ਅਕਾਲੀ-ਭਾਜਪਾ ‘ਚ ਕੁੜੱਤਣ ਹੋਰ ਵਧੀ, ਭਾਜਪਾ ਤਿਆਰੀਆਂ ‘ਚ ਲੱਗੀ
ਫਰੀਦਕੋਟ, 25 ਅਕਤੂਬਰ (ਪੰਜਾਬ ਮੇਲ) – ਹਰਿਆਣਾ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਧੂੰਆਧਾਰ ਬਿਆਨ ਦੇਣ ਉਪਰੰਤ ਪੰਜਾਬ ਵਿਚ ਭਾਜਪਾ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਸਿੱਧੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਬਕਾਇਦਾ ਭਾਜਪਾ ਨੇ ਆਪਣੇ ਸਮਰੱਥਕਾਂ ਰਾਹੀਂ ਫੇਸਬੁੱਕ ‘ਤੇ ਤਿੰਨ ਵੱਖ-ਵੱਖ ਪੇਜ ਤਿਆਰ ਕੀਤੇ ਹਨ, ਜਿਸ ਰਾਹੀਂ ਲੋਕਾਂ ਦੀ ਰਾਏ ਅਤੇ ‘ਲਾਈਕਸ’ ਲਗਾਤਾਰ ਵਸੂਲੇ ਜਾ ਰਹੇ ਹਨ।
ਪੰਜਾਬ ਵਿਚ ਅਕਾਲੀ -ਭਾਜਪਾ ਸੱਤਾ ਵਿਚ ਕਾਬਜ਼ ਹਨ, ਪਰ ਪਾਰਲੀਮੈਂਟ ਚੋਣਾਂ ਵਿਚ ਭਾਜਪਾ ਵਲੋਂ ਆਪਣੀ ਸਰਕਾਰ ਬਣਾ ਲੈਣ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰੁਣ ਜੇਤਲੀ ਦੇ ਹਾਰ ਜਾਣ ਕਾਰਨ ਭਾਜਪਾ ਨੇ ਪੰਜਾਬ ਵਿਚ ਅਕਾਲੀ ਦਲ ਤੋਂ ਆਪਣਾ ਨਾਤਾ ਤੋੜਨਾ ਹੌਲੀ-ਹੌਲੀ ਸ਼ੁਰੂ ਕੀਤਾ ਹੋਇਆ ਹੈ ਅਤੇ ਹੁਣ ਇਹ ਵਰਤਾਰਾ ਤੇਜ਼ੀ ਫੜ ਰਿਹਾ ਹੈ। ਬਾਦਲਾਂ ਦੇ ਵਿਰੋਧ ਵਾਲੀ ਸੁਰ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਹਰਿਆਣਾ ਚੋਣਾਂ ਵਿਚ ਅਕਾਲੀ ਦਲ ਦੇ ਖਿਲਾਫ ਬੋਲਣ ਦੀ ਖੁੱਲ੍ਹੀ ਛੁੱਟੀ ਦੇਣ ਅਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਬਿਨਾਂ ਨਾਂ ਲਏ ਰੈਲੀਆਂ ਵਿਚ ਅਕਾਲੀ ਦਲ ਵਿਰੁੱਧ ਬੋਲਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਹੁਣ ਭਾਜਪਾ ਪੰਜਾਬ ਵਿਚ ਅਕਾਲੀ ਦਲ ਨਾਲ ਬਹੁਤਾ ਚਿਰ ਨਹੀਂ ਚੱਲਣ ਵਾਲੀ। ਹਾਲ ਹੀ ਵਿਚ ਅਕਾਲੀ ਸਰਕਾਰ ਵਲੋਂ ਲਏ ਗਏ ਕਈ ਫੈਸਲਿਆਂ ਦੌਰਾਨ ਭਾਜਪਾ ਵਲੋਂ ਵਿਰੋਧ ਕਰਨ ਅਤੇ ਫੈਸਲੇ ਵਾਪਸ ਲੈਣ ਲਈ ਦਬਾਅ ਬਣਾਉਣਾ ਵੀ ਇਸੇ ਵਰਤਾਰੇ ਦਾ ਵੱਡਾ ਹਿੱਸਾ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਗਰ ਕੌਂਸਲ ਚੋਣਾਂ ਲਈ ਹੁਣ ਭਾਜਪਾ ਨੇ ਆਪਣੇ ਵੱਖਰੇ ਉਮੀਦਵਾਰਾਂ ਨੂੰ ਆਪਣੇ-ਆਪਣੇ ਹਲਕਿਆਂ ਵਿਚ ਸਰਗਰਮ ਹੋਣ ਲਈ ਕਹਿ ਦਿੱਤਾ ਹੈ ਜਦੋਂ ਕਿ ਇਨ੍ਹਾਂ ਹਲਕਿਆਂ ਵਿਚ ਪਹਿਲਾਂ ਹੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਹੋਏ ਸਨ। ਇਸ ਦੇ ਵਿਰੋਧ ਵਿਚ ਅਕਾਲੀ ਦਲ ਨੇ ਭਾਜਪਾ ਆਗੂਆਂ ‘ਤੇ ਆਪਣਾ ਦਬਾਅ ਬਣਾਉਣ ਲਈ ਆਪਣਾ ਉਹੀ ਪੁਰਾਣਾ ਹਥਿਆਰ ਪੁਲਸ ਕੇਸ ਵਾਲਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਮਿਸਾਲ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਇਕ ਭਾਜਪਾ ਆਗੂ ਸਮੇਤ ਕਈ ਹੋਰ ਜ਼ਿਲਿਆਂ ਵਿਚ ਭਾਜਪਾ ਆਗੂਆਂ ‘ਤੇ ਕੇਸ ਦਰਜ ਕਰਨ ਤੋਂ ਮਿਲਦੀ ਹੈ। ਅਕਾਲੀ ਦਲ ਦੀ ਪੰਜਾਬ ਦੇ ਭਾਜਪਾ ਆਗੂਆਂ ਪ੍ਰਤੀ ਇਸ ਨੀਤੀ ਕਰਕੇ ਹੁਣ ਭਾਜਪਾ ਨੇ ਨਵਜੋਤ ਸਿੰਘ ਸਿੱਧੂ ਨੂੰ ਸਮਰੱਥ ਉਮੀਦਵਾਰ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ, ਇਸੇ ਕਰਕੇ ਹੀ ਸੋਸ਼ਲ ਮੀਡੀਆ ਰਾਹੀਂ ਸਿੱਧੂ ਬਾਰੇ ਆਪਣੇ ਸਮਰਥਕਾਂ ਰਾਹੀਂ ਰਾਏ ਹਾਸਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਚ ਬਣਾਏ ਇਹ ਤਿੰਨੇ ਪੇਜਾਂ ‘ਤੇ ਦੇਸ਼ ਵਿਦੇਸ਼ ਤੋਂ ਲੋਕ ਆਪਣੀ ਰਾਇ ਦੇ ਰਹੇ ਹਨ। ਇਨ੍ਹਾਂ ਪੇਜਾਂ ਨੂੰ ਬਣਾਉਣ ਵਾਲੇ ਇਕ ‘ਯੂਜ਼ਰ’ ਨੇ ਦੱਸਿਆ ਕਿ ਉਸ ਪਾਸ ਭਾਜਪਾ ਦਾ ਕੋਈ ਆਹੁਦਾ ਤਾਂ ਨਹੀਂ ਹੈ, ਪਰ ਉਸ ਸਮੇਤ ਬਾਕੀ ਦੋ ‘ਯੂਜ਼ਰਾਂ’ ਵਲੋਂ ਤਿਆਰ ਕੀਤੇ ‘ਨਵਜੋਤ ਸਿੰਘ ਸਿੱਧੂ ਅਗਲੇ ਸੀ. ਐੱਮ. ਇਨ ਪੰਜਾਬ’ ਨੂੰ ਭਾਰੀ ਹਾਂ -ਪੱਖੀ ਹੁੰਗਾਰਾ ਮਿਲ ਰਿਹਾ ਹੈ। ਇਸ ਸੰਬੰਧੀ ਜਦੋਂ ਭਾਜਪਾ ਆਗੂ ਪ੍ਰੇਮ ਗੇਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਪੇਜ ਨਹੀਂ ਦੇਖੇ ਪਰ ਇਹ ਸਪੱਸ਼ਟ ਹੈ ਕਿ ਆਮ ਆਦਮੀ ਵਿਚ ਸਿੱਧੂ ਦੀ ਸ਼ਵੀ ਬੜੀ ਸਾਫ-ਸੁਥਰੇ ਰਾਜਨੀਤਕ ਆਗੂ ਵਾਲੀ ਹੈ ਅਤੇ ਲੋਕ ਉਸ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਹੈ ਕਿ ਭਾਜਪਾ ਵਿਚ ਸਿੱਧੂ ਇਕ ਅਜਿਹੇ ਆਗੂ ਹਨ, ਜੋ ਕਿ ਵਿਰੋਧੀਆਂ ਬਾਰੇ ਸਪੱਸ਼ਟ ਅਤੇ ਬੇਬਾਕ ਬੋਲ ਸਕਦੇ ਹਨ ਅਤੇ ਪੰਜਾਬ ਲਈ ਕੁਝ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਧੂ ਦੀ ਮੁੱਖ ਮੰਤਰੀ ਸੰਬੰਧੀ ਉਮੀਦਵਾਰੀ ਬਾਰੇ ਫਿਲਹਾਲ ਉਨ੍ਹਾਂ ਨੂੰ ਹਾਈਕਮਾਂਡ ਵਲੋਂ ਕੋਈ ਸੰਦੇਸ਼ ਨਹੀਂ ਆਇਆ।