ਸਿੱਖ ਧਰਮ ਨੂੰ ਕਦਾਚਿਤ ਵੀ ਹਿੰਦੂ ਧਰਮ ਦੀ ਸ਼ਾਖ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਆਪਣਾ ਰੀਜ਼ਰਵੇਸ਼ਨ ਕੋਟਾ ਪੱਕਾ ਰੱਖਣ ਲਈ ਹਿੰਦੂ ਧਰਮ ਅਤੇ ਵੇਦਾਂ ਦੀ ਮਹਿਮਾਂ ਗਾਉਣ ਲੱਗ ਪਏ ਹਨ ਵਿਜੇ ਸੋਨਕਰ ਸ਼ਾਸ਼ਤਰੀ ਵਰਗੇ ਕੁਝ ਕੁ ਰਾਜਨੀਤਕ ਆਗੂ
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਰੀਜ਼ਰਵੇਸ਼ਨ ਦੀ ਬੁਰਕੀ; ਜਿਸ ਸਦਕਾ ਵਿਜੇ ਸੋਨਕਰ ਸ਼ਾਸ਼ਤਰੀ ਵਰਗੇ ਕੁਝ ਕੁ ਰਾਜਨੀਤਕ ਆਗੂ ਅਤੇ ਉਨ੍ਹਾਂ ਦੀਆਂ ਰਿਸ਼ਤਰੀਆਂ ਵਿੱਚੋਂ ਕੁਝ ਕੁ ਪੜ੍ਹੇ ਲਿਖੇ ਲੋਕ ਸਰਕਾਰੀ ਨੌਕਰੀਆਂ ਵਿੱਚ ਤਰੱਕੀਆਂ ਪਾ ਕੇ ਉੱਚ ਅਹੁਦੇ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਹਨ ਉਹ ਆਪਣਾ ਰੀਜ਼ਰਵੇਸ਼ਨ ਕੋਟਾ ਪੱਕਾ ਰੱਖਣ ਲਈ ਹਿੰਦੂ ਧਰਮ ਅਤੇ ਵੇਦਾਂ ਦੀ ਮਹਿਮਾਂ ਗਾਉਣ ਲੱਗ ਪਏ ਹਨ। ਵਿਜੇ ਸੋਨਕਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਵੇਦਾਂ ਦੇ ਅਧਾਰ 'ਤੇ ਲਿਖੀਆਂ ਸਿਮ੍ਰਤੀਆਂ ਖਾਸ ਕਰਕੇ ਮੰਨੂੰ ਸਿਮ੍ਰਤੀ ਜਰੂਰ ਪੜ੍ਹ ਲੈਣ। ਬਾਲਮੀਕ ਰਾਮਇਣ, ਉੱਤਰ ਕਾਂਡ-76 ਵੀ ਜਰੂਰ ਪੜ੍ਹ ਲੈਣ ਜਿਸ ਵਿੱਚ ਲਿਖਿਆ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੇ ਸ਼ੰਬੂਕ ਰਿਸ਼ੀ ਨੂੰ ਇਸੇ ਕਾਰਣ ਮਰਵਾ ਦਿੱਤਾ ਸੀ, ਕਿਉਂਕਿ ਉਹ ਸੁਰਗ ਦੀ ਇੱਛਾ ਕਰਕੇ ਬਨ ਵਿੱਚ ਤਪ ਕਰ ਰਿਹਾ ਸੀ। ਹਿੰਦੂ ਧਰਮ ਜਿਸ ਨੇ ਤੁਹਾਡੇ ਵਰਗੇ ਦਲਿਤਾਂ ਦੀ ਸਥਿਤੀ ਬਦ ਤੋਂ ਬਦਤਰ ਕੀਤੀ; ਵਿਰੁੱਧ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਜੀ, ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਜੋਰਦਾਰ ਅਵਾਜ਼ ਉਠਾਉਂਦਿਆਂ ਹਿੰਦੂ ਧਰਮ ਅਤੇ ਉਨ੍ਹਾਂ ਦੇ ਧਾਰਮਿਕ ਗ੍ਰੰਥ ਵੇਦਾਂ, ਸਿਮ੍ਰਤੀਆਂ ਨੂੰ ਰੱਦ ਕਰਦਿਆਂ ਹੇਠ ਲਿਖੇ ਕੁਝ ਕੁ ਬਚਨ ਉਚਾਰਨ ਕੀਤੇ; ਉਹ ਜਰੂਰ ਪੜ੍ਹ ਲੈਣ।
(1) ‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥’ (329)
ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ।
(2) ‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥’ (349)
ਹੇ ਭਾਈ! ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿੱਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ ॥
(3) ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥
’ ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। (`ਜਾਤਿ` ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥1॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥
’ ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ॥1॥ ਰਹਾਉ ॥
ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥2॥’
ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵੱਖ ਵੱਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ॥2॥
‘ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮਾਰਾ ॥3॥’ (1128)
ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ॥3॥
(4) ਕਬੀਰ ਸਾਹਿਬ ਜੀ ਨੇ ਜਾਤ ਅਭਿਮਾਨੀ ਬ੍ਰਾਹਮਣ ਨੂੰ ਤਕੜੀ ਵੰਗਾਰ ਪਾਉਂਦਿਆ ਕਿਹਾ:
‘ਗਰਭ ਵਾਸ ਮਹਿ ਕੁਲੁ ਨਹੀਂ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥1॥
’ ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ॥1॥
‘ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ ॥’
ਦੱਸ, ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥1॥ ਰਹਾਉ
‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀਂ ਆਇਆ ॥2॥
’ ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥2॥
‘ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥’ (ਹੇ ਪੰਡਿਤ!) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥3॥
‘ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥4॥7॥’ (ਪੰਨਾ 324)
ਕਬੀਰ ਆਖਦਾ ਹੈ- ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ॥4॥7॥
ਸੋ ਉਕਤ ਸਾਰੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਗੁਰੂ ਅਰਜੁਨ ਸਾਹਿਬ ਜੀ ਨੇ ਸਪਸ਼ਟ ਫੈਸਲਾ ਦੇ ਦਿੱਤਾ:
‘ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥’ (ਪੰਨਾ 1136)
ਹੇ ਭਾਈ! ਨਾਹ ਅਸੀਂ ਹਿੰਦੂ ਹਾਂ, ਨਾਹ ਅਸੀਂ ਮੁਸਲਮਾਨ ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ ਅਤੇ ਹਿੰਦੂ) ਰਾਮ (ਆਖਦਾ ਹੈ) ॥
(5) ਭਗਤ ਨਾਮ ਦੇਵ ਜੀ ਨੇ ਸਖਤ ਸ਼ਬਦ ਵਰਤਦਿਆਂ ਲਿਖ ਦਿੱਤਾ:
‘ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥’ (ਪੰਨਾ 875)
ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ॥
ਸਿੱਖ ਧਰਮ ਜਿਸ ਦੇ ਸਿਧਾਂਤ ਗੁਰੂ ਸਾਹਿਬ ਜੀ ਨੇ ਖ਼ੁਦ ਨਿਸਚਤ ਕਰਕੇ ਸਾਡੀ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਦਿੱਤੇ ਹੋਣ ਤਾਂ ਉਸ ਸਿੱਖ ਧਰਮ ਨੂੰ ਕਦਾਚਿਤ ਵੀ ਹਿੰਦੂ ਧਰਮ ਦੀ ਸ਼ਾਖ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਬਾਬਾ ਅੰਬੇਦਕਰ ਸਾਹਿਬ ਜੀ ਚਾਹੁੰਦੇ ਸਨ ਕਿ ਅਜ਼ਾਦ ਭਾਰਤ ਵਿੱਚ 10 ਸਾਲਾਂ ਵਿੱਚ ਦਲਿਤ ਸਮਾਜ ਦੀ ਸਥਿਤੀ ਹਿੰਦੂਆਂ ਦੀ ਉਚ ਜਾਤੀਆਂ ਦੇ ਬਰਾਬਰ ਲੈ ਆਂਦੀ ਜਾਵੇਗੀ ਇਸ ਲਈ 10 ਸਾਲ ਪਿੱਛੋਂ ਦਲਿਤਾਂ ਦੀ ਹੋਈ ਉਨਤੀ ਉਪ੍ਰੰਤ ਉਨ੍ਹਾਂ ਦੇ ਸਮਾਜਿਕ ਰੁਤਬੇ ਨੂੰ ਧਿਆਨ ਵਿੱਚ ਰੱਖਦਿਆਂ ਰੀਜ਼ਰਵੇਸ਼ਨ ’ਤੇ ਮੁੜ ਵੀਚਾਰ ਕਰਕੇ ਇਸ ਨੂੰ ਖਤਮ ਜਾਂ ਕੁਝ ਸਮੇਂ ਲਈ ਹੋਰ ਵਧਾਇਆ ਜਾ ਸਕਦਾ ਹੈ। ਪਰ ਹਾਲਾਤ ਇਹ ਹਨ ਕਿ ਦੇਸ਼ ਦੀ ਅਜਾਦੀ ਪਿੱਛੋਂ ਕੁਝ ਕੁ ਨੂੰ ਛੱਡ ਕੇ ਦਲਿਤ ਭਾਈਚਾਰੇ ਦੀ ਮਾਲੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋਈ ਹੈ ਜਦੋਂ ਕਿ ਦੇਸ਼ ਨੂੰ ਲੁੱਟਣ ਵਾਲੇ ਕਈ ਗੁਣਾਂ ਵੱਧ ਮਾਲਾ ਮਾਲ ਹੋੲੇ ਹਨ ਤੇ ਹੋ ਰਹੇ ਹਨ। ਆਰਐੱਸਐੱਸ ਰੀਜਰਵੇਸ਼ਨ ਰਾਹੀਂ ਜਾਤ ਪਾਤ ਸਿਸਟਮ ਨੂੰ ਹਮੇਸ਼ਾਂ ਲਈ ਕਾਇਮ ਰੱਖ ਕੇ ਹਿੰਦੂ ਧਰਮ ਦੀ ਉਮਰ ਲੰਬੇਰੀ ਕਰਨਾ ਚਾਹੁੰਦੀ ਹੈ। ਆਰਐੱਸਐੱਸ ਤਾਂ ਆਪਣੀ ਥਾਵੇਂ ਬਿਲਕੁਲ ਠੀਕ ਹੈ ਪਰ ਵਿਜੇ ਸੋਨਕਰ ਵਰਗੇ ਦਲਿਤ ਆਗੂਆਂ ਦੇ ਸਿਰ ’ਤੇ ਠੀਕਰਾ ਮੂਧਾ ਵੱਜਿਆ ਹੈ ਜਿਸ ਕਾਰਣ ਉਹ ਹਮੇਸ਼ਾਂ ਲਈ ਮੰਨੂੰ ਸਿਮ੍ਰਤੀ ਦੀਆਂ ਸੰਗਲੀਆਂ ਤੇ ਰੱਸੀਆਂ ਆਪਣੇ ਗਲ਼ੇ ਵਿੱਚ ਪਵਾਈ ਰੱਖਣ ਲਈ ਅੱਡੀਆਂ ਚੁੱਕ ਰਹੇ ਹਨ। ਕਾਰਣ ਇੱਕੋ ਹੈ ਰੀਜ਼ਰਵੇਸ਼ਨ ਦੀ ਬੁਰਕੀ। ਸੁਆਰਥੀ ਆਗੂਆਂ ਨੂੰ ਛੱਡ ਕੇ ਬਾਕੀ ਦੇ ਦਲਿਤ ਸਮਾਜ ਦੇ ਵੀਰਾਂ; ਜਿਨ੍ਹਾਂ ਦੀਆਂ ਵੋਟਾਂ ਸਦਕਾ ਬੁਰਕੀਆਂ ਸੁੱਟਣ ਵਾਲੀਆਂ ਪਾਰਟੀਆਂ ਸਤਾ ’ਤੇ ਕਾਬਜ਼ ਹੋ ਕੇ ਸਮੁੱਚੇ ਭਾਈਚਾਰਿਆਂ ਨੂੰ ਲੁੱਟ ਰਹੀਆਂ ਹਨ; ਨੂੰ ਬੇਨਤੀ ਹੈ ਕਿ ਉਹ ਵਿਜੇ ਸੋਨਕਰ ਅਤੇ ਆਰਐੱਸਐੱਸ ਨੂੰ ਸਵਾਲ ਕਰਨ ਕਿ ਸਾਨੂੰ ਰੀਜ਼ਰਵੇਸ਼ਨ ਨਹੀਂ ਚਾਹਦੀ ਪਰ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦੇ ਸਕੂਲਾਂ ਵਿੱਚ ਤੁਹਾਡੇ ਬੱਚੇ ਪੜ੍ਹਦੇ ਹਨ; ਸਾਡੇ ਬੱਚਿਆਂ ਲਈ ਵੀ ਉਸੇ ਤਰ੍ਹਾਂ ਦੇ ਸਕੂਲਾਂ ਦਾ ਪ੍ਰਬੰਧ ਕੀਤਾ ਜਾਵੇ। ਜਿਸ ਤਰ੍ਹਾਂ ਦੀਆਂ ਤੁਹਾਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਸਾਡੇ ਲਈ ਵੀ ਉਸੇ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ।