ਸੁਤੰਤ੍ਰਤਾ ਸੰਗਰਾਮ ‘ਚ ਸਿੱਖਾਂ ਦਾ ਯੋਗਦਾਨ ਅਤੇ ਉਨ੍ਹਾਂ ਪ੍ਰਤੀ ਵਿਹਾਰ!
ਉਹ ਬਜ਼ੁਰਗ, ਜਿਨ੍ਹਾਂ ਦੇਸ਼ ਦੀ ਵੰਡ ਦਾ ਦਰਦ ਪਿੰਡੇ ਹੰਡਾਇਆ ਹੈ, ਦਸਦੇ ਹਨ ਕਿ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਕੇਵਲ ਅਪਣੇ ਹੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਲਾਲਸਾ ਵਿੱਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਹੀ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ ਕੇ ਦੇਸ਼ ਤੇ ਮਨੁਖਤਾ ਦੇ ਦੁਸ਼ਮਣ ਸਥਾਪਤ ਕਰ ਭਾਰਤੀ-ਸਮਾਜ ਤੋਂ ਅਲਗ-ਥਲਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿੱਚ ਕੋਈ ਝਿਝਕ ਨਹੀਂ ਸੀ ਵਿਖਾਈ, ਜਿਨ੍ਹਾਂ ਨਾ ਕਵੇਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵਧ ਕੀਮਤ ਚੁਕਾਣੀ ਪਈ ਸੀ। ਦੇਸ਼ ਦੀ ਵੰਡ ਨੇ ਤਾਂ ਅੱਧੀ ਤੋਂ ਵਧ ਸਿੱਖ ਕੌਮ ਨੂੰ ਤਬਾਹ ਤੇ ਬਰਬਾਦ ਕਰਕੇ ਰਖ ਦਿਤਾ ਸੀ। ਉਹ ਜਾਨਾਂ ਤੋਂ ਵੀ ਵਧ ਪਿਆਰੇ ਗੁਰਦੁਆਰੇ, ਅਰਬਾਂ ਰੁਪਏ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਛੱਡ, ਖਾਲੀ ਹਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਆਏ ਸਨ ਕਿ ਦੇਸ਼ ਲਈ ਕੀਤੀ ਗਈ, ਉਨ੍ਹਾਂ ਦੀ ਕੁਰਬਾਨੀ ਦਾ ਸਤਿਕਾਰ ਕੀਤਾ ਜਾਇਗਾ ਅਤੇ ਉਨ੍ਹਾਂ ਨੂੰ ਮਾਣ ਦਿੱਤਾ ਜਾਇਗਾ, ਪਰ ਇਧਰ ਆਉਂਦਿਆਂ ਹੀ ਉਨ੍ਹਾਂ ਨੂੰ ‘ਜਰਾਇਮ-ਪੇਸ਼ਾ’ ਨਾਂ ਦੇ ਨਾਲ ਨਵਾਜ ਦਿਤਾ ਗਿਆ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਅਜਿਹਾ ਇੱਕ ਗਿਣੀ-ਮਿਥੀ ਸਾਜ਼ਸ਼ ਅਧੀਨ ਹੀ ਕੀਤਾ ਗਿਆ ਜਾਪਦਾ ਹੈ, ਜਿਸਦਾ ਉਦੇਸ਼ ਸ਼ਾਇਦ ਇਹੀ ਸੀ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਵਲੋਂ ਵਿਖਾਏ ਗਏ ਹੌਸਲੇ ਤੇ ਕੀਤੀਆਂ ਜਾਂਦੀਆਂ ਰਹੀਆਂ ਕੁਰਬਾਨੀਆਂ ਨੂੰ ਵੇਖਦਿਆਂ ਹੋਇਆਂ, ਆਜ਼ਾਦੀ ਤੋਂ ਬਾਅਦ ਉਨ੍ਹਾਂ ਦਾ ਸਤਿਕਾਰ-ਸਨਮਾਨ ਕਾਇਮ ਰਖਣ ਦੇ ਜੋ ਵਾਇਦੇ ਉਨ੍ਹਾਂ ਨਾਲ, ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਵਲੋਂ ਦਬਾਉ ਨਾ ਬਣਾਇਆ ਜਾ ਸਕੇ।
ਇਨ੍ਹਾਂ ਬਜ਼ੁਰਗਾਂ ਨੇ ਇਹ ਵੀ ਦਸਿਆ ਕਿ ਆਜ਼ਾਦੀ ਦੀ ਲੜਾਈ ਦੇ ਦੌਰਾਨ, ਜਦੋਂ ਕਦੀ ਵੀ ਕਾਂਗ੍ਰਸ ਦੀ ਇਜ਼ਤ ਦਾਅ ਤੇ ਲਗੀ, ਉਸ ਸਮੇਂ ਵੀ ਸਿੱਖ ਹੀ ਉਸਦੀ ਇਜ਼ਤ ਬਚਾਣ ਲਈ ਅਗੇ ਆਏ। ਉਹ, ਇੱਕ ਘਟਨਾ ਦਾ ਜ਼ਿਕਰ ਕਰਦਿਆਂ ਦਸਦੇ ਹਨ, ਕਿ ਇੱਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗ੍ਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਸੀ ਅਤੇ ਜਲਸੇ ਵਾਲੀ ਥਾਂ ਨੂੰ ਪੁਲਿਸ ਨੇ ਅਪਣੇ ਘੇਰੇ ਵਿੱਚ ਲੈ ਲਿਆ ਹੋਇਆ ਸੀ। ਕੋਈ ਵੀ ਕਾਂਗ੍ਰਸੀ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਇੱਕ ਜਥੇ ਨੇ ਹੀ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਮੈਦਾਨ ਵਿੱਚ ਨਿਤਰ ਕੇ ਕਾਂਗ੍ਰਸ ਦੀ ਇਜ਼ਤ ਬਚਾਈ ਸੀ।
ਉਨ੍ਹਾਂ ਇਹ ਵੀ ਦਸਿਆ ਕਿ ਅਜ ਜੰਮੂ-ਕਸ਼ਮੀਰ ਦਾ ਜੋ ਹਿਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਤਾਂ ਰਿਆਸਤ ਪਟਿਆਲਾ ਦੇ ਸਿੱਖ ਫੌਜੀਆਂ ਦੀ ਬਦੌਲਤ ਹੀ ਹੈ, ਉਹ ਸਿੱਖ ਫੌਜੀ ਤਾਂ ਉਸ ਹਿਸੇ ਨੂੰ ਵੀ ਪਾਕਿਸਤਾਨ ਤੋਂ ਵਾਪਸ ਲੈ ਲੈਣ ਲਈ ਤਿਆਰ ਸਨ, ਜੋ ਅਜ ਵੀ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ, ਤੇ ਭਾਰਤ ਲਈ ਕਦੀ ਵੀ ਦੂਰ ਨਾ ਹੋ ਪਾਣ ਵਾਲਾ ਸਿਰ ਦਰਦ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅਗੇ ਵਧਣ ਤੋਂ ਰੋਕ ਕੇ, ਮਾਮਲਾ ਯੂ ਐਨ ਓ ਵਿੱਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਤਦ ਤੋਂ ਹੀ ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਲਈ ਦੇਸ਼ ਦੀਆਂ ਅਣਗਿਣਤ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਹੈ, ਜਦਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਕਿਸੇ ਵੀ ਤਰ੍ਹਾਂ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਿੱਚ ਸਫਲ ਨਹੀਂ ਸੀ ਹੋ ਪਾ ਰਹੇ। ਇਸ ਪਖੋਂ ਸਰਦਾਰ ਪਟੇਲ ਹੀ ਨਹੀਂ, ਸਗੋਂ ਪੰਡਤ ਨਹਿਰੂ ਤਕ ਵੀ ਨਿਰਾਸ਼ ਹੋ ਚੁਕੇ ਹੋਏ ਸਨ। ਉਸ ਸਮੇਂ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਅਗੇ ਆ, ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ ਆਪਣੀ ਰਿਆਸਤ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ। ਉਸਤੋਂ ਬਾਅਦ ਹੀ ਹੋਰ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਲਈ ਤਿਆਰ ਹੋਏ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਤਾਂ ਪਾਕਿਸਤਾਨ ਨਾਲ ਆਪਣਾ ਭਵਿਖ ਜੋੜਨ ਦਾ ਐਲਾਨ ਕਰ, ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਸੀ। ਇਨ੍ਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿੱਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿੱਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁਖ ਭੂਮਿਕਾ ਰਹੀ ਸੀ।
ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਸਿਖਾਂ ਨੇ ਇਸ ਦੇਸ਼ ਲਈ ਕੀ ਕੁੱਝ ਨਹੀਂ ਕੀਤਾ? ਪਰ ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੇ ਕੀਤੇ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਤਕ ਨਹੀਂ ਕੀਤਾ। ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਇਨ੍ਹਾਂ ਹਾਲਾਤ ਵਿੱਚ ਸਿੱਖ ਆਗੂ ਵੀ ਕੌਮ ਨੂੰ ਸਹੀ ਅਗਵਾਈ ਦੇਣ ਵਿੱਚ ਸਫਲ ਨਹੀਂ ਹੋ ਸਕੇ। ਉਨ੍ਹਾਂ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਤਾਂ ਕੀਤੀ, ਪਰ ਇਸ ਮੰਗ ਦੀ ਪੂਰਤੀ ਲਈ ਉਨ੍ਹਾਂ ਜੋ ਸੰਘਰਸ਼ ਕੀਤਾ, ਉਸ ਵਿੱਚ ਉਨ੍ਹਾਂ ਪੰਜਾਬ ਦੇ ਹਿੰਦੂਆਂ ਅਤੇ ਦੂਸਰੇ ਪੰਜਾਬੀਆਂ ਨੂੰ ਭਰੋਸੇ ਵਿੱਚ ਲੈ ਕੇ, ਆਪਣੇ ਸੰਘਰਸ਼ ਵਿੱਚ ਸ਼ਾਮਲ ਕਰਨ ਦੀ ਲੋੜ ਹੀ ਨਹੀਂ ਸਮਝੀ। ਜਿਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਵਿੱਚ ਇਹ ਸੁਨੇਹਾ ਚਲਿਆ ਗਿਆ ਕਿ ਸਿੱਖ ਪੰਜਾਬੀ ਸੂਬੇ ਦੇ ਨਾਂ ਤੇ ਉਸੇ ਤਰ੍ਹਾਂ ਖਾਲਿਸਤਾਨ ਕਾਇਮ ਕਰਨਾ ਚਾਹੁੰਦੇ ਹਨ, ਜਿਵੇਂ ਮੁਸਲਮਾਣਾਂ ਨੇ ਪਾਕਿਸਤਾਨ ਕਾਇਮ ਕਰ ਲਿਆ ਹੈ। ਫਲਸਰੂਪ ਪੰਜਾਬੀ ਸੂਬੇ ਦੀ ਮੰਗ ਦਾ ਤਿਖਾ ਵਿਰੋਧ ਹੋਇਆ। ਇਸੇ ਦਾ ਨਤੀਜਾ ਸੀ ਕਿ ਉਸ ਪੰਜਾਬ ਵਿਚ, ਜੋ ਗੁਰਾਂ ਦੇ ਨਾਂ ਤੇ ਜੀਂਦਾ ਸੀ ਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗੇ। ਗੁਆਂਢੀ, ਗੁਆਂਢੀ ਨੂੰ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲਗਾ। … ਇਸ ਤੋਂ ਅਗੇ ਉਹ ਕੁੱਝ ਨਾ ਕਹਿ ਸਕੇ। ਉਨ੍ਹਾਂ ਦਾ ਗਲਾ ਭਰ ਆਇਆ ਤੇ ਉਹ ਇਤਨਾ ਹੋਰ ਆਖ ਕੇ ਚੁਪ ਕਰ ਗਏ ਕਿ ਇਸਤੋਂ ਬਾਅਦ ਜੋ ਕੁੱਝ ਹੋਇਆ, ਉਸਨੂੰ ਅਜ ਦੀ ਪੀੜੀ ਚੰਗੀ ਤਰ੍ਹਾਂ ਜਾਣਦੀ ਹੈ।
ਸਿੱਖ ਪੰਥ ਕਲ੍ਹ ਤੇ ਅੱਜ: ਗੁਰੂ ਸਾਹਿਬਾਨ ਨੇ ਆਪਣੇ ਜੀਵਨ, ਸਿਖਿਆਵਾਂ, ਕਾਰਜਾਂ ਅਤੇ ਸ਼ਹੀਦੀਆਂ ਰਾਹੀਂ ਸਿੱਖਾਂ ਦੀ ਇੱਕ ਅਦੁਤੀ ਪਛਾਣ ਕਾਇਮ ਕੀਤੀ ਸੀ ਅਤੇ ਉਨ੍ਹਾਂ ਤੋਂ ਬਾਅਦ ਸਿੱਖ ਯੋਧਿਆਂ ਨੇ ਆਪਣੀ ਜਨ-ਸੇਵਾ, ਗ਼ਰੀਬਾਂ-ਮਜ਼ਲੂਮਾਂ, ਬੇਗੁਨਾਹਵਾਂ ਅਤੇ ਬੇਸਹਾਰਿਆਂ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਆਪਣੀਆਂ ਸ਼ਹੀਦੀਆਂ ਦੇ ਕੇ, ਉਸ ਪਛਾਣ ਅਤੇ ਆਪਣੇ ਪ੍ਰਤੀ ਵਿਸ਼ਵਾਸ ਨੂੰ ਬਣਾਈ ਰਖਿਆ ਸੀ। ਇਸੇ ਪਛਾਣ ਤੇ ਵਿਸ਼ਵਾਸ ਦਾ ਹੀ ਨਤੀਜਾ ਸੀ ਕਿ ਅੰਗ੍ਰੇਜ਼ੀ ਸੱਤਾ-ਕਾਲ ਦੀਆਂ ਅਰੰਭਕ ਅਦਾਲਤਾਂ ਦੇ ਜੱਜ ਕੇਵਲ ਇੱਕ ਸਿੱਖ ਦੀ ਗੁਆਹੀ ਦੇ ਆਧਾਰ ਤੇ ਹੀ ਆਪਣਾ ਫੈਸਲਾ ਦੇ ਦਿਆ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ, ਸਿੱਖ ਕਦੀ ਵੀ ਝੂਠ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਸਫਰ ਤੇ ਨਿਕਲੇ ਲੋਕਾਂ ਦੇ ਕਾਫਿਲੇ ਦੇ ਨਾਲ ਜੇ ਕੋਈ ਸਿੱਖ ਹੁੰਦਾ ਤਾਂ ਉਹ ਨਿਸ਼ਚਿੰਤ ਹੋ ਕੇ ਸਫਰ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜਦੋਂ ਤਕ ਸਿੱਖ ਉਨ੍ਹਾਂ ਦੇ ਕਾਫਿਲੇ ਦੇ ਨਾਲ ਹੈ, ਤਦ ਤਕ ਉਹ ਪੂਰੀ ਤਰ੍ਹਾਂ ਸੁਰਖਿਅਤ ਹਨ। ਇਹੀ ਵਿਸ਼ਵਾਸ ਸੀ ਕਿ ਜਦੋਂ ਕਿਸੇ ਨੇ ਆਪਣੀ ਧੀ-ਭੈਣ ਨੂੰ ਇਕਲਿਆਂ ਹੀ ਕਿਧਰੇ ਭੇਜਣਾ ਹੁੰਦਾ, ਤਾਂ ਉਹ ਉਸਨੂੰ ਗੱਡੀ ਵਿੱਚ ਬਿਠਾਣ ਤੋਂ ਪਹਿਲਾਂ, ਇਹ ਵੇਖਦਾ ਕਿ ਜਿਸ ਡੱਬੇ ਵਿੱਚ ਉਹ ਉਸਨੂੰ ਬਿਠਾ ਰਿਹਾ ਹੈ, ਉਸ ਵਿੱਚ ਕੋਈ ਸਿੱਖ ਬੈਠਾ ਹੈ ਜਾਂ ਨਹੀਂ? ਕਿਉਂਕਿ ਉਹ ਸਮਝਦਾ ਸੀ ਕਿ ਜਿਸ ਡੱਬੇ ਵਿੱਚ ਇੱਕ ਵੀ ਸਿੱਖ ਬੈਠਾ ਹੈ, ਉਸ ਡੱਬੇ ਵਿੱਚ ਬੈਠੀ ਹਰ ਔਰਤ ਹੀ ਨਹੀਂ, ਸਗੋਂ ਉਸ ਵਿੱਚ ਬੈਠੀ ਹਰ ਸਵਾਰੀ ਪੂਰੀ ਤਰ੍ਹਾਂ ਸੁਰਖਿਅਤ ਹੈ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜੋ ਇਹ ਸਾਬਤ ਕਰਦੀਆਂ ਹਨ ਕਿ ਦੇਸ਼ ਦੀ ਇਜ਼ਤ-ਆਬਰੂ ਅਤੇ ਸਨਮਾਨ ਨੂੰ ਬਚਾਣ ਲਈ ਸਿੱਖ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਦਿਆ ਕਰਦੇ ਸਨ, ਕਿਉਂਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਸਿਖਿਆ ਰੂਪੀ ਜੋ ਗੁੜ੍ਹਤੀ ਦਿਤੀ ਸੀ, ਉਹ ਉਨ੍ਹਾਂ ਨੂੰ ਧੀਆਂ-ਭੈਣਾਂ, ਗ਼ਰੀਬਾਂ-ਮਜ਼ਲੂਮਾਂ, ਬੇਸਹਾਰਿਆਂ ਅਤੇ ਬੇਗੁਨਾਹਵਾਂ ਨੂੰ ਜ਼ਬਰ-ਜ਼ੁਲਮ ਤੋਂ ਬਚਾਣ ਦੇ ਲਈ ਜਾਨਾਂ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ।
ਸੁਆਲ ਉਠਦਾ ਹੈ ਕਿ ਕੀ ਅਜ ਦੇ ਸਿੱਖ-ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਕਸੌਟੀ ਤੇ ਪੂਰਿਆਂ ਉਤਰਦੇ ਹਨ, ਜਿਸ ਤੇ ਪਰਖਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਪੰਥ ਨੂੰ ਉਚੇਰਿਆਂ ਲੈ ਜਾਣਾ ਹੈ।
ਜਸਵੰਤ ਸਿੰਘ ਅਜੀਤ