ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਹਰ ੮ ਮਿੰਟ ਬਾਅਦ ਇੱਕ ਮੁੰਡਾ ਜਾਂ ਕੁੜੀ ਨਸ਼ਿਆਂ ਦੀ ਓਵਰ ਡੋਜ਼ ਨਾਲ ਮਰ ਰਹੇ ਹਨ: ਬਲਤੇਜ ਪੰਨੂੰ
ਹਰ ੮ ਮਿੰਟ ਬਾਅਦ ਇੱਕ ਮੁੰਡਾ ਜਾਂ ਕੁੜੀ ਨਸ਼ਿਆਂ ਦੀ ਓਵਰ ਡੋਜ਼ ਨਾਲ ਮਰ ਰਹੇ ਹਨ: ਬਲਤੇਜ ਪੰਨੂੰ
Page Visitors: 2741

ਹਰ ੮ ਮਿੰਟ ਬਾਅਦ ਇੱਕ ਮੁੰਡਾ ਜਾਂ ਕੁੜੀ ਨਸ਼ਿਆਂ ਦੀ ਓਵਰ ਡੋਜ਼ ਨਾਲ ਮਰ ਰਹੇ ਹਨ: ਬਲਤੇਜ ਪੰਨੂੰ
  ਜਿਨ੍ਹਾਂ ਨਸ਼ੇੜੀਆਂ ਨੂੰ ਕੌਂਸਲਿੰਗ ਅਤੇ ਨਸ਼ੇ ਮੈਡੀਕਲ ਸਹਾਇਤਾ ਦੀ ਲੋੜ ਸੀ ਉਨ੍ਹਾਂ ਨੂੰ ਫੜ ਕੇ ਠਾਣਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਪਰ ਨਸ਼ਾ ਵੇਚਣ ਵਾਲਿਆਂ ਦਾ ਪਤਾ ਹੀ ਨਹੀਂ ਕਿ ਉਹ ਕਿੱਥੇ ਸੁਰੱਖਿਅਤ ਬੈਠੇ ਹਨ
ਬਠਿੰਡਾ ੨ ਜੁਲਾਈ (ਕਿਰਪਾਲ ਸਿੰਘ): ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਤੀਜਾ ਸਾਲਾਨਾ ਸਿੱਖ ਵਿਰਸਾ ਡੇ ੨੯ ਜੂਨ ਨੂੰ ਮਨਾਇਆ ਗਿਆ ਸੀ ਜਿਸ ਦਾ ਉਦਘਾਟਨ ਸਵੇਰੇ ੧੧ ਵਜੇ ਹੋਇਆ। ਉਪ੍ਰੰਤ ੧੪ ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀਆਂ ਦੀਆਂ ਗਰੁੱਪਵਾਈਜ਼ ਰੇਸਾਂ, ਢਾਢੀ ਦਰਬਾਰ, ਕਵਿਤਾਵਾਂ, ਦਸਤਾਰ ਮੁਕਾਬਲੇ, ਕਵੀਸ਼ਰੀ, ਕਬੱਡੀ ਤੇ ਬੱਚਿਆਂ ਲਈ ਗੁਰਮਤਿ ਵੀਚਾਰਾਂ ਹੋਈਆਂ। ਦੁਪਹਿਰ ੧.੩੦ ਵਜੇ ਕੈਨੇਡਾ ਅਤੇ ਪੰਜਾਬ ਵਿੱਚ ਨਸ਼ਿਆਂ ਦੀ ਦਿਨੋ ਦਿਨ ਵਧ ਰਹੀ ਤਸਕਰੀ, ਵਰਤੋਂ, ਨਸ਼ਿਆਂ ਦੇ ਸਿਹਤ ਅਤੇ ਸਮਾਜ 'ਤੇ ਪੈ ਰਹੇ ਬੁਰੇ ਪ੍ਰਭਾਵ ਦੀ ਜਾਣਕਾਰੀ ਦੇਣ ਲਈ ਭਾਸ਼ਣ ਹੋਏ।
ਸ਼ੁਰੂਆਤ ਜੌਹਨ ਸੈਂਡਰਸਨ ਦੇ ਭਾਸ਼ਣ ਨਾਲ ਹੋਈ ਉਪ੍ਰੰਤ ਗੁਰਬਖ਼ਸ਼ ਸਿੰਘ ਮੱਲ੍ਹੀ ਅਤੇ ਐੱਮਪੀ ਵਿਕ ਢਿੱਲੋਂ ਨੇ ਸੰਖੇਪ ਜਿਹੇ ਭਾਸ਼ਣ ਦਿੱਤੇ। ਮੁੱਖ ਬੁਲਾਰੇ ਵਜੋਂ ਪਹੁੰਚੇ ਬਲਤੇਜ ਸਿੰਘ ਪੰਨੂੰ ਨੇ ਨਸ਼ਿਆਂ ਦੀ ਭਿਆਨਕਤਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ੮ ਮਿੰਟ ਬਾਅਦ ਇੱਕ ਮੁੰਡਾ ਜਾਂ ਕੁੜੀ ਨਸ਼ਿਆਂ ਦੀ ਓਵਰ ਡੋਜ਼ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਸਬੰਧੀ ਵਿਖਾਈ ਜਾ ਰਹੀ ਲਾਪ੍ਰਵਾਹੀ ਪ੍ਰਤੀ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪਰਗਟ ਕੀਤੇ ਗੁੱਸੇ ਅਤੇ ਚੋਣ ਨਤੀਜਿਆਂ ਉਪ੍ਰੰਤ ਪੰਜਾਬ ਸਰਕਾਰ ਦੀ ਕਝ ਅੱਖ ਖੁਲ੍ਹੀ ਤੇ ਫੁਰਤੀ ਵਿਖਾਉਣ ਹਿੱਤ ਉਨ੍ਹਾਂ ਨਸ਼ੇੜੀਆਂ; ਜਿਨ੍ਹਾਂ ਨੂੰ ਨਸ਼ੇ ਛੱਡਣ ਲਈ ਤਿਆਰ ਕਰਨ ਵਾਸਤੇ ਕੌਂਸਲਿੰਗ ਅਤੇ ਮੈਡੀਕਲ ਸਹਾਇਤਾ ਦੀ ਲੋੜ ਸੀ ਉਨ੍ਹਾਂ ਨੂੰ ਫੜ ਕੇ ਠਾਣਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਪਰ ਜਿਹੜੇ ਨਸ਼ਿਆਂ ਦੀ ਵੱਡੇ ਪੱਧਰ 'ਤੇ ਤਸਕਰੀ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਹੋਣਾ ਚਾਹੀਦਾ ਸੀ ਉਨ੍ਹਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਹਾਲਾਂ ਕਿ ਉਨ੍ਹਾਂ ਸਬੰਧੀ ਸਾਰਾ ਜੱਗ ਜਾਣਦਾ ਹੈ ਕਿ ਉਹ ਕੌਣ ਹਨ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਪਿੰਡ ਵਿੱਚ ਦਿੱਤੇ ਭਾਸ਼ਣ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਿਯੋਗ ਕਰਨ ਅਤੇ ਇਸ ਸਬੰਧੀ ਆਪਣੇ ਪਿੰਡ ਦੇ ਬਾਹਰ ਸਾਈਨ ਬੋਰਡ ਲਾ ਦੇਣ ਕਿ ਇਹ ਪਿੰਡ ਨਸ਼ਾ ਮੁਕਤ ਹੈ।
ਸ: ਪੰਨੂੰ ਨੇ ਬਾਦਲ ਦੇ ਇਸ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਬਾਦਲ ਸਾਹਿਬ! ਸਾਈ ਬੋਰਡ ਲਾਉਣ ਦੀ ਲੋੜ ਨਹੀਂ; ਜਿਸ ਪਿੰਡ ਵਿੱਚੋਂ ਤੁਸੀਂ ਠੇਕਾ ਚੁਕਵਾ ਦਿਓਗੇ ਉਹ ਪਿੰਡ ਹੀ ਨਸ਼ਾ ਮੁਕਤ ਹੋ ਜਾਵੇਗਾ। ਸ: ਪੰਨੂੰ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੋਰਟ ਦੇ ਹੁਕਮ ਅਦੂਲੀ ਸਭ ਤੋਂ ਵੱਡਾ ਗੁਨਾਹ ਹੈ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਇੱਕ ਸਾਲ ਤੋਂ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਹਾਈ ਵੇ ਸੜਕਾਂ ਦੇ ਕਿਨਾਰੇ  ਸ਼ਰਾਬ ਦਾ ਕੋਈ ਵੀ ਠੇਕਾ ਨਹੀਂ ਹੋਣਾ ਚਾਹੀਦਾ ਇਸ ਦੇ ਬਾਯੂਦ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਪੰਜਾਬ ਵਿੱਚ ਹਾਲਾਤ ਇਹ ਹਨ ਕਿ ਕਿਸੇ ਥਾਂ ਦੀ ਲੋਕੇਸ਼ਨ ਦੱਸਣ ਲਈ ਟੀਪੀਐੱਸ (ਠੇਕਾ ਪੋਜੀਸ਼ਨ ਸਰਵਿਸ) ਦੀ ਵਰਤੋਂ ਕੀਤੀ ਜਾਂਦੀ ਹੈ। ਭਾਵ ਕੋਈ ਲੋਕੇਸ਼ਨ ਦੱਸਣ ਲਈ ਦੱਸਿਆ ਜਾਂਦਾ ਹੈ ਕਿ ਮੁੱਖ ਸੜਕ 'ਤੇ ਦੋ ਠੇਕੇ ਆਉਣਗੇ ਉਸ ਤੋਂ ਅੱਗੇ ਇੱਕ ਹੋਰ ਠੇਕਾ ਆਏਗਾ ਉਸ ਨੂੰ ਛੱਡ ਕੇ ਸਿੱਧਾ ਚਲੇ ਜਾਣਾ ਅਗਲੇ ਠੇਕੇ ਤੋਂ ਖੱਬੇ ਪਾਸੇ ਮੁੜ ਜਾਣਾ ਫਿਰ ਇੱਕ ਠੇਕਾ ਆਏਗਾ ਉਸ ਤੋਂ ਥੋਹੜੀ ਦੂਰ ਮੇਰਾ ਘਰ ਹੈ।
ਸਲਮਾਨ ਖਾਨ ਦੀ ਫਿਲਮ ਦੇ ਇੱਕ ਡਾਇਲਾਗ ਜਿਸ ਵਿੱਚ ਸਲਮਾਨ ਖਾਨ ਨੇ ਕਿਹਾ ਸੀ ਕਿ ਮੇਰਾ ਧੰਨਵਾਦ ਬੇਸ਼ੱਕ ਨਾ ਕਰ ਪਰ ਮੇਰਾ ਸੰਦੇਸ਼ ਅੱਗੇ ਤਿੰਨ ਬੰਦਿਆਂ ਨੂੰ ਪਹੁੰਚਾ ਦੇਣਾ ਅਤੇ ਉਨ੍ਹਾਂ ਨੂੰ ਕਹਿਣਾ ਕਿ ਉਹ ਅੱਗੋਂ ਤਿੰਨ ਤਿੰਨ ਹੋਰ ਬੰਦਿਆਂ ਨੂੰ ਇਹੋ ਸੰਦੇਸ਼ ਦੇ ਦੇਣ; ਦੀ ਉਦਾਹਰਣ ਦਿੰਦਿਆਂ ਸ: ਪੰਨੂੰ ਨੇ ਕਿਹਾ ਕਿ ਹੋਰ ਭਾਵੇਂ ਕਿਸੇ ਨੇ ਇਸ ਡਾਇਲਾਗ ਨੂੰ ਅਪਣਾਇਆ ਹੋਵੇ ਜਾਂ ਨਾ ਪਰ ਨਸ਼ਾ ਵੇਚਣ ਵਾਲੇ ਇਸ ਦੀ ਖ਼ੂਬ ਵਰਤੋਂ ਕਰ ਰਹੇ ਹਨ। ਭਾਵ ਉਹ ਆਪਣੇ ਜਾਣਕਾਰਾਂ ਨੂੰ ਨਸ਼ਿਆਂ ਦੀ ਚੇਟਕ ਲਾਉਣ ਲਈ ਇੱਕ ਦੋ ਦਿਨ ਨਸ਼ਾ ਮੁਫਤ ਦੇ ਦਿੰਦੇ ਹਨ। ਤੀਸਰੇ ਦਿਨ ਜਦੋਂ ਉਸ ਦੇ ਸਰੀਰ ਨੂੰ ਨਸ਼ੇ ਦੀ ਤੋੜ ਜਿਹੀ ਲਗਦੀ ਹੈ ਤਾਂ ਉਹ ਖ਼ੁਦ ਨਸ਼ੇ ਦੀ ਮੰਗ ਕਰਨ ਲੱਗ ਪੈਂਦਾ ਹੈ ਜਦੋਂ ਉਹ ਪੂਰਾ ਨਸ਼ੇੜੀ ਬਣ ਜਾਂਦਾ ਹੈ ਤਾਂ ਉਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੇਰੀ ਇੱਕ ਪੁੜੀ ਪੱਕੀ ਪਰ ਤੂੰ ਇੰਨੀਆਂ ਪੁੜੀਆਂ ਅੱਗੇ ਹੋਰ ਵੇਚਣੀਆਂ ਹਨ। ਇਸ ਤਰ੍ਹਾਂ ਉਹੀ ਤਰੀਕਾ ਵਰਤਦੇ ਹੋਏ ਨਸ਼ੇ ਸਪਲਾਈ ਕਰਨ ਲਈ ਆਪਣੇ ਅੱਗੇ ਤੋਂ ਅੱਗੇ ਸੈੱਲ ਤਿਆਰ ਕਰੀ ਜਾਂਦੇ ਹਨ। ਇਸ ਜਾਲ ਵਿੱਚ ਫਸੇ ੧੪ ਸਾਲ ਦੇ ਬੱਚੇ ਨਸ਼ਾ ਵੇਚ ਰਹੇ ਹਨ ਅਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਟਿਆਲੇ ਦੇ ਇੱਕ ਨਸ਼ਾ ਛਡਾਊ ਕੈਂਪ ਵਿੱਚ ਨਸ਼ਿਆਂ ਦਾ ਆਦੀ ੯ ਸਾਲ ਦਾ ਬੱਚਾ ਭਰਤੀ ਹੋਇਆ। ਉਨ੍ਹਾਂ ਦੇ ਮਾਤਾ ਪਿਤਾ ਨੂੰ ਇਹ ਪਤਾ ਵੀ ਨਹੀਂ ਲੱਗਿਆ ਕਿ ਉਹ ਨਸ਼ੇ ਸੇਵਨ ਕਰਨ ਦਾ ਆਦੀ ਕਦੋਂ ਅਤੇ ਕਿਵੇਂ ਬਣ ਗਿਆ? ਸ: ਪੰਨੂੰ ਨੇ ਕਿਹਾ ਇਸ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਆਪਣੇ ਬੱਚਿਆਂ ਦੀਆਂ ਗਤੀ ਵਿਧੀਆਂ 'ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ। ਸਾਨੂੰ ਇਹ ਨਹੀਂ ਸੋਚਣਾਂ ਚਾਹੀਦਾ ਕਿ ਮੇਰਾ ਬੱਚਾ ਨਸ਼ੇ ਨਹੀਂ ਕਰਦਾ, ਮੇਰੇ ਦੋਸਤਾਂ ਰਿਸ਼ਤੇਦਾਰਾਂ ਦੇ ਬੱਚੇ ਨਸ਼ੇ ਨਹੀਂ ਕਰਦੇ ਇਸ ਲਈ ਸਾਨੂੰ ਕੀ?
ਸੁਰਜੀਤ ਪਾਤਰ ਦਾ ਇੱਕ ਸ਼ੇਅਰ ''ਵੱਜੀ ਜੇ ਤੇਰੇ ਕਾਲਜੇ 'ਚ ਛੁਰੀ ਨਹੀਂ; ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ'' ਸੁਣਾਉਂਦੇ ਹੋਏ ਸ: ਪੰਨੂੰ ਨੇ ਕਿਹਾ ਅਡਵਰਟਾਈਜ਼ਿੰਗ ਪੇਪਰਾਂ ਵਾਂਗ ਤੁਹਾਡੇ ਘਰ ਦੇ ਲੈਟਰ ਬੌਕਸ ਤੱਕ ਨਸ਼ਿਆਂ ਦੀ ਦਸਤਕ ਪਹੁੰਚ ਚੁੱਕੀ ਹੈ ਅਤੇ ਪਤਾ ਨਹੀਂ ਕਦੋਂ ਇਹ ਤੁਹਾਡੇ ਘਰ ਵਿੱਚ ਵੀ ਦਸਤਕ ਦੇ ਦੇਣ। ਉਨ੍ਹਾਂ ਸੁਚੇਤ ਕੀਤਾ ਕਿ ਮੈਡੀਕਲ ਲਾਈਨ ਵਾਲੇ ਦਸਦੇ ਹਨ ਕਿ ਸੰਥੈਟਿਕ ਡਰੱਗਜ਼ ਦੀ ਵਰਤੋਂ ਮੌਤ ਦੀ ਦਸਤਕ ਹੈ। ਪੰਜਾਬ ਦੇ ਪਿੰਡਾਂ ਦੀ ਉਦਾਹਰਣ ਦਿੰਦੇ ਹੋਏ ਸ: ਪੰਨੂੰ ਨੇ ਕਿਹਾ ਚੰਗੇ ਰਜਦੇ ਪੁਜਦੇ ਘਰਾਂ ਦੀਆਂ ਔਰਤਾਂ ਤਿੰਨ ਤਿੰਨ ਕਨਾਲਾਂ ਦੀ ਕੋਠੀਆਂ ਵਿੱਚ ਬਿਨਾਂ ਮਰਦਾਂ ਤੋਂ ਇਕੱਲੀਆਂ ਰਹਿ ਰਹੀਆਂ ਹਨ ਕਿਉਂਕਿ ਇਨ੍ਹਾਂ ਪ੍ਰਵਾਰਾਂ ਦੇ ਮਰਦ ਨਸ਼ਿਆਂ ਦੀ ਵਰਤੋਂ ਕਰਨ ਕਰਕੇ ਮਰ ਗਏ ਹਨ।
ਨਸ਼ੇ ਕਰਨ ਵਾਲੇ ਵੱਡੀ ਗਿਣਤੀ ਵਿੱਚ ਨੌਜਾਵਾਨ ਤਾਂ ਮਰ ਗਏ ਹਨ ਪਰ ਡਾ: ਹਰਸ਼ਿੰਦਰ ਕੌਰ ਦੀ ਖੋਜ ਅਨੁਸਾਰ ਜਿਹੜੇ ਬਚ ਵੀ ਗਏ ਹਨ ਉਨ੍ਹਾਂ ਵਿੱਚੋਂ ੯੦% ਤੰਦਰੁਸਤ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਰਹੇ। ਇਸ ਲਈ ਸਿਰਫ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਹੀ ਨਹੀਂ ਬਲਕਿ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਬੱਚਿਆਂ ਦਾ ਭਵਿੱਖ ਬਚਾਉਣ ਲਈ; ਪੂਰੀ ਕਮਿਊਨਿਟੀ ਦਾ ਭਵਿੱਖ ਬਚਾਉਣ ਲਈ ਅੱਜ ਹੀ ਨਸ਼ਿਆਂ ਖਿਲਾਫ ਜੰਗ ਲੜਨ ਲਈ ਅੱਗੇ ਆਓ; ਕਿਉਂਕਿ ਕਮਿਊਨਿਟੀ ਤੋਂ ਬਿਨਾ ਮਨੁੱਖ ਦਾ ਇਕੱਲਾ ਰਹਿਣਾ ਅਸੰਭਵ ਹੈ। ਨਸ਼ਿਆਂ ਖਿਲਾਫ ਜੰਗ ਲੜਨ ਲਈ ਪ੍ਰੇਰਣਾ ਦੇਣ ਲਈ ਉਨ੍ਹਾਂ ਉਦਾਹਰਣ ਦਿੱਤੀ ਕਿ ਇੱਕ ਇੱਕ ਇਮਾਰਤ ਨੂੰ ਲੱਗੀ ਅੱਗ ਬੁਝਾਉਣ ਲਈ ਚਿੜੀ ਆਪਣੀ ਚੁੰਝ ਪਾਣੀ ਦੀ ਭਰ ਕੇ ਅੱਗ 'ਤੇ ਪਾ ਰਹੀ ਸੀ ਜਿਸ ਨੇ ਪੁੱਛਣ 'ਤੇ ਜਵਾਬ ਦਿੱਤਾ ਸੀ ਕਿ ਉਹ ਨਹੀਂ ਚਾਹੁੰਦੀ ਕਿ ਇਤਿਹਾਸ ਵਿੱਚ ਇਹ ਲਿਖਿਆਂ ਜਾਵੇ ਕਿ ਅੱਗ ਲੱਗੀ ਸਮੇਂ ਸਿਰਫ ਤਮਾਸ਼ਬੀਨ ਬਣ ਕੇ ਵੇਖਦੀ ਰਹੀ। ਇਸ ਤਰ੍ਹਾਂ ਚਿੜੀ ਤੋਂ ਪ੍ਰੇਰਣਾਂ ਲੈਂਦੇ ਹੋਏ; ਨਸ਼ਾ ਤਸਕਰਾਂ ਵੱਲੋਂ ਸਾਡੀ ਨੌਜਵਾਨੀ ਨੂੰ ਤਬਾਹੀ ਵੱਲ ਧੱਕੇ ਜਾਣ ਦੇ ਡਰਾਉਣੇ ਦ੍ਰਿਸ਼ ਨੂੰ ਅਸੀਂ ਸਿਰਫ ਤਮਾਸ਼ਬੀਨ ਬਣ ਕੇ ਨਹੀਂ ਵੇਖਣਾ ਬਲਕਿ ਇਸ ਅਲਾਮਤ ਨੂੰ ਜੜੋਂ ਪੁੱਟਣ ਲਈ ਆਪਣਾ ਯੋਗਦਾਨ ਪਾਉਣਾ ਹੈ।
ਨਸ਼ਾ ਵਿਰੋਧੀ ਸਮਾਗਮ ਕਰਵਾਉਣਾ ਸ਼ੁਰੂਆਤ ਹੈ ਪਰਸਿਰਫ ਅਜਿਹੇ ਸਮਾਗਮ ਕਰਵਾਉਣਾ ਹੀ ਕਾਫੀ ਨਹੀਂ ਬਲਕਿ ਨਸ਼ਿਆਂ ਵਿਰੁੱਧ ਨਿਰੰਤਰ ਲੜਾਈ ਜਾਰੀ ਰੱਖਣ ਦੀ ਜਰੂਰਤ ਹੈ। ਇਸ ਸਮਾਗਮ ਵਿੱਚ ਹਾਜਰ ਹੋਣ ਵਾਲੇ ਜਿਹੜੇ ਵੀਰ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦੇ ਹਨ ਉਹ ਘੱਟ ਤੋਂ ਘੱਟ ਹੁਣ ਹੀ ਗੁਰਦੁਆਰੇ ਵਿੱਚ ਜਾ ਕੇ ਸਹੁੰ ਖਾਣ ਕੇ ਅੱਜ ਤੋਂ ਬਾਅਦ ਉਹ ਕਿਸੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨਗੇ। ਗੁਰਦੁਆਰਿਆਂ ਦੇ ਪ੍ਰਬੰਧਕ ਇਹ ਯਕੀਨੀ ਬਣਾਉਣ ਕਿ ਹਫਤਾਵਾਰੀ ਸਮਾਗਮ ਵਿੱਚ ਉਹ ਕਿਸੇ ਬੁਲਾਰੇ ਨੂੰ ਭਾਵੇਂ ੫ ਮਿੰਟ ਹੀ ਸਮਾਂ ਦੇਣ ਜਿਹੜਾ ਕਿ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਨਸ਼ੇ ਤਿਆਗਣ ਲਈ ਪ੍ਰੇਰਣਾਂ ਜਰੂਰ ਦੇਵੇ।
ਬਲਤੇਜ ਸਿੰਘ ਪੰਨੂੰ ਨੇ ਕਿਹਾ ਦੁੱਖ ਦੀ ਗੱਲ ਇਹ ਹੈ ਕਿ ਜਿੱਥੇ ਜਿੱਥੇ ਵੀ ਪੰਜਾਬੀ ਪਹੁੰਚੇ ਹਨ ਭਾਵੇਂ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਯੂਰਪ ਹੋਵੇ; ਉਨ੍ਹਾਂ ਦੇ ਮਗਰ ਮਗਰ ਨਸ਼ਾ ਅਤੇ ਨਸ਼ਾ ਤਸ਼ਕਰ ਵੀ ਪਹੁੰਚ ਗਏ ਹਨ। ਇਸ ਦਾ ਭਾਵ ਹੈ ਕਿ ਸਾਡੇ ਵਿੱਚ ਵੀ ਕੁਝ ਕਾਲੀਆਂ ਭੇਡਾਂ ਹਨ ਜਿਨ੍ਹਾਂ ਨੂੰ ਪਛਾਣ ਕੇ ਉਨ੍ਹਾਂ ਦਾ ਸ਼ੋਸ਼ਿਲ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਾਲੀਆਂ ਭੇਡਾਂ ਦੀ ਪਛਾਣ ਕਰਾਉਣੀ ਮੀਡੀਏ ਦੀ ਵੀ ਜਿੰਮੇਵਾਰੀ ਹੈ ਪਰ ਸੰਗਤ ਨੂੰ ਸੁਚੇਤ ਕੀਤਾ ਕਿ ਨਿਰਾ ਮੀਡੀਏ, ਅਖ਼ਬਾਰਾਂ, ਰੇਡੀਓ ਟੀਵੀ ਵਾਲਿਆਂ 'ਤੇ ਵੀ ਨਿਰਭਰ ਨਾ ਰਹੋ ਕਿਉਂਕਿ ਇਸ਼ਤਿਹਾਰਾਂ ਦੀ ਮੰਗ ਕਰਨ ਵਾਲਾ ਮੀਡੀਆ ਕਦੀ ਵੀ ਆਪਣੀ ਸਹੀ ਜਿੰਮੇਵਾਰੀ ਨਹੀਂ ਨਿਭਾ ਸਕਦਾ ਇਸ ਲਈ ਸ਼ੋਸ਼ਿਲ ਮੀਡੀਏ ਭਾਵ ਫੇਸ ਬੁੱਕ ਅਤੇ ਵਟਸਐਪ ਦੀ ਇਸ ਕੰਮ ਲਈ ਵਰਤੋਂ ਕਰੋ। ਸ਼ੋਸ਼ਿਲ ਮੀਡੀਏ ਦੀ ਤਾਕਤ ਦਾ ਅਹਿਸਾਸ ਕਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੇ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਪੰਜਾਬ ਵਿੱਚ ਇਸ ਦੀ ਵਰਤੋਂ ਨਾ ਹੁੰਦੀ ਤਾਂ ੧੩ ਦੀਆਂ ੧੩ ਸੀਟਾਂ ਸਤਾਧਾਰੀ ਗੱਠਜੋੜ ਨੇ ਜਿੱਤ ਜਾਣੀਆਂ ਸਨ ਪਰ ਸ਼ੋਸ਼ਿਲ ਮੀਡੀਏ ਦੀ ਵਰਤੋਂ ਕਾਰਣ ਸਤਾਧਾਰੀ ਗੱਠਜੋੜ ਨੂੰ ਮੂੰਹ ਦੀ ਖਾਣੀ ਪਈ ਤੇ ਚਾਰ ਸੀਟਾਂ 'ਤੇ ਆਮ ਆਦਮੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰ ਗਏ।
ਸ: ਪੰਨੂੰ ਨੇ ਬੜੇ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਪਾਸ ਉਨ੍ਹਾਂ ੫੨ ਨਸ਼ਾ ਤਸ਼ਕਰਾਂ ਦੀ ਸੂਚੀ ਹੈ ਜਿਨ੍ਹਾਂ ਦੀ ਪੰਜਾਬ ਪੁਲਿਸ ਭਾਲ ਵਿੱਚ ਹੈ। ਇਨ੍ਹਾਂ ਵਿੱਚੋਂ ੧੦ ਤਾਂ ਐਸੇ ਹਨ ਜਿਹੜੇ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਦਾ ਸਬੰਧ ਕੈਨੇਡਾ ਦੇ ਟਰਾਂਟੋ ਅਤੇ ਸਰ੍ਹੀ ਨਾਲ ਹੈ। ਉਨ੍ਹਾਂ ਸਮਾਗਮ ਵਿੱਚ ਹਾਜ਼ਰ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ੬ ਜੁਲਾਈ ਨੂੰ ਕੈਨੇਡਾ ਤੋਂ ਵਾਪਸ ਜਾਣ ਤੋਂ ਪਹਿਲਾਂ ਪੁਲਿਸ ਨੂੰ ਲੋੜੀਂਦੇ ਇਨ੍ਹਾਂ ਵਿੱਚੋਂ ਘੱਟ ਤੋਂ ਘੱਟ ੧੦ ਵਿਅਕਤੀਆਂ ਦੇ ਨਾਮ ਇੱਕ ਪ੍ਰੈੱਸ ਕਾਨਫਰੰਸ ਕਰਕੇ ਨਸ਼ਰ ਕਰਕੇ ਜਾਣਗੇ। ਜੇ ਉਨ੍ਹਾਂ ਵੱਲੋ ਦਿੱਤੀ ਗਈ ਜਾਣਕਾਰੀ ਗਲਤ ਸਾਬਤ ਹੋਈ ਭਾਵ ਕਿਸੇ ਵਿਰੁੱਧ ਕੇਸ ਦਰਜ ਨਾ ਹੋਇਆ ਜਾਂ ਉਹ ਪੁਲਿਸ ਨੂੰ ਲੋੜੀਂਦੇ ਨਾ ਹੋਏ ਤਾਂ ਮੈਂ (ਸ: ਪੰਨੂੰ) ਮੁੜ ਕਦੀ ਵੀ ਟਰਾਂਟੋ ਵਾਪਸ ਨਹੀਂ ਆਵਾਂਗਾ। ਸ: ਪੰਨੂੰ ਦੇ ਤਕਰੀਬਨ ੪੮ ਮਿੰਟ ਦਾ ਭਾਸ਼ਣ ਫੇਸ ਬੁੱਕ 'ਤੇ ਪਈਆਂ ੬ ਭਾਗਾਂ ਵਿੱਚ (ਨਥੀ ਕੀਤੀਆਂ) ਗਈਆਂ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ।
ਸ੍ਰੀ ਸ਼ਸ਼ੀ ਕਾਂਤ ਸਾਬਕਾ ਡੀਜੀਪੀ ਜੇਲ੍ਹਾਂ, ਪੰਜਾਬ ਜਿਹਨਾ ਨੇ ਕਾਫੀ ਲੰਬੇ ਸਮੇਂ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ; ਨੂੰ ਵੀ ਸੱਦਾ ਦਿੱਤਾ ਸੀ ਪਰ ਵੀਜ਼ਾ ਨਾ ਮਿਲਣ ਕਾਰਣ ਉਹ ਸਮਾਗਮ ਵਿੱਚ ਪਹੁੰਚ ਨਹੀਂ ਸਕੇ ਇਸ ਲਈ ਉਨ੍ਹਾਂ ਦੇ ਟੈਲੀਫੋਨ ਸੰਦੇਸ਼ ਦੀ ਰੀਕਾਰਡਿੰਡ ਸਮਾਗਮ ਵਿੱਚ ਸੁਣਾਈ ਗਈ। ਉਨ੍ਹਾਂ ਦੱਸਿਆ  ਕਿ ਉਨ੍ਹਾਂ ਵੱਲੋਂ ਵੀਜ਼ੇ ਲਈ ਅਪਲਾਈ ਕੀਤੇ ਜਾਣ ਦੇ ਤਿੰਨ ਹਫਤਿਆਂ ਪਿੱਛੋਂ ਬਿਨਾਂ ਕਿਸੇ ਕਾਰਣ ਦੱਸਿਆਂ ਐਨ ਮੌਕੇ 'ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਨਾਂਹ ਕੀਤੇ ਜਾਣ ਦੀ ਜਾਣਕਾਰੀ ਵੀ ਉਸ ਸਮੇਂ ਦਿੱਤੀ ਜਦੋਂ ਸਮਾਗਮ ਦੀ ਮਿਥੀ ਗਈ ਤਰੀਕ ਬਹੁਤ ਹੀ ਨੇੜੇ ਹੋਣ ਕਰਕੇ ਉਨ੍ਹਾਂ ਕੋਲ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਸਮਾਂ ਵੀ ਨਾ ਰਿਹਾ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸੱਤਾ ਦੇ ਗਲਿਆਰਿਆਂ ਵਿੱਚ ਬੈਠੇ ਉਨ੍ਹਾਂ ਲੋਕਾਂ ਨੇ ਜੋ ਨਸ਼ਾ ਤਸ਼ਕਰੀ ਦਾ ਵੱਡੇ ਪੱਧਰ 'ਤੇ ਕਾਰੋਬਾਰ ਚਲਾ ਰਹੇ ਹਨ; ਨੇ ਸਤਾ ਦੀ ਨਜ਼ਾਇਜ਼ ਵਰਤੋਂ ਕਰਦੇ ਹੋਏ ਮੈਨੂੰ (ਸ਼੍ਰੀ ਸ਼ਸ਼ੀ ਕਾਂਤ ਨੂੰ) ਵੀਜ਼ਾ ਦਿੱਤੇ ਜਾਣ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋ ਸਕਦੀਆਂ ਹਨ। ਲੋਕਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਸਰਕਾਰ ਨੇ ਸ਼ਸ਼ੀ ਕਾਂਤ ਨੂੰ ਵੀਜ਼ੇ ਦੇਣ ਤੋਂ ਨਾਂਹ ਕਰਕੇ ਚੰਗਾ ਨਹੀਂ ਕੀਤਾ ਅਤੇ ਇਸ ਤਰ੍ਹਾਂ ਨਸ਼ਾ ਤਸ਼ਕਰਾਂ ਦੀ ਹੌਸਲਾ ਅਫਜਾਈ ਕੀਤੀ ਹੈ।
ਸਮਾਗਮ ਦੌਰਾਨ ਸ: ਪਰਮਜੀਤ ਸਿੰਘ ਵਿਰਦੀ ਨੇ ਇੱਕ ਮਤਾ ਪੜ੍ਹ ਕੇ ਸੁਣਾਇਆ ਜਿਸ ਵਿੱਚ ਓਨਟੋਰੀਓ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੋਟਰ ਸਾਈਕਲ ਚਲਾਉਣ ਸਮੇਂ  ਸਿੱਖਾਂ ਨੂੰ ਲੋਹ ਟੋਪ ਪਹਿਨਣ ਤੋਂ ਛੋਟ ਦਿੱਤੀ ਜਾਵੇ। ਉਪ੍ਰੰਤ ਬਜੁਰਗਾਂ ਲਈ ਰੱਸਾ-ਕਸ਼ੀ ਅਤੇ ਰੱਸੇ ਦੇ ਸ਼ੋ ਮੈਚ ਹੋਏ। ਕੇਸ ਰੱਖਣ ਵਾਲੇ ਬੱਚਿਆਂ ਅਤੇ ਮੁਕਾਬਿਲਆਂ ਵਿੱਚ ਚੰਗਾ ਪ੍ਰਦਰਸ਼ਨ ਵਿਖਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ। ਸ: ਬਲਤੇਜ ਸਿੰਘ ਪੰਨੂੰ ਤੋਂ ਇਲਾਵਾ ਸਮਾਗਮ ਲਈ ਮੀਡੀਏ ਦੇ ਤੌਰ 'ਤੇ ਪੂਰਾ ਸਹਿਯੋਗ ਦੇਣ ਵਾਲੇ ਪੰਜਾਬੀਡੇਲੀਡਾਟਕਾਮ ਦੇ ਸ: ਸੁਖਮਿੰਦਰ ਸਿੰਘ ਅਤੇ ਸ: ਬਜਾਜ ਨੂੰ ਸਨਮਾਨਤ ਕੀਤਾ ਗਿਆ। ਵਿਰਸਾ ਡੇ ਸਮਾਗਮ ਦੀ ਸਮਾਪਤੀ ਲੱਗਪਗ ੫ ਵਜੇ ਸ਼ਾਮ ਨੂੰ ਹੋਈ। ਸੰਗਤਾਂ ਲਈ ਖਾਣ ਪੀਣ ਲਈ ਸਟਾਲ ਲਾ ਕੇ ਵਧੀਆ ਪ੍ਰਬੰਧ ਕੀਤਾ ਗਿਆ ਸੀ। ਗੁਰੂ ਨਾਨਕ ਮਿਸ਼ਨ ਦੇ ਪ੍ਰਬੰਧਕ ਮੁੱਖ ਪੰਜ ਮੈਂਬਰ ਸ: ਗੁਰਮੁਖ ਸਿੰਘ ਬਾਠ, ਸ: ਜਸਵੀਰ ਸਿੰਘ ਧਾਲੀਵਾਲ, ਮੰਗਵੀਰ ਸਿੰਘ ਪੰਨੂੰ, ਗੁਰਿੰਦਰ ਸਿੰਘ ਅਤੇ ਸ: ਚੈਨ ਸਿੰਘ ਧਾਲੀਵਾਲ ਨੇ ਸਮਾਗਮ ਦੀ ਬੇਹੱਦ ਸਫਲਤਾ ਤੋਂ ਬਹੁਤ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਇਹ ਸਮਾਗਮ ਹਰ ਉਮਰ ਦੇ ਭੈਣਾਂ, ਭਰਾਵਾਂ, ਬੱਚਿਆਂ ਤੇ ਬਜ਼ੁਰਗਾਂ ਲਈ ਸਾਂਝੇ ਮੇਲੇ ਦੀ ਤਰ੍ਹਾਂ ਸਿੱਧ ਹੋਇਆ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਉਨ੍ਹਾਂ ਦੀ ਆਸ ਤੋਂ ਕਿਤੇ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਮਨ ਤਨ ਧਨ ਨਾਲ ਸਿਰਫ ਸਹਿਯੋਗ ਹੀ ਨਹੀਂ ਦਿੱਤਾ ਸਗੋਂ ਅੱਗੇ ਤੋਂ ਇਸ ਤੋਂ ਵੀ ਵੱਧ ਸਹਿਯੋਗ ਦੇਣ ਦਾ ਭਰੋਸਾ ਦੇ ਕੇ ਅਗਲਾ ਸਮਾਗਮ ਇਸ ਤੋਂ ਵੀ ਵੱਧ ਸਫਲ ਬਣਾਉਣ ਲਈ ਸਾਡਾ ਉਤਸ਼ਾਹ ਵਧਾਇਆ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.