ਜੇ ਬਿਕ੍ਰਮੀ ਕੈਲੰਡਰ ਸਰਬ ਪ੍ਰਵਾਨਤ ਹੁੰਦਾ ਤਾਂ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਕੋਈ ਲੋੜ ਨਹੀਂ ਸੀ ਪੈਣੀ।
ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭
ਕੈਲੰਡਰ ਵਿਗਿਆਨ ਦੇ ਆਪੂੰ ਬਣੇ ਵਿਦਵਾਨ- ਦੋ ਤਖ਼ਤਾਂ ਦੇ ਜਥੇਦਾਰ (ਇਕਬਾਲ ਸਿੰਘ ਅਤੇ ਕੁਲਵੰਤ ਸਿੰਘ), ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਹਰਨਾਮ ਸਿੰਘ ਧੁੰਮਾ, ਨਾਨਕਸਰੀਏ ਅਤੇ ਸਤਾ ਦੀ ਖ਼ਾਤਰ ਆਰਐੱਸਐੱਸ ਦੇ ਦੁਬੇਲ ਬਣੇ ਅਕਾਲੀ ਆਗੂਆਂ ਨੂੰ ਕੌਣ ਸਮਝਾਏ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭ ਦੋਵੇਂ ਹੀ ੨੮ ਦਸੰਬਰ ਨੂੰ ਸੋਧੇ (ਅਸਲ ਵਿੱਚ ਵਿਗਾੜੇ) ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਹੀਂ ਬਲਕਿ ਬਿਕ੍ਰਮੀ ਕੈਲੰਡਰ ਅਨੁਸਾਰ ਇਕੱਠੇ ਆਏ ਹਨ ਅਤੇ ਸਮੇਂ ਸਮੇਂ ਇਹ ਦੁਬਾਰਾ ਵੀ ਇਕੱਠੇ ਆਉਂਦੇ ਰਹਿਣਗੇ। ਇਸ ਲਈ ਇਸ ਸਮੱਸਿਆ ਦਾ ਹੱਲ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨਾ ਨਹੀਂ ਹੈ ਬਲਕਿ ੨੦੦੩ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮੂਲ ਰੂਪ ਵਿੱਚ ਮੁੜ ਲਾਗੂ ਕਰਨਾ ਹੈ। ਇਹ ਇਸ ਕਾਰਣ ਹੈ ਕਿ ਗੁਰਪੁਰਬ ਬਿਕ੍ਰਮੀ ਕੈਲੰਡਰ ਦੇ ਚੰਦਰ ਸਾਲ (੩੫੪ ਦਿਨਾਂ) ਮੁਤਾਬਿਕ ਨਿਯਤ ਕੀਤੇ ਜਾਂਦੇ ਹਨ ਅਤੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਸਾਲ (੩੬੫ ਦਿਨਾਂ) ਮੁਤਾਬਿਕ ਨਿਯਤ ਕੀਤੇ ਜਾਂਦੇ ਹਨ। ਇਸੇ ਨੁਕਸ ਕਾਰਣ ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਇਹ ਸਮੱਸਿਆ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਨਹੀਂ ਆਉਂਦੀ ਬਲਕਿ ਸਾਰੇ ਹੀ ਗੁਰਪੁਰਬ ਕਦੀ ੧੧ ਦਿਨ ਪਹਿਲਾਂ ਆ ਜਾਂਦੇ ਹਨ ਅਤੇ ਕਦੀ ੧੮-੧੯ ਦਿਨ ਪਿੱਛੋਂ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਦਸੰਬਰ ਜਾਂ ਜਨਵਰੀ ਵਿੱਚ ਆਉਣ ਕਰਕੇ ਇਸ ਦਾ ਅੱਗੇ ਪਿੱਛੇ ਹੋ ਜਾਣ ਦਾ ਜਲਦੀ ਪਤਾ ਲੱਗ ਜਾਂਦਾ ਹੈ ਜਦੋਂ ਕਿ ਬਾਕੀ ਦੇ ਗੁਰਪੁਰਬਾਂ ਦਾ ਬਹੁਤਾ ਧਿਆਨ ਨਹੀਂ ਰਹਿੰਦਾ ਪਰ ਅਸਲ ਵਿੱਚ ਸਾਰੇ ਹੀ ਗੁਰਪੁਰਬ ਇੱਕ ਮਹੀਨਾ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਗੁਰਪੁਰਬ ਅੱਗੇ ਪਿੱਛੇ ਆਉਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੀ ਬੜੀ ਸਖਤ ਮਿਹਨਤ ਉਪ੍ਰੰਤ ੨੦੦੩ 'ਚ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਸੀ।
ਆਪੇ ਪੂਰਾ ਕਰੇ, ਸੁ ਹੋਇ ॥
ਏਹਿ ਥਿਤੀ ਵਾਰ, ਦੂਜਾ ਦੋਇ ॥
ਸਤਿਗੁਰ ਬਾਝਹੁ, ਅੰਧੁ ਗੁਬਾਰੁ ॥
ਥਿਤੀ ਵਾਰ ਸੇਵਹਿ, ਮੁਗਧ ਗਵਾਰ ॥
ਨਾਨਕ, ਗੁਰਮੁਖਿ ਬੂਝੈ; ਸੋਝੀ ਪਾਇ ॥
ਇਕਤੁ ਨਾਮਿ, ਸਦਾ ਰਹਿਆ ਸਮਾਇ ॥੧੦॥੨॥ {ਬਿਲਾਵਲੁ ਸਤ ਵਾਰ (ਮ: ੩) ਪੰਨਾ ੮੪੩}
ਜਿਸ ਦੇ ਟੀਕਾਕਾਰ ਸ: ਮਨਮੋਹਨ ਸਿੰਘ ਜੀ ਨੇ ਅਰਥ ਇਸ ਤਰ੍ਹਾਂ ਕੀਤੇ ਹਨ:-
ਜਿਹੜਾ ਕੁਛ ਪੂਰਨ ਪ੍ਰਭੂ ਆਪ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
ਇਨ੍ਹਾਂ ਚੰਦ੍ਰਮਾ ਅਤੇ ਸੂਰਜ ਦੇ ਦਿਹਾੜਿਆਂ ਨਾਲ ਜੋੜੇ ਹੋਏ ਸ਼ਗਨ ਅਪਸ਼ਗਨ ਦੁਚਿਤਾਪਣ ਅਤੇ ਦਵੈਤ-ਭਾਵ ਪੈਦਾ ਕਰਦੇ ਹਨ।
ਸੱਚੇ ਗੁਰਾਂ ਦੇ ਬਾਝੋਂ, ਅਨ੍ਹੇਰਾ ਘੁੱਪ ਹੈ।
ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਅਪਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ।
ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਅਨੁਭਵ ਕਰ, ਇਨਸਾਨ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ, ਅਤੇ ਉਹ ਇਕ ਨਾਮ ਅੰਦਰ ਹਮੇਸ਼ਾਂ ਲੀਨ ਹੋਇਆ ਰਹਿੰਦਾ ਹੈ।
ਉਕਤ ਸ਼ਬਦ ਤੋਂ ਸੇਧ ਲੈਣ ਦੀ ਬਜਾਏ ਮੱਸਿਆ-, ਪੂਰਨਮਾਸ਼ੀਆਂ ਅਤੇ ਸੰਗਰਾਂਦਾਂ ਪੂਜ ਕੇ ਆਪਣਾ ਨਾਮ ਮੁਗਧ ਗਵਾਰਾਂ ਦੀ ਸੂਚੀ ਵਿੱਚ ਲਿਖਾਉਣ ਦਾ ਸ਼ੌਂਕ ਪੂਰਾ ਕਰਨ ਵਾਲੇ ਇਹਨਾਂ ਵਿਦਵਾਨਾਂ ਸਮੇਤ ਕੋਈ ਵੀ ਵਿਅਕਤੀ ਦੱਸੇ ਕਿ ੨੦੦੩ ਤੋਂ ੨੦੧੦ ਤੱਕ ਨਾਨਕਸ਼ਾਹੀ ਕੈਲੰਡਰ ਲਾਗੂ ਰਿਹਾ ਤਾਂ ਕੀ ਕੋਈ ਵੀ ਗੁਰਪੁਰਬ ਕਦੀ ਵੀ ਅੱਗੇ ਪਿੱਛੇ ਆਉਣ ਕਰਕੇ ਕੋਈ ਵਿਵਾਦ ਹੋਇਆ ਸੀ ?,
ਮੁਗਧ ਗਵਾਰ’ ਬਣਨ ਵਾਲਿਆਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਪਿੱਛੋਂ ਕੋਈ ਵੀ ਗੁਰਪੁਰਬ ਐਸਾ ਨਹੀਂ ਰਿਹਾ ਜਦੋਂ ਤਰੀਖਾਂ ਅੱਗੇ ਪਿੱਛੇ ਆਉਣ ਕਰਕੇ ਵਿਵਾਦ ਪੈਦਾ ਨਾ ਹੋਇਆ ਹੋਵੇ। ਆਪਣੇ ਵੱਲੋਂ ਸੋਧੇ ਗਏ ਕੈਲੰਡਰ ਕਾਰਣ ਤਕਰੀਬਨ ਹਰ ਰੋਜ ਹੀ ਵਿਵਾਦ ਅਤੇ ਅਲੋਚਨਾ ਦਾ ਸਾਹਮਣਾ ਕਰਨ ਤੋਂ ਭੁਚਲਾਏ ਹੋਏ ਇਹ ਅਖੌਤੀ ਵਿਦਵਾਨਾਂ ਨੂੰ ਹੁਣ ਇਹ ਸਮਝ ਨਹੀਂ ਆ ਰਹੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਸੋਧੇ ਹੋਏ ਕੈਲੰਡਰ ਦੇ ਦੋਸ਼ ਅਨੁਸਾਰ ਹੈ ਜਾਂ ਬਿਕ੍ਰਮੀ ਕੈਲੰਡਰ ਦੇ ਦੋਸ਼ ਅਨੁਸਾਰ ਹੈ; ਇਸੇ ਕਾਰਣ ਹੁਣ ਉਹ ਸੋਧੇ ਨਾਨਕਸ਼ਾਹੀ ਕੈਲੰਡਰ ਦੀ ਥਾਂ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੀ ਸੋਚ ਰਹੇ ਹਨ ਕਿਉਂਕਿ ਉਨ੍ਹਾਂ ਅਨੁਸਾਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਪਹਿਲਾਂ ਬਿਕ੍ਰਮੀ ਕੈਲੰਡਰ ਸਰਬ ਪ੍ਰਵਾਨਤ ਸੀ।
ਥਿਤੀ ਵਾਰ ਸੇਵ ਕੇ, ਮੁਗਧ ਗਵਾਰ ਬਣੇ ਇਨ੍ਹਾਂ ਵਿਦਵਾਨਾਂ ਨੂੰ ਕੌਣ ਸਮਝਾਏ ਕਿ ਬਿਕ੍ਰਮੀ ਕੈਲੰਡਰ ਸਰਬ ਪ੍ਰਵਾਨਤ ਨਹੀਂ ਸੀ ਬਲਕਿ ਨਾਨਕਸ਼ਾਹੀ ਕੈਲੰਡਰ ਦੀ ਅਣਹੋਂਦ ਕਾਰਣ ਮਜਬੂਰੀ ਸੀ। ਜੇ ਬਿਕ੍ਰਮੀ ਕੈਲੰਡਰ ਸਰਬ ਪ੍ਰਵਾਨਤ ਹੁੰਦਾ ਤਾਂ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਕੋਈ ਲੋੜ ਨਹੀਂ ਸੀ ਪੈਣੀ।
ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ ੭, ੨੩ ਪੋਹ ਬਿਕ੍ਰਮੀ ਸੰਮਤ ੧੭੨੩ ਮੁਤਾਬਿਕ ੨੨ ਦਸੰਬਰ ੧੬੬੬ ਨੂੰ ਹੋਇਆ ਸੀ ਜਿਸ ਨਾਲ ਤਕਰੀਬਨ ਸਮੁੱਚੇ ਪੰਥਕ ਵਿਦਵਾਨ ਸਹਿਮਤ ਹਨ। ਬਿਕ੍ਰਮੀ ਕੈਲੰਡਰ ਦਾ ਕੋਈ ਵੀ ਹਮਾਇਤੀ ਦੱਸੇ ਕਿ ਜੇ ਕਰ ਮੌਸਮੀ ਕੈਲੰਡਰ ਅਨੁਸਾਰ ਨਾਨਕਸ਼ਾਹੀ ਕੈਲੰਡਰ ਸੂਰਜੀ ਚਾਲ ਮੁਤਾਬਿਕ ਬਣਾਉਣ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭ ਦੀ ਬਜਾਇ ੨੩ ਪੋਹ ਨੂੰ ਮਨਾ ਲਿਆ ਜਾਵੇ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ ੫ ਜਨਵਰੀ ਨੂੰ ਹੀ ਆਇਆ ਕਰੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਖੋਰਾ ਲੱਗੇਗਾ?
ਕਿਰਪਾਲ ਸਿੰਘ ਬਠਿੰਡਾ
ਜੇ ਬਿਕ੍ਰਮੀ ਕੈਲੰਡਰ ਸਰਬ ਪ੍ਰਵਾਨਤ ਹੁੰਦਾ ਤਾਂ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਕੋਈ ਲੋੜ ਨਹੀਂ ਸੀ ਪੈਣੀ।
Page Visitors: 2645