ਤਖਤਾਂ ਤੇ ਕਾਬਿਜ ਇਨ੍ਹਾਂ ਸਿਆਸੀ ਪਿਆਦਿਆਂ , ਅਤੇ ਮਹੰਤ ਨਰੈਣੂ ਵਿੱਚ ਹੁਣ ਕੀ ਫਰਕ ਰਹਿ ਗਇਆ ਹੈ ?
ਜੈਸਾ ਕਿ ਪਹਿਲਾਂ ਹੀ ਯਕੀਨ ਸੀ ਕਿ ਹਰਿਆਣਾਂ ਕਮੇਟੀ ਦੀ ਵੱਖਰੀ ਹੋਂਦ ਲਈ ਜਿੱਦੋ ਜਹਿਦ ਕਰਣ ਵਾਲੇ ਪੰਥ ਦਰਦੀਆਂ ਉੱਤੇ, ਅਕਾਲ ਤਖਤ ਤੇ ਕਾਬਿਜ ਸਿਆਸੀ ਮੁਹਰਿਆਂ ਦੇ ਕੁਹਾੜੇ ਦੀ ਅਖੀਰਲੀ ਸੱਟ , ਇਨ੍ਹਾਂ ਨੂੰ ਛੇਕੇ ਜਾਂਣ ਦੇ ਰੂਪ ਵਿੱਚ ਪੈਣੀ ਹੀ ਪੈਣੀ ਹੇ । ਸ਼੍ਰੋਮਣੀ ਕਮੇਟੀ ਤੇ ਕਾਬਿਜ ਅਤੇ ਅਕਾਲ ਤਖਤ ਨੂੰ ਅਪਣੇ ਹਿੱਤਾਂ ਲਈ ਵਰਤ ਰਹੇ, ਸਿਆਸੀ ਅੰਨਸਰਾਂ ਨੇ ਹਰ ਹੀਲਾ ਵਰਤ ਕੇ ਵੇਖ ਲਿਆ ,ਲੇਕਿਨ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋੰਦ ਵਿੱਚ ਆਂਉਣ ਤੋਂ ਉਹ ਰੋਕ ਨਹੀ ਸਕੇ। ਅਕਾਲੀਆਂ ਨੇ ਅਪਣੇ ਸਿਆਸੀ ਭਾਈਵਾਲਾਂ ਤੋਂ ਲੈ ਕੇ , ਭਾਰਤ ਦੇ ਰਾਸ਼ਟਰਪਤੀ ਤਕ ਪੂਰਾ ਜੋਰ ਲਾ ਲਿਆ , ਲੇਕਿਨ ਮੂੰਹ ਦੀ ਖਾ ਕੇ ਵਾਪਿਸ ਆ ਗਏ। ਹੁਣ ਇਨ੍ਹਾਂ ਬੁਖਲਾਏ ਹੋਏ ਪੰਥ ਵਿਰੋਧੀ ਅੰਨਸਰਾਂ ਕੋਲ ਇਕੋ ਇਕ ਹਥਿਆਰ ਬਚਿਆ ਸੀ, ਕਿ ਉਹ ਇਨ੍ਹਾਂ ਸਿੱਖ ਲੀਡਰਾਂ ਨੂੰ ਪੰਥ ਵਿੱਚੋਂ ਛੇਕ ਕੇ ਉੱਚੀ ਉੱਚੀ ਰੌਲਾ ਪਾ ਸਕਣ ਕਿ, "ਵਖਰੀ ਹਰਿਆਣਾਂ ਕਮੇਟੀ ਬਨਾਉਣ ਵਾਲੇ ਇਹ ਸਾਰੇ ਲੀਡਰ ਤਾਂ "ਅਕਾਲ ਤਖਤ ਤੋਂ ਬਾਗੀ" ਹਨ ਅਤੇ ਸਿੱਖੀ ਤੋਂ ਛੇਕੇ ਹੋਏ ਹਨ । ਇਨ੍ਹਾਂ ਨੂੰ ਕੋਈ ਸਿੱਖ ਮੂੰਹ ਨਾਂ ਲਾਏ । ਇਨ੍ਹਾਂ ਨੂੰ ਕੋਈ ਸਟੇਜ ਨਾਂ ਦਿੱਤੀ ਜਾਏ।" ਭਲਾ ਦਸੋ , ਕਿ ਇਹ ਕਿਥੋਂ ਦਾ ਕਾਨੂੰਨ ਹੈ ? ਅਤੇ ਇਹੋ ਜਹੇ ਕੂੜਨਾਮਿਆਂ ਦਾ ਸਿੱਖੀ ਵਿੱਚ ਕੀ ਅਸਥਾਨ ਹੈ ?
ਇਨ੍ਹਾਂ ਕਥਿਤ ਤੌਰ ਤੇ ਛੇਕੇ ਹੋਏ ਪੰਥ ਦਰਦੀਆਂ ਦਾ ਕਸੂਰ ਕੀ ਹੈ ? ਇਨ੍ਹਾਂ ਨੇ ਐਸਾ ਕੀ ਗੁਨਾਹ ਕਰ ਦਿਤਾ ਹੈ ਕਿ ਇਹ ਪੰਥ ਦੋਖੀ ਕਰਾਰ ਦੇ ਦਿੱਤੇ ਗਏ ਹਨ ? ਇਨ੍ਹਾਂ ਸਿੱਖਾਂ ਦਾ ਸਿਰਫ ਇੱਨਾਂ ਹੀ ਤਾਂ ਗੁਨਾਹ ਸੀ, ਕਿ ਇਹ ਹਰਿਆਣੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ , ਇਕ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਂ ਰਹੇ ਸਨ। ਇਸ ਜਿੱਦੋ ਜਹਿਦ ਵਿੱਚ ਇਨ੍ਹਾਂ ਸਿੱਖਾਂ ਨੇ ਅਪਣੇ ਜੀਵਨ ਦਾ ਇਕ ਬਹੁਤ ਵੱਡਾ ਹਿੱਸਾ ਖਰਚ ਕਰ ਦਿਤਾ ਹੈ। ਕੀ ਹੁਣ ਗੁਰਦੁਆਰਇਆਂ ਦੀ ਸੇਵਾ ਅਤੇ ਸੰਭਾਲ ਲਈ ਕੋਈ ਕਮੇਟੀ ਬਨਾਉਣਾਂ ਵੀ "ਪੰਥ ਵਿਰੋਧੀ ਕੰਮ" ਮੰਨਿਆ ਜਾਵੇਗਾ ? ਇਨ੍ਹਾਂ ਸਿਆਸੀ ਅੰਨਸਰਾਂ ਦੀ ਢਿੱਡ ਪੀੜ ਦਾ ਅਸਲ ਕਾਰਣ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਅਤੇ ਗੋਲਕ ਦੀ ਲੁੱਟ ਖਸੋਟ ਵਿੱਚ ਹੁਣ ਕਟੌਤੀ ਹੋ ਜਾਵੇਗੀ ਅਤੇ ਇਨ੍ਹਾਂ ਦੀ ਮੋਨੋਪਲੀ ਅਤੇ ਬੁਰਛਾਗਰਦੀ ਤੇ ਵੀ ਹੁਣ ਲਗਾਮ ਲੱਗ ਜਾਵੇਗੀ।
ਤਖਤਾਂ ਤੇ ਕਾਬਿਜ ਸਿਆਸੀ ਪਿਆਦਿਆਂ ਨੇ ਸਿੱਖੀ ਸਿਧਾਂਤ ਦੀਆਂ ਧੱਜੀਆਂ ਉਡਾਂਦੇ ਹੋਏ ਹਰਿਅਣਾਂ ਐਡਹਾਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ 'ਚੋਂ ਛੇਕਣ ਦਾ ਕੂੜਨਾਮਾਂ ਅੱਜ ਜਾਰੀ ਕਰ ਦਿਤਾ । ਇਹ ਕੂੜਨਾਮਾਂ ਨਾਂ ਕੇਵਲ ਸਿੱਖ ਸਿਧਾਂਤਾਂ ਦਾ ਘਾਂਣ ਕਰਦਾ ਹੈ , ਬਲਕਿ ਅਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਹ ਕੂੜਨਾਮਾਂ ਮਨੁਖੀ ਅਧਿਕਾਰਾਂ ਅਤੇ ਮਨੁਖੀ ਸਵੈਮਾਨ ਦੇ ਹਿਤਾਂ ਦਾ ਕਾਨੂੰਨੀ ਉਲੰਘਣ ਵੀ ਹੈ।
ਹਰਿਆਂਣਾ ਦੀ ਵੱਖਰੀ ਕਮੇਟੀ ਦਾ ਬਿਲ ਪਾਸ ਹੋ ਜਾਂਣ ਤੋਂ ਬਾਦ, ਅਤੇ ਹਰਿਆਣੇ ਦੇ ਰਾਜਪਾਲ ਵਲੋਂ ਮੰਨਜੂਰੀ ਮਿਲ ਜਾਂਣ ਤੋਂ ਬਾਦ ਇਹ ਕਾਨੂੰਨ ਦੀ ਸ਼ਕਲ ਲੈ ਚੁਕਾ ਹੈ। ਅਤੇ ਇਸ ਕਾਨੂੰਨ ਦੇ ਉਲਟ ਜਾ ਕੇ ਇਹ ਕੂੜਨਾਮਾਂ ਜਾਰੀ ਕਰਣ ਦਾ ਕੋਈ ਲਾਭ ਨਹੀ, ਅਕਾਲੀਏ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਂਣਦੇ ਹਨ । ਇਹ ਕੂੜਨਾਮਾਂ ਕੇਵਲ ਤੇ ਕੇਵਲ ਭੋਲੇ ਭਾਲੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਇਕ ਕੋਝਾ ਯਤਨ ਹੈ।ਅਕਾਲ ਤਖਤ ਨੂੰ ਅਪਣੇ ਹਿੱਤਾਂ ਲਈ ਵਰਤ ਰਹੇ ਇਨ੍ਹਾਂ ਅਨਸਰਾਂ ਨੇ , ਅਕਾਲ ਤਖਤ ਦੇ ਹੁਕਮਨਾਮਿਆਂ ਪ੍ਰਤੀ ਸਿੱਖਾਂ ਦੇ ਸਤਕਾਰ ਅਤੇ ਉਨ੍ਹਾਂ ਦੀ ਸ਼ਰਧਾਂ ਨੂੰ ਹਮੇਸ਼ਾਂ ਹੀ ਨਿਸ਼ਾਨਾਂ ਬਣਾਂ ਕੇ , ਅਪਣਾਂ ਉੱਲੂ ਸਿੱਧਾ ਕੀਤਾ ਹੇ। ਦਿੱਲੀ ਕਮੇਟੀ ਦੀਆਂ ਚੋਣਾਂ ਵੀ ਇਨ੍ਹਾਂ ਨੇ ਅਕਾਲ ਤਖਤ ਦੇ ਨਾਮ ਤੇ ਹੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਹੀ ਜਿੱਤੀਆਂ ਸਨ।
ਜੋ ਹੋਣਾਂ ਸੀ ਉਹ ਤਾਂ ਹੋ ਚੁਕਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਹਰਿਆਣਾਂ ਕਮੇਟੀ ਦੇ ਇਹ ਲੀਡਰ, ਜਿਨ੍ਹਾਂ ਦੇ ਖਿਲਾਫ ਇਹ ਸਿਆਸੀ ਕੂੜਨਾਮਾਂ ਜਾਰੀ ਹੋਇਆਂ ਹੈ, ਕੀ ਸਟੈੰਡ ਲੈਂਦੇ ਹਨ ? ਕੀ ਉਹ ਇਨ੍ਹਾਂ ਸਿਆਸੀ ਮੁਹਰਿਆਂ ਦੇ ਕੂੜਨਾਮੇ ਨੂੰ, ਹੋਰ ਭੇਡੂ ਸਿੱਖਾਂ ਵਾਂਗ "ਅਕਾਲ ਤਖਤ ਦਾ ਹੁਕਮਨਾਮਾਂ" ਮੰਨ ਕੇ ਅਕਾਲ ਤਖਤ ਦੇ ਸ਼ਰੀਕ ਬਣੇ , ਛੇਵੇਂ ਤਖਤ "ਸਕੱਤਰੇਤ" ਵਿਚ ਹਾਜਿਰ ਹੂੰਦੇ ਹਨ ? ਜਾਂ ਅਪਣੇ ਕਥਿਤ ਗੁਨਾਹਾਂ ਲਈ , ਮਾਫੀ ਮੰਗ ਕੇ ਇਨ੍ਹਾਂ ਬੁਰਛਾਗਰਦਾਂ ਦੀ ਹਿੱਮਤ ਵਿੱਚ ਹੋਰ ਵਾਧਾ ਕਰਦੇ ਹਨ ? ਜਾਂ ਸੰਗਤ ਦੀ ਕਚਹਿਰੀ ਵਿੱਚ ਜਾਕੇ , ਇਨ੍ਹਾਂ ਦੇ ਖਿਲਾਫ ਇਕ ਮੁਹਿਮ ਖੜੀ ਕਰਦੇ ਹਨ। ਜਾਂ ਇਨ੍ਹਾਂ ਸਭ ਤਰੀਕਿਆਂ ਤੋਂ ਹਟ ਕੇ, ਮਨੁਖੀ ਅਧਿਕਾਰਾਂ ਅਤੇ ਮਨੁਖੀ ਸਵੈਮਾਨ ਦੇ ਕਾਨੂੰਨ ਦਾ ਉਲੰਘਣ ਕਰਨ ਲਈ ਇਨ੍ਹਾਂ ਸਿਆਸੀ ਮੁਹਰਿਆਂ ਦੇ ਖਿਲਾਫ ਕੋਈ ਕਾਨੂੰਨੀ ਲੜਾਈ ਲੜਨ ਦੀ ਹਿੱਮਤ ਕਰਦੇ ਹਨ।
ਉਮੀਦ ਬਹੁਤ ਘੱਟ ਹੈ , ਕਿ ਇਸ ਕੂੜਨਾਮੇ ਦੇ ਖਿਲਾਫ ਇਹ ਲੀਡਰ ਕੋਈ ਮੁਹਿਮ ਖੜੀ ਕਰਣ ਗੇ , ਕਿਉ ਕਿ ਗੁਰਦੁਆਰਿਆਂ ਦੇ ਬਹੁਤਿਆਂ ਪ੍ਰਧਾਨਾਂ ਨੂੰ , ਮੈਂ ਬਿਨਾਂ ਕਿਸੇ ਕਾਰਣ , ਆਪਣੀਆਂ ਕੁਰਸੀਆਂ ਨੂੰ ਬਚਾਉਣ ਲਈ , ਇਨ੍ਹਾਂ "ਸਿਆਸੀ ਮੁਹਰਿਆਂ ਅਗੇ "ਸਕੱਤਰੇਤ" ਵਿਚ ਮੱਥੇ ਟੇਕਦੇ ਵੇਖਿਆ ਹੈ। ਸਰਨਾਂ ਭਰਾ ਇਸ ਦੀ ਜੀਂਉਦੀ ਜਾਗਦੀ ਮਿਸਾਲ ਹਨ , ਜੋ ਕਈ ਵਾਰ "ਸਕੱਤਰੇਤ " ਵਿੱਚ ਜਾਕੇ , ਇਨ੍ਹਾਂ ਅਖੌਤੀ "ਸਿੰਘ ਸਾਹਿਬਾਨਾਂ" ਕੋਲੋਂ ਅਪਣੀਆਂ ਕਥਿਤ ਭੁੱਲਾਂ ਬਖਸ਼ਾਂ ਚੁਕੇ ਹਨ। ਲੇਕਿਨ ਅਪਣੀ ਜਮੀਰ ਨੂੰ ਮਾਰ ਕੇ ਵੀ ਇਹ ਆਪਣੀ ਕੁਰਸੀ ਬਚਾ ਨਹੀ ਸਕੇ।ਹੁਣ ਇਹ ਲੀਡਰ ਪੰਥ ਦਾ ਸਾਥ ਲੈੰਦੇ ਹਨ ਕਿ ਦੂਜੇ ਪ੍ਰ੍ਰਧਾਨਾਂ ਦੇ ਪੂਰਨਿਆਂ ਤੇ ਚਲਦੇ ਹਨ ? ਇਹ ਤਾਂ ਵਕਤ ਹੀ ਦੱਸੇਗਾ ,ਲੇਕਿਨ ਇਸ ਗੈਰ ਸਿਧਾਂਤਕ ਅਤੇ ਗੈਰ ਕਾਨੂੰਨੀ ਕੂੜਨਾਮੇ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਤਖਤਾਂ ਤੇ ਕਾਬਿਜ ਇਨ੍ਹਾਂ ਸਿਆਸੀ ਪਿਆਦਿਆ ਅਤੇ ਮਹੰਤ ਨਰੈਣੂ ਵਿੱਚ ਹੁਣ ਕੋਈ ਫਰਕ ਨਹੀ ਰਹਿ ਗਇਆ ਹੈ, ਜੋ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਣ ਨੂੰ ਇਕ ਪੰਥ ਵਿਰੋਧੀ ਕਾਰਾ ਸਮਝਦੇ ਹਨ, ਅਤੇ ਐਸਾ ਕਰਣ ਵਾਲਿਆਂ ਨੂੰ ਵਾਲਿਆਂ ਨੂੰ ਪੰਥ ਤੋਂ ਛੇਕ ਸਕਦੇ ਹਨ।ਕਿਸੇ ਵੀ ਬਦਲਾਵ ਲਈ , ਕਿਸੇ ਲਹਿਰ ਖੜੀ ਕਰਨ ਦੀ ਜਰੂਰਤ ਹੂੰਦੀ ਹੈ । ਕਿਸੇ ਵੀ ਕ੍ਰਾਂਤੀ ਅਤੇ ਬਦਲਾਵ ਲਈ, ਬਲਿਦਾਨ ਦੀ ਜਰੂਰਤ ਹੂੰਦੀ ਹੈ , ਜੋ ਅੱਜ ਦੇ ਸਿੱਖ ਲੀਡਰਾਂ ਵਿੱਚ ਦੂਰ ਦੂਰ ਤਕ ਦਿਖਾਈ ਨਹੀ ਦੇੰਦੀ।
ਇੰਦਰਜੀਤ ਸਿੰਘ ਕਾਨਪੁਰ