ਭਾਰਤ-ਪਾਕ ਸਰਹਦ ਤੋਂ ੨੦ ਕਰੋੜ ਦੀ ਹੇਰੋਇਨ ਫੜੀ
ਅਟਾਰੀ, (ਪੰਜਾਬ ਮੇਲ)-ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲੀਸ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਅੱਜ ਸਰਹੱਦੀ ਚੌਕੀ ਰਾਣੀਆਂ ਨੇੜਿਓਂ 4 ਪੈਕਟ (4 ਕਿਲੋ) ਹੈਰੋਇਨ ਬਰਾਮਦ ਕੀਤੀ। ਇਸ ਦੀ ਕੌਮਾਂਤਰੀ ਮੰਡੀ ਵਿੱਚ ਕੀਮਤ 20 ਕਰੋੜ ਰੁਪਏ ਬਣਦੀ ਹੈ। ਸੀਮਾ ਸੁਰੱਖਿਆ ਬਲ ਦੇ ਹੈੱਡ ਕੁਆਰਟਰ ਖਾਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਐਸਐਫ ਦੇ ਡੀ.ਆਈ.ਜੀ. ਐਮ.ਐਫ. ਫਾਰੂਕੀ ਨੇ ਦੱਸਿਆ ਕਿ ਅੱਜ ਸਵੇਰੇ ਸੀਮਾ ਸੁਰੱਖਿਆ ਬਲ ਅਤੇ ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਅੰਮ੍ਰਿਤਸਰ ਸੈਕਟਰ ਵਿੱਚ 50ਵੀਂ ਬਟਾਲੀਅਨ ਦੇ ਖੇਤਰ ਵਿੱਚ ਪੈਂਦੀ ਸਰਹੱਦੀ ਚੌਕੀ ਰਾਣੀਆਂ ਦੇ ਪਿਲਰ ਨੰਬਰ 94/28 ਨੇੜਿਓਂ ਵਿਸ਼ੇਸ਼ ਜਾਂਚ-ਪੜਤਾਲ ਦੌਰਾਨ 4 ਪੈਕਟ ਹੈਰੋਇਨ ਬਰਾਮਦ ਕੀਤੀ। ਇਹ ਪਿਲਰ ਕੌਮਾਂਤਰੀ ਸਰਹੱਦ ਤੋਂ 100 ਮੀਟਰ ਦੀ ਦੂਰੀ ਉਤੇ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਬਣਾਉਣ ਲਈ ਸਰਹੱਦ ’ਤੇ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ। ਸ੍ਰੀ ਫਾਰੂਕੀ ਨੇ ਕਿਹਾ ਕਿ ਜੇ ਬੀ.ਐਸ.ਐਫ. ਅਤੇ ਪੰਜਾਬ ਪੁਲੀਸ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਤਾਂ ਤਾਂ ਹੀ ਤਸਕਰਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਅਤੇ ਪੰਜਾਬ ਪੁਲੀਸ ਵਿੱਚ ਆਪਸੀ ਤਲਮੇਲ ਹੈ ਅਤੇ ਦੋਵੇਂ ਫੋਰਸਾਂ ਮਿਲ ਕੇ ਕੰਮ ਕਰ ਰਹੀਆਂ ਹਨ। ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਜਸਜੀਤ ਸਿੰਘ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 11 ਤਸਕਰ ਰੂਪੋਸ਼ ਹਨ ਅਤੇ ਉਨ੍ਹਾਂ ਦੀਆਂ ਟੀਮਾਂ ਤਸਕਰਾਂ ਨੂੰ ਫੜਨ ਲਈ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਪੰਜਾਬ ਸਰਕਾਰ ਕੋਲੋਂ 8 ਅਸਾਮੀਆਂ ਦੀ ਪ੍ਰਵਾਨਗੀ ਮੰਗੀ ਗਈ ਸੀ, ਜੋ ਮਿਲ ਗਈ ਹੈ।