ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 28
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 28
Page Visitors: 3065

“ਅਜੋਕਾ ਗੁਰਮਤਿ ਪ੍ਰਚਾਰ?” ਭਾਗ 28
ਪੁਰਬ ਜਨਮ-
ਅਜੋਕੇ ਗੁਰਮਤਿ ਪ੍ਰਚਾਰਕਾਂ ਦੇ ਪ੍ਰਸ਼ੰਸਕ ਇਕ ਵੀਰ ਜੀ ਨੇ ਫੇਸ ਬੁੱਕ ਤੇ “ਪੂਰਬ ਜਨਮ” ਬਾਰੇ ਇਕ ਪੋਸਟ ਪਾਈ ਸੀ।ਪੇਸ਼ ਹੈ ਉਸ ਪੋਸਟ ਤੇ ਚੱਲੇ ਵਿਚਾਰ ਵਟਾਂਦਰੇ ਦੇ ਕੁਝ ਅੰਸ਼-
ਅ: ਸਿੰਘ- “ਇਸੇ ਜਨਮ ਵਿੱਚ ਬੀਤੇ ਹੋਏ ਕਲ੍ਹ ਵਿੱਚ ਆਪਣੀ ਕਰਣੀ ਕਰਕੇ ਜਿਸ ਅਵਸਥਾ (ਜੂਨ ਵਿੱਚ) ਅਸੀਂ ਵਿਚਰੇ, ਉਸ ਅਵਸਥਾ ਦੇ ਕਾਰਣ ਸਾਡੀ ਵਰਤਮਾਨ ਜ਼ਿੰਦਗੀ ਤੇ ਜੋ ਅਸਰ ਪੈਂਦਾ ਹੈ, ਉਹ ਪੂਰਬਲੇ ਕਰਮ (ਪੂਰਬਲੇ ਜਨਮ) ਦਾ ਫਲ਼ ਹੁੰਦਾ ਹੈ”।
“ਗੁਰਮਤਿ ਦੀ ਰੋਸ਼ਨੀ ਵਿੱਚ ਪੁਰਬਲਾ ਜਨਮ ਤੋਂ ਭਾਵ ਹੈ ਨੇਚਰ ਵਿੱਚ ਆਉਣ ਵਾਲੀ ਤਬਦੀਲੀ ਨਾਲ ਜੋ ਹੁੰਦਾ ਹੈ।ਜਿਵੇਂ ਲਾਲਚੀ ਹੋਣਾ, ਸੁਆਨ (ਕੁੱਤਾ), ਕਾਮੀ ਹੋਣਾ ਆਦਿ …..।
ਜਸਬੀਰ ਸਿੰਘ ਵਿਰਦੀ- ਅ: ਸਿੰਘ ਜੀ! ਤੁਹਾਡੇ ਦੱਸੇ ਮੁਤਾਬਕ ਇਸੇ ਜਨਮ ਵਿਚਲੇ ਪਿਛਲੇ ਸਮੇਂ ਵਿੱਚ ਜਿਸ ਤਰ੍ਹਾਂ ਦਾ ਸਾਡਾ ਸੁਭਾਵ ਬਣ ਜਾਂਦਾ ਹੈ ਇਹੀ ਸਾਡਾ ਪਿਛਲੇ ਜਨਮ ਦਾ ਕਰਮ ਹੈ।ਵੀਰ ਜੀ! ਕੋਈ ਬੰਦਾ ਸਾਰੀ ਉਮਰ ਚੋਰੀਆਂ ਠੱਗੀਆਂ ਮਾਰ ਕੇ ਦੌਲਤ ਇਕੱਠੀ ਕਰਦਾ ਹੈ ਅਤੇ ਉਸ ਦੌਲਤ ਨਾਲ ਸੁਖ ਮਾਣਦਾ ਹੋਇਆ ਜੀਵਨ ਵਤੀਤ ਕਰਦਾ ਹੈ।ਅਨ-ਮਨੁੱਖੀ ਕਾਰੇ ਕਰਦਾ ਹੋਇਆ ਆਪਣੀ ਇਸੇ ਤਰ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ ਹੈ।ਜਿਸ ਉੱਤੇ ਕਿਸੇ ਕਿਸਮ ਦੇ ਧਰਮ ਕਰਮ ਦੀ ਸਿੱਖਿਆ ਦਾ ਕੋਈ ਅਸਰ ਨਹੀਂ।ਇਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਕੇ ਜੀਵਨ ਸਫਰ ਖ਼ਤਮ ਹੋ ਜਾਣ ਤੇ ਸੰਸਾਰ ਤੋਂ ਤੁਰ ਜਾਂਦਾ ਹੈ।ਐਸੇ ਵਿਅਕਤੀ ਨੂੰ ਉਸ ਦੇ ਕਰਮਾਂ ਦਾ ਕਦੇ ਫਲ਼ ਵੀ ਮਿਲਦਾ ਹੈ ਜਾਂ ਜਿਸ ਨੂੰ ਜਿਸ ਤਰ੍ਹਾਂ ਚੰਗਾ ਲੱਗਦਾ ਹੈ ਆਪਣਾ ਜੀਵਨ ਬਿਤਾਈ ਜਾਵੇ?ਮਹਾਂ ਰਿਸ਼ੀ ਚਾਰਵਾਕ ਕਹਿੰਦਾ ਹੈ-
ਜਿਤਮ ਜੀਵੇਤ ਸੁਖਮ ਜੀਵੇਤ॥
ਰਿਣਮ ਕ੍ਰਿਤਵਾ ਘ੍ਰਿਤਮ ਪੀਬੇਤ॥

ਅਰਥਾਤ- ਜਿੰਨਾ ਚਿਰ ਜਿਉਣਾ ਹੈ ਸੁਖ ਮਾਣਦੇ ਹੋਏ ਜੀਵੋ।ਜੇ ਗੁੰਜਾਇਸ਼ ਨਹੀਂ ਤਾਂ ਕਰਜਾ ਚੁੱਕਕੇ ਵੀ ਘਿਉ ਪੀਵੋ।ਕਰਜਾ ਮੋੜਨ ਦੀ ਚਿੰਤਾ ਨਾ ਕਰੋ।ਕਿਉਂਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ।ਕਿਸੇ ਨੇ ਕਰਜਾ ਵਾਪਸ ਮੰਗਣ ਲਈ ਤੁਹਾਡੇ ਪਿੱਛੇ ਨਹੀਂ ਆਉਣਾ।ਕਰਜਾ ਮੋੜਨ ਲਈ ਤੁਸੀਂ ਵੀ ਜੱਗ ਤੇ ਵਾਪਸ ਨਹੀਂ ਆਉਣਾ।
ਤਾਂ ਕੀ ਇਹ ਮੰਨ ਲੈਣਾ ਚਾਹੀਦਾ ਹੈ ਕਿ ਗੁਰਮਤਿ ਸਿਧਾਂਤ ਵੀ ਚਾਰਵਾਕੀਆਂ ਦੀ ਤਰ੍ਹਾਂ ਹੀ ਹੈ ਕਿ ਇਸ ਜਨਮ ਨੂੰ ਸੁਖਾਂ ਭਰਿਆ ਬਣਾਵੋ।ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ, ਅੱਗੇ (ਅਗਲੇ ਜਨਮ) ਦੀ ਚਿੰਤਾ ਨਾ ਕਰੋ?
ਅ: ਸਿੰਘ- ਵੀਰ ਜੀ! ਗੁਰਮਤਿ ਅਨੁਸਾਰ ਹਰ ਜੀਵ ਵਿੱਚ ਵਾਹਿਗੁਰੂ ਦੀ ਹੋਂਦ ਹੈ, ਫਿਰ ਕਿਸ ਨਾਲ ਚੋਰੀ ਜਾਂ ਠੱਗੀ ਕਰਾਂਗੇ?
ਸ਼ਲੋਕ ਮ: 4-
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲ਼ ਪਾਏ॥
ਗੁਰਸਿਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰਿ ਪਾਏ॥
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ॥
ਇਕਨ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹ ਜੇਹਾ ਬੀਜੇ ਤੇਹਾ ਫਲੁ ਖਾਏ॥
ਜਾ ਸਤਿਗੁਰ ਸਰਾਫ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ॥
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ॥
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਦੇਖੈ ਚਲਤ ਸਬਾਏ
॥” (ਪੰਨਾ-302-303)
ਜਸਬੀਰ ਸਿੰਘ ਵਿਰਦੀ- ਵੀਰ ਜੀ! ਸਵਾਲ ਇਹ ਨਹੀਂ ਕਿ (ਸਾਰੇ ਜੀਵਾਂ ਵਿੱਚ ਰੱਬ ਹੈ ਤਾਂ) ਚੋਰੀ ਠੱਗੀ ਕਿਸ ਨਾਲ ਕਰਨੀ ਹੈ? ਬਲਕਿ ਸਵਾਲ ਇਹ ਹੈ ਕਿ ਸੰਸਾਰ ਤੇ ਏਨੀਆਂ ਚੋਰੀਆਂ ਠੱਗੀਆਂ ਆਪਾਂ ਨਿੱਤ ਦੇਖਦੇ ਹਾਂ।ਉਸ ਅਨੁਸਾਰ ਸਿਧਾਂਤਕ ਤੌਰ ਤੇ ਗੁਰਬਾਣੀ ਦੀ ਸੇਧ ਵਿੱਚ- ਕੋਈ ਬੰਦਾ ਸਾਰੀ ਉਮਰ ਚੋਰੀਆਂ ਠੱਗੀਆਂ ਮਾਰ ਕੇ ਦੌਲਤ ਇਕੱਠੀ ਕਰਦਾ ਹੈ ਅਤੇ ਇਸ ਦੌਲਤ ਨਾਲ ਆਪਣਾ ਸੁਖਾਂ ਭਰਿਆ ਜੀਵਨ ਵਤੀਤ ਕਰਦਾ ਹੈ।ਅਨ-ਮਨੁੱਖੀ ਕਾਰੇ ਕਰਦਾ ਹੋਇਆ ਆਪਣੀ ਇਸੇ ਤਰ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ ਹੈ।ਜਿਸ ਤੇ ਕਿਸੇ ਕਿਸਮ ਦੇ ਧਰਮ ਕਰਮ ਦੀ ਸਿੱਖਿਆ ਦਾ ਕੋਈ ਅਸਰ ਨਹੀਂ।ਇਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਕੇ ਜੀਵਨ ਸਫਰ ਖ਼ਤਮ ਹੋ ਜਾਣ ਤੇ ਸੰਸਾਰ ਤੋਂ ਤੁਰ ਜਾਂਦਾ ਹੈ।ਐਸੇ ਵਿਅਕਤੀ ਨੂੰ ਉਸ ਦੇ ਕਰਮਾਂ ਦਾ ਕਦੇ ਫਲ਼ ਵੀ ਮਿਲਦਾ ਹੈ ਜਾਂ ਜਿਸ ਨੂੰ ਜਿਸ ਤਰ੍ਹਾਂ ਚੰਗਾ ਲੱਗਦਾ ਹੈ ਆਪਣਾ ਜੀਵਨ ਬਿਤਾਈ ਜਾਵੇ?
ਆਪ ਜੀ ਵੱਲੋਂ ਪੇਸ਼ ਕੀਤੀ ਉਦਾਹਰਣ ਅਨੁਸਾਰ ਤਾਂ ਇਹ ਮਤਲਬ ਨਿਕਲਦਾ ਹੈ ਕਿ ਸਾਰੇ ਜੀਵਾਂ ਵਿੱਚ ਉਹ ਇੱਕ ਰੱਬ ਮੌਜੂਦ ਹੈ।ਕਿਸੇ ਨੇ ਕਿਸੇ ਨਾਲ ਚੋਰੀ ਠੱਗੀ ਮਾਰ ਲਈ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਸ ਨੇ ਚੋਰੀ ਠੱਗੀ ਮਾਰੀ, ਅਤੇ ਜਿਸ ਦੀ ਚੋਰੀ ਠੱਗੀ ਮਾਰੀ ਦੋਨਾਂ ਵਿੱਚ (/ਸਾਰਿਆਂ ਵਿੱਚ) ਉਹ ਇੱਕੋ ਰੱਬ ਹੀ ਤਾਂ ਹੈ(?)
ਅ: ਸਿੰਘ- ਵੀਰ ਜੀ! ਉਸ ਬੰਦੇ ਦੇ ਜੀਵਨ-ਕਾਲ ਵਿੱਚ ਹੀ ਉਸਨੂੰ ਫਲ਼ ਮਿਲਿਆ ਹੋਵੇਗਾ।ਬਾਕੀ ਤੁਸੀਂ ਅਜੇ ਵੀ ਚੋਰ ਕਹਕੇ ਫਲ਼ ਦੇ ਰਹੇ ਹੋ? ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਨੂੰ ਆਪਣੇ ਜੀਵਨ ਦੀ ਕਸਵੱਟੀ ਬਨਾਣਾ ਪਏਗਾ… ਦੂਜੇ ਤੇ ਨਹੀਂ।
ਜਸਬੀਰ ਸਿੰਘ ਵਿਰਦੀ- ਵੀਰ ਜੀ! “ਉਸ ਬੰਦੇ ਨੂੰ ਇਸੇ ਜੀਵਨ-ਕਾਲ ਵਿੱਚ ਹੀ ਫਲ਼ ਮਿਲਿਆ ਹੋਵੇਗਾ” ਇਹ ਗੁਰਮਤਿ ਸਿਧਾਂਤ ਹੈ ਜਾਂ ਤੁਸੀਂ ਆਪਣਾ ਅੰਦਾਜਾ ਦੱਸ ਰਹੇ ਹੋ? ਜੇ ਗੁਰਮਤਿ ਸਿਧਾਂਤ ਹੈ ਤਾਂ ਮਿਹਰਬਾਨੀ ਕਰਕੇ ਇਸ ਸਿਧਾਂਤ ਸੰਬੰਧੀ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰਨ ਦੀ ਖੇਚਲ ਕਰਨੀ ਜੀ।ਆਪਣੇ ਆਪ ਨੂੰ ਤਾਂ ਹਰ ਬੰਦਾ ਦੁੱਧ ਦਾ ਧੋਤਾ ਸਾਰੇ ਐਬਾਂ ਤੋਂ ਮੁਕਤ ਅਤੇ ਦੁਨੀਆਂ’ਚ ਸਭ ਤੋਂ ਵਧ ਪਰਉਪਕਾਰੀ ਹੀ ਸਮਝਦਾ ਹੈ।ਗੱਲ ਗੁਰਮਤਿ ਸਿਧਾਂਤ ਦੀ ਹੋ ਰਹੀ ਹੈ।ਸਿਧਾਂਤ ਦੀ ਹੀ ਗੱਲ ਕਰੋ।ਤੁਸੀਂ ਲਿਖਿਆ ਹੈ- “ਆਪਣੇ ਜੀਵਨ ਦੀ ਕਸਵੱਟੀ ਬਨਾਣਾ ਪਏਗਾ… ਦੂਜੇ ਤੇ ਨਹੀਂ”।ਇਹ ਉਦਾਹਰਣ ਤਾਂ ਤੁਸੀਂ ਖੁਦ ਹੀ ਪੇਸ਼ ਕੀਤੀ ਹੈ-“….ਜੇਹਾ **ਕੋ** (ਕੋਈ) ਬੀਜੇ ਤੇਹਾ ਫਲ ਪਾਏ॥” ਇਸ **ਕੋ** ਨੂੰ ਮੁੱਖ ਰੱਖਕੇ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ ਜੀ।
ਅ: ਸਿੰਘ-
ਇਕਨ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹ ਜੇਹਾ ਬੀਜੇ ਤੇਹਾ ਫਲੁ ਖਾਏ
ਜਾ ਸਤਿਗੁਰ ਸਰਾਫ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ॥
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ

ਜਸਬੀਰ ਸਿੰਘ ਵਿਰਦੀ- ਵੀਰ ਜੀ! ਮੈਂ ਇਸ ਗੱਲ ਤੋਂ ਕਿਤੇ ਇਨਕਾਰ ਨਹੀਂ ਕੀਤਾ ਕਿ- ਉਸ ਦੇ ਖੋਟ ਉਘੜ ਆਉੰਦੇ ਹਨ।ਸਵਾਲ ਤਾਂ ਇਹ ਹੈ ਕਿ ਖੋਟੇ ਕਰਮ ਕਦੋਂ ਉਘੜ ਆਉੰਦੇ ਹਨ? ਕੋਈ ਬੰਦਾ ‘ਸਿਰ ਕੰਪਿਓ ਪਗ ਡਗਮਗ ਨੈਨ ਜੋਤਿ ਤੇ ਹੀਨ’ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਪਰ ਖੋਟੇ ਕਰਮ ਕਰਨੇ ਨਹੀਂ ਛੱਡਦਾ।ਕੋਈ ਬੰਦਾ ‘ਸਿਰ ਪਲਿਆ ਦਾੜੀ ਪਲੀ ਮੁੱਛਾ ਭੀ ਪਲੀਆ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਪਰ ਰੰਗ-ਰਲੀਆਂ ਮਾਨਣੀਆਂ ਨਹੀਂ ਛੱਡਦਾ।ਤਾਂ ਉਸ ਦੇ ਇਹ ਕਰਮ ਕਦੋਂ ਉਘੜਨਗੇ?
ਵੀਰਜੀ! ਇਸ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਕਿ ਗੁਰਬਾਣੀ ਅਨੁਸਾਰ “ਪੂਰਬ ਜਨਮ (ਇਸ ਜਨਮ ਤੋਂ ਪਹਿਲਾਂ ਜਾਂ ਪਿੱਛੋਂ) ਕੋਈ ਜਨਮ ਨਹੀਂ ਅਤੇ ਇਸੇ ਜਨਮ ਵਿੱਚ ਸਾਰੇ ਲੇਖੇ ਖਤਮ ਹੋ ਜਾਂਦੇ ਹਨ?
ਵੀਰ ਜੀ! ਆਪਾਂ ਬੰਦਿਆਂ ਨੂੰ ਤਾਂ ਧੋਖੇ ਵਿੱਚ ਰੱਖਕੇ ਆਪਣੀ ਗੱਲ ਮਨਵਾ ਵੀ ਲਵਾਂਗੇ।ਪਰ ਆਪਣੀ ਅੰਤਰਆਤਮਾ ਦਾ ਕੀ ਕਰਾਂਗੇ? ਕੀ ਗੁਰਮਤਿ ਦਾ ਗ਼ਲਤ ਪ੍ਰਚਾਰ ਕਰਨਾ, ਗੁਰੂ ਨਾਲ ਧੋਖਾ ਨਹੀਂ? ਬਹੁਤ ਸਾਰੇ ਲੋਕਾਂ ਨੂੰ ਜਾਂ ਸਾਰੀ ਦੁਨੀਆਂ ਨੂੰ ਆਪਣੀ ਗੱਲ ਮਨਵਾ ਕੇ, ਆਪਣੇ ਮਗ਼ਰ ਲਗਾ ਲੈਣ ਨਾਲ ਕੀ ਗੁਰਬਾਣੀ ਦਾ ਸੱਚ ਬਦਲ ਜਾਵੇਗਾ ਅਤੇ ਕਰਤਾ ਵੀ ਆਪਣਾ ਨਿਜਾਮ ਬਦਲ ਦੇਵੇਗਾ?
ਵੀਰ ਜੀ! ਗੁਰਮਤਿ ਸੱਚ ਦਾ ਸੌਦਾ ਹੈ, ਸੱਚ ਨੂੰ ਅਪਨਾਇਆਂ ਹੀ ਪਾਰ-ਉਤਾਰਾ ਹੋਣਾ ਹੈ।ਇਸ ਲਈ ਬੇਨਤੀ ਹੈ ਕਿ ਜਿਹੜੇ ਲੋਕ ਗੁਰਮਤ ਦਾ ਗਲਤ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੀਆਂ ਗੱਲਾਂ ਵਿੱਚ ਆਉਣ ਤੋਂ ਬਚੋ।ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਮੁਆਫੀ ਚਾਹੁੰਦਾ ਹਾਂ।
ਨੋਟ: ਇਸ ਤੋਂ ਬਾਅਦ ਇਸ ਪੋਸਟ ਤੇ ਅ: ਸਿੰਘ ਜਾਂ ਕਿਸੇ ਵੀ ਹੋਰ ਜੱਜਣ ਦਾ ਕੋਈ ਕਮੈਂਟ ਨਹੀਂ ਆਇਆ।

ਜਸਬੀਰ ਸਿੰਘ ਵਿਰਦੀ        14-05-2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.