ਖ਼ਬਰਾਂ
ਪ੍ਰਧਾਨ ਮੰਤਰੀ ਵੱਲੋਂ ਜੰਗੀ ਬੇੜਾ ਵਿਕਰਮਾਦਿਤਿਆ ਦੇਸ਼ ਨੂੰ ਸਮਰਪਿਤ
Page Visitors: 2602
ਪ੍ਰਧਾਨ ਮੰਤਰੀ ਵੱਲੋਂ ਜੰਗੀ ਬੇੜਾ ਵਿਕਰਮਾਦਿਤਿਆ ਦੇਸ਼ ਨੂੰ ਸਮਰਪਿਤ
ਭਾਰਤ ਕਿਸੇ ਅੱਗੇ ਨਹੀਂ ਝੁਕੇਗਾ : ਮੋਦੀ
ਪਣਜੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਰਬ ਸਾਗਰ ਵਿਚ ਗੋਆ ਤੱਟ 'ਤੇ ਭਾਰਤੀ ਜਲ ਸੈਨਾ ਦੇ ਸਭ ਤੋਂ ਵੱਡੇ ਜੰਗੀ ਬੇੜੇ ਆਈ. ਐਨ. ਐਸ. ਵਿਕਰਮਾਦਿਤਿਆ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਇਸ ਜੰਗੀ ਬੇੜੇ ਵਿਚ 'ਸੀ ਕਿੰਗ' ਹੈਲੀਕਾਪਟਰ ਰਾਹੀਂ ਪੁੱਜੇ ਪ੍ਰਧਾਨ ਮੰਤਰੀ ਨੂੰ ਜਲ ਸੈਨਾ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ। ਜਲ ਸੈਨਾ ਦੇ ਮੁਖੀ ਅਡਮਿਰਲ ਆਰ. ਕੇ. ਧਵਨ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਜੰਗੀ ਬੇੜੇ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਮਿੱਗ-29 ਕੇ. ਲੜਾਕੂ ਜਹਾਜ਼ ਵਿਚ ਵੀ ਬੈਠੇ ਅਤੇ ਗੋਅ ਤੱਟ 'ਤੇ ਤੈਰ ਰਹੇ ਇਸ ਜੰਗੀ ਬੇੜੇ ਦਾ ਅਨੁਭਵ ਲਿਆ। ਲਗਭਗ 44,500 ਟਨ ਭਾਰੇ ਇਸ ਜੰਗੀ ਬੇੜੇ 'ਤੇ ਪ੍ਰਧਾਨ ਮੰਤਰੀ ਕੁਝ ਘੰਟੇ ਰਹੇ ਅਤੇ ਜਹਾਜ਼ਾਂ ਦਾ ਸ਼ਕਤੀ ਪ੍ਰਦਰਸ਼ਨ ਨੇੜਿਓਂ ਵੇਖਿਆ। ਇਸ ਮੌਕੇ ਜਲ ਸੈਨਾ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਨਾ ਅਸੀਂ ਅੱਖ ਵਿਖਾਵਾਂਗੇ ਅਤੇ ਨਾ ਹੀ ਝੁਕਾਵਾਂਗੇ। ਅਸੀਂ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਾਂਗੇ।' ਇਸ ਮੌਕੇ ਭਾਰਤੀ ਜਲ ਸੈਨਾ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਹੁਣ ਭਾਰਤ ਨੂੰ ਅੱਖ ਨਹੀਂ ਵਿਖਾ ਸਕੇਗਾ। ਉਨ੍ਹਾਂ ਕਿਹਾ ਕਿ 'ਇਕ ਰੈਂਕ ਇਕ ਪੈਨਸ਼ਨ' ਯੋਜਨਾ ਨੂੰ ਲਾਗੂ ਕਰਨ ਲਈ ਸਰਕਾਰ ਵਚਨਬੱਧ ਹੈ ਤੇ ਇਸ ਨੂੰ ਲਾਗੂ ਕੀਤਾ ਜਾਵੇਗਾ। ਜਲ ਸੈਨਾ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਪੱਧਰ ਦੀ ਜੰਗੀ ਯਾਦਗਾਰ ਬਣਾਈ ਜਾਵੇਗੀ। ਗੋਆ ਤੱਟ ਦੇ ਕਰੀਬ 'ਸਮੁੰਦਰ ਵਿਚ ਇਕ ਦਿਨ' ਨਾਂਅ ਵਾਲੇ ਜਲ ਸੈਨਾ ਵੱਲੋਂ ਕਰਵਾਏ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੈਨਾ ਦੇ ਅਤਿ-ਆਧੁਨਿਕ ਲੜਾਕੂ ਜਹਾਜ਼ ਮਿੱਗ-29 ਕੇ, ਲੰਬੀ ਦੂਰੀ ਦੇ ਸਮੁੰਦਰੀ ਟੋਹੀ ਜਹਾਜ਼ ਪੀ.-8 ਆਈ, ਸੀ ਹੈਰੀਯਰ, ਪਣਡੁੱਬੀਆਂ ਦੇ ਖਿਲਾਫ ਯੁੱਧ ਦੌਰਾਨ ਕੰਮ ਆਉਣ ਵਾਲੇ ਟੀ.ਯੂ.-142 ਟੋਹੀ ਜਹਾਜ਼, ਆਈ. ਐਲ-38 ਕਾਮੋਵ ਅਤੇ ਸੀ-ਕਿੰਗ ਹੈਲੀਕਾਪਟਰ ਦੇ ਕਰਤਬਾਂ ਨੂੰ ਵੇਖਿਆ। ਇਸ ਦੌਰਾਨ ਦੂਸਰੇ ਜੰਗੀ ਬੇੜੇ ਆਈ.ਐਨ.ਐਸ. ਵਿਰਾਟ, ਦਿੱਲੀ ਵਰਗ ਦੇ ਜੰਗੀ ਬੇੜੇ,ਤਲਵਾਰ ਵਰਗ ਦੇ ਫ੍ਰਿਗੇਟ ਵੀ ਵਿਕਰਮਾਦਿਤਿਆ ਦੇ ਸਾਹਮਣੇ ਗੁਜ਼ਰੇ ਤੇ ਪ੍ਰਧਾਨ ਮੰਤਰੀ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਇਸ ਦੌਰਾਨ ਮਿੱਗ-29 ਕੇ ਲੜਾਕੂ ਜਹਾਜ਼ਾਂ ਨੂੰ ਵਿਕਰਮਾਦਿਤਿਆ ਜੰਗੀ ਬੇੜੇ 'ਤੇ ਉਤਾਰਨ ਦਾ ਪ੍ਰਦਰਸ਼ਨ ਕੀਤਾ ਗਿਆ। ਰੂਸ ਤੋਂ ਖਰੀਦਿਆ ਗਿਆ ਵਿਕਰਮਾਦਿਤਿਆ-ਦੇਸ਼ ਦੇ ਸਭ ਤੋਂ ਵੱਡੇ ਜੰਗੀ ਬੇੜੇ ਵਿਕਰਮਾਦਿਤਿਆ ਜੋ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ, ਦਹਾਕਾ ਪਹਿਲਾਂ ਰੂਸ ਤੋਂ ਖਰੀਦਿਆ ਅਤੇ ਕੇਵਲ ਦੋ ਮਹੀਨੇ ਪਹਿਲਾਂ ਭਾਰਤ ਪੁੱਜਿਆ ਹੈ। 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ। ਭਾਰਤੀ ਜਲ ਸੈਨਾ ਨਾਲ ਜੁੜਿਆ ਇਹ ਨਵਾਂ ਜੰਗੀ ਬੇੜਾ ਉਸ ਦੀ ਸ਼ਕਤੀ ਦਾ ਪ੍ਰਤੀਕ ਹੈ।