" ਕਿਸੁ ਕਹੁ ਦੇਖਿ? ਕਰਉ ਅਨ ਪੂਜਾ ॥੭॥"
ਕਿਰਪਾਲ ਸਿੰਘ ਬਠਿੰਡਾ
ਰਣਜੀਤ ਅਖਾੜੇ ਵਾਲੇ ਸਤਿਕਾਰਯੋਗ ਵੀਰ ਸਿੱਖ ਨੌਜਵਾਨਾਂ ਨੂੰ ਮਾਰਸ਼ਲ ਆਰਟ 'ਗਤਕਾ' ਸਿਖਾਉਣ ਅਤੇ ਅਭਿਆਸ ਕਰਵਾਉਣ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ ਜਿਸ ਦੀ ਸ਼ਾਲਾਘਾ ਕਰਨੀ ਬਣਦੀ ਹੈ। ਪਰ ਸ਼ਸਤਰਾਂ ਦੀ ਪੂਜਾ ਗੁਰਮਤਿ ਨਹੀਂ ਮਨਮਤਿ ਹੈ ਇਸ ਲਈ ਅਫਸੋਸ ਹੈ ਕਿ ਮਿਸ਼ਨਰੀ ਕਹਾਉਣ ਵਾਲੇ ਕੁਝ ਵੀਰ ਵੀ ਸ਼ਸਤਰਾਂ ਦੀ ਪੂਜਾ ਵਿੱਚ ਸ਼ਾਮਲ ਹੋ ਕੇ ਮਨਮਤਿ ਦੇ ਭਾਈਵਾਲ ਬਣ ਰਹੇ ਹਨ।
ਸ਼ਾਇਦ ਇਨ੍ਹਾਂ ਵੀਰਾਂ ਨੂੰ ਭੁਲੇਖਾ ਤਖ਼ਤ ਸ਼੍ਰੀ ਹਜੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਸ਼ਸਤਰਾਂ ਦੀ ਨਿਤਾਪ੍ਰਤੀ ਹੁੰਦੀ ਪੂਜਾ ਤੋਂ ਲਗਦਾ ਹੋਵੇਗਾ ਜਿਹੜੇ ਕਿ ਸ਼ਸਤਰਾਂ ਦੀ ਪੂਜਾ ਨੂੰ ਦਸਮ ਗ੍ਰੰਥ ਦੀ ਤੁਕ:
"ਅਸਿ ਕ੍ਰਿਪਾਨ ਖੰਡੋ ਖੜਗ; ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ; ਯਹੈ ਹਮਾਰੈ ਪੀਰ ॥੩॥" {ਸਸਤ੍ਰ ਮਾਲਾ - ੩/(੨)}
ਭਾਵ: "ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ) ਤੀਰ, ਸੈਫ, ਸਰੋਹੀ ਅਤੇ ਸੈਹਥੀ (ਬਰਛੀ) (ਆਦਿਕ) ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ ॥੩॥ " ਸੁਣਾ ਕੇ ਗੁਰਮਤਿ ਦਾ ਨਾਮ ਦੇ ਰਹੇ ਹਨ। ਇਹ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨ ਦੀ ਬਹੁਤ ਵੱਡੀ ਸਾਜਿਸ਼ ਹੈ ਕਿਉਂਕਿ ਨਾ ਤਾਂ ਦਸਮ ਗ੍ਰੰਥ ਸਿੱਖਾਂ ਦਾ ਗੁਰੂ ਹੈ ਅਤੇ ਨਾ ਹੀ ਕੁਝ ਹਿੱਸੇ ਨੂੰ ਛੱਡ ਕੇ ਉਸ ਵਿੱਚ ਦਰਜ ਬਾਕੀ ਦੀ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਨਿਆ ਜਾ ਸਕਦਾ ਹੈ। ਸਿੱਖਾਂ ਨੇ ਸ਼ਸਤਰਾਂ ਨੂੰ ਗੁਰੂ ਪੀਰ ਨਹੀਂ ਮੰਨਣਾ ਬਲਕਿ ਇਨ੍ਹਾਂ ਦੀ ਯੋਗ ਵਰਤੋਂ ਕਰਕੇ ਮਜ਼ਲੂਮਾਂ 'ਤੇ ਜ਼ਬਰ ਕਰਨ ਵਾਲੇ ਜ਼ਾਲਮਾਂ ਨੂੰ ਸੋਧਾ ਲਾ ਕੇ ਧਰਮ ਦੀ ਰੱਖਿਆ ਕਰਨੀ ਹੈ।
ਜਰਾ ਸੋਚੋ ਜੇ ਇਹੀ ਹਥਿਆਰ ਡਾਕੂਆਂ, ਜ਼ਾਲਮਾਂ ਦੇ ਹੱਥਾਂ ਵਿੱਚ ਹੋਣ ਤਾਂ ਉਹ ਇਨ੍ਹਾਂ ਨਾਲ ਧਰਮ ਨਹੀ ਬਲਕਿ ਅਧਰਮ ਕਮਾਉਂਦੇ ਹਨ। ਜੇ ਸ਼ਸਤਰ ਹੀ ਗੁਰੂ ਪੀਰ ਹੁੰਦੇ ਤਾਂ ਇਨ੍ਹਾਂ ਪੀਰਾਂ ਨੇ ਜ਼ਾਲਮਾਂ, ਡਾਕੂਆਂ ਨੂੰ ਵੀ ਜ਼ੁਲਮ ਕਰਨ ਤੋਂ ਵਰਜ ਕੇ ਉਨ੍ਹਾਂ ਨੂੰ ਧਰਮ ਕਮਾਉਣ ਦੀ ਸਿਖਿਆ ਦੇਣੀ ਸੀ ਪਰ ਐਸੀ ਕੋਈ ਉਦਾਹਰਣ ਨਹੀਂ ਮਿਲਦੀ ਜਿੱਥੇ ਸ਼ਸਤਰਾਂ ਨੇ ਜ਼ਾਲਮਾਂ, ਡਾਕੂਆਂ ਨੂੰ ਧਰਮ ਦੀ ਸਿਖਿਆ ਦੇ ਕੇ ਉਨ੍ਹਾਂ ਦਾ ਜੀਵਨ ਬਦਲਿਆ ਹੋਵੇ। ਸੋ ਸਾਨੂੰ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਵਿਖੇ ਹੋ ਰਹੀ ਮਨਮਤਿ ਨੂੰ ਵੇਖ ਕੇ ਸਿਰਫ ਭੇਡਚਾਲ ਦੇ ਤੌਰ 'ਤੇ ਹੀ ਸ਼ਸਤਰਾਂ ਦੀ ਪੂਜਾ ਕਰਕੇ ਹੋਰ ਮਨਮਤਿ ਨਹੀਂ ਫੈਲਾਉਣੀ ਚਾਹੀਦੀ। ਹਰ ਕੰਮ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਜਰੂਰ ਲੈ ਲੈਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 'ਪੂਜਾ' ਸ਼ਬਦ ੧੦੫ ਵਾਰ ਆਇਆ ਹੈ। ਇੱਕ ਵੀ ਥਾਂ ਸ਼ਸਤਰਾਂ ਦੀ ਪੂਜਾ ਕਰਨ ਦਾ ਉਪਦੇਸ਼ ਨਹੀਂ ਹੈ ਬਲਕਿ ਬਹੁਤੀ ਵਾਰ ਸਥੂਲ ਵਸਤੂਆਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਤੋਂ ਵਰਜ ਕੇ ਕੇਵਲ ਇੱਕ ਅਕਾਲ, ਹਰੀ ਦੀ ਪੂਜਾ ਕਰਨ ਦਾ ਉਪਦੇਸ਼ ਹੈ:
"ਕਿਸੁ ਕਹੁ ਦੇਖਿ? ਕਰਉ ਅਨ ਪੂਜਾ ॥੭॥"
ਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ? ॥੭॥
ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ; ਮੜੈ ਮਸਾਣਿ ਨ ਜਾਈ ॥
ਜੋ ਵਿਅਕਤੀ ਹਰ ਕੰਮ ਆਉਣ ਵਾਲੀ ਵਸਤੂ ਨੂੰ ਪੂਜਣਾ ਸ਼ੁਰੂ ਕਰ ਦਿੰਦੇ ਹਨ ਉਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਤੋਂ ਜਰੂਰ ਸੇਧ ਲੈ ਲੈਣੀ ਚਾਹੀਦੀ ਹੈ:
"ਪੂਜੀਐ ਨ ਸੀਸੁ ਈਸੁ ਊਚੌ ਦੇਹੀ ਮੈ ਕਹਾਵੈ; ਪੂਜੀਐ ਨ ਲੋਚਨ ਦ੍ਰਿਸਟਿ ਦ੍ਰਿਸਟਾਂਤ ਕੈ।
ਪੂਜੀਐ ਨ ਸ੍ਰਵਨ ਦੁਰਤਿ ਸਨਬੰਧ ਕਰਿ; ਪੂਜੀਐ ਨ ਨਾਸਕਾ ਸੁਬਾਸ ਸ੍ਵਾਸ ਕ੍ਰਾਂਤ ਕੈ।
ਪੂਜੀਐ ਨ ਮੁਖ ਸ੍ਵਾਦ ਸਬਦ ਸੰਜੁਗਤ ਕੈ; ਪੂਜੀਐ ਨ ਹਸਤ ਸਕਲ ਅੰਗ ਪਾਂਤ ਕੈ॥" (ਕਬਿੱਤ 289)
ਭਾਵ: ਸਿਰਫ ਇਸ ਇੱਕੋ ਗੁਣ ਕਰਕੇ ਹੀ ਸਿਰ ਨਹੀਂ ਪੂਜਿਆ ਜਾਂਦਾ, ਕ੍ਯੋਂਕਿ ਸਰੀਰ ਅੰਦਰ ਇਹ ਉੱਚਾ ਅਖੌਂਦਾ ਹੈ ਤੇ ਇਸੇ ਕਰ ਕੇ ਹੀ ਦ੍ਰਿਸਟਿ ਦ੍ਰਿਸਟਾਂਤ ਕੈ ਨਿਗ੍ਹਾ ਭਰ ਕੇ ਤੱਕਨ ਵਾਲੇ ਹੋਣ ਕਾਰਣ ਲੋਚਨ ਨੇਤ੍ਰ ਭੀ ਨਹੀਂ ਪੂਜੇ ਜਾਂਦੇ। ਕੰਨ ਭੀ ਜੋ ਸੁਰਤਿ ਸੁਨਣ ਜੋਗ ਵਸਤੂਆਂ ਨਾਲ ਮੇਲ ਕਰਦੇ ਹਨ, ਨਹੀਂ ਪੂਜੇ ਜਾ ਸਕਦੇ ਏਸੇ ਕਰ ਕੇ ਹੀ ਅਤੇ ਨਾਸਾਂ ਨੱਕ ਭੀ ਜੋ ਸ੍ਵਾਸ ਦ੍ਵਾਰੇ ਸੁਗੰਧੀ ਨੂੰ 'ਕ੍ਰਾਂਤ ਕੈ' ਆਕਰਖਿਆ ਖਿਚਿਆ ਕਰਦਾ ਹੈ, ਨਹੀਂ ਪੂਜਿਆ ਜਾਂਦਾ ਇਸੇ ਕਰ ਕੇ, ਭਾਵ ਉੱਚੇ ਤੇ ਅੱਗੇ ਵਧੇ ਹੋਣ ਕਰ ਕੇ। ਮੂੰਹ ਭੀ ਜੋ ਸ੍ਵਾਦ ਅਤੇ ਸ਼ਬਦ ਬਚਨ ਬਿਲਾਸ ਨਾਲ ਸੰਜੁਗਤਿ ਕੈ ਸਬੰਧ ਪੌਂਦਾ ਰਹਿੰਦਾ ਹੈ, ਨਹੀਂ ਪੂਜਿਆ ਜਾਂਦਾ ਅਤੇ ਹੱਥ ਭੀ ਜੋ ਸਾਰਿਆਂ ਅੰਗਾਂ ਸਮੂਹ ਸ਼ਰੀਰ ਉਪਰ ਪਾਂਤ ਲਟਕਦੇ ਫਿਰਦੇ ਹਨ, ਭਾਵ ਸਰੀਰ ਭਰ ਨੂੰ ਮਾਪਨ ਵਾਲੇ ਹਨ, ਨਹੀਂ ਪੂਜੇ ਜਾਂਦੇ ਏਸੇ ਕਰ ਕੇ ਹੀ। ਨੇਤ੍ਰ, ਸ਼ਬਦ ਦੇ ਆਧਾਰ ਕੰਨ ਸੁਰਤਿ ਸ੍ਰੋਤ ਸ੍ਰੋਤਾਂ = ਰੋਮ ਕੂਪਾਂ ਦੀ ਆਧਾਰ ਭੁਤ ਤੁਚਾ ਇੰਦ੍ਰੀ, ਨਾਸਾਂ ਤਥਾ ਰਸਨਾ ਰਹਿਤ ਹੁਇ ਉਚੇ ਹੁੰਦੇ ਭੀ ਹੀਣੇ ਰਹਿ ਗਏ ਪੂਜਾ ਦੇ ਅਧਿਕਾਰੀ ਨਾ ਬਣ ਸੱਕੇ, ਪਰੰਤੂ ਨਵਨ ਮਹਾਂਤ ਕੈ ਨਿਊਣਤਾ ਦੇ ਮਹਾਤਮ ਕਰ ਕੇ ਪਦ+ਅਰਬਿੰਦ ਚਰਣ ਕਮਲ ਕਰ ਕੇ ਆਦਰ ਜੋਗ ਸਮਝ ਕੇ ਪੂਜੇ ਜਾਂਦੇ ਹਨ। ਅਥਵਾ ਦੇਖਣ ਬੋਲਣ ਸੁਨਣ ਸੁੰਘਨ ਤਥਾ ਸ੍ਵਾਦ ਤੋਂ ਰਹਿਤ ਹੀਣੇ ਹੁੰਦੇ ਭੀ ਨਿਊਣ ਦੇ ਮਹਾਤਮ ਕਰ ਕੇ ਚਰਣ ਕਮਲ ਕਰ ਕੇ ਪੂਜੇ ਜਾਂਦੇ ਹਨ ॥289॥
ਵੀਚਾਰ: ਸਿਰ ਸਮੂਹ ਦਿਮਾਗੀ ਸ਼ਕਤੀਆਂ ਦਾ ਸਥਾਨ ਹੁੰਦਾ ਹੋਇਆ ਅਤੇ ਨੇਤ੍ਰ ਸੋਤ੍ਰ ਆਦਿ ਸਭ ਹੀ ਅੰਗ ਦਿਮਾਗ ਦੇ ਸਹਾਈ ਹੋਣ ਕਰ ਕੇ ਆਪਣੀ ਆਪਣੀ ਥਾਂਵੇਂ ਮਹਾਨ ਉਤਮਤਾ ਦੇ ਪਾਤ੍ਰ ਹਨ, ਪਰ ਇਸਤੇ ਭੀ ਏਨਾਂ ਦੇ ਮੁਕਾਬਲੇ ਉਪਰ ਹਰ ਭਾਂਤ ਦੀ ਗਿਆਨ ਮਈ ਸ਼ਕਤੀ ਤੋਂ ਹੀਣੇ ਹੁੰਦੇ ਭੀ ਪੈਰ, ਨਿੰਮ੍ਰਤਾ ਕਾਰਣ ਪੂਜਨ ਜੋਗ ਥਾਪੇ ਗਏ ਹਨ, ਤਾਂ ਤੇ ਮਨੁੱਖ ਅਵਸ਼੍ਯ ਹੀ ਹਉਮੈ ਤਿਆਗ ਕੇ ਨਿੰਮ੍ਰਤਾ ਗ੍ਰੀਬੀ ਨੂੰ ਧਾਰਣ ਕਰੇ। ਐਸਾ ਭਾਵ ਸੂਚਨ ਕਰਾਯਾ।
ਭੇਡਚਾਲ ਤੋਂ ਪੀੜਤ ਜੇ ਕਰ ਫਿਰ ਵੀ ਕੋਈ ਵਿਅਕਤੀ ਸ਼ਸਤਰਾਂ ਦੀ ਪੂਜਾ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਲੋਕ ਉਨ੍ਹਾਂ 'ਤੇ ਪੂਰਾ ਢੁੱਕਦਾ ਵਿਖਾਈ ਦਿੰਦਾ ਹੈ
"ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥" {ਸਲੋਕ ਵਾਰਾਂ ਤੇ ਵਧੀਕ (ਮ: ੧) - ਪੰਨਾ ੧੪੧੨}