ਗੁਰਬਾਣੀ ਵਿਆਕਰਣ ਦੀ ਅਹਿਮੀਅਤ-2 :-
ਸ: ਹਰਦੇਵ ਸਿੰਘ ਜੰਮੂ ਜੀ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ! ਆਪ ਜੀ ਦੇ ਲੇਖ “ਗੁਰਬਾਣੀ ਵਿਆਕਰਣ ਦੀ ਅਹਿਮੀਅਤ” ਛਪਣ ਨਾਲ ਕੁਝਕੁ ਗੱਲਾਂ ਕਲੀਅਰ ਹੋਈਆਂ ਹਨ ਕਿ ਤੁਹਾਡੇ ਅਤੇ ਮੇਰੇ ਵਿਚਾਰਾਂ ਵਿੱਚ ਕਿੱਥੇ ਅਤੇ ਕੀ ਫਰਕ ਹੈ।ਦਰ ਅਸਲ ਇਹ ਫਰਕ ਗ਼ਲਤ ਫਹਿਮੀ ਕਰਕੇ ਪਇਆ ਲੱਗਦਾ ਹੈ।
ਲੇਖ ਵਿੱਚ ਆਪ ਜੀ ਨੇ ਸ਼ਬਦ ਵਰਤੇ ਸਨ- “ਭੇਖੀ ਬਾਬੇ ਅਤੇ ਕੁਝ ਸੱਜਣ”।ਸ਼ਾਇਦ ਮੇਰੇ ਸਮਝਣ ਵਿੱਚ ਫਰਕ ਰਹਿ ਗਿਆ।ਮੈਂ, ਚਿੱਟੇ ਚੋਲੇ ਅਤੇ ਨੰਗੀਆਂ ਲੱਤਾਂ ਵਾਲਿਆਂ ਨੂੰ ਭੇਖੀ ਬਾਬੇ ਮੰਨਦਾ ਹੋਇਆ ਅਤੇ ਦੂਸਰੀ ਕੈਟੇਗਰੀ ਅਜੋਕੇ ਅਖੌਤੀ (ਦੋ ਨੰਬਰ ਦੇ) ਮਿਸ਼ਨਰੀਆਂ ਦੀ, ਜਿਨ੍ਹਾਂ ਦਾ ਮੁਖ ਪ੍ਰਚਾਰ ਕੇਂਦਰ ਲੁਧਿਆਣੇ ਕੋਲ ਦੇ ਇਕ ਇਲਾਕੇ ਵਿੱਚ ਹੈ, ਜਿਹੜੇ ਆਪਣੀ ਬਣੀ ਸੋਚ ਮੁਤਾਬਕ ਗੁਰਬਾਣੀ ਅਰਥ ਘੜਕੇ ਪ੍ਰਚਾਰ ਰਹੇ ਹਨ, ਉਨ੍ਹਾਂ ਸਾਰਿਆਂ ਨੂੰ “ਕੁਝ ਸੱਜਣ” ਵਾਲੀ ਕੈਟੇਗਰੀ ਵਿੱਚ ਰੱਖ ਕੇ ਮੈਂ ਵਿਚਾਰ ਦੇ ਦਿੱਤੇ ਸਨ।ਆਪ ਜੀ ਨੇ ‘ਟਰੋਂਟੋ ਦੇ ਇਕ ਸੱਜਣ’ ਦਾ ਜ਼ਿਕਰ ਕੀਤਾ ਹੈ ਤਾਂ ਮੈਨੂੰ ਸਮਝ ਆਈ ਹੈ ਕਿ ਮੇਰੀ ਗ਼ਲਤੀ ਕਿੱਥੇ ਸੀ।ਵੀਰ ਜੀ! ਤੁਸੀਂ ਬਿਲਕੁਲ ਠੀਕ ਕਿਹਾ ਹੈ, ਟਰੋਂਟੋ ਵਾਲੇ ਇਹ (ਵਿਦਵਾਨ?) ਸੱਜਣ ਜੀ ਗੁਰਬਾਣੀ ਨਾਲ ਬਹੁਤ ਜਿਆਦਾ ਛੇੜ-ਛਾੜ ਕਰ ਰਹੇ ਹਨ।ਦਰ ਅਸਲ ਸ: ਜੰਮੂ ਜੀ!
ਮੈਂ ਸਮਝਦਾ ਹਾਂ ਕਿ ਗੁਰਬਾਣੀ ਨਾਲ ਛੇੜ-ਛਾੜ ਕਰਨ ਵਾਲੇ ਹੋਰ ਵੀ ਬਹੁਤ ਸਾਰੇ ਸੱਜਣ ਹਨ।ਕੋਈ ਆਪਣੇ ਨਾਮ ਨਾਲ ‘ਵੀਰ’ ਲਿਖਕੇ ਪ੍ਰਚਾਰ ਕਰ ਰਿਹਾ ਹੈ, ਕੋਈ ਪ੍ਰਿੰਸੀਪਲ, ਕੋਈ ਪ੍ਰੋਫੈਸਰ, ਅਤੇ ਕੋਈ ਪਰਿਵਾਰ ਲਿਖਕੇ ਪ੍ਰਚਾਰ ਕਰ ਰਿਹਾ ਹੈ।ਕੋਈ ਡੂੰਘੇ ਭਾਵਾਰਥਾਂ ਦੇ ਨਾਂ ਤੇ ਗੁਰਬਾਣੀ ਨਾਲ ਛੇੜ-ਛਾੜ ਕਰੀ ਜਾਂਦਾ ਹੈ ਅਤੇ ਕੋਈ ‘ਪ੍ਰੋਢਾਵਾਦ’ ਦੇ ਨਾਂ ਤੇ।ਜਰੂਰੀ ਨਹੀਂ ਕਿ ਕੋਈ ਗੁਰਬਾਣੀ ਤੁਕਾਂ ਨੂੰ ਆਪਣੀ ਮਰਜ਼ੀ ਮੁਤਾਬਕ ਲਿਖ /ਬੋਲਕੇ ਪੇਸ਼ ਕਰੇ ਤਾਂ ਹੀ ਗੁਰਬਾਣੀ ਨਾਲ ਛੇੜ-ਛਾੜ ਹੈ।ਬਲਕਿ ਗੁਰਬਾਣੀ ਦੇ ਜਾਣ ਬੁਝ ਕੇ ਆਪਣੀ ਮਰਜੀ ਦੇ ਅਰਥ ਕਰਕੇ ਪ੍ਰਚਾਰਨੇ ਵੀ ਗੁਰਬਾਣੀ ਨਾਲ ਛੇੜ-ਛਾੜ ਹੀ ਹੈ।
ਇਹ ਟਰੋਂਟੋ ਵਾਲੇ ਸੱਜਣ ਜੀ ਅਰਥ ‘ਘੜਨ’ ਲੱਗੇ ਵਿਆਕਰਣ ਆਧਾਰਿਤ ਅਰਥ ਕਰਨ ਦਾ ਭੁਲੇਖਾ ਪਾਉਂਦੇ ਹਨ।ਪਰ ਅਸਲ ਵਿੱਚ ਇਨ੍ਹਾਂ ਨੂੰ ਖੁਦ ਨੂੰ ਕੁਝ ਪਤਾ ਨਹੀਂ ਕਿ ਗੁਰਬਾਣੀ-ਵਿਆਕਰਣ ਹੈ ਕੀ।ਕਿਹੜੀ ਲਗ ਮਾਤਰਾ ਵਿਆਕਰਣ ਦੇ ਕਿਸ ਨਿਯਮ ਤਹਤ ਕਿਸ ਤਰ੍ਹਾਂ ਲੱਗਣੀ ਹੈ, ਇਸ ਬਾਰੇ ਇਨ੍ਹਾਂਨੂੰ ਕੁਝ ਨਹੀਂ ਪਤਾ।ਅਰਥ ਕਰਨ ਲੱਗੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਵਿੱਚੋਂ ਹੋਰ ਹੋਰ ਸ਼ਬਦ ਲਭਕੇ ਵਿਚਾਰ ਅਧੀਨ ਸ਼ਬਦ ਦੇ ਅਰਥਾਂ ਵਿੱਚ ਆਪਣੇ ਮੁਤਾਬਕ ਅਰਥ ਫਿੱਟ ਕਰ ਦਿੰਦੇ ਹਨ।ਸੋ ਇਸ ਸੱਜਣ ਜੀ ਦੇ ਅਰਥ ਓਪਰੀ ਨਜ਼ਰੇ ਲੱਗਦਾ ਹੈ ਕਿ ਵਿਆਕਰਣ ਅਨੁਸਾਰ ਕੀਤੇ ਗਏ ਹਨ।
ਗੁਰਬਾਣੀ ਵਿੱਚ ਗੰਧਲਾਪਨ ਰਲਾਏ ਜਾਣ ਸੰਬੰਧੀ ਤੁਸੀਂ ਜਿਹੜੇ ਚਾਰ ਨੁਕਤੇ ਲਿਖੇ ਹਨ, ਤੁਹਾਡੇ ਉਹ ਚਾਰੋ ਨੁਕਤੇ ਸਹੀ ਹਨ, ਅਤੇ ਟਰੋਂਟੋ ਵਾਲੇ ਇਸ ਸੱਜਣ ਜੀ ਤੇ ਪੂਰੀ ਤਰ੍ਹਾਂ ਢੁਕਦੇ ਹਨ।ਮਿਸਾਲ ਦੇ ਤੌਰ ਤੇ ਇਸ ਸੱਜਣ ਜੀ ਦੇ ਕੀਤੇ ਅਰਥਾਂ ਵਿੱਚੋਂ ਇਕ ਛੋਟੀ ਜਿਹੀ ਉਦਾਹਰਣ ਪੇਸ਼ ਕਰ ਰਿਹਾ ਹਾਂ-
(1165 ਪੰਨੇ ਤੇ ਨਾਮਦੇਵ ਜੀ ਦੇ ਸ਼ਬਦ ਦੇ ਕੀਤੇ ਗਏ ਅਰਥਾਂ ਵਿੱਚੋਂ-)
‘ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਨੀ॥14॥’
ਪਦ ਅਰਥ ਅਤੇ ਅਰਥ (ਟਰੋਂਟੋ ਵਾਲੇ ਸੱਜਣ ਜੀ)-
ਸਾਤ- ਤੇਜ (ਇੰਗਲਿਸ਼- ਫਾਸਟ)
ਅਰਥ- ਜੀਵਣ ਦਾ ਸਮਾਂ ਬਹੁਤ ਸੀਮਿਤ ਹੈ, *ਤੇਜ* ਹੈ ਅਤੇ ਜਦੋਂ ਅੰਤ ਸਮੇਂ ਇਹ ਸੋਚਣਾ ਕਿ॥ ਅਜੇ ਤ੍ਰਿਲੋਕੀ ਦੇ ਮਾਲਕ ਦੀ ਬਖਸ਼ਿਸ਼ ਦੀ *ਸਮਝ* ਹੀ ਨਹੀਂ ਪਈ ਤਾਂ ਉਸ ਵੇਲੇ ਸਮਾਂ ਬੀਤ ਚੁੱਕਾ ਹੋਣਾ। ਫਿਰ ਜੀਵਨ ਦੇ ਲਕਸ਼ ਦੀ ਪ੍ਰਾਪਤੀ ਨਹੀਂ ਹੋਣੀ।
ਵਿਚਾਰ:- ਦੇਖੋ ਟਰੋਂਟੋ ਵਾਲੇ ਇਹ ਸੱਜਣ ਜੀ ਕਿਵੇਂ ਅਰਥਾਂ ਦੇ ਅਨਰਥ ਕਰਦੇ ਹਨ।ਇਨ੍ਹਾਂ ਦਾ ਮੁਖ ਮਕਸਦ ਹੀ ਗੁਰਬਾਣੀ ਵਿੱਚ ਗੰਧਲਾਪਨ ਰਲਾਉਣਾ ਹੈ।
ਮਹਾਨ ਕੋਸ਼ ਵਿੱਚ ‘ਸਾਤ’ ਦਾ ਅਰਥ ਸੱਤ (7) ਲਿਖਿਆ ਹੈ। ਅਤੇ ‘ਸਾਤ’ ਸ਼ਬਦ ਲਈ ਭਾਈ ਨਾਭਾ ਜੀ ਨੇ ਉੱਪਰ ਦਿੱਤੇ ਸ਼ਬਦ ਵਿੱਚੋਂ ਹੀ ਉਦਾਹਰਣ ਦਿੱਤੀ ਹੈ
“ਸਾਤ ਘੜੀ ਜਬ ਬੀਤੀ ਸੁਨੀ॥ (ਭੈਰਉ ਨਾਮਦੇਵ)” ਅਰਥਾਤ ਨਾਭਾ ਜੀ ਨੇ ‘ਸਾਤ’ ਦਾ ਅਰਥ ‘ਗਿਣਤੀ ਵਾਲਾ ਸੱਤ’ ਲਿਖਿਆ ਹੈ।ਮਹਾਨ ਕੋਸ਼ ਵਿੱਚ ਇਸੇ ‘ਸਾਤ’ ਦੇ ਅਰਥ ਨੰਬਰ 4 ਤੇ ‘ਸ਼ਾਤ’ (ਸੰਸਕ੍ਰਿਤ) ਦੇ ਅਰਥ ਲਿਖੇ ਹਨ = ਤਿੱਖਾ, ਤੇਜ਼” ਪਰ ਇਹ ਸੱਜਣ ਜੀ (ਚਾਕੂ ਦੀ ਧਾਰ ਵਾਲਾ) ਤੇਜ, ‘ਤਿੱਖਾ’ ਸਮਝਣ ਦੀ ਬਜਾਏ ‘ਭੁਲੇਖੇ ਨਾਲ (ਸਮੇਂ ਦੀ ਰਫਤਾਰ ਵਾਲਾ) ‘ਤੇਜ, ਰਫਤਾਰ’ ਸਮਝ ਬੈਠੇ।ਅਤੇ (ਗੁਰਬਾਣੀ ਵਿੱਚ ਰਲਾ ਪਾਉਣ ਦੇ ਮਕਸਦ ਨਾਲ), ਅਸਲੀ ਅਰਥ ‘7 (ਗਿਣਤੀ ਦਾ ਸੱਤ)’ ਦੇ ਥਾਂ ਤੇ ਅਰਥ ਘੜਨ ਦੇ ਮਾਹਰ ਇਸ ਸੱਜਣ ਜੀ ਨੇ ਸਮੇਂ ਦੀ ਤੇਜ ਰਫਤਾਰ’ ਵਾਲੇ ਅਰਥ ਬੜੀ ਖੂਬੀ ਨਾਲ ਫਿੱਟ ਕਰ ਦਿੱਤੇ ਹਨ।
ਇਸੇ ਇਕ ਤੁਕ ਵਿੱਚ ਹੀ ਟਰੋਂਟੋ ਵਾਲੇ ਸੱਜਣ ਜੀ ਦੀ ਵਿਆਕਰਣ ਅਤੇ ਅਰਥਾਂ ਦਾ ਹੋਰ ਨਮੂੰਨਾ ਦੇਖੋ- ਸੁਣੀ ਦੇ ਅਰਥ- ਸੋਚਣਾ। ਅਜਹੂ ਨਾ ਆਇਓ- ਸਮਝ ਨਹੀਂ ਪਈ, (ਜੀਵਨ ਦੇ ਲਕਸ਼ ਦੀ) ਪਰਾਪਤੀ ਨਹੀਂ ਹੋਣੀ।ਤ੍ਰਿਭਵਣ ਧਨੀ- ਜੀਵਨ ਦਾ ਲਕਸ਼, ਮਾਲਿਕ ਦੀ ਬਖਸ਼ਿਸ਼।
ਟਰੋਂਟੋ ਵਾਲੇ ਇਸ ਸੱਜਣ ਜੀ ਦੇ ਅਰਥਾਂ ਦੀ ਇਹ ਇਕ ਛੋਟੀ ਜਿਹੀ ਮਿਸਾਲ ਦਿੱਤੀ ਗਈ ਹੈ।ਇਨ੍ਹਾਂ ਦੇ ਸਾਰੇ ਦੇ ਸਾਰੇ ਅਰਥ ਇਸੇ ਕਿਸਮ ਦੇ ਹੀ ਹੁੰਦੇ ਹਨ।ਇਹ ਸੱਜਣ ਜੀ ਅਰਥ ਨਹੀਂ ਕਰਦੇ ਬਲਕਿ ਅਸਲੀ ਅਰਥਾਂ ਨੂੰ ਵਿਗਾੜਨ ਦੇ ਮਕਸਦ ਨਾਲ, ਵੱਖ ਵੱਖ ਡਿਕਸ਼ਨਰੀਆਂ ਵਿੱਚੋਂ ਅਰਥ ਲਭਕੇ ਦੇਖਦੇ ਹਨ ਕਿ ਅਰਥ ਵਿਗਾੜਨ ਲਈ ਕਿਹੜਾ ਅਰਥ ਫਿੱਟ ਕੀਤਾ ਜਾ ਸਕਦਾ ਹੈ।ਇਕ ਸੰਪਾਦਕ ਜੀ ਨੇ ਇਨ੍ਹਾਂਨੂੰ ਵਿਦਵਾਨ ਹੋਣ ਦੀ ਝੂਠੀ ਫੂਕ ਦੇ ਰੱਖੀ ਹੈ, ਉਸੇ ਛਹਿ ਤੇ ਇਹ ਸੱਜਣ ਜੀ ਮਹਾਨ ਵਿਦਵਾਨ ਬਣੇ ਬੈਠੇ ਹਨ।
ਸ: ਜੰਮੂ ਜੀ! ਜਿੱਥੋਂ ਤੱਕ ਮੈਂ ਸਮਝਦਾ ਹਾਂ, ਤੁਹਾਡੇ ਵੱਲੋਂ ਇਹ ਗ਼ਲਤ ਫਹਿਮੀ ਹੋਈ ਹੈ, ਤੁਸੀਂ ਭੁਲੇਖਾ ਖਾ ਗਏ ਕਿ ਇਹ ਸੱਜਣ ਜੀ ਵਿਆਕਰਣ ਆਧਾਰਿਤ ਅਰਥ ਕਰਦੇ ਹਨ, ਸ਼ਾਇਦ ਇਸ ਲਈ ਤੁਸੀਂ ਲੇਖ ਵਿੱਚ ਵਿਆਕਰਣ ਦੀ ਲਿਮਿਟ ਤੈਅ ਕਰਨ ਦੀ ਗੱਲ ਕੀਤੀ ਹੈ।
ਜੇ ਇਸ ਤੋਂ ਇਲਾਵਾ ਆਪ ਜੀ ਨੂੰ ਮੇਰੇ ਵਿਚਾਰਾਂ ਵਿੱਚ ਕੁਝ ਗ਼ਲਤ ਲੱਗਦਾ ਹੈ ਤਾਂ ਵਿਚਾਰ ਵਟਾਂਦਰੇ ਦੇ ਜਰੀਏ ਫਰਕ ਦੂਰ ਕੀਤਾ ਜਾ ਸਕਦਾ ਹੈ।
ਵਿਆਕਰਣ ਸੰਬੰਧੀ ਆਪਣੇ ਲੇਖ “ਵਿਆਕਰਣ ਦੀ ਅਹਿਮੀਅਤ’ ਵਿੱਚ ਮੈਂ ਜੋ ਵਿਚਾਰ ਦਿੱਤੇ ਹਨ, ਮੈਂ ਉਨ੍ਹਾਂ ਵਿਚਾਰਾਂ ਤੇ ਪੂਰੀ ਤਰ੍ਹਾਂ ਕਾਇਮ ਹਾਂ।ਟਰੋਂਟੋ ਵਰਗੇ ਇਨ੍ਹਾਂ ਵਿਦਵਾਨਾਂ (ਅਖੌਤੀ ਮਿਸ਼ਨੀਆਂ) ਤੋਂ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।
ਜਸਬੀਰ ਸਿੰਘ ਵਿਰਦੀ 24-01-2015