“ਅਜੋਕਾ ਗੁਰਮਤਿ ਪ੍ਰਚਾਰ?” ਭਾਗ 25
“ਸਿਮਰਨ ਨੂੰ ਪਾਖੰਡ ਕਹਿਣ ਵਾਲੇ ਅਜੋਕੇ ਗੁਰਮਤਿ ਪ੍ਰਚਾਰਕ?”
ਪਿਛਲੇ ਦਿਨੀਂ ਅਜੋਕੇ ਗੁਰਮਤਿ ਪ੍ਰਚਾਰਕਾਂ ਵਿੱਚੋਂ ਇਕ ਪ੍ਰਚਾਰਕ “ਇੰ: ਸਿੰਘ” ਦੀ ਇਕ ਕਿਤਾਬ ਵਿੱਚੋਂ “ਸਿਮਰਨ” ਸੰਬੰਧੀ ਇਕ ਲੇਖ ਫੇਸ ਬੁੱਕ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।ਪੇਸ਼ ਹੈ ਉਸ ਲੇਖ ਸੰਬੰਧੀ ਕੁਝ ਵਿਚਾਰ।
ਲੇਖ ਵਿੱਚ ਇੰ: ਸਿੰਘ ਲਿਖਦਾ ਹੈ-“ਦੁਨੀਆਂ ਵਿੱਚ ਰੱਬ ਦੀ ਹੋਂਦ ਮੰਨਣ ਵਾਲੇ ਲੋਕ ਹੋਰ ਬਹੁਤ ਸਾਰੀਆਂ ਧਾਰਮਕ ਰਸਮਾਂ ਦੇ ਨਾਲ-ਨਾਲ “ਸਿਮਰਨ” ਤੇ ਵਿਸ਼ੇਸ਼ ਜ਼ੋਰ ਦਿੰਦੇ ਹਨ।ਇਸ ਸਿਮਰਨ ਵਿੱਚੋਂ ਅਣਗਿਣਤ ਪ੍ਰਾਪਤੀਆਂ ਹੋਣੀਆਂ ਭੀ ਦਸਦੇ ਹਨ….”।
ਵਿਚਾਰ-ਗੁਰਮਤਿ-ਪ੍ਰਚਾਰ ਕਰਨ ਦੇ ਨਾਂ ਤੇ ਨਾਸਤਿਕਤਾ ਫੈਲਾਉਣ ਵਾਲੇ ਇਨ੍ਹਾਂ ਨਾਸਤਿਕਾਂ ਦੇ ਮਨ ਦੀ ਗੱਲ ਕਦੇ ਕਦੇ ਸਾਫ ਲਫਜਾਂ ਵਿੱਚ ਵੀ ਸਾਹਮਣੇ ਆ ਜਾਂਦੀ ਹੈ।ਇ: ਸਿੰਘ ਦਾ ਇਹ ਲਿਖਣਾ ਕਿ *ਰੱਬ ਦੀ ਹੋਂਦ ਮੰਨਣ ਵਾਲੇ ਲੋਕ …..*ਇਸ ਤੋਂ ਗੱਲ ਸਾਫ ਹੋ ਗਈ ਕਿ ਇਹ ਖੁਦ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ।ਅੱਗੇ ਲੇਖ ਵਿੱਚ ਇ: ਸਿੰਘ ਨੇ ਅੱਖਾਂ ਬੰਦ ਕਰਕੇ ਤੋਤਾ ਰਟਣ ਵਾਲੇ ਨਾਮ ਸਿਮਰਨ ਨੂੰ ਰੱਦ ਕਰਨ ਦੀ ਗੱਲ ਤਾਂ ਕੀਤੀ ਹੈ, ਪਰ ਇਸ ਆੜ ਵਿੱਚ ਉਹ ਗੁਰਮਤਿ ਦੇ ਸਿਮਰਨ ਵਾਲੇ ਸੰਕਲਪ ਨੂੰ ਮੁੱਢੋਂ ਹੀ ਰੱਦ ਕਰਦਾ ਹੋਇਆਲਿਖਦਾ ਹੈ:-
“ਸਿਮਰਨ ਦੇ ਹਮਾਇਤੀ ਨਾਮ ਸਿਮਰਨ ਵਿੱਚੋਂ ਪੈਦਾ ਹੋਣ ਵਾਲੀਆਂ ਸ਼ਕਤੀਆਂ ਬਹੁਤ ਗਿਣਾਉਂਦੇ ਹਨ।ਨਾਮ ਸਿਮਰਨ ਵਾਲਿਆਂ ਨੂੰ ਕਰਾਮਾਤੀ ਭੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ।ਸਿਮਰਨ ਕਰਨ ਵਾਲੇ ਧਨਵਾਨ ਹੋ ਜਾਂਦੇ ਹਨ।ਸਦੀਵੀ ਸੁਖਾਂ ਦੀ ਪਰਾਪਤੀ ਹੋ ਜਾਂਦੀ ਹੈ।ਜੋ ਮੰਗੋ ਸੋਈ ਮਿਲ ਜਾਂਦਾ ਹੈ…ਆਦਿ ਅਜਿਹੀਆਂ ਗੁਰਬਾਣੀ ਪੰਗਤੀਆਂ ਦੇ ਹਵਾਲੇ ਭੀ ਦਿੰਦੇ ਹਨ-
“ ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ਪ੍ਰਭ ਕਉ ਸਿਮਰਹਿ ਸੇ ਪਤਿਵੰਤੇ॥
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ॥
ਪ੍ਰਭ ਕਉ ਸਿਮਰਹਿ ਸੇ ਬੇ ਮੁਹਤਾਜੇ॥ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ॥…” (ਪੰਨਾ-263)
ਇ: ਸਿੰਘ-“ਪਰਮੇਸਰ ਦਾ ਸਿਮਰਨ ਕਰਨ ਵਾਲੇ ਧੰਨਵਾਨ ਹੋ ਜਾਂਦੇ ਹਨ।ਇੱਜਤਦਾਰ ਬਣ ਜਾਂਦੇ ਹਨ।ਸਾਰੇ ਲੋਕ ਉਨ੍ਹਾਂਨੂੰ ਚੰਗੇ ਸਮਝਦੇ ਹਨ।ਉਹ ਸਾਰਿਆਂ ਦੇ ਮੁਖੀ ਬਣਦੇ ਹਨ।ਉਨ੍ਹਾਂਨੂੰ ਕਿਸੇ ਦੀ ਗੁਲਾਮੀ ਨਹੀਂ ਰਹਿੰਦੀ।ਸਿਮਰਨ ਕਰਨ ਵਾਲੇ ਸਾਰਿਆਂ ਤੇ ਰਾਜ ਕਰਦੇ ਹਨ ਆਦਿ-ਆਦਿ।…
… ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿਮਰਨ ਕਰਨ ਵਾਲੇ ਸਿੱਖ ਧਨਵਾਨ ਕਿਉਂ ਨਹੀਂ ਹਨ?ਅੱਜ ਤਾਂ ਦੋ ਨੰਬਰ ਵਾਲੇ ਪਾਪ ਕਰਮ ਕਰਨ ਵਾਲੇ ਧਨਵਾਨ ਹਨ।ਕੀ ਉਹ ਸਿਮਰਨ ਬਹੁਤ ਕਰਦੇ ਹਨ?ਸਮੁਚੇ ਸਿੱਖ ਪੰਥ ਨੂੰ ਆਪਣਿਆਂ ਅਤੇ ਬੇਗਾਨਿਆਂ ਨੇ ਬੇਪੱਤ ਕਰਕੇ ਘੱਟੇ ਰੋਲ ਦਿੱਤਾ, ਕਿੱਥੇ ਹੈ ਸਿੱਖਾਂ ਦੀ ਇੱਜਤ?ਇੱਜਤ ਹੈ ਵਡੇ ਅਫਸਰਾਂ ਦੀ, ਵਜ਼ੀਰਾਂ ਦੀ, ਕਾਰਖਾਨੇਦਾਰਾਂ ਦੀ, ਵਪਾਰੀਆਂ ਦੀ।ਕੀ ਉਹ ਸਾਰੇ ਨਾਮ ਸਿਮਰਦੇ ਹਨ? ‘ਸਿਮਰਨ ਕਰਨ ਵਾਲੇ ਸਾਰਿਆਂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਹਨ’, ਕੀ ਸਿੱਖ ਇਸ ਦੇਸ਼ ਦੇ ਹਾਕਮਾਂ ਦੀਆਂ ਨਜ਼ਰਾਂ ਵਿੱਚ ਪਰਵਾਨ ਹੋ ਗਏ ਹਨ?ਇੱਥੇ ਤਾਂ ਬਿਨਾ ਕਸੂਰ ਦੱਸੇ ਬੇਅੰਤ ਸਿੱਖਾਂ ਨੂੰ ਕੋਹ ਕੋਹਕੇ ਮਾਰਿਆ ਗਿਆ ਹੈ।ਕੀ ਸਿੱਖ ਸਿਮਰਨ ਦੀ ਘਾਟ ਕਾਰਨ ਮਾਰੇ ਜਾ ਰਹੇ ਹਨ? ਜਿਹੜੀਆਂ ਤਾਕਤਾਂ (ਸਰਕਾਰੀ ਜਾਂ ਗੈਰ-ਸਰਕਾਰੀ) ਸਿੱਖਾਂ ਨੂੰ ਤਬਾਹ ਕਰ ਰਹੀਆਂ ਹਨ ਕੀ ਉਨ੍ਹਾਂਨੂੰ ਅਸੀਮ ਤਾਕਤ ਸਿਮਰਨ ਵਿੱਚੋਂ ਮਿਲੀ ਹੈ?‘ਸਿਮਰਨ ਕਰਨ ਵਾਲੇ ਹਰ ਥਾਂ ਮੋਹਰੀ ਜਾਂ ਸਾਰਿਆਂ ਦੇ ਪ੍ਰਧਾਨ ਬਣ ਜਾਂਦੇ ਹਨ’, ਮੋਹਰੀ ਹੋਣਾ ਤਾਂ ਦੂਰ ਦੀ ਗੱਲ ਸਿੱਖ ਦੂਜੇ ਦਰਜੇ ਦੇ ਸ਼ਹਿਰੀ ਬਣੇ ਵੇਖੇ ਜਾ ਸਕਦੇ ਹਨ।ਵਿੱਦਿਆ ਵੱਲੋਂ, ਪੈਸੇ ਵੱਲੋਂ ਸਿੱਖ ਬੇਅੰਤ ਪਛੜ ਚੁੱਕੇ ਹਨ।ਪ੍ਰਧਾਨ ਹੋਣਾ ਤਾਂ ਦੂਰ ਦੀ ਗੱਲ ਬਰਾਬਰ ਦੇ ਨਾਗਰਿਕ ਹੀ ਸਿੱਖਾਂ ਨੂੰ ਮੰਨ ਲਿਆ ਜਾਵੇ, ਇੰਨਾ ਹੀ ਕਾਫੀ ਹੈ।ਜੋ ਲੋਕ ਇਸ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ ਤੇ ਵਡੇ ਅਫਸਰ ਬਣੇ ਹੋਏ ਹਨ ਲਗਦੈ ਕਿ ਉਹ ਸਿਮਰਨ ਸਿੱਖਾਂ ਨਾਲੋਂ ਵੱਧ ਕਰ ਗਏ।ਇਸੇ ਕਾਰਨ ਸਾਰੇ ਵੱਡੇ ਅਹੁਦੇ ਉਨ੍ਹਾਂ ਕੋਲ ਹਨ?ਚੁਰਾਸੀ ਵਿੱਚ ਦੋ ਘਲੂਘਾਰੇ ਵਰਤ ਗਏ-ਸਿੱਖਾਂ ਤੇ ਕਹਿਰ ਢਾਹੁਣ ਵਾਲਿਆਂ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ।ਇਸ ਦਾ ਮਤਲਬ ਕਿ ਕਹਿਰ ਢਾਹੁਣ ਵਾਲੇ ਵੱਧ ਸਿਮਰਨ ਕਰਦੇ ਹਨ?ਇਸੇ ਕਾਰਨ ਉਨ੍ਹਾਂ ਕੋਲ ਆਜ਼ਾਦੀ ਹੈ, ਅਸੀਮ ਤਾਕਤਾਂ ਹਨ? ‘ਪ੍ਰਭੂ ਦਾ ਸਿਮਰਨ ਕਰਨ ਵਾਲੇ ਸਾਰਿਆਂ ਤੇ ਰਾਜ ਕਰਦੇ ਹਨ’, ਜੇ ਸਿਮਰਨ ਕਰਨ ਨਾਲ ਰਾਜ ਮਿਲਦਾ ਹੈ ਫਿਰ ਸਿੱਖਾਂ ਨੂੰ ਰਾਜ ਕਿਉਂ ਨਹੀਂ ਮਿਲਦਾ?”
ਵਿਚਾਰ- ਪਾਠਕ ਦੇਖ ਲੈਣ ਕਿ ਇੱਥੇ ਕਿਤੇ ਵੀ ਅੰਖਾਂ ਬੰਦ ਕਰਕੇ ਤੋਤਾ ਰਟਣ ਵਾਲੇ ਸਿਮਰਨ ਦੀ ਤਾਂ ਗੱਲ ਹੀ ਨਹੀਂ ਕੀਤੀ ਗਈ।ਗੁਰਬਾਣੀ ਦੀਆਂ ਕੁੱਝ ਪਗਤੀਆਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂਨੂੰ ਆਪਣੀ ਹੀ ਪਦਾਰਥਵਾਦੀ ਸੋਚ ਵਾਲੇ ਭਾਵਾਰਥ ਕਰਕੇ ਸਿਮਰਨ ਬਾਰੇ ਨੁਕਤਾਚੀਨੀ ਕੀਤੀ ਗਈ ਹੈ।ਸਾਫ ਜਾਹਰ ਹੈ ਕਿ ਇ: ਸਿੰਘ ਗੁਰਬਾਣੀ ਦੇ ਫੁਰਮਾਨ ਤੋਂ ਹੀ ਮੁਨਕਰ ਹੈ।
ਅੱਗੇ ਇ: ਸਿੰਘ ਲਿਖਦਾ ਹੈ:-
ਜਿਹੋ ਜਿਹੀਆਂ ਸਿਮਰਨ ਦੀਆਂ ਸ਼ਕਤੀਆਂ ਬਿਆਨ ਕੀਤੀਆਂ ਜਾ ਰਹੀਆਂ ਹਨ, ਫਿਰ ਤਾਂ ਮੰਨਣਾ ਪਵੇਗਾ ਕਿ ਬਾਬਰ ਜ਼ਿਆਦਾ ਨਾਮ ਜਪਦਾ ਸੀ ਜਿਸਨੇ ਗੁਰੂ ਨਾਨਕ ਸਾਹਿਬ ਨੂੰ ਕੈਦ ਕਰ ਲਿਆ?ਜਹਾਂਗੀਰ ਦਾ ਨਾਮ ਸਿਮਰਨ ਜਿਆਦਾ ਸੀ, ਜਿਸਨੇ ਗੁਰੂ ਅਰਜੁਨ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ?ਔਰੰਗਜੇਬ ਦਾ ਨਾਮ ਸਿਮਰਨ ਬਹੁਤ ਤਾਕਤ ਵਾਲਾ ਸੀ ਜਿਸ ਨੇ ਗੁਰੂ ਤੇਗ ਬਹਾਦੁਰ ਅਤੇ ਧਰਮੀ ਸਿੱਖਾਂ ਨੂੰ ਖੌਫਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ? ਇੱਕ ਬੰਨੇ ਗੁਰੂ ਸਾਹਿਬ ਦੀ ਅਥਾਹ ਸਿਆਣਪ ਅਤੇ ਬਹਾਦੁਰੀ।ਜਿਸ ਸਦਕਾ ਉਨ੍ਹਾਂ ਦੁਨੀਆਂ ਨੂੰ ਲਾ-ਮਿਸਾਲ ਵਿਚਾਰਧਾਰਾ ਰਾਹੀਂ ਨਵਾਂ ਜੀਵਨ ਦਿੱਤਾ।ਆਪਣੇ ਲਾਸਾਨੀ ਕਾਰਜਾਂ ਦੁਆਰਾ ਲੋਕਾਂ ਵਿੱਚ ਹਿੰਮਤ ਤੇ ਹੋਸ਼ ਭਰਿਆ।ਆਪਣਾ ਆਪਾ ਤੇ ਪਰਿਵਾਰ ਤੱਕ ਵਾਰ ਦਿੱਤੇ।ਸਿੱਖਾਂ ਨੂੰ ਸਵੈਮਾਣ, ਆਜ਼ਾਦੀ ਅਤੇ ਰਾਜ ਵਾਲਾ ਰਾਹ ਵਿਖਾ ਦਿੱਤਾ।ਜੇ ਸਿਮਰਨ ਵਰਗੇ ਸੌਖੇ ਕੰਮ ਦੁਆਰਾ ਸਾਰੀਆਂ ਬਰਕਤਾਂ ਆਉਂਦੀਆਂ ਸਨ, ਫਿਰ ਅਣਗਿਣਤ ਲੋਕਾਂ ਦਾ ਖੂਨ ਡੋਲ੍ਹਣ ਦੀ ਕੀ ਲੋੜ ਸੀ?
ਵਿਚਾਰ- ਪਾਠਕ ਦੇਖ ਲੈਣ ਕਿ ਤੋਤਾ ਰਟਣ ਵਾਲੇ ਸਿਮਰਨ ਦੀ ਤਾਂ ਕੋਈ ਗੱਲ ਹੀ ਨਹੀਂ, ਸਿੱਧਾ ਗੁਰੂ ਸਾਹਿਬਾਂ ਦੁਆਰਾ ਬਿਆਨੇ ਸਿਮਰਨ ਨੂੰ ਹੀ ਵਿਅਰਥ ਦਰਸਾਇਆ ਗਿਆ ਹੈ।ਇੱਥੇ, ਵਿੱਚ ਵਿਚਾਲੇ ਤੋਤਾ ਰਟਣ ਵਾਲੇ ਸਿਮਰਨ ਵਾਲੀ ਤਾਂ ਕੋਈ ਧਿਰ ਹੀ ਨਹੀਂ ਹੈ, ਸਿੱਧੀ ਸਿਮਰਨ ਅਤੇ ਗੁਰੂ ਸਾਹਿਬਾਂ ਨਾਲ ਵਾਪਰੇ ਤਸੀਹੇ ਅਤੇ ਸ਼ਹੀਦੀਆਂ ਦੀ ਗੱਲ ਹੈ।ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਸਾਹਿਬ ਇਸ ਲਈ ਸਿਮਰਨ ਕਰਿਆ ਕਰਦੇ ਸੀ ਕਿ ਉਨ੍ਹਾਂਨੂੰ ਕੋਈ ਬਾਬਰ ਜੇਲ੍ਹ ਵਿੱਚ ਨਾ ਪਾ ਸਕੇ? ਕੋਈ ਜਹਾਂਗੀਰ ਜਾਂ ਔਰੰਗਜੇਬ ਉਨ੍ਹਾਂਨੂੰ ਤਸੀਹੇ ਦੇ ਕੇ ਸ਼ਹੀਦ ਨਾ ਕਰ ਸਕੇ?
ਅੱਗੇ ਇ: ਸਿੰਘ ਲਿਖਦਾ ਹੈ:-
ਗੁਰ ਫੁਰਮਾਨ ਪੜ੍ਹੋ:-
“ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ॥ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ॥ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ॥ਨਾਨਕ ਜਿਉ ਜਿੳੇੁ ਸਚੇ ਭਾਵੈ ਤਿਉ ਤਿਉ ਤਿਉ ਦੇਇ ਗਿਰਾਹ॥” (ਪੰਨਾ- 144)
ਇ: ਸਿੰਘ- “ਨਿਰੰਕਾਰ ਦੇ ਨਿਅਮ ਨੂੰ ਸਮਝੋ ਮਾਸ ਖਾਣੇ ਤੇ ਰੱਤ ਪੀਣੇ ਬੇਈਮਾਨ ਹਾਕਮਾਂ ਨੂੰ ਆਪਣੀ ਸਿਆਣਪ ਅਤੇ ਤਾਕਤ ਵਰਤਕੇ ਸੁਸ਼ੀਲ ਬਣਾਇਆ ਜਾ ਸਕਦਾ ਹੈ।ਜ਼ੁਲਮ ਕਰਨੋ ਰੋਕਿਆ ਜਾ ਸਕਦਾ ਹੈ।ਪਹਿਲਿਆਂ ਨੂੰ ਗੱਦੀ ਤੋਂ ਉਤਾਰ ਦੂਜਿਆਂ ਨੂੰ ਭੀ ਆਪਹੁਦਰੇ ਨਹੀਂ ਹੋਣ ਦੇਣਾ।ਵਰਨਾ ਅੱਜ ਤੱਕ ਏਹੀ ਹੁੰਦਾ ਆਇਆ ਹੈ ਕਿ ਦੂਜੀ ਧਿਰ ਭੀ ਲੋਕਾਂ ਦਾ ਘਾਣ ਕਰਨ ਲੱਗ ਪੈਂਦੀ ਹੈ।ਹਿੰਮਤ ਨਾਲ ਦਰਿਆਵਾਂ ਨੂੰ ਰੋਕਿਆ ਜਾ ਸਕਦਾ ਹੈ।ਪੱਧਰੀ ਥਾਵੇਂ ਮਹਿਲ ਕਿਲ੍ਹੇ ਉਸਾਰੇ ਜਾ ਸਕਦੇ ਹਨ।ਕੀੜਿਆਂ ਵਰਗੇ ਮਾਮੂਲੀ ਮਨੁੱਖ ਜੇ ਏਕਤਾ ਦੇ ਸੂਤਰ ਵਿੱਚ ਬੱਝ ਜਾਣ, ਸਿਆਣਪ ਅਤੇ ਸ਼ਕਤੀ ਇਕੱਠੀ ਵਰਤ ਲੈਣ ਤਾਂ ਬਾਦਸ਼ਾਹ ਬਣ ਸਕਦੇ ਹਨ।ਇਨ੍ਹਾਂ ਦੇ ਸਾਹਮਣੇ ਲੜਨ ਵਾਲੇ ਮੁਕਾਬਲਾ ਨਹੀਂ ਕਰ ਸਕਣਗੇ।ਮਿੱਟੀ ਵਿੱਚ ਮਿਲ ਜਾਣਗੇ”।
ਵਿਚਾਰ- ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੇ ਅਰਥ ਇੱਥੇ ਬਿਆਨ ਕੀਤੇ ਗਏ ਹਨ, ਇਨ੍ਹਾਂ ਪੰਗਤੀਆਂ ਦੇ ਇਹ ਅਰਥ ਬਿਲਕੁਲ ਵੀ ਨਹੀਂ ਹਨ।
ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ ਅਰਥ ਹਨ -“ਇਹਨਾਂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ।ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ ‘ਸਾਹ’ ਦੀ ਭੀ ਕੀਹ ਮੁਥਾਜੀ ਹੈ”।
ਜਿਹੜੇ ਅਰਥਾਂ ਨਾਲ ਇ: ਸਿੰਘ ਵਿਚਾਰ ਬਿਆਨ ਕਰ ਰਿਹਾ ਹੈ ਉਹ ਅਸਲੀ ਅਰਥਾਂ ਦੇ ਨੇੜੇ ਤੇੜੇ ਵੀ ਨਹੀਂ।
ਦੂਸਰੀ ਗੱਲ- ਜੇ ਇ: ਸਿੰਘ ਵਾਲੇ ਅਰਥ ਮੰਨ ਵੀ ਲਏ ਜਾਣ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਸਾਹਿਬਾਂ ਵਿੱਚ ਇ: ਸਿੰਘ ਦੁਆਰਾ ਬਿਆਨੇ ਗਏ ਗੁਣਾਂ ਦੀ ਕਮੀਂ ਰਹਿ ਗਈ ਸੀ ਜਿਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਦੀ ਜੇਲ੍ਹ ਵਿੱਚ ਜਾਣਾ ਪਿਆ? ਗੁਰੂਸਾਹਿਬਾਂ ਨੂੰ ਤਸੀਹੇ ਸਹਾਰਦੇ ਹੋਏ ਸ਼ਹੀਦ ਹੋਣਾ ਪਿਆ?
ਅੱਗੇ ਸਿਮਰਨ ਦਾ ਮਜਾਕ ਉਡਾੳਂਦਾ ਹੋਇਆ ਇ: ਸਿੰਘ ਲਿਖਦਾ ਹੈ-
ਗੁਰਮੁਖੋ! ਕਰੋਕਿਰਪਾ ਤੁਸੀਂ ਪਰਉਪਕਾਰੀ ਹੋ।“ਆਪਣੀ ਸਿਮਰਨ ਦੀ ਸ਼ਕਤੀ ਨਾਲ” ਪੰਥ ਦੀ ਵਿਗੜੀ ਤਕਦੀਰ ਸੰਵਾਰ ਦਿਉ ਜੀ।
ਵਿਚਾਰ- ਗੁਰਮੁਖੋ! ਜਾਗੋ, ਇਨ੍ਹਾਂ ਨਾਸਤਿਕਾਂ (ਕਾਮਰੇਡੀ/ ਚਾਰਵਾਕੀਏ ਘੁਸਪੈਠੀਆਂ) ਦੀਆਂ ਗਤੀਵਿਧੀਆਂ ਨੂੰ ਸਮਝੋ।ਇਸ ਤਰ੍ਹਾਂ ਦੇ ਵਿਚਾਰਾਂ ਵਾਲਿਆਂ ਦਾ ਇਕ ਗਰੁਪ ਬਣਿਆ ਹੋਇਆ ਹੈ, ਜਿਸ ਦਾ ਮੁਖ ਕੇਂਦਰ ਲੁਧਿਆਣੇ ਵਿੱਚ ਹੈ।ਇਨ੍ਹਾਂ ਨਾਸਤਿਕਾਂ ਦੀ ਪਛਾਣ ਕਰਕੇ ਗੁਰਮਤਿ/ ਸਿੱਖਾਂ ਵਿੱਚ ਇਨ੍ਹਾਂ ਲੋਕਾਂ ਦੀ ਘੁਸਪੈਠ ਨੂੰ ਠਲ੍ਹ ਪਾਵੋ।ਇਹ ਕੰਮ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਖੁਦ ਗੁਰਬਾਣੀ ਨੂੰ ਅਰਥਾਂ ਸਮੇਤ ਸਮਝਕੇ ਇਨ੍ਹਾਂ ਨਾਸਤਿਕਾਂ ਦੀਆਂ ਗੁਰਮਤਿ ਵਿਰੋਧੀ ਗਤੀਵਿਧੀਆਂ ਨੂੰ ਪਛਾਨਣ ਦੇ ਕਾਬਲ ਹੋ ਜਾਵੋਗੇ।ਇਸ ਦੇ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ( Guru granth darpan.com )ਦੀ ਸਹਾਇਤਾ ਲਈ ਜਾ ਸਕਦੀ ਹੈ।ਗੁਰਬਾਣੀ ਨੂੰ ਸਮਝਕੇ ਕਰਮ-ਕਾਂਡਾਂ ਦੀ ਸਮਝ ਲੱਗ ਸਕਦੀ ਹੈ।ਇਸ ਤਰ੍ਹਾਂ ਕਰਮਕਾਂਡਾਂ ਦਾ ਖੁਦ ਤਿਆਗ ਕਰੋ।ਇਹ ਨਾਸਤਿਕ ਲੋਕ ਕਰਮਕਾਂਡਾਂ ਵੱਲੋਂ ਸੁਚੇਤ ਕਰਨ ਵਾਲੀਆਂ ਗੱਲਾਂ ਦੀ ਆੜ ਵਿੱਚ ਆਪਣੀ ਨਾਸਤਿਕਤਾ ਵਾਲੀ ਸੋਚ ਦੀ ਘੁਸਪੈਠ ਕਰ ਰਹੇ ਹਨ।ਮੌਕਾ ਰਹਿੰਦਿਆਂ ਸੰਭਲੋ, ਐਸਾ ਨਾ ਹੋਵੇ ਕਿ ਵੇਲਾ ਹੱਥੋਂ ਨਿਕਲ ਜਾਵੇ।
ਜਸਬੀਰ ਸਿੰਘ ਵਿਰਦੀ
14-04-2014