"ਕੀ ਜਾਪ ਸਾਹਿਬ ਗੁਰਬਾਣੀ ਹੈ?"
ਇਹ ਲੇਖ 'ਜਾਪ ਸਾਹਿਬ' ਨੂੰ ਕੱਚੀ ਬਾਣੀ ਕਹਿਣ ਵਾਲੇ ਇੱਕ ਸੱਜਣ ਵੱਲੋਂ ਕੀਤੇ ਗਏ 'ਸਵਾਲ' ਅਤੇ ਮੇਰੇ ਵੱਲੋਂ ਦਿੱਤੇ ਗਏ ਜਵਾਬ/ ਵਿਚਾਰਾਂ ਤੇ ਆਧਾਰਿਤ ਹੈ।
ਸਵਾਲ- ਕੀ 'ਜਾਪ ਬਾਣੀ ਤੋਂ ਬਿਨਾ ਵੀ ਬ੍ਰਹਮਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ? ਜੇ ਹਾਂ; ਤਾਂ 'ਕੱਚੀ ਬਾਣੀ' 'ਜਾਪ' ਪੜ੍ਹਨ ਦੀ ਕੀ ਜਰੂਰਤ ਹੈ?
ਜਵਾਬ- ਸਵਾਲ ਪੈਦਾ ਹੁੰਦਾ ਹੈ ਕਿ, ਜਦੋਂ ਗੁਰੂ ਅਰਜੁਨ ਦੇਵ ਜੀ ਨੇ ਮ: ੫ ਤੱਕ ਦੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੱਤੀ ਸੀ, ਬ੍ਰਹਮਗਿਆਨ ਤਾਂ ਉਸ ਬਾਣੀ ਨਾਲ ਵੀ ਪ੍ਰਾਪਤ ਕੀਤਾ ਜਾ ਸਕਦਾ ਸੀ।ਫੇਰ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦੀ ਕੀ ਜਰੂਰਤ ਸੀ? ਪ੍ਰਭੂ ਦਾ ਨਾਮ ਜਪਣ ਦੀ ਹਦਾਇਤ ਇੱਕ ਵਾਰੀਂ ਕੀਤੀ ਹੋਵੇ ਜਾਂ ਹਜਾਰ ਵਾਰੀਂ, ਮਤਲਬ ਇੱਕੋ ਹੀ ਰਹਿੰਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹਜਾਰਾਂ ਵਾਰੀਂ ਨਾਮ ਜਪਣ ਬਾਰੇ ਹਦਾਇਤ ਕਰਨ ਦੀ ਕੀ ਜਰੂਰਤ ਸੀ?
ਪਾਠਕ ਇਸ ਭੁਲੇਖੇ ਵਿੱਚ ਨਾ ਪੈਣ ਕਿ ਮੈਂ ਦਸਮ ਗ੍ਰੰਥ ਦਾ ਸਮਰਥਨ ਕਰ ਰਿਹਾ ਹਾਂ।ਸਵਾਲ ਇਹ ਜਾਪ ਸਾਹਿਬ 'ਕੱਚੀ ਬਾਣੀ ਹੈ ਜਾਂ 'ਪੱਕੀ ਬਾਣੀ' ਇਸ ਬਾਰੇ ਹੈ ਅਤੇ ਮੇਰਾ ਜਵਾਬ ਵੀ ਜਾਪ ਸਾਹਿਬ ਬਾਣੀ ਬਾਰੇ ਹੀ ਹੈ, ਦਸਮ ਗ੍ਰੰਥ ਬਾਰੇ ਨਹੀਂ।ਅਤੇ ਮੈਂ ਦਸਮ ਗ੍ਰੰਥ ਦਾ ਪੁਰਜੋਰ ਵਿਰੋਧ ਕਰਦਾ ਹਾਂ।
ਵਿਚਾਰਧਾਰਾ ਪੱਖੋਂ ਜਾਪ ਸਾਹਿਬ ਬਾਣੀ ਦੇ ਵਿਚਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਰੱਤੀ-ਭਰ ਵੀ ਵੱਖਰੇ ਨਹੀਂ ਹਨ।ਪਰ ਕੁਝ ਲੋਕ ਅਸਲੀਅਤ ਨੂੰ ਸੋਚੇ ਸਮਝੇ ਬਿਨਾਂ ਸਭ ਕੁਝ ਰੱਦ ਕਰਨ ਤੇ ਤੁਲੇ ਪਏ ਹਨ।ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਉੱਚ ਕੋਟੀ ਦੇ ਕਵੀ ਸਨ ਅਤੇ ਉਨ੍ਹਾਂਦੇ ਦਰਬਾਰ ਵਿੱਚ ੫੨ ਕਵੀ ਹਾਜਰੀ ਭਰਿਆ ਕਰਦੇ ਸਨ।ਤਾਂ ਫੇਰ ਇਹ ਨਹੀਂ ਹੋ ਸਕਦਾ ਕਿ ਉਨ੍ਹਾਂਨੇ ਆਪਣੀ ਖੁਦ ਦੀ ਕੋਈ ਰਚਨਾ ਲਿਖੀ ਹੀ ਨਾ ਹੋਵੇ।ਪਰ ਇਸ ਦੇ ਬਾਵਜੂਦ ਇਹ ਵੀ ਸੱਚ ਹੈ ਕਿ, ਜੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਲਈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਵੱਖਰਾ ਗ੍ਰੰਥ ਬਨਾਣ ਦੇ ਇਰਾਦੇ ਨਾਲ ਆਪਣੀ ਕੋਈ ਰਚਨਾ ਲਿਖਣੀ ਹੁੰਦੀ ਤਾਂ ਉਨ੍ਹਾਂਨੇ ਬਾਣੀ 'ਨਾਨਕ' ਪਦ ਵਰਤ ਕੇ ਉਚਾਰਨੀ ਸੀ ਅਤੇ ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਸੀ, ਉਸ ਵਕਤ ਉਨ੍ਹਾਂਨੇ ਮ: ੧੦ ਸਿਰਲੇਖ ਨਾਲ ਆਪਣੀ ਬਾਣੀ ਵੀ ਦਰਜ ਕਰਵਾ ਦੇਣੀ ਜੀ।ਜਦੋਂ ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਗੁਰੂ ਵਾਲਾ ਦਰਜਾ ਪ੍ਰਦਾਨ ਨਹੀਂ ਕੀਤਾ ਤਾਂ ਸਾਨੂੰ ਵੀ ਗੁਰੂ ਸਾਹਿਬ ਜੀ ਦੀ ਮਰਜੀ / ਇੱਛਾ (ਹੁਕਮ) ਦੇ ਖਿਲਾਫ ਕੋਈ ਕੰਮ ਨਹੀਂ ਕਰਨਾ ਬਣਦਾ।ਪਰ ਜਾਪ ਸਾਹਿਬ ਬਾਣੀ ਨੂੰ ਬਿਨਾ ਡੂੰਘੀ ਵਿਚਾਰ ਕੀਤੇ ਕੱਚੀ ਬਾਣੀ ਕਹਿਣਾ ਵੀ ਉੱਚਿਤ ਨਹੀਂ।
ਜਦੋਂ ਭਾਈ ਗੁਰਦਾਸ ਜੀ ਦੀ ਰਚਨਾ ਨੂੰ 'ਕੱਚੀ ਬਾਣੀ' ਨਹੀਂ ਕਿਹਾ ਜਾ ਸਕਦਾ ਤਾਂ 'ਜਾਪ ਸਾਹਿਬ' ਬਾਣੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਹੀ ਵਿਚਾਰ ਦਰਜ ਹਨ ਤਾਂ ਇਸਨੂੰ 'ਕੱਚੀ ਬਾਣੀ' ਕਿਵੇਂ ਕਿਹਾ ਜਾ ਸਕਦਾ ਹੈ?
ਸੱਚੀ ਬਾਣੀ ਅਤੇ ਕੱਚੀ ਬਾਣੀ ਕੀ ਹੈ-
ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਜੋੜਨ ਵਾਲੀ ਬਾਣੀ, ਆਨੰਦ ਅਤੇ ਆਤਮਕ ਹੁਲਾਰਾ ਦੇਣ ਵਾਲੀ ਬਾਣੀ ਸੱਚੀ ਬਾਣੀ ਹੈ।
ਅਤੇ ਗੁਰੂ ਆਸ਼ੇ ਤੋਂ ਉਲਟ, ਕੱਚੇ ਮੇਲ ਦੀ, ਮਨ ਨੂੰ ਨੀਵਾਂ ਕਰਨ ਵਾਲੀ, ਉੱਚੇ ਆਤਮਕ ਆਨੰਦ ਤੋਂ ਹੇਠਾਂ ਲਿਆਉਣ ਵਾਲੀ ਬਾਣੀ"- ਕੱਚੀ ਬਾਣੀ। (ਦੇਖੋ- ਅਨੰਦ ਸਾਹਿਬ ਬਾਣੀ ਦੇ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਅਤੇ ਪਦ ਅਰਥ)।
ਇਸ ਭੁਲੇਖੇ ਵਿੱਚ ਵੀ ਨਹੀਂ ਪੈਣਾ ਚਾਹੀਦਾ ਕਿ ਆਨੰਦ ਸਾਹਿਬ ਦੀ ਪਉੜੀ ੨੩ ਅਤੇ ੨੪ ਵਿੱਚ ਦਰਜ "ਸਤਿਗੁਰੂ ਦੀ ਬਾਣੀ" ਤੋਂ ਮਤਲਬ ਗੁਰੂ ਸਾਹਿਬਾਂ (੧, ੨, ੩, ੪, ੫, ੯ਵੇਂ ਗੁਰੂ ਸਾਹਿਬਾਂ) ਦੇ ਮੁਖੋਂ ਉਚਾਰੀ ਬਾਣੀ ਲਈ ਕਿਹਾ ਹੈ।ਛੇਵੇਂ ਸੱਤਵੇਂ ਅੱਠਵੇਂ ਅਤੇ ਦਸਵੇਂ ਗੁਰੂ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਹੋਣ ਤੇ ਅਤੇ ਭਗਤਾਂ ਦੀ ਬਾਣੀ ਦਰਜ ਹੋਣ ਤੇ ਜਿਹੜੇ ਕਈ ਲੋਕ ਸ਼ੰਕੇ ਅਤੇ ਸਵਾਲ ਖੜ੍ਹੇ ਕਰਦੇ ਹਨ, ਉਨ੍ਹਾਂ ਲਈ ਬੇਨਤੀ ਹੈ ਕਿ ਜਿਨ੍ਹਾਂ ਗੁਰੂ ਸਾਹਿਬਾਂ ਅਤੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸਾਰੀ ਬਾਣੀ 'ਉੱਚਾ ਆਤਮਕ ਆਨੰਦ ਅਤੇ ਆਤਮਕ ਹੁਲਾਰਾ" ਦੇਣ ਵਾਲੀ ਬਾਣੀ ਹੈ।ਅਤੇ ਜਿਹੜੇ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਉਨ੍ਹਾਂਨੇ ਵੀ ਉਸੇ ਬਾਣੀ ਦਾ ਹੀ ਸਤਿਕਾਰ ਅਤੇ ਪ੍ਰਚਾਰ ਕੀਤਾ ਹੈ।ਇਸ ਲਈ ਜਿਹੜੇ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਵੀ ਹੈ, ਉਨ੍ਹਾਂ ਪ੍ਰਤੀ ਕਿਸੇ ਸ਼ੰਕੇ ਅਤੇ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ।ਅਤੇ ਨਾ ਹੀ ਇਸ ਭੁਲੇਖੇ ਵਿੱਚ ਪੈਣਾ ਚਾਹੀਦਾ ਹੈ ਕਿ ਜਿਹੜੇ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸੇ ਨੂੰ ਹੀ ਸੱਚੀ ਬਾਣੀ ਕਿਹਾ ਹੈ।ਕਿਉਂਕਿ ਗੁਰੂ ਸਾਹਿਬਾਂ ਨੂੰ ਵੀ ਭਗਤ, ਜਿਹੜੇ ਕਿ ਗੁਰੂ ਸਾਹਿਬਾਂ ਤੋਂ ਪਹਿਲਾਂ ਹੋ ਚੁੱਕੇ ਸਨ, ਉਨ੍ਹਾਂ ਦੀ ਬਾਣੀ ਉੱਚਾ ਆਤਮਕ ਆਨੰਦ ਦੇਣ ਵਾਲੀ ਅਤੇ ਮਨ ਆਤਮਾ ਨੂੰ ਉੱਚਾ ਚੁੱਕਣ ਵਾਲੀ ਲੱਗੀ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਭਗਤਾਂ ਦੀ ਬਾਣੀ ਦੂਰ-ਦੁਰਾਡਿਓਂ ਉਨ੍ਹਾਂਦੇ ਟਿਕਾਣਿਆਂ ਤੋਂ ਲਿਆ ਕੇ ਆਪਣੇ ਕੋਲ ਸੰਭਾਲੀ ਅਤੇ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਰ ਬਾਣੀ ਦੇ ਬਰਾਬਰ ਭਗਤਾਂ ਦੀ ਉਸ ਬਾਣੀ ਨੂੰ ਸਥਾਨ ਦਿੱਤਾ।
ਸਵਾਲ- ਕੱਚੀ ਬਾਣੀ ਜਾਪ ਵਿੱਚ ਵਰਤੀ ਗਈ ਵਿਆਕਰਣ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਵਿਆਕਰਣ ਨਾਲ ਮੇਲ ਨਹੀਂ ਖਾਂਦੀ।ਦੇਖੋ- 'ਅਰੂਪ ਹੈਂ॥ਅਨੂਪ ਹੈਂ॥ਅਜੂਪ ਹੈਂ॥ਅਭੂਪ ਹੈਂ ॥੨੯॥ ਵਿਚ ਸਾਰੇ ਪਦ ਪੁਲਿੰਗ ਇਕ-ਵਚਨ ਵਾਚਕ ਹਨ, ਇਸ ਲਈ ਹਰ ਪਦ ਦੇ ਆਖਰੀ ਸ਼ਬਦ "ਪ" ਦੇ ਥੱਲੇ ਔਂਕੜ ਲਗਣੀ ਜ਼ਰੂਰੀ ਸੀ, ਹੋਣਾ ਸੀ ਅਰੂਪੁ, ਅਨੂਪੁ, ਅਜੂਪੁ, ਅਭੂਪੁ ..। ਹੋਰ ਵੀ ਅੱਗੇ ਕਈ ਐਸੇ ਪਦ ਹਨ ਜਿਨ੍ਹਾਂ ਦੇ ਅਖੀਰ ਤੇ ਔਂਕੜ ਹੋਣੀ ਚਾਹੀਦੀ ਸੀ, ਜਿਵੇਂ ਕਿ ਅਨੀਲ, ਅਜਨਮ, ਅਭੂਤ…… । (ਵੇਖੋ ਗੁਰੂ ਗ੍ਰੰਥ ਸਾਹਿਬ, ਜਪੁ ਬਾਣੀ ; ਆਦਿ "ਅਨੀਲੁ" ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥)
ਵਿਚਾਰ- ਦੇਖੋ ਗੁਰੂ ਗ੍ਰੰਥ ਸਾਹਿਬ-
"ਭਲਾ ਭਲਾ ਭਲਾ ਤੇਰਾ ਰੂਪ॥ਅਤਿ ਸੁੰਦਰ ਅਪਾਰ 'ਅਨੂਪ'॥"
"ਨਿਰਮਲ ਰੂਪ 'ਅਨੂਪ' ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ॥ (ਪੰਨਾ-੭੧੭) ਇੱਥੇ ਪੁਲਿੰਗ ਇਕ ਵਚਨ 'ਅਨੂਪ' ਦਾ 'ਪ' ' ੁ' (ਔੰਕੜ) ਤੋਂ ਰਹਿਤ ਹੈ।
ਸਵਾਲ- ਜਾਪ- "ਨਮੋ ਸਰਬ ਕਾਲੇ॥ਨਮੋ ਸਰਬ ਪਾਲੇ॥….ਨਮੋ ਕਾਲ ਕਾਲੇ ॥ (ਸ਼ਿਵ ਪੁਰਾਣ ਵਿਚ "ਕਾਲ ਕਾਲੇ ਨਮੋਸਤੁਤੇ" ਸ਼ਿਵ-ਸਹਸਤ੍ਰ ਨਾਮਾ ਵਿਚ ਲਿਖੇ ਹਜ਼ਾਰ ਨਾਵਾਂ ਵਿਚੋਂ ਮਹਾਕਾਲ ਲਈ ਲਿਖਿਆ ਹੈ)।
ਵਿਚਾਰ- ਜਾਪ ਸਾਹਿਬ ਵਿੱਚੋਂ ਇਨ੍ਹਾਂ ਉੱਪਰ ਦਿਤੀਆਂ ਪੰਗਤੀਆਂ ਦੇ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਦੇਖੋ- ਤੂੰ ਸਭ ਜੀਵਾਂ ਦੀ ਮੌਤ ਹੈਂ ਤੇ ਸਭ ਜੀਵਾਂ ਦਾ ਰਾਖਾ (ਭੀ) ਹੈਂ।… (ਕਾਲ ਕਾਲੇ= ਮੌਤ ਵੀ ਜਿਸ ਦੇ ਅਧੀਨ ਹੈ, ਅਰਥਾਤ ਮੌਤ ਨੂੰ ਵੀ ਮੁਕਾ ਸਕਦਾ ਹੈਂ) ਹੇ ਪ੍ਰਭੂ! ਤੈਨੂੰ ਨਮਸਕਾਰ ਹੈ ਤੂੰ ਮੌਤ ਨੂੰ ਭੀ ਮੁਕਾ ਸਕਦਾ ਹੈਂ।
ਗੁਰੁ ਗ੍ਰੰਥ ਸਾਹਿਬ ਵਿੱਚੋਂ 'ਕਾਲ' ਸ਼ਬਦ ਵਾਲੀਆਂ ਕੁਝ ਉਦਾਹਰਣਾਂ:-
"ਸਭੁ ਜਗੁ ਬਾਧੋ 'ਕਾਲ' ਕੋ ਬਿਨੁ ਗੁਰ ਕਾਲੁ ਅਫਾਰੁ॥" (ਗੁਰੂ ਗ੍ਰੰਥ ਸਾਹਿਬ ਪੰਨਾ-੫੫)
"ਕਾਲੁ' ਨ ਛੋਡੈ ਬਿਨੁ ਸਤਿਗੁਰ ਕੀ ਸੇਵਾ॥" (ਪੰਨਾ- ੨੨੭) ਸੋ ਗੁਰੂ ਗ੍ਰੰਥ ਸਾਹਿਬ ਅਤੇ ਜਾਪ ਸਾਹਿਬ ਵਿੱਚ 'ਕਾਲ' ਸ਼ਬਦ ਮੌਤ ਲਈ ਆਇਆ ਹੈ, 'ਸ਼ਿਵ' ਲਈ ਨਹੀਂ।
ਸਵਾਲ- ਦੇਖੋ ਜਾਪ:- ਨਮੋ ਪਰਮ ਗÎਾਤਾ॥ਨਮੋ 'ਲੋਕ ਮਾਤਾ'॥ ਅਰਥ ਸਮਝੋ, 'ਲੋਕ ਮਾਤਾ' = ਜਗ ਮਾਤਾ = ਜਗਮਾਇ = ਜਗਦੰਬਾ = ਦੁਰਗਾ ਦੇਵੀ : ਕ੍ਰਿਪਾ ਕਰੀ ਹਮ ਪਰ ਜਗ ਮਾਤਾ ॥ (ਦਸਮ ਗ੍ਰੰਥ ਪੰਨਾ ੧੩੮੮) ; ਸੰਤ ਸਹਾਇ ਸਦਾ "ਜਗਮਾਇ" ਕ੍ਰਿਪਾ ਕਰਿ ਸਯਾਮ ਇਹੈ ਬਰ ਦੀਜੈ ॥ (ਅਖੌਤੀ ਦਸਮ ਗ੍ਰੰਥ, ਪੰਨਾ ੪੯੫) ।
ਵਿਚਾਰ- ਜਾਪ ਸਾਹਿਬ ਦੀ ਉੱਪਰ ਦਿੱਤੀ ਤੁਕ ਦੇ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਦੇਖੋ:- ਲੋਕ ਮਾਤਾ= ਜਗਤ ਦੀ ਮਾਂ, ਮਾਂ ਵਾਂਙ ਜਗਤ ਨੂੰ ਪਿਆਰ ਕਰਨ ਵਾਲਾ।ਹੇ ਪ੍ਰਭੂ! (ਤੂੰ ਸਭ ਜੀਵਾਂ ਦੇ ਦਿਲਾਂ ਦੀ) ਚੰਗੀ ਤਰ੍ਹਾਂ ਜਾਣਦਾ ਹੈਂ ਅਤੇ ਜਿਵੇਂ ਮਾਂ (ਆਪਣੇ ਬੱਚੇ ਨੂੰ ਪਿਆਰ ਕਰਦੀ ਹੈ) ਤਿਵੇਂ ਤੂੰ ਵੀ ਜਗਤ ਨਾਲ ਪਿਆ ਕਰਦਾ ਹੈਂ।
'ਮਾਤਾ' ਸ਼ਬਦ ਸੰਬੰਧੀ, ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁੱਝ ਉਦਾਹਰਣਾਂ ਦੇਖੋ-
"ਤੂੰ ਮੇਰਾ ਪਿਤਾ ਤੂੰਹੈ ਮੇਰਾ 'ਮਾਤਾ'॥" (ਮ: ੫ ਪੰਨਾ-੧੦੩)
"ਅਪੁਨੇ ਜੀਅ ਜੰਤ ਪ੍ਰਤਿਪਾਰੇ॥ਜਿਉ ਬਾਰਿਕ 'ਮਾਤਾ' ਸੰਮਾਰੇ॥" (ਮ: ੫ ਪੰਨਾ-੧੦੫)
"ਆਪੇ ਪਿਤਾ 'ਮਾਤਾ' ਹੈ ਆਪੇ ਆਪੇ ਬਾਰਕ ਕਰੇ ਸਿਆਣੇ॥" (ਮ: ੪ ਪੰਨਾ-੫੫੨)
ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਇਨ੍ਹਾਂ ਤੁਕਾਂ ਵਿੱਚ 'ਮਾਤਾ' ਸ਼ਬਦ ਪ੍ਰਭੂ ਲਈ ਆਇਆ ਹੈ।ਉਸੇ ਤਰ੍ਹਾਂ ਜਾਪ ਸਾਹਿਬ ਵਿੱਚ ਵੀ 'ਮਾਤਾ' ਸ਼ਬਦ ਪ੍ਰਭੂ ਲਈ ਹੀ ਆਇਆ ਹੈ।
ਸਵਾਲ-
"ਆਦਿ ਰੂਪ ਅਨਾਦਿ ਮੂਰਤਿ ਅਜੋਨਿ 'ਪੁਰਖ' ਅਪਾਰ ॥..॥੭੯॥
"ਅੰਗਹੀਨ ਅਭੰਗ ਅਨਾਤਮ ਏਕ 'ਪੁਰਖ' ਅਪਾਰ" ॥੮੫॥
ਜਾਪ ਬਾਣੀ ਦੀਆਂ ਇਨ੍ਹਾਂ ਤੁਕਾਂ ਵਿੱਚ 'ਪੁਰਖੁ' ਦਾ 'ਖ' ਔਕੜ ਸਹਿਤ ਹੋਣਾ ਚਾਹੀਦਾ ਸੀ।
ਵਿਚਾਰ- ਦੇਖੋ ਗੁਰੂ ਗ੍ਰੰਥ ਸਾਹਿਬ-
"ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ 'ਪੁਰਖ' ਅਪਾਰੁ॥" (ਪੰਨਾ-੧੩੪)
"ਆਦਿ 'ਪੁਰਖ' ਅਪਰੰਪਰ ਦੇਵ॥" (ਪੰਨਾ-੧੮੭)
"ਦਇਆਲ 'ਪੁਰਖ' ਪੂਰਨ ਪ੍ਰਤਿਪਾਲੈ॥" (ਪੰਨਾ-੨੪੦)
"ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ॥" (ਮ: ੪ ਪੰਨਾ-੧੬੯)
ਗੁਰੁ ਗ੍ਰੰਥ ਸਾਹਿਬ ਵਿੱਚ ਵੀ 'ਪੁਰਖ' ਦਾ 'ਖ' ਬਿਨਾ ਔਂਕੜ ਤੋਂ ਮੁਕਤਾ ਅੰਤ ਹੈ।
ਸਵਾਲ-
ਜਾਪ- "ਕਿ ਪਾਕ ਬਿਐਬ ਹੈਂ ॥੧੦੮॥ ਵਿਚ (#੧) ਬਿਐਬ ਦੀ ਥਾਂ ਬੇਐਬ ਹੋਣਾ ਚਾਹੀਦਾ ਸੀ (ਵੇਖੋ "ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥" ਅੰ: ੭੨੧, ਤਿਲੰਗ ਮ:੧)। #੨ ਇਸੇ ਤਰ੍ਹਾਂ "ਕਿ ਸਾਹਾਨ ਸਾਹ ਹੈਂ ॥੧੦੯॥" ਵਿਚ ਸਾਹ = ਸਾਹੁ (ਇਕਵਚਨ) ਹੋਣਾ ਚਾਹੀਦਾ ਸੀ , ਸਾਰੇ ਸ਼ਾਹਾਂ ਤੋਂ ਵੱਡਾ ਸ਼ਾਹ।
ਵਿਚਾਰ- #੧ ਗੁਰਬਾਣੀ ਵਿੱਚ ਵੀ ਬੇਐਬ ਅਤੇ ਬਿਐਬ ਦੋਨਾਂ ਹੀ ਰੂਪਾਂ ਵਿੱਚ ਆਇਆ ਹੈ।ਦੇਖੋ ਗੁਰੂ ਗ੍ਰੰਥ ਸਾਹਿਬ- "ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ 'ਬਿਅੰਤ' ਬੇਅੰਤਾ॥" (ਮ: ੪ ਪੰਨਾ-੧੧)
"ਗੁਣ 'ਬਿਅੰਤ' ਕੀਮਤਿ ਨਹੀ ਪਾਇ॥" (ਮ: ੫ ਪੰਨਾ-੨੮੭)
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ 'ਬਿਅੰਤ'॥" (ਮ: ੪ ੧੩੧੫) ਸਭ ਥਾਵਾਂ ਤੇ 'ਬਿਅੰਤ' 'ਬ' ਸਿਹਾਰੀ ਨਾਲ ਆਇਆ ਹੈ।
#੨ 'ਸਾਹ' ਬਾਰੇ-
"ਲਾਹਾ ਹਰਿ ਭਗਤਿ ਧਨੁ ਖਟਿਆ ਹਰਿ 'ਸਾਹ' ਮਨਿ ਭਇਆ॥" (ਮ: ੪ ਪੰਨਾ-੧੬੫)
"ਆਪੇ 'ਸਾਹ' ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ॥" (ਮ: ੪ ਪੰਨਾ-੧੬੯)
"ਰਾਮ ਨਾਮ ਧਨੁ ਸੰਚਵੈ ਸਾਚ 'ਸਾਹ' ਭਗਵੰਤ॥" (ਮ: ੫ ਪੰਨਾ-੨੯੭) ਇਨ੍ਹਾਂ ਗੁਰਬਾਣੀ ਤੁਕਾਂ ਵਿੱਚ ਵੀ 'ਸਾਹ' ਇੱਕ ਵਚਨ ਪਰਮਾਤਮਾ ਲਈ ਬਿਨਾ ਔਂਕੜ ਤੋਂ ਆਇਆ ਹੈ।
ਸਵਾਲ- "ਚਾਚਰੀ ਛੰਦ- ਅਭੰਗ ਹੈਂ॥ਅਨੰਗ ਹੈਂ॥ਅਭੇਖ ਹੈਂ॥ਅਲੇਖ ਹੈਂ॥…ਵਿਚ ਸਾਰੇ ਗੁਣ-ਵਾਚਕ ਨਾਂ ਇਕ-ਵਚਨ ਲਿਖਤ ( ੁ) ਨਾਲ ਲਿਖੇ ਹੋਣੇ ਚਾਹੀਦੇ ਸਨ" ।
ਵਿਚਾਰ- ਦੇਖੋ ਗੁਰਬਾਣੀ- "ਸਮਰਥ' ਪੁਰਖੁ ਪਾਰਬ੍ਰਹਮੁ ਸੁਆਮੀ॥" (ਮ: ੫ ਪੰਨਾ- ੧੮੭)
"ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ 'ਸਮਰਥ' ਨਾਹੀ ਅਨ ਹੋਰੀ॥" (ਮ: ੫ ਪੰਨਾ- ੨੦੮)
"ਤੁਮ 'ਸਮਰਥ' 'ਅਪਾਰ' ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ॥" (ਮ: ੫ ਪੰਨਾ-੨੦੮)
"ਤੁਮ੍ਹ 'ਸਮਰਥ' 'ਅਕਥ' 'ਅਗੋਚਰ' ਰਵਿਆ ਏਕੁ ਮੁਰਾਰੀ॥" (ਮ: ੫ ਪੰਨਾ- ੯੧੬)
"ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ 'ਅਕਥ'॥" (ਮ: ੫ ਪੰਨਾ- ੫੦੨) ਇਨ੍ਹਾਂ ਸਾਰੀਆਂ ਗੁਰਬਾਣੀ ਤੁਕਾਂ ਵਿੱਚ 'ਸਮਰਥ, ਅਪਾਰ, ਅਕਥ' ਸਾਰੇ ਗੁਣ ਵਾਚਕ ਸ਼ਬਦ ਮੁਕਤਾ ਅੰਤ (ਔਂਕੜ ਰਹਿਤ) ਆਏ ਹਨ।
ਨੋਟ- ਇਹ ਵਿਚਾਰ ਵਟਾਂਦਰਾ ਕਾਫੀ ਲੰਬਾ ਚੱਲਿਆ ਸੀ ਪਰ, ਜਾਪ ਸਾਹਿਬ ਨੂੰ "ਕੱਚੀ ਬਾਣੀ" ਕਹਿਣ ਵਾਲੇ ਇਹ ਵਿਦਵਾਨ ਜੀ ਕਿਸੇ ਪੱਖੋਂ ਵੀ ਸਾਬਤ ਨਹੀਂ ਕਰ ਪਾਏ ਕਿ ਇਹ ਕੱਚੀ ਬਾਣੀ ਕਿਵੇਂ ਹੈ।
ਐਸ ਵਕਤ ਸਿੱਖ 'ਦਸਮ ਗ੍ਰੰਥ ਸਮਰਥਕ ਅਤੇ ਦਸਮ ਗ੍ਰੰਥ ਵਿਰੋਧੀ ਦੋ ਧੜਿਆਂ ਵਿੱਚ ਵੰਡੇ ਪਏ ਹਨ। ਚਾਹੀਦਾ ਤਾਂ ਇਹ ਹੈ ਕਿ ਦੋਨੋਂ ਧਿਰਾਂ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਗੁਰੂ ਕ੍ਰਿਤ ਮੰਨਣ ਦੀ ਅਤੇ ਪੂਰੀ ਤਰ੍ਹਾਂ ਰੱਦ ਕਰਨ ਦੀ ਜ਼ਿਦ ਛੱਡਕੇ, ਸੁਹਿਰਦਤਾ ਨਾਲ ਵਿਚਾਰ ਵਟਾਂਦਰਾ ਕਰਕੇ ਗੁਰੂ ਸਾਹਿਬ ਦੀ ਬਾਣੀ ਵੱਖ ਕਰਕੇ ਬਾਕੀ ਦੇ ਅਸ਼ਲੀਲ ਗ੍ਰੰਥ ਦਾ ਤਿਆਗ ਕਰ ਦੇਣ।ਪਰ ਨਾਲ ਹੀ ਇਹ ਵੀ ਗੱਲ ਹੈ ਕਿ ਦਸਮ ਪਾਤਸ਼ਾਹ ਦੀ ਬਾਣੀ ਨੂੰ ਪੂਰਾ ਸਤਿਕਾਰ ਦਿੱਤਾ ਜਾਵੇ ਪਰ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਕੇ ਗੁਰੂ ਵਾਲਾ ਦਰਜਾ ਨਾ ਦਿੱਤਾ ਜਾਵੇ।ਕਿਉਂ ਕਿ ਦਸਮ ਪਾਤਸ਼ਾਹ ਨੇ ਖੁਦ ਆਪਣੀ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਦਾਨ ਨਹੀਂ ਕੀਤਾ।ਅਸੀਂ ਗੁਰੂ ਦੀ ਗੱਲ ਨਾ ਮੰਨਕੇ ਗੁਰੂ ਤੋਂ ਬੇਮੁੱਖ ਨਾ ਹੋਈਏ।
ਜਸਬੀਰ ਸਿੰਘ ਵਿਰਦੀ