ਜਾਤ ਪਾਤ ਸਮਾਜ ’ਚ ਸਭ ਤੋਂ ਵੱਡਾ ਕੋਹੜ, ਗੁਰਬਾਣੀ ਦੀ ਵੀਚਾਰ ਅਤੇ ਇਸ ’ਤੇ ਅਮਲ ਹੀ ਇੱਕੋ ਇੱਕ ਇਲਾਜ
ਕਿਰਪਾਲ ਸਿੰਘ ਬਠਿੰਡਾ
ਮੋਬ: 98554807੯੭
ਆਮ ਤੌਰ ’ਤੇ “ਪਾੜੋ ਤੇ ਰਾਜ ਕਰੋ” ਹਰ ਸਤਾਧਾਰੀ ਮਨੁੱਖ ਦੀ ਨੀਤੀ ਹੁੰਦੀ ਹੈ। ਇਸੇ ਨੀਤੀ ਅਧੀਨ ਪੁਜਾਰੀ ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾਂ ਅਤੇ ਉਸ ਉਪਰੰਤ ਅਨੇਕਾਂ ਜਾਤਾਂ ਪਾਤਾਂ ਵਿੱਚ ਵੰਡ ਕੇ ਸਮਾਜਕ ਏਕਤਾ ਨੂੰ ਖੇਰੂੰ ਖੇਰੂੰ ਕੀਤਾ ਹੋਇਆ ਸੀ ਤਾ ਕਿ ਕੋਈ ਵੀ ਮਨੁੱਖ ਉਨ੍ਹਾਂ ਦੀ ਲੁੱਟ ਅਤੇ ਜਿਆਦਤੀਆਂ ਵਿਰੁੱਧ ਬਗਾਵਤ ਕਰਨ ਦਾ ਹੀਆਂ ਨਾ ਕਰ ਸਕੇ। ਜਾਤ-ਪਾਤ ਅਤੇ ਵਰਣ ਵੰਡ ਮਨੁੱਖੀ ਅਧਿਕਾਰਾਂ ’ਤੇ ਸਭ ਤੋਂ ਵੱਡਾ ਡਾਕਾ ਹੈ ਕਿਉਂਕਿ ਕਿ ਇਸ ਪ੍ਰਥਾ ਦੇ ਚਲਦਿਆਂ ਬ੍ਰਾਹਮਣ ਵੱਲੋਂ ਮਿਥੀ ਗਈ ਨੀਵੀਂ ਜਾਤ ਦੇ ਮਨੁੱਖ ਨੂੰ ਸਮਾਨ ਅਧਿਕਾਰਾਂ ਅਤੇ ਸਨਮਾਨ ਤੋਂ ਵਾਂਝਾ ਰੱਖ ਕੇ, ਬਰਾਬਰ ਦੇ ਮਨੁੱਖੀ ਅਧਿਕਾਰਾਂ ਤੋਂ ਵਿਰਵਾ ਰੱਖਿਆ ਜਾਂਦਾ ਹੈ। ਕਿਉਂਕਿ ਹਰ ਵਰਣ ਦੇ ਬਾਲਕ ਵਾਸਤੇ ਜੰਞੂ ਵੱਖ ਵੱਖ ਪਦਾਰਥ ਦੇ ਬਣਾਏ ਜਾਂਦੇ ਸਨ:
1. ਉੱਚਤਮ ਸਮਝੇ ਜਾਂਦੇ ਵਰਣ, ਬ੍ਰਾਹਮਣ ਦਾ ਜਨੇਊ ਕਪਾਹ ਦਾ,
2. ਖੱਤਰੀ ਵਾਸਤੇ ਸਣ ਦਾ ਅਤੇ
3. ਵੈਸ਼ ਲਈ ਉੱਨ ਦਾ,
4. ਸ਼ੂਦਰਾਂ ਨੂੰ ਜਨੇਊ ਪਹਿਨਣ ਦੀ ਆਗਿਆ ਨਹੀਂ; ਲੜਕੀਆਂ ਵਾਸਤੇ ਵੀ ਜਨੇਊ ਧਾਰਨ ਕਰਨ ’ਤੇ ਮਨਾਹੀ ਹੋਣ ਕਰਕੇ ਜੰਞੂ ਵਰਣ-ਵੰਡ ਅਤੇ ਲਿੰਗ ਵਿਤਕਰੇ ਦਾ ਸੂਚਕ ਹੈ! ਗੁਰੂ ਨਾਨਕ ਸਾਹਿਬ ਜੀ ਨੇ 10 ਸਾਲ ਦੀ ਉਮਰ ਵਿੱਚ ਹੀ ਜੰਞੂ ਪਾਉਣ ਤੋਂ ਇਨਕਾਰ ਕਰਕੇ ਵਰਣ-ਵੰਡ ਅਤੇ ਲਿੰਗ ਵਿਤਕਰੇ ’ਤੇ ਪਹਿਲੀ ਸੱਟ ਮਾਰੀ। ਹਰਿਦੁਆਰ ਵਿਖੇ ਆਪਣੇ ਆਪ ਨੂੰ ਸਰਬਉੱਚ ਸਮਝ ਕੇ ਨੀਚਾਂ ਵੱਲੋਂ ਚੌਕਾ ਭਿੱਟੇ ਜਾਣ ਤੋਂ ਰੋਕਣ ਲਈ ਕਾਰਾਂ ਕੱਢ ਕੇ ਚੌਂਕੇ ’ਤੇ ਬੈਠੇ ਵੈਸ਼ਨੂੰ ਸਾਧ ਕੋਲ ਅੱਗ ਲੈਣ ਲਈ ਭੇਜੇ ਗਏ ਭਾਈ ਮਰਦਾਨਾ ਜੀ ਦੇ ਮਗਰ ਗੁੱਸੇ ਨਾਲ ਅੱਗ ਦੀ ਚੁਆਤੀ ਲੈ ਕੇ ਦੌੜੇ ਆ ਰਹੇ ਵੈਸ਼ਨੂੰ ਸਾਧ ਨੂੰ ਇਸ ਸ਼ਬਦ ਰਾਹੀਂ ਉਪਦੇਸ਼ ਦਿੱਤਾ:
‘ਸਲੋਕ ਮ: 1 ॥
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥1॥’ (ਗੁਰੂ ਗ੍ਰੰਥ ਸਾਹਿਬ -ਪੰਨਾ 91)
ਭਾਵ ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਦੂਸਰਿਆਂ ’ਤੇ ਬੇ-ਤਰਸੀ ਕਰਨ ਦਾ ਸੁਭਾਉ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ? ਵਰਣਵੰਡ ਵਿੱਚ ਗ੍ਰਸੇ ਸਾਧ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਜੀ ਨੇ ਕਿਹਾ! ਜੋ ਮਨੁੱਖ ‘ਸੱਚ’ ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਸਿਰਫ ਉਹ ਮਨੁੱਖ ਹੀ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ॥1॥ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਗਰੀਬਾਂ ਨੂੰ ਮਾਨ ਸਨਮਾਨ ਦੇਣ ਲਈ ਆਪ ਜੀ ਦਾ ਹੋਰ ਉਪਦੇਸ਼-ਮਈ ਬਚਨ ਹੈ:-
‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥’ (ਮ: 1 ਪੰਨਾ 15)
ਜਿਸ ਦੇ ਅਰਥ ਹਨ: (ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ (ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।
ਇੱਕ ਹੋਰ ਥਾਂ ਫੁਰਮਾਨ ਕਰਦੇ ਹਨ:
‘ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥’ (ਮ: 1, ਪੰਨਾ 1330)
ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖਰੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਇਹ ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ। ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ। ਜਨਮ ਮਰਨ (ਦੇ ਗੇੜ) ਦਾ ਦੁੱਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ।
ਜਾਤ ਅਭਿਮਾਨੀ ਬ੍ਰਾਹਮਣ ਨੂੰ ਮੂਰਖ ਗਵਾਰ ਕਹਿੰਦੇ ਹੋਏ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਲਿਖਦੇ ਹਨ:-
‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥’
ਅਰਥ:- ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥1॥
‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’
ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ॥1॥ ਰਹਾਉ ॥
‘ਚਾਰੇ ਵਰਨ ਆਖੈ ਸਭੁ ਕੋਈ ॥
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥2॥’
ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵੱਖ ਵੱਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ॥2॥
‘ਮਾਟੀ ਏਕ ਸਗਲ ਸੰਸਾਰਾ ॥
ਬਹੁ ਬਿਧਿ ਭਾਂਡੇ ਘੜੈ ਕੁਮ੍ਾਰਾ ॥3॥’
ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ॥3॥
‘ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥
ਘਟਿ ਵਧਿ ਕੋ ਕਰੈ ਬੀਚਾਰਾ ॥4॥’
ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ॥4॥
‘ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥5॥1॥’
ਨਾਨਕ ਆਖਦਾ ਹੈ-(ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥5॥1॥ (ਪੰਨਾ 1128)
ਭਗਤ ਕਬੀਰ ਜੀ ਨੇ ਤਾਂ ਜਾਤ ਅਭਿਮਾਨੀ ਬ੍ਰਾਹਮਣ ਨੂੰ ਵੰਗਾਰ ਕੇ ਕਿਹਾ:-
‘ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥1॥
ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ॥1॥
‘ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
ਬਾਮਨ ਕਹਿ ਕਹਿ ਜਨਮੁ ਮਤ ਖੋਏ ॥1॥ ਰਹਾਉ ॥’
ਫਿਰ ਦੱਸ, ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥1॥ ਰਹਾਉ ॥
‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਤਉ ਆਨ ਬਾਟ ਕਾਹੇ ਨਹੀ ਆਇਆ ॥2॥’
ਜੇ (ਹੇ ਪੰਡਿਤ!) ਜੇ ਕਰ ਤੂੰ ਇਸ ਲਈ ਬ੍ਰਾਹਮਣ ਹੈਂ ਕਿ ਤੂੰ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, (ਤਾਂ ਇਹ ਦੱਸ ਕਿ ਤੂੰ) ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥2॥
‘ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥
(ਹੇ ਪੰਡਿਤ!) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥3॥
‘ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥4॥7॥’
ਕਬੀਰ ਆਖਦਾ ਹੈ- ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ॥4॥7॥ (ਪੰਨਾ 324)
ਗੁਰੂ ਅਰਜੁਨ ਸਾਹਿਬ ਜੀ ਨੇ ਬ੍ਰਾਹਮਣ ਵੱਲੋਂ ਕਹੀਆਂ ਜਾਂਦੀਆਂ ਨੀਵੀਆਂ ਜਾਤਾਂ- ਕਬੀਰ (ਜੁਲਾਹਾ), ਰਵਿਦਾਸ (ਚਮਿਆਰ), ਨਾਮਦੇਵ (ਛੀਂਬਾ), ਸੈਣ (ਨਾਈ), ਸਧਨਾ (ਕਸਾਈ), ਸੱਤਾ ਤੇ ਬਲਵੰਡ (ਡੂੰਮ ਮਿਰਾਸੀ) ਸਮੇਤ ਹਰ ਉਸ ਰੱਬੀ ਭਗਤ ਜਨ ਜਿਨ੍ਹਾਂ ਨੇ ਬ੍ਰਾਹਮਣ ਵੱਲੋਂ ਬਣਾਈ ਜਾਤ ਵਿਵਸਥਾ ਅਤੇ ਫੋਕਟ ਕਰਮਕਾਂਡਾਂ ਵਿਰੁੱਧ ਬਗਾਵਤ ਕਰਕੇ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਨ ਦੀ ਪ੍ਰੇਰਣਾਂ ਦਿੱਤੀ; ਉਨ੍ਹਾਂ ਸਭਨਾਂ ਭਗਤ ਸਾਹਿਬਾਨ ਤੇ ਗੁਰਸਿੱਖਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਯੋਗ ਥਾਂ ਦੇ ਕੇ ਗੁਰਬਾਣੀ ਦਾ ਦਰਜਾ ਦਿੱਤਾ ਅਤੇ ਵਰਣ ਵੰਡ ਤੇ ਜਾਤ ਪਾਤ ਦਾ ਪੂਰਨ ਤੌਰ ’ਤੇ ਭੋਗ ਪਾ ਕੇ ਗੁਣਾਂ ਦੇ ਅਧਾਰ ’ਤੇ ਮਨੁੱਖੀ ਏਕਤਾ ਦਾ ਮੁੱਢ ਬੰਨ੍ਹਿਆ। ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖ਼ਾਲਸਾ ਪ੍ਰਗਟ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭਨਾ ਜਾਤਾਂ ਨੂੰ ਇੱਕੋ ਬਾਟੇ ਵਿੱਚੋਂ ਪਾਹੁਲ ਛਕਾ ਕੇ ਇਹ ਉਪਦੇਸ਼ ਦਿੱਤਾ ਕਿ ਅੱਜ ਤੋਂ ਤੁਹਾਡੀ ਪਿਛਲੀ ਜਾਤ, ਗੋਤ, ਕੁਲ ਖਤਮ। ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ; ਇਸ ਲਈ ਸਾਰੇ ਭੈਣ ਭਰਾ ਹੋਣ ਸਦਕਾ ਸਭ ਨਾਲ ਭੈਣ ਭਰਾਵਾਂ ਵਾਲਾ ਸਲੂਕ ਹੀ ਕਰਨਾ ਹੈ। ਉਸ ਸਮੇਂ ਪਹਾੜੀ ਰਾਜਿਆਂ ਅਤੇ ਬ੍ਰਾਹਮਣਾਂ ਦੀ ਇਹ ਪੇਸ਼ਕਸ਼ “ਉਹ ਉੱਚੀ ਜਾਤ ਦੇ ਹੋਣ ਕਰਕੇ ਨੀਵੀਆਂ ਜਾਤਾਂ ਦੇ ਨਾਲ ਇੱਕੋ ਬਾਟੇ ’ਚੋਂ ਪਾਹੁਲ ਨਹੀਂ ਛਕ ਸਕਦੇ ਪਰ ਜੇ ਕਰ ਉਨ੍ਹਾਂ ਨੂੰ ਵੱਖਰੇ ਬਾਟੇ ਵਿੱਚ ਛਕਾ ਦਿੱਤੀ ਜਾਵੇ ਤਾਂ ਉਹ ਵੀ ਖੰਡੇ ਦੀ ਪਾਹੁਲ ਛਕ ਕੇ ਸਿੱਖ ਬਣਨ ਲਈ ਤਿਆਰ ਹਨ”; ਨੂੰ ਠੁਕਰਾ ਕੇ ਜਾਤ ਵਿਵਸਥਾ ’ਤੇ ਕਰਾਰੀ ਸੱਟ ਮਾਰੀ। ਮਜ਼ਬੀ ਜਾਤ ਵਿੱਚੋਂ ਭਾਈ ਜੈਤਾ ਜੀ (ਜੋ ਬਾਅਦ ਵਿੱਚ ਖੰਡੇ ਦੀ ਪਾਹੁਲ ਛਕ ਕੇ ਬਾਬਾ ਜੀਵਨ ਸਿੰਘ ਜੀ ਬਣ ਗਏ ਸਨ) ਨੂੰ ਛਾਤੀ ਨਾਲ ਲਾ ਕੇ “ਰੰਗਰੇਟਾ ਗੁਰੂ ਕਾ ਬੇਟਾ” ਕਹਿਣਾ ਅਤੇ ਰਾਮਦਾਸੀਆ ਜਾਤ ਵਿੱਚੋਂ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਬਸਤਰ ਅਤੇ ਕਲਗੀ ਪਹਿਨਾ ਕੇ ਮੱਥਾ ਚੁੰਮਣ ਵਰਗੀਆਂ ਘਟਨਾਵਾਂ ਨੇ ਸਿੱਧ ਕਰ ਦਿੱਤਾ ਕਿ ਗੁਰੂ ਸਾਹਿਬ ਜੀ ਲਈ ਇਨ੍ਹਾਂ ਅਖੌਤੀ ਨੀਵੀਆਂ ਜਾਤਾਂ ਦੇ ਸਿੱਖ ਆਪਣੇ ਬਿੰਦੀ ਪੁੱਤਰਾਂ ਦੇ ਤੁਲ ਪਿਆਰ ਅਤੇ ਸਤਿਕਾਰ ਦੇ ਪਾਤਰ ਰਹੇ ਹਨ। ਅਖੌਤੀ ਨੀਵੀਆਂ ਜਾਤਾਂ ਵਿੱਚੋਂ ਵੀ ਤਿੰਨ ਪਿਆਰੇ- ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ; ਬਾਬਾ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਮਨੀ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਬਚਿੱਤਰ ਸਿੰਘ, ਚਿੱਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ, ਦੇਸਾ ਸਿੰਘ, ਬਾਬਾ ਜੈ ਸਿੰਘ ਖਲਕਟ, ਬਾਬਾ ਗਰਜਾ ਸਿੰਘ ਆਦਿਕ ਅਨੇਕਾਂ ਗੁਰੂ ਕੇ ਲਾਡਲੇ ਹੋਏ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਥਾਹ ਕੁਰਬਾਨੀਆਂ ਦਿੱਤੀਆਂ। ਇਸ ਲਈ ਬ੍ਰਾਹਮਣ ਵੱਲੋਂ ਦੁਰਕਾਰੀਆਂ ਗਈਆਂ ਨੀਵੀਆਂ ਜਾਤਾਂ ਦੇ ਉਚੇ ਜੀਵਨ ਵਾਲੇ ਮਨੁੱਖ ਸਿੱਖ ਧਰਮ ਵਿੱਚ ਤ੍ਰਿਸਕਾਰ ਦੇ ਨਹੀਂ ਬਲਕਿ ਸਤਿਕਾਰ ਦੇ ਪਾਤਰ ਸਨ; ਹਨ ਅਤੇ ਹਮੇਸ਼ਾਂ ਰਹਿਣਗੇ। ਇਹ ਵੱਖਰੀ ਗੱਲ ਹੈ ਕਿ ਕਾਂਸ਼ੀ ਦੇ ਬ੍ਰਾਹਮਣਾਂ ਤੋਂ ਮਨਮਤਿ ਸਿੱਖ ਕੇ ਆਏ ਕੁਝ ਡੇਰੇਦਾਰ ਖਾਸ ਕਰਕੇ ਨਾਨਕਸਰੀਏ ਇਨ੍ਹਾਂ ਸਤਿਕਾਰਯੋਗ ਵੀਰਾਂ ਨਾਲ ਜਾਤੀ ਵਿਤਕਰਾ ਕਰਦੇ ਹਨ ਜਿਸ ਕਾਰਣ ਮਹਾਨ ਕੁਰਬਾਨੀਆਂ ਕਰਨ ਵਾਲੇ ਬਾਬਾ ਜੀਵਨ ਸਿੰਘ, ਭਾਈ ਸੰਗਤ ਸਿੰਘ ਜੀ ਦੀ ਬਰਾਦਰੀ ਦੇ ਬਹੁਤ ਸਾਰੇ ਭੋਲੇ ਭਾਲੇ ਵੀਰ ਦੇਹਧਾਰੀ ਗੁਰੂਡੰਮ ਦੇ ਜਾਲ ਵਿੱਚ ਫਸ ਰਹੇ ਹਨ।
ਰਵਿਦਾਸੀਏ ਵੀਰਾਂ ਵੱਲੋਂ ਡੇਰਾ ਸੱਚਖੰਡ ਬੱਲਾਂ ਦੀ ਸਥਾਪਨਾ ਲਈ ਵੀ ਜਿੱਥੇ ਸਿੱਖੀ ਵਿੱਚ ਜਾਤ ਪਾਤ ਨੂੰ ਵਡਾਵਾ ਦੇਣ ਵਾਲੇ ਮਨਮਤੀ ਸਿੱਖਾਂ ਦਾ ਯੋਗਦਾਨ ਹੈ ਉਥੇ ਰਾਜਨੀਤਕ ਲੋਕ ਵੀ ਅਜੇਹੇ ਡੇਰਿਆਂ ਨੂੰ ਵੱਡੇ ਪੱਧਰ ’ਤੇ ਵਡਾਵਾ ਦੇ ਰਹੇ ਹਨ। ਹੋਰ ਤਾਂ ਹੋਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ’ਤੇ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਮੁਢਲਾ ਕੰਮ ਹੀ ਸਿੱਖ ਧਰਮ ਦੇ ਪ੍ਰਚਾਰ ਪਸਾਰ ਲਈ ਰਾਜਨੀਤਕ ਪੱਧਰ ’ਤੇ ਕੰਮ ਕਰਨਾ ਹੈ ਉਹ ਵੀ ਆਪਣੀ ਸੌੜੀ ਸਿਆਸਤ ਲਈ ਆਪਣੇ ਫਰਜਾਂ ਨੂੰ ਭੁੱਲ ਕੇ ਆਪਣੇ ਦਲ ਵਿੱਚ ਦਲਿਤ ਵਿੰਗ, ਪਛੜੀਆਂ ਸ਼੍ਰੇਣੀ ਵਿੰਗ ਆਦਿਕ ਬਣਾ ਕੇ ਜਾਤ ਪਾਤ ਨੂੰ ਵਡਾਵਾ ਦੇ ਰਹੇ ਹਨ। ਮਜ਼ਬੀ ਸਿੱਖ, ਰਾਮਦਾਸੀਏ ਸਿੱਖ, ਕਬੀਰਪੰਥੀ, ਰਾਮਗੜ੍ਹੀਏ ਸਿੱਖ, ਸਵਰਨਕਾਰ ਸੰਘ ਆਦਿਕ ਅਨੇਕਾਂ ਵਰਗਾਂ ਵਿੱਚੋਂ ਕੁਝ ਮੌਕਾ ਪ੍ਰਸ਼ਤ ਲੋਕਾਂ ਨੂੰ ਕੁਝ ਅਹੁਦੇ ਦੇ ਕੇ ਉਨ੍ਹਾਂ ਨੂੰ ਆਪਣੀ ਜਾਤ ਨਾਲ ਸਬੰਧਤ ਲੋਕਾਂ ਦੀਆਂ ਵੋਟਾਂ ਵਟੋਰਨ ਲਈ ਵਰਤਿਆ ਜਾ ਰਿਹਾ ਹੈ। ਵੈਸੇ ਤਾਂ ਸਾਰੇ ਹੀ ਦੇਸ਼ ਵਿੱਚ ਡੇਰਾਵਾਦ ਦਾ ਪਸਾਰਾ ਹੋ ਰਿਹਾ ਹੈ ਪਰ ਖਾਸ ਤੌਰ ’ਤੇ ਪੰਜਾਬ ਅਤੇ ਇਸ ਦੇ ਆਸ ਪਾਸ ਤਾਂ ਸਿੱਖ ਅਤੇ ਗੈਰਸਿੱਖ ਡੇਰੇ ਬਹੁਤ ਹੀ ਤੇਜੀ ਨਾਲ ਵਧ ਰਹੇ ਹਨ ਜਿਨ੍ਹਾਂ ਸਾਰਿਆਂ ਦੇ ਪਿੱਛੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹੱਥ ਹੈ ਅਤੇ ਅਕਾਲੀ ਦਲ ਵੀ ਕਿਸੇ ਤੋਂ ਘੱਟ ਨਹੀਂ ਹੈ। ਜਿੱਥੇ ਕੁਝ ਜਾਤ ਅਭਿਮਾਨੀ ਅਤੇ ਮਨਮਤੀ ਸਿੱਖਾਂ ਵੱਲੋਂ ਸਤਾਏ ਦਲਿਤ ਸਿੱਖਾਂ ਦਾ ਮੂੰਹ ਇਨ੍ਹਾਂ ਡੇਰਿਆਂ ਵੱਲ ਹੋ ਰਿਹਾ ਹੈ ਉਥੇ ਸਰਕਾਰ ਵੱਲੋਂ ਜਾਤ ਅਧਾਰਤ ਰੀਜਰਵੇਸ਼ਨ ਦੇਣ ਦਾ ਲਾਭ ਉਠਾਉਣ ਹਿੱਤ ਵੀ ਦਲਿਤ ਸਿੱਖ ਜਾਤੀ ਸਿਸਟਮ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਹਨ ਇਸ ਲਈ ਹਰ ਜਾਤੀ ਸਿਸਟਮ ਤੋਂ ਸਤਾਏ ਲੋਕ ਇਸ ਸਿਸਟਮ ਨੂੰ ਖਤਮ ਕਰਨ ਦੀ ਚਾਹ ਰੱਖਣ ਦੀ ਬਜਾਏ ਆਪਣੀ ਜਾਤੀ ਨਾਲ ਸਬੰਧਤ ਮਹਾਂਪੁਰਸ਼ ਜਿਵੇਂ ਕਿ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਬਾਬਾ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਸ: ਜੱਸਾ ਸਿੰਘ ਰਾਮਗੜ੍ਹੀਆ ਆਦਿਕ ਦੇ ਨਾਵਾਂ ’ਤੇ ਆਪਣੀਆਂ ਜਥੇਬੰਦੀਆਂ ਬਣਾ ਕੇ ਆਪਣੇ ਕੋਟੇ ਲੈਣ ਦੇ ਰਾਹ ਪਏ ਹੋਏ ਹਨ। ਡੇਰਾ ਸੱਚ ਖੰਡ ਬੱਲਾਂ ਵਾਲਿਆਂ ਨੇ ਤਾਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਵੱਖਰਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਉਸ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਐਸਾ ਕਰਨਾ ਕਿਸੇ ਵੀ ਤਰ੍ਹਾਂ ਉਨ੍ਹਾਂ ਖੁਦ ਅਤੇ ਸਮੁੱਚੀ ਮਨੁੱਖਤਾ ਦੇ ਹੱਕ ਵਿੱਚ ਨਹੀਂ ਹੈ।
ਗੁਰੂ ਸਾਹਿਬ ਜੀ ਨੇ ਤਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਸਭਨਾਂ ਜਾਤਾਂ ਨਾਲ ਸਬੰਧਤ ਰੱਬੀ ਭਗਤਾਂ ਦੀ ਬਾਣੀ ਇੱਕ ਗ੍ਰੰਥ ਵਿੱਚ ਇਕੱਤਰ ਕਰਕੇ ਮਨੁੱਖੀ ਏਕਤਾ ਦਾ ਮੁੱਢ ਬੰਨ੍ਹਿਆ ਸੀ ਅਤੇ ਮੰਨੂਵਾਦੀਆਂ ਵੱਲੋਂ ਬਣਾਏ ਜਾਤੀ ਸਿਸਟਮ ’ਤੇ ਕਰਾਰੀ ਚੋਟ ਮਾਰੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜਾਤੀ ਸਿਸਟਮ ਤੋਂ ਪੀੜਤ ਜਮਾਤਾਂ ਹੀ ਆਪਣੇ ਮਹਾਂਪੁਰਸ਼ਾਂ ਦੀ ਬਾਣੀ ਦੇ ਜੁਦਾ ਜੁਦਾ ਗ੍ਰੰਥ ਬਣਾ ਕੇ ਅਤੇ “ਗੌਰਵ ਸੇ ਕਹੋ ਹਮ ਚਮਾਰ ਹੈਂ” ਆਦਿਕ ਨਾਹਰੇ ਲਗਾ ਕੇ ਮਨੂੰਵਾਦੀ ਸੋਚ ਦੇ ਮੋਹਰੇ ਬਣਦੇ ਜਾ ਰਹੇ ਹਨ। ਕੀ ਸਾਨੂੰ ਚਮਾਰ ਹੋਣ ਨਾਲੋਂ ਸਿੱਖ ਹੋਣ ’ਤੇ ਮਾਣ ਨਹੀਂ ਕਰਨਾ ਚਾਹੀਦਾ? ਜਰਾ ਸੋਚੋ! ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਜਿਸ ਭਗਤ ਰਵਿਦਾਸ ਜੀ ਨੂੰ ਸਮੁੱਚਾ ਜਗਤ ਗੁਰੂ ਦਾ ਦਰਜਾ ਦੇ ਰਿਹਾ ਹੈ ਉਸ ਨੂੰ ਵੱਖਰਾ ਕਰਕੇ ਸਿਰਫ ਰਵਿਦਾਸੀਆਂ ਜਾਂ ਚਮਾਰਾਂ ਦਾ ਗੁਰੂ ਸਥਾਪਤ ਕਰਨ ਵਿੱਚ ਉਸ ਦੀ ਵਡਿਆਈ ਵਧ ਰਹੀ ਹੈ ਜਾਂ ਘਟ ਰਹੀ ਹੈ। ਮੈਂ ਇਸ ਵਰਤਾਰੇ ਲਈ ਸਿਰਫ ਰਵਿਦਾਸੀਏ ਭਾਈਚਾਰੇ ਨੂੰ ਹੀ ਦੋਸ਼ੀ ਨਹੀਂ ਮੰਨ ਰਿਹਾ ਸਗੋਂ ਇਸ ਲਈ ਮਨਮਤੀਏ ਸਿੱਖ, ਸਿੱਖ ਆਗੂ, ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਸਾਰੇ ਹੀ ਬਰਾਬਰ ਦੇ ਦੋਸ਼ੀ ਹਨ। ਪਰ ਸਾਨੂੰ ਸੋਚਣ ਦੀ ਲੋੜ ਇਹ ਹੈ ਕਿ ਮੰਨੂਵਾਦੀ ਸੋਚ ਅਤੇ ਸਰਕਾਰਾਂ ਤਾਂ ਹਮੇਸ਼ਾਂ ਹੀ ਜਾਤ ਅਧਾਰਤ ਵੰਡੀਆਂ ਪਾ ਕੇ ਸਾਡੇ ’ਤੇ ਰਾਜ ਕਰਨਾ ਚਾਹੁੰਦੇ ਹਨ ਪਰ ਅਸੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਮੁੱਚੀ ਬਾਣੀ ਅਤੇ ਸਾਡੇ ਬਜੁਰਗਾਂ ਵੱਲੋਂ ਕੀਤੀਆਂ ਘਾਲਨਾਵਾਂ ਤੋਂ ਸੇਧ ਲੈਂਦੇ ਹੋਏ ਮਨੁੱਖੀ ਭਾਈਚਾਰੇ ਦੀ ਸਾਂਝ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਇੱਕ ਗੁਰੂ ਗ੍ਰੰਥ ਸਾਹਿਬ ਜੀ ਅਤੇ ਇੱਕ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਪ੍ਰਪਤੀ ਕਰਨੀ ਹੈ। ਇਸ ਲਈ ਆਪਣੀ ਜਾਤੀ ਦੇ ਨਾਮ ਹੇਠ ਛੋਟੀਆਂ ਛੋਟੀਆਂ ਜਥੇਬੰਦੀ ਬਣਾਉਣ ਦੀ ਥਾਂ ਜਾਤ ਪਾਤ ਦੇ ਕੋਹੜ ਨੂੰ ਜੜੋਂ ਉਖਾੜ ਕੇ ਐਸੇ ਗੁਰਸਿੱਖਾਂ ਦੀ ਜਥੇਬੰਦੀ ਬਣਾਉਣ ਵੱਲ ਵਧਣਾ ਚਾਹੀਦਾ ਹੈ ਜਿਸ ਦਾ ਹਰ ਮੈਂਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀਆਂ ਇਨ੍ਹਾਂ ਤੁਕਾਂ ‘ਤੇ ਪੂਰਾ ਉਤਰਦਾ ਹੋਵੇ:-
‘ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥
ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥7॥’
(ਮ: 1 ਪੰਨਾ 1345) ਜਗਤ ਵਿਚ ਅਜੇਹੇ ਬੰਦੇ ਵਿਰਲੇ ਹਨ ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ (ਤੇ ਪਰਵਾਨ ਕਰ ਕੇ) ਪਰਮਾਤਮਾ ਨੇ ਆਪਣੇ ਖ਼ਜ਼ਾਨੇ ਵਿਚ ਪਾ ਲਿਆ, ਅਜੇਹੇ ਬੰਦੇ ਜਾਤਿ ਤੇ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ, ਤੇ ਮਾਇਆ ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ ॥7॥
ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਜਾਤ ਪਾਤ ਸਮਾਜ ’ਚ ਸਭ ਤੋਂ ਵੱਡਾ ਕੋਹੜ ਹੈ। ਜਿਹੜਾ ਮਨੁੱਖ ਜਾਤ ਪਾਤ ’ਚ ਵਿਸ਼ਵਾਸ ਰੱਖਦਾ ਹੈ ਉਹ ਗੁਰੂ ਦਾ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ। ਗੁਰੂ ਦਾ ਸਿੱਖ ਕਹਾਉਣ ਲਈ ਗੁਰਬਾਣੀ ਦੀ ਵੀਚਾਰ ਅਤੇ ਇਸ ’ਤੇ ਅਮਲ ਕਰਨਾ ਹੀ ਇੱਕੋ ਇੱਕ ਤਰੀਕਾ ਹੈ।