਸਲੀਅਤ ਨੂੰ ਸਮਝ ਲੈਂਦਾ ਹੈ, ਮੇਹਨਤੀ ਸੁਭਾਅ ਰੱਖਦਾ ਹੈ ਤੇ ਆਲਸ ਦਾ ਤਿਆਗ ਕਰਦਾ ਹੈ ਉਹ ਮਨੁੱਖ ਹੀ ਕਿਸੇ ਨਿਸ਼ਾਨੇ ਤੇ ਪਹੁੰਚਦਾ ਹੈ।ਸੂਝਵਾਨ ਮਨੁੱਖ ਇਹ ਸਮਝਦਾ ਹੈ ਕਿ ਜੇ ਮੈਂ ਕੋਈ ਕੁਤਾਹੀ ਕੀਤੀ ਤਾਂ ਸਦੀਆਂ ਤੇ ਜਾ ਸਕਦਾ ਹਾਂ।ਇਸ ਤੁਕ ਵਿੱਚ ‘ਹਰ ਵੇਲੇ ਸਮੇਂ ਦੀ ਸੰਭਾਲ’ ਕਰਦੇ ਰਹਿਣ ਨੂੰ ਪ੍ਰੇਰਤ ਕਰਦਾ ਹੋਇਆ ਉਪਦੇਸ਼ ਮਿਲਦਾ ਹੈ।ਕਈ ਵਾਰੀਂ ਥੋੜ੍ਹੀ ਜਿਹੀ ਢਿੱਲ ਨਾਲ ਸਮਾਂ ਵਿਅਰਥ ਵਿੱਚ ਚਲਾ ਜਾ ਸਕਦਾ ਹੈ।
ਟਿੱਪਣੀ:- ‘ਤਿਸੁ ਬਿਨੁ’ ਦਾ ਅਰਥ- ‘ਪਰਮਾਤਮਾ ਦੀ ਯਾਦ ਤੋਂ ਬਿਨਾ’ ਅਤੇ ਸ਼ਬਦ-ਜਾਲ਼ ਬੁਣ ਕੇ ਵਿਆਖਿਆ ਵਿੱਚ ਇਹ ਭਾਵ ਅਰਥ ਬਣ ਗਏ- ‘ਮੇਹਨਤੀ, ਆਲਸ, ਸੂਝਵਾਨ, ਕੁਤਾਹੀ, ਸਮੇਂ ਦੀ ਸੰਭਾਲ… ।ਜਾਣੀ ਕਿ ਆਪਣਾ ਹੀ ਰਾਜ ਹੈ, ਅਤੇ ਗੁਰਮਤਿ ਨਾਲ ਖਿਲਵਾੜ ਕਰਨ ਦੀ ਕੋਈ ਮਨਾਹੀ ਨਹੀਂ ਭਾਵ ਅਰਥਾਂ ਦੇ ਨਾਂ ਤੇ ਗੁਰਮਤਿ ਵਿੱਚ ਜੋ ਮਰਜੀ ਵਾੜ ਦਿਉ, ਕਿਹੜਾ ਕੋਈ ਪੁੱਛਣ ਦੱਸਣ ਵਾਲਾ ਹੈ? ‘ਪਰਮਾਤਮਾ ਦੀ ਯਾਦ ਤੋਂ ਬਿਨਾ’ ਦਾ ਭਾਵ ਅਰਥ- ‘ਮੇਹਨਤੀ, ਆਲਸ, ਸੂਝਵਾਨ, ਕੁਤਾਹੀ, ਸਮੇਂ ਦੀ ਸੰਭਾਲ…’ ਕਿਸੇ ਤਰ੍ਹਾਂ ਵੀ ਨੇੜੇ ਤੇੜੇ ਕੋਈ ਗੱਲ ਲੱਗਦੀ ਹੈ??? ਪਰਮਾਤਮਾ ਨੂੰ ਪਰਮਾਤਮਾ ਕਹਿਣ ਅਤੇ ਮੰਨਣ ਵਿੱਚ ਪ੍ਰਿੰ: ਜੀ ਨੂੰ ਅਲਰਜੀ ਹੈ, ਇਸ ਲਈ ‘ਪਰਮਾਤਮਾ’ ਦੀ ਹੋਂਦ, ਸਾਰੀ ਵਿਆਖਿਆ ਵਿਚ ਗਾਇਬ ਹੋਈ ਜਾ ਰਹੀ ਹੈ।
“ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚ ਵਣਾ॥”
ਅਰਥ (ਪ੍ਰਿੰ: ਜੀ):- ਜੇਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਅਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ।
ਵਿਆਖਿਆ- ਅਸੀਂ ਬਹੁਤ ਵਾਰੀਂ ਸੋਚਦੇ ਹਾਂ ਕਿ ਸਾਨੂੰ ਕੋਣ ਦੇਖਦਾ ਹੈ, ਕੋਈ ਗੱਲ ਨਹੀਂ।ਪਰ ਪ੍ਰਭੂ ਪਾਣੀ ਵਿੱਚ ਧਰਤੀ ਤੇ, ਆਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ।
ਟਿੱਪਣੀ:- ‘ਸਾਨੂੰ ਕੌਣ ਦੇਖਦਾ ਹੈ’ ਵਰਗੇ ਲਫਜ਼ ਲਿਖਣ ਤੋਂ ਭੁਲੇਖਾ ਪੈਂਦਾ ਹੈ ਕਿ (ਅਖੌਤੀ) ਪ੍ਰਿੰ: ਜੀ ਮੰਨਦੇ ਹਨ ਕਿ ਰੱਬ ਹੈ ਅਤੇ ‘ਸਭ ਨੂੰ ਦੇਖਦਾ’ ਹੈ।ਪਰ ਅੱਗੇ ਦੇਖੋ-
ਗਿਆਨੀ ਜੀ:- ਅਸਾਂ ਰੱਬ ਜੀ ਦੇ ‘ਸੰਕਲਪ’ ਨੂੰ ਆਪਣੀ ਜ਼ਿੰਮੇਵਾਰੀ, ਫਰਜ਼ ਪ੍ਰਤੀ ਸੁਚੇਤਤਾ, ਰੱਬੀ ਨਿਯਮਾਵਲੀ ਤੇ ਰੱਬੀ ਗੁਣਾਂ ਵਜੋਂ ਲਿਆ ਹੈ।ਮਨੁੱਖ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਕੁਤਾਹੀ ਨਹੀਂ ਕਰਨੀ ਚਾਹੀਦੀ।ਰੱਬ ਜੀ ਹਰ ਥਾਂ ਤੇ ਮੌਜੂਦ ਹਨ ਦਾ ਭਾਵ ਅਰਥ ਹੈ ਕਿ ਅਸੀਂ ਜਿੱਥੇ ਵੀ ਜਾਈਏ “ਨਿਯਮਾਵਲੀ” ਨੂੰ ਸਮਝ ਕੇ ਹੁਕਮ ਵਿੱਚ ਬੱਝ ਕੇ ਮਨ ਕਰਕੇ ਕੰਮ ਵਿੱਚ ਜੁੱਟ ਜਾਈਏ।ਇਹ ਤੁਕ ਸਾਨੂੰ ਹਰ ਸਮੇਂ ਇਮਾਨਦਾਰੀ ਤੇ ਮੇਹਨਤ ਵਾਲੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ।
ਟਿੱਪਣੀ- ਗਿਆਨੀ ਜੀ ਆਪਣੀ ਅਸਲੀਅਤ ਬਿਆਨ ਕਰ ਗਏ ਹਨ।ਗਿਆਨੀ ਜੀ ‘ਰੱਬ’ ਨੂੰ ਅਸਲ ਵਿੱਚ ਹੋਂਦ ਵਾਲਾ ਨਹੀਂ ਮੰਨਦੇ ਬਲਕਿ ‘ਸੰਕਲਪ’ ਮੰਨਦੇ ਹਨ (ਸੰਕਲਪ = ਮਨ ਦਾ ਫੁਰਨਾ, ਮਨੋਰਥ, ਖਿਆਲ, ਪ੍ਰਤਿਗ੍ਯਾ, ਪ੍ਰਣ- ਦੇਖੋ ਮਹਾਨ ਕੋਸ਼ ਪ-236)
ਇਸ ਤੁਕ ਦੀ ਵਿਆਖਿਆ ਵਿੱਚ ‘ਰੱਬ ਜੀ’ ਦੇ ਅਰਥ ਕੀਤੇ ਹਨ- ਫਰਜ਼, ਨਿਯਮਾਵਲੀ, ਇਮਾਨਦਾਰੀ, ਮੇਹਨਤ ਵਾਲੀ ਜਿੰਮੇਵਾਰੀ ਨਾਲ ਕੰਮ ਵਿੱਚ ਜੁਟ ਜਾਈਏ ??? ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸੇ ਵੀ ਨਿਯਮਾਵਲੀ ਵਿੱਚ ਇਮਾਨਦਾਰੀ, ਮੇਹਨਤ, ਜਿੰਮੇਵਾਰੀ ਆਦਿ ਗੁਣ ਹੁੰਦੇ ਹਨ? ਜੇ ਨਹੀਂ ਤਾਂ ਗਿਆਨੀ ਜੀ ਨੇ ‘ਨਿਯਮਾਵਲੀ ਰੂਪੀ ਰੱਬ ਜੀ’ ਦੇ ਇਹ ਸਾਰੇ ਗੁਣ ਕਿੱਥੋਂ ਅਤੇ ਕਿਵੇਂ ਘੜ ਲਏ?
ਪ੍ਰਿੰ: ਜੀ (ਗਿਆਨੀ ਜੀ):- ਰੱਬ ਜੀ ਹਰ ਥਾਂ ਤੇ ਵਰਤ ਰਹਿਆ ਹੈ ਤਾਂ ਸਾਨੂੰ ਫਿਰ ਉਹ ਦੇਖ ਵੀ ਰਿਹਾ ਹੈ।ਦੇਖਣ ਵਾਲੇ ਦਾ ਕੋਈ ਰੂਪ ਨਹੀਂ ਹੈ।ਫਿਰ ਦੇਖਦਾ ਕੌਣ ਹੈ? ਰੱਬ ਜੀ ਸਾਡੇ ਹਿਰਦੇ ਵਿੱਚ ਬੈਠਾ ਹੈ।ਸਾਡੀ ਜ਼ਮੀਰ ਆਤਮਾ ਭਾਵ ਸਾਡੀ ਸੱਚੀ ਸੋਚ ਸਾਡੇ ਨਾਲ ਚੱਲਦੀ ਹੋਈ ਸਹੀ ਫੈਸਲੇ ਲੈਂਦੀ ਹੈ।
ਟਿੱਪਣੀ:- ਉੱਪਰ ਆਏ ਪ੍ਰਭੂ ਦੇ ‘ਕਰਤਾ ਪੁਰਖ’ ਗੁਣ ਸੰਬੰਧੀ ਵਿਚਾਰ-
‘ਸਾਨੂੰ ਦੇਖ ਰਿਹਾ ਹੈ’ ਦੇ ਅਰਥ ਗਿਆਨੀ ਜੀ ਇਸ ਲਈ ਬਦਲ ਕੇ ਆਪਣੀ ਮਰਜ਼ੀ ਦੇ ਘੜ ਰਹੇ ਹਨ, ਕਿਉਂ ਕਿ ਉਸ ਦਾ ਕੋਈ ਰੂਪ ਨਹੀਂ ਹੈ।ਜੇ ਰੂਪ ਨਹੀਂ ਹੈ ਤਾਂ ਅੱਖਾਂ ਵੀ ਨਹੀਂ ਹਨ।ਜੇ ਅੱਖਾਂ ਨਹੀਂ ਤਾਂ ਫੇਰ ਦੇਖਦਾ ਕੌਣ ਹੈ? ਉਸ ਦਾ ਕੋਈ ਰੂਪ ਨਾ ਹੋਣ ਕਰਕੇ ਗਿਆਨੀ ਜੀ ਉਸ ਦੀ ਹੋਂਦ ਮੰਨਣ ਤੋਂ ਵੀ ਇਨਕਾਰੀ ਹਨ।ਜਾਣੀ ਕਿ ਗਿਆਨੀ ਜੀ ਮੁਤਾਬਕ ਕੋਈ ਰੱਬ ਨਹੀਂ ਹੈ ਜਿਹੜਾ ਸਾਨੂੰ ਦੇਖ ਰਿਹਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਗਿਆਨੀ ਜੀ ਉਸ ਦੇ ‘ਕਰਤਾ ਅਤੇ ਪੁਰਖ’ ਗੁਣ ਨੂੰ ਸਵਿਕਾਰ ਕਰਦੇ ਹਨ।ਉਸ ਨੇ ਦੁਨੀਆਂ ਪੈਦਾ ਕੀਤੀ ਮੰਨਦੇ ਹਨ।ਅਸੀਂ ਵੀ ਉਸ ਵਾਂਙੂੰ ਵਿਕਾਸਸ਼ੀਲ ਹੋਣਾ ਹੈ।ਆਰਥਾਤ ਮੰਨਦੇ ਹਨ ਕਿ ਕੋਈ ਹੈ ਜਿਸ ਵਰਗੇ ਅਸੀਂ ਵਿਕਾਸਸ਼ੀਲ ਹੋਣਾ ਹੈ।ਜੇ ਗਿਆਨੀ ਜੀ ਬਿਨਾ ਹੱਥਾਂ ਪੈਰਾਂ ਵਾਲੇ ਉਸ ਪ੍ਰਭੂ ਨੂੰ ਮੰਨਦੇ ਹਨ ਜਿਸ ਨੇ ‘ਦੁਨੀਆਂ ਪੈਦਾ ਕੀਤੀ ਹੈ’ ਤਾਂ ਫੇਰ ਉਹ ਆਪਣੀਆਂ ਗੁਰਬਾਣੀ ਵਿਆਖਿਆਵਾਂ ਵਿੱਚ ‘ਰੱਬ ਦੀ ਹਸਤੀ’ ਮਨਣ ਤੋਂ ਕਿਉਂ ਆਕੀ ਹਨ??? ਸਵਾਲ ਪੈਦਾ ਹੁੰਦਾ ਹੈ- ਜੇ ਉਹ ਬਿਨਾ ਹੱਥਾਂ ਪੈਰਾਂ ਤੋਂ ਦੁਨੀਆਂ ਪੈਦਾ ਕਰ ਸਕਦਾ ਹੈ ਤਾਂ ਬਿਨਾ ਅੱਖਾਂ ਤੋਂ ਸਾਨੂੰ ਦੇਖ ਕਿਉਂ ਨਹੀਂ ਸਕਦਾ???
ਗਿਆਨੀ ਜੀ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਸਿਰਫ ਅੱਖੀਂ ਘੱਟਾ ਪਾਉਣ ਲਈ ਕਹਿ ਰਹੇ ਹਨ ਕਿ ‘ਰੱਬ ਜੀ ਸਾਡੇ ਹਿਰਦੇ ਵਿੱਚ ਬੈਠਾ ਹੈ’।ਅਸਲ ਵਿੱਚ ਗਿਆਨੀ ਜੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਪ੍ਰਭੂ ਸਾਡੇ ਕੀਤੇ ਚੰਗੇ ਮਾੜੇ ਕੰਮਾਂ ਨੂੰ ਦੇਖਦਾ ਪਰਖਦਾ ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ।ਗਿਆਨੀ ਜੀ ਦੀ ਗੱਲ ਜ਼ਰਾ ਧਿਆਨ ਨਾਲ ਵਿਚਾਰਨ ਦੀ ਜਰੂਰਤ ਹੈ, ਦੇਖੋ ਕਿਸ ਤਰ੍ਹਾਂ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ।
“ਰੱਬ ਜੀ ਸਾਡੇ ਹਿਰਦੇ ਵਿੱਚ ਬੈਠਾ ਹੈ” ਅਰਥਾਂ ਦੇ ਭਾਵਾਰਥ ਬਣ ਗਏ- “ਸਾਡੀ ਜ਼ਮੀਰ ਆਤਮਾ ਭਾਵ ਸਾਡੀ ਸੱਚੀ ਸੋਚ ਸਾਡੇ ਨਾਲ ਚੱਲਦੀ ਹੋਈ ਸਹੀ ਫੈਸਲੇ ਲੈਂਦੀ ਹੈ”।ਧਿਆਨ ਦਿੱਤਾ ਜਾਵੇ- ਕਿਵੇਂ ਅਰਥਾਂ ਵਿੱਚ ‘ਪ੍ਰਭੂ ਸਾਡੇ ਹਿਰਦੇ ਵਿੱਚ ਬੈਠਾ ਹੈ’ ਤੋਂ ਵਿਆਖਿਆ ਵਿੱਚ ਪ੍ਰਭੂ ਹਿਰਦੇ ਵਿੱਚੋਂ ਗਾਇਬ ਹੋ ਕੇ ਸਾਡੇ ਜ਼ਮੀਰ, ਸਾਡੀ ਅਤਮਾ, ਸਾਡੀ ਸੋਚ ਬਣ ਗਿਆ ਹੈ।
ਜਾਣੀ ਕਿ ਰੱਬ ਨੇ ਚੰਗੇ ਮਾੜੇ ਦਾ ਫੈਸਲਾ ਨਹੀਂ ਕਰਨਾ ਬਲਕਿ ਸਾਡੀ ਸੋਚ ਜੋ ਫੈਸਲੇ ਲੈਂਦੀ ਹੈ ਉਹ ‘ਸੱਚੀ’ ਹੀ ਹੈ।ਜਾਣੀ ਕਿ ਸਾਡੇ ਸਭ ਦੇ ਹਿਰਦੇ ਵਿੱਚ ਰੱਬ ਬੈਠਾ ਹੋਣ ਕਰਕੇ ਮਾੜੀ ਸੋਚ ਦਾ ਕੋਈ ਕੰਮ ਨਹੀਂ ??? ਸਵਾਲ ਪੈਦਾ ਹੁੰਦਾ ਹੈ ਕਿ ਜੇ “ਰੱਬ ਜੀ ਸਾਡੇ ਹਿਰਦੇ ਵਿੱਚ ਬੈਠਾ ਹੈ” ਅਤੇ ਸਾਡੀ ਸੋਚ ਹੀ ਰੱਬ ਹੈ ਤਾਂ ਇਸ ਦਾ ਮਤਲਬ ਚੋਰਾਂ ਠੱਗਾਂ ਦੇ ਹਿਰਦੇ ਵਿੱਚ ਵੀ ਰੱਬ ਰੂਪੀ ਸੱਚੀ ਸੋਚ ਕੰਮ ਕਰ ਰਹੀ ਹੈ???
ਪਿੰ: ਜੀ:- ਜੇ ਇਸ ਵਿਚਾਰ ਨੂੰ ਸਮਝ ਲਵਾਂਗੇ ਕਿ ਰੱਬ ਜੀ ਹਰ ਵੇਲੇ ਸਾਡੇ ਨਾਲ ਹਨ ਤਾਂ ਸਰਕਾਰੀ ਅਹਿਲਕਾਰ ਕਦੇ ਵੀ ਭ੍ਰਿਸ਼ਟ ਨਹੀਂ ਹੋਏਗਾ।
ਟਿੱਪਣੀ:- ਦੇਖੋ ਗਿਆਨੀ ਜੀ ਕਿਸ ਤਰ੍ਹਾਂ ਅਰਥਾਂ ਦਾ ਘਾਲਾ-ਮਾਲ਼ਾ ਕਰਕੇ ਪਾਠਕਾਂ ਨੂੰ ਗੁਮਰਾਹ ਕਰ ਰਹੇ ਹਨ।ਗਿਆਨੀ ਜੀ ਲਿਖਦੇ ਹਨ:- ਰੱਬ ਜੀ ਹਰ ਥਾਂ ਤੇ ਵਰਤ ਰਹਿਆ ਹੈ ਤਾਂ ਸਾਨੂੰ ਫਿਰ ਉਹ ਦੇਖ ਵੀ ਰਿਹਾ ਹੈ।ਦੇਖਣ ਵਾਲੇ ਦਾ ਕੋਈ ਰੂਪ ਨਹੀਂ ਹੈ।ਫਿਰ ਦੇਖਦਾ ਕੌਣ ਹੈ? ਰੱਬ ਜੀ ਸਾਡੇ ਹਿਰਦੇ ਵਿੱਚ ਬੈਠਾ ਹੈ।ਸਾਡੀ ਜ਼ਮੀਰ ਆਤਮਾ ਭਾਵ ਸਾਡੀ ਸੱਚੀ ਸੋਚ ਸਾਡੇ ਨਾਲ ਚੱਲਦੀ ਹੋਈ ਸਹੀ ਫੈਸਲੇ ਲੈਂਦੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਡੀ ਜ਼ਮੀਰ ਸਾਡੀ ਆਤਮਾ ਹੀ ‘ਰੱਬ ਜੀ’ ਹੈ, ਫੇਰ ਕਿਸੇ ਸਰਕਾਰੀ ਅਹਿਲਕਾਰ ਨੇ ਜਾਂ ਕਿਸੇ ਵੀ ਦੁਰਾਚਾਰੀ ਨੇ ਕਿਸ ਕੋਲੋਂ ਡਰਨਾ ਹੈ? ਜੇ ਸਾਡੀ ਜ਼ਮੀਰ, ਸਾਡੀ ਆਤਮਾ, ਸਾਡੀ ਸੋਚ ਹੀ ਰੱਬ ਹੈ ਤਾਂ ਕੋਈ ਬੰਦਾ ਭ੍ਰਿਸ਼ਟ ਕੰਮ ਕਰਨ ਤੋਂ ਕਿਉਂ ਡਰੇਗਾ? ਚੰਗਾ ਜਾਂ ਮਾੜਾ ਕੰਮ ਕਰਨ ਜਾਂ ਨਾ ਕਰਨ ਦਾ ਫੈਸਲਾ ਤਾਂ ਸਾਡੇ ਮਨ ਨੇ ਕਰਨਾ ਹੈ।ਜੇ ਸਾਡਾ ਮਨ ਹੀ ‘ਜ਼ਮੀਰ ਜਾਂ ਆਤਮਾ’ ਦੀ ਗੱਲ ਨਾ ਮੰਨੇ ਤਾਂ ਜ਼ਮੀਰ ਜਾਂ ਆਤਮਾ ਰੂਪੀ ਰੱਬ ਨੇ ਕਿਸੇ ਦਾ ਕੀ ਵਿਗਾੜ ਦੇਣਾ ਹੈ? ਸਰਕਾਰੀ ਅਹਿਲਕਾਰ ਮੰਨ ਲਵੇ ਜਾਂ ਨਾ ਮੰਨੇ ਕਿ ਜ਼ਮੀਰ ਜਾਂ ਆਤਮਾ ਰੂਪੀ ਰੱਬ ਮੇਰੇ ਨਾਲ ਹੈ, ਇਸ ਨਾਲ ਕੀ ਫਰਕ ਪੈਣਾ ਹੈ? ਉਸ ਦੇ ਭ੍ਰਿਸ਼ਟ ਕੰਮ ਬਦਲੇ ਕਿਹੜਾ ਉਸ ਦੀ ਜ਼ਮੀਰ ਰੂਪੀ ਰੱਬ ਨੇ (ਇਸੇ ਜਨਮ ਵਿੱਚ) ਉਸ ਨੂੰ ਕੋਈ ਸਜ਼ਾ ਦੇ ਦੇਣੀ ਹੈ?
ਗਿਆਨੀ ਜੀ ਦੀਆਂ ਹੁਣ ਤੱਕ ਦੀਆਂ ਗੁਰਬਾਣੀ ਵਿਆਖਿਆਵਾਂ ਵਿੱਚ ਇਨ੍ਹਾਂਨੇ ਕਿਤੇ ਵੀ ਨਹੀਂ ਮੰਨਿਆ ਕਿ ‘ਰੱਬ ਜੀ’ ਕਿਸੇ ਦੇ ਚੰਗੇ ਮਾੜੇ ਕਰਮਾਂ ਮੁਤਾਬਕ ਆਪਣਾ ਕੋਈ ਫੈਸਲਾ ਕਰਦੇ ਹਨ ਅਤੇ ਹੁਕਮ ਚਲਾਂਦੇ ਹਨ।ਜੇ ਰੱਬ ਜੀ ਕੋਈ ਬੱਝਵੀਂ ਨਿਯਮਾਵਲੀ ਹੈ ਤਾਂ ਕਿਹੜੀ ਨਿਯਮਾਵਲੀ ਤੋਂ ਡਰਦੇ ਹੋਏ ਕਿਸੇ ਸਰਕਾਰੀ ਅਹਿਲਕਾਰ ਨੇ ਭ੍ਰਿਸ਼ਟ ਕੰਮ ਕਰਨ ਤੋਂ ਡਰਨਾ ਹੈ? ਕੀ ਕੋਈ “ਨਿਯਮਾਵਲੀ” ਕਿਸੇ ਨੂੰ (ਇਸੇ ਜਨਮ ਵਿੱਚ) ਕਿਸੇ ਭ੍ਰਿਸ਼ਟ ਕੰਮ ਤੋਂ ਵਰਜਦੀ ਜਾਂ ਸਜ਼ਾ ਦਿੰਦੀ ਦੇਖੀ ਹੈ? ਕੀ ਕਦੇ ਦੇਖਿਆ ਹੈ ਕਿ ਕਿਸੇ ਸਰਕਾਰੀ ਅਹਿਲਕਾਰ ਨੇ ਲੱਖਾਂ ਰੁਪਏ ਰਿਸ਼ਵਤ ਲਈ ਅਤੇ ਘਰ ਜਾਂਦੇ ਦੀ ਕਿਸੇ ‘(ਰੱਬੀ) ਨਿਯਮਾਵਲੀ’ ਅਧੀਨ ਉਸ ਦੀ ਉਂਗਲ ਵੀ ਵਿੰਗੀ ਹੋਈ ਹੋਵੇ?
ਗਿਆਨੀ ਜੀ ਆਮ ਤੌਰ ਤੇ ਵਿਚਾਰ ਦਿੰਦੇ ਹਨ ਮਾੜੇ ਕੰਮ ਕਰਨ ਤੇ ਸਾਡੀ ਆਤਮਾ ਸਾਨੂੰ ਲਾਹਨਤਾਂ, ਫਿਟਕਾਰਾਂ ਪਾਉਂਦੀ ਹੈ।ਗਿਆਨੀ ਜੀ ਦੀ ਇਸ ਦਲੀਲ ਵਿੱਚ ਕੋਈ ਅਸਲੀਅਤ ਜਾਂ ਦੱਮ ਨਹੀਂ ਹੈ।ਜੇ ਇਸੇ ਤਰ੍ਹਾਂ ਹੁੰਦਾ ਤਾਂ ਅੱਜ ਦੁਨੀਆਂ ਤੇ ਸਵਰਗ ਵਰਤਿਆ ਹੋਣਾ ਸੀ।ਕਿਸੇ ਨੇ ਇਕ ਵਾਰੀਂ ਗੁਨਾਂਹ ਕੀਤਾ।ਉਸ ਦੀ ਆਤਮਾ, ਜ਼ਮੀਰ ਨੇ ਉਸ ਨੂੰ ਲਾਹਨਤਾਂ ਪਾਈਆਂ।ਮੁੜ ਉਸ ਨੇ ਗੁਨਾਹ ਕਰਨ ਤੋਂ ਤੌਬਾ ਕਰ ਲੈਣੀ ਸੀ।ਅਤੇ ਦੁਨੀਆਂ ਤੇ ਗੁਨਾਹ ਮੁੱਕ ਜਾਣੇ ਸੀ ਜਾਂ ਘਟਕੇ ਨਾਂਹ ਮਾਤਰ ਰਹਿ ਜਾਣੇ ਸੀ।ਫੇਰ ਕੋਰਟਾਂ ਕਚਿਹਰੀਆਂ ਦਾ ਕੰਮ ਵੀ ਘੱਟ ਜਾਣਾ ਸੀ।ਪਰ ਕੀ ਐਸਾ ਹੈ???
“ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥”
ਅਰਥ (ਪ੍ਰਿੰ: ਜੀ):- ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾਹ ਵੱਸੇ ਤਾਂ ਉਸ ਮਨੁੱਖ ਦਾ (ਮਾਨਸਕ) ਦੁਖ ਬਿਆਨ ਨਹੀਂ ਹੋ ਸਕਦਾ।
ਵਿਆਖਿਆ- ਘਰ ਵਿੱਚ ਮਾਂ ਬਿਮਾਰ ਹੈ।ਬੰਦਾ ਡਾਕਟਰ ਪਾਸੋਂ ਦਵਾਈ ਲਿਖਾ ਕੇ ਲੈ ਆਉਂਦਾ ਹੈ ਪਰ ਬੰਦਾ ਦਵਾਈ ਆਪਣੀ ਦੁਕਾਨ ਤੇ ਭੁੱਲ ਆਉਂਦਾ ਹੈ।ਜਦ ਘਰ ਦਿਆਂ ਪੁੱਛਿਆ ਦਵਾਈ ਲੈ ਆਇਆ ਏਂ? ਅੱਗੋਂ ਬੰਦਾ ਕਹੇ ਕਿ ਦਵਾਈ ਆਪਣੀ ਹੀ ਦੁਕਾਨ ਤੇ ਭੁੱਲ ਆਇਆ ਹਾਂ, ਆਉਣ ਲੱਗਿਆਂ ਦਵਾਈ ਚੁੱਕਣ ਦਾ ਚੇਤਾ ਹੀ ਭੁੱਲ ਗਿਆ।ਦੂਜੇ ਪਾਸੇ ਦਵਾਈ ਦੀ ਉਡੀਕ ਕਰਦਿਆਂ ਮਾਂ ਦੀ ਹਾਲਤ ਖਤਰੇ ਵਿੱਚ ਪੈ ਜਾਂਦੀ ਹੈ।ਇਸ ਦਾ ਭਾਵ ਅਰਥ ਹੋਇਆ ਕਿ ਜਦੋਂ ਗੱਲ ਮਨੁੱਖ ਦੇ ਚੇਤੇ ਵਿੱਚੋਂ ਨਿਕਲ ਜਾਂਦੀ ਹੈ ਤਾਂ ਦੁਖ ਜਨਮ ਲੈਂਦਾ ਹੈ।ਅਜਿਹਾ ਦੁਖ ਬਿਆਨ ਨਹੀਂ ਕੀਤਾ ਜਾ ਸਕਦਾ।“ਪ੍ਰਭੂ ਚਿਤਿ ਨ ਆਵਈ’ ਦਾ ਅਰਥ ਹੈ ਆਪਣੇ ਫਰਜ਼ ਨੂੰ ਭੁੱਲ ਜਾਣਾ।ਗੱਲ ਨੂੰ ਚੇਤੇ ਵਿੱਚ ਨਾ ਰੱਖਣਾ।ਮਾਂ ਅਚਾਰ ਵਿੱਚ ਲੂਣ ਪਾਉਣਾ ਭੁੱਲ ਜਾਏ ਤਾਂ ਅਚਾਰ ਚਾਰ ਦਿਨਾਂ ਵਿੱਚ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।ਇਹ ਹੈ ਰੱਬ ਨੂੰ ਭੁੱਲ ਜਾਣਾ।
ਤਰਕ:- ਉੱਪਰਲੀਆਂ ਤੁਕਾਂ ਦੀ ਵਿਆਖਿਆ ਵਿੱਚ ਗਿਆਨੀ ਜੀ ਨੇ ਰੱਬ ਦੇ ਸੰਕਲਪ ਨੂੰ ‘ਨਿਯਮਾਵਲੀ’ ਦੇ ਰੂਪ ਵਿੱਚ ਲਿਆ ਹੈ। ਇਸ ਤੁਕ ਦੀ ਵਿਆਖਿਆ ਵਿਚ ਕਹਿ ਰਹੇ ਹਨ- ‘ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵੱਸੇ ਤਾਂ…’।ਜਾਣੀ ਕਿ ਨਿਯਮਾਵਲੀ ਰੂਪੀ ‘ਰੱਬ ਜੀ’ ਸਾਰਿਆਂ ਵਿੱਚ ਨਹੀਂ ਹੈ।ਅਰਥਾਤ ਕੁਝ ਲੋਕਾਂ ਵਿੱਚ ਰੱਬ ਰੂਪੀ ਨਿਯਮਾਵਲੀ ਕੰਮ ਕਰ ਰਹੀ ਹੈ ਕੁਝ ਬਿਨਾ ਰੱਬੀ ਨਿਯਮਾਵਲੀ ਤੋਂ ਹੀ ਤੁਰੇ ਫਿਰਦੇ ਹਨ।ਨੋਟ ਕਰੋ, ਅੱਗੇ ‘ਨਿਯਮਾਵਲੀ’ ਰੂਪੀ ਰੱਬ ਜੀ ਦੇ ਅਰਥ ਬਦਲ ਕੇ “ਫਰਜ਼” ਅਤੇ “ਯਾਦ/ ਚੇਤਾ” ਹੋ ਗਏ ਹਨ।
ਗਿਆਨੀ ਜੀ ਲਿਖਦੇ ਹਨ- “ਪ੍ਰਭੂ ਚਿਤਿ ਨ ਆਵਈ’ ਦਾ ਅਰਥ ਹੈ- ਆਪਣੇ ਫਰਜ਼ ਨੂੰ ਭੁੱਲ ਜਾਣਾ???
ਟਿੱਪਣੀ:- ਬੰਦਾ ਮਾਂ ਦੀ ਦਵਾਈ ਲਿਆਉਣੀ ਭੁੱਲ ਗਿਆ, ਗਿਆਨੀ ਜੀ ਮੁਤਾਬਕ ਇਹ ਹੈ “ਪ੍ਰਭੂ ਚਿਤਿ ਨ ਆਵਈ” --ਕਿਆ ਵਿਆਖਿਆ ਹੈ ਅਤੇ ਕਿਆ ਗੁਰਮਤਿ ਪ੍ਰਚਾਰ ਹੈ??? ਕੋਈ ਬੰਦਾ ਕਿੰਨਾ ਵੀ ਧਰਮੀ ਕਿਉਂ ਨਾ ਹੋਵੇ ਜੇ ਉਸ ਦੀ ਯਾਦਾਸ਼ਤ ਵਧੀਆ ਨਹੀਂ ਤਾਂ ਗਿਆਨੀ ਜੀ ਮੁਤਾਬਕ ਉਹ ਪ੍ਰਭੂ ਨੂੰ ਭੁੱਲਿਆ ਹੋਇਆ ਹੈ।ਇਸ ਦਾ ਮਤਲਬ ਜਿੰਨੀ ਕਿਸੇ ਦੀ ਯਾਦਾਸ਼ਤ ਵਧੀਆ ਹੈ, ਦੁਰਾਚਾਰੀ ਅਤੇ ਅਧਰਮੀ ਹੁੰਦੇ ਹੋਇਆਂ ਵੀ ਉਸ ਨੂੰ ਪ੍ਰਭੂ ਚੇਤੇ ਹੈ।ਯਾਦਾਸ਼ਤ ਵਧੀਆ ਨਾ ਹੋਣ ਕਰਕੇ ਕੋਈ ਗ਼ਲਤੀ/ਗ਼ਲਤੀਆਂ ਕਰ ਜਾਂਦਾ ਹੈ ਤਾਂ ਇਹ ਹੈ ‘ਪ੍ਰਭੂ ਨੂੰ ਭੁਲਿਆ ਹੋਇਆ’।ਬੁਢੇਪੇ ਵਿੱਚ ਤਾਂ ਆਮ ਤੋਰ ਤੇ ਮਨੁੱਖ ਦੀ ਯਾਦਾਸ਼ਤ ਕਮਜ਼ੋਰ ਹੋ ਹੀ ਜਾਂਦੀ ਹੈ, ਜਾਂ ਕਈ ਵਾਰੀਂ ਕਿਸੇ ਹਾਦਸੇ ਕਾਰਨ ਬੰਦੇ ਦੀ ਯਾਦਾਸ਼ਤ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਕਈ ਗ਼ਲਤੀਆਂ ਕਰ ਜਾਂਦਾ ਹੈ।ਇਸ ਦਾ ਮਤਲਬ ਧਰਮੀ ਹੁੰਦੇ ਹੋਏ ਵੀ ਹੁਣ ਉਸ ਨੂੰ ਪ੍ਰਭੂ ਚੇਤੇ ਨਹੀਂ ਰਿਹਾ। ਇਹ ਹੈ ਅੱਜ ਕਲ੍ਹ ਦੇ ਅਖੌਤੀ ਵਿਦਵਾਨਾਂ ਦਾ ਗੁਰਮਤਿ ਪ੍ਰਚਾਰ ਜੋ ਕਿ ਖਾਸ ਕਰਕੇ ਲੁਧਿਆਣੇ ਕੋਲ ਦੇ ਇਕ (ਨਕਲੀ) ਮਿਸ਼ਨਰੀ, ਕਾਲੇਜ ਵਾਲੇ ਕਰ ਰਹੇ ਹਨ ਅਤੇ ਪੰਜਾਬ ਦੇ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਦੇ ਸੈਂਟਰ ਖੋਲ੍ਹਕੇ ਨਵੀ ਪੀੜ੍ਹੀ ਨੂੰ ਸਿਖਿਆ ਦੇ ਰਹੇ ਹਨ।ਅਫਸੋਸ ਦੀ ਗੱਲ ਹੈ ਕਿ ਕਈ ਵੈਬ ਸਾਇਟਾਂ ਵਾਲੇ ਇਸ ਤਰ੍ਹਾਂ ਦੀਆਂ ਗੁਰਬਾਣੀ ਵਿਆਖਿਆਵਾਂ ਨੂੰ ਆਪਣੀ ਸਾਇਟ ਤੇ ਛਾਪਣ ਵਿੱਚ ਬੜਾ ਫ਼ਖਰ ਮਹਿਸੂਸ ਕਰਦੇ ਹਨ ਅਤੇ ਇਹੋ ਜਿਹੇ ਗੁਰਬਾਣੀ ਵਿਆਖਿਆਕਾਰਾਂ ਨੂੰ ਬੜਾ ਆਦਰ ਸਤਿਕਾਰ ਦਿੱਤਾ ਜਾਂਦਾ ਹੈ।
“ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗੁ ਮਣਾ॥”
ਅਰਥ (ਪ੍ਰਿੰ: ਜੀ):- ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਨ੍ਹਾਂ ਦਾ ਬੜਾ ਭਾਗ ਜਾਗ ਪੈਂਦਾ ਹੈ।
ਵਿਆਖਿਆ- ‘ਪ੍ਰਭੂ ਨੂੰ ਰਾਵਿਆ’ ਦਾ ਭਾਵ ਅਰਥ ਮਨ ਚਿੱਤ ਲਗਾ ਕੇ ਸੱਚ ਦੇ ਆਧਾਰਤ ਆਪਣੇ ਕੰਮ ਵਿੱਚ ਮੁਹਾਰਤ ਹਾਸਲ ਕਰਨੀ।ਕਿਸੇ ਬੱਚੇ ਨੇ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਲਏ, ਬੱਚੇ ਦੇ ਭਾਗ ਜਾਗ ਪਏ।ਇਹ ਹੈ ਬੱਚੇ ਨੇ ਪ੍ਰਭੂ ਨੂੰ ਰਾਵਿਆ।ਜਿਨ੍ਹਾਂਨੇ ‘ਸਖਤ ਮਿਹਨਤ’ ਕੀਤੀ ਹੈ ਉਨ੍ਹਾਂ ਦੇ ਹੀ ਭਾਗ ਜਾਗੇ ਹਨ।ਉਨ੍ਹਾਂ ਨੇ ਹੀ ਪ੍ਰਭੂ ਨੂੰ ਰਾਵਿਆ ਹੈ।
ਤਰਕ:- ਹੁਣ ਤੱਕ ‘ਪ੍ਰਭੂ’ ਦੇ ਅਰਥ ‘ਨਿਯਮਾਵਲੀ, ਫਰਜ਼ ਅਤੇ …..’ ਸਨ।ਹੁਣ ਪ੍ਰਭੂ ਦੇ ਇਕ ਹੋਰ ਨਵੇਂ ਅਰਥ ਆ ਗਏ ਹਨ।ਗਿਆਨੀ ਜੀ ਲਿਖਦੇ ਹਨ- ‘ਪ੍ਰਭੂ ਨੂੰ ਰਾਵਿਆ’ ਦਾ ਭਾਵ ਅਰਥ ‘ਮਨ ਚਿੱਤ ਲਗਾ ਕੇ ਸੱਚ ਦੇ ਆਧਾਰਤ ਆਪਣੇ ਕੰਮ ਵਿੱਚ ਮੁਹਾਰਤ ਹਾਸਲ ਕਰਨੀ’। ਜਾਣੀ ਕਿ ਹੁਣ ‘ਪ੍ਰਭੂ’ ਦਾ ਅਰਥ ਹੋ ਗਿਆ “ਆਪਣਾ ਕੰਮ” ਅਤੇ ਪ੍ਰਭੂ ਨੂੰ “ਰਾਵਣ” ਦਾ ਅਰਥ ਹੈ- “ਮਨ ਚਿੱਤ ਲਗਾ ਕੇ ਮੁਹਾਰਤ ਹਾਸਲ ਕਰਨੀ” ???
ਬੱਚੇ ਨੇ ਪੜ੍ਹਾਈ ਵਿੱਚ ਚੰਗੇ ਨੰਬਰ ਲੈ ਲਏ, ਕਿਸੇ ਨੇ ਆਪਣੇ ਦੁਨਿਆਵੀ ਕਾਰ ਵਿਹਾਰ ਵਿੱਚ ਤਰੱਕੀ ਕਰ ਲਈ, ਇਹ ਹੈ ਗਿਆਨੀ ਜੀ ਮੁਤਾਬਕ ‘ਸਰਬ ਵਿਆਪਕ ਪ੍ਰਭੂ ਨੂੰ ਰਾਵਿਆ, ਆਪਣੇ ਹਿਰਦੇ ਵਿੱਚ ਵਸਾਇਆ???
“ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥” (ਪੰਨਾ-133)
ਅਰਥ (ਪਿੰ: ਜੀ):- ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿੱਚ ਹਰੀ ਦਰਸ਼ਨ ਦੀ ਪਿਆਸ ਹੈ।ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀ ਲੱਗਾਂਗਾ॥
ਵਿਆਖਿਆ- ‘ਹਰਿ ਦਰਸਨ ਕੰਉ ਮਨ ਲੋਚਦਾ’ ਦਾ ਭਾਵ ਹੈ ਕਿ ਮੇਰਾ ਮਨ ‘ਸੱਚੇ ਨਿਸ਼ਾਨੇ ਦੀ ਪ੍ਰਾਪਤੀ’ ਚਾਹੁੰਦਾ ਹੈ ਤੇ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੇਰੇ ਵਿੱਚ ਕੰਮ ਕਰਨ ਦਾ ਉੱਦਮ ਆ ਗਿਆ ਹੈ।‘ਨਾਨਕ ਪਿਆਸ ਮਨਾ’- ਜਿੱਥੇ ਕੰਮ ਕਰਨ ਲਈ ਉੱਦਮ ਤੇ ਉਤਸ਼ਾਹ ਪੈਦਾ ਹੋਇਆ ਹੈ ਉੱਥੇ ਹੁਣ ਸਮਰੱਥਾ ਵੀ ਆ ਗਈ ਹੈ।
‘ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ’-
ਪ੍ਰਭੂ ਮਿਲਾਪ ਹੈ ਨਿਸ਼ਾਨੇ ਦੀ ਪ੍ਰਾਪਤੀ ਤੇ ‘ਚਰਨੀ ਲੱਗਣ’ ਦਾ ਅਰਥ ਹੈ ‘ਉਸਤਾਦਾਂ ਦਾ ਦਿਖਾਇਆ ਹੋਇਆ ਦਰਸ਼ਨ ਮਾਰਗ’।ਅੱਜ ਹਰ ਖੇਤਰ ਦੇ ਵੱਖਰੇ ਵੱਖਰੇ ਉਸਤਾਦ ਹਨ।ਕਿੱਤੇ ਦੀਆਂ ਬਰੀਕੀਆਂ ਦੱਸਦੇ ਹਨ।‘ਤਿਸ ਕੇ ਪਾਂਇ ਲਗਾ’ ਦਾ ਅਰਥ ਹੈ ਉਸਤਾਦ ਵੱਲੋਂ ਦਰਸਾਇਆ ਗਿਆ ਰਸਤਾ ਅਤੇ ਉਸ ਅਨੁਸਾਰ ਮੰਜ਼ਿਲ ਤਹਿ ਕਰਨਾ, ਉਸਤਾਦ ਦਾ ਸ਼ੁਕਰਾਨਾ ਕਰਨਾ।ਜੁਗਤੀ, ਢੰਗ-ਤਰੀਕਾ ਸਿੱਖਣ ਦੀ ਪ੍ਰੇਰਨਾ ਮਿਲਦੀ ਹੈ।
ਤਰਕ:- ਏਥੇ ‘ਪ੍ਰਭੂ’ ਦੇ ਅਰਥ ਹੋ ਗਏ “ਨਿਸ਼ਾਨਾ” ਅਤੇ ‘ਪ੍ਰਭੂ ਮਿਲਾਪ’ ਹੈ ‘ਨਿਸ਼ਾਨੇ ਦੀ ਪ੍ਰਾਪਤੀ’ ਗਿਆਨੀ ਜੀ ਨੇ “ਹਰਿ ਦਰਸਨ ਕੰਉ” ਦਾ ਅਰਥ ਲਿਖਿਆ ਹੈ- ‘ਹਰੀ ਦਾ ਮਿਲਾਪ’।ਪਰ ਵਿਆਖਿਆ ਵਿੱਚ ‘ਹਰੀ ਦਾ ਮਿਲਾਪ’ ਵਿੱਚੋਂ ‘ਹਰਿ’ ਉੱਡ ਗਿਆ ਅਤੇ ਬਣ ਗਿਆ- “ਸੱਚੇ ਨਿਸ਼ਾਨੇ ਦੀ ਪਰਾਪਤੀ”??? “ਮਨ ਲੋਚਦਾ” ਦਾ ਭਾਵ ਅਰਥ- “ਕੰਮ ਕਰਨ ਦਾ ਉੱਦਮ ਆ ਗਿਆ ਹੈ” ??? “ਪਿਆਸ ਮਨਾ” ਦਾ ਭਾਵ ਅਰਥ- “(ਕੰਮ ਕਰਨ ਦੀ) ਸਮਰੱਥਾ ਆ ਗਈ ਹੈ???
“ਮਿਲਾਏ ਸੋ ਪ੍ਰਭੁ” ਦਾ ਅਰਥ- ‘ਪ੍ਰਭੂ ਮਿਲਾਪ’ ਅਤੇ ‘ਪ੍ਰਭੂ ਮਿਲਾਪ’ ਤੋਂ ਭਾਵਾਰਥ ਬਣ ਗਿਆ- ‘ਨਿਸ਼ਾਨੇ ਦੀ ਪ੍ਰਾਪਤੀ’, ਜਿਸ ਖੇਤਰ ਵਿੱਚ ਗਿਆਨ ਹਾਸਲ ਕਰਨਾ ਹੈ ਉਸ ਦੇ ਮਾਹਰ ਕੋਲ ਜਾ ਕੇ ‘ਬਰੀਕੀ ਵਿੱਚ ਉਸ ਦਾ ਗਿਆਨ ਹਾਸਲ ਕਰਨਾ’???
ਨੋਟ:- ਪਾਠਕ ਧਿਆਨ ਦੇਣ ਕਿਸ ਤਰ੍ਹਾਂ ਇਹ ਅਖੌਤੀ ਵਿਦਵਾਨ (ਨਕਲੀ-)ਮਿਸ਼ਨਰੀ ਜੀ ਆਸਤਕ ਹੋਣ ਦਾ ਢੋਂਗ ਰਚਾ ਕੇ ਸਿੱਖਾਂ ਵਿੱਚ ਨਾਸਤਿਕਤਾ ਫੈਲਾ ਰਹੇ ਹਨ।ਓਪਰੀ ਨਜ਼ਰੇ ਲੱਗਦਾ ਹੈ ਇਹ ਰੱਬ ਦੀ ਹੋਂਦ ਨੂੰ ਮੰਨਕੇ ਰੱਬ-ਪ੍ਰਸਤੀ ਦਾ ਪ੍ਰਚਾਰ ਕਰ ਰਹੇ ਹਨ।ਜਦਕਿ ਅਸਲ ਵਿੱਚ ਗੁੱਝੇ ਤਰੀਕੇ ਨਾਲ ਸਿੱਖਾਂ ਵਿੱਚ ਨਾਸਤਕਤਾ ਫੈਲਾ ਰਹੇ ਹਨ।ਕੁਦਰਤ ਅਤੇ ਕੁਦਰਤੀ ਨਿਯਮਾਂ ਨੂੰ ਹੀ ਰੱਬ ਦੱਸ ਰਹੇ ਹਨ।ਯਾਦ ਰਹੇ ਕਿ ਦੇਵ ਸਮਾਜੀਆਂ ਦਾ ਵੀ ਇਹੀ ਫਲਸਫਾ ਹੈ ਕਿ ਸੰਸਾਰ ਤੇ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੀ ਚੱਲ ਰਿਹਾ ਹੈ।ਸਭ ਕੁਝ ਕਰਨ ਕਰਵਾਉਣ ਵਾਲੀ ਕੁਦਰਤ ਹੀ ਹੈ।ਕੁਦਰਤ ਤੋਂ ਬਿਨਾ ਐਸੀ ਕਿਸੇ ਹਸਤੀ ਦੀ ਕੋਈ ਅਸਲੀਅਤ ਨਹੀਂ ਜਿਸ ਨੂੰ ‘ਰੱਬ’ ਕਿਹਾ ਜਾਂਦਾ ਹੈ।
ਅਤੇ ਗਿਆਨੀ ਜੀ/ਪ੍ਰਿੰ: ਜੀ ਦੀਆਂ ਵਿਆਖਿਆਵਾਂ ਵਿੱਚ ਵੀ ‘ਰੱਬ’ ਸ਼ਬਦ ਸਿਰਫ ਭੁਲੇਖਾ ਪਾਉਣ ਲਈ ਹੀ ਲਿਖਿਆ ਮਿਲਦਾ ਹੈ।ਅਸਲ ਵਿੱਚ ਦੇਵ ਸਮਾਜੀਆਂ ਦੀ ਤਰ੍ਹਾਂ ਕੁਦਰਤ ਨੂੰ ਹੀ ਸਭ ਕੁਝ ਮੰਨਦੇ ਹਨ।
ਸਿੱਖ ਜਗਤ ਨੂੰ ਗੁਰਮਤਿ ਵਿੱਚ ‘ਦੇਵ ਸਮਾਜੀ ਅਤੇ ਚਾਰਵਾਕੀ’ ਘੁਸਪੈਠ ਤੋਂ ਸੁਚੇਤ ਹੋਣ ਦੀ ਜਰੂਰਤ ਹੈ।
ਜਸਬੀਰ ਸਿੰਘ ਵਿਰਦੀ 25-02-2015
ਜਸਬੀਰ ਸਿੰਘ ਵਿਰਦੀ
-:ਅਜੋਕਾ ਗੁਰਮਤਿ ਪ੍ਰਚਾਰ? ਭਾਗ 31:-
Page Visitors: 3017