ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਅਜੋਕਾ ਗੁਰਮਤਿ ਪ੍ਰਚਾਰ ? ਭਾਗ 29/2
ਅਜੋਕਾ ਗੁਰਮਤਿ ਪ੍ਰਚਾਰ ? ਭਾਗ 29/2
Page Visitors: 3058

  ਅਜੋਕਾ ਗੁਰਮਤਿ ਪ੍ਰਚਾਰ ?  ਭਾਗ 29/2  
  ਲੜੀ ਜੋੜਨ ਲਈ ਵੇਖੋ :- ਭਾਗ 29/1

‘ਜੰਮਣ ਮਰਨਾ ਹੁਕਮ ਹੈ
ਜਸਬੀਰ ਸਿੰਘ ਵਿਰਦੀ

ਅ: ਸਿੰਘ ਜੀ!  ਤੁਸੀਂ ਲਿਖਿਆ ਹੈ-
ਇਸੁ ਗ੍ਰਿਹ ਮਹਿ ਕੋਈ ਜਾਗਤ ਰਹੈ ॥ ਸਾਬਤ ਵਸਤੁ ਓਹੁ ਅਪਨੀ ਲਹੈ॥” (ਪ-182)
ਜੇਕਰ ਮਨ ਸਤਿਗੁਰੂ (ਗਿਆਨ ਗੁਰੂ) ਅਨੁਸਾਰ ਜਾਗ ਪਵੇ ਤਾਂ ਅੰਦਰੋਂ ਹੋਰਨਾਂ ਜੂਨੀਆਂ ਵਾਲੀ (ਸੋਚਣੀ, ਕਰਨੀਆਂ) ਬਿਰਤੀ ਤੋਂ ਜਾਗਰੁਕ ਹੋ ਜਾਂਦਾ ਹੈ । ਸਿੱਟੇ ਵਜੋਂ ਉਸ ਨੂੰ ਆਪਣਾ ਮੂਲ ਪਛਾਨਣ ਦੀ ਸੋਝੀ ਪੈ ਜਾਂਦੀ ਹੈ । ਇਸੇ ਅਵਸਥਾ ਨੂੰ ਜਨਮ-ਜਨਮ ਕੀ ਸੋਈ ਜਾਗੀ ਕਿਹਾ ਹੈ । ਤੇ ਫੇਰ ਵੀਰ ਜੀ ! ਕੀ ਆਪ ਜੀ ਨੂੰ ਲੱਗਦਾ ਹੈ ਅਜੇਹਾ ਬੰਦਾ ਚਾਰਵਾਕ ਵਾਲੇ ਕੰਮ ਕਰੇਗਾ ?
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਤੁਸੀਂ ਲਿਖਿਆ ਹੈ “ਅਜੇਹਾ ਬੰਦਾ…” ਅਜੇਹਾ ਬੰਦਾ ਲਿਖਣ ਤੋਂ ਸਾਫ ਭਾਵ ਹੈ ਕਿ ਇਹ ਸ਼ਰਤ ਹੈ ਕਿ ਦੁਨੀਆਂ ਦਾ ਹਰ ਬੰਦਾ ਨਹੀਂ, ਬਲਕਿ ‘ਕੋਈ ਅਜੇਹਾ ਬੰਦਾ…’। ਅਤੇ ਤੁਕ ਵਿੱਚ ਲਿਖਿਆ ਹੈ “ਜਾਗਤ ਰਹੇ” ਅਰਥਾਤ ਕਿਸੇ ਖਾਸ ਬੰਦੇ ਦੀ ਗੱਲ ਕਹੀ ਗਈ ਹੈ ਜਿਹੜਾ ਜਾਗਦਾ ਹੈ, ਸੁਚੇਤ ਹੈ । ਅਤੇ ਦੁਨੀਆਂ ਦਾ ਹਰ ਬੰਦਾ ‘ਜਾਗਤ ਰਹੇ’ ਨਹੀਂ ਹੈ।ਤੁਸੀਂ ਲਿਖਿਆ ਹੈ “ਜੇਕਰ ਮਨ…ਜਾਗ ਪਵੇ” ਅਰਥਾਤ ਦੁਨੀਆਂ ਦਾ ਹਰ ਬੰਦਾ ਜਾਗਿਆ ਹੋਇਆ, ਸੁਚੇਤ ਨਹੀਂ ਹੈ ।
ਸਵਾਲ ਪੈਦਾ ਹੁੰਦਾ ਹੈ ਕਿ ਜਿਸ ਦਾ ਮਨ ਜਾਗਿਆ ਹੋਇਆ ਨਹੀਂ ਹੈ, ਜਿਸ ਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਲੋਕਾਂ ਨੂੰ ਧੋਖਾ ਦੇ ਕੇ, ਠੱਗੀ ਮਾਰਕੇ, ਕਰਜੇ (ਉਧਾਰ ਮੰਗਣ) ਦੇ ਬਹਾਨੇ ਦੌਲਤ ਇਕੱਠੀ ਕਰੋ ਅਤੇ ਇਹ ਮੌਜੂਦਾ ਜੀਵਨ ਐਸ਼ ਨਾਲ ਗੁਜਾਰੋ, ਕਰਜਾ ਮੋੜਨ ਦੀ ਚਿੰਤਾ ਨਾ ਕਰੋ, ਕਿਉਂਕਿ ਇਸ ਜੀਵਨ ਤੋਂ ਮਗ਼ਰੋਂ ਫੇਰ ਜੀਵਨ ਤਾਂ ਹੈ ਨਹੀਂ, ਮਰਨ ਤੋਂ ਬਾਅਦ ਫੇਰ ਕਿਸ ਨੇ ਕਰਜਾ ਮੰਗਣਾ ਹੈ ਅਤੇ ਕਿਸ ਨੇ ਕਰਜਾ ਮੋੜਨਾ ਹੈ ?  ਤਾਂ ਕੀ ਉਸ ਨੂੰ ਚਾਰਵਾਕ ਦੀ ਗੱਲ ਵਧੀਆ ਨਹੀਂ ਲੱਗੇਗੀ ?
ਜੇ ਇਹ ਸ਼ਰਤ ਹੀ ਲੱਗ ਗਈ ਕਿ ਜੇਹੜਾ ਬੰਦਾ ਜਾਗਦਾ ਹੈ.., ਤਾਂ ਸਾਫ ਮਤਲਬ ਹੋਇਆ ਕਿ ਦੁਨੀਆਂ ਦਾ ਹਰ ਬੰਦਾ ਨਹੀਂ ਜਾਗਦਾ । ਪਰ ਤੁਸੀਂ ਦੁਨੀਆਂ ਦੇ ਹਰ ਬੰਦੇ ਨੂੰ ਜੀਵਨ ਮੁਕਤ ਮੰਨੀਂ ਜਾਂਦੇ ਹੋ । ਤੁਸੀਂ ਇਸ ਗੱਲ ਦਾ ਜਵਾਬ ਨਹੀਂ ਦੇ ਰਹੇ ਕਿ ਜੇਹੜਾ ਬੰਦਾ ਸਾਰੀ ਉਮਰ ਵਿਕਾਰਾਂ ਵਿੱਚ ਹੀ ਗੁਜਾਰੀ ਜਾਂਦਾ ਹੈ, ਕੀ ਉਹ ਵੀ ਜੀਵਨ ਮੁਕਤ ਹੈ ?
ਤੁਸੀਂ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕਰ ਰਹੇ ਜਿਸ ਵਿੱਚ ਲਿਖਿਆ ਹੋਵੇ ਕਿ ਇਸੇ ਜਨਮ ਵਿੱਚ ਕਰਮਾਂ ਦਾ ਲੇਖਾ ਭੁਗਤਿਆ ਜਾ ਰਿਹਾ ਹੈ ਅਤੇ ਨਿਬੜੀ ਜਾ ਰਿਹਾ ਹੈ ।

ਗੁ: ਸਿੰਘ:-
ਜਸਬੀਰ ਸਿੰਘ ਵੀਰ ਜੀ! ਬਾਣੀ ਸਮਝਾਉਂਦੀ ਹੈ ਕਿ ਇਸ ਤਰ੍ਹਾਂ ਦੇ ਕਰਮਾਂ ਦੇ ਬਾਦ ਕੋਈ ਮੁਕਤੀ ਨਹੀਂ । ਆਪਣੇ ਕਰਮਾਂ ਦੇ ਫਲ਼ ਤਾਂ ਮਿਲ ਜਾਂਦੇ ਹਨ, ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥
ਜਸਬੀਰ ਸਿੰਘ ਵਿਰਦੀ:-
ਗੁ: ਸਿੰਘ ਜੀ! ਤੁਹਾਡਾ ਕਹਿਣਾ ਹੈ ਕਿ ਦੁਨੀਆਂ ਦਾ ਹਰ ਬੰਦਾ ਜੀਵਨ ਮੁਕਤ ਹੈ, ਹਰ ਇੱਕ ਦੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ । ਬਲਕਿ ਤੁਹਾਡੇ ਖੁਦ ਦੇ ਕਮੈਂਟਸ ਤੋਂ ਗੱਲ ਸਾਫ ਹੋ ਗਈ ਕਿ ਇਸ ਤਰ੍ਹਾਂ ਦੇ ਕਰਮ ਕਰਨ ਵਾਲਾ ਜੀਵਨ ਮੁਕਤ ਨਹੀਂ ਹੈ । ਦਦੈ ਦੋਸੁ ਨਾ ਦੇਊ ਕਿਸੈ…॥” ਵਾਲੀ ਉਦਾਹਰਣ ਵਿੱਚ ਕਿਤੇ ਨਹੀਂ ਲਿਖਿਆ ਕਿ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ ।
ਗੁ: ਸਿੰਘ:- ਮੁਕਤੀ ਦੇ ਕੀ ਭਾਵ ਹਨ ? ਗੁਰਬਾਣੀ ਜੀਂਦੇ ਜੀ ਮੁਕਤੀ ਦੀ ਗੱਲ ਕਰਦੀ ਹੈ, ਇਸ ਵਿੱਚ ਕੋਈ ਛੱਕ ਨਹੀਂ ।
“ਦਦੈ ਦੋਸੁ ਨ ਦੇਊ ਕਿਸੈ…॥” ਇਹ ਉਦਾਹਰਣ ਉਸ ਗੱਲ ਦੇ ਜਵਾਬ ਵਿੱਚ ਸੀ ਕਿ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ।
ਜਸਬੀਰ ਸਿੰਘ ਵਿਰਦੀ:-
‘ਮੁਕਤੀ’ ਦੇ ਅਰਥ ਸਮਝਣ ਸਮਝਾਉਣ ਦੀ ਗੱਲ ਨਾ ਕਰੋ । ਮੇਰਾ ਸਵਾਲ ਸੀ ਕਿ ਜੇ ਇਸੇ ਜਨਮ ਵਿੱਚ ਸਭ ਦੇ ਕਰਮਾਂ ਦਾ ਲੇਖਾ ਭੁਗਤਿਆ ਜਾ ਰਿਹਾ ਹੈ ਤਾਂ ਇਸ ਸੰਬੰਧੀ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰ ਦਿਉ । ਹੁਣ ਤੁਸੀਂ ‘ਮੁਕਤੀ’ ਦੀ ਗੱਲ ਕਰਦੇ ਹੋ ਤਾਂ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਦਿਉ ਜਿਸ ਵਿੱਚ ਲਿਖਿਆ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਕਿਸੇ ਦਾ ਵੀ ਇਸ ਜਨਮ ਤੋਂ ਬਾਦ ਫੇਰ ਜਨਮ ਨਹੀਂ ਹੁੰਦਾ । ਮੁਕਤੀ ਵਾਰੇ ਮੇਰਾ ਸਵਾਲ ਸੀ ਕਿ ਕੀ ਦੁਨੀਆਂ ਦਾ ਹਰ ਬੰਦਾ ਜੀਵਨ ਮੁਕਤ ਹੈ ? ਗੁਰਬਾਣੀ ਜੀਂਦੇ ਜੀ ਮੁਕਤੀ ਦੀ ਗੱਲ ਕਰਦੀ ਹੈ; ਕੀ ਗੁਰਬਾਣੀ ਇਹ ਕਹਿੰਦੀ ਹੈ ਕਿ ਚਾਹੇ ਕੋਈ ਸਦਾਚਾਰੀ ਹੈ ਜਾਂ ਦੁਰਾਚਾਰੀ, ਸਭ ਜੀਵਨ ਮੁਕਤ ਹਨ ?  ਸੱਚੇ ਸੌਦੇ ਵਾਲੇ ਰਾਮ ਰਹੀਮ ਨੂੰ ਤੁਸੀਂ ਜੀਵਨ ਮੁਕਤ ਮੰਨਦੇ ਹੋ ?
“ਦਦੈ ਦੋਸੁ ਨ ਦੇਊ ਕਿਸੈ…॥ ਉਦਾਹਰਣ ਵਿੱਚ ਕਿੱਥੇ ਲਿਖਿਆ ਹੈ ਕਿ ਸਭ ਦੇ ਕਰਮਾਂ ਦੇ ਲੇਖੇ ਇਸੇ ਜਨਮ ਵਿੱਚ ਭੁਗਤੇ ਅਤੇ ਨਿਬੜੀ ਜਾ ਰਹੇ ਹਨ ?
ਗੁ: ਸਿੰਘ:-
ਗੁਰਬਾਣੀ ਕਹਿੰਦੀ ਹੈ-
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਈ ॥”
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਸ਼ਾਇਦ ਤੁਸੀਂ ਮੇਰਾ ਸਵਾਲ ਹਾਲੇ ਵੀ ਨਹੀਂ ਸਮਝ ਸਕੇ । ਮੇਰਾ ਸਵਾਲ ਹੈ ਕਿ ਕੀ ਤੁਸੀਂ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹੋ ਜਿਸ ਵਿੱਚ ਲਿਖਿਆ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਵੀ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੁੰਦਾ ? ਇਸ ਜਨਮ ਤੋਂ ਬਾਅਦ ਫੇਰ ਜਨਮ ਦਾ ਅਰਥ ਸ਼ਾਇਦ ਤੁਸੀਂ ਸਮਝ ਨਹੀਂ ਰਹੇ, ਜਾਂ ਜਾਣ ਬੁੱਝਕੇ ਹੋਰ ਦੀ ਹੋਰ ਗੱਲ ਕਰੀ ਜਾ ਰਹੇ ਹੋ। ‘ਇਸ ਜਨਮ ਤੋਂ ਬਾਅਦ ਫੇਰ ਜਨਮ’ ਤੋਂ ਮੇਰਾ ਭਾਵ ਹੈ- ਬੰਦੇ ਦਾ ਇਹ ਜੀਵਨ-ਸਫਰ ਖਤਮ ਹੋ ਜਾਣ ਤੇ, ਮੌਤ ਆ ਜਾਣ ਤੇ, ਜਿਸ ਮੌਤ ਤੋਂ ਬਾਅਦ ਮੁਰਦਾ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ, ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ, ਜਾਂ ….” ਆਦਿ । ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਸ ਮੌਤ ਤੋਂ ਬਾਅਦ ਫੇਰ ਜਨਮ ਦੀ ਗੱਲ ਕਰ ਰਿਹਾ ਹਾਂ ?  ਸਵਾਲ ਨੂੰ ਹੋਰ ਸਾਫ ਅਤੇ ਸੌਖਾ ਕਰਨ ਲਈ ਦੱਸ ਦਿਆਂ ਕਿ, ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਆਤਮਕ ਮੌਤ ਦੀ ਗੱਲ ਕੀਤੀ ਗਈ ਹੈ, ਅਤੇ ਮੇਰਾ ਸਵਾਲ ਉਸ ਆਤਮਕ ਮੌਤ ਬਾਰੇ ਨਹੀਂ ਹੈ ।
ਮੇਰਾ ਦੂਸਰਾ ਸਵਾਲ ਸੀ ਕਿ ਗੁਰਬਾਣੀ ਦੀ ਕੋਈ ਇਕ ਵੀ ਉਦਾਹਰਣ ਪੇਸ਼ ਕਰ ਦਿਉ ਜਿਸ ਵਿੱਚ ਲਿਖਿਆ ਹੋਵੇ ਕਿ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ ਅਤੇ ਨਿਬੜ ਰਿਹਾ ਹੈ ।
ਗੁ: ਸਿੰਘ:-
ਜਸਬੀਰ ਸਿੰਘ ਜੀ! ਇਸ ਜਨਮ ਤੋਂ ਬਾਦ ਫੇਰ ਜਨਮ ਬਾਰੇ ਤੁਹਾਡੇ ਸਵਾਲ ਦਾ ਜਵਾਬ-
ਮਾਝ ਮਹਲਾ 5॥
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ
॥1॥
ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥ ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ
॥2॥
ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥ ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ
॥3॥
ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥ ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ
॥4॥
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥ ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
ਧੰਨ ਗਿਰਹੀ ਉਦਾਸੀ ਗੁਰਮੁਖਿ ਕੀਮਤਿ ਪਾਏ ਜੀਉ
॥5॥
ਹਉਮੈ ਬਾਧਾ ਗੁਰਮੁਖਿ ਛੂਟਾ ॥ ਗੁਰਮੁਖਿ ਆਵਣੁ ਜਾਵਣੁ ਤੂਟਾ ॥
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ
॥6॥
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖਿ ਮਨਮੁਖਿ ਵੇਮੁਖੀਆ ॥
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ
॥7॥
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ
॥8॥
ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰੇ ਕਰਾਏ ਥਾਪੇ ॥
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ
॥9॥
ਜਸਬੀਰ ਸਿੰਘ ਵਿਰਦੀ:-
ਗੁ: ਸਿੰਘ ਜੀ! ਇਸ ਸ਼ਬਦ ਦੀ ਉਸ ਪੰਗਤੀ ਦੇ ਅਰਥ ਸਮਝਾਉਣ ਦੀ ਖੇਚਲ ਕਰਨੀ, ਜਿਸ ਦੇ ਤੁਸੀਂ ਅਰਥ ਸਮਝਦੇ ਹੋ ਕਿ, ਚਾਹੇ ਕੋਈ ਗੁਰਮੁਖਿ ਹੋਵੇ ਜਾਂ ਮਨਮੁਖ ਕਿਸੇ ਦਾ ਵੀ ਇਸ ਜਨਮ ਤੋਂ ਬਾਦ ਫੇਰ ਜਨਮ ਨਹੀਂ ਹੁੰਦਾ ।
ਵੈਸੇ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਬਦ ਦੇ ਆਖਰੀ ਨੌਵੇਂ ਬੰਦ ਦੇ ਅਰਥ ਸਮਝ ਰਹੇ ਹੋ ਕਿ ਇੱਥੇ ਗੁਰਮੁਖ ਅਤੇ ਮਨਮੁਖ ਸਾਰਿਆਂ ਦੀ ਗੱਲ ਕਹੀ ਗਈ ਹੈ । ਵੀਰ ਜੀ! ਇੱਥੇ ਗੁਰਮੁਖ ਅਤੇ ਮਨਮੁਖ ਦੀ ਨਹੀਂ ਬਲਕਿ ‘ਸਗਲੀ ਬਣਤ’ ਜਗਤ ਪਸਾਰੇ ਵਾਲੀ ਸਮੁਚੀ ਖੇਡ ਦੀ ਗੱਲ ਕੀਤੀ ਗਈ ਹੈ । ਇਹ ਸਗਲੀ ਬਣਤ ਉਸ ਪ੍ਰਭੂ ਤੋਂ ਹੋਂਦ ਵਿੱਚ ਆਈ ਹੈ ਅਤੇ ਅੰਤ ਨੂੰ ਜਦੋਂ ਇਹ ਜਗਤ ਪਸਾਰੇ ਵਾਲੀ ਖੇਡ ਖਤਮ ਹੋ ਜਾਣ ਤੇ (ਕੇਵਲ ਗੁਰਮੁਖ ਅਤੇ ਮਨਮੁਖ ਹੀ ਨਹੀਂ ਬਲਕਿ) ‘ਸਗਲੀ ਬਣਤ’ ਸਾਰਾ ਜਗਤ ਪਸਾਰਾ ਉਸ ਪ੍ਰਭੂ ਵਿੱਚ ਸਮਾ ਜਾਂਦਾ ਹੈ । ਅਤੇ ਸਿਰਫ ਆਪ ਹੀ ਆਪ ਇਕ ਪ੍ਰਭੂ ਰਹਿ ਜਾਂਦਾ ਹੈ।
ਗੁ: ਸਿੰਘ:- ਸਭ ਕੁਛ ਏਕ ਪ੍ਰਭੂ ਵਿੱਚ ਸਮਾ ਜਾਂਦਾ ਹੈ, ਕੀ ਇਹ ਗੱਲ ਠੀਕ ਨਹੀਂ ?
ਜਸਬੀਰ ਸਿੰਘ:-
ਵੀਰ ਜੀ! ਇਸ ਗੱਲ ਦਾ ਸੰਬੰਧ ਇਸ ਜਨਮ ਤੋਂ ਬਾਅਦ ਫੇਰ ਜਨਮ ਨਾਲ ਨਹੀਂ ਬਲਕਿ ਜਦੋਂ ਸਾਰੀ ਸ੍ਰਿਸ਼ਟੀ ਅਤੇ ਜਗਤ ਪਸਾਰੇ ਵਾਲੀ ਸਾਰੀ ਖੇਡ ਹੀ ਖਤਮ ਹੋ ਜਾਏਗੀ ਉਸ ਸਥਿਤੀ ਦੀ ਗੱਲ ਹੈ ।
ਵੀਰ ਜੀ! ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਤਾਂ ਸਭ ਨੇ ਆਪੋ ਆਪਣੀ ਮਨ ਮਰਜੀ ਦਾ ਜੀਵਨ ਬਸਰ ਕਰਕੇ ਸੰਸਾਰ ਤੋਂ ਤੁਰ ਜਾਣਾ ਹੈ । ਫੇਰ ਤਾਂ ਗੁਰਬਾਣੀ ਉਪਦੇਸ਼ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ । ਫੇਰ ਤਾਂ ਚਾਰਵਾਕੀਆਂ ਦੀ ਤਰ੍ਹਾਂ ਦੌਲਤ ਇਕੱਠੀ ਕਰੋ, ਚਾਹੇ ਠੱਗੀਆਂ ਹੀ ਕਿਉਂ ਨਾ ਮਾਰਨੀਆਂ ਪੈਣ, ਅਤੇ ਆਪਣੀ ਜਿੰਦਗੀ ਐਸ਼ ਨਾਲ ਗੁਜਾਰੋ ।
ਗੁ: ਸਿੰਘ:- ਗੁਰਬਾਣੀ ਉਪਦੇਸ਼ ਜੀਂਦਿਆਂ ਮੁਕਤਿ ਦਾ ਹੈ । ਮਰ ਕੇ ਮੁਕਤਿ ਦੀ ਗੱਲ ਨਾਲ ਸਹਮਤ ਹੋਣਾ ਮੈਨੂੰ ਠੀਕ ਨਹੀਂ ਲੱਗਦਾ ।    
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਮੈਂ ਜੀਂਦੇ ਮੁਕਤ ਜਾਂ ਮਰਦੇ ਮੁਕਤਿ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ । ਮੈਂ ਤਾਂ ਇਸ ਜਨਮ ਤੋਂ ਬਾਅਦ ਫੇਰ ਜਨਮ ਦੀ ਗੱਲ ਕਰ ਰਿਹਾ ਹਾਂ । ਪਤਾ ਨਹੀਂ ਤੁਹਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਜਾਂ ਜਾਣ ਬੁੱਝ ਕੇ ਅਨਜਾਣ ਬਣ ਰਹੇ ਹੋ ।
ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ । ਪਰ ਤੁਸੀਂ ਇਹ ਗੱਲ ਵੀ ਮੰਨਣ ਲਈ ਤਿਆਰ ਨਹੀਂ ਕਿ ਤੁਹਾਨੂੰ ਗੁਰਮਤਿ ਫਲੌਸਫੀ ਗ਼ਲਤ ਅਰਥਾਂ ਵਿੱਚ ਪੜ੍ਹਾਈ ਗਈ ਹੈ । ਅਜੋਕੇ ਕੁਝ ਗੁਰਮਤਿ ਪ੍ਰਚਾਰਕਾਂ ਦੀ ਪਛਾਣ ਕਰਨ ਦੀ ਜਰੂਰਤ ਹੈ, ਜਿਹੜੇ ਬਰੇਨ ਵਾਸ਼ ਕਰਕੇ ਗੁਰਮਤਿ ਫਲੌਸਫੀ ਦੇ ਨਾਂ ਤੇ ‘ਚਾਰਵਾਕੀ’ ਫਲੌਸਫੌ ਪੜ੍ਹਾ ਰਹੇ ਹਨ ।
ਗੁ: ਸਿੰਘ:- ਪਹਿਲੀ ਤਾਂ ਗੱਲ, ਕਰਮਾਂ ਦਾ ਫਲ਼ ਸਾਨੂੰ ਮਿਲ ਰਿਹਾ ਹੈ, ਇਸ ਦੇ ਬਾਬਤ ਗੁਰਬਾਣੀ ਵਿੱਚ ਪ੍ਰਮਾਣ ਹੈ-
ਦਦੈ ਦੋਸੁ ਨ ਦੇਊ ਕਰਤੈ ਦੋਸੁ ਕਰਮਾ ਆਪਣਿਆ ॥”
ਅਰਥ ਕਰਕੇ ਦੇਖ ਲਵੋ ਪਿਛਲੇ ਜਨਮਾਂ ਦੀ ਗੱਲ ਹੈ ਜਾਂ ਇਸ ਜਨਮ ਦੀ ?  ਇਕ ਉਦਾਹਰਣ ਹੋਰ ਦੇਖੋ-
“ਅਸਟਪਦੀ॥
ਚਰਨ ਸਤਿ ਸਤਿ ਪਰਸਨਹਾਰ॥……ਬੂਝੈ ਬੂਝਨਹਾਰੁ ਬਿਬੇਕ॥ਨਾਰਾਇਨ ਮਿਲੇ ਨਾਨਕ ਏਕ॥”
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਦਦੈ ਦੋਸੁ ਨ ਦੇਉ ਕਿਸੈ…॥
ਵਿੱਚ ਕਿੱਥੇ ਲਿਖਿਆ ਹੈ ਕਿ ਇਸੇ ਜਨਮ ਦੇ ਕਰਮਾਂ ਦੇ ਫਲ਼ ਭੁਗਤਿਆ ਜਾ ਰਿਹਾ ਹੈ ?
ਚਰਨ ਸਤਿ ਸਤਿ ਪਰਸਨਹਾਰ…
ਅਸ਼ਟਪਦੀ ਵਿੱਚ ਕਿੱਥੇ ਲਿਖਿਆ ਹੈ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਵੀ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੁੰਦਾ ?  ਜੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ ਤਾਂ-
ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” (ਪ-1273)
ਮੱਛੀ ਪਾਣੀ ਵਿੱਚ ਪੈਦਾ ਹੁੰਦੀ ਹੈ, ਪਾਣੀ ਵਿੱਚ ਹੀ ਰਹਿੰਦੀ ਹੈ ਕਿਤੇ ਬਾਹਰ ਚੰਗੇ ਮੰਦੇ ਕਰਮ ਕਰਨ ਨਹੀਂ ਜਾਂਦੀ । ਤਾਂ ਦੱਸੋ ਉਹ ਇਸੇ ਜਨਮ ਦੇ ਕਿਹੜੇ ਚੰਗੇ ਮੰਦੇ ਕਰਮਾਂ ਦਾ ਫਲ਼ ਭੁਗਤਦੀ ਹੈ ?
ਸੁਖ ਦੁਖ ਪੂਰਬ ਜਨਮ ਕੇ ਕੀਏ ਸੋ ਜਾਣੈ ਜਿਨਿ ਦਾਤੈ ਦੀਏ ॥
ਕਿਸ ਕਉ ਦੋਸ ਦੇਹਿ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ
॥” (ਪ-1030)
ਇਸੇ ਜਨਮ ਵਿੱਚ ਕਿਹੜਾ ਪੂਰਬ ਜਨਮ ਹੁੰਦਾ ਹੈ  ?  
ਗੁ: ਸਿੰਘ:-ਦਦੈ ਦੋਸ ਨ ਦੇਊ ਕਿਸੇ…॥” ਵਿੱਚ ਅਗਲੀ ਪੰਗਤੀ ਸਾਫ ਕਰ ਰਹੀ ਹੈ,
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥”
ਜਸਬੀਰ ਸਿੰਘ ਵਿਰਦੀ:-
ਜੋ ਮੈ ਕੀਆ ਸੋ ਮੈ ਪਾਇਆ ਦਾ ਅਰਥ ਤੁਸੀਂ ਇਹ ਕਿਵੇਂ ਕਰ ਰਹੇ ਹੋ ਕਿ ਇਸੇ ਜਨਮ ਵਿੱਚ ਕੀਤੇ ਕਰਮ ਦੀ ਗੱਲ ਕਹੀ ਗਈ ਹੈ ? ਵੀਰ ਜੀ! ਜੇ ਇਸ ਤੁਕ ਵਿੱਚ ਇਹ ਗੱਲ ਸਾਫ ਨਹੀਂ ਕਿ ਪਿਛਲੇ ਜਨਮ ਦੀ ਗੱਲ ਕਹੀ ਗਈ ਹੈ ਤਾਂ, ਇਹ ਵੀ ਸਾਫ ਨਹੀਂ ਹੈ ਕਿ ਇਸ ਜਨਮ ਦੇ ਕਰਮਾਂ ਦੀ ਗੱਲ ਕਹੀ ਗਈ ਹੈ । ਇਹ ਉਦਾਹਰਣ ਤਾਂ ਤੁਸੀਂ ਹੀ ਪੇਸ਼ ਕੀਤੀ ਹੈ ਇਹ ਸਿੱਧ ਕਰਨ ਲਈ ਕਿ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ । ਦੱਸੋ ਇਸ ਤੁਕ ਵਿੱਚ ਕਿੱਥੇ ਇਸੇ ਜਨਮ ਵਿੱਚ ਕੀਤੇ ਕਰਮਾਂ ਦੀ ਗੱਲ ਕਹੀ ਗਈ ਹੈ ? ਤੁਸੀਂ ਆਪਣੀ ਗੱਲ ਦੇ ਸਮਰਥਨ ਵਿੱਚ ਕੋਈ ਉਦਾਹਰਣ ਪੇਸ਼ ਨਹੀਂ ਕਰ ਸਕੇ । ਲੇਕਿਨ ਮੈਂ ਆਪਣੀ ਗੱਲ ਦੇ ਸਮਰਥਨ ਵਿੱਚ ਉਦਾਹਰਣਾਂ ਪੇਸ਼ ਕਰ ਚੁੱਕਾ ਹਾਂ-
 “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” (ਪ-1273)
ਸੁਖ ਦੁਖ ਪੂਰਬ ਜਨਮ ਕੇ ਕੀਏ ਸੋ ਜਾਣੈ ਜਿਨਿ ਦਾਤੈ ਦੀਏ ॥
ਕਿਸ ਕਉ ਦੋਸ ਦੇਹਿ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੇ
॥” (ਪ-1030)
ਤੁਸੀਂ ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਦੇ ਰਹੇ ਕਿ ਜੇ ਕਰਮਾਂ ਦਾ ਫਲ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ, ਸੱਚੇ ਸੌਦੇ ਵਾਲਾ ਰਾਮ ਰਹੀਮ ਇਸੇ ਜਨਮ ਦੇ ਕਰਮਾਂ ਦਾ ਫਲ਼ ਭੁਗਤ ਰਿਹਾ ਹੈ ਜਾਂ ਹਾਲੇ ਉਸ ਦੇ ਕੁਕਰਮ ਕਰਨ ਦਾ ਹੀ ਸਮਾਂ ਹੈ, ਕੁਕਰਮਾਂ ਦਾ ਫਲ਼ ਭੁਗਤਣ ਦਾ ਸਮਾਂ ਅਜੇ ਆਉਣਾ ਹੈ ?
ਤੁਸੀਂ ਇਸ ਬਾਰੇ ਵੀ ਕੋਈ ਉਦਾਹਰਣ ਪੇਸ਼ ਨਹੀਂ ਕੀਤੀ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਵੀ ਇਸ ਜਨਮ ਤੋਂ ਮਗ਼ਰੋਂ ਫੇਰ ਜਨਮ ਨਹੀਂ ਹੁੰਦਾ ।
ਗੁ: ਸਿੰਘ:- ਗੁਰਮੁਖ ਅਤੇ ਮਨਮੁਖ ਵਾਲੀ ਗੱਲ ਤੇ ਤੁਹਾਡੇ ਨਾਲ ਸਹਿਮਤ ਹਾਂ । ਹਾਂ ਸਾਨੂੰ ਏਸ ਜਨਮ ਵਿੱਚ ਸਾਡੇ ਕਰਮਾਂ ਦਾ ਫਲ਼ ਮਿਲਦਾ ਹੈ ਇਸ ਦੀ ਉਦਾਹਰਣ ਹੈ ‘ਜੀਵਨ ਮੁਕਤੀ’ । ਅਸੀਂ ਜੀਂਦਿਆਂ ਮੁਕਤ ਹੋ ਜਾਂਦੇ ਹਾਂ ।
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਕੀ ਦੁਨੀਆਂ ਦਾ ਹਰ ਜੀਵ ਜੀਵਨ ਮੁਕਤ ਹੈ ਜਾਂ ਕੋਈ ਕੋਈ ਜੀਵਨ ਮੁਕਤ ਹੁੰਦਾ ਹੈ ? ਜੇ ਦੁਨੀਆਂ ਦਾ ਹਰ ਜੀਵ ਜੀਵਨ ਮੁਕਤ ਹੈ ਤਾਂ ਕੀ ਸੱਚੇ ਸੌਦੇ ਵਾਲਾ ਰਾਮ ਰਹੀਮ ਵੀ ਜੀਵਨ ਮੁਕਤ ਹੈ ? ਜੇ ਨਹੀਂ ਤਾਂ ਜਿਹੜਾ ਜੀਵ ਜੀਵਨ ਮੁਕਤ ਨਹੀਂ ਹੁੰਦਾ, ਉਸ ਦਾ ਕੀ ਬਣਦਾ ਹੈ ?  
ਗੁ: ਸਿੰਘ:- ਉਹ ਗੁਰਬਾਣੀ ਮੁਤਾਬਕ ਸਰਪ ਵੀ ਹੋ ਜਾਂਦਾ ਹੈ, ਗਧੀ ਵੀ ਹੋ ਜਾਂਦਾ ਹੈ, ਮਰਨ ਜੀਵਨ ਦੇ ਚੱਕਰ ਵਿੱਚ ਪੈ ਜਾਂਦਾ ਹੈ । ਦੂਸਰੇ ਜਨਮ ਨੂੰ ਸਜ਼ਾ ਕਿਹਾ ਹੈ ਬਾਣੀ ਵਿੱਚ । ਜੀਵਨ ਮੁਕਤ ਕੌਣ ਹੁੰਦਾ ਹੈ, ਏਸ ਦੇ ਉਦਾਹਰਣ ਪਹਿਲਾਂ ਦੇ ਚੁੱਕਿਆ ਹਾਂ ।
ਜਸਬੀਰ ਸਿੰਘ:-
ਵੀਰ ਜੀ! ਮਰਨ ਜੀਵਨ ਵਾਲੀ ਗੱਲ ਸਾਫ ਕਰੋ । ਇਸ ਜਨਮ ਤੋਂ ਬਾਅਦ ਫੇਰ ਜਨਮ ਲੈ ਕੇ ਸੰਸਾਰ ਤੇ ਆ ਜਾਂਦਾ ਹੈ ਜਾਂ…?
ਕੀ ਤੁਸੀਂ ਸਵਿਕਾਰ ਕਰਦੇ ਹੋ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਹੈ ?
ਗੁ: ਸਿੰਘ:- ਦੁਬਾਰਾ ਜੀਵਨ ਗੁਰਬਾਣੀ ਮੁਤਾਬਕ ਹੈ, ਏਸ ਵਿੱਚ ਕੋਈ ਸ਼ੱਕ ਨਹੀਂ । ਗੁਰਬਾਣੀ ਮੁਤਾਬਕ ਜੋ ਬੰਦਾ ਨਾਮ ਨਹੀਂ ਲੈਂਦਾ ਉਹ ਦੁਬਾਰਾ ਜਨਮ ਲੈਂਦਾ ਹੈ, ਯਾਨੀ ਮਾੜੇ ਕਰਮ ਕਰਨ ਵਾਲਾ ਆਦਮੀ ਦੁਬਾਰਾ ਜਨਮ ਲੈਂਦਾ ਹੈ । ‘ਮਾੜੇ ਕਰਮ’।
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਆਪ ਜੀ ਦਾ ਧੰਨਵਾਦ ਕਿ ਤੁਸੀਂ ਸਵਿਕਾਰ ਕਰ ਲਿਆ ਹੈ ਕਿ ਗੁਰਬਾਣੀ ਮੁਤਾਬਕ ਇਸ ਜਨਮ ਤੋਂ ਬਾਅਦ ਫੇਰ ਜਨਮ ਹੁੰਦਾ ਹੈ । ਪਰ ਅਖੀਰ ਵਿੱਚ ‘ਮਾੜੇ ਕਰਮ’ ਸ਼ਬਦ ਲਿਖਕੇ ਫੇਰ ਘੁੰਡੀ ਛੱਡ ਦਿੱਤੀ ਹੈ । ਇਸ ਲਈ ਵੀਰ ਜੀ ! ਇਹ ਗੱਲ ਸਾਫ ਕਰੋ ਕਿ- ਬੰਦਾ ਇਹ ਜੀਵਨ-ਸਫਰ ਖਤਮ ਹੋ ਜਾਣ ਤੇ ਫੇਰ ਗਰਭ ਜੋਨੀ ਦੁਆਰਾ ਜਨਮ ਲੈਂਦਾ ਹੈ ਜਾਂ …?
ਗੁ: ਸਿੰਘ:-
ਵੀਰ ਜੀ ! ਗੁਰਬਾਣੀ ਵਿੱਚ ਮਾਇਆ ਨੂੰ ਗਰਭ ਜੂਨੀ ਕਿਹਾ ਹੈ ।
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ “ਮਾੜੇ ਕਰਮ” ਸ਼ਬਦ ਲਿਖਕੇ ਤੁਸੀਂ ਕੋਈ ਚਲਾਕੀ ਖੇਡ ਰਹੇ ਹੋ । ਇਸ ਲਈ ਸਾਰੀ ਕਹਾਣੀ ਫੇਰ ਓਥੇ ਹੀ ਵਾਪਸ ਆ ਗਈ ਹੈ । ਜਾਂ ਤਾਂ ਤੁਸੀਂ ਸਾਫ ਲਫਜ਼ਾਂ ਵਿੱਚ ਸਵਿਕਾਰ ਕਰੋ ਕਿ ਗੁਰਬਾਣੀ ਅਨੁਸਾਰ ਇਹ ਜੀਵਨ-ਸਫਰ ਖਤਮ ਹੋਣ ਤੇ ਮਨਮੁਖਾਂ ਨੂੰ ਫੇਰ ਤੋਂ ਜਨਮ ਲੈ ਕੇ ਸੰਸਾਰ ਤੇ ਆਉਣਾ ਪੈਂਦਾ ਹੈ । ਜਾਂ ਤੁਸੀਂ ਗੁਰਬਾਣੀ ਦੀ ਕੋਈ ਇਕ ਵੀ ਉਦਾਹਰਣ ਪੇਸ਼ ਕਰ ਦਿਉ ਜਿਸ ਵਿੱਚ ਲਿਖਿਆ ਹੋਵੇ ਕਿ ਸਭ ਦੇ ਕਰਮਾਂ ਦੇ ਲੇਖੇ ਇਸੇ ਜਨਮ ਵਿੱਚ ਭੁਗਤੇ ਜਾ ਰਹੇ ਹਨ । ਅਤੇ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਵੀ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੁੰਦਾ । ਇਹ ਗੱਲ ਵੀ ਸਾਫ ਕਰੋ ਕਿ ਜੇ ਸਭ ਦੇ ਕਰਮਾਂ ਦੇ ਲੇਖੇ ਇਸੇ ਜਨਮ ਵਿੱਚ ਭੁਗਤੇ ਜਾ ਰਹੇ ਹਨ ਤਾਂ ਸੱਚੇ ਸੌਦੇ ਵਾਲਾ ਬਲਾਤਕਾਰੀ ਰਾਮ ਰਹੀਮ ਇਸੇ ਜਨਮ ਦੇ ਕਰਮਾਂ ਦਾ ਫਲ ਭੁਗਤਣ ਦੇ ਬਦਲੇ ਬਲਾਤਕਾਰੀ ਅਤੇ ਕੁਕਰਮੀ ਹੈ ਜਾਂ ਉਸ ਦੇ ਕੁਕਰਮਾਂ ਦਾ ਫਲ਼ ਭੁਗਤਣ ਦਾ ਸਮਾਂ ਹਾਲੇ ਆਉਣਾ ਹੈ? ਤੁਸੀਂ ਲਿਖਿਆ ਹੈ ਗੁਰਬਾਣੀ ਵਿੱਚ ਮਾਇਆ ਨੂੰ ਗਰਭ ਜੂਨੀ ਕਿਹਾ ਹੈ।ਪਰ ਰਾਮ ਰਹੀਮ ਵਰਗਾ ਬਲਾਤਕਾਰੀ ਅਤੇ ਦੁਰਾਚਾਰੀ ਮਾਇਆ ਨੂੰ ਗਰਭ ਜੂਨੀ ਨਹੀਂ ਮੰਨਦਾ ਬਲਕਿ ਆਪਣੀ ਇੱਛਾ ਅਨੁਸਾਰ ਅਤੇ ਆਪਣੇ ਮਨ ਦੀ ਖੁਸ਼ੀ ਨਾਲ ਬਲਾਤਕਾਰ ਵਰਗੇ ਅਨੰਦ ਭੋਗ ਰਿਹਾ ਹੈ, ਤਾਂ ਐਸੇ ਵਿਅਕਤੀ ਦੇ ਇਸੇ ਜਨਮ ਦੇ ਕਰਮਾਂ ਦੇ ਫਲ਼ ਕਦੋਂ ਭੁਗਤੇ ਜਾਣਗੇ?
ਗੁ: ਸਿੰਘ:- ਗੁਰਬਾਣੀ ਵਿੱਚ ਉਦਾਹਰਣ ਹੈ ਮਾੜੇ ਕਰਮਾਂ ਵਾਲਾ ਸੱਪ ਬਣਦਾ ਹੈ, ਗਧਾ ਬਣਦਾ ਹੈ ਆਦਿ ਯਾਨੀ ਮਾੜੇ ਕਰਮ ਕਰਨ ਵਾਲਾ ਦੁਬਾਰਾ ਪੈਦਾ ਹੋਂਦਾ ਹੈ, ਇਸ ਗੱਲ ਤੇ ਤੁਹਾਡੇ ਨਾਲ ਸਹਿਮਤ ਹਾਂ । ਗੁਰਬਾਣੀ ਮੁਤਾਬਕ ਲੁੱਚੇ ਸੌਦੇ ਵਾਲਾ ਅਗਲੇ ਜਨਮ ਵਿੱਚ ਜਾਏਗਾ ਇਹ ਤਯ ਹੈ ।
ਜਸਬੀਰ ਸਿੰਘ ਵਿਰਦੀ:-
ਵੀਰ ਜੀ! ਮੈਂ ਇੱਕ ਵਾਰੀਂ ਫੇਰ ਤੋਂ ਕਨਫਰਮ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੰਨਦੇ ਹੋ ਗੁਰਬਾਣੀ ਮੁਤਾਬਕ ਮਨਮੁਖ ਬੰਦੇ ਨੂੰ ਜੀਵਨ-ਸਫਰ ਖਤਮ ਹੋਣ ਤੋਂ ਬਾਅਦ ਕਰਮਾਂ ਦਾ ਲੇਖਾ ਭੁਗਤਣ ਲਈ ਜਨਮ ਲੈ ਕੇ ਫੇਰ ਸੰਸਾਰ ਤੇ ਆਉਣਾ ਪੈਂਦਾ ਹੈ।ਅਰਥਾਤ ਮਨਮੁਖਾਂ ਨੂੰ ਇਸ ਜਨਮ ਤੋਂ ਬਾਅਦ ਫੇਰ ਜਨਮ ਹੈ ?
ਗੁ: ਸਿੰਘ:- ਗੁਰਬਾਣੀ ਅਨੁਸਾਰ ਜਾਨਵਰ ਬਣਕੇ ਆਉਣਾ ਪੈਂਦਾ ਹੈ ।
ਅ: ਸਿੰਘ:- ਜਸਬੀਰ ਸਿੰਘ ਜੀ ! ਜਿਨ੍ਹਾਂ ਸਾਧਾਂ (ਅਸਾਧਾਂ) ਦੇ ਨਾਮ ਆਪ ਨੇ ਲਿਖੇ ਨੇ ਇਨ੍ਹਾਂ ਨੇ ਕੁਕਰਮ ਇਸ ਜਨਮ ਵਿੱਚ ਮਿਲੇ ਪੰਚ ਭੂਤਕ ਚੋਲੇ ਵਿੱਚ ਕੀਤੇ ਹਨ ਆਪ ਜੀ ਮੁਤਾਬਕ ਸਜ਼ਾ ਵਜੋਂ ਅਗਲੇ ਜਨਮ ਵਿੱਚ ਸਜ਼ਾ ਮਿਲੇਗੀ । ਫੇਰ ਤਾਂ ਸਜ਼ਾ ਜੋਤ ਨੂੰ ਮਿਲੇਗੀ ਚੋਲਾ ਤਾਂ ਇਸੇ ਜਨਮ ਵਿੱਚ ਖਤਮ ਹੋ ਜਾਣਾ ਹੈ ?
ਗੁ: ਸਿੰਘ:-
ਵਿਰਦੀ ਜੀ ! ਮਾੜੇ ਕਰਮ ਕਰਨ ਵਾਲੇ ਵਾਸਤੇ ਪਸ਼ੂ ਜੂਨ ਦੀ ਗੱਲ ਹੈ । ਰੱਬ ਦੇ ਭਗਤ ਵਾਸਤੇ ਮੁਕਤੀ ਦੀ । ਮੁਕਤੀ ਵੀ ਜੀਂਦੇ ਜੀ ਗੁਰਬਾਣੀ ਮੁਤਾਬਕ ਯਾਨੀ ਸਾਡੇ ਚੰਗੇ ਕਰਮਾਂ ਦਾ ਫਲ਼ ਜਿੰਦੇ ਜੀ ਮਿਲ ਜਾਂਦਾ ਹੈ ?
ਜਸਬੀਰ ਸਿੰਘ ਵਿਰਦੀ:-
ਅ: ਸਿੰਘ ਜੀ! ਤੁਸੀਂ ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲੇ ਸਿਧਾਂਤ ਨੂੰ ਸਵਿਕਾਰ ਨਹੀਂ ਕਰਦੇ, ਫੇਰ ਤਾਂ ਇਹ ਸਵਾਲ ਤੁਹਾਡੇ ਹੀ ਸੋਚਣ ਵਾਲਾ ਹੈ ਕਿ- ਇਸ ਜਨਮ ਵਿੱਚ ਉਨ੍ਹਾਂ ਸਾਧਾਂ (ਅਸਾਧਾਂ) ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਨਹੀਂ ਮਿਲੀ । ਅਗਲਾ ਕੋਈ ਜਨਮ ਤੁਹਾਡੇ ਮੁਤਾਬਕ ਹੈ ਨਹੀਂ ਤਾਂ ਫੇਰ ਤੁਸੀਂ ਦੱਸੋ ਕਦੋਂ ਸਜ਼ਾ ਮਿਲੇਗੀ ਉਨ੍ਹਾਂ ਨੂੰ ?
ਜਸਬੀਰ ਸਿੰਘ ਵਿਰਦੀ:-
ਗੁ: ਸਿੰਘ ਜੀ ! ਗੁਰਮੁਖ ਬੰਦਾ ਇਸ ਜਨਮ ਵਿੱਚ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ । ਜੀਵਨ ਸਫਰ ਖਤਮ ਹੋਣ ਤੇ ਸੰਸਾਰ ਤੋਂ ਤੁਰ ਜਾਣ ਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੈ ।
ਗੁ: ਸਿੰਘ:- ਏਹ ਮੌਕਾ ਦੁਬਾਰਾ ਨਹੀਂ ਆਉਣਾ-
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥  
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ
॥”
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ॥”
84 ਲੱਖ ਜੂਨਾਂ ਮੁਹਾਵਰਾ ਹੈ ਪਰ ਜੋ ਲੋਕ ਸੱਚੀ 84 ਲੱਖ ਜੂਨ ਮੰਨਦੇ ਨੇ, ਉਨ੍ਹਾਂ ਵਾਸਤੇ ਏਸ ਜਨਮ ਵਿੱਚ ਮੁਕਤੀ ਨਹੀਂ ਤੇ 84 ਲੱਖ ਜੂਨ ਹੈ । ਮਾਨਸ ਦੇਹ ਦੁਬਾਰਾ ਨਹੀਂ ਮਿਲਨੀ ਏਹ ਦ੍ਰਿੜ ਕਰ ਲੈਣ 84 ਦੇ ਡਰ ਤੋਂ ਏਹ ਵੀ ਬਹੁਤ ਹੈ ।
ਜਸਬੀਰ ਸਿੰਘ ਵਿਰਦੀ-
ਗੁਰਬਾਣੀ 84 ਲੱਖ ਜੂਨਾਂ ਦੀ *ਗਿਣਤੀ* ਨੂੰ ਸਵਿਕਾਰ ਨਹੀਂ ਕਰਦੀ।ਇਸੇ ਲਈ ਗੁਰਬਾਣੀ ਵਿੱਚ ਕੋਟਿ ਜੂਨੀ, ਅਨਿਕ ਜੂਨੀ, ਬਹੁ ਜੂਨੀ ਆਦਿ ਸ਼ਬਦ ਵਰਤੇ ਗਏ ਹਨ।ਚਉਰਾਸੀਹ ਲੱਖ ਸ਼ਬਦ ਮੁਹਾਵਰੇ ਵਜੋਂ ਆਇਆ ਹੈ। ਗੁਰਬਾਣੀ ਜੂਨਾਂ ਵਿੱਚ ਪੈਣ ਦਾ ਖੰਡਣ ਨਹੀਂ ਕਰਦੀ, *84 ਲੱਖ* ਜੂਨਾਂ ਦੀ *ਗਿਣਤੀ* ਦਾ ਖੰਡਣ ਕਰਦੀ ਹੈ । ਇਸ ਲਈ ਜਿੱਥੇ ਵੀ ਸ਼ਬਦ ਚਉਰਾਸੀਹ ਲੱਖ ਆਇਆ ਹੈ, ਇਸ ਦਾ ਮਤਲਬ ਹੈ ਜੂਨਾਂ ਦੀ ਗੱਲ ਕੀਤੀ ਗਈ ਹੈ । 84 ਲੱਖ ਬਾਰੇ ਇੱਕ ਗੱਲ ਹੋਰ- ਹਿੰਦੂ ਮੱਤ ਅਨੁਸਾਰ ਪਰਮਾਤਮਾ, ਪ੍ਰਕਿਰਤੀ ਅਤੇ ਜੀਵ ਤਿੰਨੇ ਹੀ ਅਨਾਦੀ ਹਨ । ਜੀਵ ਦੀ ਪਰਮਾਤਮਾ ਤੋਂ ਵੱਖਰੀ ਹਸਤੀ ਹੋਣ ਕਰਕੇ ਕਦੇ ਵੀ ਅਤੇ ਕਿਸੇ ਵੀ ਹਾਲਤ ਵਿੱਚ ਇਸ ਦੀ ਪਰਮਾਤਮਾ ਵਿੱਚ ਸਮਾਉਣ ਦੀ ਕੋਈ ਸੰਭਾਵਨਾ ਨਹੀਂ ਹੈ । ਪਰਮਾਤਮਾ ਵਿੱਚ ਨਹੀਂ ਸਮਾ ਸਕਦਾ, ਇਸ ਤਰ੍ਹਾਂ ਇਹ ਜੂਨਾਂ ਦੇ ਗੇੜ ਵਿੱਚ ਪੈਣ ਤੋਂ ਵੀ ਮੁਕਤ ਕਦੇ ਨਹੀਂ ਹੋ ਸਕਦਾ, ਅਤੇ 84 ਲੱਖ ਜੂਨਾਂ ਦੇ ਕਦੇ ਵੀ ਖਤਮ ਨਾ ਹੋਣ ਵਾਲੇ ਗੇੜ ਵਿੱਚ ਪਿਆ ਹੀ ਰਹਿੰਦਾ ਹੈ । ਇਸ ਦੇ ਉਲਟ ਗੁਰਮਤਿ ਅਨੁਸਾਰ ਸਿਰਫ ਪਰਮਾਤਮਾ ਹੀ ਅਨਾਦੀ ਹੈ, ਪ੍ਰਕਿਰਤੀ ਅਤੇ ਜੀਵ ਪਰਮਾਤਮਾ ਤੋਂ ਹੋਂਦ ਵਿੱਚ ਆਏ ਹਨ । ਕਿਉਂ ਕਿ ਗੁਰਮਤਿ ਅਨੁਸਾਰ ਜੀਵ ਪਰਮਾਤਮਾ ਦੀ ਹੀ ਅੰਸ਼ ਹੈ, ਇਸ ਲਈ ਇਸ ਦੀ ਪ੍ਰਭੂ ਵਿੱਚ ਸਮਾਉਣ ਦੀ ਵੀ ਸੰਭਾਵਨਾ ਹੈ । ਅਤੇ ਗੁਰਮੁਖ ਬੰਦਾ ਪ੍ਰਭੂ ਵਿੱਚ ਸਮਾ ਕੇ ਮੁੜ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ । ਹਿੰਦੂ ਮੱਤ ਅਨੁਸਾਰ ਮਰੇ ਪ੍ਰਾਣੀ ਦੇ ਪਰਿਵਾਰ ਦੇ ਮੈਂਬਰ ਮਰੇ ਪ੍ਰਾਣੀ ਦੇ ਨਮਿਤ ਬ੍ਰਹਮਣ ਦੇ ਜਰੀਏ ਪੁੰਨ ਦਾਨ ਪੂਜਾ ਪਾਠ ਤੀਰਥ ਇਸ਼ਨਾਨ ਆਦਿ ਕਰਨ ਕਰਵਾਉਣ ਤਾਂ ਮਰੇ ਪ੍ਰਾਣੀ ਦੀ ਮੁਕਤੀ ਹੁੰਦੀ ਹੈ । ਇਸ ਦੇ ਉਲਟ ਗੁਰਮਤਿ ਅਨੁਸਾਰ ਪ੍ਰਾਣੀ ਨੇ ਜੀਂਦੇ ਜੀ ਜੋ ਖੁਦ ਖੱਟਿਆ ਕਮਾਇਆ ਅਤੇ ਜਰੂਰਤ-ਮੰਦ ਦੀ ਸਹਾਇਤਾ ਲਈ ਕੁੱਝ ਦਿੱਤਾ ਉਹੀ ਅੱਗੇ ਮਿਲਦਾ ਹੈ । ਗੁਰਮਤਿ ਅਤੇ ਹਿੰਦੂ ਮੱਤ ਵਿੱਚ ਮੁਕਤੀ ਦੇ ਵੀ ਵੱਖਰੇ ਵੱਖਰੇ ਅਰਥ ਹਨ । ਗੁਰਮਤਿ ਅਨੁਸਾਰ ਜੀਂਦੇ ਜੀਅ ਮਾਇਆ ਦੇ ਬੰਧਨਾ ਤੋਂ ਮੁਕਤ ਅਤੇ ਮਰਨ ਤੋਂ ਬਾਅਦ ਜੂਨਾਂ ਵਿੱਚ ਪੈਣ ਤੋਂ ਛੁੱਟ ਜਾਣ ਨੂੰ ਮੁਕਤ ਕਿਹਾ ਗਿਆ ਹੈ । ਪਰ ਹਿੰਦੂ ਮੱਤ ਅਨੁਸਾਰ ਪ੍ਰਾਣੀ ਪਰੇਤ ਜੂਨੀ ਵਿੱਚ ਪੈਂਦਾ ਹੈ ਅਤੇ ਮਰੇ ਪ੍ਰਾਣੀ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਮਰੇ ਪ੍ਰਾਣੀ ਨਮਿਤ ਕੀਤੀਆਂ ਗਈਆਂ ਕਿਰਿਆਵਾਂ ਦੇ ਜਰੀਏ ਬੰਦਾ ਪ੍ਰੇਤ ਜੂਨੀ ਵਿੱਚੋਂ ਨਿਕਲ ਕੇ ਕਿਸੇ ਜੂਨ ਵਿੱਚ ਪੈ ਜਾਂਦਾ ਹੈ, ਉਸ ਸਥਿਤੀ ਨੂੰ ਮੁਕਤੀ ਕਿਹਾ ਗਿਆ ਹੈ।ਮਰੇ ਪ੍ਰਾਣੀ ਨਮਿਤ ਜਿੰਨੇ ਵਧੀਆ ਭੋਜਨ ਬ੍ਰਹਮਣ ਨੂੰ ਛਕਾਏ ਜਾਣ, ਜਿੰਨਾ ਜਿਆਦਾ ਦਾਨ ਬ੍ਰਹਮਣ ਨੂੰ ਦਿੱਤਾ ਜਾਵੇ ਓਨੀ ਉੱਚੇ ਦਰਜੇ ਦੀ ਜੂਨ ਪ੍ਰਾਣੀ ਨੂੰ ਮਿਲਦੀ ਹੈ । ਪਰ ਗੁਰਮਤਿ ਅਨੁਸਾਰ ਪ੍ਰਾਣੀ ਨੇ ਜੀਂਦੇ ਜੀ ਜੋ ਕੰਮ ਕੀਤੇ ਹਨ ਉਸ ਆਧਾਰ ਤੇ ਪ੍ਰਭੂ ਦਾ ਹੁਕਮ ਚੱਲਦਾ ਹੈ ਅਤੇ ਪ੍ਰਭੂ ਹੀ ਜਾਣਦਾ ਹੈ ਕਿ ਜੀਵ ਜਨਮ ਮਰਨ ਤੋਂ ਮੁਕਤ ਹੈ ਜਾਂ ਜੂਨਾਂ ਵਿੱਚ ਪਏਗਾ । ਜਾਂ ਕਿਸ ਜੂਨ ਵਿੱਚ ਪਏਗਾ ।  
ਹਿੰਦੂ ਮੱਤ ਅਨੁਸਾਰ ਮਰੇ ਪ੍ਰਾਣੀ ਦੇ ਪਰਿਵਾਰ ਦੇ ਮੈਂਬਰ ਮੁਕਤੀ ਲਈ ਕੁਝ ਕਿਰਿਆਵਾਂ ਕਰਦੇ ਹਨ, ਇਸ ਲਈ ਮਰਨ ਤੋਂ ਬਾਅਦ ਮੁਕਤੀ ਦਾ ਸੰਕਲਪ ਹੈ । ਪਰ ਗੁਰਮਤਿ ਅਨੁਸਾਰ ਕਿਉਂਕਿ ਜੀਵ ਨੇ ਖੁਦ ਜੀਂਦੇ ਜੀਅ ਜੋ ਕੰਮ ਕੀਤੇ ਹਨ ਉਸ ਆਧਾਰ ਤੇ ਪ੍ਰਭੂ ਦਾ ਹੁਕਮ ਚੱਲਦਾ ਹੈ । ਇਸ ਲਈ ਗੁਰਮਤਿ ਜੀਂਦੇ ਜੀਅ ਮੁਕਤੀ ਦੀ ਹਾਮੀ ਹੈ । ਜੇ ਬੰਦੇ ਨੇ ਜੀਂਦੇ ਜੀਅ ਮੁਕਤੀ ਦੇ ਉਪਰਾਲੇ ਨਹੀਂ ਕੀਤੇ ਤਾਂ ਮਰਨ ਤੋਂ ਬਾਅਦ ਵੀ ਮੁਕਤੀ ਨਹੀਂ ਹੈ । ਗੁਰਮਤਿ ਅਨੁਸਾਰ ਮਰਨ ਤੋਂ ਬਾਅਦ ਕਿਸੇ ਹੋਰ ਦੁਆਰਾ ਕੀਤੀ ਗਈ ਕਿਸੇ ਵੀ ਕਿਰਿਆ ਦਾ ਲਾਭ ਮਰੇ ਪ੍ਰਾਣੀ ਨੂੰ ਹਾਸਲ ਨਹੀਂ ਹੋ ਸਕਦਾ-
ਜੇ ਮੋਹਾਕਾ ਘਰੁ ਮੁਹੇ ਘਰੁ ਮੁਹਿ ਪਿਤਰੀ ਦੇਇ
ਅਗੈ ਵਸਤ ਸਿਞਾਣੀਐ ਪਿਤਰੀ ਚੋਰ ਕਰੇ॥ਵਢੀਅਹਿ ਹਥ ਦਲਾਲ ਦੇ ਮੁਸਫੀ ਏਹ ਕਰੇਇ॥**
*ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ***॥” (ਪੰਨਾ-472)
ਇਸੇ ਤਰ੍ਹਾਂ ਧਰਮਰਾਜ, ਯਮਰਾਜ, ਅਜਰਾਈਲ ਆਦਿ ਲਫਜ ਮੁਹਾਵਰੇ ਵਜੋਂ ਵਰਤੇ ਗਏ ਹਨ।ਕਿਉਂਕਿ ਇਹ ਲਫਜ ਮੌਤ ਨਾਲ ਸੰਬੰਧਤ ਹਨ ਇਸ ਲਈ ਜਿੱਥੇ ਵੀ ਇਹ ਲਫਜ ਆਏ ਹਨ ਇਸ ਦਾ ਮਤਲਬ ਮੌਤ ਨਾਲ ਸੰਬੰਧਤ ਗੱਲ ਕੀਤੀ ਗਈ ਹੈ।
ਗੁ: ਸਿੰਘ- ਸਭ ਸਹਿਮਤ ਹਨ  ।
                                              -ਸਮਾਪਤ-
ਜਸਬੀਰ ਸਿੰਘ ਵਿਰਦੀ                                                                

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.