ਗੁਰਬਾਣੀ ਵਿਆਕਰਣ ਦੀ ਅਹਿਮੀਅਤ:-
ਪ੍ਰੋ: ਸਾਹਿਬ ਸਿੰਘ ਜੀ ਦੇ ਗੁਰਬਾਣੀ ਦਰਪਣ ਤੋਂ ਪਹਿਲਾਂ ਦੇ ਤਕਰੀਬਨ ਸਾਰੇ ਟੀਕੇ ਮਨਘੜਤ ਕਹਾਣੀਆਂ ਜੋੜ ਕੇ ਹੀ ਲਿਖੇ ਗਏ ਹਨ।ਪ੍ਰੋ: ਸਾਹਿਬ ਸਿੰਘ ਜੀ ਦੇ ਵਿਆਕਰਣ ਆਧਾਰਿਤ ਗੁਰਬਾਣੀ ਟੀਕੇ ਤੋਂ ਬਾਅਦ ਮਨਘੜਤ ਕਹਾਣੀਆਂ ਜੋੜਨ ਵਿੱਚ ਕਾਫੀ ਰੁਕਾਵਟ ਪਈ ਹੈ।ਪਰ ਹੁਣ ਅਜੋਕੇ ਸਮੇਂ ਇਕ ਹੋਰ ਨਵਾਂ ਤਬਕਾ ਪੈਦਾ ਹੋ ਗਿਆ ਹੈ, ਜਿਹੜਾ ਆਪਣੇ ਆਪ ਨੂੰ ਜਿਆਦਾ ਪੜ੍ਹਿਆ ਲਿਖਿਆ ਅਤੇ ਦੁਸਰਿਆਂ ਨਾਲੋਂ ਆਪਣੇ ਆਪ ਨੂੰ ਵੱਧ ਸੁਚੇਤ ਸਮਝਦਾ ਹੈ।ਇਨ੍ਹਾਂ ਨੂੰ ਗੁਰਬਾਣੀ ਦੇ ਬਹੁਤ ਸਾਰੇ ਸੰਕਲਪ ਸਮਾ ਵਿਹਾ ਚੁੱਕੇ ਲੱਗਦੇ ਹਨ।ਇਸ ਲਈ ਕਿਸੇ ਤਰੀਕੇ ਨਾਲ ਗੁਰਬਾਣੀ ਅਰਥਾਂ ਨੂੰ ਬਦਲ ਕੇ ਆਪਣੀ ਸੋਚ ਮੁਤਾਬਕ ਨਵੇਂ ਹੀ ਅਰਥ ਪ੍ਰਚਾਰਨੇ ਚਾਹੁੰਦੇ ਹਨ।
ਪਰ, ਇਕ ਪਾਸੇ ਗੁਰਬਾਣੀ ਸ਼ਬਦਾਂ ਦੇ ਨਾਲ ਮਨਘੜਤ ਕਹਾਣੀਆਂ ਜੋੜਨ ਵਾਲਿਆਂ ਨੂੰ ਅਤੇ ਦੂਜੇ ਪਾਸੇ ਇਹ ਅਜੋਕੇ ਸਮੇਂ ਦੇ ਅਖੌਤੀ ਵਿਦਵਾਨ ਜਿਨ੍ਹਾਂ ਨੇ ਆਪਣੀ ਸਹੂਲਤ ਅਤੇ ਮਰਜੀ ਮੁਤਾਬਕ ਗੁਰਮਤਿ ਫਲੌਸਫੀ ਨੂੰ ਬਦਲਣ ਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ, ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਦੇ ਰਾਹ ਵਿੱਚ ਪ੍ਰੋ: ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਕਰਣ ਬਹੁਤ ਵਡੀ ਰੁਕਾਵਟ ਬਣੀ ਹੋਈ ਹੈ। ਕਿਸੇ ਨਾ ਕਿਸੇ ਬਹਾਨੇ ਵਿਆਕਰਣ ਦੀ ਬੰਧਿਸ਼ ਤੋਂ ਛੁਟਕਰਾ ਪਾਉਣਾ ਚਾਹੁੰਦੇ ਹਨ।ਪਰ ਅਫਸੋਸ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਤੋਂ ਵੱਖਰੇ, ਇਕ ਸੁਹਿਰਦ ਸੱਜਣ ਸ: ਹਰਦੇਵ ਸਿੰਘ ਜੰਮੂ ਜੀ ਵੀ ਪਤਾ ਨਹੀਂ ਕਿਉਂ, ਗੁਰਬਾਣੀ ਵਿਆਕਰਣ ਨੂੰ ਨਜ਼ਰ-ਅੰਦਾਜ ਕਰਨ ਲਈ ਦਲੀਲਾਂ ਦੇ ਰਹੇ ਹਨ।(ਨੋਟ:- ਮੈਂ ਹਰਦੇਵ ਸਿੰਘ ਜੰਮੂ ਜੀ ਦੀ ਦਿਲੋਂ ਕਦਰ ਕਰਦਾ ਹਾਂ, ਕਿਉਂਕਿ ਉਹ ਜੋ ਕੁਝ ਲਿਖਦੇ ਹਨ ਸਾਫ ਦਿਲੋਂ ਲਿਖਦੇ ਹਨ।ਜਾਣ ਬੁਝਕੇ ਕਿਸੇ ਨਿਜੀ ਮਕਸਦ ਤਹਤ ਗੁਰਬਾਣੀ ਨਾਲ ਖਿਲਵਾੜ ਨਹੀਂ ਕਰਦੇ।ਵਿਚਾਰਾਂ ਦਾ ਵਖਰੇਵਾਂ ਹੋਣਾ ਕੁਦਰਤੀ ਗੱਲ ਹੈ)।
ਜੰਮੂ ਜੀ ਲਿਖਦੇ ਹਨ- ਸੁਣਨ ਵਿੱਚ ਅਨਪੜ੍ਹ ਬੰਦੇ ਨੂੰ ਛੋਟੀ-ਵਡੀ ਸਿਹਾਰੀ ਜਾਂ ਛੋਟੇ-ਵਡੇ ‘ੳ’ ਦੀ ਮਾਤਰਾ ਆਦਿ ਦਾ ਗਿਆਨ ਨਹੀਂ ਸੀ ਹੁੰਦਾ।ਫਿਰ ਵੀ ਪੜ੍ਹਨ-ਲਿਖਣ ਤੋਂ ਅਸਮਰਥ ਉਹ ਬੰਦੇ, ਅੱਜ ਦੇ ਪੰਜਾਬੀ ਪੜ੍ਹਨ-ਲਿਖਣ ਵਾਲਿਆਂ ਨਾਲੋਂ ਵੱਧ ਗੁਰੂ ਦੇ ਨੇੜੇ ਸੀ।.. ਬਾਣੀ ਦੀਆਂ ਲਗਾਂ ਮਾਤ੍ਰਾਵਾਂ ਨੂੰ ਪੜ੍ਹ ਸਕਣ ਤੋਂ ਅਸਮਰਥ ਉਹ ਸਿੱਖ ਕਾਵਿ ਰੂਪ ਬਾਣੀ ਨੂੰ ਕਿਵੇਂ ਸਮਝ, ਉਸ ਨਾਲ ਡੂੰਘੀ ਸਾਂਝ ਪਾ ਲੈਂਦੇ ਸੀ?...ਲਗਾਂ ਮਾਤ੍ਰਾਵਾਂ ਦੀ ਜਾਣਕਾਰੀ ਬਿਨਾ ਹੀ ਲੋਕਾਈ ਬਾਣੀ ਨੂੰ ਸਮਝ ਲੈਂਦੀ ਸੀ …ਵਿਸ਼ੇਸ਼ ਰੂਪ ਵਿੱਚ ਉਸ ਵੇਲੇ, ਜਿਸ ਵੇਲੇ ਕਿ ਕੇਵਲ ਬੋਲਣ ਜਾਂ ਸੁਣਨ ਵਿੱਚ ਲਗਾਂ-ਮਾਤ੍ਰਾਵਾਂ ਦਾ ਪੂਰਾ ਉੱਚਾਰਣ-ਬੋਧ ਵੀ ਨਾ ਹੁੰਦਾ ਹੋਵੇ, ਅਤੇ ਵਿਆਕਰਣ ਦਾ ਬਾਣੀ ਦੇ ਅਰਥਾਂ ਪੁਰ ਡੂੰਘਾ ਅਸਰ ਦੱਸਿਆ ਜਾਂਦਾ ਹੋਵੇ”।
ਜੰਮੂ ਜੀ ਕੁਝਕੁ ਗੱਲਾਂ ਨੂੰ ਗਹਿਰਾਈ ਵਿੱਚ ਸੋਚੇ ਬਿਨਾ ਹੀ ਵਿਚਾਰ ਦੇ ਰਹੇ ਹਨ।ਪਹਿਲੀ ਤਾਂ ਗੱਲ ਇਹ ਹੈ ਕਿ ਸਮਾਂ ਕੋਈ ਵੀ ਹੋਵੇ ਅੱਜ ਤੋਂ ਪੰਜ-ਛੇ ਸੌ ਸਾਲ ਪਹਿਲਾਂ ਦਾ ਜਾਂ ਅੱਜ ਦਾ, ਜਿਹੜੀ ਸਮੇਂ ਦੀ ਆਮ ਬੋਲ-ਚਾਲ ਦੀ ਬੋਲੀ ਹੁੰਦੀ ਹੈ, ਕੋਈ ਅਨਪੜ੍ਹ ਹੋਵੇ ਜਾਂ ਪੜ੍ਹਿਆ ਲਿਖਿਆ, ਕੋਈ ਬੱਚਾ ਹੋਵੇ ਜਾਂ ਬੁੱਢਾ, ਸਹੀ ਉਚਾਰਣ ਅਤੇ ਸੁਣ ਕੇ ਸਮਝਣ ਦਾ ਵੱਲ ਹਰ ਇਕ ਨੂੰ ਆ ਜਾਂਦਾ ਹੈ।ਜਿਵੇਂ ‘ਗੋਲੀ’ ਅਤੇ ‘ਗੋੱਲੀ’ ਵਿੱਚਲੇ ਫਰਕ ਨੂੰ ਪੜ੍ਹਨ-ਲਿਖਣ ਪੱਖੋਂ ਕੋਈ ਅਨਪੜ੍ਹ ਬੇਸ਼ੱਕ ਨਾ ਸਮਝ ਸਕਦਾ ਹੋਵੇ ਪਰ ਸੁਣਕੇ ਇਸ ਫਰਕ ਨੂੰ ਸਹਿਜੇ ਹੀ ਪਛਾਣ ਸਕਦਾ ਹੈ।ਮਿਸਾਲ ਦੇ ਤੌਰ ਤੇ ਜੇ ਕੋਈ ਕਹੇ ਕਿ:-
ਰਾਜੇ ਨੇ ‘ਗੋਲੀ’ ਨੂੰ ਇਨਾਮ ਦਿੱਤਾ ਤਾਂ ਅਨਪੜ੍ਹ ਬੰਦੇ ਨੂੰ ਵੀ ਪਤਾ ਲੱਗ ਜਾਵੇਗਾ ਕਿ-ਰਾਜੇ ਨੇ ‘ਗੋੱਲੀ’ ਨੂੰ ਇਨਾਮ ਦਿੱਤਾ ਕਹਿਣਾ ਚਾਹੀਦਾ ਸੀ।ਇਸੇ ਤਰ੍ਹਾਂ-
ਉਹ ‘ਗੋੱਲੀ’ ਨਾਲ ਜ਼ਖਮੀ ਹੋ ਗਿਆ, ਕਹਿਣਾ ਗ਼ਲਤ ਹੈ, ਅਸਲ ਵਿੱਚ- ਉਹ ‘ਗੋਲੀ’ ਨਾਲ ਜ਼ਖਮੀ ਹੋ ਗਿਆ ਹੋਣਾ ਚਾਹੀਦਾ ਹੈ।ਇਸੇ ਤਰ੍ਹਾਂ ‘ਉੱਠ’ ਕਿੱਲੇ ਨਾਲ ਬੱਝਾ ਹੈ ਗ਼ਲਤ ਹੈ ‘ਊਠ’ ਕਿੱਲੇ ਨਾਲ ਬੱਝਾ ਹੈ ਠੀਕ ਹੈ।ਉਹ ‘ਊਠ ਕੇ’ ਖੜਾ ਹੋਇਆ ਗ਼ਲਤ ਹੈ।‘ਉੱਠ ਕੇ’ ਖੜਾ ਹੋਇਆ’ ਹੋਣਾ ਚਾਹੀਦਾ ਹੈ।
ਇਹ ਫਰਕ ਅਨਪੜ੍ਹ ਅਤੇ ਬੱਚਾ ਵੀ ਸਮਝ ਸਕਦਾ ਹੈ ਅਤੇ ਉਨ੍ਹਾਂ ਵੱਲੋਂ ਵੀ ਸ਼ਬਦਾਂ ਦਾ ਸਹੀ ਉਚਾਰਣ ਹੀ ਕੀਤਾ ਜਾਂਦਾ ਹੈ।ਇਸੇ ਤਰ੍ਹਾਂ- ਜਿਦ, ਜਿੰਦ, ਜੀਂਦ, ਜਿਦਾਂ ਆਦਿ ਦੇ ਫਰਕ ਲਿਖਣ-ਪੜ੍ਹਨ ਪੱਖੋਂ ਅਨਪੜ੍ਹ ਨੂੰ ਬੇਸ਼ੱਕ ਨਾ ਪਤਾ ਹੋਣ, ਪਰ ਸੁਣਕੇ ਇਨ੍ਹਾਂ ਦਾ ਫਰਕ ਸਮਝਣ ਵਿੱਚ ਅਤੇ ਉਚਾਰਣ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ।ਜੰਮੂ ਜੀ ਨੂੰ ਭੁਲੇਖਾ ਇਸ ਲਈ ਲੱਗ ਰਿਹਾ ਹੈ- ਜਦੋਂ ਗੁਰਬਾਣੀ ਲਿਖੀ ਗਈ ਸੀ ਜੰਮੂ ਜੀ ਉਸ ਸਮੇਂ ਨੂੰ ਜ਼ਹਨ ਵਿੱਚ ਰੱਖੇ ਬਿਨਾ ਹੀ ਵਿਚਾਰ ਦੇ ਰਹੇ ਹਨ।ਅੱਜ ਤੋਂ ਪੰਜ ਸੌ ਸਾਲ ਪਹਿਲਾਂ ਦੀ ਬੋਲੀ ਵਿੱਚ ਅਤੇ ਹੁਣ ਦੀ ਬੋਲੀ ਵਿੱਚ ਬਹੁਤ ਫਰਕ ਆ ਚੁੱਕਾ ਹੈ।ਅੱਜ ਦੇ ਸਮੇਂ ਉਸ ਸਮੇਂ ਦੀ ਬੋਲੀ ਸਮਝਣੀ ਬੇਸ਼ਕ ਔਖੀ ਲੱਗਦੀ ਹੈ।ਪਰ ਵਿਆਕਰਣ ਪੱਖੋਂ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਇਹ ਆਮ ਬੋਲ-ਚਾਲ ਦੀ ਭਾਸ਼ਾ ਹੋਣ ਕਰਕੇ ਅਰਥ ਸਮਝਣ ਲਈ ਉਸ ਵਕਤ ਅੱਜ ਵਾਲੀ ਦਿੱਕਤ ਨਹੀਂ ਆਉਂਦੀ ਸੀ।
ਦੂਜਾ, ਗੁਰਬਾਣੀ ਵਿੱਚ ਵਰਤੇ ਗਏ ਅਲਫਾਜ਼ ਉਸ ਵਕਤ ਦੀ ਆਮ ਬੋਲ-ਚਾਲ ਦਾ ਹਿੱਸਾ ਸਨ।ਮਿਸਾਲ ਦੇ ਤੌਰ ਤੇ- “ਗੁਣਾ ਕਾ ਹੋਵੈ ‘ਵਾਸੁਲਾ’ ਕਢਿ ਵਾਸੁ ਲਈਜੈ॥” ਪੰਗਤੀ ਦੇ ਅਰਥ ਕਰਨ ਲੱਗਿਆਂ ਅੱਜ ਕਲ੍ਹ ਦੀ ਪੀੜੀ ਨੂੰ ‘ਵਾਸੁਲਾ’ ਦੇ ਅਰਥ ਡਿਕਸ਼ਨਰੀ ਵਿੱਚੋਂ ਦੇਖਣੇ ਪੈਣਗੇ।ਜਦਕਿ ਅੱਜ ਤੋਂ ਸੱਠ ਸੱਤਰ ਸਾਲ ਪਹਲਾਂ ਤੱਕ ‘ਵਾਸੁਲਾ (ਵਾਂਸੁਲਾ)’, ਦਾ ਅਰਥ ਹਰ ਇੱਕ ਨੂੰ ਪਤਾ ਸੀ।ਪਿਛਲੇ ਸਮਿਆਂ ਵਿੱਚ ਜਦੋਂ ਰੁਪਏ-ਪੈਸੇ ਲੈ ਕੇ ਕਿਤੇ ਦੂਰ ਜਾਣਾ ਹੁੰਦਾ ਸੀ ਤਾਂ ਕੱਪੜੇ ਦੀ ਬਣੀ ਇਕ ਲੰਮੀ ਜਿਹੀ ਥੈਲੀ ਵਿਚ ਰੁਪਏ ਪੈਸੇ ਆਦਿ ਪਾ ਕੇ ਲੱਕ ਨਾਲ ਬੰਨ੍ਹ ਲਈਦੇ ਸਨ, ਜਿਸ ਨਾਲ ਰਸਤੇ ਵਿਚ ਪੈਸੇ ਚੋਰੀ ਹੋਣ ਦਾ ਡਰ ਨਹੀਂ ਸੀ ਰਹਿੰਦਾ।ਕੱਪੜੇ ਦੀ ਉਸ ਲੰਬੀ ਜਿਹੀ ਥੈਲੀ ਨੂੰ ‘ਵਾਸੁਲਾ (ਵਾਂਸੁਲਾ)’ ਕਿਹਾ ਜਾਂਦਾ ਹੈ।ਸੋ ਵਾਸੁਲਾ ਲਫਜ਼ ਆਮ ਹੀ ਬੋਲਿਆ ਜਾਂਦਾ ਸੀ।ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲਫਜ਼ ਹਨ ਜਿਹੜੇ ਉਸ ਵਕਤ ਆਮ ਬੋਲ ਚਾਲ ਵਿੱਚ ਵਰਤੇ ਜਾਂਦੇ ਸਨ ਪਰ ਅੱਜ ਕਲ੍ਹ ਅਲੋਪ ਹੋ ਚੁੱਕੇ ਹਨ।ਇਸ ਲਈ ਅੱਜ ਨਾਲੋਂ ਜਿਆਦਾ ਉਸ ਵਕਤ ਗੁਰਬਾਣੀ ਦੇ ਅਰਥ ਸਹਜੇ ਹੀ ਸਮਝ ਆ ਜਾਂਦੇ ਸਨ।ਅਤੇ ਹੁਣ ਉਹ ਅਰਥ ਸਮਝਣੇ ਮੁਸ਼ਕਿਲ ਲੱਗਦੇ ਹਨ।ਮੁੱਖ ਗੱਲ ਇਹ ਵੀ ਹੈ ਕਿ, ਉਸ ਵਕਤ ਲੋਕ ਗੁਰੂ ਦੀ ਗੱਲ ਨਿਸ਼ਕਾਮਤਾ ਨਾਲ ਅਤੇ ਹਿਰਦੇ ਤੋਂ ਪੜ੍ਹਦੇ, ਸੁਣਦੇ ਮੰਨਦੇ ਸਨ।ਪਰ ਅਜ ਕਲ੍ਹ ਹਰ ਵਿਅਕਤੀ ਆਪਣੇ ਆਪ ਨੂੰ ਦੂਸਰੇ ਨਾਲੋਂ ਵੱਧ ਵਿਦਵਾਨ ਹੋਣ ਦਾ ਪ੍ਰਦਰਸ਼ਨ ਕਰਨ ਵਿੱਚ ਲੱਗਾ ਹੋਇਆ ਹੈ।ਇਸ ਤਰ੍ਹਾਂ ਕਰਨ ਨਾਲ ਗੁਰਬਾਣੀ ਦਾ ਜੋ ਵੀ ਹਸ਼ਰ ਹੁੰਦਾ ਹੈ, ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ।ਅਤੇ ਕਈ ਥਾਈਂ ਅਨ-ਧਰਮੀਆਂ ਵੱਲੋਂ ਘੁਸਪੈਠ ਕਰਕੇ ਗੁਰਬਾਣੀ ਅਰਥਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਸ ਵਕਤ ਕਾਵਿ ਰੂਪ ਬਾਣੀ ਨੂੰ ਅਨਪੜ੍ਹ ਬੰਦੇ ਕਿਵੇਂ ਸਮਝ ਲੈਂਦੇ ਸਨ ਬਾਰੇ:-
ਕਵੀ ਸੰਮੇਲਨ ਅਤੇ ਮੁਸ਼ਾਇਰੇ ਤਾਂ ਮਨੁੱਖ ਦਾ ਸਦੀਆਂ ਪੁਰਾਣਾ ਸ਼ੌਂਕ ਰਿਹਾ ਹੈ।ਕੋਈ ਵੀ ਸ਼ੇਅਰ, ਆਮ ਬੋਲੀ ਨਾਲੋਂ ਹਟ ਕੇ ਜਿੰਨੇ ਜਿਆਦਾ ਡੂੰਘੇ ਭਾਵਾਂ ਵਿੱਚ ਕਿਹਾ ਜਾਂਦਾ ਹੈ ਉਸ ਨੂੰ ਓਨਾ ਹੀ ਵਧੀਆ ਅਤੇ ਵਜ਼ਨਦਾਰ ਮੰਨਿਆ ਜਾਂਦਾ ਹੈ।ਅਤੇ ਮੁਸ਼ਾਇਰਿਆਂ ਵਿੱਚ ਪੜ੍ਹੇ ਲਿਖੇ ਅਤੇ ਅਨਪੜ੍ਹ ਸਾਰੇ ਹੀ ਲੋਕ ਜਾਂਦੇ ਹਨ ਅਤੇ ਸਾਰੇ ਹੀ ਜਾਂਦੇ ਰਹੇ ਹਨ।ਸ਼ੇਅਰ ਨੂੰ ਸਮਝਣ ਲਈ ਵਿਆਕਰਣ ਦੇ ਨਾਲ ਨਾਲ ਇਸ ਦੇ ਡੂੰਘੇ ਭਾਵਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ।ਵਿਆਕਰਣ ਉਸ ਵਕਤ ਦੀ ਆਮ ਬੋਲ ਚਾਲ ਦਾ ਹਿੱਸਾ ਹੋਣ ਕਰਕੇ ਅਨਪੜ੍ਹ ਬੰਦੇ ਨੂੰ ਵਿਆਕਰਣ ਨੂੰ ਸਮਝਣ ਲਈ ਕੋਈ ਵਾਧੂ ਉਚੇਚ ਨਹੀਂ ਸੀ ਕਰਨਾ ਪੈਂਦਾ।ਇਹ ਗੱਲ ਜੰਮੂ ਜੀ ਭੁੱਲ ਰਹੇ ਹਨ ਜਾਂ ਨਜ਼ਰ-ਅੰਦਾਜ ਕਰ ਰਹੇ ਹਨ ਕਿ ਆਮ ਬੋਲ-ਚਾਲ ਦੀ ਬੋਲੀ ਵਿੱਚ ਵਰਤੀ ਜਾਣ ਵਾਲੀ ਵਿਆਕਰਣ ਤਾਂ ਹਰ ਇਕ ਨੂੰ ਵਿਰਸੇ ਵਿੱਚ ਮਿਲ ਜਾਂਦੀ ਹੈ ਜਿਸ ਨੂੰ ਕਿ ਬਚਪਨ ਤੋਂ ਹੀ ਹਰ ਕੋਈ ਸੁਭਾਵਕ ਹੀ ਸਿੱਖੀ ਜਾਂਦਾ ਰਹਿੰਦਾ ਹੈ।
ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਗੁਰੂ ਸਾਹਿਬਾਂ ਦੇ ਵਕਤ ਵੀ ਸਾਰੀ ਦੁਨੀਆਂ ਅਨਪੜ੍ਹ ਨਹੀਂ ਸੀ।ਮੰਨਿਆ ਕਿ ਉਸ ਵਕਤ ਪੜ੍ਹੇ ਲਿਖਿਆਂ ਦੀ ਗਿਣਤੀ ਬਹੁਤ ਘੱਟ ਸੀ।ਪਰ ਜਿਹੜੇ ਕੁਝ ਲੋਕ ਪੜ੍ਹੇ ਲਿਖੇ ਸਨ ਉਹ ਤਾਂ ਬਹੁ-ਗਿਣਤੀ ਅਨਪੜ ਲੋਕਾਂ ਨੂੰ ਬਾਣੀ ਪੜ੍ਹਕੇ ਸੁਣਾ ਹੀ ਸਕਦੇ ਸਨ।ਜਦੋਂਕਿ ਸਾਰੀ ਗੁਰਬਾਣੀ, ਵਿਆਕਰਣ ਆਧਾਰਿਤ ਲਿਖੀ ਗਈ ਹੈ, ਅਤੇ ਅਜੋਕੇ ਸਮੇਂ ਪੜ੍ਹ ਲਿਖਕੇ ਵਿਆਕਰਣ ਨੂੰ ਸਮਝਿਆ ਵੀ ਜਾ ਸਕਦਾ ਹੈ ਤਾਂ ਕੋਈ ਜਾਣ ਬੁਝਕੇ ਇਸ ਨੂੰ ਨਜ਼ਰ-ਅੰਦਾਜ ਕਿਉਂ ਕਰੇ? ਕੀ ਜਾਣ ਬੁੱਝਕੇ ਇਸ ਤਰ੍ਹਾਂ ਕਰਨਾ ਅਵਗਿਆ ਨਹੀਂ ਹੋਵੇਗੀ? ਜੇ ਗੁਰੂ ਸਾਹਿਬਾਂ ਨੇ ਬਾਣੀ ਲਿਖਣ ਦੇ ਵਕਤ ਵਿਆਕਰਣ ਨੂੰ ਨਜ਼ਰ-ਅੰਦਾਜ ਨਹੀਂ ਕੀਤਾ ਤਾਂ ਇਸ ਨੂੰ ਪੜ੍ਹਨ ਵੇਲੇ ਨਜ਼ਰ-ਅੰਦਾਜ ਕਿਉਂ ਕੀਤਾ ਜਾਵੇ?
ਹਰਦੇਵ ਸਿੰਘ ਜੰਮੂ ਜੀ ਕੁਝ ਗੁਰਬਾਣੀ ਉਦਾਹਰਣਾਂ ਦੇ ਕੇ ਲਿਖਦੇ ਹਨ ਕਿ- “ਗੁਰਬਾਣੀ ਅੰਦਰ ਭਾਸ਼ਾ ਵਿਆਕਰਣ ਦੇ ਮਾਹਿਰਾਂ ਦੀ ਸਥਿਤੀ ਉਨ੍ਹਾਂ ਅਨਪੜ੍ਹਾਂ ਨਾਲੋਂ ਉੱਚੀ ਨਹੀਂ ਸਵਿਕਾਰੀ ਗਈ ਜੋ ਆਪਣੇ ਆਤਮੇ ਤੋਂ ਗੁਰੂ ਨਾਲ ਜੁੜੇ ਰਹਿੰਦੇ ਹਨ।ਗੁਰੂ ਸਾਹਿਬਾਨ ਦੇ ਸਮੇਂ ਇਹੋ ਜਿਹੇ ਅਨਪੜ੍ਹ ਜਿਆਦਾ ਸੀ ਜੋ ਗੁਰੂ ਦੀ ਬਾਣੀ ਬਾਰੇ ਕਿੰਤੂ-ਪਰੰਤੂ ਦੀ ਆਦਤ ਨਹੀਂ ਸੀ ਪਾਲਦੇ”।
ਜੰਮੂ ਜੀ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਉਸ ਵਕਤ ਲੋਕ ਗੁਰੂ ਨਾਲ ਜੁੜੇ ਹੋਣ ਕਰਕੇ ਗੁਰੂ ਦੀ ਗੱਲ ਅੰਤਰ ਆਤਮਾ ਤੋਂ ਮੰਨਦੇ ਸਨ, ਅਜ ਦੀ ਤਰ੍ਹਾਂ ਹਰ ਗੱਲ ਤੇ ਕਿੰਤੂ-ਪ੍ਰੰਤੂ ਨਹੀਂ ਸਨ ਕਰਦੇ।ਲੇਕਿਨ ਜੰਮੂ ਜੀ ਨੇ ਜਿਹੜੀਆਂ ਗੁਰਬਾਣੀ ਉਦਾਹਰਣਾਂ ਦਿਤੀਆਂ ਹਨ ਉਨ੍ਹਾਂ ਵਿੱਚ ਗੁਰੂ ਸਾਹਿਬ ਨੇ ਜਿਆਦਾ ਪੜ੍ਹੇ ਲਿਖੇ ਹੋਣ ਦਾ ਮਾਣ ਕਰਨ ਵਾਲੇ ਦੀ ਸਥਿਤੀ ਬਾਰੇ ਜ਼ਿਕਰ ਕੀਤਾ ਹੈ ਨਾ ਕਿ ਵਿਆਕਰਣ ਦੀ ਅਹਿਮੀਅਤ ਨੂੰ ਘੱਟ ਦੱਸਿਆ ਹੈ।ਦੇਖਿਆ ਜਾਵੇ ਤਾਂ ਗੁਰੂ ਸਾਹਿਬ ਖੁਦ ਵਿਆਕਰਣ ਦੇ ਮਾਹਰ ਸਨ, ਇਸੇ ਲਈ ਸਾਰੀ ਬਾਣੀ ਵਿੱਚ ਵਿਆਕਰਣ ਦਾ ਪੂਰੀ ਤਰ੍ਹਾਂ ਧਿਆਨ ਰੱਖਕੇ ਪਾਲਣ ਕੀਤਾ ਗਿਆ ਹੈ।ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਖੁਦ ਵਿਆਕਰਣ ਦਾ ਪੂਰਾ ਧਿਆਨ ਰੱਖਕੇ ਗੁਰਬਾਣੀ ਰਚਣ ਅਤੇ ਪੜ੍ਹਨ ਵਾਲਿਆਂ ਨੂੰ ਇਸ ਦੀ ਅਹਿਮੀਅਤ ਨੂੰ ਮਹਤਤਾ ਨਾ ਦੇਣ ਦੀ ਗੱਲ ਕਰਨ।
ਜੰਮੂ ਜੀ ਲਿਖਦੇ ਹਨ:- “ਲੇਖਨ ਜਾਂ ਵਿਆਕਰਣ ਵਿੱਚ ‘ਦੇਖਣ’ ਜਿਹਾ ਜਤਨ ਤਾਂ ਹੈ ਪਰ ਪ੍ਰਾਪਤੀ ਵਰਗਾ ਅਨੁਭਵ ਨਹੀਂ।ਵਿਆਕਰਣ ਵਿੱਚ ਸਿਆਣਪ ਤਾਂ ਹੋ ਸਕਦੀ ਹੈ ਪਰ ਸਚਿਆਰ-ਪਨ ਨਹੀਂ।ਇਹ ਗੁਰਮਤਿ ਵਿਚਲੇ ਜੀਵਨ-ਵਿਆਕਰਣ ਅਤੇ ਭਾਸ਼ਾ ਦੇ ਵਿਆਕਰਣ ਵਿਚਲਾ ਅੰਤਰ ਹੈ”।
ਵਿਚਾਰ:- ਸਚਿਆਰ-ਪਨ ਤਾਂ ਕਿਸੇ ਵੀ ਲਿਖਤ ਵਿਚ ਦਰਜ ਭਾਵਾਂ ਨੂੰ ਸਮਝ ਕੇ ਪੈਦਾ ਹੋਣਾ ਹੈ।ਭਾਵਾਂ ਦਾ ਵਿਆਕਰਣ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ।ਹਾਂ ਵਿਆਕਰਣ ਦੇ ਸਹੀ ਇਸਤੇਮਾਲ ਨਾਲ ਗੁਰਬਾਣੀ ਵਿਚਲੇ ਸੁਨੇਹੇ ਦੀ ਸਹੀ ਤਰ੍ਹਾਂ ਜਾਣਕਾਰੀ ਮਿਲ ਸਕਦੀ ਹੈ।
ਜੰਮੂ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਵਿਆਕਰਣ-ਗਿਆਨ ਦੀ ਲੋੜ ਨੂੰ ਨਿੰਦਣਾ ਨਹੀਂ ਬਲਕਿ ਉਸਦੀ ‘ਹੱਦ-ਬੰਦੀ’ ਨੂੰ ਵਿਚਾਰਨਾ ਹੈ।
ਵਿਚਾਰ:- ਵਿਆਕਰਣ ਦੀ ‘ਹੱਦ-ਬੰਦੀ’ ਤੈਅ ਕਰਨੀ ਤਾਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਹੀ ਜਾ ਸਕਦੀ।ਵਿਆਕਰਣ ਜਾਂ ਕੋਈ ਵੀ ਗਿਆਨ ਜਿੰਨਾ ਵੱਧ ਹੋਵੇਗਾ, ਓਨਾ ਹੀ ਵੱਧ ਵਿਸ਼ੇ ਦੀ ਅਸਲੀਅਤ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ।ਜੇ ਗੁਰੂ ਸਾਹਿਬਾਂ ਨੇ ਇਕ-ਇਕ ਲਗ ਮਾਤ੍ਰਾ ਦਾ ਧਿਆਨ ਰੱਖਕੇ ਬਾਣੀ ਰਚੀ ਹੈ ਤਾਂ ਇਕ-ਇਕ ਲਗ ਮਾਤਾਂ ਨੂੰ ਧਿਆਨ ਵਿੱਚ ਰੱਖ ਕੇ ਅਰਥ ਕਰਨੇ ਜਿਆਦਾ ਲਾਹੇਵੰਦ ਸਾਬਤ ਹੋ ਸਕਦੇ ਹਨ।
ਲੇਖ ਦੇ ਅਖੀਰ ਵਿੱਚ ਸ: ਜੰਮੂ ਜੀ ਨੇ ਵਿਆਕਰਣ ਦੀ ਅਹਿਮੀਅਤ ਬਾਰੇ ਰਲਵੀਂ ਮਿਲਵੀਂ ਜਿਹੀ ਗੱਲ ਕਰਕੇ ਵਿਆਕਰਣ ਦੀ ਅਹਿਮੀਅਤ ਨੂੰ ਗ਼ੈਰ-ਜਰੂਰੀ ਹੀ ਦੱਸਿਆ ਹੈ।
ਵਿਚਾਰ:- ਵਿਆਕਰਣ ਦਾ ਗੁਰਬਾਣੀ ਵਿਚਲੇ ਮੁਖ ਵਿਸ਼ੇ ਜਾਂ ਸੰਦੇਸ਼ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ।ਵਿਆਕਰਣ ਤਾਂ ਵਿਚਾਰਾਂ ਨੂੰ ਵਿਅਕਤ ਕਰਨ ਲਈ ਵਰਤੀ ਜਾਣ ਵਾਲੀ ਭਾਸ਼ਾ ਲਈ ਨਿਰਧਾਰਿਤ ਕੀਤੇ ਗਏ ਕੁਝ ਨਿਯਮ ਹਨ।ਠੀਕ ਹੈ ਕਿ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਸਿੱਧੇ ਅਰਥਾਂ ਦੀ ਬਜਾਏ ਉਨ੍ਹਾਂ ਦੇ ਭਾਵਾਰਥ ਸਮਝਣੇ ਹੁੰਦੇ ਹਨ।ਉਸ ਹਾਲਤ ਵਿੱਚ ਵੀ ਵਿਆਕਰਣ ਦਾ ਸਿੱਧਾ ਕੋਈ ਰੋਲ ਨਹੀਂ ਹੈ, ਉਹ ਸ਼ਬਦਾਂ ਦੇ ਅਰਥਾਂ ਅਤੇ ਭਾਵਾਰਥਾਂ ਨਾਲ ਸੰਬੰਧਤ ਵਿਸ਼ਾ ਹੈ, ਵਿਆਕਰਣ ਦਾ ਨਹੀਂ।ਜੰਮੂ ਜੀ ਖੁਦ ਉਰਦੂ ਦੇ ਦੋ ਸ਼ੇਅਰਾਂ ਦੀ ਮਿਸਾਲ ਦਿੰਦੇ ਹਨ ਜਿਨ੍ਹਾਂ ਦੇ ਅਰਥ ਉਨ੍ਹਾਂ ਨੇ ਉਰਦੂ ਦੇ ਜਾਣਕਾਰ ਸੱਜਣਾਂ ਤੋਂ ਪੁੱਛੇ ਜਿਨ੍ਹਾਂ ਦਾ ਅਰਥ ਉਨ੍ਹਾਂ ਨੂੰ ਨਹੀਂ ਸੀ ਪਤਾ।ਇਸ ਤੋਂ ਸਾਫ ਜ਼ਾਹਰ ਹੈ ਕਿ ਗੱਲ ਨੂੰ ਸਮਝਣ ਲਈ ਵਿਆਕਰਣ ਦੇ ਨਾਲ ਨਾਲ ਭਾਵਾਂ ਨੂੰ ਸਮਝਣ ਲਈ ਡੂੰਘੀ ਸੋਚ ਦੀ ਵੀ ਜਰੂਰਤ ਹੈ।
ਨਿਚੋੜ:- ਜੰਮੂ ਜੀ ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ ਲਿਖੀ ਗਈ ਲਿਖਤ ਨੂੰ ਅੱਜ ਦੇ ਸਮੇਂ ਦੀ ਸਥਿਤੀ ਅਨੁਸਾਰ ਦੇਖਦੇ ਹੋਏ ਵਿਆਕਰਣ ਸੰਬੰਧੀ ਵਿਚਾਰ ਦੇ ਰਹੇ ਹਨ।ਪਰ ਕਿਉਂਕਿ ਪੰਜ-ਛੇ ਸੌ ਸਾਲ ਪਹਿਲਾਂ ਦੀ ਵਿਆਕਰਣ ਅਤੇ ਅੱਜ ਦੀ ਵਿਆਕਰਣ ਵਿੱਚ ਬਹੁਤ ਅੰਤਰ ਆ ਚੁੱਕਾ ਹੈ, ਇਸ ਲਈ ਅੱਜ ਦੇ ਸਮੇਂ ਗੁਰਬਾਣੀ ਦੇ ਅਰਥ ਕਰਨ ਵਿੱਚ ਜਰੂਰ ਔਖਿਆਈ ਮਹਿਸੂਸ ਹੋ ਰਹੀ ਹੈ।ਪਰ ਜਦੋਂ ਗੁਰਬਾਣੀ ਲਿਖੀ ਗਈ ਸੀ, ਉਸ ਵਕਤ ਇਹ ਆਮ ਬੋਲ-ਚਾਲ ਦੀ ਭਾਸ਼ਾ ਹੋਣ ਕਰਕੇ ਅਤੇ ਬਹੁਤ ਸਾਰੇ ਲਫਜ਼ ਜਿਹੜੇ ਅੱਜ ਦੀ ਆਮ ਬੋਲ-ਚਾਲ ਵਿੱਚੋਂ ਅਲੋਪ ਹੋ ਚੁਕੇ ਹਨ, ਉਸ ਵਕਤ ਦੀ ਬੋਲੀ ਵਿੱਚ ਆਮ ਹੀ ਵਰਤੇ ਜਾਂਦੇ ਹਨ, ਇਸ ਲਈ ਅਨਪੜ੍ਹ ਬੰਦੇ ਵੀ ਗੁਰਬਾਣੀ ਨੂੰ ਸੁਣ ਕੇ ਸਹਿਜੇ ਹੀ ਸਮਝ ਸਕਦੇ ਸਨ।ਇਸ ਨੁਕਤੇ ਨੂੰ ਸਮਝਣ ਲਈ- ਅੱਜ ਦੇ ਸਮੇਂ ਕੋਈ ਬਹੁਤ ਪੜ੍ਹਿਆ ਲਿਖਿਆ ਵਿਅਕਤੀ ਆਪਣੀ ਕਿਸੇ ਰਚਨਾ ਨੂੰ ਪੜ੍ਹਕੇ ਕਿਸੇ ਅਨਪੜ੍ਹ ਨੂੰ ਸੁਣਾਵੇ ਤਾਂ ‘ਵਿਆਕਰਣ ਪੱਖੋਂ’ ਅਨਪੜ੍ਹ ਨੂੰ ਵੀ ਗੱਲ ਸਮਝਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਵਿਆਕਰਣ ਦੀ ਅਹਿਮੀਅਤ ਨੂੰ ਨਜ਼ਰ-ਅੰਦਾਜ ਕਰਨਾ ਉਚਿਤ ਵੀ ਨਹੀਂ ਹੈ ਅਤੇ ਗੁਰਬਾਣੀ ਅਰਥਾਂ ਨਾਲ ਮਨ ਘੜਤ ਕਹਾਣੀਆਂ ਘੜਨ ਵਾਲਿਆਂ ਨੂੰ ਅਤੇ ਅਜੋਕੇ ਸਮੇਂ ਦੇ ਅਖੌਤੀ ਵਿਦਵਾਨ ਜਿਹੜੇ ਗੁਰਬਾਣੀ ਅਰਥਾਂ ਨੂੰ ਆਪਣੀ ਮਰਜੀ ਮੁਤਾਬਕ ਘੜ ਕੇ ਪ੍ਰਚਾਰ ਰਹੇ ਹਨ, ਏਨ੍ਹਾਂ ਦੋਨਾਂ ਧਿਰਾਂ ਨੂੰ ਗੁਰਬਾਣੀ ਨੂੰ ਵਿਗਾੜਨ ਵਿੱਚ ਹੋਰ ਵੀ ਪ੍ਰੋਤਸਾਹਨ ਮਿਲਦਾ ਹੈ।
ਜਸਬੀਰ ਸਿੰਘ ਵਿਰਦੀ 21-01-2015
ਜਸਬੀਰ ਸਿੰਘ ਵਿਰਦੀ
ਗੁਰਬਾਣੀ ਵਿਆਕਰਣ ਦੀ ਅਹਿਮੀਅਤ:-
Page Visitors: 3271