ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਅਜੋਕਾ ਗੁਰਮਤਿ ਪ੍ਰਚਾਰ, ਭਾਗ-30 :-
-: ਅਜੋਕਾ ਗੁਰਮਤਿ ਪ੍ਰਚਾਰ, ਭਾਗ-30 :-
Page Visitors: 3187

-: ਅਜੋਕਾ ਗੁਰਮਤਿ ਪ੍ਰਚਾਰ, ਭਾਗ-30 :-
ਅਜੋਕੇ ਇਕ ਅਖੌਤੀ ਗੁਰਮਤਿ ਪ੍ਰਚਾਰਕ ਜੀ ਵੱਲੋਂ
ਕਿਰਤ ਕਰਮ ਕੇ ਵਿਛੁੜੇ॥”
ਸ਼ਬਦ ਦੀ ਵਿਆਖਿਆ ਸੰਬੰਧੀ ਸ਼ੰਕੇ:-
ਅੱਜ ਕਲ੍ਹ ਕੁਝ ਅਖੌਤੀ (/ਨਕਲੀ ਮਿਸ਼ਨਰੀ) ਵਿਦਵਾਨਾਂ ਵੱਲੋਂ ਗੁਰਬਾਣੀ ਦੀਆਂ ਗ਼ਲਤ ਵਿਆਖਿਆਵਾਂ ਕਰਕੇ ਸਿੱਖਾਂ ਵਿੱਚ ਨਾਸਤਕਤਾ ਫੈਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਪਰੋਂ ਉਪਰੋਂ ਇਹ ਲੋਕ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦੇ ਹਨ, ਪਰ ਅਸਲ ਵਿੱਚ ਰੱਬ ਦੀ ਹੋਂਦ ਮੰਨਣ ਤੋਂ ਆਕੀ ਹਨ।ਰੱਬ ਨੂੰ ਮੰਨਣ ਦੀ ਗੱਲ ਕਰਕੇ ਨਾਲ ਹੀ ‘ਰੱਬ’ ਦੀ ਪਰਿਭਾਸ਼ਾ ਸਮਝਾਉਂਦੇ ਹੋਏ ‘ਕੁਦਰਤ, ਕੁਦਰਤੀ ਨਿਯਮ, ਰੱਬੀ ਨਿਯਮ ਜਾਂ ਸਦੀਵ-ਕਾਲ ਨਿਯਮਾਵਲੀ’ ਨੂੰ ‘ਰੱਬ’ ਦੱਸਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਅਤੇ ਗੁਰਮਤਿ ਤੋਂ ਦੂਰ ਕੀਤਾ ਜਾ ਰਿਹਾ ਹੈ।ਇਹ ਲੋਕ ਗੁਰਬਾਣੀ ਵਿੱਚ ਦਰਜ ਪ੍ਰਭੂ ਦੇ ‘ਸਥੂਲ’ ਰੂਪ ਨੂੰ ਕੁਦਰਤੀ ਨਿਯਮ ਦੱਸਦੇ ਹਨ ਅਤੇ ਉਸ ਦੇ ‘ਸੂਖਮ ਸਰੂਪ’ ਨੂੰ ਮੱਨਣ ਤੋਂ ਇਨਕਾਰੀ ਹਨ।ਰੱਬ ਦੇ- ‘ਕਰਤਾ ਪੁਰਖ, ਅੰਤਰਯਾਮੀ, ਰਹਮ ਅਤੇ ਮਿਹਰ ਕਰਨ ਵਾਲਾ, ਦਾਤਾ, ਚੰਗੇ-ਮਾੜੇ ਕਰਮਾਂ ਨੂੰ ਦੇਖਣ, ਪਰਖਣ ਅਤੇ ਉਨ੍ਹਾਂ ਮੁਤਾਬਕ ਨਿਆਂ ਕਰਨ ਵਾਲਾ ਆਦਿ ਗੁਣਾਂ ਨੂੰ ਸਵਿਕਾਰ ਨਹੀਂ ਕਰਦੇ।ਜਿੱਥੇ ਕਿਤੇ ਗੁਰਬਾਣੀ ਵਿੱਚ ਉੱਪਰ ਦੱਸੇ ਇਨ੍ਹਾਂ ਸੰਕਲਪਾਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਸ਼ਬਦਾਂ ਦੇ ਅਰਥ ਬਦਲਕੇ ਆਪਣੇ ਹੀ ਅਰਥ ਘੜ ਕੇ ਪੇਸ਼ ਕਰ ਦਿੱਤੇ ਜਾਂਦੇ ਹਨ।ਜਿਸ ਤਰ੍ਹਾਂ ਕਿ ਦੇਵ ਸਮਾਜ ਧਰਮ ਦਾ ਬਾਨੀ ਸ਼ਿਵ ਨਰਾਇਣ ਅਗਨੀਹੋਤ੍ਰੀ ਕਹਿੰਦਾ ਹੈ- ਸਾਰੇ ਜਗਤ ਨੂੰ ਬਨਾਉਣ ਅਤੇ ਚਲਾਉਣ ਵਾਲੀ ‘ਕੁਦਰਤ’ ਹੀ ਇਕ ਵਿਆਪਕ ਸ਼ਕਤੀ ਹੈ।ਕੁਦਰਤ ਤੋਂ ਬਿਨਾ ਐਸੀ ਹੋਰ ਕੋਈ ਹਸਤੀ, ਜਾਂ ਸ਼ਕਤੀ, ਜਿਸ ਨੂੰ ਕਿ ‘ਰੱਬ’ ਕਿਹਾ ਜਾਂਦਾ ਹੈ, ਦੀ ਕੋਈ ਅਸਲੀਅਤ ਨਹੀਂ ਹੈ।ਲੁਧਿਆਣੇ ਦੇ ਨੇੜੇ ਦੇ ਇਲਾਕੇ ਵਿੱਚ ਸਥਿਤ ਇਕ ਮਿਸ਼ਨਰੀ ਕਾਲੇਜ ਨਾਲ ਸੰਬੰਧਤ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਦੇ ਵੀ ਵਿਚਾਰ ਦੇਵ ਸਮਜੀਆਂ ਨਾਲ ਪੂਰੀ ਤਰ੍ਹਾਂ ਮਿਲਦੇ ਹਨ।ਇਸ ਗੱਲ ਤੋਂ ਛੱਕ ਪੈਂਦਾ ਹੈ ਅਤੇ ਸੁਚੇਤ ਹੋਣ ਦੀ ਲੋੜ ਹੈ ਕਿ ਕਿਧਰੇ ਸਿਖੀ ਭੇਸ ਵਾਲੇ ਇਨ੍ਹਾਂ ਅਖੌਤੀ ਗੁਰਮਤਿ ਪ੍ਰਚਾਰਕਾਂ ਦੇ ਜਰੀਏ ਸਿੱਖੀ ਵਿੱਚ ਦੇਵ ਸਮਾਜ ਦੀ ਘੁਸਪੈਠ ਤਾਂ ਨਹੀਂ ਹੋ ਰਹੀ???   
ਲੁਧਿਆਣੇ ਦੇ ਕੋਲ ਦੇ ਇਸ ਮਿਸ਼ਨਰੀ ਕਾਲੇਜ ਦੇ ਪ੍ਰਿੰਸੀਪਲ ਜੀ ਦੁਆਰਾ ਮਾਂਝ ਮਹਲਾ 5 ਬਾਰਹ ਮਾਹਾ ਵਿੱਚੋਂ
ਕਿਰਤਿ ਕਰਮ ਕੇ ਵਿਛੁੜੇ ਕਰਿ ਕਿਰਪਾ ਮੇਲਹੁ ਰਾਮ॥” (ਪੰਨਾ- 133)
ਦੀ ਕੀਤੀ ਗਈ ਵਿਆਖਿਆ ਦੇ ਸੰਬੰਧ ਵਿੱਚ ਕੁਝ ਵਿਚਾਰ ਅਤੇ ਸ਼ੰਕੇ ਪੇਸ਼ ਹਨ-
“ਕਿਰਤਿ ਕਰਮ ਕੇ ਵਿਛੁੜੇ…..॥”
ਪ੍ਰਿੰ: ਜੀ:- ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿਛੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ)।
(ਪਾਠਕ ਨੋਟ ਕਰਨ- ਅਰਥਾਂ ਤੋਂ ਲੱਗਦਾ ਹੈ ਕਿ ਪ੍ਰਿੰ: ਜੀ ਰੱਬ ਦੀ ਹੋਂਦ ਮੰਨਣ ਤੋਂ ਮੁਨਕਰ ਨਹੀਂ ਹਨ ਪਰ- ਅਗੇ ਵਿਆਖਿਆ ਅਤੇ ‘ਰੱਬ’ ਦੀ ਪਰਿਭਾਸ਼ਾ ਸਮਝਾਈ ਦੇਖੋ-)
 ਗੁਰਬਾਣੀ ਵਿੱਚ ਰੱਬ ਦੀ ਵਿਆਖਿਆ ਸ਼ੁਭ ਗੁਣਾਂ ਦੇ ਰੂਪ ਵਿੱਚ ਆਈ ਹੈ।ਸੁਭ ਗੁਣਾਂ ਰਾਹੀਂ ਹੀ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ।ਏਥੇ ‘ਰੱਬ ਦੇ ਵਿਛੋੜੇ’ ਤੋਂ ਭਾਵ ਹੈ ਅਸੀਂ ‘ਜ਼ਿੰਦਗ਼ੀ ਦੇ ਮਹੱਤਵ ਪੂਰਨ ਸੱਚ’ ਤੋਂ ਖੁੰਝੇ ਹੋਏ ਹਾਂ।..ਜਿਹੜਾ ਕੰਮ ਸਾਨੂੰ ਸੌਂਪਿਆ ਗਿਆ ਸੀ ਉਸ ਕੰਮ ਦੀ ਥਾਂ ਤੇ ਅਸੀਂ ਹੋਰ ਹੀ ਮੱਥਾ ਮਾਰਦੇ ਰਹੇ ਤੇ ਮੰਜ਼ਿਲ ਨੂੰ ਸਰ ਨਾ ਕਰ ਸਕੇ।
(ਨੋਟ: ਆਤਮਾ ਬਾਰੇ ਵਿਚਾਰ ਦਿੰਦੇ ਹੋਏ ਪ੍ਰਿੰ: ਜੀ ਕਹਿੰਦੇ ਹਨ ਮਾਤਾ ਪਿਤਾ ਦੇ ਮੇਲ ਤੋਂ ਕੁਦਰਤੀ ਨਿਯਮ ਅਤੇ ਵਰਤਾਰੇ ਅਨੁਸਾਰ ਜੀਵ ਸੰਸਾਰ ਤੇ ਆਉਂਦਾ ਹੈ।ਜਨਮ ਵੇਲੇ ਪੰਜ ਭੂਤਕ (ਭੌਤਿਕ) ਸਰੀਰ ਤੋਂ ਇਲਾਵਾ ਇਸ ਵਿੱਚ ਆਤਮਾ ਆਦਿ ਕੁਝ ਵੀ ਬਾਹਰੋਂ ਨਹੀਂ ਆਉਂਦਾ ਅਤੇ ਨਾ ਹੀ ਮੌਤ ਵੇਲੇ ਇਸ ਵਿੱਚੋਂ ਕੁਝ ਬਾਹਰ ਜਾਂਦਾ ਹੈ।
ਪਰ ਪ੍ਰਿੰ: ਜੀ ਕੋਲੋਂ ਕਈ ਵਾਰੀ ਪੁੱਛੇ ਜਾਣ ਤੇ ਵੀ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਜੇ ਪਿਛਲੇ ਜਨਮ ਦੇ ਕਰਮਾਂ ਦਾ ਕੋਈ ਸੰਬੰਧ ਨਹੀਂ ਹੈ ਤਾਂ, ਜਿਹੜਾ ਉਹ “ਕੰਮ ਸਾਨੂੰ ਸੌਂਪਿਆ ਗਿਆ” ਦੀ ਗੱਲ ਕਰਦੇ ਹਨ, ਉਹ ਕਿਹੜਾ ਕੰਮ, ਕਿਸ ਨੇ ਅਤੇ ਕਦੋਂ ਸੌਂਪਿਆ ਸੀ?
ਨੋਟ 2- ਪਾਠਕ ਸਾਰੀ ਵਿਆਖਿਆ ਨੂੰ ਧਿਆਨ ਨਾਲ ਵਾਚਣ, ਪ੍ਰਿੰ: ਜੀ ਸਾਫ ਲਫਜ਼ਾਂ ਵਿੱਚ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ ਹਨ ਪਰ ਅਸਲ ਵਿੱਚ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ। ਰੱਬ ਦੀ ਹੋਂਦ ਮੰਨਣ ਦਾ ਭੁਲੇਖਾ ਪਾ ਕੇ ਪਾਠਕਾਂ / ਸ਼ਰੋਤਿਆਂ ਦੇ ਅੱਖੀਂ ਘੱਟਾ ਪਾ ਕੇ ਅਸਲ ਵਿੱਚ ਗੁਰਮਤਿ ਤੋਂ ਗੁਮਰਾਹ ਕਰ ਰਹੇ ਹਨ)
“….. ਕਰਿ ਕਿਰਪਾ ਮੇਲਹੁ ਰਾਮ”  ਹੇ ਪ੍ਰਭੂ! ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾਵੋ।(‘ਮੇਲਹੁ’ ਦਾ ਅਰਥ- ਨਿਸ਼ਾਨੇ ਦੀ ਨਿਸ਼ਾਨ ਦੇਈ ਕਰਕੇ ਉਸ ਪ੍ਰਤੀ ਜਾਣਕਾਰੀ ਹਾਸਲ ਕਰਦਿਆਂ ਨਿਸ਼ਾਨੇ ਤੇ ਪਹੁੰਚਣਾ)।‘ਕਰਿ ਕਿਰਪਾ ਮੇਲਹੁ ਰਾਮ’ ਤੋਂ ਮੁਰਾਦ ਹੈ ਸ਼ੁਭ ਗੁਣਾਂ ਨੂੰ ਹਾਸਲ ਕਰਨਾ।
(ਨੋਟ- ਪਾਠਕ ਧਿਆਨ ਦੇਣ, ਕਿਸ ਤਰ੍ਹਾਂ ਪਾਠਕਾਂ ਦੇ ਅੱਖੀਂ ਘੱਟਾ ਪਾਇਆ ਗਿਆ ਹੈ।ਕੀਤੇ ਗਏ ਅਰਥਾਂ ਅਤੇ ਵਿਆਖਿਆ ਦਾ ਆਪਸ ਵਿੱਚ ਕੋਈ ਮੇਲ ਹੈ? ਹੇ ਪ੍ਰਭੂ! ਲਿਖ ਦਿੱਤਾ ਹੈ ਜਿਸ ਤੋਂ ਓਪਰੀ ਨਜ਼ਰੇ ਲੱਗਦਾ ਹੈ ਕਿ ਪ੍ਰਿੰ: ਜੀ ਰੱਬ ਨੂੰ ਮੁਖਾਤਬ ਹੋ ਕੇ ਅਰਜੋਈ ਕਰ ਰਹੇ ਹਨ।ਪਰ ਅਸਲੀ ਭਾਵਅਰਥਾਂ ਵਿੱਚ ‘ਹੇ ਪ੍ਰਭੁ!’ ਵਾਲੀ ਗੱਲ ਗੋਲ ਕਰ ਗਏ ਹਨ।
“ਚਾਰਿ ਕੁੰਟ ਦਹਦਿਸ ਭਰਮੇ ਥਕਿ ਆਏ ਪ੍ਰਭੂ ਕੀ ਸਾਮ॥” (ਮਾਇਆ ਦੇ ਮੋਹ ਵਿੱਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖਾਤਰ) ਭਟਕਦੇ ਰਹੇ ਹਾਂ, ਹੁਣ, ‘ਹੇ ਪ੍ਰਭੂ!’ ਥੱਕ ਕੇ ‘ਤੇਰੀ ਸ਼ਰਣ’ ਆਏ ਹਾਂ।  
ਚਾਰਿ ਕੁੰਟ ਦਹਦਿਸ ਭ੍ਰਮੇ ਦਾ ਅਰਥ ਹੈ, ਆਪਣੀ ਕਾਮਯਾਬੀ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਰਹਿਣਾ। ਜਦੋਂ ਅਸੀਂ ਕਿਤੇ ਬਿਮਾਰ ਹੋ ਜਾਂਦੇ ਹਾਂ ਸਭ ਤੋਂ ਪਹਿਲਾਂ ਘਰੇਲੂ ਨੁਕਸੇ (ਨੁਸਖੇ) ਵਰਤਣ ਨੂੰ ਤਰਜੀਹ ਦਿੰਦੇ ਹਾਂ ਜੇ ਰੋਗ ਵਧਦਾ ਹੈ ਤਾਂ ਅਸੀਂ ਗਵਾਂਢੀਆਂ ਦੀ ਰਾਏ ਲੈਂਦੇ ਹਾਂ।ਜੇ ਫਿਰ ਵੀ ਰੋਗ ਠੀਕ ਨਹੀਂ ਹੁੰਦਾ ਤਾਂ ਕਿਸੇ ਹਸਪਤਾਲ ਵਿੱਚ ਦਾਖਲ ਹੁੰਦੇ ਹਾਂ।ਇਸ ਦਾ ਅਰਥ ਹੈ ਕਿ ਸਹੀ ਜਾਣਕਾਰੀ ਦੁਆਰਾ ਟਿਕਾਣੇ ਤੇ ਪਹੁੰਚਣਾ ਹੀ ਪ੍ਰਭੂ ਦੀ ਸ਼ਰਣ ਵਿੱਚ ਆਉਣਾ ਹੈ।ਆਪਣੇ ਮਨ ਦੀਆਂ ਕਿਆਸ ਅਰਾਈਆਂ ਕਿ ਸ਼ਾਇਦ ਮੈਂ ਘਰੇਲੂ ਨੁਸਖੇ ਨਾਲ ਜਾਂ ਗਵਾਂਡੀਆਂ ਦੀ ਦੱਸੀ ਸਲਾਹ ਨਾਲ ਠੀਕ ਹੋ ਜਾਵਾਂਗਾ, ਇਹ ਕਿਆਸ ਅਰਾਈਆਂ ਹੀ ਚਾਰ ਕੁੰਟ ਵਿੱਚ ਭ੍ਰਮਣ ਵਾਲੀ ਸਥਿਤੀ ਹੈ ਅਤੇ ਭ੍ਰਮ ਦੇ ਛੁਟਕਾਰੇ ਤੋਂ ਮੁਕਤ ਹੋਣਾ ਹੀ ਏਥੇ ਰੱਬ ਜੀ ਦੀ ਪ੍ਰਾਪਤੀ ਹੈ।
(ਨੋਟ ਕਰੋ:- ਮਰੀਜ ਨੂੰ ਹਸਪਤਾਲ ਪਹੁੰਚ ਕੇ ਆਰਾਮ ਆ ਗਿਆ ਤਾਂ ਇਹੀ “ਹੇ ਪ੍ਰਭੂ!’ ਥੱਕ ਕੇ ‘ਤੇਰੀ ਸ਼ਰਣ’ ਆਏ ਹਾਂ” ਹੈ।ਅਤੇ ਜੇ ਹਸਪਤਾਲ ਪਹੁੰਚ ਕੇ ਵੀ ਆਰਾਮ ਨਹੀਂ ਆਉਂਦਾ ਤਾਂ ਇਹ “(ਮਾਇਆ ਦੇ ਮੋਹ ਵਿੱਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖਾਤਰ) ਭਟਕਦੇ ਰਹੇ ਹਾਂ” ਹੈ।
ਦੂਸਰਾ- ਸਰੀਰਕ ਜਾਂ ਦੁਨਿਆਵੀ ਸੁਖਾਂ ਦੀ ਪਰਾਪਤੀ ਕਰਨਾ ਭ੍ਰਮ ਤੋਂ ਛੁਟਕਾਰਾ ਅਤੇ ਰੱਬ ਦੀ ਪਰਾਪਤੀ ਹੈ।)
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮਿ॥”
ਜਿਹੜੀ ਗਊ ਦੁੱਧ ਨਹੀਂ ਦਿੰਦੀ ਉਸ ਨੂੰ ਵਾਧੂ ਦਾ ਬੋਝ ਸਮਝਿਆ ਜਾਂਦਾ ਹੈ।ਸਾਡੇ ਮੁਲਕ ਵਿੱਚ ਵਿਹਲੜ ਸਾਧਾਂ ਦੀਆਂ ਢਾਣੀਆਂ ਨੂੰ ਗਊਆਂ ਵਾਂਗ ਪੂਜਿਆ ਜਾਂਦਾ ਹੈ।ਗੁਰੂ ਅਰਜਨ ਪਾਤਸ਼ਾਹ ਨੇ ਇਸ ਵਿਚਾਰ ਰਾਹੀਂ ਇੱਕ ਸਿਧਾਂਤ ਦਿੱਤਾ ਹੈ ਕਿ ਜੇ ਦੁੱਧ ਤੋਂ ਬਿਨਾ ਗਊ ਕਿਸੇ ਕੰਮ ਨਹੀਂ ਤਾਂ ਵਿਹਲੜ ਮਨੁੱਖ, ਸਾਧ ਵੀ ਕਿਸੇ ਕੰਮ ਨਹੀਂ ਆਉਂਦਾ।ਇਸ ਤੁਕ ਵਿੱਚ ਵਿਹਲੜ ਮਨੁੱਖ ਨੂੰ ਨਕਾਰਿਆ ਹੈ।
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥”
ਜਲ ਬਿਨਾ ਖੇਤੀ ਦੀ ਪੈਦਾਵਾਰ ਨਹੀਂ ਹੁੰਦੀ।ਮੌਨਸੂਨ ਘੱਟ ਆਉਣ, ਭਾਵ ਲੋੜ ਅਨੁਸਾਰ ਮੀਂਹ ਨਾ ਪਵੇ ਤਾਂ ਸਿਆਣੀਆਂ ਸਰਕਾਰਾਂ ਆਪਣੇ ਲੋਕਾਂ ਦਾ ਖਿਆਲ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦੀਆਂ ਹਨ।ਜਲ ਨੂੰ ਗਤੀ ਸ਼ੀਲ ਤੇ ਪਵਿੱਤਰਤਾ ਦੇ ਰੂਪ ਵਿੱਚ ਮੰਨਿਆ ਗਿਆ ਹੈ।ਪਾਣੀ ਇਕ ਤੁਪਕਾ ਵੀ ਕਿਉਂ ਨਾ ਹੋਵੇ ਉਹ ਤੁਰਦਾ ਹੈ।ਏਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਜੀਵਨ ਵਿੱਚ ਗਤੀ ਸ਼ੀਲ ਤੇ ਪਵਿੱਤਰ ਹੋਣਾ ਚਾਹੀਦਾ ਹੈ।ਜਲ ਤੋਂ ਬਿਨਾ ਖੇਤੀ ਨਹੀਂ ਖੇਤੀ ਤੋਂ ਬਿਨਾ ਪੈਸਿਆਂ ਦੀ ਪ੍ਰਾਪਤੀ ਨਹੀਂ।ਗਤੀ ਸ਼ੀਲ ਤੋਂ ਬਿਨਾ ਉੱਨਤੀ ਨਹੀਂ ਤੇ ਉੱਨਤੀ ਤੋਂ ਬਿਨਾ ਨਵੀਆਂ ਇਕਾਈਆਂ ਨੂੰ ਨਹੀਂ ਛੁਹਿਆ ਜਾ ਸਕਦਾ।
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥”
ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ।
ਇਸ ਤੁਕ ਵਿੱਚ ਇੱਕ ਸਿਧਾਂਤ ਦਿੱਤਾ ਹੈ ਕਿ ਮਨੁੱਖੀ ਜੀਵਨ ਵਿੱਚ ਸਹਜ ਵਾਲੀ ਅਵਸਥਾ ਰੱਬ ਦੀ ਪਰਾਪਤੀ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ ਹਰਿ ਨਾਹ ਨ ਮਿਲਿਐ’ ਦਾ ਭਾਵ ਅਰਥ ਰੱਬੀ ਨਿਯਮ ਤੇ ਗੁਣ ਤੋਂ ਬਿਨਾ ਨਿਸ਼ਾਨੇ ਤੇ ਪਹੁੰਚਿਆ ਨਹੀਂ ਜਾ ਸਕਦਾ।ਰੱਬ ਜੀ ਦੇ ਗੁਣਾਂ ਦੀ ਸਮਝ ਗੁਰੁ ਜੀ ਦੀ ਸੰਗਤ ਕੀਤਿਆਂ ਆਉਂਦੀ ਹੈ।
(ਨੋਟ ਕਰੋ- ‘ਰੱਬ ਦੀ ਪਰਾਪਤੀ’ ਲਿਖਣ ਤੋਂ ਲੱਗਦਾ ਹੈ ਪ੍ਰਿੰ: ਜੀ ਰੱਬ ਦੀ ਹੋਂਦ ਮੰਨਣ ਤੋਂ ਮੁਨਕਰ ਨਹੀਂ, ਪਰ ਨਾਲ ਹੀ ਇਸ ਦੇ ਅਰਥ ਬਦਲਕੇ ਕਰ ਦਿੱਤੇ ਹਨ, ‘ਹਰਿ ਨਾਹ ਨ ਮਿਲਿਐ’ = ‘ਸੱਜਣ-ਖਸਮ ਪ੍ਰਭੂ ਨੂੰ ਮਿਲਣ ਬਿਨਾ’ = ‘ਰੱਬੀ ਨਿਯਮਾਂ ਤੋਂ ਬਿਨਾ…’)।
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ॥”
ਜਿਸ ਹਿਰਦੇ-ਘਰ ਵਿੱਚ ‘ਪਤੀ ਪ੍ਰਭੂ’ ਨਾ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭਠੀ ਵਰਗੇ ਹੁੰਦੇ ਹਨ।
(ਨੋਟ ਕਰੋ- ਲੱਗਦਾ ਹੈ ਪਿੰ: ਜੀ ਰੱਬ ਦੀ ਹੋਂਦ ਮੰਨਦੇ ਹਨ, ਪਰ ਅੱਗੇ ਦੇਖੋ-)
ਰੱਬ ਜੀ ਦੇ ਪ੍ਰਗਟ ਦਾ ਭਾਵ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਵਿਹਾਰਕ ਪੱਖ ਹੈ।ਰੱਬੀ ਗੁਣ ਸਾਡੇ ਵਰਤਾਰੇ ਵਿੱਚੋਂ ਪ੍ਰਗਟ ਹੋਣੇ ਹਨ।ਏਥੇ ਪ੍ਰਗਟ ਹੋਣ ਨੂੰ ਸਾਡਾ ਨਿਤਾ ਪ੍ਰਤੀ ਦੇ ਕਾਰ ਵਿਹਾਰ ਨੂੰ ਲਿਆ ਹੈ।ਜਿਸ ਮਨੁੱਖ ਦਾ ਵਰਤੋਂ ਵਿਹਾਰ ਠੀਕ ਨਹੀਂ ਹੁੰਦਾ, ਰਿਸ਼ਤੇਦਾਰ ਉਸ ਨੂੰ ਉਧਾਰ ਵੀ ਨਹੀਂ ਦੇਂਦੇ, ਕਿਉਂਕਿ ਜਦੋਂ ਇਸ ਪਾਸੋਂ ਪੈਸੇ ਮੰਗਣੇ ਹਨ ਤਾਂ ਅੱਗੋਂ ਤੱਤੇ ਸੁਭਾਅ ਕਹਿੰਦਾ ਹੈ ‘ਮੈਂ ਕਿਤੇ ਭੱਜ ਚੱਲਿਆ ਹਾਂ’? ਅਜੇਹਾ ਮਨੁੱਖ ਤਪੀ ਭੱਠੀ ਵਰਗਾ ਹੁੰਦਾ ਹੈ।ਜਿਵੇਂ ਕੋਈ ਡਾਕਟਰ ਹਰੇਕ ਬੰਦੇ ਨਾਲ ਪਿਆਰ ਦੀ ਭਾਵਨਾ ਨਾਲ ਪੇਸ਼ ਆਏਗਾ ਤਾਂ ਲੋਕ ਕਹਿਣਗੇ ਡਾਕਟਰ ਸਾਹਿਬ ਤਾਂ ਰੱਬ ਦਾ ਰੂਪ ਹਨ।ਦਰ ਅਸਲ ਰੱਬ ਜੀ ਨੇ ਸਾਡੇ ਕਾਰ ਵਿਹਾਰ ਵਿੱਚੋਂ ਹੀ ਦਿਸਣਾ ਹੈ।
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ॥”
(ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿਸਦੇ ਹਨ।
ਜਿਸ ਤਰ੍ਹਾਂ ਕੋਈ ਜੀਵ ਰੂਪੀ ਇਸਤ੍ਰੀ ਪਤੀ ਤੋਂ ਬਿਨਾ ਸਰੀਰਕ ਸ਼ਿੰਗਾਰ ਕਰਦੀ ਹੈ ਤਾਂ ਉਹਨਾਂ ਦਾ ਸਮਾਜ ਉਸ ਨੂੰ ਪ੍ਰਵਾਨ ਨਹੀਂ ਕਰਦਾ।ਇਸੇ ਤਰ੍ਹਾਂ ਜਿਹੜਾ ਬੰਦਾ ਕੇਵਲ ਦਿਖਾਵੇ ਦੇ ਕੰਮ ਕਰਦਾ ਹੈ ਸਮਾਜ ਉਸ ਨੂੰ ਪ੍ਰਵਾਨ ਨਹੀਂ ਕਰਦਾ।
ਪ੍ਰਭੁ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ॥”
ਮਾਲਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।
ਜਿਸ ਤਰ੍ਹਾਂ ਡਾਕਟਰ ਪਾਸ ਰੋਗੀਆਂ ਨੂੰ ਰੋਗ ਠੀਕ ਕਰਨ ਦੀ ਜੁਗਤ ਹੈ ਪਰ ਉਸ ਜੁਗਤ ਦੀ ਵਰਤੋਂ ਨਹੀਂ ਕਰਦਾ, ਇਹ ਠੀਕ ਤਰ੍ਹਾਂ ਕੰਮ ਨਾ ਕਰਨ ਦੀ ਅਵਸਥਾ ਹੀ ਉਸ ਦੀ ਦੁਸ਼ਮਣ ਬਣ ਜਾਂਦੀ ਹੈ।ਸੋ “ਪ੍ਰਭੁ ਸੁਆਮੀ ਕੰਤ ਵਿਹੂਣੀਆ” ਤੋਂ ਮੁਰਾਦ ਹੈ *ਨਿਯਮਾਵਲੀ* ਨੂੰ ਤਿਲਾਂਜਲੀ ਦੇਣੀ, ਹੁਕਮ ਮੰਨਣ ਤੋਂ ਮੁਨਕਰ ਹੋਣਾ।ਅਜੇਹੇ ਕੰਤ ਵਿਹੂਣੇ ਮਨੁੱਖ ਨੂੰ ਕਈ ਕਿਸਮ ਦੇ ਤੌਖਲੇ, ਸੰਸੇ, ਈਰਖਾ, ਸਾੜਾ ਤੇ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਹਨ।
(ਨੋਟ ਕਰੋ- ਪ੍ਰਭੁ ਸੁਆਮੀ ਕੰਤ ਵਿਹੂਣੀਆ = ਜੁਗਤ ਦੀ ਵਰਤੋਂ ਨਾ ਕਰਨੀ, ਨਿਯਮਾਵਲੀ ਨੂੰ ਤਿਲਾਂਜਣੀ ਦੇਣੀ ਹੈ। ਨਿਯਮਾਂ ਦਾ ਪਾਲਣ ਨਾ ਕਰਨਾ = ਕੰਤ ਵਿਹੂਣੇ ਹੈ )
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ॥”
ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼।
ਕਰਿ ਕਿਰਪਾ ਦੀਜੈ ਨਾਮੁ” ਦਾ ਭਾਵ ਅਰਥ ਹੈ ਕਿ ਉਦਮ ਕਰਕੇ ਹਾਸਲ ਕੀਤਾ ਜਾਏ।ਉਦਮ ਕਰਕੇ ਗੁਣਾਂ ਦੀ ਪ੍ਰਾਪਤੀ ਕਰਨੀ।ਦੂਜਾ ਗੁਰ-ਉਪਦੇਸ਼ ਨੂੰ ਸਮਝਣ ਤੇ (?) ਜ਼ੋਰ ਦਿੱਤਾ ਗਿਆ ਹੈ।
(ਨੋਟ ਕਰੋ- ਕਰਿ ਕਿਰਪਾ = ਉਦਮ ਕਰਕੇ ? ਜਾਣੀ ਕਿ ਪ੍ਰਿੰ: ਜੀ ‘ਪ੍ਰਭੂ ਦੀ ਕਿਰਪਾ’ ਵਾਲੇ ਸੰਕਲਪ ਨੂੰ ਮੰਨਣ ਤੋਂ ਇਨਕਾਰੀ ਹਨ, ਆਪਣੇ ਉੱਦਮ ਨਾਲ ਹੀ ਸਭ ਕੁਝ ਹੋਣਾ ਮੰਨਦੇ ਹਨ। ਨਾਨਕ ਕੀ ‘ਬੇਨੰਤੀਆ’ ਦੇ ਅਰਥ ਕਰਨ ਲੱਗਿਆਂ ਅੱਖੀਂ ਘੱਟਾ ਪਾਉਣ ਲਈ, ‘ਬੇਨਤੀ’ ਲਫਜ਼ ਵਰਤ ਲਿਆ ਗਿਆ ਹੈ, ਪਰ ਵਿਆਖਿਆ ਵਿੱਚ ਬੇਨੰਤੀਆ ਜਾਂ ਬੇਨਤੀ ਕਿੱਥੇ ਚਲਾ ਗਿਆ??? ਭਾਵਾਰਥ / ਵਿਆਖਿਆ ਵਿੱਚ ‘ਦਾਤ ਬਖਸ਼’ ਕਿੱਥੇ ਗਏ? ਤੁਕ ਵਿੱਚ ਗੁਰ ਉਪਦੇਸ਼ ਸਮਝਣ ਦੀ ਗੱਲ ਕਿੱਥੇ ਕੀਤੀ ਗਈ ਹੈ???)
“ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥
ਹੇ ਹਰੀ! ਆਪਣੇ ਚਰਨਾਂ ਵਿੱਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇੱਕ ਤੇਰਾ ਘਰ ਸਦਾ ਅਟੱਲ ਹੈ।
ਉਸ ਟਿਕਾਣੇ ਦੀ ਗੱਲ ਕੀਤੀ ਗਈ ਹੈ, ਜੋ ਤਰੱਕੀ ਦੇ ਰਾਹ ਪੱਧਰੇ ਕਰਦਾ ਹੈ।ਸੁਰਤ ਦੇ ਟਿਕਾ ਦੀ ਗੱਲ ਕਰਦਾ ਹੈ।
ਸੁਆਮੀ ਦੇ ਮਿਲਣ ਨਾਲ ਟਿਕਾਅ ਆਉਂਦਾ ਹੈ, ਜਿਸ ਦੁਆਰਾ ਭਰਮ, ਭਟਕਣਾ, ਈਰਖਾ-ਦਵੈਸ਼, ਪਰਾਈ ਨਿੰਦਿਆ ਤੇ ਆਲਸ ਵਰਗੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
(ਨੋਟ ਕਰੋ- ਵਿਆਖਿਆ ਵਿੱਚ ‘ਹੇ ਹਰੀ! ਆਪਣੇ ਚਰਨਾਂ ਵਿੱਚ (ਮੈਨੂੰ) ਜੋੜੀ ਰੱਖ, ਵਾਲੇ ਭਾਵ ਕਿੱਥੇ ਗਏ??? ਇੱਕ ਤੇਰਾ ਘਰ ਸਦਾ ਅਟੱਲ ਹੈ ਦੇ ਭਾਵਾਰਥ ਕਿੱਥੇ ਗਏ??? )
ਪ੍ਰਿੰ: ਜੀ:- ਗੁਰਬਾਣੀ ਸਿਧਾਂਤ ਅਨੁਸਾਰ ਏਸੇ ਜੀਵਨ ਕਾਲ ਵਿੱਚ ਸਾਡੇ ਆਪਣੇ ਕੀਤੇ ਹੋਏ ਕਰਮ ਹੀ ਸਾਡੇ ਜੀਵਨ ਵਿੱਚ ਤਰੱਕੀ ਦਾ ਰਾਹ ਰੋਕਦੇ ਤੇ ਤਰੱਕੀ ਦਾ ਰਾਹ ਖੋਲ੍ਹਦੇ ਹਨ।
(ਨੋਟ ਕਰੋ- ‘ਕਰਿ ਕਿਰਪਾ, ਥਕਿ ਆਏ ਪ੍ਰਭੁ ਕੇ ਸਾਮ, ਬੇਨੰਤੀਆਂ, ਹਰਿ ਮੇਲਹੁ ਆਦਿ ਲਫਜ਼ਾਂ ਨੂੰ ਪਿੰ: ਸਾਹਿਬ ਸਵਿਕਾਰ ਨਹੀਂ ਕਰਦੇ।ਉਨ੍ਹਾਂ ਮੁਤਾਬਕ, ਜੋ ਕੁਝ ਵੀ ਕਰਨਾ ਹੈ ਬੰਦੇ ਨੇ ਆਪਣੇ ਉੱਦਮ ਨਾਲ ਹੀ ਕਰਨਾ ਹੈ।ਅਰਦਾਸ, ਬੇਨਤੀ, ਕਿਰਪਾ ਆਦਿ ਸੰਕਲਪਾਂ ਨੂੰ ਪ੍ਰਿੰ: ਜੀ ਮਾਨਤਾ ਨਹੀਂ ਦਿੰਦੇ)
ਨੋਟ:- ਹਰ ਇਕ ਗੁਰਮਤਿ ਪ੍ਰੇਮੀ ਨੂੰ ਗੁਰਮਤਿ ਨੂੰ ਵਿਗਾੜਨ ਵਾਲੇ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਸੁਚੇਤ ਹੋਣ ਦੀ ਜਰੂਰਤ ਹੈ।ਇਸ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕਿਸੇ (ਨਕਲੀ) ਮਿਸ਼ਨਰੀ ਕਾਲੇਜ ਵਾਲੇ ਕਰਮ ਕਾਂਡਾਂ ਵੱਲੋਂ ਤਾਂ ਸਿੱਖਾਂ ਨੂੰ ਜਾਗਰੁਕ ਕਰ ਰਹੇ ਹਨ ਇਸ ਲਈ ਗੁਰਬਾਣੀ ਨੂੰ ਵੀ ਇਸ ਦੇ ਸਹੀ ਅਰਥਾਂ ਵਿੱਚ ਹੀ ਪ੍ਰਚਾਰ ਰਹੇ ਹੋਣਗੇ।ਅਸਲੀਅਤ ਇਹ ਹੈ ਕਿ ਇਹ ਲੋਕ ਗੁੱਝੇ ਰੂਪ ਵਿੱਚ ਸਿੱਖਾਂ ਵਿੱਚ ਨਾਸਤਿਕਤਾ ਫੈਲਾ ਰਹੇ ਹਨ।ਕਰਮ ਕਾਂਡਾਂ ਵੱਲੋਂ ਸੁਚੇਤ ਕਰਨ ਵਾਲੇ ਚੰਗੇ ਕੰਮ ਦੀ ਆੜ ਵਿੱਚ ਇਹ ਸਿੱਖਾਂ ਨੂੰ ਗੁਰਮਤਿ ਸਿਧਾਂਤਾਂ ਤੋਂ ਦੂਰ ਕਰ ਰਹੇ ਹਨ।ਸੁਚੇਤ ਹੋਣ ਦੀ ਲੋੜ ਹੈ ਕਿ ਕਿਧਰੇ ਇਹ ਸਿੱਖੀ ਭੇਸ ਵਿੱਚ ਕਿਸੇ ਅਨ-ਮੱਤ ਦੀ ਘੁਸਪੈਠ ਤਾਂ ਨਹੀਂ
ਜਸਬੀਰ ਸਿੰਘ ਵਿਰਦੀ                      15-02-2015
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.