ਗੁਰਬਾਣੀ ਦੀ ਹੋ ਰਹੀ ਕੁਵਰਤੋਂ ਅਤੇ ਬੇਅਦਬੀ ਨੂੰ ਠੱਲ੍ਹ ਪਾਉਣ ਲਈ ਕਦਮ ਪੁੱਟੇ ਜਾਣ
ਗੁਰਮਤਿ ਸਿਧਾਂਤਾਂ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ ਕਰਕੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਜਥੇਦਾਰ ਤਲਵੰਡੀ ਦੇ ਭੋਗ ਸਮਾਗਮ ਨੂੰ ਇਸ ਮਕਸਦ ਲਈ ਵਰਤੇ ਜਾਣ ਦਾ ਢੁੱਕਵਾਂ ਸਮਾਂਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਸਮੁੱਚੀ ਬਾਣੀ ਭਾਵੇਂ ਉਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਹੋਵੇ ਜਾਂ ਭਗਤ ਸਾਹਿਬਾਨ ਦੀ ਹੋਵੇ; ਵਾਰ ਵਾਰ ਸਾਨੂੰ ਇਹ ਸੋਝੀ ਬਖ਼ਸ਼ਦੀ ਹੈ ਕਿ ਬੇਸ਼ੱਕ ਅਨੇਕਾਂ ਬੰਦੇ ਧਾਰਮਿਕ ਕਰਮਕਾਂਡ ਕਰਕੇ ਆਪਣੇ ਆਪ ਨੂੰ ਧਾਰਮਿਕ ਦਰਸਾਉਣ ਦਾ ਯਤਨ ਕਰਦੇ ਹਨ ਜਾਂ ਕਈ ਉਨ੍ਹਾਂ ਨੂੰ ਧਾਰਮਿਕ ਵਿਅਕਤੀ ਸਮਝ ਬੈਠਦੇ ਹਨ ਪਰ ਕਰੋੜਾਂ ਵਿੱਚੋਂ ਕੋਈ ਬਿਰਲਾ ਮਨੁਖ ਹੀ ਗੁਰੂ ਦੀ ਸ਼ਰਨਵਿੱਚ ਆ ਕੇ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਅਕਾਲ ਪੁਰਖ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ ਅਤੇ ਆਪਣਾ ਮਨੁੱਖਾ ਜੀਵਨ ਸਫਲਾ ਕਰਦਾ ਹੈ; ਜਿਸ ਨੂੰ ਗੁਰਮੁਖ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਅਨੇਕਾਂ ਗੁਰਫੁਰਮਾਨਾਂ ਵਿੱਚੋਂ ਉਦਾਹਰਣ ਮਾਤਰ ਕੁਝ ਹੇਠ ਲਿਖੇ ਹਨ:-
‘ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥40॥’ (ਮ: 1 ਪੰਨਾ 935)
‘ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥1॥ ਰਹਾਉ ॥’ (ਮ: 5, ਪੰਨਾ 495)
‘ਬਹੁ ਬਿਧਿ ਮਾਇਆ ਮੋਹ ਹਿਰਾਨੋ ॥
ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥1॥ ਰਹਾਉ ॥’ (ਮ: 5, ਪੰਨਾ 1269)
‘ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥2॥3॥’ (ਮ: 9, ਪੰਨਾ 219)
‘ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥24॥’ (ਮ: 9, ਪੰਨਾ 1427)
‘ਤੇਰਾ ਜਨੁ ਏਕੁ ਆਧੁ ਕੋਈ ॥
ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ੈ ਸੋਈ ॥1॥ ਰਹਾਉ ॥’ (ਭਗਤ ਕਬੀਰ ਜੀ, ਪੰਨਾ 1123)
ਗੁਰਮਤਿ ਦੇ ਇਨ੍ਹਾਂ ਸਪਸ਼ਟ ਸਿਧਾਂਤਾਂ ਨੂੰ ਸਮਝਣ ਤੋਂ ਅਸਮਰਥ ਜਿਨ੍ਹਾਂ ਪ੍ਰਚਾਰਕਾਂ ਨੇ ਗੁਰਬਾਣੀ ਦੇ ਕਥਾ ਕੀਰਤਨ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ ਹੈ ਉਨ੍ਹਾਂ ਨੂੰ ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਉਹ ਕਈ ਐਸੇ ਮਾਇਆਧਾਰੀ ਲੋਕਾਂ ਜਿਹੜੇ ਕਦੀ ਗੁਰਦੁਆਰੇ ਵੀ ਨਾ ਗਏ ਹੋਣ ਜਾਂ ਸ਼ਰਾਬ ਆਦਿਕ ਨਸ਼ਿਆਂ ਦਾ ਸੇਵਨ ਵੀ ਕਰਦੇ ਹੋਣ; ਉਨ੍ਹਾਂ ਦੇ ਭੋਗਾਂ ਸਮੇਂ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 14ਵੀਂ ਪਉੜੀ :
‘ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸਚੀ ਦਰਗਹ ਜਾਇ ਸਚਾ ਪਿੜ ਮਲਿਆ।’
ਬੜੇ ਵਜ਼ਦ ਵਿੱਚ ਆ ਕੇ ਇਸ ਤਰ੍ਹਾਂ ਪੜ੍ਹਦੇ ਹਨ ਕਿ ਉਹ ਇੱਕ ਮਨਮੁੱਖ ਅਤੇ ਵਿਕਾਰੀ ਬੰਦੇ ਨੂੰ ਇੱਕ ਤਰ੍ਹਾਂ ‘ਗੁਰਮੁਖ’ ਹੋਣ ਦੀ ਡਿਗਰੀ ਪ੍ਰਦਾਨ ਕਰਦੇ ਮਾਲੂਮ ਹੁੰਦੇ ਹਨ। ਇਹ ਇੱਕ ਤਰ੍ਹਾਂ ਗੁਰਬਾਣੀ ਅਤੇ ਗੁਰਬਾਣੀ ਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਦੀ ਰਚਨਾ ਦੀ ਕੁਵਰਤੋਂ ਅਤੇ ਨਿਰਾਦਰੀ ਹੈ। ਸਾਡੇ ਧਾਰਮਿਕ ਆਗੂਆਂ/ਪ੍ਰਚਾਰਕਾਂ ਅਤੇ ਖਾਸ ਕਰ ਕੇ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀਆਂ/ਕਥਾਵਾਚਕਾਂ ਦਾ ਫਰਜ਼ ਬਣਦਾ ਹੈ ਕਿ ਗੁਰਬਾਣੀ ਦੀ ਇਸ ਹੋ ਰਹੀ ਬੇਅਦਬੀ ਵਿਰੁੱਧ ਅਵਾਜ਼ ਉਠਾਉਣ। ਪਰ ਜਦੋਂ ਵੇਖਿਆ ਜਾਂਦਾ ਹੈ ਕਿ ਦਰਬਾਰ ਸਾਹਿਬ ਤੋਂ ਸੇਧ ਮਿਲਣ ਦੀ ਥਾਂ ਅਜਿਹੀਆਂ ਗਲਤੀਆਂ ਖੁਦ ਹੀ ਕਰਕੇ ਇੱਕ ਤਰ੍ਹਾਂ ਗੁਰਬਾਣੀ ਦੀ ਦੁਰਵਤੋਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਰਹੇ ਮਹਿਸੂਸ ਹੁੰਦੇ ਹਨ।
ਗੱਲ 20 ਸਤੰਬਰ ਦਿਨ ਛਨੀਚਰਵਾਰ ਦੀ ਹੈ ਜਦੋਂ ਸਵੇਰੇ ਟੀਵੀ ਪ੍ਰਸਾਰਣ ਦੇ ਮੌਕੇ ਰਾਗੀ ਸਿੰਘ ਵਾਰ ਵਾਰ
‘ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸਚੀ ਦਰਗਹ ਜਾਇ ਸਚਾ ਪਿੜ ਮਲਿਆ।’
ਪੜ੍ਹ ਰਹੇ ਸਨ। ਇਹ ਸ਼ਬਦ ਸੁਣ ਕੇ ਕਈਆਂ ਨੂੰ ਭੁਲ਼ੇਖਾ ਲੱਗ ਰਿਹਾ ਸੀ ਕਿ ਅੱਜ ਸ਼ਾਇਦ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੰਦਾ ਸਿੰਘ ਬਹਾਦੁਰ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਆਦਿਕ ਗੁਰੂ ਨੂੰ ਸਮਰਪਿਤ ਕਿਸੇ ਗੁਰਸਿੱਖ ਦੇ ਅਕਾਲ ਚਲਾਣੇ ਦਾ ਦਿਨ ਜਾਂ ਸ਼ਹੀਦੀ ਦਿਹਾੜਾ ਹੋਵੇਗਾ। ਪਰ ਜਦੋਂ ਉਨ੍ਹਾਂ ਅਖਬਾਰ ਪੜ੍ਹਿਆ ਤਾਂ ਪਤਾ ਲੱਗਾ ਕਿ ਪਿਛਲੇ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਚੜ੍ਹਾਈ ਕਰ ਗਿਆ ਸੀ ਤੇ ਰਾਗੀ ਸਿੰਘ ਜਥੇਦਾਰ ਤਲਵੰਡੀ ਦੇ ਅਕਾਲ ਚਲਾਣੇ ਨੂੰ ਮੁੱਖ ਰੱਖਕੇ ਇਹ ਸ਼ਬਦ ਪੜ੍ਹ ਰਿਹਾ ਸੀ। ਬਿਨਾਂ ਸ਼ੱਕ ਜਥੇਦਾਰ ਤਲਵੰਡੀ ਮੌਜੂਦਾ ਅਕਾਲੀ ਆਗੂਆਂ ਵਿੱਚੋਂ ਸ਼ਾਇਦ ਆਖਰੀ ਟਕਸਾਲੀ ਆਗੂ ਸਨ ਜਿਨ੍ਹਾਂ ਦੇ ਦਿਲ ਵਿੱਚ ਪੰਜਾਬ, ਪੰਥ ਅਤੇ ਸਿੱਖੀ ਪ੍ਰਤੀ ਦਰਦ ਸੀ ਅਤੇ ਪੰਥਕ ਹਿਤਾਂ ਲਈ ਉਨ੍ਹਾਂ ਕਈ ਵਾਰ ਦ੍ਰਿੜ ਸਟੈਂਡ ਲਿਆ ਜਿਸ ਕਾਰਣ ਉਹ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਨ; ਪਰ ਇਸ ਦੇ ਬਾਵਯੂਦ ਉਹ ਹੈ ਤਾਂ ਇੱਕ ਸਿਆਸੀ ਆਗੂ ਹੀ ਸਨ ਜਿਸ ਕਾਰਣ ਉਨ੍ਹਾਂ ਵਿੱਚ ਕਈ ਐਸੀਆਂ ਉਣਤਾਈਆਂ ਸਨ ਜਿਨ੍ਹਾਂ ਕਾਰਣ ਉਨ੍ਹਾਂ ਨੂੰ ਗੁਰਮੁਖ ਦੀ ਉਪਾਧੀ ਦੇਣੀ ਕਦਾਚਿਤ ਯੋਗ ਨਹੀਂ ਹੈ। ਇਸ ਲੇਖ ਲਿਖਣ ਦਾ ਮਕਸਿਦ ਜਥੇਦਾਰ ਤਲਵੰਡੀ ਦੇ ਮਰਨ ਉਪ੍ਰੰਤ ਉਨ੍ਹਾਂ ਦੀਆਂ ਊਣਤਾਈਆਂ ਨੂੰ ਉਜਾਗਰ ਕਰਕੇ ਉਨ੍ਹਾਂ ਦੀ ਬਦਨਾਮੀ ਕਰਨਾ ਨਹੀਂ ਹੈ ਪਰ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਵਿੱਚ ਗੁਰਬਾਣੀ ਦੀ ਹੋ ਰਹੀ ਬੇਅਦਬੀ ਨੂੰ ਠੱਲ੍ਹ ਪਾਉਣ ਦਾ ਉਪ੍ਰਾਲਾ ਹੈ।
ਇਹ ਪਹਿਲਾ ਮੌਕਾ ਨਹੀਂ ਕਿ ਜਥੇਦਾਰ ਤਲਵੰਡੀ ਦੇ ਅਕਾਲ ਚਲਾਣੇ ਨੂੰ ਮੁੱਖ ਰੱਖਕੇ ਦਰਬਾਰ ਸਾਹਿਬ ਵਿੱਚ ਪੜ੍ਹੇ ਜਾ ਰਹੇ ਸ਼ਬਦ-ਕੀਰਤਨ ਨੇ ਗਲਤ ਸੰਦੇਸ਼ ਦਿੱਤਾ ਹੋਵੇ ਇਸ ਤੋਂ ਪਹਿਲਾਂ ਵੀ ਅਕਸਰ ਗੁਰਬਾਣੀ ਨੂੰ ਗਲਤ ਸੰਦਰਭ ਵਿੱਚ ਪੜ੍ਹ ਕੇ ਗਲਤ ਸੰਦੇਸ਼ ਲਗਾਤਾਰ ਦਿੱਤੇ ਜਾਂਦੇ ਰਹਿੰਦੇ ਹਨ। ਮਿਸਾਲ ਦੇ ਤੌਰ ’ਤੇ ਦੀਵਾਲੀ ਦੀ ਰਾਤ ਨੂੰ ਅਤੇ ਇਸ ਤੋਂ ਕਈ ਦਿਨ ਪਹਿਲਾਂ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪਉੜੀ :
‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।’
ਪੜ੍ਹ ਕੇ ਗੁਰਮਤਿ ਤੋਂ ਉਲਟ ਦੀਵਾਲੀ ਨੂੰ ਦੀਵੇ ਬਾਲਣ ਦਾ ਗਲਤ ਸੰਦੇਸ਼ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਰਾਮ ਨੌਵੀਂ ਅਤੇ ਜਨਮ ਅਸ਼ਟਮੀ ਨੂੰ ਕਰਮਵਾਰ ਗੁਰਬਾਣੀ ਦੇ ਕੁਝ ਸ਼ਬਦ ਇਸ ਢੰਗ ਨਾਲ ਪੜ੍ਹੇ ਜਾਂਦੇ ਹਨ ਜਿਨ੍ਹਾਂ ਤੋਂ ਇਹ ਗਲਤ ਪ੍ਰਭਾਵ ਪੈਂਦਾ ਹੈ ਕਿ ਗੁਰਬਾਣੀ ਵਿੱਚ ਰਘੂਵੰਸੀ ਸ਼੍ਰੀ ਰਾਮਚੰਦਰ ਜੀ ਅਤੇ ਯਾਦਵ ਕੁਲ ਵਿੱਚ ਜਨਮੇ ਸ਼੍ਰੀ ਕ੍ਰਿਸ਼ਨ ਜੀ ਦੀ ਉਸਤਤਿ ਕੀਤੀ ਗਈ ਹੈ। ਇਸ ਤਰ੍ਹਾਂ ਕਰਕੇ ਉਹ ਗੁਰਬਾਣੀ ਦੇ ਉਸ ਸਿਧਾਂਤ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹਨ; ਜਿਸ ਵਿੱਚ ਦਰਸਾਇਆ ਗਿਆ ਹੈ ਕਿ ਇੱਕ ਨਿਰੰਕਾਰ, ਅਜੂਨੀ, ਅਕਾਲਪੁਰਖ ਤੋਂ ਬਿਨਾਂ ਜਨਮ ਮਰਨ ਦੇ ਚੱਕਰ ਵਿੱਚ ਫਸੇ ਕਿਸੇ ਸਰੀਰਧਾਰੀ ਮਨੁੱਖ ਭਾਵੇਂ ਕਿ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਉਸ ਨੂੰ ਰੱਬ ਦਾ ਅਵਤਾਰ ਹੀ ਕਿਉਂ ਨਾ ਮੰਨਦੇ ਹੋਣ; ਦੀ ਉਸਤਿਤ ਨਹੀਂ ਕੀਤੀ ਜਾ ਸਕਦੀ।
ਇਸ ਮੁਢਲੇ ਸਿਧਾਂਤ ਦੀ ਦਰਬਾਰ ਸਾਹਿਬ ਵਿਖੇ ਕੀਤੀ ਜਾ ਰਹੀ ਲਗਾਤਾਰ ਉਲੰਘਣਾਂ ਕਰਕੇ ਪ੍ਰਬੰਧਕਾਂ ਅਤੇ ਰਾਗੀਆਂ ’ਤੇ ਭਾਈ ਗੁਰਦਾਸ ਜੀ ਦਾ ਇਹ ਕਬਿੱਤ ਨੰ: 544 ਪੂਰੀ ਤਰ੍ਹਾਂ ਠੀਕ ਢੁਕਦਾ ਵਿਖਾਈ ਦਿੰਦਾ ਹੈ:
‘ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।
ਬਾਹਰਿ ਸੈ ਭਾਗਿ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ।
ਚੋਰਨ ਕੇ ਤ੍ਰਾਸ ਜਾਏ ਸ਼ਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।
ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ, ਤਹਾਂ ਜੋ ਮਾਇਆ ਬਿਆਪੈ ਕਹਾਂ ਠਹਰਾਈਐ।’
ਅਰਥ=ਬਾਹਰ ਲੱਗੀ ਅੱਗ ਨੂੰ ਜਿਵੇਂ ਪਾਣੀ ਪਾਕੇ ਬੁਝਾ ਲਈਦਾ ਹੈ, ਪਰ ਜੇਕਰ ਬੇੜੀ ਵਿੱਚ ਹੀ ਅੱਗ ਲੱਗ ਜਾਵੇ ਤਾਂ ਫਿਰ ਕੀ ਕਰੀਏ? ਬਾਹਰੋਂ ਲੁਟੇਰਿਆਂ ਤੋਂ ਬਚਣ ਲਈ ਮਨੁਖ ਕਿਸੇ ਕਿਲੇ ਵਿੱਚ ਚਲਾ ਜਾਵੇ ਪਰ ਜੇ ਕਿਲੇ ਵਿੱਚ ਹੀ ਲੁੱਟਣ ਵਾਲਾ ਬੈਠਾ ਹੋਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਬਾਹਰੋਂ ਚੋਰਾਂ ਦਾ ਸਤਾਇਆ ਗਰੀਬ ਜਦੋਂ ਰਾਜੇ ਦੀ ਸ਼ਰਨ ਇਹ ਆਸ ਲੈਕੇ ਜਾਂਦਾ ਹੈ ਕਿ ਰਾਜਾ ਮੇਰੀ ਰਾਖੀ ਕਰੇਗਾ, ਪਰ ਜਦੋਂ ਰਾਜਾ ਹੀ ਮਾਰਨ ਆ ਪਵੇ ਤਾਂ ਕੀ ਕਰੀਏ? ਮਾਇਆ ਦੇ ਡਰ ਤੋਂ ਬਚਣ ਲਈ ਮਨੁੱਖ ਸੱਚ ਦਾ ਗਿਆਨ ਲੈਣ ਲਈ ਗੁਰਦੁਆਰੇ ਜਾਂਦਾ ਹੈ ਪਰ ਜਦੋਂ ਉਥੇ ਜਾਕੇ ਵੀ ਮਾਇਆ ਹੀ ਦਬੋਚ ਲਵੇ ਫਿਰ ਹੋਰ ਕਿਸ ਤੋਂ ਆਸ ਲਾਈ ਜਾ ਸਕਦੀ ਹੈ?
ਗੁਰਬਾਣੀ ਵਿੱਚ ਜਿਸ ‘ਰਾਮ’ ਦੀ ਉਸਤਤਿ ਹੈ ਉਹ ਘਟ ਘਟ ਵਿਚ ਰਮਿਆ/ ਸਮੋਇਆ ਹੋਇਆ ਰਾਮ ਹੈ:-
‘ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥’ (ਮ: 4, ਪੰਨਾ 82)
‘ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥’ (ਮ: 1, ਪੰਨਾ 843)
ਪਰ ਜਿੱਥੇ ਰਘੂਵੰਸ਼ੀ ਦਸਰਥ ਦੇ ਪੁੱਤਰ ਸ਼੍ਰੀ ਰਾਮਚੰਦਰ ਜੀ ਦੀ ਗੱਲ ਆਉਂਦੀ ਹੈ ਉਥੇ ਸਪਸ਼ਟ ਤੌਰ ’ਤੇ ਲਿਖਿਆ ਹੈ:-
‘ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥’ (ਮ: 1 ਪੰਨਾ 954)
‘ਪਾਂਡੇ! ਤੁਮਰਾ ਰਾਮਚੰਦੁ; ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ ਗਵਾਈ ਥੀ ॥3॥’ (ਭਗਤ ਨਾਮਦੇਵ ਜੀ, ਪੰਨਾ 875)
ਇਹ ਸਾਰਾ ਕੁਝ ਲਿਖਣ ਦਾ ਭਾਵ ਹੈ ਕਿ ਪੂਰੇ ਪ੍ਰਸੰਗ ਨੂੰ ਸਮਝੇ ਬਿਨਾਂ ਕਿਸੇ ਮਨੁੱਖ ਦੀ ਉਸਤਤਿ ਕਰਨ ਦੇ ਮੰਨਸ਼ੇ ਨਾਲ ਲੋਕਾਂ ਨੂੰ ਭੁਲੇਖਾ ਦੇਣ ਲਈ ਗੁਰਬਾਣੀ ਪੜ੍ਹਨੀ ਗੁਰਬਾਣੀ ਦਾ ਨਿਰਾਦਰ ਹੈ ਜਿਸ ਤੋਂ ਸਾਨੂੰ ਬਚਣਾਂ ਚਾਹੀਦਾ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਗੁਰਮੁਖ ਸਨ ਜਾਂ ਨਹੀਂ ਇਸ ਦਾ ਸਹੀ ਫੈਸਲਾ ਗੁਰੂ ਹੀ ਕਰ ਸਕਦਾ ਹੈ ਜਾਂ ਉਹ ਖੁਦ ਆਪਣੇ ਕਿਰਦਾਰ ਨੂੰ ਗੁਰਬਾਣੀ ਦੀ ਸਿਖਿਆ ਦੀ ਕਸਵੱਟੀ ’ਤੇ ਪਰਖ ਕੇ ਫੈਸਲਾ ਕਰ ਸਕਦਾ ਹੈ ਹੋਰ ਕੋਈ ਨਹੀਂ। ਪਰ ਇਤਨਾ ਜਰੂਰ ਹੈ ਕਿ ਕਿਸੇ ਮਨੁੱਖ ਜਾਂ ਉਸ ਦੇ ਪ੍ਰਵਾਰ ਦੀ ਗਰੁਮੁਖਤਾਈ ਉਸ ਦੇ ਪ੍ਰਵਾਰ ਵਿੱਚ ਵਿਸ਼ੇਸ਼ ਤੌਰ ’ਤੇ ਤਿੰਨ ਸਮਾਜਿਕ ਸਮਾਗਮਾਂ ਸਮੇਂ ਕੀਤੀ ਜਾ ਸਕਦੀ ਹੈ। ਉਹ ਹਨ:-
(1) ਪ੍ਰਵਾਰ ਵਿੱਚ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੀਤੇ ਸਮਾਗਮ,
(2) ਵਿਆਹ ਸਮਾਗਮ ਅਤੇ
(3) ਅੰਤਮ ਸੰਸਕਾਰ। ਜੇ ਕਰ ਕਿਸੇ ਗੁਰਮੁਖ ਕਹਾਉਣ ਵਾਲੇ ਪ੍ਰਵਾਰ ਵਿੱਚ ਪਹਿਲੇ ਦੋ ਸਮਾਗਮਾਂ ਵਿੱਚ ਗੁਰੂ ਦੀ ਮਤਿ ਨੂੰ ਭੁਲਾ ਕੇ ਖੁਸ਼ੀ ਮਨਾਉਣ ਦੇ ਨਾਮ ਹੇਠ ਸ਼ਰਾਬਾਂ ਦੇ ਦੌਰ ਚਲਦੇ ਹਨ ਅਤੇ ਲੱਚਰ ਗਾਣਿਆਂ ਤੇ ਨਾਚ ਮੁਜਰੇ ਕਰਵਾਏ ਜਾਂਦੇ ਹੋਣ ਅਤੇ ਅੰਤਿਮ ਸੰਸਕਾਰ ਗੁਰੂ ਦੀ ਬਖ਼ਸ਼ੀ ਸੇਧ ਨਾਲ ਕਰਨ ਦੀ ਥਾਂ ਸਾਰੇ ਕਰਮ ਕਾਂਡ ਆਪਣੀ ਮਨਮਤ ਅਤੇ ਗਰੁੜ ਪੁਰਾਣ ਦੀ ਸਿਖਿਆ ਮੁਤਾਬਕ ਕੀਤੇ ਜਾਣ; ਹਰਿ ਜਸ ਕਰਨ ਦੀ ਬਜਾਏ ਮਰ ਚੁੱਕੇ ਪ੍ਰਾਣੀ ਦੇ ਸੱਚੇ ਝੂਠੇ ਸੋਹਲੇ ਗਾਏ ਜਾਣ ਤਾਂ ਉਸ ਪ੍ਰਵਾਰ ਨੂੰ ਗੁਰਮੁਖ ਪ੍ਰਵਾਰ ਨਹੀਂ ਕਿਹਾ ਜਾ ਸਕਦਾ। ਗੁਰਮੁਖ ਮਨੁੱਖ ਜਾਂ ਗੁਰਮੁਖ ਪ੍ਰਵਾਰ ਸਿਰਫ ਉਹ ਹੀ ਕਹਾ ਸਕਦਾ ਹੈ ਜਿਹੜਾ ਆਪਣਾ ਹਰ ਪ੍ਰਵਾਰਕ ਅਤੇ ਸਮਾਜਕ ਸਮਗਾਮ ਗੁਰੂ ਦੀ ਸਿੱਖਿਆ ਅਨੁਸਾਰ ਕਰੇ। ਗੁਰੂ ਅਮਰ ਦਾਸ ਜੀ ਨੇ ਆਪਣੇ ਅੰਤਮ ਸਮੇਂ ਪ੍ਰਵਾਰ ਨੂੰ ਜੋ ਸਿਖਿਆ ਦਿੱਤੀ ਉਹ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਦੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ‘ਰਾਮਕਲੀ ਸਦੁ’ ਸਿਰਲੇਖ ਹੇਠ ਦਰਜ ਹੈ:
‘ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥
ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ ॥
ਪਿੰਡੁ, ਪਤਲਿ, ਕਿਰਿਆ, ਦੀਵਾ, ਫੁਲ; ਹਰਿ ਸਰਿ ਪਾਵਏ ॥ … ॥5॥’ ਜਿਸ ਦੇ ਅਰਥ ਹਨ:-
ਅਖੀਰ ਦੇ ਸਮੇਂਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ-(ਹੇ ਭਾਈ!) ‘ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ ਭਾਵ ਅਕਾਲ ਪੁਰਖ ਦੇ ਪੰਡਿਤਾਂ (ਵਿਦਵਾਨ ਸੱਜਣਾਂ) ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਮੇਰੇ ਲਈ ਇਹੀ ਪੁਰਾਣ ਦੀ ਕਥਾ ਹੋਵੇਗੀ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।’
ਜੇ ਸਹੀ ਮਾਅਨਿਆਂ ਵਿੱਚ ਜਥੇਦਾਰ ਤਲਵੰਡੀ ਜੀ ਗੁਰਮੁਖ ਹੁੰਦੇ ਤਾਂ ਉਹ ਵੀ ਗੁਰੂ ਅਮਰਦਾਸ ਜੀ ਤੋਂ ਸੇਧ ਲੈ ਕੇ ਆਪਣੇ ਪ੍ਰਵਾਰ ਨੂੰ ਜਰੂਰ ਹੀ ਹਦਾਇਤ ਕਰਕੇ ਜਾਂਦੇ ਕਿ ਉਨ੍ਹਾਂ ਪਿੱਛੋਂ ਗਰੁੜ ਪੁਰਾਣ ਦੀ ਸਿੱਖਿਆ ਅਨੁਸਾਰ ਪਿੰਡ, ਪੱਤਲ, ਦੀਵਾ ਆਦਿਕ ਕਰਨ ਦੀ ਲੋੜ ਨਹੀਂ ਅਤੇ ਨਾ ਹੀ ‘ਫੁੱਲ’ ਕਿਸੇ ਵਿਸ਼ੇਸ਼ ਥਾਂ ਪਾਉਣ ਦਾ ਅਡੰਬਰ ਕੀਤਾ ਜਾਵੇ। ਜਿਸ ਸ਼੍ਰੋਮਣੀ ਕਮੇਟੀ ਦੇ ਉਹ ਪ੍ਰਧਾਨ ਰਹੇ ਸਨ ਉਸ ਵੱਲੋਂ ਪ੍ਰਚਾਰ ਹਿੱਤ ਜੋ ਸਿੱਖ ਰਹਿਤ ਮਰਿਆਦਾ ਛਾਪ ਕੇ ਵੰਡੀ ਜਾ ਰਹੀ ਹੈ ਉਸ ਵਿੱਚ ‘ਮ੍ਰਿਤਕ ਸੰਸਕਾਰ’ ਸਿਰਲੇਖ ਹੇਠ ਮਦ (ਖ) ਹੇਠ ਦਰਜ ਹੈ:- ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ, ਆਦਿ ਕਰਨਾ ਮਨਮਤ ਹੈ। ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।
ਇਸ ਦੇ ਬਾਵਯੂਦ ਜਥੇਦਾਰ ਤਲਵੰਡੀ ਜੀ ਦੇ ਫੁੱਲ ਵੱਡੇ ਲਾ ਲਸ਼ਕਰ ਸਮੇਤ; ਜਿਨ੍ਹਾਂ ਵਿੱਚ ਬਹੁਤੇ ਉਹ ਸਨ ਜਿਨ੍ਹਾਂ ਦੀ ਜਿੰਮੇਵਵਾਰੀ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੀ ਹੈ; ਆਪਣੀ ਜਿੰਮੇਵਾਰੀ ਨੂੰ ਭੁੱਲ ਕੇ ਵਿਸ਼ੇਸ਼ ਤੌਰ ’ਤੇ ਕੀਰਤਪੁਰ ਸਾਹਿਬ ਪਾਉਣ ਗਏ; ਤਾਂ ਉਨ੍ਹਾਂ ਸਾਰਿਆਂ ਨੂੰ ਹੀ ਗੁਰਮੁੱਖ ਕਿਵੇਂ ਕਿਹਾ ਜਾ ਸਕਦਾ ਹੈ? ਸਿੱਖ ਰਹਿਤ ਮਰਿਆਦਾ ਅਨੁਸਾਰ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ’ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਨੇੜੇ ਵਗਦੇ ਜਲ ਵਿੱਚ ਪ੍ਰਵਾਹ ਕਰ ਦੇਣੀ ਚਾਹੀਦੀ ਸੀ ਜਾਂ ਨੇੜੇ ਵਗਦਾ ਜਲ ਨਾ ਹੋਣ ਦੀ ਸੂਰਤ ਵਿੱਚ ਉਥੇ ਹੀ ਦੱਬ ਕੇ ਜਮੀਨ ਬਰਾਬਰ ਕਰ ਦੇਣੀ ਚਾਹੀਦੀ ਸੀ।
ਅੰਤ ਵਿੱਚ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਮਕਸਦ ਜਥੇਦਾਰ ਤਲਵੰਡੀ ਦੀ ਗੁਰਮੁਖਤਾਈ ਨੂੰ ਚੈਲਿੰਜ ਕਰਨਾ ਨਹੀਂ ਬਲਕਿ ਇਹ ਚਾਹ ਹੈ ਕਿ ਘੱਟ ਤੋਂ ਘੱਟ ਉਨ੍ਹਾਂ ਦੇ ਭੋਗ ਸਮਾਗਮ ’ਤੇ ਸਿਆਸੀ ਆਗੂਆਂ ਦੀਆਂ ਗੱਪਾਂ ਸੁਨਾਉਣ ਦੀ ਥਾਂ ਇਸ ਸਮਾਗਮ ਵਿੱਚ ਗੁਰੂ ਅਮਰਦਾਸ ਜੀ ਦੀਆਂ ਅੰਤਮ ਹਦਾਇਤਾਂ ਅਨੁਸਾਰ ਨਿਰੋਲ ਹਰੀ ਜਸ ਅਤੇ ਕੀਰਤਨ ਕੀਤਾ ਜਾਵੇ, ਸੱਦ ਬਾਣੀ ਸਮੇਤ ਗੁਰੂ ਨਾਨਕ ਜੀ ਦਾ ਆਸਾ ਰਾਗ ਵਿੱਚ ਸ਼ਬਦ:
‘ਦੀਵਾ ਮੇਰਾ, ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥’
ਅਤੇ ਹੋਰ ਢੁਕਵੇਂ ਸ਼ਬਦਾਂ ਦੀ ਵਿਆਖਿਆ ਕਰਕੇ ਫੋਕੇ ਕਰਮਕਾਂਡਾਂ ਤੋਂ ਛੁਟਕਾਰਾ ਪਾ ਕੇ ਗੁਰਮਤਿ ਧਾਰਨ ਦਾ ਸੰਦੇਸ਼ ਦਿੱਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਵਾਕਿਆ ਹੀ ਕਿਸੇ ਗੁਰਮੁਖ ਪ੍ਰਾਣੀ ਦਾ ਅੰਤਮ ਸਮਾਗਮ ਹੋ ਰਿਹਾ ਹੈ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਪੰਥਕ ਆਗੂ ਆਮ ਤੌਰ ’ਤੇ ਸਿੱਖਾਂ ਦੇ ਰੋਲ ਮਾਡਲ ਹੁੰਦੇ ਹਨ। ਸਿੱਖ ਸੰਗਤ ਬਹੁਤਾ ਕੁਝ ਆਪਣੇ ਆਗੂਆਂ ਦੇ ਸਮਾਗਮਾਂ ਤੋਂ ਸਿੱਖਦੇ ਹਨ। ਹੁਣ ਤੱਕ ਸਿੱਖਾਂ ਵਿੱਚ ਅੰਤਮ ਸੰਸਕਾਰ ਦੇ ਸਿਧਾਂਤਾਂ ਸਬੰਧੀ ਜੋ ਨਿਘਾਰ ਆਇਆ ਹੈ ਉਹ ਸਿਰਫ ਇਸੇ ਕਾਰਣ ਹੈ ਕਿ ਆਮ ਤੌਰ ’ਤੇ ਸਾਡੇ ਰਾਜਨੀਤਕ ਅਤੇ ਧਾਰਮਿਕ ਦੋਵਾਂ ਤਰ੍ਹਾਂ ਦੇ ਆਗੂਆਂ ਦੇ ਅੰਤਮ ਸੰਸਕਾਰਾਂ ਮੌਕੇ ਬੇਸ਼ੱਕ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਜਾਂਦਾ ਹੈ; ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪੜ੍ਹੀ ਜਾਂਦੀ ਹੈ ਪਰ ਗੁਰਮਤਿ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਸਾਰੇ ਕਰਮਕਾਂਡ ਗਰੁੜ ਪੁਰਾਣ ਦੀ ਸਿੱਖਿਆ ਅਨੁਸਾਰ ਹੀ ਕੀਤੇ ਜਾ ਰਹੇ ਹਨ। ਕਿੰਨਾ ਚੰਗਾ ਹੋਵੇ ਜੇ ਜਥੇਦਾਰ ਤਲਵੰਡੀ ਜੀ ਦੇ ਸਮਾਗਮ ਮੌਕੇ ਇਹ ਗਲਤ ਰਿਵਾਇਤ ਨੂੰ ਕੁਝ ਮੋੜਾ ਪੈ ਸਕੇ।