ਦਿੱਲੀ ਦੇ ਪੰਜਾਬੀਆਂ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼
ਨਵੀਂ ਦਿੱਲੀ, 17 ਨਵੰਬਰ, (ਪੰਜਾਬ ਮੇਲ)- ਦਿੱਲੀ ਦੇ ਪੰਜਾਬੀਆਂ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਦੇ ਮੱਦੇਨਜ਼ਰ ਦਿੱਲੀ ਭਾਜਪਾ ਵੱਲੋਂ ਪੰਜਾਬੀ ਬੋਲੀ ਨੂੰ ਵਿਸ਼ੇਸ਼ ਮਹੱਤਵ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਅਜਿਹਾ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਤੋਂ ਬਾਹਰਲੇ ਸੂਬੇ ‘ਚ ਕਿਸੇ ਕੌਮੀ ਪਾਰਟੀ ਵੱਲੋਂ ਜਨਤਾ ਨਾਲ ਰਾਬਤਾ ਕਾਇਮ ਕਰਨ ਲਈ ਲਾਏ ਗਏ ਹੋਰਡਿੰਗ ਤੇ ਪੋਸਟਰਾਂ ਵਿੱਚ ਮਾਂ-ਬੋਲੀ ਪੰਜਾਬੀ ਦੀ ਵਰਤੋਂ ਕੀਤੀ ਗਈ ਹੋਵੇ।
ਇਸ ਮੁਹਿੰਮ ਤਹਿਤ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਧਾਮਾਂ ਤੇ ਪੰਜਾਬੀ ਬਹੁਗਿਣਤੀ ਵਾਲੇ ਇਲਾਕਿਆਂ ‘ਚ ਭਾਜਪਾ ਵੱਲੋਂ ਪੰਜਾਬੀ ਭਾਸ਼ਾ ‘ਚ ਹੋਰਡਿੰਗ ਤੇ ਪੋਸਟਰ ਲਾਏ ਗਏ ਹਨ ਤੇ ਮਿਲੀ ਜਾਣਕਾਰੀ ਮੁਤਾਬਕ ਆਉਂਦੀਆਂ ਦਿੱਲੀ ਚੋਣਾਂ ਦੌਰਾਨ ਭਾਜਪਾ ਵੱਲੋਂ ਪੰਜਾਬੀ ਬਹੁਗਿਣਤੀ ਇਲਾਕਿਆਂ ‘ਚ ਪੰਜਾਬੀ ਭਾਸ਼ਾ ‘ਚ ਪ੍ਰਚਾਰ ਨੂੰ ਵਧੇਰੇ ਤਵੱਜੋ ਦਿੱਤੇ ਜਾਣ ਦੀ ਸੰਭਾਵਨਾ ਹੈ।
ਦਿੱਲੀ ਭਾਜਪਾ ਦੇ ਯੂਥ ਵਿੰਗ ਆਗੂ ਇਮਪ੍ਰੀਤ ਸਿੰਘ ਬਖਸ਼ੀ ਦੇ ਮੁਤਾਬਕ ਦਿੱਲੀ ਪ੍ਰਦੇਸ਼ ਜਨਤਾ ਯੁਵਾ ਮੋਰਚਾ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਲਈ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਮਾਂ-ਬੋਲੀ ਪੰਜਾਬੀ ‘ਚ ਵੀ ਅਪੀਲ ਕਰਨ ਦਾ ਫੈਸਲਾ ਲਿਆ ਹੈ। ਇਸ ਮੁਹਿੰਮ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੈਂਬਰਸ਼ਿਪ ਮੁਹਿੰਮ ਨਾਲ ਸਬੰਧਤ ਪੰਜਾਬੀ ਭਾਸ਼ਾ ਵਿੱਚ ਪ੍ਰਚਾਰ ਸਮੱਗਰੀ ਛਪਵਾ ਕੇ ਜਨਤਾ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਦੱਸਣ ਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਪਿੱਛੋਂ ਸਹੁੰ ਚੁੱਕ ਸਮਾਗਮ ਦੌਰਾਨ ਸਿਰਫ ਭਾਜਪਾ ਦੇ ਸਿੱਖ ਵਿਧਾਇਕ ਆਰ ਪੀ ਸਿੰਘ ਨੇ ਮਾਂ-ਬੋਲੀ ਪੰਜਾਬੀ ਵਿੱਚ ਸਹੁੰ ਚੁੱਕੀ ਸੀ, ਭਾਜਪਾ-ਅਕਾਲੀ ਗੱਠਜੋੜ ਦੇ ਬਾਕੀ ਸਿੱਖ ਵਿਧਾਇਕਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕਣ ਤੋਂ ਪਾਸਾ ਵੱਟ ਲਿਆ ਸੀ।