ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪਾਇਆ ਤੁਹਾਡਾ ਦਸਵੰਦ ਹੀ ਸਾਰੇ ਪੁਆੜੇ ਦੀ ਜੜ ਹੈ।
ਅਪਣੇ ਦਸਵੰਦ ਨੂੰ , ਅਪਣੇ ਹੱਥੀ , ਸਿੱਖੀ ਪ੍ਰਚਾਰ ਦੇ ਕੰਮਾਂ ਲਈ ਖਰਚ ਕਰੋ , ਸਿੱਖੀ ਨੂੰ ਬਚਾਉ ! ਇਨ੍ਹਾਂ ਗੋਲਕਾਂ ਨੂੰ ਪਹਿਲਾਂ "ਗੁਰੂ ਕੀ ਗੋਲਕ" ਕਹਿਆ ਜਾਂਦਾ ਸੀ । ਹੁਣ ਇਹ ਗੁਰਦੁਆਰਿਆਂ ਦੇ "ਪ੍ਰਧਾਨਾਂ ਦੀਆਂ ਗੋਲਕਾਂ " ਬਣ ਚੁਕੀਆਂ ਹਨ । ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪਾਇਆ ਤੁਹਾਡਾ ਧੰਨ ਹੀ ਸਾਰੇ ਪੁਆੜੇ ਦੀ ਜੜ ਹੈ। ਅਪਣਾਂ ਦਸਵੰਦ , ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪਾ ਕੇ ,ਗੁਰਦੁਆਰਾ ਕਮੇਟੀਆਂ ਵਿੱਚ ਵੱਧ ਰਹੀ ਕਲਿਹ ਅਤੇ ਝਗੜੇ ਦੇ ਭਾਗੀਦਾਰ ਨਾਂ ਬਣੋ ! ਇਹ ਪ੍ਰਧਾਨ ਇਨ੍ਹਾਂ ਗੋਲਕਾਂ ਤੇ ਕਾਬਿਜ ਹੋਂਣ ਲਈ ਇਕ ਦੂਜੇ ਦਾ ਖੂਨ ਪੀਨ ਲਈ ਤਿਆਰ ਰਹਿੰਦੇ ਹਨ।ਬਰੇਲੀ ਦੇ ਇਕ ਵੀਰ ਤੇ , ਇਹੋ ਜਹੇ ਪ੍ਰਧਾਨਾਂ ਵਲੋਂ ਕੀਤਾ ਗਇਆ ਜਾਨਲੇਵਾ ਹਮਲਾ ਕਰਨਾਂ, ਇਸ ਦਾ ਤਾਜਾ ਉਦਾਹਰਣ ਹੈ। ਆਏ ਦਿਨ ਗੁਰਦੁਆਰਾ ਕਮੇਟੀਆਂ ਦੇ ਇਹੋ ਜਹੇ ਖੂਨੀ ਝਗੜੇ ਅਸੀ ਅਪਣੀਆਂ ਅੱਖਾਂ ਨਾਲ ਵੇਖਦੇ ਰਹਿੰਦੇ ਹਾਂ। ਮਹਾਨ ਅਤੇ ਸਮਰੱਥ ਗੁਰੂ ਦੇ ਘਰ ਦੇ ਫੈਸਲੇ ਦੁਨਿਆਵੀ ਅਦਾਲਤਾਂ ਵਿਚ , ਅਨਮਤ ਦੇ ਮਾਮੂਲੀ ਜਹੇ ਜੱਜ ਕਰ ਰਹੇ ਨੇ, ਫਿਰ ਵੀ ਚੌਧਰ ਦੇ ਇਨ੍ਹਾਂ ਭੁਖਿਆਂ ਨੂੰ ਕੋਈ ਸ਼ਰਮ ਨਹੀ । ਕੀ ਗੁਰੂ ਦੁਆਰੇ ਇੱਸੇ ਲਈ ਬਣੇ ਸਨ ? ਕੀ ਇਨ੍ਹਾਂ ਪ੍ਰਧਾਨਾਂ ਨੂੰ ਗੁਰੂ ਕੋਲੋਂ ਇਹ ਹੀ ਸਿੱਖਿਆ ਮਿਲੀ ਹੈ ? ਵੀਰੋ ! ਗੁਰੂ ਤੁਹਾਡੇ ਧੰਨ ਦਾ ਭੁਖਾ ਨਹੀ, ਉਸ ਨੂੰ ਤੁਹਾਡੇ ਧੰਨ ਦੀ ਜਰੂਰਤ ਨਹੀ , ਉਹ ਤੁਹਾਡੇ ਪਿਆਰ ਦਾ ਭੁਖਾ ਹੈ ,ਅਤੇ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿਚ ਵੇਖਣਾਂ ਚਾਂਉਦਾ ਹੈ। ਅਪਣੇ ਦਸਵੰਦ ਨੂੰ ਅਪਣੇ ਹੱਥੀ ਕੋਮ ਦੇ ਭਲੇ ਲਈ ਵਰਤੋ ! ਕੁਝ ਪ੍ਰਧਾਨ ਅਪਣੀ ਪਾਵਰ ਅਤੇ ਰਸੂਫ ਦਾ ਗਲਤ ਇਸਤੇਮਾਲ ਅਪਣੇ ਨਿਜੀ ਕਮਾਂ ਲਈ ਕਰਦੇ ਹਨ । ਇਹ ਵੀ ਗੁਰੂ ਘਰ ਨਾਲ ਧੋਖਾ ਹੈ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਗੋਲਕਾਂ ਨੂੰ ਗੁਰਦੁਆਰਿਆਂ 'ਚੋ ਬਾਹਰ ਕਡ੍ਹ ਦਿਤਾ ਜਾਵੇ। ਨਾਂ ਰਹਿਣ ਗੀਆਂ ਇਹ ਗੋਲਕਾਂ , ਤੇ ਨਾਂ ਲੜਨ ਗੇ , ਗੁਰਦੁਆਰਿਆਂ ਦੇ ਇਹ ਪ੍ਰਧਾਨ।
ਵੱਡਾ ਪ੍ਰਧਾਨ ਤਾਂ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਡੇੜ ਦੋ ਕਰੋੜ ਰੁਪਏ ਦਾ ਪੇਟ੍ਰੋਲ ਪੀ ਜਾਂਦਾ ਹੈ । ਹੋਰ ਕੀ ਕੀ ਪੀ ਜਾਂਦਾ ਹੈ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀ। ਇਹ ਵੱਡਾ ਪ੍ਰਧਾਨ ਗੁਰਮਤਿ ਦੇ ਉਲਟ ਕਮਾਂ ਲਈ ਗੁਰੂ ਕੀ ਗੋਲਕ ਨੂੰ ਵਰਤ ਰਿਹਾ ਹੈ । ਇਸਦਾ ਜਿਉਦਾ ਜਾਗਦਾ ਸਬੂਤ ਹੈ ਕਿ ਇਹ , ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉਲਟ, ਗੁਰਪੁਰਬ ਮਨਾਉਣ ਲਈ, ਕਾਨਪੁਰ ਸਿੱਘ ਸਭਾ ਦੇ ਪ੍ਰਧਾਨ ਨੂੰ 25 ਲੱਖ ਰੁਪਿਆ ,ਗੁਰੂ ਦੀ ਗੋਲਕ ਵਿਚੋਂ ਕਡ੍ਹ ਕੇ ਦੇ ਆਇਆ ਹੈ, ਜਿਸਦੇ ਗਵਾਹ ਅਸੀ ਆਪ ਹਾਂ । ਇਸ ਨੂੰ ਪੁਛੋ ! ਕਿ, ਕੀ ਇਹ ਗੋਲਕ ਉਸ ਦੀ ਨਿਜੀ ਜਾਇਦਾਦ ਹੈ , ਜਿਸ ਨੂੰ ਕਿਸੇ ਤੋਂ ਬਿਨਾਂ ਪੁਛੇ ਇਹ ਪੰਥ ਵਿਰੋਧੀ ਕਾਰਿਆ ਲਈ ਵਰਤ ਰਿਹਾ ਹੈ ? ਕਾਨਪੁਰ ਦੇ ਕਿਸੇ ਗੁਰਦੁਆਰੇ ਦੀ ਕੋਈ ਇਮਾਰਤ ਢਹਿਣ ਵਾਲੀ ਨਹੀ ਸੀ,ਅਤੇ ਨਾਂ ਹੀ ਕਾਨਪੁਰ ਦੇ ਗੁਰਦੁਆਰੇ ਕਿਸੇ ਕੰਗਾਲੀ ਦੀ ਕਗਾਰ ਤੇ ਖੜੇ ਨੇ , ਜੋ ਉਥੇ ਦੇ ਪ੍ਰਧਾਨ ਨੂੰ ਇਸ ਪੈਸੇ ਦੀ ਲੋੜ ਪਈ ?
ਬਹੁਤੇ ਗੁਰਦੁਆਰਿਆਂ ਦੇ ਪ੍ਰਧਾਨ ਤੁਹਾਡੇ ਦਸਵੰਦ ਦਾ ਪੈਸਾ ਗੁਰਮਤਿ ਦੇ ਉਲਟ ਕਮਾਂ ਲਈ ਵਰਤ ਰਹੇ ਨੇ। ਭਲਿਉ ! ਤੁਹਾਡਾ ਦਸਵੰਦ ਕੌਮ ਦੇ ਕਮ ਨਹੀ, ਕੌਮ ਦੀਆ ਜੜਾਂ ਪੁੱਟਣ ਦੇ ਕਮ ਆ ਰਿਹਾ ਹੈ।ਅਪਣਾਂ ਦਸਵੰਦ, ਅਪਣੇ ਹੱਥੀ, ਅਪਣੀ ਅਕਲ ਨਾਲ ਵਰਤੋ ! ਗੁਰੂ ਸਾਹਿਬ ਦਾ ਵੀ ਅਪਣੇ ਸਿੱਖ ਨੂੰ ਹੁਕਮ ਹੈ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ਅੰਕ 1245
ਇੰਦਰਜੀਤ ਸਿੰਘ, ਕਾਨਪੁਰ