ਜਦੋਂ ਤਕ ਗੁਰਦੁਆਰਿਆਂ ਵਿਚ “ ਆਸਾ ਕੀ ਵਾਰ ” ਦੀ ਅੰਮ੍ਰਿਤ ਬਾਣੀ ਗੂੰਜਦੀ ਰਹੇਗੀ, ਕੋਈ ਵੀ ਮੋਹਨ ਭਾਗਵਤ, ਸਿੱਖਾਂ ਨੂ ਹਿੰਦੂ ਸਾਬਤ ਕਰਨ ਦੀ ਹਿੱਮਤ ਨਹੀਂ ਕਰ ਸਕੇਗਾ
ਆਰ. ਐਸ. ਐਸ. ਦੇ ਲੋਗ ਸਿੱਖਾਂ ਨੂੰ ਹਿੰਦੂ ਮਤ ਦਾ ਇਕ ਹਿੱਸਾ ਸਾਬਿਤ ਕਰਨ ਵਿਚ ਅਪਣਾਂ ਪੂਰਾ ਜੋਰ ਕਈਂ ਸਦੀਆਂ ਤੋਂ ਲਾਂਦੇ ਰਹੇ ਨੇ । ਭਾਵੇ ਇਨ੍ਹਾਂ ਦਾ ਮੁੱਖੀ ਕੇ. ਸੁਦਰਸ਼ਨ ਰਿਹਾ ਹੋਵੇ, ਜੋ ਹੁਣ ਪਰਲੋਕ ਸਿਧਾਰ ਚੁਕਾ ਹੈ , ਭਾਵੇਂ ਮੌਜੂਦਾ ਮੁੱਖੀ ਮੋਹਨ ਭਾਗਵਤ ਹੋਵੇ , ਇਹ ਵਕਤ ਵਕਤ ਤੇ ਇਹੋ ਜਹੇ ਅਨਰਗਲ ਬਿਆਨ ਦਿੰਦੇ ਰਹੇ ਹਨ ਕਿ "ਸਿੱਖ, ਹਿੰਦੂ ਹੀ ਹਨ" ਤਾਂਕਿ ਸਿੱਖਾਂ ਦੀ ਕੱਚੀ ਸੋਚ ਵਾਲੀ, ਨਵੀਂ ਪਨੀਰੀ ਦੇ ਮਨ ਵਿੱਚ ਇਹ ਬੀਜ ਬੋ ਦਿਤਾ ਜਾਵੇ ਕਿ "ਅਸੀ ਹਿੰਦੂ ਹੀ ਹਾਂ" । ਪਹਿਲਾਂ ਕਹਿਆ ਜਾਂਦਾ ਸੀ "ਹਿੰਦੂ ,ਮੁਸਲਿਮ ਸਿੱਖ ਇਸਾਈ, ਆਪਸ ਮੇਂ ਸਭ ਭਾਈ ਭਾਈ" ਹੁਣ ਇਹ ਜੋ ਵੀ ਗਲ ਕਰਦੇ ਨੇ ਉਸ ਵਿਚ "ਹਿੰਦੂ ਮੁਸਲਿਮ "ਹੀ ਕਹਿੰਦੇ ਨੇ । ਇਸ ਸਲੋਗਨ ਵਿਚੋਂ ਇਨ੍ਹਾਂ ਨੇ ਸਿੱਖਾਂ ਤੇ ਇਸਾਈਆਂ ਦਾ ਨਾਮ, ਹਟਾ ਦਿਤਾ ਹੈ , ਕਿਉ ਕਿ ਈਸਾਈਆਂ ਨੂੰ ਤਾਂ ਉਹ ਬਾਹਰੋਂ ਆਇਆ ਕਹਿੰਦੇ ਹਨ ਅਤੇ ਸਿੱਖਾਂ ਨੂੰ ਹਿੰਦੂ ਦਸਦੇ ਹਨ । ਇਸ ਲਈ ਇਹ ਹੁਣ "ਹਿੰਦੂ ,ਮੁਸਲਿਮ, ਸਿੱਖ, ਇਸਾਈ" ਨਹੀ ਕਹਿੰਦੇ।
ਇਕ ਪਾਸੇ ਸਾਡੇ ਅਖੌਤੀ ਪੰਥਿਕ ਸਿਆਸਤ ਦਾਨ ਅਤੇ ਅਖੌਤੀ ਜੱਥੇਦਾਰ ਐਸੀਆਂ ਸਿੱਖ ਵਿਰੋਧੀ ਤਾਕਤਾਂ ਦੇ ਟੁਕੜਬੋਚ ਬਣ ਕੇ ਇਨ੍ਹਾਂ ਤਾਕਤਾਂ ਦੀ ਕੁਹਾੜੀ ਦੇ ਦਸਤੇ ਬਣੇ ਹੋਏ ਹਨ। ਦੂਜੇ ਪਾਸੇ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀਆਂ ਸਾਜਸ਼ਾਂ ਦਿਨ-ਬ-ਦਿਨ ਅਪਣਾਂ ਸਿਰ ਚੁਕਦੀਆਂ ਜਾ ਰਹੀਆਂ ਹਨ। ਸਾਡੇ ਉਹ ਵਿਰਸੇ ਹਮੇਸ਼ਾਂ ਤੋਂ ਹੌਲੀ ਹੌਲੀ ਮੁਕਾ ਦਿੱਤੇ ਜਾਂਦੇ ਰਹੇ ਹਨ, ਜਿਸਤੋਂ ਸਿੱਖਾਂ ਦੀ ਵਖਰੀ ਹੋਂਦ ਅਤੇ ਅਜਾਦ ਹਸਤੀ ਦਾ ਪ੍ਰਗਟਵਾ ਹੂੰਦਾ ਸੀ । ਨਾਨਕ ਸ਼ਾਹੀ ਕੈਲੰਡਰ ਅਤੇ ਪੰਜਾਬ ਦੀਆਂ ਉਹ ਇਤਿਹਾਸਕ ਇਮਾਰਤਾਂ ਅਤੇ ਇਤਿਹਾਸਕ ਸਥਾਨ, ਜੋ ਸਿੱਖੀ ਵਿਰਸੇ ਅਤੇ ਇਤਿਹਾਸਿਕ ਘਟਨਾਵਾਂ ਦੀਆਂ ਗਵਾਹੀਆਂ ਭਰਦੇ ਸਨ, ਹੌਲੀ ਹੌਲੀ ਸਭ ਕੁਝ ਮੁਕਾ ਦਿਤਾ ਗਿਆ, ਹੈ। ਉਨ੍ਹਾਂ ਅਸਥਾਨਾਂ ਤੇ ਸੰਗਮਰਮਰ ਅਤੇ ਪੱਥਰ ਵਿਛਾ ਕੇ ਉਨ੍ਹਾਂ ਦਾ ਇਤਿਹਾਸਕ ਅਤੇ ਮੂਲ ਸਰੂਪ ਹੀ ਵਿਗਾੜ ਦਿਤਾ ਗਿਆ ਹੈ, ਜੋ ਸਿੱਖਾਂ ਨੂੰ ਉਸ ਪੁਰਾਤਨ ਵੇਲੇ ਦੀਆਂ ਘਟਨਾਵਾਂ ਨਾਲ ਜੋੜਦਾ ਸੀ।
ਦਾਸ ਨੂੰ ਇਹ ਲੇਖ ਲਿਖਣ ਦੀ ਜਰੂਰਤ ਇਸ ਲਈ ਵੀ ਮਹਸੂਸ ਹੋਈ ਹੈ , ਕਿ ਮੈਂ ਕੁਝ ਮਹੀਨਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ "ਆਸਾ ਕੀ ਵਾਰ " ਤੇ ਹੋ ਰਹੇ ਬਹੁਤ ਵੱਡੇ ਮਾਰੂ ਹਮਲਿਆਂ ਨੂੰ , ਪੰਥ ਦੋਖੀਆਂ ਦੀ ਇਕ ਸਾਜਿਸ਼ ਦੇ ਰੂਪ ਵਿਚ ਵੇਖ ਰਿਹਾ ਹਾਂ। ਇਹ ਹਮਲੇ ਹੋਰ ਕਿਧਰੇ ਨਹੀ , ਬਲਕਿ ਸ਼੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ਤੋਂ ਹੀ ਸ਼ੁਰੂ ਹੋ ਚੁਕੇ ਹਨ। ਕਈ ਦਿਨਾਂ ਤੋਂ ਦਾਸ ਨੇ ਇਹ ਨੋਟਿਸ ਕੀਤਾ ਹੈ ਕਿ, ਸਦੀਆਂ ਤੋਂ ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਨਿਰੋਲ ਅੰਮ੍ਰਿਤ ਬਾਣੀ "ਆਸਾ ਕੀ ਵਾਰ" ਵਿਚ ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਰਲਾ ਕੇ ਇਕ ਦੋ ਸ਼ਬਦ ਵੀ ਰਾਗੀ ਜੱਥੇ , ਜਾਨਬੂਝ ਕੇ ਜਰੂਰ ਪੜ੍ਹਨ ਲਗ ਪਏ ਹਨ। ਅਜ ਹੀ ਮਿਤੀ 22.ਦਸੰਬਰ 2014 ਨੂੰ ਵੀ ਆਸਾ ਕੀ ਵਾਰ ਦਾ ਕੀਰਤਨ ਕਰਦਿਅਾਂ ਇਕ ਹਜੂਰੀ ਰਾਗੀ, ਨੇ ਅਖੌਤੀ ਗ੍ਰੰਥ ਦਾ ਇਕ ਸ਼ਬਦ ਵਿਚ ਘੂਸੋੜ ਦਿਤਾ । ਇਸ ਵਿਚ ਸ਼ਾਇਦ ਉਹ ਰਾਗੀ ਜੱਥੇ ਵੀ ਮਜਬੂਰ ਹਨ, ਕਿਉ ਕਿ ਉਨ੍ਹਾਂ ਨੂੰ ਇਹ ਆਦੇਸ਼ ਪਿਛੋਂ ਦਿੱਤੇ ਜਾ ਰਹੇ ਹਨ।ਮੇਰੀ ਕੁਝ ਰਾਗੀ ਜੱਥਿਆਂ ਨਾਲ ਇਸ ਬਾਰੇ ਟੈਲੀਫੋਨ ਤੇ ਗੱਲ ਵੀ ਹੋਈ ਹੈ , ਉਨ੍ਹਾਂ ਵਿਚੋਂ ਇਕ ਦੋ ਨੇ ਦਸਿਆ ਕਿ ਅਸੀ ਕੀ ਕਰੀਏ ,ਪਿਛੋਂ ਹੀ ਐਸਾ ਆਦੇਸ਼ ਦਿਤਾ ਜਾਂਦਾ ਹੈ, ਜੇ ਨਾਂ ਕਰੀਏ ਤਾਂ ਡਿਉਟੀ ਤੋਂ ਹਟਾ ਦਿਤਾ ਜਾਂਦਾ ਹੈ । ਇਸ ਬਾਰੇ ਤੁਸੀ ਅਕਾਲ ਤਖਤ ਦੇ ਜੱਥੇਦਾਰ ਨਾਲ ਗਲ ਕਰੋ ।
ਸਿੱਖ ਰਹਿਤ ਮਰਿਆਦਾ ਵਿਚ "ਕੀਰਤਨ" ਸਿਰਲੇਖ ਵਿਚ ਇਹ ਸਾਫ ਸਾਫ ਲਿਖਿਆ ਹੋਇਆ ਹੈ ਕਿ "ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਦਾ ਅਤੇ ਉਸਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ ।" ਅਖੌਤੀ ਦਸਮ ਗ੍ਰੰਥ ਦੀ ਕੱਚੀ ਬਾਣੀ ਦਾ ਜਿਕਰ ਕਿਤੇ ਵੀ ਅੰਕਿਤ ਨਹੀ ਹੈ। ਇਕ ਪਾਸੇ ਸਿੱਖ ਰਹਿਤ ਮਰਿਆਦਾ ਦੀ ਦੁਹਾਈ ਪਾਉਣਾਂ , ਤੇ ਦੂਜੇ ਪਾਸੇ ਸਿੱਖਾਂ ਦੇ ਉੱਚ ਧਾਰਮਿਕ ਅਸਥਾਨਾਂ ਤੋਂ ਇਸ ਦੀਆਂ ਧੱਜੀਆਂ ਉਡਾਉਣਾਂ ਇਕ ਸਾਜਿਸ਼ ਨਹੀ , ਤਾਂ ਹੋਰ ਕੀ ਹੈ ?
ਸ਼੍ਰੌਮਣੀ ਕਮੇਟੀ ਦੀ ਵੇਬਸਾਈਟ sgpc.in ਅਤੇ "ਸਿੱਖ ਰਹਿਤ ਮਰਿਆਦਾ" ਦੇ ਅੰਗ੍ਰੇਜੀ ਵਿਚ ਛਪਣ ਵਾਲੇ ਅਡੀਸ਼ਨ ਵਿਚ , ਇੱਸੇ ਸਾਜਿਸ਼ ਦੇ ਅਧੀਨ ਸਨ 1994 ਅਤੇ 1997 ਦੇ ਵਿਚਕਾਰ ਚੁਪ ਚਪੀਤੇ ਤਬਦੀਲੀ ਕਰਕੇ "ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ" ਵੀ ਇਸ ਵਿਚ ਅੰਕਿਤ ਕਰ ਦਿਤਾ ਗਿਆ ਹੈ। ਦਾਸ ਇਸ ਬਾਰੇ ਇਕ ਨੋਟਿਸ ਸ਼੍ਰੋਮਣੀ ਕਮੇਟੀ ਨੂੰ ਕੁਝ ਮਹੀਨੇ ਪਹਿਲਾਂ ਭੇਜ ਚੁਕਾ ਹੈ । ਉਸ ਦਾ ਸ਼੍ਰੋਮਣੀ ਕਮੇਟੀ ਵਲੋਂ ਜਵਾਬ ਵੀ ਆਇਆ ਹੈ , ਲੇਕਿਨ ਉਸ ਨੂੰ ਠੀਕ ਕਰਨ ਬਾਰੇ , ਕੋਈ ਕਾਰਵਾਈ ਅੱਜ ਤਕ ਨਹੀ ਕੀਤੀ ਗਈ ਹੈ। ਇਸ ਤੋਂ ਸਾਬਿਤ ਹੂੰਦਾ ਹੈ ਕਿ ਇਹ ਇਕ ਸੋਚੀ ਸਮਝੀ ਸਾਜਿਸ਼ ਹੈ। ਇਸ ਬਾਰੇ ਕਿਸੇ ਹੋਰ ਲੇਖ ਵਿਚ ਵਿਸਥਾਰ ਨਾਲ ਜਿਕਰ ਕਰਾਂਗੇ । ਜੇ ਸਿੱਖ ਇਸੇ ਤਰ੍ਹਾਂ ਸੁੱਤੇ ਰਹੇ, ਤਾਂ ਇਕ ਦਿਨ ਪੰਜਾਬੀ ਅਤੇ ਹਿੰਦੀ ਦੀ ਛਪਣ ਵਾਲੀ "ਸਿੱਖ ਰਹਿਤ ਮਰਿਆਦਾ " ਵਿਚ ਵੀ ਇਹ ਤਬਦੀਲੀ ਕਰ ਦਿੱਤੀ ਜਾਂਣੀ ਹੈ। ਅਸੀ ਤਾਂ ਹੀ ਜਾਗਦੇ ਹਾਂ, ਜਦੋਂ ,ਅਸੀ ਪੂਰੀ ਤਰ੍ਹਾਂ ਲੁੱਟ ਚੁਕੇ ਹੂੰਦੇ ਹਾਂ।ਲੁਟਨ ਵਾਲੇ ਕੋਈ ਬਾਹਰ ਦੇ ਨਹੀ ਅਪਣੇ ਹੀ ਅਖੌਤੀ ਜੱਥੇਦਾਰ ਹਨ । ਇਹ ਕਿਸੇ ਇਕ ਬੰਦੇ ਦੀ ਡਿਉਟੀ ਨਹੀ, ਬਲਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਪਹਿਰਾ ਦੇਣ ਦੀ ਅਤੇ ਇਕ ਜੁਟ ਹੋ ਕੇ ਇਹੋ ਜਹੀਆਂ ਸਾਜਿਸ਼ਾਂ ਨੂੰ ਬੇਨਕਾਬ ਕਰਨ ਦੀ ਜਰੂਰਤ ਹੈ । ਤਾਂਕਿ ਇਨ੍ਹਾਂ ਬਿਪਰਵਾਦੀ ਤਾਕਤਾਂ ਦੇ ਝੋਲੀਚੁੱਕ, ਸਾਡੇ ਅਖੌਤੀ ਆਗੂਆਂ ਦੀਆਂ ਸਿੱਖ ਵਿਰੋਧੀ ਕਰਤੂਤਾਂ ਨੂੰ ਢੱਲ ਪਾਈ ਜਾ ਸਕੇ ।
ਅਾਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਦੇ ਵਿਚ ਵਿਚ ਕੱਚੀਆਂ ਬਾਣੀਆਂ ਦਾ ਕੀਰਤਨ ਉਸ ਵਿਚ ਘੁਸੋੜ ਕੇ ਇਹ ਸਾਜਿਸ਼ ਕਿਉ ਕੀਤੀ ਜਾ ਰਹੀ ਹੈ ? ਅਾਉ ! ਇਸ ਬਾਰੇ ਵੀ ਥੋੜਾ ਵਿਚਾਰ ਕਰ ਲਈਏ ! ਗੁਰੂ ਸਾਹਿਬਾਨ ਦੇ ਜੀਵਨ ਕਾਲ ਤੋਂ ਹੀ ਇਹ ਮਰਿਆਦਾ ਚਲੀ ਆ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ "ਆਸਾ ਕੀ ਵਾਰ" ਦੇ ਨਾਲ ਹੀ ਸਾਡੇ ਗੁਰੂ ਘਰ ਦਾ ਨਿਤਨੇਮ ਅੰਮ੍ਰਿਤ ਵੇਲੇ ਸ਼ੁਰੂ ਹੂੰਦਾ ਹੈ। ਇਹ ਉਹ ਅੰਮ੍ਰਿਤ ਬਾਣੀ ਹੈ, ਜੋ ਬ੍ਰਾਹਮਣ ਅਤੇ ਬ੍ਰਾਹਮਣੀ ਕਰਮਕਾਂਡਾਂ ਦਾ ਪੁਰਜੋਰ ਖੰਡਨ ਕਰਦੀ ਹੈ ਅਤੇ ਇਹ ਸਾਬਿਤ ਕਰਦੀ ਹੈ ਕੇ ਗੁਰੂ ਨਾਨਕ ਦਾ ਸਿੱਖ "ਹਿੰਦੂ" ਨਹੀ ਹੋ ਸਕਦਾ। ਕਿਉਕਿ ਗੁਰੂ ਨਾਨਕ ਸਾਹਿਬ ਤਾਂ ਅਤਪ ਇਸ ਬਾਣੀ ਵਿਚ ਬ੍ਰਾਹਮਣ ਅਤੇ ਬ੍ਰਾਹਮਣ ਦੀ ਅਧਆਤਮਿਕ ਰੀਤੀਆਂ ਨੂੰ "ਫੋਕਟ" ਕਹਿ ਕੇ ਉਸ ਨੂੰ ਸਿਰੇ ਤੋਂ ਹੀ ਰੱਦ ਕਰ ਰਹੇ ਨੇ।
ਮ:੧ ॥ ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥
ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥੨॥ ਅੰਕ 470
ਇਸ ਬਾਣੀ ਨੂੰ ਸੁਣ ਕੇ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਬਿਪਰ ਦੀਆਂ ਸਾਰੀ ਸਾਜਿਸ਼ਾਂ ਫੇਲ ਹੋ ਜਾਂਦੀਆ ਹਨ। ਕਿਉਕਿ ਇਥੇ ਤਾਂ ਗੁਰੂ ਨਾਨਕ ਸਾਹਿਬ ਉਸ ਸਿਲ (ਮੂਰਤੀ) ਪੂਜਨ ਵਾਲੇ , ਬਗੁਲੇ ਵਾਂਗ ਸਮਾਧੀ ਲਾਉਣ ਵਾਲੇ , ਗਲੇ ਵਿਚ ਮਾਲਾ ਅਤੇ ਮੱਥੇ ਤੇ ਤਿਲਕ ਲਾਉਣ ਵਾਲੇ , ਲੱਕ ਧੋਤੀ ਬਨਣ ਵਾਲੇ ਬ੍ਰਾਹਮਣ ਦੇ ਸਾਰੇ ਕਰਮਾਂ ਨੂੰ ਫੋਕਟ ਦਸ ਰਹੇ ਨੇ। ਫਿਰ ਗੁਰੂ ਦਾ ਸਿੱਖ ਬ੍ਰਾਹਮਣ ਕਿਵੇ ਹੋ ਸਕਦਾ ਹੈ ?
ਆਸਾ ਕੀ ਵਾਰ ਨਾਲ ਹੋ ਰਹੀਆਂ ਸਾਜਿਸ਼ਾਂ ਦਾ ਕਾਰਣ ਸਪਸ਼ਟ ਹੈ , ਕਿ ਇਹ ਬਾਣੀ ਅਪਣੇ ਸਿੱਖਾਂ ਨੂੰ ਹਿੰਦੂ ਮਤਿ ਵਿਚ ਰਲ ਗਡ ਹੋਣ ਤੋਂ ਬਚਾਂਉਦੀ ਹੈ ਅਤੇ ਇਨ੍ਹਾਂ ਪੰਥ ਦੋਖੀਆਂ ਦੀਆਂ ਮਿਥੀਆਂ ਸਾਜਿਸ਼ਾਂ ਵਿਚ ਇਕ ਬਹੁਤ ਵੱਡੀ ਰੁਕਾਵਟ ਪੈਦਾ ਕਰਦੀ ਹੈ। ਮੋਹਨ ਭਾਗਵਤ ਦੇ ਬਿਆਨ ਦੇਣ ਨਾਲ ਕੀ ਹੂੰਦਾ ਹੈ ? ਕੀ ਇਸ ਦੇ ਕਹਿਣ ਨਾਲ ਸਿੱਖ , ਹਿੰਦੂ ਬਣ ਜਾਂਣਗੇ ? "ਆਸਾ ਕੀ ਵਾਰ" ਬਾਣੀ ਵਿਚ ਤਾਂ ਗੁਰੂ ਸਾਹਿਬ ਇਨ੍ਹਾਂ ਬ੍ਰਾਹਮਣਾਂ ਨੂੰ "ਜਗਤ ਕਸਾਈ" ( BUTCHERS ) ਕਹਿ ਕੇ ਸੰਬੋਧਿਤ ਕੀਤਾ ਹੈ । ਹੁਣ ਕੀ , ਗੁਰੂ ਦਾ ਸਿੱਖ , ਹਿੰਦੂ ਸਮਾਜ ਦਾ ਇਕ ਹਿੱਸਾ ਬਣਕੇ ਅਪਣੇ ਆਪ ਨੂੰ "ਜਗਤ ਕਸਾਈ" ਅਖਵਾ ਸਕਦਾ ਹੈ ?
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ । ਅੰਕ 471
ਇਨਾਂ ਹੀ ਨਹੀ ! ਗੁਰੂ ਨਾਨਕ ਸਾਹਿਬ ਤੇ ਇਨ੍ਹਾਂ ਤਾਗ (ਜਨੇਉ ) ਧਾਰਣ ਕਰਨ ਵਾਲਿਆਂ ਨੂੰ "ਮਾਣਸ ਖਾਣੇ" ( CANNIBALS) ਕਹਿ ਕੇ ਸੰਬੋਧਿਤ ਕਰ ਰਹੇ ਨੇ । ਕੀ ਸ਼ਬਦ ਗੁਰੂ ਦਾ ਅਣਖੀਲਾ ਅਤੇ ਨਿਆਰਾ ਸਿੱਖ , ਇਨ੍ਹਾਂ ਵਿਚ ਸ਼ਾਮਿਲ ਹੋਕੇ, ਅਪਣੇ ਆਪ ਨੂੰ " ਮਾਣਸ ਖਾਂਣਾਂ" ਅਖਵਾਉਣ ਲਈ ਤਿਆਰ ਹੋ ਜਾਵੇਗਾ ?
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥
ਕੂੜੀ ਰਾਸਿ ਕੂੜਾ ਵਾਪਾਰੁ ॥ਕੂੜੁ ਬੋਲਿ ਕਰਹਿ ਆਹਾਰੁ ॥ ਅੰਕ 471
ਸਿਖ ਵੀਰੋ !ਯਾਦ ਰੱਖੋ ! ਕਿ ਜਦੋਂ ਤਕ ਗੁਰਦੁਆਰਿਆਂ ਵਿਚ "ਆਸਾ ਕੀ ਵਾਰ" ਦੀ ਨਿਰੋਲ ਅੰਮ੍ਰਿਤ ਬਾਣੀ ਗੂੰਜਦੀ ਰਹੇਗੀ, ਅਤੇ ਹਰ ਸਿੱਖ ਇਸ ਨਾਲ ਜੁੜਿਆ ਰਹੇਗਾ । ਇਸਤੇ ਅਮਲ ਕਰਦਾ ਰਹੇਗਾ । ਕੋਈ ਮੋਹਨ ਭਾਗਵਤ , ਸਿੱਖਾਂ ਨੂੰ ਹਿੰਦੂ ਸਾਬਿਤ ਕਰਣ ਦੀ ਹਿੱਮਤ ਨਹੀ ਕਰ ਸਕੇਗਾ । ਜੇ ਅਸੀ ਸ਼ਬਦ ਗੁਰੂ ਦੀ ਇਸ ਬਾਣੀ ਤੋਂ ਟੁਟ ਗਏ , ਅਤੇ ਪੰਥ ਦੋਖੀਆਂ ਵਲੋਂ ਇਸ ਵਿਚ ਕੀਤੀ ਜਾ ਰਹੀ , ਕੱਚੀ ਬਾਣੀ ਦੀ ਮਿਲਾਵਟ ਨੂੰ ਠੱਲ ਨਾਂ ਪਾ ਸਕੇ , ਤਾਂ ਫਿਰ ਸਾਨੂੰ ਹਿੰਦੂ ਮਤਿ ਵਿਚ ਰੱਲ ਗਡ ਹੋਣ ਤੋਂ ਕੋਈ ਰੋਕ ਨਹੀ ਸਕੇਗਾ। ਐਸਾ ਨਾਂ ਹੋਵੇ ਕਿ ਹੋਰ ਬਾਣੀਆਂ ਵਾਂਗ , ਹੌਲੀ ਹੌਲੀ "ਆਸਾ ਕੀ ਵਾਰ" ਦੇ ਅੰਸ ਵੀ ਘਟਦੇ ਜਾਂਣ ਤੇ "ਚੰਡੀ ਕੀ ਵਾਰ" ਦੇ ਅੰਸ਼ ਵਧਦੇ ਚਲੇ ਜਾਂਣ। ਇਸ ਸਾਜਿਸ਼ ਨੂੰ , ਸਾਰੇ ਰਲ ਮਿਲ ਕੇ ਰੋਕ ਸਕਦੇ ਹੋ, ਤੇ ਰੋਕ ਲਵੋ ! ਨਹੀ ਤਾਂ ਮੇਰੇ ਇਸ ਹਲੂਣੇ ਦਾ ਕੋਈ ਅਰਥ ਨਹੀ ! ਵਕਤ ਰਹਿੰਦਿਆਂ ਨਿਰਣਾਂ ਕਰ ਲਵੋ ! ਕਿਧਰੇ "ਆਸਾ ਕੀ ਵਾਰ" ਦੀ ਅੰਮ੍ਰਿਤ ਬਾਣੀ "ਚੰਡੀ ਕੀ ਵਾਰ" ਨਾਂ ਬਣ ਜਾਵੇ ! ੴ (ਨਿਰੰਕਾਰ ਕਰਤਾਰ )ਦਾ ਸਿੱਖ , ਚੰਡੀ (ਦੁਰਗਾ) ਦਾ ਉਪਾਸਕ ਨਾਂ ਬਣਾਂ ਦਿਤਾ ਜਾਵੇ !
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਜਦੋਂ ਤਕ ਗੁਰਦੁਆਰਿਆਂ ਵਿਚ “ ਆਸਾ ਕੀ ਵਾਰ ” ਦੀ ਅੰਮ੍ਰਿਤ ਬਾਣੀ ਗੂੰਜਦੀ ਰਹੇਗੀ, ਕੋਈ ਵੀ ਮੋਹਨ ਭਾਗਵਤ, ਸਿੱਖਾਂ ਨੂ ਹਿੰਦੂ ਸਾਬਤ ਕਰਨ ਦੀ ਹਿੱਮਤ ਨਹੀਂ ਕਰ ਸਕੇਗਾ
Page Visitors: 2873