ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਵੀਚਾਰਧਾਰਕ ਵਿਰੋਧੀ ਨੂੰ ਬਦਨਾਮ ਕਰਨ ਲਈ ਬਿਨਾਂ ਹੀ ਕਿਸੇ ਸਬੂਤ ਦੇ ਝੂਠੇ ਇਲਜ਼ਾਮ ਲਾਉਣੇ ਅਤਿ ਸ਼ਰਮਨਾਕ
ਵੀਚਾਰਧਾਰਕ ਵਿਰੋਧੀ ਨੂੰ ਬਦਨਾਮ ਕਰਨ ਲਈ ਬਿਨਾਂ ਹੀ ਕਿਸੇ ਸਬੂਤ ਦੇ ਝੂਠੇ ਇਲਜ਼ਾਮ ਲਾਉਣੇ ਅਤਿ ਸ਼ਰਮਨਾਕ
Page Visitors: 3055

ਵੀਚਾਰਧਾਰਕ ਵਿਰੋਧੀ ਨੂੰ ਬਦਨਾਮ ਕਰਨ ਲਈ ਬਿਨਾਂ ਹੀ ਕਿਸੇ ਸਬੂਤ ਦੇ ਝੂਠੇ ਇਲਜ਼ਾਮ ਲਾਉਣੇ ਅਤਿ ਸ਼ਰਮਨਾਕ
ਦੇਸ਼ ਵਿਦੇਸ਼ ਦੇ ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਜੇ ਕਿਸੇ ਨੂੰ ਸ਼ੱਕ ਹੈ ਤਾਂ ਉਹ ਡਿਕਸੀ ਰੋਡ ਮਿਸੀਗਾਸਾ ਗੁਰਦੁਆਰੇ 'ਚ ਵਾਪਰੀ ਇਸ ਘਿਨਾਉਣੀ ਕਾਰਵਾਈਦੀ ਆਪਣੇ ਪੱਧਰ 'ਤੇ ਪੜਤਾਲ ਕਰਕੇ ਝੂਠੀਆਂ ਤੂਹਮਤਾਂ ਲਾਉਣ ਵਾਲਿਆਂ ਦਾ ਪਰਦਾਫਾਸ਼ ਕਰਨ ਅਤੇ ਸੱਚ ਦੇ ਨਾਲ ਖੜ੍ਹਨ: ਬੀਬੀ ਅਮਨਦੀਪ ਕੌਰ
ਕਿਰਪਾਲ ਸਿੰਘ ਬਠਿੰਡਾ
ਮੋਬ: 98554 80797
 ਪਿਛਲੇ ਦਿਨੀ ਦਿਲ ਨੂੰ ਬਹੁਤ ਹੀ ਦੁੱਖ ਪਹੁੰਚਾਉਣ ਵਾਲੀ ਖ਼ਬਰ ਇੰਟਰਨੈੱਟ 'ਤੇ ਪੜ੍ਹਨ ਨੂੰ ਮਿਲੀ ਕਿ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਮਿਸੀਸਾਗਾ ਦੇ ਗੁਰਦੁਆਰੇ ਵਿੱਚ ਪ੍ਰਚਾਰ ਲਈ ਪਹੁੰਚੇ ਨਾਮਵਰ ਕਥਾਵਾਚਕ ਗਿਆਨੀ ਸ਼ਿਵਤੇਗ ਸਿੰਘ, ਬੀਬੀਆਂ ਦੇ ਇੱਕ ਢਾਢੀ ਜਥੇ ਦੀ ਮੁਖੀ ਬੀਬੀ ਨਾਲ ਇਤਰਾਜਯੋਗ ਹਾਲਤ ਵਿੱਚ ਫੜਿਆ ਗਿਆ। ਇਸ ਖ਼ਬਰ ਨੂੰ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਵਾਲੇ ਅਤੇ ਦਸਮ ਗ੍ਰੰਥ ਦੇ ਹੱਕ ਵਿੱਚ ਜ਼ਬਰਦਸਤ ਪ੍ਰਚਾਰ ਕਰਨ ਵਾਲੇ ਨਿਹੰਗ ਧਰਮ ਸਿੰਘ ਦੇ ਚੇਲੇ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਤੇ ਦਸਮ ਗ੍ਰੰਥ ਦੀ ਧੁਰ ਅੰਦਰੋਂ ਸਮਰਥਕ ਵੈੱਬਸਾਈਟ ਪੰਥਿਕ ਡਾਟ ਔਰਗ ਨੇ ਸਰਕੂਲੇਟ ਕੀਤਾ ਤੇ ਹਵਾ ਦਿੱਤੀ; ਗਿਆਨੀ ਸ਼ਿਵਤੇਗ ਸਿੰਘ ਨੂੰ ਗੁਰਬਖ਼ਸ਼ ਸਿੰਘ ਕਾਲ਼ੇ ਅਫਗਾਨੇ ਵਾਂਗ ਦਸਮ ਬਾਣੀ ਦਾ ਵਿਰੋਧੀ ਦੱਸ ਕੇ ਕਾਲੇ ਅਫਗਾਨੇ 'ਤੇ ਵੀ ਵਿਭਚਾਰ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਲੱਗੇ ਦੋਸ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਮਿਸ਼ਨਰੀ ਪ੍ਰਭਾਵ ਵਾਲੇ ਲੇਖਕ ਇਸ ਖ਼ਬਰ ਨੂੰ ਸਰਾ ਸਰ ਝੂਠ ਦਾ ਪੁਲੰਦਾ ਦੱਸ ਰਹੇ ਹਨ; ਇਸ ਤੋਂ ਇਹ ਸਮਝ ਵਿੱਚ ਆਇਆ ਕਿ ਇਹ ਖ਼ਬਰ ਸੱਚਾਈ ਤੋਂ ਦੂਰ ਹੈ। ਇਸ ਸਬੰਧੀ ਮੈਂ ਕੁਝ ਲਿਖਣਾ ਚਾਹੁੰਦਾ ਸੀ ਪਰ ਪੂਰੇ ਤੱਥ ਪ੍ਰਾਪਤ ਹੋਣ ਤੱਕ ਲਿਖਣ ਤੋਂ ਅਸਮਰਥ ਰਿਹਾ। ਜਦ ਪਤਾ ਲੱਗਾ ਕਿ ਸੰਬੰਧਤ ਢਾਢੀ ਬੀਬੀ ਅਮਨਦੀਪ ਕੌਰ ਵਾਪਸ ਭਾਰਤ ਪਰਤ ਆਈ ਹੈ ਤਾਂ ਕਿਸੇ ਤਰ੍ਹਾਂ ਉਨ੍ਹਾਂ ਦਾ ਫੋਨ ਨੰਬਰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਦੋਸ਼ 'ਚ ਜਰਾ ਜਿੰਨੀ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲਿਆਂ ਕੋਲ ਕਥਿਤ ਇਤਰਾਜਯੋਗ ਹਾਲਤ ਦੇ ਕੋਈ ਵੀ ਸਬੂਤ ਨਹੀਂ ਹਨ (ਸਬੂਤ ਤਾਂ ਹੋਣ ਜੇ ਦੋਸ਼ਾਂ ਵਿੱਚ ਕੋਈ ਸਚਾਈ ਹੋਵੇ), ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਉਹ ਖ਼ੁਦ ਆਪਣਾ ਮੈਡੀਕਲ ਕਰਵਾਉਣ ਲਈ ਵੀ ਤਿਆਰ ਹੈ। ਪਰ ਬਿਨਾਂ ਹੀ ਕਿਸੇ ਸਬੂਤਾਂ ਦੇ ਇਸ ਤਰ੍ਹਾਂ ਦੇ ਆਚਰਣ 'ਤੇ ਧੱਬਾ ਲਾਉਣ ਵਾਲੇ ਦੋਸ਼ਾਂ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਹੀ ਦੁੱਖ ਪਹੁੰਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੈਸੇ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਪੜਤਾਲ ਕਰਕੇ ਸਾਡੇ ਦੋ ਜਥਿਆਂ ਦਾ ਆਪਸੀ ਝਗੜਾ ਦੱਸ ਕੇ ਮੈਨੂੰ ਅਤੇ ਭਾਈ ਸ਼ਿਵਤੇਗ ਸਿੰਘ ਨੂੰ ਨਿਰਦੋਸ਼ ਮੰਨ ਕੇ ਕਲੀਨ ਚਿੱਟ ਦਿੱਤੀ ਹੋਈ ਹੈ ਪਰ ਫਿਰ ਵੀ ਜੇ ਕਿਸੇ ਨੂੰ ਸਾਡੇ 'ਤੇ ਸ਼ੱਕ ਹੋਵੇ ਤਾਂ ਦੇਸ਼ ਵਿਦੇਸ਼ ਦੇ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਡਿਕਸੀ ਰੋਡ ਮਿਸੀਗਾਸਾ ਗੁਰਦੁਆਰੇ 'ਚ ਵਾਪਰੀ ਇਸ ਘਿਨਾਉਣੀ ਕਾਰਵਾਈ ਦੀ ਆਪਣੇ ਪੱਧਰ 'ਤੇ ਪੜਤਾਲ ਕਰਕੇ ਝੂਠੀਆਂ ਤੂਹਮਤਾਂ ਲਾਉਣ ਵਾਲਿਆਂ ਦਾ ਪਰਦਾਫਾਸ਼ ਕਰਨ ਅਤੇ ਸੱਚ ਦੇ ਨਾਲ ਖੜ੍ਹਨ।
 ਇਹ ਪੁੱਛੇ ਜਾਣ 'ਤੇ ਕਿ ਆਖ਼ਰ ਇਹ ਝੂਠੇ ਦੋਸ਼ ਲਾਉਣ ਵਾਲਿਆਂ ਦਾ ਮਨੋਰਥ ਕੀ ਹੈ ਤੇ ਤੁਹਾਡੇ ਸੱਚੇ ਹੋਣ ਦੇ ਸਬੂਤ ਕੀ ਹਨ; ਦੇ ਜਵਾਬ ਵਿੱਚ ਬੀਬੀ ਅਮਨਦੀਪ ਕੌਰ ਨੇ ਕਿਹਾ ਬੇਸ਼ੱਕ ਸਿੱਧੇ ਰੂਪ ਵਿੱਚ ਦੋਸ਼ੀ ਤਾਂ ਉਸੇ ਗੁਰਦੁਆਰਾ ਸਾਹਿਬ ਵਿੱਚ ਪੰਜਾਬ ਤੋਂ ਪਹੁੰਚੇ ਰਾਗੀ ਜਥੇ ਦਾ ਤਬਲਾ ਵਾਦਕ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਹੀ ਜਾਪਦੇ ਹਨ ਪਰ ਇਨ੍ਹਾਂ ਦੇ ਪਿੱਛੇ ਹੋਰ ਬਹੁਤ ਵੱਡੇ ਗਰੁੱਪ ਦਾ ਹੱਥ ਹੋ ਸਕਦਾ ਹੈ। ਇਸ ਗਰੁੱਪ ਦੀ ਜਾਣਕਾਰੀ ਦੇਣ ਸਬੰਧੀ ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਅਸਲੀ ਸੱਚਾਈ ਤਾਂ ਪੂਰੀ ਪੜਤਾਲ ਕਰਨ 'ਤੇ ਹੀ ਸਾਹਮਣੇ ਆ ਸਕਦੀ ਹੈ ਪਰ ਹੋ ਸਕਦਾ ਹੈ ਕਿ ਇਸ ਪਿੱਛੇ ਡੇਰਾਵਾਦੀ ਸੋਚ ਵਾਲੇ ਪ੍ਰਚਾਰਕਾਂ ਤੇ ਮਿਸ਼ਨਰੀ
ਪ੍ਰਚਾਰਕਾਂ ਦਾ ਵੀਚਾਰਧਾਰਕ ਵਿਰੋਧ ਅਤੇ ਗੁਰਦੁਆਰੇ ਦੀ ਪ੍ਰਧਾਨਗੀ ਹਥਿਆਉਣ ਲਈ ਪ੍ਰਬੰਧਕਾਂ ਵਿੱਚ ਚੱਲ ਰਹੀ ਕਸ਼ਮਕਸ਼ ਇਸ ਲਈ ਜਿੰਮੇਵਾਰ ਹੋਵੇ। ਉਨ੍ਹਾਂ ਦੱਸਿਆ ਕਿ ਡੇਰਾਵਾਦੀ ਲੋਕ ਗਿਆਨੀ ਸ਼ਿਵਤੇਗ ਸਿੰਘ ਦੇ ਨਿਰੋਲ ਗੁਰਬਾਣੀ ਅਧਾਰਤ ਪ੍ਰਚਾਰ ਤੋਂ ਕਾਫੀ ਔਖੇ ਚੱਲ ਰਹੇ ਸਨ ਅਤੇ ਦੂਸਰੇ ਪਾਸੇ ਗੁਰਦੁਆਰੇ ਦੇ ਕੁਝ ਪ੍ਰਬੰਧਕੀ ਮੈਂਬਰ ਗੁਰਦੁਆਰੇ ਦੇ ਪ੍ਰਧਾਨ ਅਵਤਾਰ ਸਿੰਘ ਪੂਨੀਆ ਤੋਂ ਇਸ ਗੱਲੋਂ ਨਰਾਜ਼ ਸਨ ਕਿ ਉਹ ਕਾਫੀ ਸਮੇਂ ਤੋਂ ਕੇਵਲ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਨੂੰ ਹੀ ਸੋਪੋਨਸਰ ਕਰ ਰਿਹਾ ਹੈ। ਇਸ ਲਈ ਹੋ ਸਕਦਾ ਹੈ ਕਿ ਮਿਸ਼ਨਰੀ ਪ੍ਰਚਾਰਕਾਂ ਦਾ ਰਾਹ ਰੋਕਣ ਲਈ ਕਿਸੇ ਗਰੁੱਪ ਨੇ ਇਹ ਛੜਜੰਤਰ ਰਚਿਆ ਹੋਵੇ ਤੇ ਉਸ (ਅਮਨਦੀਪ ਕੌਰ) ਨੂੰ ਬਿਨਾਂ ਕਿਸੇ ਕਸੂਰ ਦੇ ਖਾਹ ਮਖਾਹ ਹੀ ਵਿੱਚ ਲਪੇਟ ਕੇ ਬਦਨਾਮ ਕੀਤਾ ਜਾ ਰਿਹਾ ਹੈ।
 ਆਪਣੇ ਬਾਰੇ ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਦਮਦਮੀ ਟਕਸਾਲ ਨਾਲ ਜੁੜੇ ਪ੍ਰਵਾਰ ਵਿੱਚ ਹੋਣ ਕਰਕੇ ਗੁਰਸਿੱਖੀ ਕਦਰਾਂ ਕੀਮਤਾਂ ਵਾਲਾ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ਼ ਰਖਦੀ ਹੈ ਤੇ ਪਰ-ਪੁਰਸ਼ ਨਾਲ ਕਿਸੇ ਵੀ ਤਰ੍ਹਾਂ ਦੇ ਨਜ਼ਾਇਜ਼ ਸਬੰਧ ਰੱਖਣ ਸਬੰਧੀ ਸੋਚ ਵੀ ਨਹੀਂ ਸਕਦੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ ਪ੍ਰਚਾਰ ਲਈ ਪਹੁੰਚਿਆ ਸਾਡਾ ਬੀਬੀਆਂ ਦਾ ਢਾਢੀ ਜਥਾ, ਇੱਕ ਕੀਰਤਨੀ ਜਥਾ ਜਿਸ ਦੇ ਨਾਲ ਰਣਜੀਤ ਸਿੰਘ ਤਬਲਾ ਬਜਾਉਂਦੇ ਹਨ, ਕਥਾਵਾਚਕ ਗਿਆਨੀ ਸ਼ਿਵਤੇਗ ਸਿੰਘ ਅਤੇ ਇੱਕ ਸੇਵਾਦਾਰ ਗੁਰਦੁਆਰੇ ਨਾਲ ਲਗਦੇ ਇਕ ਘਰ ਵਿੱਚ ਸਾਰੇ ਇਕੱਠ ਰਹਿੰਦੇ ਸੀ ਜਿਨ੍ਹਾਂ ਦਾ ਪ੍ਰਸ਼ਾਦਾ ਪਾਣੀ ਬਣਾਉਣ ਦੀ ਜਿੰਮੇਵਾਰੀ ਬੀਬੀਆਂ ਹੋਣ ਕਰਕੇ ਸਾਡੇ ਹੀ ਜਥੇ ਦੀ ਸੀ। ਅਮਨਦੀਪ ਕੌਰ ਨੇ ਹੋਰ ਦੱਸਿਆ ਕਿ ਘਰ ਵਿੱਚ ਗੁਰਸਿੱਖੀ ਮਹੌਲ ਹੋਣ ਕਰਕੇ ਮਾਤਾ ਪਿਤਾ ਤੋਂ ਉਸ ਨੂੰ ਇਹੀ ਸਿੱਖਿਆ ਮਿਲੀ ਹੈ ਕਿ ਗੁਰੂ ਘਰ ਦੇ ਕੀਰਤਨੀਆਂ ਤੇ ਕਥਾਵਾਚਕਾਂ ਦਾ ਸਤਿਕਾਰ ਤੇ ਸੇਵਾ ਕਰਨੀ ਹੈ। ਇਸ ਸਿਖਿਆ ਅਧੀਨ ਹੀ ਉਹ ਸਿਰਫ ਗਿਆਨੀ ਸ਼ਿਵਤੇਗ ਸਿੰਘ ਹੀ ਨਹੀਂ ਬਲਕਿ
ਇਨ੍ਹਾਂ ਤੋਂ ਪਹਿਲਾਂ ਉਥੇ ਪਹੁੰਚੇ ਮਿਸ਼ਨਰੀ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਅਤੇ ਕੀਰਤਨੀ ਜਥੇ ਦੇ ਬਾਕੀ ਮੈਂਬਰਾਂ ਲਈ ਪ੍ਰਸ਼ਾਦਾ ਬਨਾਉਣ ਅਤੇ ਵਰਤਾਉਣ ਦੀ ਸੇਵਾ ਕਰਦੀ ਰਹੀ ਹੈ। ਲੋੜ ਪੈਣ 'ਤੇ ਭਾਈ ਅਮਰੀਕ ਸਿੰਘ ਅਤੇ ਗਿਆਨੀ ਸ਼ਿਵਤੇਗ ਸਿੰਘ ਪਾਸ ਬੈਠ ਕੇ ਇਤਿਹਾਸ ਸਬੰਧੀ ਵੀ ਕੁਝ ਜਾਣਕਾਰੀ ਸਾਂਝੀ ਕਰ ਲੈਂਦੀ ਸੀ। ਉਨ੍ਹਾਂ ਪੁੱਛਿਆ ਕਿ ਅੰਮ੍ਰਿਧਾਰੀ ਗੁਰਸਿੱਖਾਂ ਦਾ ਆਪਸੀ ਭੈਣ ਭਰਾਵਾਂ ਦਾ ਰਿਸ਼ਤਾ ਹੁੰਦਾ ਹੈ ਪਰ ਗਿਆਨੀ ਸ਼ਿਵਤੇਗ ਸਿੰਘ ਤਾਂ ਰਿਸ਼ਤੇਦਾਰੀ ਵਿੱਚੋਂ ਉਸ ਦਾ ਭਰਾ ਹੀ ਲਗਦਾ ਹੈ ਤਾਂ ਕੀ ਆਪਣੇ ਭਰਾ ਕੋਲ ਬੈਠ ਕੇ ਇਤਿਹਾਸ ਜਾਂ ਗੁਰਮਤਿ ਸਬੰਧੀ ਵੀਚਾਰਾਂ ਸਾਂਝੀਆਂ ਕਰਨ ਵਾਲੀ ਭੈਣ 'ਤੇ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾਉਣੇ ਜ਼ਾਇਜ਼ ਹਨ? ਗਿਆਨੀ ਸ਼ਿਵਤੇਗ ਸਿੰਘ ਨਾਲ ਰਿਸ਼ਤੇਦਾਰੀ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਕੀ ਭੈਣ ਉਸ (ਅਮਨਦੀਪ ਕੌਰ ਦੇ) ਮਾਮੇ ਦੇ ਪੁੱਤਰ ਨਾਲ ਵਿਆਹੀ ਹੋਣ ਕਰਕੇ ਰਿਸ਼ਤੇਦਾਰੀ ਵਿੱਚੋਂ ਉਸ ਦੇ ਭਰਾ ਲਗਦੇ ਹਨ। ਬੀਬੀ ਅਮਨਦੀਪ ਕੌਰ ਨੇ ਹੋਰ ਹੈਰਾਨੀਜਨਕ ਗੱਲ ਦੱਸੀ ਕਿ ਜਿਸ ਸਮੇਂ ਲੱਠਮਾਰਾਂ ਦੀਆਂ ੮-੧੦ ਗੱਡੀਆਂ ਭਰ ਕੇ ਭਾਈ ਸ਼ਿਵਤੇਗ ਸਿੰਘ ਦੀ ਭਾਲ ਵਿੱਚ ਗੁਰਦੁਆਰਾ ਸਾਹਿਬ ਪਹੁੰਚੀਆਂ ਤਾਂ ਉਸ ਭੀੜ ਵਿੱਚੋਂ ਕਿਸੇ ਨੇ ਬੀਬੀ ਜੀ ਨੂੰ ਇਹ ਲਾਲਚ ਦਿੱਤਾ ਕਿ ਤੁਸੀਂ ਸ਼ਿਵਤੇਗ ਸਿੰਘ 'ਤੇ ਲਾਏ ਗਏ ਦੋਸ਼ਾਂ 'ਤੇ ਡਟੇ ਰਹਿਣਾਂ। ਟਕਸਾਲ ਵੱਲੋਂ ਤੁਹਾਨੂੰ ਪੀ.ਆਰ. ਲਵਾ ਦਿੱਤੀ ਜਾਵੇਗੀ ਤੇ ਭਾਰਤ ਤੋਂ ਕੈਨੇਡਾ ਤੱਕ ਦੀ ਟਿਕਟ ਦਾ ਖਰਚਾ ਦੇ ਦਿੱਤਾ ਜਾਵੇਗਾ ਜਾਂ ਜਿੰਨੇ ਪੈਸੇ ਤੁਸੀਂ ਕਹੋ ਤੁਹਾਨੂੰ ਨਕਦ ਦੇ ਦਿੱਤੇ ਜਾਣਗੇ। ਟਕਸਾਲੀਆਂ ਵੱਲੋਂ ਬੀਬੀ ਜੀ ਨੂੰ ਦਿੱਤੇ ਗਏ ਇਸ ਲਾਲਚ ਤੋਂ ਸਾਬਤ ਹੁੰਦਾ ਹੈ ਕਿ ਭਾਈ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਨ ਲਈ ਵੱਡੇ ਪੱਧਰ 'ਤੇ ਸਾਜਿਸ਼ ਰਚੀ ਗਈ ਹੈ।
 ਤਬਲਾ ਵਾਦਕ ਰਣਜੀਤ ਸਿੰਘ ਬਾਰੇ ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਅਖੰਡਪਾਠ ਦੀ ਰੌਲ਼ 'ਤੇ ਮੈਨੂੰ ਬੈਠੀ ਨੂੰ ਗਲਤ ਸ਼ਬਦ ਬੋਲੇ ਤੇ ਦੂਸਰੀ ਵਾਰ ਰਸੋਈ ਵਿੱਚ ਲੰਗਰ ਤਿਆਰ ਕਰਦੀ ਸਮੇਂ ਗਲਤ ਹਰਕਤ ਕੀਤੀ। ਪਹਿਲੀ ਘਟਨਾ ਸਮੇਂ ਤਾਂ ਉਹ ਰੌਲ਼ 'ਤੇ ਬੈਠੀ ਹੋਣ ਕਰਕੇ ਕੁਝ ਬੋਲ ਨਾ ਸਕੀ ਪਰ ਦੂਸਰੀ ਵਾਰ ਸਖਤ ਤਾੜਨਾ ਕੀਤੀ ਤਾਂ ਉਸ ਨੇ ਮੁਆਫੀ ਮੰਗ ਲਈ। ਉਸ ਦੇ ਮੁਆਫੀ ਮੰਗਣ 'ਤੇ ਉਸ (ਅਮਨਦੀਪ ਕੌਰ) ਨੇ ਵੀ ਗੱਲ ਦਿਲੋਂ ਭੁਲਾ ਦਿੱਤੀ। ਪਰ ਰਣਜੀਤ ਸਿੰਘ ਇੱਕ ਤਾਂ ਡੇਰੇ ਨਾਲ ਜੁੜਿਆ ਹੋਣ ਕਰਕੇ ਗਿਆਨੀ ਸ਼ਿਵਤੇਗ ਸਿੰਘ ਦਾ ਵੀਚਾਰਧਾਰਕ ਵਿਰੋਧੀ ਅਤੇ ਦੂਸਰਾ ਮੇਰੇ ਵੱਲੋਂ ਪਾਈ ਝਾੜ ਦਾ ਬਦਲਾ ਲੈਣ ਦੀ ਗਲਤ ਸੋਚ ਕਾਰਨ ਕਿਸੇ ਗਰੁੱਪ ਵੱਲੋਂ ਰਚੀ ਸਾਜਿਸ ਦਾ ਹਿੱਸਾ ਬਣਨ ਲਈ ਤਿਆਰ ਹੋ ਗਿਆ ਤੇ ਉਸ ਨੇ ਮੇਰੇ ਅਤੇ ਗਿਆਨੀ ਸ਼ਿਵਤੇਗ ਸਿੰਘ 'ਤੇ ਸਰਾਸਰ ਝੂਠਾ ਇਲਜ਼ਾਮ ਲਾ ਦਿੱਤਾ। ਬੀਬੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਸਮੁੱਚੇ ਘਟਨਾਕ੍ਰਮ ਦਾ ਵਿਸਥਾਰ ਸਹਿਤ ਪੱਤਰ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪ ਦਿੱਤਾ ਸੀ (ਕਾਪੀ ਨੱਥੀ ਹੈ) ਜਿਸ ਤੋਂ ਸੰਤੁਸ਼ਟ ਹੋ ਕੇ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਨੂੰ ਕਲੀਨ ਚਿੱਟ ਦਿਤੀ ਪਰ ਫਿਰ ਵੀ ਜੇ ਕਿਸੇ ਵੀ ਗੁਰੂ ਕੇ ਸਿੱਖ ਨੂੰ ਕਿਸੇ ਕਿਸਮ ਦਾ ਸ਼ੱਕ ਹੋਵੇ ਤਾਂ ਪੂਰੇ ਮਾਮਲੇ ਦੀ ਡੂੰਘਾਈ ਸਹਿਤ ਪੜਤਾਲ ਕਰਵਾ ਕੇ ਸੱਚ ਦੀ ਤਹਿ ਤੱਕ ਪਹੁੰਚਣ ਦਾ ਯਤਨ ਜਰੂਰ ਕਰੇ।
 ਬੀਬੀ ਅਮਨਦੀਪ ਕੌਰ ਨਾਲ ਜਿਸ ਸਮੇਂ ਫੋਨ 'ਤੇ ਗੱਲਬਾਤ ਹੋ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਪਤੀ ਸ: ਗੁਰਜੀਤ ਸਿੰਘ ਵੀ ਉਨ੍ਹਾਂ ਕੋਲ ਬੈਠੇ ਹੋਣ ਕਰਕੇ ਬੀਬੀ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨਾਲ ਵੀ ਗੱਲ ਕਰਵਾਈ ਜਾਵੇ। ਜਦ ਗੁਰਜੀਤ ਸਿੰਘ ਨੂੰ ਪੁੱਛਿਆ ਕਿ ਕੀ ਤੁਹਾਨੂੰ ਆਪਣੀ ਪਤਨੀ ਵੱਲੋਂ ਦੱਸੀਆਂ ਜਾ ਰਹੀਆਂ ਗੱਲਾਂ ਅਤੇ ਉਸ ਦੇ ਉੱਚੇ ਸੁੱਚੇ ਆਚਰਣ 'ਤੇ ਪੂਰਾ ਵਿਸ਼ਵਾਸ਼ ਹੈ ਕਿ ਉਹ ਕੋਈ ਵੀ ਗਲਤ ਹਰਕਤ ਨਹੀਂ ਕਰ ਸਕਦੀ ਤਾਂ ਉਨ੍ਹਾਂ ਪੂਰੀ ਦ੍ਰਿੜਤਾ ਨਾਲ ਇਸ ਦਾ ਹਾਂ ਵਿੱਚ ਜਵਾਬ ਦਿੰਦਿਆਂ ਕਿਹਾ ਮੈਂ ਪੂਰੇ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਆਪਣੀ ਪਤਨੀ ਦੇ ਆਚਰਣ 'ਤੇ ਉਨ੍ਹਾਂ ਨੂੰ ਕੋਈ ਵੀ ਸ਼ੰਕਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
  ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਸ਼ਿਕਾਇਤ ਕਰਤਾ ਕੋਲ ਕਥਿਤ ਇਤਰਾਜਯੋਗ ਹਾਲਤ ਦੀ ਕੋਈ ਤਸ਼ਵੀਰ ਨਹੀਂ ਹੈ, ਸਬੰਧਤ ਬੀਬੀ ਉਨ੍ਹਾਂ ਦੋਸ਼ਾਂ ਨੂੰ ਗਲਤ ਦੱਸਦੀ ਹੋਈ ਆਪਣਾ ਮੈਡੀਕਲ ਕਰਵਾਉਣ ਨੂੰ ਤਿਆਰ ਹੈ, ਉਸ ਦਾ ਪਤੀ ਆਪਣੀ ਪਤਨੀ ਦੇ ਆਚਰਣ 'ਤੇ ਕਿਸੇ ਤਰ੍ਹਾਂ ਦੀ ਸ਼ੰਕਾ ਕਰਨ ਨੂੰ ਤਿਆਰ ਨਹੀਂ ਹੈ ਤਾਂ ਇਹ ਰਣਜੀਤ ਸਿੰਘ ਤਬਲਾ ਵਾਦਕ, ਗੁਰਪ੍ਰੀਤ ਸਿੰਘ ਕੈਲੇਫੋਰਨੀਆ ਅਤੇ ਪੰਥਕ.ਔਰਗ ਦਾ ਸੰਚਾਲਕ ਰੀਤਇੰਦਰ ਸਿੰਘ ਜਾਂ ਇਸ ਗਰੁੱਪ ਨਾਲ ਜੁੜੇ ਹੋਰ ਲੋਕ ਕੌਣ ਹਨ ਜੋ ਬਿਨਾਂ ਕਿਸੇ ਸਬੂਤਾਂ ਦੇ ਗੁਰਸਿੱਖ ਪ੍ਰਚਾਰਕਾਂ ਦਾ ਚਰਿੱਤ੍ਰਘਾਣ ਕਰਕੇ ਉਸ ਸਮੁੱਚੀ ਕੌਮ ਨੂੰ ਬਦਨਾਮ ਕਰ ਰਹੇ ਹਨ ਜਿਸ ਬਾਰੇ ਸਿੱਖਾਂ ਨਾਲ ਅੰਤਾਂ ਦੀ ਈਰਖਾ ਰੱਖਣ ਵਾਲਾ ਲੇਖਕ ਕਾਜ਼ੀ ਨੂਰ ਮੁਹੰਮਦ; ਸਿੱਖਾਂ ਨੂੰ ਸਗ (ਕੁੱਤੇ) ਲਿਖਦਾ ਹੋਇਆ ਵੀ ਇਹ ਸ਼ਬਦ ਲਿਖਣ ਲਈ ਮਜ਼ਬੂਰ ਹੋਇਆ ਸੀ ਕਿ "ਇਨ੍ਹਾਂ ਨੂੰ ਸਗ ਕਹਿਣਾ ਵੀ ਠੀਕ ਨਹੀਂ ਕਿਉਂਕਿ ਜਦ ਇਹ ਜੰਗ ਦੇ ਮੈਦਾਨ ਵਿੱਚ ਹੁੰਦੇ ਹਨ ਤਾਂ ਇਹ ਸ਼ੇਰਾਂ ਵਾਂਗ ਝਪਟ  ਕੇ ਪੈਂਦੇ ਹਨ। ਇਹ ਵਿਭਚਾਰੀ ਨਹੀਂ ਹਨ; ਜੰਗ ਦਾ ਮੈਦਾਨ ਹੋਵੇ ਜਾਂ ਜੰਗਲਾਂ ਵਿੱਚ ਰਹਿੰਦੇ ਹੋਣ, ਔਰਤ ਭਾਵੇਂ ਦੁਸ਼ਮਣ ਦੀ ਹੋਵੇ ਜਾਂ ਕੋਈ ਹੋਰ; ਇਹ ਆਚਰਣ ਦੇ ਇਤਨੇ ਉੱਚੇ ਹੁੰਦੇ ਹਨ ਕਿ ਹਰ ਔਰਤ ਨੂੰ ਸਤਿਕਾਰ ਨਾਲ 'ਬੁੱਢੀ' ਕਹਿੰਦੇ ਹਨ ਤੇ ਕਿਸੇ ਵੀ ਔਰਤ 'ਤੇ ਬਦ ਨਜ਼ਰ ਨਹੀਂ ਰਖਦੇ।" ਅਜਿਹੇ ਉਚੇ ਸੁੱਚੇ ਆਚਰਣ ਦੀ ਮਾਲਕ ਸਿੱਖ ਕੌਮ ਦੇ ਜੇ ਆਪਣੇ ਧਰਮ ਪ੍ਰਚਾਰਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਅਖੰਡਪਾਠ ਦੀ ਰੌਲ ਲਾ ਰਹੀ ਗੁਰਸਿੱਖ ਬੀਬੀ ਨੂੰ ਅਸ਼ਲੀਲ ਸ਼ਬਦ ਬੋਲਦੇ ਹਨ ਜਾਂ ਰਿਸ਼ਤੇਦਾਰੀ ਵਿੱਚੋਂ ਲਗਦੇ ਆਪਣੇ ਭਰਾ ਗੁਰਸਿੱਖ ਮਰਦ ਪ੍ਰਚਾਰਕ ਨੂੰ ਗੁਰਸਿੱਖ ਪ੍ਰਚਾਰਕ ਬੀਬੀ ਨਾਲ ਇਤਰਾਜ਼ ਯੋਗ ਹਾਲਤ ਵਿੱਚ ਫੜੇ ਜਾਣ ਦੇ ਝੂਠੇ ਦੋਸ਼ ਲਾ ਕੇ ਬਦਨਾਮ ਕਰਦੇ ਹਨ ਤਾਂ ਸਿੱਖ ਧਰਮ ਦੀ ਇਸ ਤੋਂ ਨਿੱਘਰੀ ਹਾਲਤ ਹੋਰ ਕੀ ਹੋ ਸਕਦੀ ਹੈ?
    ਬੀਬੀ ਅਮਨਦੀਪ ਕੌਰ ਵੱਲੋਂ ਦੱਸੀ ਗਈ ਕਹਾਣੀ ਦੀ ਪ੍ਰੋੜਤਾ ਸ: ਚੈਨ ਸਿੰਘ ਧਾਲੀਵਾਲ (ਟਰਾਂਟੋ) ਜੋ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਮਿਸੀਗਾਸਾ ਦੇ ਗੁਰਦੁਆਰੇ ਨਾਲ ਹੀ ਸਬੰਧਤ ਹਨ; ਨੇ ਕਰਦੇ ਹੋਏ ਦੱਸਿਆ ਕਿ ਪੂਰੇ ਮਾਮਲੇ ਦੀ ਅਸਲੀਅਤ ਜਾਨਣ ਲਈ ਪਹਿਲਾਂ ਉਨ੍ਹਾਂ ਨੇ ਭਾਈ ਸ਼ਿਵਤੇਗ ਸਿੰਘ ਨਾਲ ਗੱਲ ਕੀਤੀ, ਫਿਰ ਬੀਬੀ ਅਮਨਦੀਪ ਕੌਰ ਨਾਲ ਗੱਲ ਕੀਤੀ। ਦੋਵਾਂ ਦੀ ਗੱਲਬਾਤ ਤੋਂ ਉਹ ਦੋਵੇਂ ਨਿਰਦੋਸ਼ ਜਾਪੇ। ਹੋਰ ਸੱਚਾਈ ਜਾਨਣ ਲਈ ਉਸ (ਚੈਨ ਸਿੰਘ) ਨੇ ਕਈ ਵਾਰ ਰਣਜੀਤ ਸਿੰਘ ਤਬਲਾ ਵਾਦਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਰ ਵਾਰ ਇਹ ਕਹਿ ਕੇ ਕੁਝ ਦੱਸਣ ਤੋਂ ਟਾਲ਼ਾ ਵੱਟਦਾ ਰਿਹਾ ਕਿ ਉਨ੍ਹਾਂ ਦੇ ਜਥੇ ਦੇ ਮੁਖੀ ਨਾਲ ਗੱਲ ਕੀਤੀ ਜਾਵੇ। ਜਦ ਉਸ ਨੂੰ ਕਿਹਾ ਜਾਂਦਾ ਕਿ ਦੋਸ਼ ਤਾਂ ਤੂੰ ਲਾ ਰਿਹਾ ਹੈਂ ਇਸ ਲਈ ਸਬੂਤ ਵੀ ਤਾਂ ਤੈਨੂੰ ਹੀ ਦੇਣੇ ਪੈਣਗੇ ਤਾਂ ਜਵਾਬ ਦੇਣ ਤੋਂ ਟਾਲ਼ਾ ਵੱਟਣ ਲਈ ਉਹ ਕਹਿੰਦਾ ਕਿ ਹੁਣ ਉਨ੍ਹਾਂ ਨੇ ਕਿਸੇ ਪ੍ਰੋਗਰਾਮ 'ਤੇ ਜਾਣਾ ਹੈ ਇਸ ਲਈ ਬਾਅਦ ਵਿੱਚ ਗੱਲ ਕਰਾਂਗਾ।
   ਸ: ਧਾਲੀਵਾਲ ਨੇ ਦੱਸਿਆ ਕਿ ਇੱਕ ਦਿਨ ਉਸ ਨੂੰ ਗੁਰਦੁਆਰੇ ਪਹੁੰਚਣ ਲਈ ਆਪਣੀ ਕਾਰ 'ਤੇ ਲਿਫਟ ਦਿੱਤੀ ਤੇ ਰਸਤੇ ਵਿੱਚ ਉਸ ਨੂੰ ਪੁੱਛਿਆ ਕਿ ਰਣਜੀਤ ਸਿੰਘ ਸੱਚੋ ਸੱਚ ਦੱਸ, ਤੇਰੇ ਵੱਲੋਂ ਲਾਏ ਜਾ ਰਹੇ ਦੋਸ਼ ਤਾਂ ਝੂਠੇ ਜਾਪਦੇ ਹਨ। ਇਸ ਦੇ ਜਵਾਬ ਵਿੱਚ ਰਣਜੀਤ ਸਿੰਘ ਨੇ ਕਿਹਾ "ਜੇ ਅਮਨਦੀਪ ਕੌਰ ਉਸ 'ਤੇ ਇਲਜ਼ਾਮ ਨਾ ਲਾਉਂਦੀ ਤਾਂ ਉਸ ਨੇ ਵੀ ਉਸ 'ਤੇ ਇਲਜ਼ਾਮ ਨਹੀਂ ਸੀ ਲਾਉਣਾ।" ਇਹ ਪੁੱਛੇ ਜਾਣ 'ਤੇ ਕਿ ਤੁਹਾਡੇ ਇਹ ਸ਼ਬਦ ਤਾਂ ਸਿੱਧ ਕਰਦੇ ਹਨ ਕਿ ਤੁਹਾਡੇ ਵੱਲੋਂ ਲਾਏ ਗਏ ਇਲਜ਼ਾਮ ਝੂਠੇ ਹਨ। ਇਹ ਗੱਲ ਚਲਦੇ ਸਮੇਂ ਗੁਰਦੁਆਰੇ ਪਹੁੰਚ ਗਏ ਤੇ ਰਣਜੀਤ ਸਿੰਘ ਕਾਹਲੀ ਵਿੱਚ ਉਤਰਦਾ ਹੋਇਆ ਕਹਿ ਗਿਆ ਕਿ ਹੁਣ ਅਸੀਂ ਕਿਸੇ ਪ੍ਰੋਗਰਾਮ 'ਤੇ ਜਾਣਾ ਹੈ ਫਿਰ ਗੱਲ ਕਰਾਂਗੇ। ਸ: ਧਾਲੀਵਾਲ ਨੇ ਕਿਹਾ ਕਿ ਰਣਜੀਤ ਸਿੰਘ ਦੀ ਇਸ ਗੱਲਬਾਤ ਵਿੱਚੋਂ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਵੱਲੋਂ ਲਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਹਨ ਅਤੇ ਬੀਬੀ ਅਮਨਦੀਪ ਕੌਰ ਤੇ ਗਿਆਨੀ ਸ਼ਿਵਤੇਗ ਸਿੰਘ ਸੱਚੇ ਹਨ; ਉਨ੍ਹਾਂ ਨੂੰ ਇੱਕ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।
   ਗੁਰਦੁਆਰੇ ਦੀ ਪ੍ਰਧਾਨਗੀ ਹਥਿਆਉਣ ਲਈ ਚੱਲ ਰਹੀ ਕਸ਼ਮਕਸ਼ ਦੀ ਵੀ ਸ: ਧਾਲੀਵਾਲ ਨੇ ਪ੍ਰੋੜਤਾ ਕੀਤੀ। ਸ: ਚੈਨ ਸਿੰਘ ਧਾਲੀਵਾਲ ਨੂੰ ਪੁੱਛਿਆ ਗਿਆ ਕਿ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਅਤੇ ਉਸ ਦੇ ਧੜੇ ਦੇ ਬਾਕੀ ਮੈਂਬਰ ਪ੍ਰੈੱਸ ਵਿੱਚ ਕਮੇਟੀ ਵੱਲੋਂ ਛਪੀ ਕਲੀਨ ਚਿੱਟ ਨੂੰ ਜ਼ਾਲ੍ਹੀ ਦੱਸ ਰਹੇ ਹਨ ਕਿਉਂਕਿ ਉਸ 'ਤੇ ਨਾ ਹੀ ਨੰਬਰ ਤੇ ਮਿਤੀ ਹੈ ਅਤੇ ਨਾ ਹੀ ਕਿਸੇ ਅਹੁੱਦੇਦਾਰ ਦੇ ਦਸਤਖਤ ਹਨ। ਉਸ ਚਿੱਟ ਨੂੰ ਪੂਰੀ ਤਰ੍ਹਾਂ ਅਸਲੀ ਦੱਸਦੇ ਹੋਏ ਕਿਹਾ ਕਿ ਕਮੇਟੀ ਦੇ ਕਾਰਵਾਈ ਰਜਿਸਟਰ ਵਿੱਚ ਮਤਾ ਦਰਜ ਹੈ ਜਿਸ 'ਤੇ ਕਮੇਟੀ ਦੇ ੧੧ ਦੇ ੧੧ ਮੈਂਬਰਾਂ ਦੇ ਦਸਤਖ਼ਤ ਹਨ। ਜਿਹੜਾ ਪੱਤਰ ਪ੍ਰੈੱਸ ਨੂੰ ਜਾਰੀ ਕੀਤਾ ਗਿਆ ਸੀ ਉਸ 'ਤੇ ਕਿਸੇ ਦੇ ਦਸਤਖ਼ਤ ਇਸ ਕਰਕੇ ਨਹੀਂ ਹਨ ਕਿਉਂਕਿ ਕਮੇਟੀ ਦਾ ਕਹਿਣਾ ਸੀ ਕਿ ਇਸ 'ਤੇ ਦਸਤਖ਼ਤਾਂ ਦੀ ਲੋੜ ਨਹੀਂ ਹੈ ਜਿਸ ਨੇ ਤਸਦੀਕ ਕਰਨਾ ਹੋਵੇ ਉਹ ਕਮੇਟੀ ਦੇ ਕਾਰਵਾਈ ਰਜਿਸਟਰ ਵਿੱਚੋਂ ਆਪਣੀ ਤਸੱਲੀ ਕਰ ਸਕਦਾ ਹੈ। ਸ: ਧਾਲੀਵਾਲ ਨੇ ਇਹ ਵੀ ਦੱਸਿਆ ਕਿ ਰਜਿਸਟਰ ਵਿੱਚ ਇਹ ਵੀ ਦਰਜ ਹੈ ਕਿ ਰਾਗੀ ਜਥੇ ਅਤੇ ਢਾਢੀ ਜਥੇ ਦਾ ਆਪਸੀ ਝਗੜਾ ਹੋਣ ਕਰਕੇ ਦੋਵਾਂ ਜਥਿਆਂ ਨੂੰ ਗੁਰਦੁਆਰਾ ਛੱਡ ਜਾਣ ਲਈ ਕਹਿ ਦਿੱਤਾ ਹੈ।
    ਇਸ ਫੈਸਲੇ ਅਨੁਸਾਰ ਬੀਬੀਆਂ ਦਾ ਢਾਢੀ ਜਥਾ ਤਾਂ ਵਾਪਸ ਭਾਰਤ ਪਹੁੰਚ ਗਿਆ ਹੈ ਪਰ ਪਤਾ ਲੱਗਾ ਹੈ ਕਿ ਰਣਜੀਤ ਸਿੰਘ ਸਮੇਤ ਉਨ੍ਹਾਂ ਦੇ ਰਾਗੀ ਜਥੇ ਨੂੰ ਦੁਬਾਰਾ ਕੀਰਤਨ ਕਰਨ ਦੀ ਇਜਾਜਤ ਦੇ ਦਿੱਤੀ ਗਈ। ਸ: ਧਾਲੀਵਾਲ ਅਨੁਸਾਰ ਪੁੱਛੇ ਜਾਣ 'ਤੇ ਇਸ ਦੀ ਪੁਸ਼ਟੀ ਗੁਰਦੁਆਰੇ ਦੇ ਇੱਕ ਅਹੁੱਦੇਦਾਰ ਨੇ ਵੀ ਕੀਤੀ ਪਰ ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਜਦ ਫੈਸਲਾ ਇਹ ਹੋਇਆ ਹੈ ਕਿ ਦੋਵਾਂ ਜਥਿਆਂ ਨੂੰ ਇਸ ਗੁਰਦੁਆਰੇ ਵਿੱਚ ਪ੍ਰਚਾਰ ਦੀ ਸੇਵਾ ਨਹੀਂ ਦਿੱਤੀ ਜਾਵੇਗੀ ਤਾਂ ਰਣਜੀਤ ਸਿੰਘ ਜਿਸ 'ਤੇ ਬੀਬੀ ਅਮਨਦੀਪ ਕੌਰ ਨੇ ਗਲਤ ਹਰਕਤਾਂ ਕਰਨ ਦਾ ਦੋਸ਼ ਵੀ ਲਾਇਆ ਹੈ ਤਾਂ ਉਸ ਨੂੰ ਕੀਰਤਨ ਦੀ ਸੇਵਾ ਕਿਉਂ ਦਿੱਤੀ ਜਾ ਰਹੀ ਹੈ?
  ਜਵਾਬ ਵਿੱਚ ਉਸ ਅਹੁੱਦੇਦਾਰ ਨੇ ਕਿਹਾ ਛੱਡੋ ਬਾਬਾ ਜੀ ਹੁਣ ਇਸ ਗੱਲ ਨੂੰ ਖਤਮ ਕਰੋ। ਸ: ਧਾਲੀਵਾਲ ਨੇ ਕਿਹਾ ਕਿ ਉਸ ਅਹੁੱਦੇਦਾਰ ਦੇ ਜਵਾਬ ਤੋਂ ਲਗਦਾ ਹੈ ਕਿ ਭਾਈ ਸ਼ਿਵਤੇਗ ਸਿੰਘ ਵਿਰੁੱਧ ਸਾਜਿਸ਼ ਰਚਣ ਵਾਲੇ ਗਰੁੱਪ ਦਾ ਕਮੇਟੀ 'ਤੇ ਦਬਾਅ ਵਧ ਗਿਆ ਹੈ ਇਸ ਕਾਰਣ ਉਹ ਆਪਣੇ ਹੀ ਫੈਸਲਿਆਂ ਨੂੰ ਪਲਟ ਰਹੇ ਹਨ॥
ਗਿਆਨੀ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਕੇ ਉਨ੍ਹਾਂ ਦਾ ਪੰਥਕ ਸਟੇਜਾਂ 'ਤੇ ਬੋਲਣ ਦਾ ਰਾਹ ਰੋਕਣ ਲਈ ਰਚੀ ਸਾਜਿਸ਼ ਵਿੱਚ ਕੌਣ ਕੌਣ ਭਾਈਵਾਲ ਹੋ ਸਕਦੇ ਹਨ; ਇਹ ਵੇਖਣ ਲਈ ਹੇਠ ਲਿਖੀਆਂ ਕੁਝ ਕੁ ਘਟਨਾਵਾਂ 'ਤੇ ਪੰਛੀ ਝਾਤ ਮਾਰਨ ਦੀ ਲੋੜ ਹੈ।
 ਜਿਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਰਨਾ ਧੜਾ ਕਾਬਜ਼ ਸੀ ਉਸ ਸਮੇਂ ਵੈਸੇ ਤਾਂ ਸਾਰੇ ਹੀ ਕਥਾਵਾਚਕ ਗੁਰਬਾਣੀ ਵਿੱਚੋਂ ਅਕੱਟ ਪ੍ਰਮਾਣ ਦੇ ਕੇ ਗੁਰਮਤਿ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰਦੇ ਸਨ ਪਰ ਖਾਸ ਤੌਰ 'ਤੇ ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਹਰਿੰਦਰ ਸਿੰਘ ਅਲਵਰ,  ਪ੍ਰੋ: ਸਰਬਜੀਤ ਸਿੰਘ ਧੂੰਦਾ ਅਤੇ ਗਿਆਨੀ ਸ਼ਿਵਤੇਗ ਸਿੰਘ ਆਪਣੀ ਪ੍ਰਭਾਵਸ਼ਾਲੀ ਬੋਲਣ ਸ਼ੈਲੀ ਤੇ ਗੁਰਬਾਣੀ ਦੇ ਅਕੱਟ ਪ੍ਰਮਾਣਾਂ ਨਾਲ ਡੇਰਾਵਾਦ, ਨਾਨਕਸ਼ਾਹੀ ਕੈਲੰਡਰ ਵਿੱਚ ਕਥਿਤ ਸੋਧਾਂ, ਅਤੇ ਗੁਰਦੁਆਰਿਆਂ ਵਿੱਚ ਚੱਲ ਰਹੀਆਂ ਮਨਮੱਤਾਂ ਤੇ ਨਾਕਸ ਪ੍ਰਬੰਧਾਂ ਦਾ ਜਿਸ ਤਰ੍ਹਾਂ ਜ਼ਿਕਰ ਕਰਦੇ ਸਨ; ਉਹ ਬਾਦਲ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਰਵਾਦੀਆਂ ਨੂੰ ਬਹੁਤ ਹੀ ਚੁਭਦੇ ਸਨ। ਇਸ ਦਾ ਸਬੂਤ ਇਹ ਹੈ ਕਿ ੨੦੧੦-੨੦੧੧ ਵਿੱਚ ਛਪੀਆਂ ਖ਼ਬਰਾਂ ਪੜ੍ਹਨ ਵਾਲੇ ਸਾਰੇ ਸੱਜਨ ਭਲੀਭਾਂਤ ਜਾਣਦੇ ਹਨ ਕਿ ਕਈ ਵਾਰ ਇਹ ਖ਼ਬਰਾਂ ਛਪੀਆਂ ਸਨ ਕਿ ਇਨ੍ਹਾਂ ਚਾਰਾਂ ਕਥਾਵਾਚਕਾਂ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਜਾ ਸਕਦਾ ਹੈ। ਇਸ ਲਈ ਸਾਜਸ਼ੀ ਧੜਾ ਸਮੇਂ ਦੀ ਤਾਕ ਵਿੱਚ ਸੀ ਕਿ ਕਦੋਂ ਇਨ੍ਹਾਂ ਨੂੰ ਅਕਾਲ ਤਖ਼ਤ 'ਤੇ ਤਲਬ ਕਰਨ ਦਾ ਬਹਾਨਾ ਮਿਲੇ।
   ਜਦੋਂ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਬਾਦਲ ਦਲ ਦੇ ਕਬਜ਼ੇ ਵਿੱਚ ਆਈ ਤਾਂ ਪਹਿਲੇ ਤਿੰਨੇ ਕਥਾਵਾਚਕ ਤਾਂ ਵਿਜ਼ਟਿੰਗ ਪ੍ਰਚਾਰਕ ਹੋਣ ਕਰਕੇ ਉਨ੍ਹਾਂ ਨੂੰ ਕਥਾ ਦਾ ਸਮਾਂ ਦੇਣ 'ਤੇ ਪੂਰਨ ਪਾਬੰਦੀ ਲਾ ਦਿੱਤੀ। ਗਿਆਨੀ ਸ਼ਿਵਤੇਗ ਸਿੰਘ ਜੋ ਕਿ ਦਿੱਲੀ ਕਮੇਟੀ ਦਾ ਮੁਲਾਜ਼ਮ ਸੀ ਉਸ ਨੂੰ ਤੁਰੰਤ ਗੁਰਦੁਅਰਾ ਬੰਗਲਾ ਸਾਹਿਬ ਤੋਂ ਬਦਲ ਕੇ ਗੁਰਦੁਆਰਾ ਰਕਾਬ ਗੰਜ਼ ਵਿਖੇ ਤਾਇਨਾਤ ਕਰ ਦਿੱਤਾ ਅਤੇ ਪਾਬੰਦੀ ਲਾ ਦਿੱਤੀ ਕਿ ਇਹ ਪ੍ਰਚਾਰ ਲਈ ਪੰਜਾਬ ਵਿੱਚ ਬਿਲਕੁਲ ਨਹੀਂ ਜਾ ਸਕਦਾ ਅਤੇ ਕਿਸੇ ਐਸੇ ਪ੍ਰੋਗਰਾਮ ਵਿੱਚ ਕਥਾ ਨਾ ਕਰਵਾਈ ਜਾਵੇ ਜਿਥੋਂ ਟੀਵੀ 'ਤੇ ਸਿੱਧਾ ਪ੍ਰਸਾਰਣ ਹੁੰਦਾ ਹੋਵੇ।
   ਦਿੱਲੀ ਕਮੇਟੀ ਵਲੋਂ ਵੇਕਾਰ ਕੀਤਾ ਜਾਣ ਕੇ ਗਿਆਨੀ ਸ਼ਿਵਤੇਗ ਸਿੰਘ ਨੇ ਬਿਨਾਂ ਤਨਖਾਹ ਛੁੱਟੀ ਲਈ ਦਰਖਾਸਤ ਦੇ ਕੇ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾ ਲਿਆ। ਦਿੱਲੀ ਕਮੇਟੀ ਨੇ ਪਹਿਲਾਂ ਤਾਂ ਉਸ ਦੀ ਛੁੱਟੀ ਪਾਸ ਕਰ ਦਿੱਤੀ ਪਰ ਐਣ ਮੌਕੇ 'ਤੇ ਕਿਸੇ ਨੇ ਅਕਾਲ ਤਖ਼ਤ ਦੇ ਜਥੇਦਾਰ ਕੋਲ ਚੁਗਲੀ ਕਰ ਦਿੱਤੀ ਕਿ ਤੁਸੀਂ ਤਾਂ ਗਿਆਨੀ ਸ਼ਿਵਤੇਗ ਸਿੰਘ ਦੇ ਪੰਜਾਬ ਵਿੱਚ ਪ੍ਰਚਾਰ 'ਤੇ ਜਾਣ ਦੀ ਪਾਬੰਦੀ ਲਵਾਈ ਸੀ ਪਰ ਉਹ ਤਾਂ ਕੈਨੇਡਾ ਜਾ ਰਿਹਾ ਹੈ। ਜਥੇਦਾਰ ਨੇ ਤੁਰੰਤ ਦਿੱਲੀ ਕਮੇਟੀ ਨੂੰ ਹਦਾਇਤ ਕਰ ਦਿੱਤੀ ਕਿ ਸ਼ਿਵਤੇਗ ਸਿੰਘ ਦੀ ਛੁੱਟੀ ਕੈਂਸਲ ਕਰ ਕੇ ਉਸ ਨੂੰ ਕੈਨੇਡਾ ਜਾਣ ਤੋਂ ਰੋਕਿਆ ਜਾਵੇ। ਗਿਆਨੀ ਸ਼ਿਵਤੇਗ ਸਿੰਘ ਕਾਨੂੰਨ ਦਾ ਸਹਾਰਾ ਲੈ ਕੇ ਕੈਨੇਡਾ ਜਾਣ ਵਿੱਚ ਸਫਲ ਹੋ ਗਿਆ।  
   ਕੈਨੇਡਾ ਵਿੱਚ ਉਨਾਂ ਦੇ ਪ੍ਰਚਾਰ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਤੇ ਉਨ੍ਹਾਂ ਦੇ ਵੀਜ਼ੇ ਦੀ ਤਾਰੀਕ ਵਧਾਉਂਦੇ ਗਏ। ਪਰ ਜਿਨ੍ਹਾਂ ਡੇਰਾਵਾਦੀਆਂ ਤੇ ਸਿਆਸੀ ਪ੍ਰਬੰਧਕਾਂ ਦੀ ਹਾਲਤ ਗੁਰਬਾਣੀ ਦੇ ਇਸ ਫੁਰਮਾਨ: "ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥

  ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
  ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥"
ਅਨੁਸਾਰ ਬਣੀ ਪਈ ਹੋਵੇ ਉਨ੍ਹਾਂ ਵੱਲੋਂ ਸੱਚ ਸੁਣਨਾ ਮੁਸ਼ਕਲ ਹੋ ਗਿਆ ਇਸ ਕਾਰਣ ਪੂਰੀ ਪੂਰੀ ਸੰਭਾਵਨਾ ਹੈ ਕਿ ਬਾਦਲ ਦਲ ਨਾਲ ਸਬੰਧਤ ਗੁਰਦੁਆਰਾ ਪ੍ਰਬੰਧਕ ਅਤੇ ਡੇਰਵਾਦੀ ਸੋਚ ਵਾਲੇ ਪ੍ਰਚਾਰਕਾਂ ਨੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਵਾਉਣ ਲਈ ਇਹ ਸਾਰੀ ਸਾਜਿਸ਼ ਰਚੀ ਹੋਵੇ ਜਿਨ੍ਹਾਂ ਨੇ ਰਣਜੀਤ ਸਿੰਘ ਨੂੰ ਮੋਹਰੇ ਦੇ ਤੌਰ 'ਤੇ ਵਰਤਿਆ ਹੋਵੇ। ਇਸ ਨੂੰ ਸਾਜਿਸ਼ ਕਹੇ ਜਾਣ ਦੇ ਹੇਠ ਲਿਖੇ ਠੋਸ ਕਾਰਣ ਹਨ:
ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਟੀਵੀ ਰਾਹੀਂ ਅਤੇ ਜਦੋਂ ਵੀ ਬਠਿੰਡਾ ਦੇ ਨੇੜੇ ਇਨ੍ਹਾਂ ਪ੍ਰਚਾਰਕਾਂ ਦਾ ਕੋਈ ਪ੍ਰੋਗਰਾਮ ਹੁੰਦਾ ਸੀ ਤਾ ਮੈਂ ਸਾਰਾ ਪ੍ਰੋਗਰਾਮ ਬੜੀ ਨੀਝ ਲਾ ਕੇ ਸੁਣਦਾ ਰਿਹਾ ਹਾਂ ਅਤੇ ਇਨ੍ਹਾਂ ਵੱਲੋਂ ਕੀਤੇ ਪ੍ਰਵਚਨਾ ਨੂੰ ਖ਼ਬਰ ਦੇ ਰੂਪ ਵਿੱਚ ਲਿਖ ਕੇ ਪ੍ਰਕਾਸ਼ਤ ਵੀ ਕਰਵਾਉਂਦਾ ਰਹਿੰਦਾ ਸੀ। ਮੈਂ ਕਦੀ ਵੀ ਇਨ੍ਹਾਂ ਪ੍ਰਚਾਰਕਾਂ ਖਾਸ ਕਰਕੇ ਗਿਆਨੀ ਅਲਵਰ ਅਤੇ ਗਿਆਨੀ ਸ਼ਿਵਤੇਗ ਸਿੰਘ ਦੇ ਮੂੰਹੋਂ ਦਸਮ ਗ੍ਰੰਥ ਦੇ ਹੱਕ ਜਾਂ ਵਿਰੋਧ ਵਿੱਚ ਕੋਈ ਸ਼ਬਦ ਨਹੀਂ ਸੁਣੇ। ਨਾ ਹੀ ਕਦੀ ਗੁਰਬਖ਼ਸ਼ ਸਿੰਘ ਕਾਲ਼ੇ ਅਫਗਾਨੇ ਦੀ ਕਿਸੇ ਲਿਖਤ ਦਾ ਹਵਾਲਾ ਦਿੰਦੇ ਜਾਂ ਉਨ੍ਹਾਂ ਦਾ ਨਾਮ ਲੈਂਦੇ ਸੁਣਿਆ ਹੈ। ਗੁਰਪ੍ਰੀਤ ਸਿੰਘ ਕੈਲੇਫੋਰਨੀਆ ਅਤੇ ਪੰਥਕ.ਔਰਗ ਦੇ ਸੰਚਾਲਕ ਰੀਤਇੰਦਰ ਸਿੰਘ ਕੋਲ ਜੇ ਕੋਈ ਐਸੀ ਵੀਡੀਓ ਰੀਕਾਰਡਿੰਗ ਹੈ ਜਿਸ ਵਿੱਚ ਉਹ ਦਸਮ ਗ੍ਰੰਥ ਦੇ ਵਿਰੋਧ ਵਿੱਚ ਜਾਂ ਕਾਲੇ ਅਫਗਾਨੇ ਦੇ ਹੱਕ ਵਿੱਚ ਬੋਲਦੇ ਵੇਖੇ ਜਾ ਸਕਦੇ ਹੋਣ ਤਾਂ ਵਿਖਾਈ ਜਾਵੇ।
    ਬਿਨਾ ਹੀ ਸਬੂਤਾਂ ਦੇ ਉਨ੍ਹਾਂ ਵੱਲੋਂ ਗਿਆਨੀ ਸ਼ਿਵਤੇਗ ਸਿੰਘ ਨੂੰ ਦਸਮ ਬਾਣੀ ਦਾ ਵਿਰੋਧੀ ਅਤੇ ਕਾਲ਼ੇ ਅਫਗਾਨੇ ਦਾ ਹਮਾਇਤੀ ਦੱਸਣ ਪਿੱਛੇ ਉਨ੍ਹਾਂ ਦੀ ਖੋਟੀ ਨੀਅਤ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਲੱਠਮਾਰ ਡੇਰਵਾਦੀ ਸਿੱਖਾਂ ਨੂੰ ਕਿਸੇ ਵਿਰੁੱਧ ਭੜਕਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਉਸ ਵਿਅਕਤੀ ਨੂੰ ਦਸਮ ਬਾਣੀ ਦਾ ਵਿਰੋਧੀ ਅਤੇ ਕਾਲੇ ਅਫਗਾਨੇ ਦਾ ਹਮਾਇਤੀ ਦਰਸਾ ਦੇਵੋ। ਇਹੋ ਕਾਰਣ ਹੈ ਕਿ ਫੇਸ ਬੁੱਕ 'ਤੇ ਅਜੇਹੇ ਰੀਮਾਰਕਸ ਪਾਉਣ ਨਾਲ ਲੱਠਮਾਰ ਡੇਰੇਦਾਰਾਂ ਦੇ ਉਪਾਸ਼ਕਾਂ ਨੇ ਧਮਕੀ ਦੇ ਦਿੱਤੀ ਕਿ ਉਹ ੧੦ ਗੱਡੀਆਂ ਭਰ ਕੇ ਸ਼ਿਵਤੇਗ ਸਿੰਘ ਨੂੰ ਸੋਧਣ ਲਈ ਗੁਰਦੁਆਰੇ ਪਹੁੰਚ ਰਹੇ ਹਨ ਬਾਕੀ ਦੇ ਵੀ ਵੱਧ ਤੋਂ ਵੱਧ ਪਹੁੰਚ ਜਾਣ। ਜਦ ਇਹ ਖ਼ਬਰ ਗੁਰਦੁਆਰਾ ਪ੍ਰਧਾਨ ਕੋਲ ਪੁੱਜੀ ਤਾਂ ਸਥਿਤੀ ਆਪਣੇ ਵੱਸ ਤੋਂ ਬਾਹਰ ਹੁੰਦੀ ਜਾਣ ਕੇ ਗਿਆਨੀ ਸ਼ਿਵਤੇਗ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇੱਥੋਂ ਚੁੱਪ ਕਰਕੇ ਕਿਸੇ ਅਣਦੱਸੀ ਸੁਰੱਖਿਅਤ ਥਾਂ 'ਤੇ ਚਲ ਜਾਣ।
ਬਿਨਾਂ ਕਿਸੇ ਵਜ੍ਹਾ ਗਿਆਨੀ ਸ਼ਿਵਤੇਗ ਸਿੰਘ ਦਾ ਕੇਸ ਸ: ਗੁਰਬਖ਼ਸ਼ ਸਿੰਘ ਕਾਲ਼ੇ ਅਫਗਾਨੇ ਸਬੰਧੀ ਉਸ ਖ਼ਬਰ ਨਾਲ ਨੱਥੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਗਲਤ ਲਿਖਤਾਂ ਕਰਕੇ ਪੰਥ ਵਿੱਚ ਛੇਕਿਆ ਦੱਸ ਕੇ ਉਨ੍ਹਾਂ 'ਤੇ ਵਿਭਚਾਰੀ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ।
    ਪਤਾ ਲੱਗਾ ਹੈ ਕਿ ਕਾਲ਼ੇ ਅਫਗਾਨੇ 'ਤੇ ਵੀ ਇਸੇ ਤਰ੍ਹਾਂ ਦੇ ਝੂਠੇ ਦੋਸ਼ ਲਾਏ ਗਏ ਸਨ ਜਿਨ੍ਹਾਂ ਸਬੰਧੀ ਨਾ ਕਿਸੇ ਪੀੜਤ ਔਰਤ ਨੇ ਕੇਸ ਦਰਜ ਕਰਵਾਇਆ, ਨਾ ਕੋਈ ਬਿਆਨ ਦਿੱਤਾ ਅਤੇ ਨਾ ਹੀ ਕਿਸੇ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਜਾਣ ਕੇ ਕੋਈ ਸਜਾ ਸੁਣਾਈ ਸੀ। ਸੋ ਇਸੇ ਤਰ੍ਹਾਂ ਗਿਆਨੀ ਸ਼ਿਵਤੇਗ ਸਿੰਘ ਉੱਪਰ ਲਗਾਏ ਜਾ ਰਹੇ ਦੋਸ਼ ਵੀ ਨਿਰਅਧਾਰ ਹਨ ਕਿਉਂਕਿ ਇਸ ਕੇਸ ਵਿੱਚ ਤਾਂ ਪੀੜਤ ਲੜਕੀ ਖ਼ੁਦ ਇਨਾਂ ਦੋਸ਼ਾਂ ਨੂੰ ਝੂਠੇ ਦੱਸ ਕੇ ਪੜਤਾਲ ਕਰਵਾਕੇ ਝੂਠੇ ਦੋਸ਼ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀ ਹੈ।
   ਗਿਆਨੀ ਸ਼ਿਵਤੇਗ ਸਿੰਘ ਦੇ ਕੇਸ ਦੀ ਤੁਲਨਾ ਬਿਨਾਂ ਸਬੂਤ ਹੋਏ ਕਾਲੇ ਅਫਗਾਨੇ ਦੇ ਕੇਸ ਨਾਲ ਕਰਨ ਵਾਲੇ; ਟਕਸਾਲੀ ਬਲਵੀਰ ਸਿੰਘ, ਸਾਧ ਮਾਨ ਸਿੰਘ ਪਿਹੋਵੇ ਵਾਲੇ, ਨਿਹੰਗ ਅਜੀਤ ਸਿੰਘ ਪੂਹਲਾ, ਸਾਧ ਧਨਵੰਤ ਸਿੰਘ ਜਿਨ੍ਹਾਂ ਵਿਰੁੱਧ ਪੀੜਤ ਔਰਤਾਂ ਨੇ ਬਿਆਨ ਵੀ ਦਰਜ ਕਰਵਾਏ ਤੇ ਇਨ੍ਹਾਂ ਵਿੱਚੋਂ ਕਈਆਂ ਵਿਰੁੱਧ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ; ਧਨਵੰਤ ਸਿੰਘ ਤਾਂ ਅਦਾਲਤ ਵੱਲੋਂ ਦਿੱਤੀ 10 ਸਾਲ ਦੀ ਸਜਾ ਅਧੀਨ ਜੇਲ੍ਹ ਵੀ ਕੱਟ ਚੁੱਕਿਆ ਹੈ; ਇਨ੍ਹਾਂ ਸਾਰਿਆਂ ਨਾਲ ਤੁਲਨਾ ਕਿਉਂ ਨਹੀਂ ਕੀਤੀ ਗਈ? ਕੀ ਇਸ ਤੋਂ ਇਹ ਪਤਾ ਨਹੀਂ ਲਗਦਾ ਕਿ ਭਾਈ ਸ਼ਿਵਤੇਗ ਸਿੰਘ ਨੂੰ ਧੜੇਵੰਦੀ ਦਾ ਸ਼ਿਕਾਰ ਬਣਾ ਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ?
   ਗੁਰਪ੍ਰੀਤ ਸਿੰਘ ਕੈਲੇਫੋਰਨੀਆ ਹਰ ਡੇਰਾਵਾਦ ਵਿਰੋਧੀ ਅਤੇ ੨੦੦੩ ਵਾਲੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਨੂੰ ਦਸਮ ਬਾਣੀ ਵਿਰੋਧੀ ਅਤੇ ਕਾਲ਼ੇ ਅਫਗਾਨੇ ਦਾ ਚੇਲਾ ਕਹਿ ਕੇ ਭੰਡਦਾ ਹੈ ਤਾਂ ਨਿਹੰਗ ਧਰਮ ਸਿੰਘ ਜਿਹੜਾ ਕਿ ਯੂ ਟਿਊਬ 'ਤੇ ਉਸ ਖ਼ੁਦ ਵੱਲੋਂ ਪਾਈ ਇੱਕ ਵੀਡੀਓ ਵਿੱਚ ਕਹਿ ਰਿਹਾ ਹੈ:
" * ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਨਹੀਂ ਕਰਵਾਇਆ, ਪ੍ਰਕਾਸ਼ ਤੋਂ ਉਨ੍ਹਾਂ ਨੇ ਲੈਣਾ ਹੀ ਕੀ ਸੀ?
** ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬੀੜ ਨਹੀ ਲਿਖਵਾਈ ਅਤੇ ਨਾ ਹੀ ਹਜ਼ੂਰ ਸਾਹਿਬ ਵਿਖੇ ਕਿਸੇ ਗ੍ਰੰਥ ਨੂੰ ਗੁਰਗੱਦੀ ਦਿੱਤੀ ਹੈ, ਉਨ੍ਹਾਂ ਕੋਲ ਉਸ ਸਮੇਂ ਕੋਈ ਗ੍ਰੰਥ ਹੈ ਹੀ ਨਹੀਂ ਸੀ।
*** ਗੁਰੂ ਗ੍ਰੰਥ ਸਾਹਿਬ ਨਸ਼ਿਆਂ ਦੇ ਖਿਲਾਫ ਨਹੀਂ ਕਹਿੰਦੇ। ਜੋ ਲੋਕ ਨਸ਼ਿਆਂ ਖਿਲਾਫ ਬੋਲਦੇ ਹਨ ਇਹ ਸਭ ਸਨਾਤਨੀ ਹਨ" ;  ਨੂੰ ਗੁਰੂ ਗ੍ਰੰਥ ਸਾਹਿਬ ਵਿਰੋਧੀ ਕਿਉਂ ਨਹੀਂ ਕਹਿੰਦੇ। ਧਰਮ ਸਿੰਘ ਨਿਹੰਗ ਦੀ ਇਹ ਵੀਡੀਓ ਜਦੋਂ ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਉਸ ਦੇ ਇਸ ਚੇਲੇ ਗੁਰਪ੍ਰੀਤ ਨੂੰ ਔਨ ਲਾਈਨ ਸੁਣਾਈ ਗਈ ਤਾਂ ਇਸ ਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ। ਅਖੀਰ ਇਸ ਨੂੰ ਕਹਿਣਾ ਪਿਆ ਕਿ ਬੇਸ਼ੱਕ ਇਸ ਨੇ ਧਾਰਮਿਕ ਵਿਦਿਆ ਧਰਮ ਸਿੰਘ ਨਿਹੰਗ ਤੋਂ ਪ੍ਰਾਪਤ ਕੀਤੀ ਹੈ ਪਰ ਉਸ ਦੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਇਹ ਸ਼ਬਦ ਸੁਣ ਕੇ ਨਿਹੰਗ ਨਾਲੋਂ ਆਪਣਾ ਨਾਤਾ ਤੋੜ ਰਿਹਾ ਹੈ। ਨਾਤਾ ਤੋੜਨ ਦਾ ਐਲਾਨ ਕੀਤੇ ਜਾਣ ਦੇ ਬਾਵਯੂਦ ਗੁਰਪ੍ਰੀਤ ਸਿੰਘ; ਅੱਜ ਤੱਕ ਨਿਹੰਗ ਧਰਮ ਸਿੰਘ ਨੂੰ ਕਦੇ ਵੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਕਹਿੰਦਾ ਨਹੀਂ ਸੁਣਿਆ ਗਿਆ ਜਦੋਂ ਕਿ ਹਰ ਮਿਸ਼ਨਰੀ ਪ੍ਰਚਾਰਕ ਨੂੰ ਬਿਨਾਂ ਕਿਸੇ ਸਬੂਤ ਦੇ ਦਸਮ ਬਾਣੀ ਵਿਰੋਧੀ ਅਤੇ ਕਾਲ਼ੇ ਅਫਗਾਨੇ ਦਾ ਹਮਾਇਤੀ ਕਹਿਣ ਤੋਂ ਕਦੀ ਵੀ ਉਕਦਾ ਨਹੀਂ।
   ਗਿਆਨੀ ਸ਼ਿਵਤੇਗ ਸਿੰਘ ਵਿਰੁੱਧ ਭੰਡੀ ਪ੍ਰਚਾਰ ਕਰਨ ਵਾਲਿਆਂ ਵੱਲੋਂ ਇਸ ਮਾਮਲੇ ਨੂੰ ਅਕਾਲ ਤਖ਼ਤ 'ਤੇ ਲਿਜਾ ਕੇ ਵਿਸ਼ਵ ਭਰ ਦੀਆਂ ਪੰਥਕ ਸਟੇਜਾਂ 'ਤੋਂ ਪ੍ਰਚਾਰ ਕਰਨ 'ਤੇ ਪਾਬੰਦੀ ਲਾਉਣ ਦੀ ਮੰਗ ਕਰਨਾ, ਦਿੱਲੀ ਕਮੇਟੀ ਵੱਲੋਂ ਪੰਜਾਬ ਅਤੇ ਬੰਗਲਾ ਸਾਹਿਬ ਦੀ ਸਟੇਜ ਤੋਂ ਪ੍ਰਾਚਾਰ ਕਰਨ ਦੀ ਲਾਈ ਅਣਐਲਾਨੀ ਪਾਬੰਦੀ, ਕੈਨੇਡਾ ਆਉਣ ਤੋਂ ਰੋਕਣ ਲਈ ਦਿੱਲੀ ਕਮੇਟੀ ਵੱਲੋਂ ਡਾਹੇ ਗਏ ਅੜੀਕੇ, ਪੰਥਕ.ਔਰਗ 'ਤੇ ਇੱਕ ਪਾਸੜ ਖ਼ਬਰ ਪੜ੍ਹਦਿਆਂ ਸਾਰ ਦਿੱਲੀ ਕਮੇਟੀ ਵੱਲੋਂ ਬਿਨਾਂ ਗਿਆਨੀ ਸ਼ਿਵਤੇਗ ਸਿੰਘ ਨੂੰ ਕੋਈ ਨੋਟਿਸ ਜਾਰੀ ਕੀਤਿਆਂ ਜਾਂ ਬਿਨਾਂ ਉਸ ਦਾ ਸਪਸ਼ਟੀਕਰਨ ਲਿਆਂ ਤੁਰੰਤ ਦਿੱਲੀ ਕਮੇਟੀ ਦੀਆਂ ਸੇਵਾਵਾਂ ਤੋਂ ਬਰਖਾਸਤ ਕਰਨ ਦੀ ਕਾਰਵਾਈ ਨੂੰ ਜੇ ੨੦੧੦-੨੦੧੧ ਵਿੱਚ ਛਪੀਆਂ ਖ਼ਬਰਾਂ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਸ ਸਾਰੀ ਸਾਜਿਸ਼ ਪਿੱਛੇ ਬਾਦਲ ਦਲ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਡੇਰਾਵਾਦ ਦੇ ਪ੍ਰਚਾਰਕ ਭਾਈਵਾਲ ਹਨ।
    ਇਹ ਵੀ ਸੰਭਵ ਹੋ ਸਕਦਾ ਹੈ ਕਿ ਇਨ੍ਹਾਂ ਸ਼ਕਤੀਆਂ ਦੇ ਹੱਥਾਂ ਵਿੱਚ ਕਠਪੁਤਲੀ ਬਣੇ ਜਥੇਦਾਰ ਕਿਸੇ ਗੁਰਪ੍ਰੀਤ ਸਿੰਘ ਵਰਗੇ ਤੋਂ ਸ਼ਿਕਾਇਤ ਪ੍ਰਾਪਤ ਕਰਕੇ ਉਸ ਦੇ ਅਧਾਰ 'ਤੇ ਪ੍ਰੋ: ਦਰਸ਼ਨ ਸਿੰਘ ਅਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਵਾਂਗ ਇਕ ਪਾਸੜ ਤੌਰ 'ਤੇ ਗਿਆਨੀ ਸ਼ਿਵਤੇਗ ਸਿੰਘ ਦੇ ਪੰਥਕ ਸਟੇਜਾਂ ਤੋਂ ਪ੍ਰਚਾਰ ਕਰਨ 'ਤੇ ਪਾਬੰਦੀ ਵੀ ਲਾ ਦੇਣ।
   ਸਵ: ਗਿਆਨੀ ਸੰਤ ਸਿੰਘ ਮਸਕੀਨ ਦੀ ਰੀਕਾਰਡਡ ਕਥਾ ਟੀਵੀ ਤੋਂ ਸੁਣ ਰਿਹਾ ਸੀ ਤਾਂ ਉਹ ਦੱਸ ਰਹੇ ਸਨ ਕਿ ਇੰਗਲੈਂਡ ਦੀ ਪਾਰਲੀਮੈਂਟ ਦੇ ਮੁੱਖ ਗੇਟ 'ਤੇ ਅੰਗਰੇਜੀ ਵਿੱਚ ਕੁਝ ਸ਼ਬਦ ਲਿਖੇ ਹਨ ਜਿਨ੍ਹਾਂ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:
"ਹੋ ਸਕਦਾ ਹੈ ਕਿ ਮੈਂ ਤੁਹਾਡੇ ਵੀਚਾਰਾਂ ਨਾਲ ਸਹਿਮਤ ਨਾ ਹੋਵਾਂ। ਪਰ ਮੈਂ ਹਰ ਉਸ ਵਿਅਕਤੀ ਨਾਲ ਜੀ ਜਾਨ ਨਾਲ ਲੜਾਂਗਾ ਜੋ ਤੁਹਾਡੀ ਬੋਲਣ ਦੀ ਅਜਾਦੀ ਖੋਹਣਾ ਚਾਹੇਗਾ।"
   ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਸਿਆਸਤ (ਜਿਸ ਨੂੰ ਸਾਰੇ ਧਾਰਮਿਕ ਵਿਅਕਤੀ ਕੂੜ ਕਹਿ ਕੇ ਭੰਡਦੇ ਹਨ) ਦਾ ਸਭ ਤੋਂ ਵੱਡਾ ਮੰਦਰ (ਪਾਰਲੀਮੈਂਟ) ਹਰ ਮਨੁੱਖ ਦੇ ਬੋਲਣ ਦੀ ਅਜਾਦੀ ਦਾ ਹੋਕਾ ਦੇ ਰਿਹਾ ਹੈ ਪਰ ਦੂਸਰੇ ਪਾਸੇ ਸਾਡੇ ਸਰਬ ਉਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ (ਜਿਹੜਾ ਕਿ ਸੱਚ ਤੇ ਇਨਸਾਫ ਦੇਣ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ) ਨੂੰ ਗੁਰਬਾਣੀ ਅਨੁਸਾਰ ਸੱਚ ਪਰ ਕਾਬਜ਼ ਧੜੇ ਦੇ ਵਿਰੋਧ ਵਿੱਚ ਪ੍ਰਤੀਤ ਹੋ ਰਹੇ ਵੀਚਾਰਾਂ ਵਾਲੀ ਆਵਾਜ਼ ਨੂੰ ਬੰਦ ਕਰਵਾਉਣ ਲਈ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਹ ਸਮਾਂ ਹੈ ਕਿ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਹਰ ਪ੍ਰਚਾਰਕ, ਗੁਰਦੁਆਰਾ ਪ੍ਰਬੰਧਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਾ ਸਿੱਖ ਕਹਾਉਣ ਵਾਲਾ ਹਰ ਸਿੱਖ; ਓਨਟੋਰੀਓ ਖ਼ਾਲਸਾ ਦਰਬਾਰ ਵਿਖੇ ਵਾਪਰੀ ਇਸ ਘਟਨਾ ਦੀ ਤਹਿ ਤੱਕ ਪਹੁੰਚ ਕੇ ਸੱਚ ਨਾਲ ਖੜ੍ਹਨ ਲਈ ਅੱਗੇ ਆਵੇ ਨਹੀਂ ਤਾਂ ਸਾਡੀ ਹਾਲਤ ਇਹ ਹੋਵੇਗੀ :
  'ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥' (ਪੰਨਾ ੭੨੨)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.