ਮਾਂ ਮੈਂ ਜਾ ਰਹੀ ਹਾਂ….
The last letter from Rehana Jubari, to her mother Sholeh
(Iran 30-10-2014)
Translater Amar Jit Singh Chandi.
ਅੱਜ ਮੈਨੂੰ ਪਤਾ ਲੱਗਾ ਕਿ ਇਸ ਵਾਰੀ ਕਿਸਾਸ (ਈਰਾਨੀ ਵਿਧਾਨ ਵਿਚ ਤਿਰਸਕਾਰ ਦਾ ਕਾਨੂਨ) ਦਾ ਸਾਮ੍ਹਣਾ ਕਰਨ ਦੀ ਮੇਰੀ ਵਾਰੀ ਹੈ । ਤੂੰ ਆਪਣੇ-ਆਪ ਨੂੰ ਇਹ ਅਹਿਸਾਸ ਨਹੀਂ ਕਰਵਾਉਣਾ ਚਾਹੁੰਦੀ ਕਿ ਮੈਂ, ਆਪਣੀ ਜ਼ਿੰਦਗੀ ਦੀ ਕਿਤਾਬ ਦੇ ਆਖਰੀ ਪੰਨੇ ਤੇ ਪਹੁੰਚ ਗਈ ਹਾਂ ‘ਤੇ ਮੈਨੂੰ ਇਸ ਗੱਲ ਦੀ ਤਕਲੀਫ ਹੈ । ਮੈਨੂੰ ਦੁੱਖ ਹੋ ਰਿਹਾ ਹੈ ਕਿ ਤੂੰ ਉਦਾਸ ਹੈਂ । ਤੂੰ ਮੇਰੀ ਖਾਤਰ ਆਪਣੇ ਅਤੇ ਪਾਪਾ ਦੇ ਹੱਥ ਕਿਉਂ ਨਹੀਂ ਚੁੱਮੇ ? ਇਸ ਦੁਨੀਆ ਨੇ ਮੈਨੂੰ 19 ਸਾਲ ਤਕ ਜੀਣ ਦੀ ਇਜਾਜ਼ਤ ਦਿੱਤੀ ।
ਉਸ ਮਨਹੂਸ ਰਾਤ ਮੇਰਾ ਕਤਲ ਹੋ ਜਾਣਾ ਚਾਹੀਦਾ ਸੀ , ਅਤੇ ਮੇਰੀ ਲਾਸ਼ ਸ਼ਹਰ ਦੇ ਕਿਸੇ ਕੋਨੇ ਵਿਚ ਸੁੱਟ ਦਿੱਤੀ ਗਈ ਹੁੰਦੀ , ਕੁਝ ਦਿਨ ਮਗਰੋਂ , ਮੇਰੀ ਮੌਤ ਦੇ ਕਾਰਨ ਦੀ ਜਾਂਚ ਕਰਨ ਵਾਲੇ ਅਫਸਰ, ਮੇਰੀ ਲਾਸ਼ ਨੂੰ ਪਛਾਨਣ ਲਈ ਤੈਨੂੰ ਬੁਲਾਉਂਦੇ , ਤਾਂ ਤੈਨੂੰ ਪਤਾ ਲਗਦਾ ਕਿ ਮੇਰੇ ਨਾਲ ਬਲਾਤਕਾਰ ਵੀ ਹੋਇਆ ਸੀ ।
ਫਿਰ ਮੇਰੇ ਕਾਤਲਾਂ ਦੀ ਕੋਈ ਸੂਹ ਨਾ ਲੱਗਦੀ , ਕਿਉਂਕਿ ਉਸ ਲਈ ਸਾਡੇ ਕੋਲ ਨਾ ਦੌਲਤ ਹੈ ਅਤੇ ਨਾ ਹੀ ਤਾਕਤ । ਫਿਰ ਵੀ ਤੇਰਾ ਦੁੱਖ ਵੈਸਾ ਹੀ ਹੁੰਦਾ ਅਤੇ ਤੈਨੂੰ ਸ਼ਰਮਿੰਦਗੀ ਵੀ ਹੁੰਦੀ । ਇਹੀ ਦੁੱਖ ਬਰਦਾਸ਼ਤ ਕਰਦਿਆ-ਕਰਦਿਆਂ ਕੁਝ ਸਾਲ ਮਗਰੋਂ ਤੂੰ ਵੀ ਮੌਤ ਦੇ ਕੰਢੇ ਅੱਪੜ ਜਾਂਦੀ ।
ਪਰ ਉਸ ਮਨਹੂਸ ਰਾਤ ਕਹਾਣੀ ਬਦਲ ਗਈ। ਮੇਰੀ ਲਾਸ਼ ਸੁੱਟੀ ਨਹੀਂ ਗਈ, ਬਲਕਿ ਏਵਿਨ ਜੇਲ੍ਹ ਨੁਮਾ ਕਬਰ ਵਿਚ ਇਕੱਲੀ ਡੱਕ ਦਿੱਤੀ ਗਈ । ਸ਼ਹਰ-ਏ-ਰੇ ਦੀ ਇਹ ਜੇਲ੍ਹ ਕਬਰ ਵਰਗੀ ਹੀ ਤਾਂ ਹੈ। ਸਭ ਕੁਝ ਕਿਸਮਤ ਤੇ ਛੱਡ ਦੇਵੋ ‘ਤੇ ਸ਼ਿਕਾਇਤ ਨਾ ਕਰੋ ।
ਤੂੰ ਚੰਗੀ ਤਰ੍ਹਾਂ ਜਾਣਦੀ ਹੈਂ ਕਿ ਮੌਤ ਜ਼ਿੰਦਗੀ ਦਾ ਅੰਤ ਨਹੀਂ ਹੁੰਦਾ। ਤੂੰ ਹੀ ਤਾਂ ਮੈਨੂੰ ਸਿਖਾਇਆ ਸੀ ਕਿ ਬੰਦਾ ਦੁਨੀਆ ਵਿਚ ਕੁਝ ਸਿੱਖਣ ਲਈ ਹੀ ਆਉਂਦਾ ਹੈ , ਏਸੇ ਕਰਮ ਵਿਚ ਉਸ ਦੀਆਂ ਜ਼ਿੱਮੇਵਾਰੀਆਂ ਹਰ ਸਾਲ ਵਧਦੀਆਂ ਰਹਿੰਦੀਆਂ ਹਨ। ਮੈਂ ਸਿਖਿਆ ਕਿ ਬੰਦੇ ਨੂੰ ਸੰਘਰਸ਼ ਵੀ ਕਰਨਾ ਪੈਂਦਾ ਹੈ। ਮੈਨੂੰ ਯਾਦ ਆਉਂਦੈ ਕਿ ਇਕ ਬੰਦੇ ਨੇ, ਮੈਨੂੰ ਕੋੜੇ (ਚਾਬਕ) ਮਾਰੇ ਜਾਣ ਦਾ ਵਿਰੋਧ ਕੀਤਾ ਸੀ, ਪਰ ਕੋੜੇ ਮਾਰਨ ਵਾਲੇ ਨੇ ਉਸ ਬੰਦੇ ਦੇ ਮੂੰਹ ਅਤੇ ਸਿਰ ਤੇ ਕੋੜੇ ਮਾਰ ਦਿੱਤੇ, ਜੋ ਉਸ ਦੀ ਅਸਮੇ ਮੌਤ ਦਾ ਕਾਰਨ ਬਣ ਗਿਆ। ਤੂੰ ਹੀ ਤਾਂ ਮੈਨੂੰ ਸਿਖਾਇਆ ਸੀ ਕਿ ਸਿਧਾਂਤਾਂ ਦੀ ਰੱਖਿਆ ਲਈ ਜੇ ਜੀਵਨ ਵੀ ਕੁਰਬਾਨ ਕਰਨਾ ਪੈ ਜਾਵੇ, ਤਾਂ ਗਮ ਨਹੀਂ ਕਰਨਾ ਚਾਹੀਦਾ। ਕਿਸੇ ਨਾਲ ਲੜਾਈ ਵੇਲੇ ਜਾਂ ਬਹਸ ਹੋਣ ਵੇਲੇ ਤੂੰ ਹੀ ਮੈਨੂੰ ਸਿਖਾਉਂਦੀ ਸੀ ਕਿ ਮੇਰਾ ਵਿਹਾਰ ਕੈਸਾ ਹੋਣਾ ਚਾਹੀਦਾ ਹੈ । ਪਰ ਜਦੋਂ ਮੇਰੇ ਨਾਲ ਇਹ ਘਟਨਾ ਵਾਪਰੀ ਤਾਂ ਤੇਰੀ ਸਿਖਿਆ ਮੇਰੇ ਕਿਸੇ ਕੰਮ ਨਾ ਆਈ।
ਅਦਾਲਤ ਵਿਚ ਖੜੇ ਹੋਣ ਵੇਲੇ ਮੈਂ ਇਕ ਨਿਰਦਈ ਹਤਿਆਰਨ ਅਤੇ ਖੂੰਖਾਰ ਅਪਰਾਧਣ ਵਾਙ ਦਿਸ ਰਹੀ ਸੀ । ਮੈਂ ਹੰਝੂ ਨਹੀਂ ਕੇਰੇ , ਫਰਿਆਦ ਨਹੀਂ ਕੀਤੀ, ਕਿਉਂਕਿ ਮੈਨੂੰ ਕਾਨੂਨ ਤੇ ਭਰੋਸਾ ਸੀ। ਮਾਂ ਤੂੰ ਜਾਣਦੀ ਹੈਂ ਕਿ ਮੈਂ ਕਦੇ ਮੱਛਰ ਵੀ ਨਹੀਂ ਮਾਰਿਆ, ਮੈਂ ਕਾਕਰੋਚ ਨੂੰ ਵੀ ਮਾਰਨ ਦੀ ਥਾਂ ਬਾਹਰ ਸੁੱਟ ਆਉਂਦੀ ਸੀ । ਪਰ ਹੁਣ ਮੈਨੁੰ ਸੋਚੀ ਸਮਝੀ ਸਾਜ਼ਿਸ਼ ਅਧੀਨ, ਕਤਲ ਕਰਨ ਦਾ ਅਪਰਾਧੀ ਦੱਸਿਆ ਜਾ ਰਿਹਾ ਹੈ। ਉਹ ਲੋਕ ਕਿੰਨੇ ਆਸ਼ਾਵਾਦੀ ਹਨ ਜਿਨ੍ਹਾਂ ਨੇ ਜੱਜਾਂ ਕੋਲੋਂ ਇੰਸਾਫ ਦੀ ਉਮੀਦ ਕੀਤੀ ਸੀ। ਪਿਆਰੀ ਮਾਂ ਸ਼ੋਲੇਹ, ਤੂੰ ਜੋ ਕੁਝ ਸੁਣ ਰਹੀ ਹੈਂ, ਉਸ ਕਾਰਨ ਦੁਖੀ ਨਾ ਹੋ।
ਥਾਣੇ ਵਿਚ ਪਹਿਲੇ ਦਿਨ, ਇਕ ਕੰਵਾਰੇ ਅਫਸਰ ਨੇ, ਮੇਰੇ ਸੁੰਦਰ ਨੌਂਹਾਂ ਲਈ ਮੈਨੂੰ ਦੰਡਿਤ ਕੀਤਾ, ਤਾਂ ਮੈਂ ਸਮਝ ਗਈ ਕਿ ਇਸ ਸੰਸਾਰ ਵਿਚ ਸੁੰਦਰਤਾ ਦੀ ਕਦਰ ਨਹੀਂ ਹੈ, ਭਾਵੇਂ ਉਹ ਸੁੰਦਰਤਾ ਸਰੀਰ ਦੀ ਹੋਵੇ, ਵਿਚਾਰਾਂ ਦੀ ਹੋਵੇ, ਲਿਖਣ ਦੀ ਹੋਵੇ, ਅੱਖਾਂ ਦੀ ਹੋਵੇ ਜਾਂ ਆਵਾਜ਼ ਦੀ ਹੋਵੇ ।
ਮੇਰੀ ਪਿਆਰੀ ਮਾਂ, ਮੇਰੀ ਵਿਚਾਰ-ਧਾਰਾ ਬਦਲ ਗਈ ਹੈ, ਪਰ ਇਸ ਦੀ ਜ਼ਿਮੇਵਾਰ ਤੂੰ ਨਹੀਂ ਹੈਂ। ਮੇਰੇ ਸ਼ਬਦਾਂ ਦਾ ਅੰਤ ਨਹੀਂ , ਅਤੇ ਮੈਂ ਸਾਰਾ ਕੁਝ ਲਿਖ ਕੇ ਕਿਸੇ ਨੂੰ ਦੇ ਦਿੱਤਾ ਹੈ, ਤਾਂ ਜੋ ਤੇਰੀ ਜਾਣਕਾਰੀ ਬਿਨਾ ਜਾਂ ਤੇਰੀ ਗੈਰ-ਹਾਜ਼ਰੀ ਵਿਚ ਮੈਨੂੰ ਫਾਂਸੀ ਦੇ ਦਿੱਤੀ ਜਾਵੇ, ਤਾਂ ਇਹ ਤੈਨੂੰ ਦੇ ਦਿੱਤਾ ਜਾਵੇ। ਮੈਂ ਆਪਣੀ ਵਿਰਾਸਤ ਵਜੋਂ ਕਈ ਹੱਥ-ਲਿਖਤ ਦਸਤਾਵੇਜ਼ ਛੱਡੇ ਹਨ ।
ਮੈਂ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ , ਮਾਂ ਮੈਂ ਮਿੱਟੀ ਵਿਚ ਸੜਨਾ ਨਹੀਂ ਚਾਹੁੰਦੀ, ਮੈਂ ਆਪਣੀਆਂ ਅੱਖਾਂ , ਆਪਣੇ ਜਵਾਨ ਦਿਲ ਨੂੰ , ਮਿੱਟੀ ਨਹੀਂ ਬਨਾਉਣਾ ਚਾਹੁੰਦੀ , ਇਸ ਲਈ ਬੇਨਤੀ ਕਰਦੀ ਹਾਂ ਕਿ ਫਾਂਸੀ ਮਗਰੋਂ, ਛੇਤੀ ਤੋਂ ਛੇਤੀ ਮੇਰਾ ਦਿਲ , ਮੇਰੀ ਕਿਡਨੀ , ਮੇਰੀਆਂ ਅੱਖਾਂ, ਮੇਰੀਆਂ ਹੱਡੀਆਂ, ਅਤੇ ਹੋਰ ਸਾਰਾ ਕੁਝ, ਜੋ ਵੀ ਕਿਸੇ ਦੂਸਰੇ ਨੂੰ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੋਵੇ, ਉਸ ਨੂੰ ਮੇਰੇ ਸਰੀਰ ਵਿਚੋਂ ਕੱਢ ਲਿਆ ਜਾਵੇ, ਅਤੇ ਲੋੜਵੰਦ ਲੋਕਾਂ ਨੂੰ ਸੁਗਾਤ ਵਜੋਂ ਦੇ ਦਿੱਤਾ ਜਾਵੇ। ਮੈਂ ਇਹ ਵੀ ਨਹੀਂ ਚਾਹੁੰਦੀ ਕਿ ਜਿਸ ਨੂੰ ਵੀ ਮੇਰੇ ਅੰਗ ਦਿੱਤੇ ਜਾਣ, ਉਸ ਨੂੰ ਮੇਰਾ ਨਾਂ ਵੀ ਦੱਸਿਆ ਜਾਵੇ, ਅਤੇ ਉਹ ਮੇਰੇ ਲਈ ਅਰਦਾਸ ਕਰੇ।
ਮੈਂ ਆਪਣੇ ਦਿਲ ਦੀਆਂ ਡੂੰਘਾਈਆਂ ਤੋਂ ਤੈਨੂੰ ਕਹਿ ਰਹੀ ਹਾਂ ਕਿ ਤੂੰ ਮੇਰੀ ਕਬਰ ਤੇ ਆ ਕੇ , ਮੇਰੇ ਮਰਨ ਦਾ ਸੋਗ ਨਾ ਮਨਾਵੀਂ ਅਤੇ ਨਾ ਹੀ ਦੁੱਖ ਵਿਚ ਜੀਵੀਂ।
ਜਿਨ੍ਹਾਂ ਲੋਕਾਂ ਨੇ ਮੈਨੂੰ ਮੌਤ ਦੀ ਸਜ਼ਾ ਸੁਣਾਈ ਹੈ, ਉਨ੍ਹਾਂ ਨੂੰ ਮੈਂ ਅਲ੍ਹਾ ਦੀ ਦਰਗਾਹ ਵਿਚ ਦੋਸ਼ੀ ਠਹਿਰਾਵਾਂਗੀ। ਦੁਨੀਆ ਨੂੰ ਬਨਾਉਣ ਵਾਲੇ ਦੀ ਅਦਾਲਤ ਵਿਚ ਮੈਂ ਇੰਸਪੈਕਟਰ , ਸ਼ਾਮਲੋਊ , ਡਾ. ਫਰਵੰਡੀ , ਕਸੀਮ ਸ਼ੱਬਾਨੀ ਵਰਗੇ ਸਾਰੇ ਲੋਕਾਂ ਨੂੰ ਦੋਸ਼ੀ ਸਾਬਤ ਕਰਾਂਗੀ, ਜਿਨ੍ਹਾਂ ਨੇ ਆਪਣੀ ਅਗਿਆਨਤਾ ਅਤੇ ਝੂਠ ਨਾਲ ਮੈਨੂੰ ਦੋਸ਼ੀ ਸਾਬਤ ਕੀਤਾ ਹੈ, ਮੇਰੇ ਅਧਿਕਾਰਾਂ ਦਾ ਗਲਾ ਘੁੱਟਿਆ ਹੈ। ਉਨ੍ਹਾਂ ਨੇ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਕਿ, ਕਈ ਵਾਰੀ ਜੋ ਕੁਝ ਦਿਸਦਾ ਹੈ, ਉਹ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ ਉਹ ਦਿਸਦਾ ਨਹੀਂ।
ਕੋਮਲ ਹਿਰਦੇ ਵਾਲੀ ਮਾਂ ਸ਼ੋਲੇਹ, ਇਸ ਦੁਨੀਆ ਵਿਚ ਤੇਰੇ ਅਤੇ ਮੇਰੇ ਵਰਗੇ ਲੋਕਾਂ ਨੂੰ ਹੀ ਦੋਸ਼ੀ ਬਣਾਇਆ ਜਾਂਦਾ ਹੈ। ਵੇਖਦੇ ਹਾਂ ਕਿ ਅਲ੍ਹਾ ਦੀ ਕੀ ਮਰਜ਼ੀ ਹੈ ?
ਮੇਰੀ ਮਾਂ ਸ਼ੋਲੇਹ, ਤੂੰ ਮੈਨੂੰ ਜ਼ਿੰਦਗੀ ਤੋਂ ਵੀ ਜ਼ਿਆਦਾ ਪਿਆਰੀ ਹੈਂ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਮਿੱਟੀ ਵਿਚ ਮਿਲਣ ਤਕ, ਮੈਂ ਤੇਰੀ ਗੋਦ ਦਾ ਨਿੱਘ ਮਾਨਣਾ ਚਾਹੁੰਦੀ ਹਾਂ ।
(ਇਸ ਚਿੱਠੀ ਤੇ ਗੌਰ ਕੀਤਿਆਂ, ਸੋਚਣਾ ਪੈਂਦਾ ਹੈ ਕਿ, ਕੀ ਵਾਕਿਆ ਹੀ ਅਸੀਂ ਕਿਸੇ ਜੀਵਤ ਸਭਿਅਤਾ ਵਿਚ ਜੀ ਰਹੇ ਹਾਂ ? ਜਿਸ ਵਿਚ ਦੁਨੀਆ ਭਰ ਅੰਦਰ ਹੋਏ ਪਰਦਰਸ਼ਨਾਂ ਦਾ ਕੋਈ ਅਸਰ ਨਹੀਂ ਹੁੰਦਾ, ਅਤੇ ਫਾਂਸੀ ਨੂੰ ਰੱਦ ਕਰਨ ਦੀਆਂ ਸਾਰੀਆਂ ਅਪੀਲਾਂ ਨੂੰ ਰੱਦ ਕਰਦਿਆਂ, ਰੇਹਾਨਾ ਜੱਬਾਰੀ ਨੂੰ ਫਾਂਸੀ ਦੇ ਦਿੱਤੀ ਗਈ। ਇਸ ਵਿਵਸਥਾ ਨੂੰ ਬਦਲਣ ਲਈ ਸਾਨੂੰ ਆਪਣੀ ਸਮਰਥਾ ਅਨੁਸਾਰ ਸੰਘਰਸ਼ ਕਰਨ ਦੀ ਲੋੜ ਹੈ। ਅਮਰ ਜੀਤ ਸਿੰਘ ਚੰਦੀ)
ਖ਼ਬਰਾਂ
ਮਾਂ ਮੈਂ ਜਾ ਰਹੀ ਹਾਂ….
Page Visitors: 2563