ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਨਾਮ” ਭਾਗ 2
“ਨਾਮ” ਭਾਗ 2
Page Visitors: 3191

  “ਨਾਮ” ਭਾਗ 2
ਨਾਮ ਰੂਪ-
ਨਾਮ ਤੇ ਰੂਪ ਪਰਸਪਰ ਸਬੰਧੀ ਹਨ।ਜਿਸ ਦਾ ਨਾਮ ਹੈ ਉਸਦਾ ਰੂਪ ਵੀ ਹੈ।ਫੇਰ ਨਾਮ ਮੰਨਣ ਨਾਲ ਰੂਪ ਵੀ ਮੰਨਣਾ ਪਵੇਗਾ।ਪਰ ਗੁਰਮਤਿ ਤਾਂ ਅਕਾਲ ਪੁਰਖ ਨੂੰ ਅਰੂਪ ਮੰਨਦੀ ਹੈ:
ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ਤਿਸਹਿ ਬੁਝਾਏ ਨਾਨਕਾ ਜਿਸੁ ਹੋਵੇ ਸੁਪ੍ਰਸੰਨ॥” (ਪੰਨਾ-283)
ਉਹ ਤਾਂ:“ਅਲਖ ਅਪਾਰ ਅਗੰਮ ਅਗੋਚਰਿ ਨਾ ਤਿਸੁ ਕਾਲੁ ਨ ਕਰਮਾ॥
ਜਾਤਿ ਅਜਾਤਿ ਅਜੋਨੀ ਸੰਭਉ ਨ ਤਿਸੁ ਭਾਉ ਨ ਭਰਮਾ॥
ਸਾਚੇ ਸਚਿਆਰ ਵਿਟਹੁ ਕੁਰਬਾਣ॥
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੇ ਸਬਦਿ ਨੀਸਾਣੁ
॥ਰਹਾਉ॥
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮ ਨ ਨਾਰੀ॥
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ
॥” (ਪੰਨਾ-597 )
ਜਦ ਰੂਪ ਹੀ ਕੋਈ ਨਹੀਂ ਤਾਂ ਫਿਰ ਨਾਮ ਕਿਵੇਂ ਹੋ ਸਕਦਾ ਹੈ? ਏਸੇ ਲਈ ਉਸ ਨੂੰ ਅਨਾਮ ਕਹਿ ਕੇ ਨਮਸ਼ਕਾਰ ਕਰਦੇ ਹਨ-
“ਨਮਸਤੰ ਅਨਾਮੇਨਮਸਤੰ ਅਠਾਮੇ” “ਨਮਸਤੰ ਅਨਾਮੰਨਮਸਤੰ ਅਧਾਮੰ
“ਨਮਸਤੰ ਨਿਰਨਾਮੇਨਮਸਤੰ ਨਿਰਕਾਮੇ” “ਅਨਾਮ ਹੈਕਾਮ ਹੈ”     (ਜਾਪ ਸਾਹਿਬ)
ਫੇਰ ਉਹ ਅਰੂਪ ਵੀ ਹੈ ਤੇ ਅਨਾਮ ਵੀ ਹੈ।ਪਰ ਅਨਾਮ ਹੁੰਦਿਆਂ ਹੋਇਆਂ ਵੀ ਸਾਰੀ ਕਾਇਨਾਤ ਉਸਦਾ ਸਿਮਰਨ ਕਰ ਰਹੀ ਹੈ:
ਸਿਮਰੈ ਧਰਤੀ ਅਰੁ ਆਕਾਸਾ॥ਸਿਮਰਹਿ ਚੰਦ ਸੂਰਜ ਗੁਣਤਾਸਾ॥
ਪਉਣ ਪਾਣੀ ਬੈਸੰਤਰ ਸਿਮਰਹਿ॥ਸਿਮਰੈ ਸਗਲ ਉਪਾਰਜਨਾ॥ …” (ਪੰਨਾ-1078 )
ਕੀ ਸਤਿਨਾਮ ਵੀ ਨਾਮ ਨਹੀਂ?
ਗੁਰਮਤਿ ਵਿੱਚ ਸਤਿਨਾਮੁ ਪਰਾ ਪੂਰਬਲਾ ਮੰਨਿਆ ਗਿਆ ਹੈ-
ਕਿਰਤਮ ਨਾਮੁ ਕਥੈ ਤੇਰੀ ਜਿਹਬਾ ਸਤਿਨਾਮੁ ਤੇਰਾ ਪਰਾ ਪੂਰਬਲਾ॥” (ਪੰਨਾ- 1083 )
ਫੇਰ ਉਹ ਅਨਾਮ ਕਿਵੇਂ ਹੋਇਆ? ਉਸ ਦਾ ਨਾਮ ਤਾਂ ‘ਸਤ’ ਹੈ।
ਜਵਾਬ- ‘ਸੱਤ’ ਉਹ ‘ਨਾਮ’ ਨਹੀਂ ਜਿਸ ਨੂੰ ਮਨੁੱਖ-ਮਨ ਨੇ ਆਪਣੇ ਅੰਦਰੋਂ ਹੀ ਪ੍ਰਗਾਸਣਾ ਹੈ।ਗੁਰੂ ਜੀ ਦਾ ਭਾਵ ਇਸ ਸ਼ਬਦ ਤੋਂ ਇਹ ਨਹੀਂ ਜੋ ‘ਸਤਿ’ ਉਸਦਾ ਗੁਣ ਵਾਚਕ ਨਾਮ ਨਹੀਂ।ਗੁਰੂ ਸਾਹਿਬ ਦੱਸਦੇ ਹਨ, ਸਤਿ ਤੋਂ ਇਲਾਵਾ ਬਾਕੀ ਕਖਨ ਕੀਤੇ ਨਾਮ ਉਹਦੇ ਕਿਰਤਮ ਨਾਮ ਹਨ।ਸਥਾਈ ਗੁਣ ਨਹੀਂ।ਉਸ ਦੀ ਕਿਰਤ ਦੇਖਕੇ ਕਥਨ ਕੀਤੇ ਗਏ ਕਰਮ-ਨਾਮ ਹਨ।ਪਰ ਸਤਿ ਉਸਦਾ ਸਦੀਵ ਰਹਿਣ ਵਾਲਾ ‘ਗੁਣ’ ਹੈ।ਜਾਂ ਇਹ ਕਹਿ ਲਵੋ ਜੇਕਰ ਤਮਾਮ ਕਿਰਤਮ ਨਾਮਾਂ ਤੋਂ ਵਖਰਿਆ ਕੇ ਉਸਦਾ ਕੋਈ ਨਾਮ ਕਹਿਣਾ ਚਾਹੀਦਾ ਹੈ ਤਾਂ ਉਹ ਕੇਵਲ ਸਤਿ ਹੀ ਹੋ ਸਕਦਾ ਹੈ।ਤੇ ਇਹ ਗੁਣ ਕਿਸੇ ਦੂਜੇ ਵਿੱਚ ਨਹੀਂ ਪਾਇਆ ਜਾ ਸਕਦਾ।ਉਸਦਾ ਇਹ ਗੁਣ ਕਾਲ ਦੀਆਂ ਬੰਧਸ਼ਾਂ ਤੋਂ ਪਰ੍ਹੇ ਹੈ।ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ-
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”    
ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ-  1- ਨਿਰਦ੍ਵੰਦ   2- ਦ੍ਵੰਦਿਤ
ਨਿਰਦ੍ਵੰਦ-ਸਤਿ ਓਹ ਹੈ ਜੋ ਆਪਣੇ ਆਪ ਤੋਂ ਸਤਿ ਹੋਵੇ ਕਿਸੇ ਤੇ ਅਧਾਰਿਤ ਨਹੀਂ ਪਰ ਦ੍ਵੰਦਿਤ-ਸਤਿ ਕਿਸੇ ਦੇ ਆਸਰੇ ਸਤਿ ਹੈ, ਆਪਣੇ ਆਪ ਤੋਂ ਨਹੀਂ।ਮਸਲਨ ਸੂਰਜ ਵੀ ਸਤ ਹੈ ਅਤੇ ਧੁੱਪ ਅਤੇ ਛਾਂ ਵੀ ਸਤ ਹਨ।ਪਰ ਧੁੱਪ ਤੇ ਛਾਂ ਤਦੇ ਹੀ ਸੱਤ ਹਨ ਜੇ ਸੂਰਜ ਹੈ ਨਹੀਂ ਤਾਂ ਉਨ੍ਹਾਂਦੀ ਹੋਂਦ ਹੀ ਕੋਈ ਨਹੀਂ।ਸੋ ਸੂਰਜ ਨਿਰਦ੍ਵੰਦ ਹੈ ਅਤੇ ਧੁਪ-ਛਾਂ ਉਹਦੇ ਆਸਰੇ ਹੋਣ ਕਰਕੇ ਦ੍ਵੰਦਿਤ ਹਨ।ਇਸੇ ਤਰ੍ਹਾਂ ਅਕਾਲ ਪੁਰਖ ਆਪ ਨਿਰਦ੍ਵੰਦ ਸਤਿ ਹੈ ਤੇ ਬਾਕੀ ਸਭ ਉਸ ਤੇ ਅਧਾਰਿਤ ਹੋਣ ਕਰਕੇ ਦ੍ਵੰਦਿਤ ਹਨ।ਗੁਰੂ ਸਾਹਿਬ ਇਸ ਗੱਲ ਨੂੰ ਆਸਾ ਦੀ ਵਾਰ ਵਿੱਚ ਸਪੱਸ਼ਟ ਕਰਦੇ ਹਨ-
ਸਚਾ ਸਾਹਿਬੁ ਏਕ ਤੂੰ ਜਿਨਿ ਸਚੋ ਸਚੁ ਵਰਤਾਇਆ॥”
ਸੋ ਅਕਾਲ ਪੁਰਖ ਸਤਿ ਹੈ ਅਤੇ ਸਤਿ ਹੋਣਾ ਉਹਦਾ ਵਿਸ਼ੇਸ਼ ਗੁਣ ਹੈ, ਨਾਮ ਨਹੀਂ।ਫਿਰ ਨਾਮ ਕੀ ਹੈ?
ਨਾਮ ਸਰਬ ਵਿਆਪਕ ਹੈ-
ਗੁਰੂ ਸਾਹਿਬ ਫੁਰਮਾਉੰਦੇ ਹਨ, ਪਹਿਲਾਂ ਵਾਹਿਗੁਰੂ ਨਿਰਅਕਾਰ ਸੀ, ਫਿਰ ਏਕੰਕਾਰ ਹੋਇਆ ਤੇ ਫੇਰ ਰਚਨਾ ਰਚਣ ਤੋਂ ਪਹਿਲਾਂ ਨਾਉਂ ਰਚਿਆ:
ਆਪੀਨ੍ਹੇ ….. ਵਾਹਿਗੁਰੂ ਨੇ ਆਪੁ ਸਾਜਿਓ …ਆਪਣਾ ਆਪ ਸਾਜਿਆ, ਭਾਵ ਏਕੰਕਾਰ ਹੋ ਗਿਆ।
ਆਪੀਨ੍ਹੇ ਰਚਿਓ ਨਾਉ॥ਦੁਯੀ ਕੁਦਰਤਿ ਸਾਜੀਐ ਕਰ ਆਸਣੁ ਡਿਠੋ ਚਾਉ॥ (ਪੰਨਾ-463)
ਭਾਵ ਰਚਨਾ ਰਚਣ ਤੋਂ ਪਹਿਲਾਂ ਨਾਮ ਦੀ ਸਾਜਣਾ ਹੋਈ।ਇਸ ਨਾਮ ਬਾਰੇ ਗੁਰੂ ਸਾਹਿਬ ਕਹਿੰਦੇ ਹਨ, ਇਹ ਨਾਮ ਸਰਬ ਵਿਆਪਕ ਹੈ-
“ਜੇਤਾ ਕੀਤਾ ਤੇਤਾ ਨਾਉ॥ਵਿਣੁ ਨਾਵੈ ਨਾਹੀ ਕੋ ਥਾਉ॥”  (ਪੰਨਾ- 4 )
“ਨਾਮ ਕੇ ਧਾਰੇ ਸਗਲੇ ਜੰਤ॥ਨਾਮ ਕੇ ਧਾਰੇ ਖੰਡ ਬ੍ਰਹਮੰਡ॥ 
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥
ਨਾਮ ਕੇ ਧਾਰੇ ਆਗਾਸ ਪਾਤਾਲ॥ਨਾਮ ਕੇ ਧਾਰੇ ਸਗਲ ਆਕਾਰ॥ 
ਨਾਮ ਕੇ ਧਾਰੇ ਪੁਰੀਆ ਸਭ ਭਵਨ॥ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥
ਕਰਿ ਕਿਰਪਾ ਜਿਸ ਆਪਨੇ ਨਾਮਿ ਲਾਏ॥ਨਾਨਕ ਚਉਥੈ ਪਦ ਮਹਿ ਸੋ ਜਨੁ ਗਤਿ ਪਾਏ॥” (ਪੰਨਾ-284 )
ਸੋ ਨਾਮ ਸਰਬ ਵਿਆਪਕ ਹੈ ਅਤੇ ਇਸ ਦਾ ਇਹ ਸਰਬ ਵਿਆਪਕ ਰੂਪ ਸਾਡੀ ਇਸ ਕਾਇਆਂ ਵਿੱਚ ਵੀ ਹੈ-
ਇਸੁ ਕਾਇਆ ਅੰਦਰਿ ਬਹੁਤ ਪਸਾਰਾ॥ਨਾਮੁ ਨਿਰੰਜਨ ਅਤਿ ਅਗਮ ਅਪਾਰਾ॥
ਗੁਰਮਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ॥” (ਪੰਨਾ- 112)
ਨਉ ਨਿਧਿ ਅੰਮ੍ਰਿਤ ਪ੍ਰਭੁ ਕਾ ਨਾਮੁ॥ਦੇਹੀ ਮਹਿ ਇਸ ਕਾ ਬਿਸ੍ਰਾਮ॥” (ਪੰਨਾ-293 )
ਸਰਬ ਵਿਆਪੀ ਨਾਮ ਦਾ ਕੇਂਦਰ ਮਨ ਹੈ:
ਇਸ ਮਨ ਕਉ ਕੋਈ ਖੋਜਹੁ ਭਾਈ॥ਮਨ ਖੋਜਤ ਨਾਮੁ ਨਉ ਨਿਧਿ ਪਾਈ॥” (ਪੰਨਾ-1128)
ਮਨ ਵਿੱਚੋਂ ਇਸ ਸਰਬ ਵਿਆਪੀ ਨਾਮ ਨੂੰ ਪੂਰੇ ਗੁਰੂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ:
(?)- “ਨਾਮ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ॥
        ਨਾਮ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ॥” (ਪੰਨਾ-1242)
ਜਵਾਬ- “ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ॥
           ਗੁਰ ਪੂਰੇ ਤੇ ਪਾਈਐ ਹਿਰਦੇ ਦੇ ਦਿਖਾਈ॥
           ਨਾਨਕ ਨਦਰੀ ਕਰਮੁ ਹੋਇ ਗੁਰ ਮਿਲਿਐ ਭਾਈ॥”  (ਪੰਨਾ-1242 )
ਨਾਮ ਦੇ ਪ੍ਰਗਟ ਹੋਣ ਵਿੱਚ ਰੁਕਾਵਟਾਂ-
ਹੁਣ ਤੱਕ ਦੀ ਵਿਚਾਰ ਵਿੱਚੋਂ ਜੋ ਸਿੱਟੇ ਨਿਕਲਦੇ ਹਨ-
1- ਨਾਮ ਵਾਹਿਗੁਰੂ ਨਾਲ ਅਭੇਦ ਹੋਣ ਵਾਸਤੇ ਇਕੋ-ਇਕ ਸਾਧਨ ਹੈ
2- ਜਪ ਤੇ ਸਿਮਰਨ ਨਾਮ ਪ੍ਰਗਾਸਣ ਲਈ ਜਰੂਰੀ ਹਨ।
3- ਸਿਮਰਨ-ਹੀਣ ਮਨੁੱਖ ਸਾਕਤ ਹੈ ਤੇ ਸਦਾ ਦੁਖੀ ਜੀਵਨ ਬਤੀਤ ਕਰਦਾ ਹੈ।
4- ਨਾਮ ਬੋਲੀ ਦਾ ਵਿਸ਼ਾ ਨਹੀਂ।
5- ਉਹਦੇ ਕਰਮ-ਨਾਮ ਤਾਂ ਕਥੇ ਜਾਂਦੇ ਹਨ।ਪਰ ਵਾਸਤਵ ਵਿੱਚ ਉਹ ਅਰੂਪ ਤੇ ਅਨਾਮ ਹੈ।
6- ਸਤਿ ਵੀ ਉਸਦਾ ਗੁਣ ਵਾਚਕ ਨਾਮ ਹੈ ਅਤੇ ਦੂਸਰੇ ਕਰਮ-ਨਾਮਾਂ ਤੋਂ ਵੱਖਰਾ ਤਾਂ ਹੈ, ਪਰ ਵਾਸਤਵਿਕ ਨਾਮ ਨਹੀਂ।
7- ਨਾਮ ਸਰਬ ਵਿਆਪਕ ਹੈ ਤੇ ਇਸ ਦਾ ਟਿਕਾਣਾ ਮਨੁੱਖ-ਹਿਰਦੇ ਵਿੱਚ ਵੀ ਹੈ, ਜੋ ਗੁਰੂ ਦੀ ਮਿਹਰ ਨਾਲ ਸਾਖਿਆਤ ਹੋ ਸਕਦਾ ਹੈ।
ਹੁਣ ਸਵਾਲ ਇਹ ਹੈ ਕਿ ਨਾਮ ਮਨ ਵਿੱਚ ਰਹਿੰਦਾ ਵੀ ਕਿਉਂ ਓਹਲੇ ਵਿੱਚ ਰਹਿੰਦਾ ਹੈ?
ਗੁਰਬਾਣੀ ਵਿੱਚ ਇਸ ਦੀ ਸਭ ਤੋਂ ਵਡੀ ਰੁਕਾਵਟ ਦਾ ਕਾਰਣ ਹਉਮੈ ਦੱਸਿਆ ਹੈ।ਜਿਵੇਂ ਚਸ਼ਮੇ (ਐਨਕ) ਦੇ ਸ਼ੀਸ਼ੇ ਤੇ ਜੰਮੀ ਮਿੱਟੀ ਦੀ ਮੋਟੀ ਪਰਤ ਚਛਮੇਂ’ਚੋਂ ਦੇਖਣ ਲਈ ਰੁਕਾਵਟ ਬਣ ਜਾਂਦੀ ਹੈ, ਇਸੇ ਤਰ੍ਹਾਂ ਹਉਮੈ ਦੀ ਕਰੜੀ ਕੰਧ ਨਾਮ ਦੇ ਪ੍ਰਗਾਸ ਨੂੰ ਰੋਕੀ ਰੱਖਦੀ ਹੈ।ਇਸ ਕੰਧ ਨੂੰ ਗੁਰੂ ਤੋੜਦਾ ਹੈ:
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ॥
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੁਰਾਇਓ॥
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ॥
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ॥ਤਉ ਦਇਆਰ ਬੀਠਲੋ ਪਾਇਓ॥”  (ਪੰਨਾ- 624)
ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥
ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ॥” (ਪੰਨਾ-1263)
ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥
ਮਾਇਆ ਮੋਹ ਸਭੋ ਜਗੁ ਸੋਇਆ ਇਹ ਭਰਮੁ ਕਹਹੁ ਕਿਉ ਜਾਈ॥
ਏਕਾ ਸੰਗਤਿ ਇਕਤੁ ਗ੍ਰਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ 
ਏਕ ਬਸਤੁ ਬਿਨੁ ਪੰਚ ਦੁਹੇਲੇ ਉਹ ਬਸਤੁ ਅਗੋਚਰੁ ਠਾਈ॥
ਜਿਸ ਕਾ ਗ੍ਰਿਹ ਤਿਨ ਦੀਆ ਤਾਲਾ ਕੁੰਜੀ ਗੁਰ ਸਉਪਾਈ॥
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥
ਜਿਨਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤਿ ਲਿਵ ਲਾਈ॥
ਪੰਚ ਜਨਾ ਮਿਲਿ ਮੰਗਲ ਗਾਇਆ ਹਰਿ ਨਾਨਕ ਭੇਦੁ ਨ ਭਾਈ॥” (ਪੰਨਾ-205)
ਉਪਰੋਕਤ ਪਰਮਾਣ ਇਹ ਦਰਸਾਂਦੇ ਹਨ, ਜੋ ਕੇਵਲ ਗੁਰੂ ਹੀ ਹਉਮੈ ਦੀ ਕੰਧ ਤੋੜ ਸਕਦਾ ਹੈ।ਕਰਾਮਾਤ ਰਾਹੀਂ ਨਹੀਂ, ਸਗੋਂ ਜੁਗਤ ਦੱਸਕੇ।ਉਹ ਜੁਗਤ ਕੀ ਹੈ?
ਸਾਧਨ ਪੱਖ-
ਇਹ ਸੱਚ ਹੈ ਜੋ ਹਰ ਤਰ੍ਹਾਂ ਦੀ ਬਨਸਪਤੀ ਵਿੱਚ ਅੱਗ ਹੈ, ਪਰ ਪਰਗਟ ਨਹੀਂ, ਲੁਪਤ।ਉਹ ਅਗਨ ਪ੍ਰਚੰਡ ਉਦੋਂ ਤੱਕ ਨਹੀਂ ਹੁੰਦੀ, ਜਦ ਤੱਕ ਬਾਹਰੋਂ ਉਸਨੂੰ ਅੱਗ ਨਾਲ ਨਹੀਂ ਜੋੜਿਆ ਜਾਂਦਾ।ਲੱਕੜ ਨੂੰ ਜਦੋਂ ਅੱਗ ਨਾਲ ਜੋੜਿਆ ਜਾਂਦਾ ਹੈ, ਤਾਂ ਅੰਦਰ ਦੀ ਅੱਗ ਲਟ-ਲਟ ਬਲ ਉਠਦੀ ਹੈ।ਇਸੇ ਤਰ੍ਹਾਂ ਨਾਮ ਜੋ ਗੁਪਤੋ ਵਰਤਦਾ ਹੈ, ਨੂੰ ਪ੍ਰਗਾਸਣ ਲਈ ਸਾਨੂੰ ਉਸ ਨੂੰ ਕਿਸੇ ਪ੍ਰਗਟ ਨਾਮ ਨਾਲ ਹੀ ਜੋੜਨਾ ਪਏਗਾ।ਉਹ ਪਰਗਟ ਨਾਮ ਉਸਦੇ ਕਰਮ ਨਾਮ ਹਨ।ਜਦੋਂ ਕਿਸੇ ਅਣ-ਦੇਖੀ ਚੀਜ਼ ਨੂੰ ਅਸੀਂ ਕਿਸੇ ਦੂਜੇ ਸਰੋਤ ਦੇ ਜਰੀਏ ਬਿਆਨਦੇ ਹਾਂ, ਤਾਂ ਉਸ ਦੇ ਗੁਣ ਬਿਆਨ ਕਰਕੇ ਉਸਨੂੰ ਜਾਣੂ ਕਰਾਣ ਦਾ ਯਤਨ ਕਰਦੇ ਹਾਂ।ਇਸੇ ਤਰ੍ਹਾਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਵਾਹਿਗੁਰੂ ਦੀ ਹੋਂਦ ਨੂੰ ਲਖਾਣ ਲਈ ਉਹਦੇ ਅਨੰਤ ਨਾਮ ਬਿਆਨੇ ਹਨ।ਗੁਰਬਾਣੀ ਵਿੱਚ ਆਏ ਕਈ ਨਾਮ ਗੁਰੂ ਸਾਹਿਬਾਂ ਤੋਂ ਪਹਿਲਾਂ ਵੀ ਵਰਤੇ ਜਾਂਦੇ ਸਨ।ਪਰ ਗੁਰੂ ਜੀ ਨੇ ਈਸ਼ਵਰੀ ਗੁਣਾਂ ਨੂੰ ਗੁਰਬਾਣੀ ਵਿੱਚ ਇਸ ਲਈ ਗਾਇਨ ਕੀਤਾ ਹੈ, ਤਾਂ ਜੋ ਇਕ ਤਾਂ ਉਸ ਦੇ ਕਿਸੇ ਇਕ ਕਲਪਤ ਨਾਮ ਸੰਬੰਧੀ ਭੁਲੇਖਾ ਨਾ ਰਹਿ ਸਕੇ ਤੇ ਦੂਜੇ ਅੰਦਰ ਵਸਦੇ ਪ੍ਰਭੂ ਨੂੰ ਅਸੀਂ ਉਸ ਦੇ ਗੁਣ ਗਾ ਕੇ ਜਾਂ ਜਪ ਕੇ ਪ੍ਰਗਟ ਕਰ ਸਕੀਏ।ਏਸੇ ਲਈ ਗੁਰਮਤਿ ਵਿੱਚ ਜਪ, ਸਿਮਰਨ ਤੇ ਕੀਰਤਨ ਨੂੰ ਪ੍ਰਧਾਨਤਾ ਦਿਤੀ ਗਈ ਹੈ।
ਗੁਣ ਗਾਉਣ ਦਾ ਪਹਿਲਾ ਲਾਭ ਹਉਮੈ ਨੂੰ ਮਾਰਨਾ ਹੈ।ਜੋ ਹਉਮੈ ਇਤਨੀ ਪ੍ਰਬਲ ਹੈ ਕਿ:
“ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ॥ਮਹਾ ਉਦਾਸੁ ਤਪੀਸਰੁ ਥੀਵੈ॥
ਅਗਨਿ ਮਾਹਿ ਹੋਮਤ ਪਰਾਨ॥ਕਨਕ ਅਸ੍ਵ ਹੈਵਰ ਭੂਮ ਦਾਨ॥
ਨਿਊਲੀ ਕਰਮ ਕਰੈ ਬਹੁ ਆਸਨ॥ਜੈਨ ਮਾਰਗ ਸੰਜਮੁ ਅਤਿ ਸਾਧਨੁ॥
ਨਿਮਖ ਨਿਮਖ ਕਰਿ ਸਰੀਰ ਕਟਾਵੈ॥ਤਉ ਭੀ ਹਉਮੈ ਮੈਲੁ ਨ ਜਾਵੈ॥” (ਪੰਨਾ- 265 )
ਇਹ ਹਉਮੈ ਸਹਜੇ ਗੁਣ ਗਾਉਣ ਨਾਲ ਬਿਨਸ ਜਾਂਦੀ ਹੈ:
ਗੁਨ ਗਾਵਤ ਤੇਰੀ ਉਤਰਸਿ ਮੈਲੁ॥ਬਿਨਸਿ ਜਾਇ ਹਉਮੈ ਬਿਖੁ ਫੈਲ॥” (ਪੰਨਾ- 289)
ਤੇ ਫੇਰ ਏਸ ਮੈਲ ਦੇ ਧੁਪ ਜਾਣ ਨਾਲ ਆਪ-ਮੁਹਾਰਾ ਨਾਮ ਪ੍ਰਗਟ ਹੋ ਜਾਂਦਾ ਹੈ:
ਹੋਹਿ ਅਚਿੰਤੁ ਬਸੈ ਸੁਖ ਨਾਲਿ॥ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ॥” (ਪੰਨਾ-289)
ਇਸੇ ਖਿਆਲ ਨੂੰ ਇਕ ਹੋਰ ਥਾਂ ਸਤਿਗੁਰੂ ਇਸ ਤਰ੍ਹਾਂ ਪ੍ਰਗਟ ਕਰਦੇ ਹਨ:
ਮਨਿ ਮੈਲੇ ਸਭੁ ਕਿਛੁ ਮੈਲਾ ਤਨਿ ਧੋਤੈ ਮਨ ਹਛਾ ਨ ਹੋਇ॥
ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥
ਜਪਿ ਮਨ ਮੇਰੇ ਤੂ ਏਕੋ ਨਾਮੁ॥ਸਤਿਗੁਰਿ ਦੀਆ ਮੋ ਕਉ ਏਹੁ ਨਿਧਾਨ॥ਰਹਾਉ॥
ਸਿਧਾ ਕੈ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥
ਮਨ ਕੀ ਮੈਲ ਨ ਉਤਰੈ ਹਉਮੈ ਮੈਲ ਨ ਜਾਇ।
ਇਸੁ ਮਨੁ ਕਉ ਹੋਰ ਸੰਜਮੁ ਕੋ ਨਹੀ ਵਿਣੁ ਸਤਿਗੁਰ ਕੀ ਸਰਣਾਇ॥
ਸਤਿਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ॥
ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ॥
ਮਮਤਾ ਕੀ ਮੈਲ ਉਤਰੈ ਇਹੁ ਮਨੁ ਹਛਾ ਹੋਇ॥” (ਪੰਨਾ- 558)
ਗੁਣ ਗਾਉਣ ਵਿੱਚ ਦੋ ਖਾਸੀਅਤਾਂ ਹਨ:
1- ਜਿਸ ਦੇ ਗੁਣ ਗਾਏ ਜਾਣ ਉਹ ਕੁਦਰਤੀ ਤੌਰ ਤੇ ਸਾਨੂੰ ਆਪਣੇ ਨਾਲੋਂ ਵਡਾ ਤੇ ਚੰਗਾ ਲੱਗਣ ਲੱਗ ਜਾਂਦਾ ਹੈ।
2- ਉਸ ਦੇ ਨਾਲ ਪ੍ਰੇਮ ਪੈ ਜਾਣਾ ਸੁਭਾਵਕ ਹੀ ਹੈ।
ਜਿਸ ਨੂੰ ਅਸੀਂ ਦਿਲੋਂ ਵਡਾ ਮੰਨਕੇ ਪ੍ਰੇਮ ਕਰੀਏ ਉਸ ਨੂੰ ਖੁਸ਼ ਕਰਨ ਦੀ ਚਾਹ ਵੀ ਸੁਭਾਵਕ ਹੀ ਹੋ ਜਾਂਦੀ ਹੈ।ਇਸ ਲਈ ਉਹ ਗੁਣ ਗ੍ਰਹਿਣ ਕਰਨੇ ਜੋ ਉਹਨੂੰ ਭਾਵਨ।ਇਹ ਵੀ ਅੰਦਰ ਦੀ ਪ੍ਰੇਰਣਾ ਬਣ ਜਾਂਦੀ ਹੈ ਤੇ ਗੁਣ ਗਾਉਣ ਵਾਲਾ ਆਪਣੇ ਅੰਤਰ-ਆਤਮੇ ਝਾਤ ਪਾਣਾ ਸਿੱਖ ਜਾਂਦਾ ਹੈ।ਜਿਸ ਕਰਕੇ ਉਸਨੂੰ ਆਪਣੇ ਔਗੁਣ ਵੀ ਦਿਸਣ ਲੱਗ ਪੈਂਦੇ ਹਨ।
ਜਿਉਂ ਜਿਉਂ ਗੁਣ ਗਾਉਣ ਨਾਲ ਪ੍ਰੇਮ ਵਧਦਾ ਹੈ, ਵਾਹਿਗੁਰੂ ਵਡੇ ਦੀ ਥਾਂ ਮਹਿਬੂਬ ਬਣ ਜਾਂਦਾ ਹੈ।ਤੇ ਮਹਿਬੂਬ ਦੀ ਮਿਹਰ ਹਾਸਲ ਕਰਨ ਦੀ ਤੀਬਰ ਇੱਛਾ, ਉਹਦੇ ਹੁਕਮ ਵਿੱਚ ਤੁਰਨਾ ਸਿਖਾ ਦਿੰਦੀ ਹੈ।ਇਹ ਵੀ ਅਟੱਲ ਸੱਚਾਈ ਹੈ ਕਿ ਹੁਕਮ ਮੰਨਣ ਨਾਲ ਹੁਕਮੀ ਦਾ ਸੁਭਾਉ ਵੀ ਗ੍ਰਿਹਣ ਕਰ ਲਈਦਾ ਹੈ।ਇਸ ਤਰ੍ਹਾਂ ਈਸ਼ਵਰੀ ਗੁਣ ਸੁਭਾ ਵਿੱਚ ਰਚਦੇ ਜਾਂਦੇ ਹਨ ਤੇ ਅੰਤ ਉਹ ਗੁਣ ਹੀ ਅਭੇਦਤਾ ਦਾ ਕਾਰਨ ਬਣ ਜਾਂਦੇ ਹਨ।ਗੁਰੂ ਜੀ ਫੁਰਮਾਉਂਦੇ ਹਨ:
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥” (ਪੰਨਾ-729 )
ਗੁਣਵੰਤੀ ਸਹੁ ਰਾਵਿਆ ਨਿਰਗੁਣ ਕੂਕੇ ਕਾਇ॥ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ॥” (ਪੰਨਾ- 557)
ਨਿਤਿ ਨਿਤਿ ਰਿਦੈ ਸਮਾਲਿ ਪ੍ਰੀਤਮੁ ਆਪਣਾ॥ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ॥” (ਪੰਨਾ-752)
ਏਸੇ ਲਈ ਸਤਿਗੁਰੂ ਝਾਲਾਘੇ ਉਠ ਕੇ ਗੁਣ ਗਾਉਣ ਨੂੰ ਹੀ ਨਾਮ ਕਹਿੰਦੇ ਹਨ-
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ (ਪੰਨਾ- 255)
ਸਾਹਿਬ ਫੁਰਮਾਂਦੇ ਹਨ- ਵਾਹਿਗੁਰੂ ਦੇ ਗੁਣ ਅਮੁਲ (ਬਿਆਨ ਕਰਨ ਤੋਂ ਬਾਹਰ ਹਨ) ਗੁਣਾਂ ਦਾ ਵਪਾਰ ਕਰਨਾ ਵੀ ਅਮੁਲ ਹੈ।ਉਹ ਵਪਾਰੀ, ਜੋ ਗੁਣਾਂ ਨੂੰ ਵਿਹਾਜਦੇ ਹਨ, ਵੀ ਅਮੁਲ ਹਨ ਤੇ ਗੁਰਬਾਣੀ ਦਾ ਭੰਡਾਰ, ਜਿਨ੍ਹਾਂ ਵਿੱਚ ਗੁਣਾਂ ਦਾ ਖਜ਼ਾਨਾ ਗੁਣ ਵਪਾਰਣ ਲਈ ਮਿਲਦਾ ਹੈ, ਉਹ ਵੀ ਅਮੁਲ ਹੈ-
ਅਮੁਲ ਗੁਣ ਅਮੁਲ ਵਾਪਾਰ॥ਅਮੁਲ ਵਾਪਾਰੀਏ ਅਮੁਲ ਭੰਡਾਰ॥” (ਪੰਨਾ- 5 )
ਏਸ ਵਖਰ ਦੇ ਅਮੁਲ ਵਾਪਾਰੀ ਆਉਂਦੇ ਹਨ ਤੇ ਅਮੁਲ ਗੁਣ ਵਿਹਾਜ ਕੇ ਲੈ ਜਾਂਦੇ ਹਨ।ਇਹ ਗੁਣ ਉਹਨਾਂ ਦੇ ਅੰਦਰ ਅਮੁਲ ਪ੍ਰੀਤੀ ਜਗਾ ਦਿੰਦੇ ਹਨ।ਤੇ ਇਹ ਅਮੁਲ ਵਪਾਰੀ ਗੁਣ ਗਾਂਦਾ ਗਾਂਦਾ ਆਪ ਵੀ ਅਮੁਲ ਵਾਹਿਗੁਰੂ ਵਿੱਚ ਲਿਵਲੀਨ ਹੋ ਸਮਾ ਜਾਂਦਾ ਹੈ:
ਅਮੁਲ ਆਵਹਿ ਅਮੁਲ ਲੈ ਜਾਹਿ॥ਅਮੁਲ ਭਾਇ ਅਮੁਲਾ ਸਮਾਹਿ॥” ( ਪੰਨਾ- 5)
ਵੈਸੇ ਤਾਂ ਉਸ ਦੀ ਕਥਾ ਅਕੱਥ ਤੇ ਵਿਸਮਾਦੀ ਹੈ (ਅਮੁਲੋ ਅਮੁਲ ਹੈ) ਪਰ ਕਹਿਣ ਵਾਲੇ ਦੀ ਲਿਵ ਓਸ ਵਾਹਿਗੁਰੂ ਨਾਲ ਅਟੁੱਟ-ਜੋੜ ਜੋੜ ਦਿੰਦੀ ਹੈ-
ਅਮੁਲੋ ਅਮੁਲ ਆਖਿਆ ਨਾ ਜਾਇ॥ਆਖਿ ਆਖਿ ਰਹੇ ਲਿਵ ਲਾਇ॥” ( ਪੰਨਾ- 5)
ਤੇ ਅੰਤ ਗੁਣ ਕਹਿ ਗੁਣੀ ਸਮਾਵਣਿਆ ਦੀ ਅਵਸਥਾ ਤੇ ਆ ਨਿਬੇੜਾ ਹੁੰਦਾ ਹੈ:
ਏਸ ਲਈ ਗੁਰਮਤਿ ਕੀਰਤਨ ਨੂੰ ਹੀ ‘ਸਿਰ ਕਰਮਨ ਕੇ ਕਰਮਾ’ ਕਹਿੰਦੀ ਹੈ, ਪਰ ਇਹ ਅਵਸਥਾ ਮਨੁੱਖ ਦੇ ਆਪਣੇ ਜਤਨਾਂ ਦਾ ਫਲ਼ ਨਹੀਂ, ਸਗੋਂ ਉਸ ਦੀ ਮੇਹਰ ਦੇ ਸਦਕੇ ਮਿਲਦੀ ਹੈ:
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੇ ਕਰਮਾ॥
ਕਹੁ ਨਾਨਕ ਤਿਸੁ ਭਇਓ ਪ੍ਰਾਪਤਿ ਜਿਸੁ ਪੁਰਬ ਲਿਖੇ ਕਾ ਲਹਿਣਾ॥
ਤੇਰੋ ਸੇਵਕ ਇਹ ਰੰਗਿ ਮਾਤਾ॥ਭਇਓ ਕਿਰਪਾਲ ਦੀਨ ਦੁਖ ਭੰਜਨ॥
ਹਰਿ ਹਰਿ ਕੀਰਤਨਿ ਇਹ ਮਨੁ ਰਾਤਾ॥ਰਹਾਉ ਦੂਜਾ
॥” (ਪੰਨਾ- 642)
ਗੁਰੂ ਤੇਗ ਬਹਾਦੁਰ ਸਾਹਿਬ ਜਿੱਥੇ ਇਹ ਹਦਾਇਤ ਕਰਦੇ ਹਨ- “ਨਾਨਕ ਹਰਿ ਗੁਨ ਗਾਇ ਲੇ ਛਾਡ ਸਗਲ ਜੰਜਾਲ॥” (1429) ਓਥੇ ਇਹ ਵੀ ਫੁਰਮਾਉਂਦੇ ਹਨ- “ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਣ ਗਾਵੇ॥” (ਪੰਨਾ- 1186 )
ਸਤਿਗੁਰੂ ਇਸ ਸਾਰੀ ਅਵਸਥਾ ਨੂੰ ਹੇਠ ਲਿਖੇ ਸ਼ਬਦ ਵਿੱਚ ਦਰਸਾਂਦੇ ਹਨ:
ਗ੍ਰਿਹ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ॥ਦਸ ਦਾਸੀ ਕਰਿ ਦੀਨੀ ਭਤਾਰਿ॥
ਸਗਲ ਸਮਗ੍ਰੀ ਮੈ ਘਰ ਕੀ ਜੋੜੀ॥ਆਸ ਪਿਆਸੀ ਪਿਰ ਕਉ ਲੋੜੀ॥
ਕਵਨ ਕਹਾ ਗੁਨ ਕੰਤ ਪਿਆਰੇ॥ਸੁਘੜ ਸਰੂਪ ਦਇਆਲ ਮੁਰਾਰੇ॥
ਰਹਾਉ॥ਸਤੁ ਸੀਗਾਰੁ ਭਉ ਅੰਜਨੁ ਪਾਇਆ॥ਅੰਮ੍ਰਿਤ ਨਾਮੁ ਤੰਬੋਲੁ ਮੁਖ ਖਾਇਆ॥
ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ॥ਧਨਿ ਸਭ ਸੁਖ ਪਾਵੈ ਜਾ ਪਿਰੁ ਘਰਿ ਆਵੈ॥
ਗੁਣ ਕਾਮਣ ਕਰਿ ਕੰਤੁ ਰੀਝਾਇਆ॥ਵਸਿ ਕਰਿ ਲੀਨਾ ਗੁਰਿ ਭਰਮ ਚੁਕਾਇਆ॥
ਸਭ ਤੇ ਊਚਾ ਮੰਦਰੁ॥ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮ ਮੇਰਾ॥
ਪ੍ਰਗਟਿਆ ਸੂਰ ਜੋਤਿ ਉਜਿਆਰਾ॥ਸੇਜ ਵਛਾਈ ਸਰਧ ਆਪਾਰਾ॥
ਨਵਰੰਗ ਲਾਲ ਸੇਜ ਰਾਵਣ ਆਇਆ॥ਜਨ ਨਾਨਕ ਪਿਰ ਧਨੁ ਮਿਲਿ ਸੁਖੁ ਪਾਇਆ
॥” (ਪੰਨਾ-737 )
ਸੋ ਹੁਣ ਆਪਾਂ ਇਸ ਨਤੀਜੇ ਤੇ ਪੁਜੇ ਹਾਂ, ਜੋ ਨਾਮ ਜਪ ਤੋਂ ਅਰੰਭ ਹੋ ਕੇ ਸਿਮਰਨ ਬਣਦਾ ਹੈ।ਨਿਤ ਦਾ ਸਿਮਰਨ ਜਦੋਂ ਸੁਭਾਵ ਵਿੱਚ ਰਚ-ਮਿਚ ਜਾਂਦਾ ਹੈ ਤਾਂ ਨਾਮ ਤੋਂ ਬਿਨਾ ਦੂਜਾ ਖਿਆਲ ਮਨ ਵਿੱਚ ਉਪਜਦਾ ਹੀ ਨਹੀਂ।ਖਿਆਲ ਹੀ ਕਰਮ ਕਰਾਉਣ ਵਾਲਾ ਹੁੰਦਾ ਹੈ।ਇਸ ਲਈ ਨਾਮ ਸਾਡੇ ਕਰਮਾਂ ਰਾਹੀਂ ਵੀ ਪ੍ਰਗਟ ਹੋਣ ਲੱਗ ਪੈਂਦਾ ਹੈ।ਇਹ ਅਵਸਥਾ ‘ਗੁਰਮੁਖਿ ਰੋਮ ਰੋਮ ਹਰਿ ਧਿਆਵੈ’ ਵਾਲੀ ਹੈ।ਕਿਉਂ ਜੋ ਵਾਹਿਗੁਰੂ ਅਨਾਮ ਹੈ, ਇਸ ਲਈ ਉਸ ਦੇ ਗੁਣ ਗਾਉਣੇ ਹੀ ਸਿਮਰਨ ਹੈ।ਗੁਣ ਗਾਉਣੇ ਹੀ ਨਾਮ ਨੂੰ ਸਾਖਿਆਤ ਕਰਨਾ ਹੈ।ਗੁਣ ਗਾਉਣ ਨਾਲ ਅਸਲ ਪ੍ਰੀਤੀ ਜਾਗ ਪੈਂਦੀ ਹੈ।ਤੇ ਅਭੇਦਤਾ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ।ਸੋ ਨਾਮ ਦੇ ਜਾਪ ਤੋਂ ਲੈ ਕੇ ਅਭੇਦਤਾ ਤੱਕ ਪੁੱਜਣ ਦੇ ਸਾਰੇ ਪੰਧ ਨੂੰ ਗੁਰਮਤਿ ਸਮੂਚੇ ਤੌਰ ਤੇ ਵੀ ਨਾਮ ਹੀ ਕਹਿੰਦੀ ਹੈ।ਇਹਨਾਂ ਸਾਰੀਆਂ ਅਵਸਥਾਵਾਂ ਵਿੱਚ ਵਾਹਿਗੁਰੂ ਦੀ ਮਿਹਰ ਮੁਖ ਹੈ।ਏਸ ਲਈ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਗੁਣ ਗਾਉਣ ਦਾ ਬਲ ਬਖਸ਼ੇ ਤੇ ਆਪਣੀ ਮਿਹਰ ਦੇ ਸਦਕੇ ਨਾਲ ਮੇਲ ਲਵੇ।
ਹੁਣ ਏਥੇ ਇਹ ਦੱਸ ਦੇਣਾ ਵੀ ਜਰੂਰੀ ਹੈ ਕਿ ਅਕਾਲ ਪੁਰਖ ਦਾ ਹਰ ਗੁਣ ਵਿਸਮਾਦੀ ਹੈ ਤੇ ਜਿਉਂ ਜਿਉਂ ਗੁਣ ਗਾਈਏ, ਵਿਸਮਾਦ-ਰੰਗ ਆਪ ਮੁਹਾਰਾ ਉਘੜਨ ਲੱਗ ਜਾਂਦਾ ਹੈ।ਵਿਸਮਾਦੀ ਸੁਆਦ ਮਨੁੱਖ ਦੇ ਹਿਰਦੇ ਵਿੱਚੋਂ ਆਪ-ਮੁਹਾਰਾ ਵਾਹਿਗੁਰੂ ਅਖਵਾਂਦਾ ਹੈ।ਸੋ ਵਾਹਿਗੁਰੂ ਸ਼ਬਦ, ਜਿਸ ਨੂੰ ਅਸੀਂ ਗੁਰਮੰਤਰ ਮੰਨਦੇ ਹਾਂ ਸਾਡੀ ਵਿਸਮਾਦੀ ਅਵਸਥਾ ਦਾ ਹੀ ਪ੍ਰਗਟਾਵਾ ਹੈ।ਕਿਉਂਕਿ ਨਾਮ ਤੇ ਰੂਪ ਦਾ ਸੰਬੰਧ ਕੁਦਰਤੀ ਹੈ, ਇਸ ਲਈ ਵਾਹਿਗੁਰੂ ਤੇ ਵਿਸਮਾਦ ਵੀ ਕੁਦਰਤੀ ਸੰਬੰਧ ਰੱਖਦੇ ਹਨ।ਜਾਂ ਇਵੇਂ ਕਹਿ ਲਵੋ, ਜਦ ਮਾਇਆ ਦਾ ਕੋਈ ਹਿਚਕੋਲਾ ਸਾਨੂੰ ਵਿਸਮਾਦੀ ਰੰਗ ਤੋਂ ਤੋੜਦਾ ਹੈ, ਵਾਹਿਗੁਰੂ ਕਹਿਣ ਨਾਲ ਮੁੜਕੇ ਵਿਸਮਾਦੀ ਰੰਗ ਤਾਰੀ ਹੋ ਜਾਂਦਾ ਹੈ।ਇਹ ਵੀ ਕਿਹਾ ਜਾ ਸਕਦਾ ਹੈ ਕਿ ਵਾਹਿਗੁਰੂ ਦਾ ਜਾਪ ਸਾਡੇ ਅੰਦਰ ਵਿਦਮਾਦੀ ਅਵਸਥਾ ਦਾ ਖਿਆਲ ਪੈਦਾ ਕਰਦਾ ਹੈ ਤੇ ਇਸ ਦਾ ਸਿਮਰਨ ਇਸ ਰੰਗ ਨੂੰ ਦ੍ਰਿੜ ਕਰ ਦਿੰਦਾ ਹੈ ਤੇ ਇੰਜ ਸਾਨੂੰ ਗੁਣ ਗਾਉਣ ਤੇ ਦ੍ਰਿੜ ਕਰਨ ਦੀ ਪਰੇਰਨਾ ਮਿਲਦੀ ਰਹਿੰਦੀ ਹੈ।ਤੇ ਅੰਤ ਨੂੰ ਏਹੀ ਵਿਸਮਾਦ ਨਾਮ ਦੇ ਵਿਗਾਸ ਵਿੱਚ ਬਦਲ ਜਾਂਦਾ ਹੈ ਤੇ ਫਿਰ ‘ਪਰਗਾਸ ਭਇਆ ਕੌਲ ਫੁਲ ਖਿੜਿਆ’ ਤੱਕ ਪੁਜ ਜਾਈਦਾ ਹੈ।   

                             ਵਾਹਿਗੁਰੂ!   ਵਾਹਿਗੁਰੂ!  ਵਾਹਿਗੁਰੂ!

(ਭਗਤ ਸਿੰਘ ਹੀਰਾ ਜੀ ਦੀ ਕਿਤਾਬ- ‘ਗੁਰਮੱਤ ਵਿਚਾਰਧਾਰਾ’ ਨੈਸ਼ਨਲ ਬੁੱਕ ਸ਼ਾਪ 32-ਬੀ ਪਲਈਅਰ ਗਾਰਡਨ ਮਾਰਕੀਟ- ਚਾਂਦਨੀ ਚੌਂਕ ਦਿੱਲੀ’  ਵਿੱਚ ਗੁਰਮਤਿ ਬਾਰੇ ਬਹੁਤ ਡੂੰਘੇ ਵਿਚਾਰ ਦਿੱਤੇ ਗਏ ਹਨ।ਹਰ ਗੁਰਸਿੱਖ ਵੀਰ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ)
ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.