ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸੁਮੇਧ ਸੈਣੀ ਦੇ ਸੁਰੱਖਿਆ ਇੰਚਾਰਜ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
ਸੁਮੇਧ ਸੈਣੀ ਦੇ ਸੁਰੱਖਿਆ ਇੰਚਾਰਜ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
Page Visitors: 2475

ਸੁਮੇਧ ਸੈਣੀ ਦੇ ਸੁਰੱਖਿਆ ਇੰਚਾਰਜ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ
ਮੌਤ ਬਾਰੇ ਭੇਦ ਬਰਕਰਾਰ
ਚੰਡੀਗੜ੍ਹ, 23 ਫਰਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਮੇਧ ਸੈਣੀ ਦੇ ਨਾਲ ਚੱਲਣ ਵਾਲੀ ਐਸਕਾਰਟ ਸੁਰੱਖਿਆ ਦੇ ਇੰਚਾਰਜ ਏ.ਐਸ.ਆਈ. ਭੁਪਿੰਦਰ ਸਿੰਘ ਸੰਧੂ (40) ਵੱਲੋਂ ਚੰਡੀਗੜ੍ਹ ਸੈਕਟਰ 20 ਵਿਖੇ ਇੱਕ ਫਲੈਟ ਦੀ ਪਹਿਲੀ ਮੰਜ਼ਿਲ ‘ਤੇ ਅੱਜ ਸਵੇਰੇ 11 ਵਜੇ ਆਪਣੇ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਐਸਕਾਰਟ ਟੀਮ ‘ਚ ਸ਼ਾਮਿਲ ਹੌਲਦਾਰ ਬਲਰਾਜ ਸਿੰਘ ਕਿਸੇ ਕੰਮ ਸੈਕਟਰ 20 ਦੇ ਉਕਤ ਫਲੈਟ ਵਿਚ
ਗਿਆ | ਉਸ ਨੇ ਦੇਖਿਆ ਕਿ ਭੁਪਿੰਦਰ ਸਿੰਘ ਦੀ ਖੂਨ ਵਿਚ ਲੱਥਪੱਥ ਲਾਸ਼ ਬੈੱਡ ‘ਤੇ ਪਈ ਸੀ ਅਤੇ ਨੇੜੇ
ਹੀ ਉਸ ਦਾ ਸਰਵਿਸ ਰਿਵਾਲਵਰ ਵੀ ਪਿਆ ਸੀ | ਉਕਤ ਫਲੈਟ ਐਸਕਾਰਟ ਟੀਮ ਦੇ ਇਕ ਸਿਪਾਹੀ ਪ੍ਰੀਤਮ ਸਿੰਘ ਦੇ ਨਾਂ ‘ਤੇ ਸਰਕਾਰੀ ਤੌਰ ‘ਤੇ ਅਲਾਟ ਹੈ, ਜਿਸ ਵਿਚ ਡੀ.ਜੀ.ਪੀ. ਦੀ ਐਸਕਾਰਟ ਟੀਮ ਦਾ ਅਮਲਾ ਰਹਿ ਰਿਹਾ ਹੈ | ਮੌਕੇ ‘ਤੇ ਪੁੱਜੇ ਸਬੰਧਤ ਥਾਣਾ ਸੈਕਟਰ 19 ਦੇ ਮੁਖੀ ਇੰਸਪੈਕਟਰ ਮਨਿੰਦਰ ਸਿੰਘ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਖ਼ੁਦਕੁਸ਼ੀ ਦਾ ਹੀ ਜਾਪਦਾ ਹੈ, ਕਿਉਂਕਿ ਮਿ੍ਤਕ ਨੇ ਸੱਜੇ ਹੱਥ ਦੇ ਨਾਲ ਹੀ ਆਪਣੀ ਸੱਜੀ ਪੁੜਪੁੜੀ ਵਿਚ ਗੋਲੀ ਦਾਗੀ ਸੀ ਅਤੇ ਹਥਿਆਰ ਵੀ ਨੇੜੇ ਹੀ ਮੌਜੂਦ
ਸੀ | ਮਿ੍ਤਕ ਦੇ ਕੋਲੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ | ਇਸ ਲਈ ਪੁਲਿਸ ਨੇ ਧਾਰਾ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਕੇ ਲਾਸ਼ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ | ਮਿ੍ਤਕ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ‘ਚ ਪੈਂਦੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਸੀ ਅਤੇ ਕਿਸ਼ਤੀ ਦੌੜ ‘ਚ ਰਾਸ਼ਟਰੀ ਪੱਧਰ ਤੱਕ ਮੁਕਾਬਲੇ ਲੜ ਚੁੱਕਾ ਸੀ ਜਿਸ ਸਦਕਾ ਸਪੋਰਟਸ ਕੋਟੇ ਵਿਚ ਹੀ ਉਸ ਨੂੰ ਸਾਲ 1992 ਵਿਚ ਸਿਪਾਹੀ ਵਜੋਂ ਭਰਤੀ ਕੀਤਾ ਗਿਆ ਸੀ, ਜੋ ਬਾਅਦ ਵਿਚ
ਤਰੱਕੀ ਹਾਸਲ ਕਰਕੇ ਏ.ਐਸ.ਆਈ. ਦੇ ਅਹੁਦੇ ਤੱਕ ਪੁੱਜਾ ਸੀ |
ਮੌਤ ਬਾਰੇ ਵੱਖ-ਵੱਖ ਦਾਅਵੇ
ਕੁਝ ਪੁਲਿਸ ਸੂਤਰਾਂ ਅਨੁਸਾਰ ਮਿ੍ਤਕ ਘਰੇਲੂ ਸਮੱਸਿਆਵਾਂ ਕਾਰਨ ਦਿਮਾਗੀ ਤਣਾਅ ‘ਚ ਰਹਿੰਦਾ ਸੀ ਕਿਉਂਕਿ ਉਸ ਦਾ ਪਿਛਲੇ 9 ਸਾਲਾਂ ਤੋਂ ਆਪਣੀ ਪਤਨੀ ਨਾਲ ਤਲਾਕ ਦਾ ਅਦਾਲਤੀ ਕੇਸ ਚੱਲ ਰਿਹਾ ਸੀ ਅਤੇ ਹਾਲ ਹੀ ‘ਚ ਉਸ ਨੂੰ ਤਲਾਕ ਮਿਲਿਆ ਸੀ, ਜਿਸ ਉਪਰੰਤ ਉਸ ਨੇ ਦੂਜਾ ਵਿਆਹ ਕਰਵਾਇਆ ਸੀ | ਉਸ ਦਾ ਪਿਤਾ ਵੀ ਬਿਮਾਰ ਰਹਿੰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਉਸ ਦੇ ਨਾਲ ਮਨੀਮਾਜਰਾ ਵਿਖੇ ਕਿਰਾਏ ਦੇ ਕਮਰੇ ‘ਚ ਰਹਿ ਰਿਹਾ ਉਸ ਦਾ ਨਜ਼ਦੀਕੀ ਰਿਸ਼ਤੇਦਾਰ ਅਚਾਨਕ ਗੁੰਮ ਹੋ ਗਿਆ ਸੀ, ਜਿਸ ਬਾਰੇ ਹੁਣ ਤੱਕ ਵੀ ਕੁਝ ਪਤਾ ਨਹੀਂ ਲੱਗਾ |
ਜਦ ਕਿ ਮਿ੍ਤਕ ਭੁਪਿੰਦਰ ਦੇ ਇੱਕ ਹੋਰ ਜਾਣਕਾਰ ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਹੈ ਨੇ ਦਿਮਾਗੀ ਤਣਾਅ ਕਾਰਨ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਸੀ, ਬਲਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ ਕਿ ਇਹ ਖੁਦਕੁਸ਼ੀ ਦੀ ਬਜਾਏ ਹੱਤਿਆ ਤਾਂ ਨਹੀਂ? ਕਿਉਂਕਿ ਖੁਦਕੁਸ਼ੀ ਕਰਨ ਵਾਲਾ ਹਮੇਸ਼ਾ ਖ਼ੁਦ ਨੂੰ ਕਮਰੇ ਅੰਦਰ ਬੰਦ ਕਰਕੇ ਅਜਿਹਾ ਕਦਮ ਚੁੱਕਦਾ ਹੈ, ਜਦ ਕਿ ਭੁਪਿੰਦਰ ਦੇ ਕਮਰੇ ਦੀ ਕੁੰਡੀ ਖੁੱਲ੍ਹੀ ਸੀ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.