ਹਰਸਿਮਰਤ ਕੌਰ ਬਾਦਲ ਨੂੰ ਹੁਣ ਅਖਬਾਰਾਂ ਰਾਹੀਂ ਤਾਮੀਲ ਹੋਵੇਗਾ ਨੋਟਿਸ
ਚੰਡੀਗੜ੍ਹ, 14 ਅਕਤੂਬਰ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੇਂਦਰੀ ਕੈਬਨਿਟ ਮੰਤਰੀ ਅਤੇ ਬਠਿੰਡਾ ਤੋਂ ਐਮ.ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੁਣ ਅਖ਼ਬਾਰਾਂ ‘ਚ ਇਸ਼ਤਿਹਾਰਾਂ ਦੇ ਰੂਪ ‘ਚ ਨੋਟਿਸ ਤਾਮੀਲ ਕਰਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹਾਈਕੋਰਟ ਦੇ ਜਸਟਿਸ ਮਹੇਸ਼ ਗਰੋਵਰ ਵਾਲੇ ਵਿਸ਼ੇਸ਼ ਚੋਣ ਬੈਂਚ ਵੱਲੋਂ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਦੇ ਕੌਮੀ ਕੌਮੀ ਸਕੱਤਰ ਨਵਜੋਤ ਸਿੰਘ ਵੱਲੋਂ ਆਪਣੇ ਵਕੀਲ ਅਤੇ ਪੰਜਾਬ ਕਾਂਗਰਸ ਦੇ ਕਾਨੂੰਨੀ ਬੁਲਾਰੇ ਐਡਵੋਕੇਟ ਸੁਰਜੀਤ ਸਿੰਘ ਸਵੈਚ ਰਾਹੀਂ ਦਾਇਰ ਕੀਤੀ ਅਰਜ਼ੀ ‘ਤੇ ਇਹ ਫ਼ੈਸਲਾ ਦਿੱਤਾ ਗਿਆ ਹੈ। ਪਟੀਸ਼ਨਰ ਧਿਰ ਵੱਲੋਂ ਸੀ.ਪੀ.ਸੀ. ਦੇ ਨਿਯਮ ਵੀ ਦੇ ਆਰਡਰ 5 ਸਣੇ ਅਤੇ ਹਾਈਕੋਰਟ ਦੇ ਸਬੰਧਤ ਨਿਯਮਾਂ ਤਹਿਤ ਇਹ ਅਰਜ਼ੀ ਦਾਇਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੂੰ ਬਦਲਵੇਂ ਪ੍ਰਬੰਧਾਂ ਖ਼ਾਸਕਰ ਅਖ਼ਬਾਰਾਂ ‘ਚ ਇਸ਼ਤਿਹਾਰ ਜਾਰੀ ਕਰ ਅਦਾਲਤੀ ਸੰਮਨ ਤਾਮੀਲ ਕਰਵਾਏ ਜਾਣ ਦੀ ਪ੍ਰਵਾਨਗੀ ਮੰਗੀ ਗਈ ਸੀ। ਪਟੀਸ਼ਨਰ ਦੇ ਵਕੀਲ ਨੇ ਹਾਈਕੋਰਟ ਨੂੰ ਇਹ ਵੀ ਕਿਹਾ ਕਿ ਉਹ ਅਖ਼ਬਾਰਾਂ ‘ਚ ਨੋਟਿਸ ਬਾਰੇ ਇਸ਼ਤਿਹਾਰ ਜਾਰੀ ਕਰਨ ਬਾਰੇ ਹੋਣ ਵਾਲੇ ਖ਼ਰਚੇ ਦੀ ਭਰਪਾਈ ਲਈ ਵੀ ਤਿਆਰ ਹਨ। ਜਸਟਿਸ ਗਰੋਵਰ ਵੱਲੋਂ ਪਟੀਸ਼ਨਰ ਦੁਆਰਾ ਦਾਇਰ ਇਸ ਅਰਜ਼ੀ ‘ਤੇ ਸੁਣਵਾਈ ਕਰਦਿਆਂ ਦੋ ਅਖ਼ਬਾਰਾਂ ‘ਚ ਨੋਟਿਸ ਬਾਰੇ ਸਬੰਧਤ ਇਸ਼ਤਿਹਾਰ ਜਾਰੀ ਕਰਨ ਨੂੰ ਪ੍ਰਵਾਨਗੀ ਦਿੰਦਿਆਂ ਇਨ੍ਹਾਂ ‘ਚੋਂ ਇਕ ਦੇਸ਼ ਦਾ ਕੌਮੀ ਪੱਧਰ ਦਾ ਅੰਗਰੇਜ਼ੀ ਅਖ਼ਬਾਰ ਅਤੇ ਇਕ ਪੰਜਾਬ ਖ਼ਾਸਕਰ ਬਠਿੰਡਾ ਇਲਾਕੇ ‘ਚ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਹੋਣ ਦੀ ਵੀ ਤਾਕੀਦ ਕਰ ਦਿੱਤੀ ਹੈ। ਇਸ ਕੇਸ ਤਹਿਤ ਪਟੀਸ਼ਨਰ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ‘ਤੇ ਤੈਅ ਹੱਦ ਤੋਂ ਵੱਧ 1 ਕਰੋੜ ਰੁਪਏ ਚੋਣ ਖ਼ਰਚ ਕਰਨ, ਪ੍ਰਚਾਰ ‘ਚ ਕੌਮੀ ਝੰਡੇ ਅਤੇ ਸਿੱਖ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਜਿਹੇ ਦੋਸ਼ਾਂ ਦੇ ਆਧਾਰ ‘ਤੇ ਲੋਕ ਪ੍ਰਤੀਨਿਧਤਾ ਐਕਟ, 1951 ਧਾਰਾ 80 ਅਤੇ 81 ਸਣੇ 100 ਤਹਿਤ ਉਨ੍ਹਾਂ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕੇਸ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਣੀ ਹੈ।