ਐਮਰਜੈਂਸੀ 75ਵੇਂ ਦੀ, ਸੰਘਰਸ਼ ਅਕਾਲੀਆਂ ਦਾ ਤੇ ਸਿਹਰਾ…?
ਗਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਕਾਂਗ੍ਰਸ-ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ੰਿਤੰਨ ਹਜ਼ਾਰ ਰਾਜਸੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ।
ਦਿੱਲੀ ਗੁਰਦੁਆਰਾ ਐਕਟ-1971 ਦੇ ਅਨੁਸਾਰ, ਇਸ ਤੋਂ ਕੁੱਝ ਸਮਾਂ ਹੀ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜ. ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿੱਚ ਲੜੀਆਂ ਸਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਤੇ ਉਹ ਪੂਰੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ। ਸ. ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜ. ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।
ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਣ ਤੋਂ ਬਾਅਦ, ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿਤਾ ਗਿਆ, ਉਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜ. ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜ. ਸੰਤੋਖ ਸਿੰਘ ਨੇ ਇਸ ਸਬੰਧ ਵਿੱਚ ਜ. ਗੁਰਚਰਨ ਸਿੰਘ ਟੋਹੜਾ ਨੂੰ ਸਾਰੀ ਗਲ ਦਸਦਿਆਂ, ਉਨ੍ਹਾਂ ਨਾਲ ਵਿਸਥਾਰ ਨਾਲ ਗਲ ਕੀਤੀ। ਜ. ਟੋਹੜਾ ਨੇ ਸਾਰੀ ਗਲ ਸਮਝਦਿਆਂ, ਪਹਿਲਾਂ ਆਪਣੇ ਭਰੋਸੇਯੋਗ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਸ ਤੋਂ ਬਾਅਦ ਉਨ੍ਹਾਂ ਜ. ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿਤੀ। ਜ. ਟੌਹੜਾ ਪਾਸੋਂ ਪ੍ਰਵਾਨਗੀ ਲੈਣ ਤੋਂ ਬਾਅਦ ਜ. ਸੰਤੋਖ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁੱਝ ਸਿੱਖ ਪਤਵੰਤਿਆਂ ਨੂੰ ਨਾਲ ਲੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁਜੇ ਅਤੇ ਉਥੇ ਜਾ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ।
ਹੈਰਾਨੀ ਦੀ ਗਲ ਇਹ ਰਹੀ ਕਿ ਜ. ਸੰਤੋਖ ਸਿੰਘ ਨੇ ਇਹ ਐਲਾਨ, ਜ. ਗੁਰਚਰਨ ਸਿੰਘ ਟੋਹੜਾ ਨਾਲ ਗਲ ਕਰਕੇ ਅਤੇ ਉਨ੍ਹਾਂ ਵਲੋਂ ਪ੍ਰਗਟ ਕੀਤੀ ਗਈ ਸਹਿਮਤੀ ਦੇ ਆਧਾਰ ਤੇ ਕੀਤਾ ਸੀ, ਪਰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜ. ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ ਕੇ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕਢ ਦਿਤਾ ਗਿਆ।
ਜ. ਸੰਤੋਖ ਸਿੰਘ ਨੇ ਉਸੇ ਸਮੇਂ ਐਮਰਜੈਂਸੀ ਦੇ ਮੁੱਦੇ ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ, ਆਪਣੇ ਸਾਥੀਆਂ ਨੂੰ ਦਸਿਆ ਕਿ ਉਨ੍ਹਾਂ ਇਹ ਸਮਰਥਨ ਜ. ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਹੈ, ਦੂਸਰਾ, ਇਸਦਾ ਕਾਰਣ ਇਹ ਸੀ ਕਿ ਜੋ ਕੁੱਝ ਅਕਾਲੀ ਦਲ ਵਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਸਕਿਆ, ਉਹ ਬਿਨਾ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇੱਕ ਸਾਥੀ ਨੇ ਪੁਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜ. ਸੰਤੋਖ ਸਿੰਘ ਨੇ ਉੱਤਰ ਦਿਤਾ ਕਿ ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁਕਰਦੀ ਹੈ ਤਾਂ ਉਨ੍ਹਾਂ ਵਿਰੁਧ ਮੋਰਚਾ ਲਾਏ ਜਾਣ ਦੇ ਸਬੰਧ ਵਿੱਚ ਪੰਥ ਪਾਸ ਮਜ਼ਬੂਤ ਆਧਾਰ ਹੋਵੇਗਾ।
ਇਸ ਸਬੰਧ ਵਿੱਚ ਕੁੱਝ ਬੁੱਧੀਜੀਵੀਆਂ ਦਾ ਵੀ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿੱਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿੱਚ ਰੁਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰਕੇ, ਕੁੱਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ਼ ਸਿਰਜ ਲੈਂਦੀਆਂ ਰਹੀਆਂ, ਜਿਸ ਵਿੱਚ ਉਹ ਨਾ ਕੇਵਲ ਆਪਣੀ ਤਾਕਤ ਨੂੰ ਇਕਠਿਆਂ ਕਰਦੀਆਂ, ਸਗੋਂ ਉਸਨੂੰ ਵਧਾਉਂਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਨੌਤੀ ਦੇ ਸਕਣ। ਪਰ ਅਜਿਹਾ ਨਹੀਂ ਹੋ ਸਕਿਆ: ਸ਼੍ਰੋਮਣੀ ਅਕਾਲੀ ਦਲ ਵਲੋਂ ਇੱਕ ਸਾਂਝਾ ਐਲਾਨ-ਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿਤਾ ਗਿਆ। ਜ. ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅਜ ਦਾ ਪੰਜਾਬ ਤੇ ਸਿੱਖ ਰਾਜਨੀਤੀ’ ਅਨੁਸਾਰ ਇਸ ਐਲਾਨ-ਨਾਮੇ ਵਿੱਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਸੰਗਰਾਮ ਵਿੱਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ, ਅਣਗਿਣਤ ਕੁਰਬਾਨੀਆਂ ਕੀਤੀਆਂ, ਅੱਜ ਫਿਰ ਦੇਸ਼ ਉਤੇ ਅਕਾਰਨ ‘ਅੰਦਰੂਨੀ ਐਮਰਜੈਂਸੀ’ ਠੌਂਸੀ ਹੋਣ ਕਰਕੇ ਦੇਸ਼ ਵਿੱਚ ਇੱਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰਖ ਦਿਤਾ ਗਿਆ ਹੈ ਅਤੇ ਜਨਤਾ ਦੇ ਮੁਢਲੇ ਹੱਕਾਂ ਉਤੇ ਛਾਪਾ ਮਾਰਿਆ ਗਿਆ ਹੈ ਤੇ ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਸਨੂੰ ਵੀ ਮਲੀਆਮੇਟ ਕੀਤਾ ਜਾ ਚੁਕਾ ਹੈ। …’ ਇਸਤੋਂ ਅਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਪਹਿਲੇ ਦਿਨ ਹੀ ਸ. ਪ੍ਰਕਾਸ਼ ਸਿੰਘ ਬਾਦਲ, ਜ. ਗੁਰਚਰਨ ਸਿੰਘ ਟੋਹੜਾ, ਜ. ਜਗਦੇਵ ਸਿੰਘ ਤਲਵੰਡੀ, ਸ. ਆਤਮਾ ਸਿੰਘ, ਸ. ਬਸੰਤ ਸਿੰਘ ਖਾਲਸਾ ਆਦਿ ਅਕਾਲੀ ਨੇਤਾ ਆਪਣੇ-ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰ ਅਣਮਿਥੇ ਸਮੇਂ ਲਈ ਜੇਲ੍ਹ ਚਲੇ ਗਏ। ਉਨ੍ਹੀਂ (19) ਮਹੀਨੇ ਚਲੇ ਇਸ ਮੋਰਚੇ ਦੌਰਾਨ ਲਗਭਗ, 43, 000 ਸਿੱਖ ਗ੍ਰਿਫਤਾਰ ਹੋਏ।
ਪ੍ਰਾਪਤੀਆਂ: ਇਤਨੀਆਂ ਗ੍ਰਿਫਤਾਰੀਆਂ ਦੇ ਕੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿੱਖ ਕੌਮ ਨੂੰ ਸਿਲਾ ਕੀ ਮਿਲਿਆ? ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਕੀਤਾ ਜਾਇਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿੱਚ ਹੀ ਨਹੀਂ, ਸਗੋਂ ਕੇਂਦਰ ਵਿੱਚ ਵੀ ਗ਼ੈਰ-ਕਾਂਗ੍ਰਸੀ ਸਰਕਾਰਾਂ ਬਣੀਆਂ, ਪੰਜਾਬ ਵਿੱਚ ਅਕਾਲੀ ਆਪ ਸੱਤਾ ਵਿੱਚ ਆਏ ਤੇ ਕੇਂਦਰ ਵਿੱਚ ਵੀ ਉਨ੍ਹਾਂ ਭਾਈਵਾਲੀ ਕੀਤੀ। ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਉਨ੍ਹਾਂ ਮਸੱਲਿਆਂ ਨੂੰ ਹਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁਧ ਮੋਰਚਾ ਲਾਉਂਦਿਆਂ ਐਲਾਨ-ਨਾਮੇ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ 43 ਹਜ਼ਾਰ ਸਿੱਖ ਜੇਲ੍ਹ ਵਿੱਚ ਗਏ ਅਤੇ ਕਈ ਜੇਲ੍ਹ ਵਿੱਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁਖ ਮਾਣਿਆ, ਜੋ ਝੰਝਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ, ਰਾਜਸੀ ਆਗੂ ਹੋਣ ਕਾਰਣ ‘ਵਿਸ਼ੇਸ਼ ਵੀ ਆਈ ਪੀ’ ਸੈੱਲਾਂ ਵਿੱਚ ਰਹਿ ‘ਵਿਸ਼ੇਸ਼ ਸਹੂਲਤਾਂ’ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।
ਮਾਨਤਾ ਵੀ ਨਹੀਂ ਮਿਲ ਸਕੀ: ਇਹ ਗਲ ਸ਼ਾਇਦ ਕੋਈ ਨਹੀਂ ਜਾਣਦਾ, ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਉਸਦੀ ਅਰੰਭਤਾ ਤੋਂ ਸਮਾਪਤੀ ਤਕ ਲਾਏ ਗਏ ਮੋਰਚੇ ਅਤੇ ਉਸ ਵਿੱਚ ਸਿੱਖਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗ੍ਰਸ-ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪਧੱਰ ਤੇ ਕੋਈ ਮਾਨਤਾ ਨਹੀਂ ਦਿਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿੱਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ, ਜੋ ਜੇਲ੍ਹ ਵਿੱਚ ਜਾ ਬੈਠੇ ਸਨ ਜਾਂ ਗ੍ਰਿਫਤਾਰੀਆਂ ਤੋਂ ਡਰਦਿਆਂ ਜਾਂ ਤਾਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫੀ ਮੰਗ ਰਾਜਨੀਤੀ ਤੋਂ ਤੋਬਾ ਕਰ ਘਰ ਬੈਠ ਗਏ ਸਨ।
…ਅਤੇ ਅੰਤ ਵਿੱਚ: ਕੁੱਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ ਤੇ ਸ਼ਕਤੀਸ਼ਾਲੀ ਲੋਕਤੰਤਰ ਦਿਵਸ’ ਮੰਨਾਉਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਹੋਏ ਸਮਾਗਮ ਵਿੱਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੇ ਕਈ ਮੁੱਖੀ ਸ਼ਾਮਲ ਹੋਏ। ‘ਐਮਰਜੈਂਸੀ ਵਿਰੁਧ ਸੰਘਰਸ਼ ਦਾ ਬਿਗੁਲ ਵਜਾਣ’ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਲਿਆ ਗਿਆ ਅਤੇ ਭਾਜਪਾ ਵਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਕਰਦਿਆਂ ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਗਿਆ।
ਪਰ ਹੈਰਾਨੀ ਵਾਲੀ ਗਲ ਇਹ ਰਹੀ ਕਿ ਇਸ ਸਮਾਗਮ ਵਿੱਚ ਅਕਾਲੀਆਂ ਨਾਲ ਭਾਈਵਾਲੀ ਕਰ, ਪੰਜਾਬ ਵਿੱਚ ਸੱਤਾ-ਸੁੱਖ ਮਾਣ ਰਹੇ ਭਾਜਪਾ ਨੇਤਾਵਾਂ ਨੇ ਐਮਰਜੈਂਸੀ ਵਿਰੁਧ ਉਸਦੀ ਸਮਾਪਤੀ ਤਕ ਮੋਰਚਾ ਲਾਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁੱਖੀਆਂ ਨੂੰ ਨਾ ਤਾਂ ਬੁਲਾਇਆ, ਨਾ ਪੁਛਿਆ ਅਤੇ ਨਾ ਹੀ ਐਮਰਜੈਂਸੀ ਵਿਰੁਧ ਉਨ੍ਹਾਂ ਵਲੋਂ ਕੀਤੇ ਗਏ ਸੰਘਰਸ਼ ਦਾ ਜ਼ਿਕਰ ਹੀ ਕੀਤਾ, ਜੇਲ੍ਹ ਜਾਣ ਵਾਲੇ ਤੇ ਸ਼ਹੀਦੀਆਂ ਦੇਣ ਵਾਲੇ ਉਨ੍ਹਾਂ ਸਿੱਖਾਂ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਉਹ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਦੇਸ਼ ਦੀ ਸੱਤਾ ਪੁਰ ਕਾਬਜ਼ ਹੋਏ ਸਨ। 000
ਜਸਵੰਤ ਸਿੰਘ ‘ਅਜੀਤ’
ਫੋਨ : +91 95827 19890 / + 91 98689 17731)