ਮਸਲ੍ਹਾ ਆਸ਼ੂਤੋਸ਼ ਦੇ ਸਸਕਾਰ ਦਾ :-
ਡੇਰਿਆਂ ਦੇ ਵਧਣ ਫੁੱਲਣ ਦਾ ਮੁੱਖ ਕਾਰਣ ਹੈ ਭਾਰਤੀ ਲੋਕਾਂ ਵਿੱਚ ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦਾ ਪਸਾਰਾ। ਜਿਹੜਾ ਡੇਰੇਦਾਰ ਅੰਧਵਿਸ਼ਾਸ਼ ਰਾਹੀਂ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਆਪ ਨੂੰ ਚਮਤਕਾਰੀ ਹੋਣਾ ਸਿੱਧ ਕਰ ਦੇਵੇ ਉਸ ਦੀ ਉਤਨੀ ਹੀ ਮਸ਼ਹੂਰੀ ਅਤੇ ਉਸ ਦੇ ਪੈਰੋਕਾਰਾਂ ਦੀ ਗਿਣਤੀ ਵਧ ਸਕਦੀ ਹੈ। ਆਸ਼ੂਤੋਸ਼ ਦੇ ਸਮਾਧੀ ਵਿੱਚ ਚਲੇ ਜਾਣ ਦੀ ਕਹਾਣੀ ਪਿੱਛੇ ਵੀ ਮੈਨੂੰ ਇਹੋ ਸ਼ੱਕ ਜਾਪਦਾ ਹੈ। ਮੈਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਆਸ਼ੂਤੋਸ਼ ਦੇ ਕਿਸੇ ਹਮਸ਼ਕਲ ਦੀ ਲਾਸ਼ ਨੂੰ ਉਸ ਦੇ ਚੇਲੇ ਫਰੀਜ਼ਰ ਵਿੱਚ ਰੱਖ ਕੇ ਬੈਠੇ ਹੋਣ ਅਤੇ ਆਸ਼ੂਤੋਸ਼ ਡੇਰੇ ਦੇ ਅੰਦਰ ਹੀ ਛੁਪਿਆ ਹੋਵੇ। ਸਮਾਂ ਆਉਣ 'ਤੇ ਫਰੀਜ਼ਰ ਵਿੱਚ ਰੱਖੀ ਹੋਈ ਲਾਸ਼ ਖੁਰਦ ਬੁਰਦ ਕਰ ਦਿੱਤੀ ਜਾਵੇਗੀ ਅਤੇ ਆਸ਼ੂਤੋਸ਼ ਨੂੰ ਸਾਹਮਣੇ ਲਿਆ ਕੇ ਪ੍ਰਚਾਰ ਦਿੱਤਾ ਜਾਵੇਗਾ ਕਿ ਆਸ਼ੂਤੋਸ਼ ਜੀ ਮਹਾਰਾਜ ਸਮਾਧੀ 'ਚੋਂ ਵਾਪਸ ਪਰਤ ਆਏ ਹਨ। ਜਿਤਨੇ ਵੱਧ ਸਮੇਂ ਪਿੱਛੋਂ ਐਸਾ ਵਾਪਰੇਗਾ ਉਤਨਾ ਹੀ ਆਸ਼ੂਤੋਸ਼ ਵੱਧ ਚਮਤਕਾਰੀ ਸਿੱਧ ਹੋਵੇਗਾ ਜਿਸ ਕਾਰਣ ਉਸ ਦੇ ਚੇਲਿਆਂ ਦੀ ਗਿਣਤੀ ਇੱਕਦਮ ਵਧ ਜਾਵੇਗੀ। ਇਸੇ ਕਾਰਣ ਉਸ ਦੇ ਸ਼੍ਰਧਾਲੂ ਕਿਸੇ ਨੂੰ ਡੇਰੇ ਦੇ ਅੰਦਰ ਜਾਣ ਤੋਂ ਸਖਤੀ ਨਾਲ ਰੋਕ ਰਹੇ ਹਨ ਤਾਂ ਕਿ ਲਾਸ਼ ਦੀ ਸ਼ਨਾਖਤ ਹੋ ਜਾਣ ਕਾਰਣ ਉਨ੍ਹਾਂ ਦਾ ਇਹ ਭੇਦ ਜੱਗ ਜ਼ਾਹਰ ਨਾ ਹੋ ਜਾਵੇ।
ਇਸ ਭੇਦ ਤੋਂ ਪ੍ਰਦਾ ਉਠਾਉਣ ਦਾ ਇੱਕੋ ਇੱਕ ਢੰਗ ਹੈ ਕਿ
(੧) ਉਸ ਲਾਸ਼ ਨੂੰ ਫਰੀਜ਼ਰ ਵਿੱਚੋਂ ਕੱਢ ਕੇ ਖੁਲ੍ਹੇ ਸਥਾਨ 'ਤੇ ਸ਼ਨਾਖਤ ਲਈ ਰੱਖ ਦਿੱਤੀ ਜਾਵੇ ਤਾ ਕਿ ਉਸ ਦੇ ਪੁੱਤਰ ਹੋਣ ਦਾ ਦਾਅਵਾ ਕਰਨ ਵਾਲਾ ਦਲੀਪ ਝਾਅ ਅਤੇ ਸਾਬਕਾ ਡਰਾਇਵਰ ਪੂਰਨ ਸਿੰਘ ਸਮੇਤ ਸਾਰੇ ਜਾਣਕਾਰ ਉਸ ਦੀ ਚੰਗੀ ਤਰ੍ਹਾਂ ਪਛਾਣ ਕਰਕੇ ਲੋਕਾਂ ਨੂੰ ਅਸਲੀ ਜਾਣਕਾਰੀ ਦੇ ਸਕਣ।
(੨) ਉਸ ਦਾ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇ ਤਾਂ ਕਿ ਦਲੀਪ ਝਾ ਦੇ ਦਾਅਵੇ ਅਤੇ ਆਸ਼ੂਤੋਸ਼ ਦੇ ਸ਼੍ਰਧਾਲੂ ਜਿਹੜੇ ਇਹ ਦਾਅਵਾ ਕਰ ਰਹੇ ਹਨ ਕਿ ਦਲੀਪ ਝਾ ਆਸ਼ੂਤੋਸ਼ ਦਾ ਪੁੱਤਰ ਨਹੀਂ ਕਿਉਂਕਿ ਉਹ ਤਾਂ ਬ੍ਰਹਮਚਾਰੀ ਸਨ ਅਤੇ ਉਨ੍ਹਾਂ ਕੋਈ ਵਿਆਹ ਹੀ ਨਹੀਂ ਸੀ ਕਰਵਾਇਆ; ਦੀ ਸੱਚਾਈ ਸਭ ਦੇ ਸਾਹਮਣੇ ਆ ਸਕੇ।
(੩) ਜੇ ਆਸ਼ੂਤੋਸ਼ ਮਰਿਆ ਨਹੀਂ ਅਤੇ ਡੂੰਘੀ ਸਮਾਧੀ ਵਿੱਚ ਲੀਨ ਹੋਇਆ ਤਾਂ ਜੀਵਤ ਹੋਣ ਕਰਕੇ ਉਸ ਦੀ ਦੇਹ ਜਿਉਂ ਦੀ ਤਿਉਂ ਰਹੇਗੀ ਪਰ ਜੇ ੨੪ ਘੰਟੇ ਬਾਅਦ ਹੀ ਉਸ ਵਿੱਚੋਂ ਸੜਾਂਦ ਮਾਰਨ ਲੱਗ ਪਈ ਤੇ ਕੀੜੀਆਂ ਦਾ ਝੁੰਡ ਦੇਹ ਨੂੰ ਆ ਚੁੰਬੜਿਆ ਤਾਂ ਸਮਝਿਆ ਜਾਵੇਗਾ ਕਿ ਉਹ ਮਿਰਤਕ ਹੋ ਚੁੱਕਾ ਹੈ ਅਤੇ ਉਸ ਦੇ ਸ਼੍ਰਧਾਲੂ ਅੰਧਵਿਸ਼ਵਾਸ਼ ਫੈਲਾ ਕੇ ਸਿਰਫ ਉਸ ਨੂੰ ਚਮਤਕਾਰੀ ਸਿੱਧ ਕਰਨ 'ਤੇ ਤੁਲੇ ਹੋਏ ਹਨ। ਜੇ ਐਸਾ ਹੋਇਆ ਤਾਂ ਇਸ ਪਾਖੰਡ ਤੋਂ ਪ੍ਰਦਾ ਉਠਾ ਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਉਸ ਦੇ ਸਾਰੇ ਸ਼੍ਰਧਾਲੂਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਕਿਰਪਾਲ ਸਿੰਘ ਬਠਿੰਡਾ