ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
- : ਹਉਮੈ : -
- : ਹਉਮੈ : -
Page Visitors: 3509

                 - : ਹਉਮੈ : -
(ਇਹ ਲੇਖ ਭਗਤ ਸਿੰਘ ਹੀਰਾ ਦੀ ਕਿਤਾਬ ‘ਗੁਰਮਤਿ ਵਿਚਾਰਧਾਰਾ’ ਵਿੱਚੋਂ ਉਤਾਰਾ ਕੀਤਾ ਗਿਆ ਹੈ)
ਨਾਮ ਦੀ ਵਿਚਾਰ ਕਰਦਿਆਂ ਆਪਾਂ ਇਸ ਸਿੱਟੇ ਤੇ ਪੁੱਜੇ ਸਾਂ ਜੋ ਸਰਬ ਵਿਆਪੀ ਨਾਮ ਜੋ ‘ਗੁਪਤ ਨਾਮ’ ਕਰਕੇ ਵੀ ਕਿਹਾ ਜਾਂਦਾ ਹੈ, ਹਉਮੈ ਦੀ ਰੋਕ ਕਰਕੇ ਹੀ ਨਹੀਂ ਪ੍ਰਗਾਸਦਾ। ਹਉਮੈ ਅਸਲ ਬਿਮਾਰੀ ਹੈ ਜਿਸ ਨੇ ਮਨ ਨੂੰ ਰੋਗੀ ਬਣਾ, ਅਤਿ ਦਾ ਕਮਜ਼ੋਰ ਕਰ ਦਿੱਤਾ ਹੈ। ਹਉਮੈ ਇੱਕ ਚਾਰ ਦਿਵਾਰੀ ਹੈ ਜਿਸ ਨੇ ਸਰਬ-ਵਿਆਪੀ ਆਤਮਾ ਨੂੰ ਜੀਵ-ਆਤਮਾ ਬਣਾ ਤਿੰਨ ਗੁਣਾਂ ਦੇ ਅਧੀਨ ਕਰ ਦਿੱਤਾ ਹੈ।ਜਿਸ ਦੇ ਕਾਰਨ ਅਨੇਕਾਂ ਜੀਵ-ਅਜੀਵ ਹੋਂਦਾਂ ਕਾਇਮ ਹੁੰਦੀਆਂ ਹਨ। ਹਉਮੈ ਇੱਕ ਬਾਂਕਾ ਗੜ੍ਹ ਹੈ ਜਿਸ ਨੇ ਸਰਬ- ਵਿਆਪੀ ਆਪੇ ਨੂੰ ਵਲਗਣ ਵਿੱਚ ਲੈ ਆਪ ਆਪਣੀਆਂ ਅਸੁਰੀ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਆਦਿ ਫੌਜਾਂ ਦੇ ਬਲ, ਅਜਿੱਤ ਬਣ ਬੈਠਾ ਹੈ। ਸਤਿਗੁਰ ਤਾਂ ਜਗਤ ਦਾ ਮੂਲ ਕਾਰਨ ਹੀ ਇਸ ਨੂੰ ਮੰਨਦੇ ਹਨ:
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥
  ਹਉਮੈ ਵਿਚ ਜਗੁ ਉਪਜੇ ਪੁਰਖਾ ਨਾਮਿ ਵਿਸਰਿਐ ਦੁਖ ਪਾਈ
॥” (ਪੰਨਾ-946)
ਕਈ ਵਾਰ ਉਪਰੋਕਤ ਤੁਕਾਂ ਪੜ੍ਹਕੇ ਕੁਝ ਹੈਰਾਨੀ ਜਿਹੀ ਹੁੰਦੀ ਹੈ, ਕੀ ਜਗਤ ਕਰਤਾਰੀ ਰਚਨਾ ਨਹੀਂ? ਹਉਮੈ ਨੇ ਇਹ ਸੰਸਾਰ ਕਿਵੇਂ ਰਚ ਦਿੱਤਾ? ਕੀ ਸੰਸਾਰ ਦੋ ਹਨ? ਇੱਕ ਦਾ ਰਚਨਹਾਰ ਕਰਤਾਰ ਅਤੇ ਦੂਜੇ ਸੰਸਾਰ ਦੀ ਹਉਮੈ?
ਜਦ ਅਸੀਂ ਇਹਨਾਂ ਪ੍ਰਸ਼ਨਾਂ ਵੱਲ ਵਿਸ਼ੇਸ਼ ਧਿਆਨ ਦੇਈਏ ਤਾਂ ਇਸ ਦਾ ਹਲ ਆਪਣੇ ਆਪ ਸਾਹਮਣੇ ਆ ਜਾਂਦਾ ਹੈ। ਹਉਮੈ ਨਾਮ ਹੈ ਵੱਖਰੀ ਅਪਣਤ ਕਾਇਮ ਕਰਨ ਦਾ।ਵੱਖਰੀ ਸ਼ਖਸੀਅਤ ਤਸੱਵਰ ਕਰਨ ਦਾ। ਜਿਸ ਚੀਜ ਨਾਲ ਅਪਣਤ ਜੁੜਦੀ ਹੈ, ਉਹ ਉਸ ਦੇ ਸ਼ਖਸੀ ਸੰਸਾਰ ਵਿੱਚ ਜੁੜ ਜਾਂਦੀ ਹੈ।ਤੇ ਇਸ ਤਰ੍ਹਾਂ ਅਪਣਤ ਦਾ ਜੋੜ ਇੱਕ ਨਵੇਕਲਾ ਤੇ ਨਿੱਕਾ ਜਿਹਾ ਸੰਸਾਰ ਰਚ ਲੈਂਦਾ ਹੈ।ਸੋ ਹਰ ਇੱਕ ਸੱਜਣ ਦਾ ਆਪਣਾ ਵੱਖਰਾ ਜਗਤ ਰਚਿਆ ਹੋਇਆ ਹੈ ਤੇ ਇਹ ਸੰਸਾਰ ਇਸ ਦੀ ਅਪਣਤ ਦੇ ਜੋੜ ਤੋੜ ਤੋਂ ਹੀ ਬਣਿਆ ਹੈ।
ਉਪਰੋਕਤ ਵਿਚਾਰ ਨੂੰ ਅਸੀਂ ਕੁਝ ਕੁ ਦ੍ਰਿਸ਼ਟਾਂਤਾਂ ਨਾਲ ਸਿੱਧ ਕਰਨ ਦਾ ਯਤਨ ਕਰਾਂਗੇ:
(1) ਇੱਕ ਸੱਜਣ ਇੱਕ ਮਕਾਨ ਬਣਾਂਦਾ ਹੈ।ਮਕਾਨ ਦੀ ਉਸਾਰੀ ਵੇਲੇ ਬੜੇ ਗਹੁ ਨਾਲ ਕਾਰੀਗਰਾਂ ਦੀ ਕਾਰਗੁਜ਼ਾਰੀ ਵੱਲ ਵੇਖਦਾ ਹੈ।ਢਿੱਲੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਤਾੜਦਾ ਹੈ।ਬਾਹਰ ਪਏ ਮਸਾਲੇ ਵਿੱਚ ਉਹਦਾ ਪੂਰਾ ਧਿਆਨ ਹੈ।ਮਕਾਨ ਉਸਰ ਗਿਆ, ਚੱਠ ਹੋਈ, ਸਗਣਾਂ ਨਾਲ ਅੰਦਰ ਵਾਸ ਕੀਤਾ ਹੈ।ਕੁਝ ਹਿੱਸਾ ਕਿਰਾਏ ਤੇ ਦੇ ਦਿੱਤਾ।ਕਿਰਾਏਦਾਰ ਨੂੰ ਉਹ ਹੱਕ ਨਹੀਂ ਜੋ ਉਸਨੂੰ ਖੁਦ ਨੂੰ ਹੈ।ਕਿਰਾਏਦਾਰ ਨੇ ਮੂਰਤ ਲਟਕਾਣ ਲਈ ਕਿੱਲ ਠੋਕੀ, ਉਸ ਨੂੰ ਕੜਕਦੀ ਆਵਾਜ਼ ਨਾਲ ਰੋਕ ਦਿੱਤਾ, ਭਾਈ ਸਾਹਬ ਪਲਸਤਰ ਟੁੱਟ ਜਾਏਗਾ, ਤੁਹਾਨੂੰ ਕਿੱਲ ਠੋਕਣ ਦਾ ਕੋਈ ਹੱਕ ਨਹੀਂ।ਗੱਲ-ਗੱਲ ਵਿੱਚ ਅਪਣਤ, ਮਾਲਕ ਮੈਂ ਹਾਂ ਇਹ ਮਕਾਨ ਮੇਰਾ ਹੈ।ਕੁਝ ਭਾਣਾ ਅਜਿਹਾ ਵਰਤਿਆ ਮਕਾਨ ਵਿਕ ਗਿਆ।ਮਕਾਨ ਉਹੀ, ਮਾਲਕ ਬਦਲ ਗਿਆ।
ਹਾਲੇ ਰਕਮ ਡਰਾਫਟ ਦੇ ਰੂਪ ਵਿੱਚ ਹੀ ਸੀ, ਕੈਸ਼ ਨਹੀਂ ਸੀ ਕਰਵਾਇਆ ਕਿ ਮਕਾਨ ਨੂੰ ਕਿਸੇ ਤਰ੍ਹਾਂ ਅੱਗ ਲੱਗ ਗਈ। ਮਕਾਨ ਸੜਕੇ ਸੁਆਹ ਹੋ ਗਿਆ।ਪਰ ਦੁਖੀ ਹੋਣ ਦੀ ਥਾਂ ਇਹ ਸੋਚਕੇ ਖੁਸ਼ੀ ਹੋਈ ਕਿ ਸ਼ੁਕਰ ਹੈ, ਰਕਮ ਮਿਲ ਗਈ ਹੈ। ਜੇ ਮਕਾਨ ਕਲ੍ਹ ਸੜ ਜਾਂਦਾ ਤਾਂ ਮੈਂ ਬਰਬਾਦ ਹੋ ਜਾਣਾ ਸੀ।ਇਹ ਸ਼ੁਕਰ ਕਿਉਂ? ਕਲ੍ਹ ਤੱਕ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਇਸਨੂੰ ਨਜ਼ਰ ਨਾ ਲੱਗ ਜਾਵੇ।ਕੱਲ੍ਹ ਤੱਕ ਤਾਂ ਕਿਰਾਏਦਾਰ ਨਾਲ ਕੰਧ’ਚ ਕਿੱਲ ਠੋਕਣ ਤੋਂ ਲੜਾਈ ਹੋ ਜਾਂਦੀ ਸੀ।ਪਰ ਅੱਜ ਸੜ ਜਾਣ ਤੇ ਵੀ ਸ਼ੁਕਰਾਨਾ? ਉੱਤਰ ਕੇਵਲ ਇੱਕੋ ਹੀ ਹੈ, ਹੁਣ ਅਪਣਤ ‘ਮਕਾਨ’ ਨਾਲੋਂ ਟੁੱਟ ਗਈ ਹੈ ਅਤੇ ‘ਡਰਾਫਟ’ ਨਾਲ ਜੋ ਜੁੜ ਗਈ ਹੈ।ਹੁਣ ਸੋਚਦਾ ਹੈ, ਸਵੇਰੇ ਪਹਿਲਾ ਕੰਮ ਬੈਂਕ ਪੁੱਜਕੇ, ਇਸ ਨੂੰ ਕੈਸ਼ ਕਰਵਾਉਣ ਦਾ ਕਰਾਂਗਾ।ਮਨ ਵਿੱਚ ਕਈ ਵਿਚਾਰਾਂ ਉੱਠਦੀਆਂ ਹਨ। ਕਦੇ-ਕਦੇ ਤਾਂ ਢਹਿੰਦੀਆਂ ਕਲਾਂ ਵਿੱਚ ਚਲਾ ਜਾਂਦਾ ਹੈ ਅਤੇ ਅਵਿਸ਼ਵਾਸ਼ ਨੀਂਦ ਵੀ ਨਹੀਂ ਆਉਣ ਦਿੰਦਾ।ਜੇ ਕਿਤੇ ਡਰਾਫਟ ਦੀ ਪੇਮੈਂਟ ਰੋਕ ਦਿੱਤੀ ਗਈ ਤਾਂ ਮੇਰਾ ਕੀ ਬਣੇਗਾ? ਹੁਣ ਐਸ ਵੇਲੇ ਉਸ ਦਾ ਸਾਰਾ ਧਿਆਨ ਉਸ ਕਾਗਜ਼ ਦੇ ਪੁਰਜੇ ਵਿੱਚ ਹੈ।ਹੁਣ ਇਸ ਕਾਗਜ਼ ਦੇ ਪੁਰਜੇ ਨਾਲ ਉਸ ਦੀ ਅਪਣਤ ਜੁੜੀ ਹੋਈ ਹੈ।
ਬੈਂਕ ਖੁਲ੍ਹਦਿਆਂ ਸਾਰ ਹੀ ਉਹ ਮੈਨੇਜਰ ਨੂੰ ਮਿਲਿਆ।ਉਹ ਉਸ ਦਾ ਪੁਰਾਣਾ ਯਾਰ ਹੋਣ ਦੇ ਨਾਤੇ ਉਸਨੇ ਡਰਾਫਟ ਲੈ ਕੇ ਉਸਨੂੰ ਖਜਾਨਚੀ ਪਾਸੋਂ ਰੁਪਏ ਦਵਾ ਦਿੱਤੇ ਤੇ ਆਖਿਆ ਤੁਸੀਂ ਆਪਣੇ ਰੁਪਏ ਲਵੋ ਅਸੀਂ ਕਾਗਜ਼ੀ ਕਾਰਵਾਈ ਮਗ਼ਰੋਂ ਕਰਦੇ ਰਹਾਂਗੇ।ਪੈਸੇ ਸੰਭਾਲੇ ਅਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ।ਇਹ ਸ਼ੁਕਰ ਕਿਉਂ? ਕਿਉਂਕਿ ਹੁਣ ਅਪਣਤ ਡਰਾਫਟ ਨਾਲੋਂ ਟੁੱਟਕੇ ਨੋਟਾਂ ਨਾਲ ਜੋ ਜੁੜ ਗਈ ਹੈ।ਹੁਣ ਉਸ ਦੀ ਸੋਚ ਦਾ ਮਰਕਜ਼ ਇਨ੍ਹਾਂ ਰੁਪਇਆਂ ਨੂੰ ਸੁਰਖਸ਼ਿਤ ਰੱਖਣਾ ਹੈ।
ਰੁਪਇਆ ਬੈਂਕ ਵਿੱਚ ਸੁਰਖਿਅਤ ਰੱਖ ਦਿੱਤਾ ਗਿਆ।ਪਰ ਇਕ-ਦੋ ਬੈਂਕਾਂ ਟੁੱਟਣ ਦੀ ਹਵਾਈ ਉੱਡੀ।ਹੁਣ ਉਸ ਦੀਆਂ ਸੋਚਾਂ ਫੇਰ ਜਾਗ ਪਈਆਂ।ਅਰਦਾਸਾਂ ਹੋਣ ਲੱਗੀਆਂ, ਭਾਵੇਂ ਹੋਰ ਸਾਰੇ ਬੈਂਕ ਟੁੱਟ ਜਾਣ, ਪਰ ਹੇ ਵਾਹਿਗੁਰੂ ਮੇਰਾ ਬੈਂਕ ਨਾ ਟੁੱਟੇ।ਮੇਰਾ ਬੈਂਕ ਕਿਉਂ ਨਾ ਟੁੱਟੇ? ਕਿਉਂਕਿ ਰੁਪਏ ਦੇ ਕਾਰਣ ਹੁਣ ਅਪਣਤ ਬੈਂਕ ਨਾਲ ਜੋ ਜੁੜ ਚੁੱਕੀ ਹੈ।
ਉਪਰੋਕਤ ਦ੍ਰਿਸ਼ਟਾਂਤ ਤੋਂ ਅਸਾਂ ਕੀ ਵੇਖਿਆ ਹੈ; ਪਹਲਾਂ ਅਪਣਤ ਨੇ ਮਕਾਨ ਨਾਲ ਰਿਸ਼ਤਾ ਗੰਢਿਆ ਤਾਂ ਸੁਖ ਦੁਖ ਦਾ ਕਾਰਣ ਮਕਾਨ ਸੀ।ਮਕਾਨ ਨਾਲੋਂ ਰਿਸ਼ਤਾ ਟੁੱਟਕੇ ਡਰਾਫਟ ਨਾਲ ਜੁੜਿਆ, ਤਾਂ ਮੈਂ ਦਾ ਸੰਬੰਧ ਉਸ ਕਾਗਜ਼ ਦੇ ਟੁਕੜੇ ਨਾਲ ਸੀ, ਤੇ ਉਹੀਓ ਸੰਸਾਰ ਸੀ।ਫੇਰ ਰਿਸ਼ਤਾ ਰੁਪਏ ਨਾਲ ਅਤੇ ਅੰਤ ਨੂੰ ਬੈਂਕ ਨਾਲ।ਸੋ ਇਹ ਗੱਲ ਸਪੱਸ਼ਟ ਹੋਈ ਜੋ ਅਪਣਤ ਜੋੜਨ ਨਾਲ ਹੀ ਸੰਸਾਰ ਬਣਦਾ ਹੈ।ਤੇ ਤੋੜਨ ਨਾਲ ਟੁੱਟਦਾ ਹੈ।ਅਪਣਤ ਹਉਮੈ ਦੀ ਕ੍ਰਿਤ ਹੈ।ਸੋ ਜਗਤ ਦੀ ਉਤਪਤੀ ਹਉਮੈ ਤੋਂ ਹੀ ਹੋਈ।
2- (ਲੇਖ ਲੰਮਾ ਹੋਣ ਦੇ ਡਰੋਂ ਇਕੋ ਹੀ ਉਦਾਹਰਣ ਦਾ ਉਤਾਰਾ ਕੀਤਾ ਗਿਆ ਹੈ)
ਕਿਉਂਕਿ ਹਉਮੈ ਸਥਾਈ ਨਹੀਂ ਆਰਜ਼ੀ ਹੈ, ਇਸ ਲਈ ਹਉਮੈ ਦਾ ਰਚਿਆ ਸੰਸਾਰ ਵੀ ਆਰਜ਼ੀ ਹੈ।ਇਹ ਮਿਥਿਆ ਹੈ।ਸੁਪਨੇ ਨਿਆਈਂ ਹੈ।ਧੂਏਂ ਦਾ ਪਹਾੜ ਹੈ।ਹਉਮੈ ਦੇ ਨਾਸ਼ ਹੋਣ ਨਾਲ ਇਹ ਵੀ ਮਿਟ ਜਾਂਦਾ ਹੈ।ਹਉਮੈ ਗਈ ਅੰਦਰ ਵਸਦਾ ਸਰਬ ਵਿਆਪੀ ਕਰਤਾ ਪੁਰਖ ਪ੍ਰਗਟ ਹੋ ਗਿਆ।ਬੱਸ ਫੇਰ ਕੀ, ਇਹ ਵਿਸ਼ਵ ਹਰਿ ਕਾ ਰੂਪ ਨਦਰੀ ਆਇਆ ਤੇ ਮੂਹੋਂ ਆਪ ਮੁਹਾਰਾ ਨਿਕਲਿਆ-
“ਜੋ ਦੀਸੈ ਸੋ ਤੇਰਾ ਰੂਪੁ॥ਗੁਣ ਨਿਧਾਨ ਗੋਵਿੰਦ ਅਨੂਪ
॥” (ਪੰਨਾ-724)
ਕਬੀਰ ਜੀ ਨੇ ਐਸਾ ਐਲਾਨ ਕੀਤਾ:-
ਮੈ ਨ ਮਰਉ ਮਰਿਬੋ ਸੰਸਾਰਾ॥ਅਬ ਮੋਹਿ ਮਿਲਿਓ ਹੈ ਜੀਆਵਨਹਾਰਾ॥” (ਪੰਨਾ- 325)
ਪਰ ਕੀ ਇਹ ਸੱਚ ਹੈ? ਇਹ ਐਲਾਨ ਤਾਂ ਕਬੀਰ ਜੀ ਨੇ ਬਨਾਰਸ ਵਿੱਚ ਕੀਤਾ ਸੀ।ਬਨਾਰਸ ਤਾਂ ਮੌਜੂਦ ਹੈ।ਸਗੋਂ ਕਬੀਰ ਜੀ ਦੇ ਸਮੇਂ ਏਨਾ ਵਡਾ ਨਹੀਂ ਸੀ ਜਿੰਨਾ ਅੱਜ ਹੈ।
ਤਾਂ ਫੇਰ ਕੀ ਕਬੀਰ ਜੀ ਦਾ ਐਲਾਨ ਝੂਠਾ ਸੀ? ਨਹੀਂ, ਕਬੀਰ ਜੀ ਝੂਠ ਨਹੀਂ ਬੋਲ ਸਕਦੇ।ਅਸਲੀਅਤ ਸਪੱਸ਼ਟ ਹੈ।ਕਬੀਰ ਜੀ ਦੀ ਹਉਮੈ ਮਿਟ ਗਈ।ਹਉਮੈ ਦੇ ਮਰਨ ਨਾਲ ਉਨ੍ਹਾਂਦਾ ਮੈਂ-ਮੇਰੀ ਦਾ ਰਚਿਆ ਸੰਸਾਰ ਵੀ ਮਿਟ ਗਿਆ।ਹੁਣ ਜੀਆਵਨਹਾਰ ਵਾਹਿਗੁਰੂ ਮਿਲ ਗਿਆ।ਹਉਮੈ ਮੋਈ, ਸੰਸਾਰਾ ਮੋਇਆ, ਸੰਸਾਰ ਮਿਟਿਆ ਅੰਦਰੋਂ ਹੀ ਵਾਹਿਗੁਰੂ ਪ੍ਰਗਾਸਿਆ।ਹੁਣ ਇਹ ਅਵਸਥਾ ਬਣ ਗਈ:-
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥
ਆਤਮ ਪਸਾਰਾ ਕਰਣ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ
॥” (ਪੰਨਾ-578)
ਵਾਸਤਵ ਵਿੱਚ ਬੰਧਨ ਹੀ ਹਉਮੈ ਦੇ ਹਨ।ਮੇਰਾ ਤੇਰਾ ਹੀ ਪੁਆੜੇ ਦੀ ਜੜ ਹੈ।ਸਤਿਗੁਰੂ ਜੀ ਦਾ ਫੁਰਮਾਨ ਹੈ:-
“ਮੇਰਾ ਤੇਰਾ ਜਾਨਤ ਤਬ ਹੀ ਤੇ ਬੰਧਾ॥ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ॥” (ਪੰਨਾ- 400)
ਹਉਮੈ ਅਗਿਆਨਤਾ ਹੈ ਤੇ ਮਨ ਨੂੰ ਇਸ ਅਗਿਆਨਤਾ ਦੀ ਮੈਲ ਲੱਗੀ ਹੋਈ ਹੈ।ਵਾਸਤਵਿਕ ਅੱਖਾਂ ਮਨ ਦੀਆਂ ਅੱਖਾਂ ਹਨ।ਜੇਕਰ ਉਹ ਮੈਲੀਆਂ ਹੋਣ ਤਾਂ ਸਭ ਕੁਝ ਮੈਲਾ ਹੈ।ਇਹ ਅਗਿਆਨਤਾ ਦੀ ਮੈਲ ਤਾਂ ਨਾਮ ਹੀ ਦੂਰ ਕਰ ਸਕਦਾ ਹੈ-
“ਮਨ ਮੈਲੇ ਸਭਿ ਕਿਛੁ ਮੈਲਾ ਤਨ ਧੋਤੈ ਮਨ ਹਛਾ ਨ ਹੋਇ॥
  ਇਹੁ ਜਗੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥
  ਜਪਿ ਮਨ ਮੇਰੇ ਤੂ ਏਕੋ ਨਾਮੁ॥
  ਸਤਿਗੁਰਿ ਦੀਆ ਮੋ ਕਉ ਏਹੁ ਨਿਸਾਨੁ॥ਰਹਾਉ॥
  ਸਿਧਾ ਕੈ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥
  ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ
॥” (ਪੰਨਾ- 558)
ਪਰ ਨਾਮ ਕਿਵੇਂ ਜਪਿਆ ਜਾਵੇ, ਹਉਮੈ ਤੇ ਨਾਮ ਦਾ ਸਦੀਵੀ ਵਿਰੋਧ ਜੋ ਹੋਇਆ:
ਹਉਮੈ ਨਾਵੈ ਨਾਲ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥” (ਪੰਨਾ- 560)
ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਹਉਮੈ ਦਾ ਕੁਝ ਇਲਾਜ ਵੀ ਹੈ ਜਾਂ ਇਹ ਲਾ-ਇਲਾਜ ਹੈ?
ਸਾਹਿਬ ਫੁਰਮਾਉਂਦੇ ਹਨ; ਇਹ ਲਾ-ਇਲਾਜ ਨਹੀਂ, ਇਸ ਦਾ ਇਲਾਜ ਵੀ ਹੈ, ਪਰ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਕੇ ਗੁਰੂ ਉਪਦੇਸ਼ ਤੇ ਚੱਲਣ ਦੀ ਲੋੜ ਹੈ:
ਹਉਮੈ ਦੀਰਘੁ ਰੋਗੁ ਹੈ ਦਾਰੂ ਭੀ ਇਸੁ ਮਾਹਿ॥
  ਕਿਰਪਾ ਕਰੇ ਜਿ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
  ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਇ
॥” (ਪੰਨਾ- 466)
  ਇਕ ਹੋਰ ਥਾਂ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਫੁਰਮਾਂਦੇ ਹਨ:
 “ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ॥
   ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ॥
” (ਪੰਨਾ- 755)
 ਇਹੀ ਸਵਾਲ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਜੀ ਤੇ ਕੀਤਾ।ਸਾਡੇ ਦੰਦ ਤਾਂ ਮੋਮ ਦੇ ਹਨ ਫੇਰ ਲੋਹਾ ਕਿਵੇਂ ਚਬਾਈਏ।ਕਿਹੜਾ ਅਹਾਰ ਕਰੀਏ ਜਿਸ ਨਾਲ ਮਨ ਦਾ ਅਹੰਕਾਰ ਹਟੇ।ਭਲਾ ਜੇ ਬਰਫ ਦੇ ਮੰਦਰ ਦੇ ਗਿਰਦ ਅੱਗ ਦਾ ਚੁਲ੍ਹਾ ਹੋਵੇ ਤਾਂ ਉਸ ਮੰਦਰ ਨੂੰ ਕਿਹੜੀ ਗੁਫਾ ਵਿੱਚ ਲਕੋਈਏ, ਕਿ ਗਲਣ ਤੋਂ ਬਚੇ।ਹੇ ਸਤਿਗੁਰੂ ਸਾਨੂੰ ਕੋਈ ਉਹ ਪਛਾਣ ਦੱਸੋ ਜਿਸ ਨੂੰ ਜਾਣਕੇ ਮਨ ਹਰ ਹੀਲੇ ਉਸ ਵਿੱਚ ਲੀਨ ਰਹੇ।ਜਾਂ ਦੱਸੋ ਉਹ ਕਿਹੜਾ ਬੱਝਵਾਂ ਖਿਆਲ ਹੈ ਜਿਸ ਕਰਕੇ ਮਨ ਆਪਣੇ ਸਰੂਪ ਵਿੱਚ ਟਿਕਿਆ ਰਹੇ ਤੇ ਬਾਹਰ ਨਾ ਭਟਕੇ-
ਮੈਣ ਕੇ ਦੰਤ ਕਿਉ ਖਾਈਐ ਸਾਰ॥ਜਿਤੁ ਗਰਬੁ ਜਾਇ ਸੁ ਕਵਣੁ ਅਹਾਰੁ॥
 ਹਿਵੈ ਕੈ ਘਰੁ ਮੰਦਰੁ ਅਗਨ ਪਿਰਾਹਨੁ॥ਕਵਨ ਗੁਫਾ ਜਿਤੁ ਰਹੈ ਅਵਾਹਨੁ॥
 ਇਤ ਉਤ ਕਿਸ ਕਉ ਜਾਣਿ ਸਮਾਵੈ॥ਕਵਨੁ ਧਿਆਨੁ ਮਨੁ ਮਨਹਿ ਸਮਾਵੈ
॥” (ਪੰਨਾ- 943)
ਸਤਿਗੁਰੂ ਜੀ ਦਾ ਉੱਤਰ ਸੰਖੇਪ ਅਤੇ ਸਪੱਸ਼ਟ ਹੈ-
ਖੁਦਗਰਜ਼ੀ ਤੇ ਵਿਤਕਰਾ ਮਿਟਾ ਕੇ, ਜੋ ਸਭਨਾ ਵਿੱਚ ਇਕੋ ਵਾਹਿਗੁਰੂ ਦਾ ਵਰਤਾਰਾ ਵਰਤ ਰਿਹਾ ਜਾਣ ਲੈਂਦਾ ਹੈ, ਉਹ ਅਨੰਦ-ਮਈ ਜ਼ਿੰਦਗੀ ਬਸਰ ਕਰਦਾ ਹੈ।ਮਨ ਦੀ ਮੱਤ ਦੇ ਪਿਛੇ ਚੱਲਣ ਵਾਲੇ ਮੂਰਖ ਲਈ ਇਹ ਜਗਤ ਦੁਖਦਾਈ ਹੈ।ਹਉਮੈ ਦੀ ਅੱਗ ਸਤਿਗੁਰੂ ਦੀ ਰਜ਼ਾ ਵਿੱਚ ਰਹਿਣ ਨਾਲ ਮਿਟ ਜਾਂਦੀ ਹੈ:-
“ਹਉ ਹਉ ਮੈ ਮੈ ਵਿਚਹੁ ਖੋਵੈ॥ਦੂਜਾ ਮੇਟੈ ਏਕੋ ਹੋਵੇ॥
 ਜਗੁ ਕਰੜਾ ਮਨਮੁਖੁ ਗਾਵਾਰੁ॥ਸਬਦੁ ਕਮਾਈਐ ਖਾਈਐ ਸਾਰੁ॥
 ਅੰਤਰਿ ਬਾਹਰਿ ਏਕੋ ਜਾਣੈ॥ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ
॥” (ਪੰਨਾ- 943)
ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵੀ ਹਉਮੈ ਦਾ ਇਲਾਜ ਇਹੀ ਦੱਸੇ ਹਨ-
ਇਸੁ ਮਨੁ ਕਉ ਹੋਰ ਸੰਜਮੁ ਕੋ ਨਹੀ ਵਿਣੁ ਸਤਿਗੁਰ ਕੀ ਸਰਣਾਇ॥
  ਸਤਿਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ॥
 ਭਣਿਤ ਨਾਨਕੁ ਸਤਿਗੁਰ ਕਉ ਮਿਲਦੋ ਮਰੈ॥ਗੁਰ ਕੈ ਸਬਦਿ ਫਿਰਿ ਜੀਵੈ ਕੋਇ॥
 ਮਮਤਾ ਕੀ ਮੈਲੁ ਉਤਰੈ ਇਹੁ ਮਨ ਹਛਾ ਹੋਇ॥
” (ਪੰਨਾ- 558)
ਸਾਹਿਬ ਪੰਚਮ ਪਾਤਸ਼ਾਹ ਵੀ ਇਹੋ ਫੁਰਮਾਨ ਕਰਦੇ ਹਨ-
ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ॥” (ਪੰਨਾ- 104)
ਜਿਸਦੀ ਹਉਮੈ ਚੁੱਕ ਗਈ ਉਹਦਾ ਸਰੀਰਕ ਪਿਆਰ ਮੁੱਕ ਗਿਆ।ਉਹਦਾ ਮੇਰ ਤੇਰ ਗਿਆ।ਉਹ ਬਣ ਗਿਆ ਪਰਉਪਕਾਰੀ।ਪਰਉਪਕਾਰੀ ਵਿੱਚ ਆਪੇ ਦਾ ਪ੍ਰਗਟਾ ਸੁਭਾਵਿਕ ਹੈ।ਉਸਨੇ ਹਉਮੈ ਦੇ ਦੁਸ਼ਟ ਦੈਂਤ ਨੂੰ ਮਾਰ ਲਿਆ ਹੈ।ਇਸ ਲਈ ਉਹ ਸੂਰਮਾ ਹੈ।ਸਤਿਗੁਰੂ ਫੁਰਮਾਂਦੇ ਹਨ-
ਨਾਨਕ ਸੋ ਸੂਰਾ ਵਰਿਆਮੁ ਜਿਨੀ ਵਿਚਹੁ ਦੁਸਟ ਅਹੰਕਰਣੁ ਮਾਰਿਆ॥” (ਪੰਨਾ- 86)
ਗੁਰੂ ਅਰਜੁਨ ਸਾਹਿਬ ਗਉੜੀ ਰਾਗ ਦੀਆਂ ਅਸਟਪਦੀਆਂ ਵਿੱਚ ਬੰਦੇ ਦੀ ਹਉਂ ਸਹਿਤ ਅਤੇ ਹਉਂ ਰਹਿਤ ਦੋਹਾਂ ਅਵਸਥਾਵਾਂ ਦਾ ਸੁੰਦਰ ਜ਼ਿਕਰ ਕਰਦੇ ਹਨ-
ਜਬ ਇਹੁ ਮਨ ਮਹਿ ਕਰਤ ਗੁਮਾਨਾ॥ਤਬ ਇਹੁ ਬਾਵਰ ਫਿਰਤ ਬਿਗਾਨਾ॥
  ਜਬ ਇਹੁ ਹੂਆ ਸਗਲ ਕੀ ਰੀਨਾ ਤਾ ਤੇ ਰਮਈਆ ਘਟਿ ਘਟਿ ਚੀਨਾ॥
  ਸਹਜ ਸੁਹੇਲਾ ਫਲ ਮਸਕੀਨੀ॥ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ॥ਰਹਾਉ॥
  ਜਬ ਕਿਸ ਕਉ ਇਹੁ ਜਾਨਸਿ ਮੰਦਾ॥ਤਬ ਸਗਲੇ ਇਸੁ ਮੇਲਹਿ ਫੰਦਾ॥
  ਮੇਰ ਤੇਰ ਜਬ ਇਨਹਿ ਚੁਕਾਈ॥ਤਾਤੇ ਇਸੁ ਸੰਗਿ ਨਹੀ ਬੈਰਾਈ॥
  ਜਬ ਇਨਿ ਅਪਨੀ ਧਾਰੀ॥ਤਬ ਇਸ ਕਉ ਹੈ ਮੁਸਕਲ ਭਾਰੀ॥
  ਜਬ ਇਨਿ ਕਰਣੈਹਾਰੁ ਪਛਾਤਾ॥ਤਬ ਇਸ ਨੋ ਨਾਹੀ ਕਿਛੁ ਤਾਤਾ॥
  ਜਬ ਇਨਿ ਅਪੁਨੋ ਬਾਧਿਓ ਮੋਹਾ॥ਆਵੈ ਜਾਇ ਸਦਾ ਜਮਿ ਜੋਹਾ॥
  ਜਬ ਇਸ ਤੇ ਸਭ ਬਿਨਸੇ ਭਰਮਾ ਭੇਦੁ ਨਾਹੀ ਹੈ ਪਾਰਬ੍ਰਹਮਾ॥
  ਜਬ ਇਨਿ ਕਿਛੁ ਕਰਿ ਮਾਨੋ ਭੇਦਾ॥ਤਬ ਤੇ ਦੂਖ ਡੰਡ ਅਰੁ ਖੇਦਾ॥
  ਜਬ ਇਨਿ ਏਕੋ ਏਕੀ ਬੂਝਿਆ॥ਤਬ ਤੇ ਇਸ ਨੋ ਸਭ ਕਿਛੁ ਸੂਝਿਆ॥
  ਜਬ ਇਹੁ ਧਾਵੈ ਮਾਇਆ ਅਰਥੀ॥ਨਹ ਤ੍ਰਿਪਤਾਵੈ ਨਹ ਤਿਸ ਲਾਥੀ॥
  ਜਬ ਇਸ ਤੇ ਇਹ ਹੋਇਓ ਜਉਲਾ॥ਪੀਛੈ ਲਾਗਿ ਚਲੀ ਉਠਿ ਕਉਲਾ॥
  ਕਰਿ ਕਿਰਪਾ ਜਉ ਸਤਿਗੁਰ ਮਿਲਿਓ॥ਮਨ ਮੰਦਰ ਮਹਿ ਦੀਪਕ ਜਲਿਓ॥
  ਜੀਤ ਹਾਰ ਕੀ ਸੋਝੀ ਕਰੀ॥ਤਉ ਇਸੁ ਘਰ ਕੀ ਕੀਮਤਿ ਪਰੀ॥
  ਕਰਨ ਕਰਾਵਨ ਸਭ ਏਕੈ॥ਆਪੇ ਬੁਧਿ ਬੀਚਾਰਿ ਬਿਬੇਕੈ॥
  ਦੂਰਿ ਨ ਨੇਰੈ ਸਭ ਕੈ ਸੰਗਾ॥ਸਚੁ ਸਾਲਾਹਣੁ ਨਾਨਕ ਕਰਿ ਰੰਗਾ
॥” (ਪੰਨਾ- 235) (ਮਸਕੀਨੀ= ਹਲੀਮੀ, ਨਿਮਰਤਾ।ਤਾਤਾ=ਈਰਖਾ, ਸਾੜਾ।ਜਉਲਾ=ਮਾਇਆ ਦੇ ਅਸਰ ਨੂੰ ਤਿਆਗਦਾ ਹੈ।ਕਮਲਾ=ਲਛਮੀ।
ਇਹੀ ਉਪਦੇਸ਼ ਆਪ ਸ੍ਰੀ ਸੁਖਮਨੀ ਸਾਹਿਬ ਦੀ ਬਾਹਰਵੀ ਅਸਟਪਦੀ ਵਿੱਚ ਦਿੰਦੇ ਹਨ-
ਜਿਸ ਕੇ ਅੰਤਰਿ ਰਾਜ ਅਭਿਮਾਨ॥ਸੋ ਨਰਕਪਾਤੀ ਹੋਵਤ ਸੁਆਨੁ॥
ਜੋ ਜਾਨੈ ਮੈਂ ਜੋਬਨਵੰਤ॥ਸੋ ਹੋਵਤ ਵਿਸਟਾ ਕਾ ਜੰਤੁ॥
ਆਪਸ ਕਉ ਕਰਮਵੰਤੁ ਕਹਾਵੈ॥ਜਨਮ ਮਰੈ ਬਹੁ ਜੋਨਿ ਭ੍ਰਮਾਵੈ॥
ਧਨ ਭੂਮਿ ਕਾ ਜੋ ਕਰੈ ਗੁਮਾਨੁ॥ਸੋ ਮੂਰਖ ਅੰਧਾ ਅਗਿਆਨੁ॥
ਆਪਸ ਕੋ ਜੋ ਭਲਾ ਕਹਾਵੈ॥ਤਿਸਹਿ ਭਲਾਈ ਨਿਕਟਿ ਨ ਆਵੈ॥
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ
॥” (ਪੰਨਾ- 278)
ਏਸੇ ਤਰ੍ਹਾਂ ਪੰਦਰ੍ਹਵੀਂ ਅਸ਼ਟਪਦੀ ਵਿੱਚ ਉਪਦੇਸ਼ ਦਿੰਦੇ ਹਨ-
ਰੂਪ ਦਾ ਮਾਣ ਨਾ ਕਰੋ, ਕਿਉਂਕਿ ਸਾਰਿਆਂ ਵਿੱਚ ਇਕੋ ਮਹਾਨ ਜੋਤਿ ਪ੍ਰਕਾਸ਼ਮਾਨ ਹੈ।ਧਨ ਦਾ ਗੁਮਾਨ ਕਿਉਂ ਕਰੀਏ, ਜਦਕਿ ਸਾਰੀ ਦੌਲਤ ਦਿੱਤੀ ਹੀ ਵਾਹਿਗੁਰੂ ਜੀ ਦੀ ਹੈ।ਜਦ ਸਾਰੀ ਸ਼ਕਤੀ ਪ੍ਰਭੂ ਜੀ ਦੀ ਹੀ ਦਾਤ ਹੈ ਤਾਂ ਵੱਡਾ ਸੂਰਮਾ ਕੋਈ ਆਪ ਨੂੰ ਕਿਉਂ ਆਖੇ।ਜੇਕਰ ਕੋਈ ਆਪਣੇ ਆਪ ਨੂੰ ਦਾਤਾਰ ਮੰਨ ਲਏ ਤਾਂ, ਕੀ ਦੇਣ ਵਾਲਾ ਮਹਾਨ ਦਾਤਾ (ਵਾਹਿਗੁਰੂ) ਉਹਨੂੰ ਮੂਰਖ ਨਹੀਂ ਜਾਣੇਂਗਾ? ਅਸਲ ਗੱਲ ਤਾਂ ਇਹ ਹੈ, ਲੋੜ ਹੈ ਗੁਰੂ ਦੀ ਕ੍ਰਿਪਾ ਦੀ।ਜੇ ਉਸਦੀ ਨਦਰ ਹੋ ਜਾਵੇ ਤਾਂ ਹਉਮੈ ਟੁੱਟ ਜਾਂਦੀ ਹੈ ਤੇ ਇਹ ਜੀਵ ਸਦਾ ਲਈ ਰੋਗ-ਰਹਿਤ ਹੋ ਜਾਂਦਾ ਹੈ:
ਰੂਪਵੰਤ ਹੋਇ ਨਾਹੀ ਮੋਹੈ॥ਪ੍ਰਭ ਕੀ ਜੋਤਿ ਸਗਲ ਘਟ ਸੋਹੈ॥
  ਧੰਨਵੰਤਾ ਹੋਇ ਕਿਆ ਕੋ ਗਰਬੈ॥ਜਾ ਸਭ ਕਿਸ਼ੁ ਤਿਸ ਕਾ ਦਰਬੈ॥
  ਅਤਿ ਸੂਰਾ ਜੇ ਕੋਊ ਕਹਾਵੈ॥ਪ੍ਰਭ ਕੀ ਕਲਾ ਬਿਨਾ ਕਹਿ ਧਾਵੈ॥
  ਜੇ ਕੋ ਹੋਇ ਬਹੈ ਦਾਤਾਰੁ॥ਤਿਸ ਦੇਣਹਾਰੁ ਜਾਨੈ ਗਾਵਾਰੁ॥
  ਜਿਸ ਗੁਰਪ੍ਰਸਾਦਿ ਤੂਟੇ ਹਉ ਰੋਗੁ॥ਨਾਨਕ ਸੋ ਜਨੁ ਸਦਾ ਅਰੋਗ
॥” (ਪੰਨਾ- 282)
  ਸੋ ਉਪਰੋਕਤ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ:
(1) ਹਉਮੈ ਨਾਮ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ।
(2) ਹਉਮੈ ਵੱਖਰੀ ਅਪਣਤ ਕਾਇਮ ਕਰ ਦੇਂਦੀ ਹੈ ਤੇ ਇਹ ਅਪਣਤ, ਆਪਣਾ ਇਕ ਨਿੱਕਾ ਜਿਹਾ ਸੰਸਾਰ ਰਚ ਲੈਂਦੀ ਹੈ, ਜੋ ਅਸਥਿਰ, ਨਾਸਵੰਤ ਤੇ ਛਿੰਨ ਭੰਗਰ ਹੋਣ ਕਰਕੇ ਦੁਖਾਂ ਦਾ ਅਸਲ ਕਾਰਨ ਬਣ ਜਾਂਦਾ ਹੈ।
(3) ਹਉਮੈ ਰਹਿਤ ਅਵਸਥਾ ਵਿੱਚ ਜੀਵ ਸਰਬ-ਵਿਆਪੀ ਜੋਤਿ ਨੂੰ ਪਛਾਣ ਲੈਂਦਾ ਹੈ ਤੇ ‘ਸਰਬ ਮੈ ਪੇਖੈ ਭਗਵਾਨ’ ਦੀ ਅਵਸਥਾ ਤੱਕ ਅਪੜ ਜਾਂਦਾ ਹੈ।ਇਹ ਅਵਸਥਾ ਪਰਉਪਕਾਰ ਦੇ ਉਮਾਹ ਦੀ ਹੈ।ਹਉਮੈ ਗਈ, ਅਭੇਦਤਾ ਹੋਈ।
(4) ਹਉਮੈ ਗੁਰ ਉਪਦੇਸ਼ ਤੇ ਚੱਲਣ ਨਾਲ ਟੁੱਟਦੀ ਹੈ।ਸੋ ਗੁਰੂ ਦੀ ਕ੍ਰਿਪਾ ਮੰਗੋ, ਤਾਂ ਜੋ ਹਉਮੈ ਟੁਟੇ।
ਸੰਖੇਪ ਵਿੱਚ ਇਹ ਕਹਿ ਸਕਦੇ ਹਾਂ ਕਿ ਮਨ ਹਉਮੈ ਅਧੀਨ ਹੋਇਆ, ਸਰੀਰ-ਰੂਪੀ ਜੰਗਲ ਵਿੱਚ ਹਾਥੀ ਬਣ ਭਟਕ ਰਿਹਾ ਹੈ।ਗੁਰੁ ਸ਼ਬਦ (ਉਪਦੇਸ਼) ਦਾ ਅੰਕਸ਼ ਹੀ ਇਸ ਨੂੰ ਹਉਮੈ-ਰਹਿਤ ਕਰ, ਸੱਚ ਵੱਲ ਟੋਰ ਸਕਦਾ ਹੈ ਤੇ ਪ੍ਰਭੂ-ਦਰਬਾਰ ਵਿੱਚ ਸ਼ੋਭਾ ਦਵਾ ਸਕਦਾ ਹੈ:
ਮਨ ਕੁੰਚਰ ਕਾਇਆ ਉਦਿਆਨੈ॥ਗੁਰੁ ਅੰਕਸ ਸਚ ਸਬਦੁ ਨੀਸਾਨੈ॥
  ਰਾਜ ਦੁਆਰੈ ਸੋਭ ਸੁ ਮਾਨੈ
॥” (ਪੰਨਾ- 221)
ਗੁਰ ਉਪਦੇਸ਼ ਸਪਸ਼ਟ ਹੈ:
ਹਉਮੈ ਕੂੜ ਦੀ ਕੰਧ ਹੈ ਜੋ ਸਾਡੇ ਤੇ ਵਾਹਿਗੁਰੂ ਵਿੱਚ ਇਕ ਭਾਰੀ ਰੁਕਾਵਟ ਹੈ।ਲੰਮੀ ਵਿੱਥ ਹੈ।ਫਿਰ ਇਹ ਪਾਲ ਕਿਵੇਂ ਟੁੱਟੇ-
“ਕਿਵ ਕੂੜੈ ਤੁਟੈ ਪਾਲਿ”
ਉੱਤਰ ਸਪੱਸਟ ਹੈ:
  ਸੋਚੈ ਸੋਚਿ ਨ ਹੋਵਈ ਜੋ ਸੋਚੀ ਲਖਵਾਰ
(ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਨਹੀਂ)
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ॥”
(ਮੋਨ ਧਾਰਨ ਤੇ ਸਮਾਧੀਆਂ ਲਗਾਣ ਨਾਲ ਵੀ ਨਹੀਂ)
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥”
(ਨਾ ਵਰਤ ਰੱਖਣ ਨਾਲ, ਨਾ ਚਿਲ੍ਹੇ ਕੱਟਣ ਨਾਲ, ਨਾ ਸੰਸਾਰ ਭਰ ਦੀ ਦੌਲਤ ਇਕੱਠੀ ਕਰਨ ਨਾਲ)
ਫੇਰ ਦੱਸੋ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥”
ਉੱਤਰ:
“ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥”
(ਭਗਤ ਸਿੰਘ ਹੀਰਾ)
 ---------------
ਜਸਬੀਰ ਸਿੰਘ ਵਿਰਦੀ             
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.