ਕੀ ਭਾਰਤੀ ਰਾਜਨੀਤੀ ਦਾ ਊਠ ਕਰਵਟ ਲੈ ਰਿਹਾ ਹੈ ?
ਜਸਵੰਤ ਸਿੰਘ ਅਜੀਤ
ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਲਈ ਮਤਦਾਨ ਦੇ ਦਿਨ ਨੇੜੇ ਆਉਂਦੇ ਜਾ ਰਹੇ ਹਨ, ਤਿਉਂ-ਤਿਉਂ ਇਨ੍ਹਾਂ ਚੋਣਾਂ ਲਈ ਦੇਸ਼ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਆਪੋ-ਆਪਣੇ ਹੱਕ ’ਚ ਕੀਤਾ ਜਾ ਰਿਹਾ ਪ੍ਰਚਾਰ ਜ਼ੋਰ ਪਕੜਦਾ ਜਾ ਰਿਹਾ ਹੈ। ਇਉਂ ਜਾਪਦਾ ਹੈ ਜਿਵੇਂ ਇਸ ਵਾਰ ਚੋਣਾਂ ਵਿੱਚ ਕੇਵਲ ਮੁਕਾਬਲੇ ਹੀ ਦਿਲਚਸਪ ਨਹੀਂ ਹੋਣਗੇ, ਸਗੋਂ ਇਨ੍ਹਾਂ ਦੇ ਨਤੀਜੇ ਵੀ ਹੈਰਾਨ-ਕੁੰਨ ਹੋ ਸਕਦੇ ਹਨ। ਚੋਣਾਂ ਤੋਂ ਬਾਅਦ ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਭਾਰਤੀ ਰਾਜਨੀਤੀ ਵਿੱਚ ਨਵੇਂ ਸਮੀਕਰਣ ਵੀ ਉਭਰ ਕੇ ਸਾਹਮਣੇ ਆ ਜਾਣ। ਚੋਣਾਂ ਤੋਂ ਬਾਅਦ ਜਿਥੇ ਐਨ ਡੀ ਏ ਨੂੰ ਨਵੇਂ ਭਾਈਵਾਲ ਮਿਲਣਗੇ, ਉਥੇ ਹੀ ਯੂ ਪੀ ਏ ਦੇ ਗਠਨ ਵਿੱਚ ਵੀ ਭਾਰੀ ਫੇਰ-ਬਦਲ ਹੋਇਆ ਨਜ਼ਰ ਆਏਗਾ।
ਇਨ੍ਹਾਂ ਚੋਣਾਂ ਤੋਂ ਬਾਅਦ, ਦੋਹਾਂ ਗਠਜੋੜਾਂ ਤੋਂ ਇਲਾਵਾ, ਜੇ ਆਮ ਆਦਮੀ ਪਾਰਟੀ (ਆਪ) ਦੇਸ਼ ਦੀਆਂ ਦੋ ਵੱਡੀਆਂ ਕੌਮੀ ਪਾਰਟੀਆਂ, ਕਾਂਗਰਸ ਅਤੇ ਭਾਜਪਾ ਦੇ ਮੁਕਾਬਲੇ ਆ ਖੜ੍ਹੀ ਹੋਵੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਕੌਮੀ ਰਾਜਨੀਤੀ ਦੇ ਨਿਗਰਾਨਾਂ ਅਨੁਸਾਰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਭਾਵੇਂ ਬਹੁਤੀਆਂ ਸੀਟਾਂ ਜਿੱਤਣ ਵਿੱਚ ਸਫਲ ਨਾ ਵੀ ਹੋ ਸਕੇ, ਫਿਰ ਵੀ ਉਹ ਗਿਣਤੀ ਦੀਆਂ ਕੁਝ ਸੀਟਾਂ ਦੇ ਨਾਲ ਵੀ ਦੇਸ਼ ਦੀ ਕੌਮੀ ਰਾਜਨੀਤੀ ਦਾ ਮੁਹਾਂਦਰਾ ਬਦਲਣ ਵਿੱਚ ਮੁੱਖ ਭੂਮਿਕਾ ਅਦਾ ਕਰਨ ਵਿੱਚ ਸਫਲ ਹੋ ਜਾਵੇਗੀ। ਰਾਜਸੀ ਨਿਗਰਾਨਾਂ ਦਾ ਇਹ ਵੀ ਮੰਨਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਦੇਸ਼ ਦੀਆਂ ਇਲਾਕਾਈ ਪਾਰਟੀਆਂ ਵਲੋਂ ਗੈਰ-ਕਾਂਗਰਸੀ ਅਤੇ ਗੈਰ-ਭਾਜਪਾਈ ਗਠਜੋੜ ਕਾਇਮ ਕਰਨ ਵੱਲ ਜੋ ਕਦਮ ਵਧਾਇਆ ਗਿਆ ਸੀ, ਉਹ ਹਾਲ ਦੀ ਘੜੀ ਭਾਵੇਂ ਸਫਲ ਨਹੀਂ ਹੋ ਸਕਿਆ, ਪ੍ਰੰਤੂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੋਣ-ਨਤੀਜਿਆਂ ਤੋਂ ਬਾਅਦ ਅਜਿਹੇ ਗਠਜੋੜ ਨੂੰ ਕਾਇਮ ਹੋਣ ਤੋਂ ਸ਼ਾਇਦ ਹੀ ਕੋਈ ਰੋਕ ਸਕੇ। ਇਸ ਦਾ ਕਾਰਣ ਇਹ ਹੈ ਕਿ ਇਸ ਸਮੇਂ ਕੌਮੀ ਰਾਜਸੀ ਪਾਰਟੀਆਂ, ਇਲਾਕਾਈ ਪਾਰਟੀਆਂ ਨੂੰ ਕੋਈ ਮਹਤੱਵ ਨਹੀਂ ਦੇ ਰਹੀਆਂ, ਉਨ੍ਹਾਂ ਦੇ ਆਗੂ ਇਹ ਮੰਨ ਕੇ ਚਲ ਰਹੇ ਹਨ ਕਿ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਇਲਾਕਾਈ ਨਹੀਂ, ਸਗੋਂ ਕੌਮੀ ਮੁੱਦੇ ਭਾਰੂ ਰਹਿੰਦੇ ਹਨ, ਇਸ ਲਈ ਲੋਕ ਸਭਾ ਚੋਣਾਂ ਵਿੱਚ ਮਤਦਾਤਾਵਾਂ ਦੀ ਪਹਿਲੀ ਪਸੰਦ ਸਦਾ ਹੀ ਕੌਮੀ ਪਾਰਟੀਆਂ ਵਿਚੋਂ ਹੀ ਕੋਈ ਪਾਰਟੀ ਰਹੀ ਹੈ ਅਤੇ ਅੱਗੋਂ ਵੀ ਅਜਿਹਾ ਹੀ ਹੁੰਦਾ ਰਹੇਗਾ।
ਅਜਿਹਾ ਮੰਨਣ ਵਾਲਿਆਂ ਵਿੱਚੋਂ ਬਹੁਤ ਹੀ ਘੱਟ ਅਜਿਹੇ ਵਿਚਾਰਕ ਹਨ, ਜੋ ਇਹ ਸਵੀਕਾਰਦੇ ਹਨ ਕਿ ਅੱਜ ਦੇਸ਼ ਦੇ ਜੋ ਹਾਲਾਤ ਹਨ, ਉਨ੍ਹਾਂ ਦੀ ਰੋਸ਼ਨੀ ਵਿੱਚ ਇਲਾਕਾਈ ਪਾਰਟੀਆਂ ਦੀ ਮਹਤੱਤਾ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਕਾਰਣ ਇਹ ਹੈ ਕਿ ਅੱਜ ਦਾ ਮੱਤਦਾਤਾ ਬਹੁਤਾ ਕਰਕੇ ਕੌਮੀ ਮੁੱਦਿਆਂ ਨਾਲੋਂ ਸਥਾਨਕ ਮੁੱਦਿਆਂ ਨੂੰ ਪਹਿਲ ਦਿੰਦਾ ਹੈ, ਕਿਉਂਕਿ ਹੁਣ ਕੌਮੀ ਮੁੱਦੇ ਉਸ ਦੇ ਜੀਵਨ ਨੂੰ ਘਟ ਹੀ ਪ੍ਰਭਾਵਿਤ ਕਰਦੇ ਹਨ, ਜਦਕਿ ਸਥਾਨਕ ਮੁੱਦੇ ਉਸ ਦੇ ਜੀਵਨ ਦਾ ਅਨਿੱਖੜ ਅੰਗ ਬਣ ਜਾਂਦੇ ਹਨ। ਇਹੀ ਕਾਰਣ ਹੈ ਕਿ ਦੇਸ਼ ਦੇ ਰਾਜਸੀ ਮਾਹਿਰਾਂ ਵੱਲੋਂ ਇਹ ਮੰਨਿਆਂ ਜਾਣ ਲੱਗਾ ਹੈ ਕਿ ਉਹ ਸਮਾਂ ਹੁਣ ਬਹੁਤ ਦੂਰ ਨਹੀਂ, ਜਦੋਂ ਤੀਬਰਤਾ ਨਾਲ ਇਹ ਮਹਿਸੂਸ ਕੀਤਾ ਜਾਣ ਲਗੇਗਾ ਕਿ ਵਕਤ ਆ ਗਿਆ ਹੈ ਕਿ ਭਾਰਤੀ ਸੰਵਿਧਾਨ ਦੇ ਮੂਲ ਰੂਪ ਨੂੰ ਬਦਲ ਕੇ, ਰਾਜਾਂ ਨੂੰ ਵਧੇਰੇ ਅਧਿਕਾਰ ਦੇ, ਉਨ੍ਹਾਂ ਨੂੰ ਅੰਦਰੂਨੀ ਖੁਦ-ਮੁਖਤਿਆਰੀ ਦੇ ਦਿੱਤੀ ਜਾਏ ਅਤੇ ਕੇਂਦਰ ਕੇਵਲ ਉਹੀ ਅਧਿਕਾਰ ਆਪਣੇ ਪਾਸ ਰਖੇ, ਜਿਨ੍ਹਾਂ ਦਾ ਸਬੰਧ ਦੇਸ਼ ਦੀ ਸਮੁੱਚੀ ਸੁਰੱਖਿਆ ਅਤੇ ਅੰਤਰ-ਰਾਸ਼ਟਰੀ ਸਬੰਧਾਂ ਨਾਲ ਹੈ।
ਗੱਲ ਆਮ ਆਦਮੀ ਪਾਰਟੀ ਦੀ : ਇਥੇ ਇਹ ਗੱਲ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ, ਜਿਸਨੇ ਆਪਣੀ ਇੱਕ ਸਾਲ ਦੀ ਉਮਰ ਵਿੱਚ ਹੀ, ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਿਸਾ ਲੈ, ਰਾਜਨੀਤੀ ਵਿੱਚ ਕਦਮ ਰਖਿਆ, ਤਾਂ ਉਸ ਸਮੇਂ ਉਸਦੇ ਆਗੂਆਂ ਤੱਕ ਨੂੰ ਵਿਸ਼ਵਾਸ ਨਹੀਂ ਸੀ ਕਿ ਪਹਿਲੀ ਵਾਰ ਹੀ ਲੋਕੀ ਉਸ ਨੂੰ ਆਪਣੇ ਸਿਰ ’ਤੇ ਬਿਠਾ ਲੈਣਗੇ ਅਤੇ ਉਹ ਰਾਜਨੀਤੀ ਦੇ ਮੈਦਾਨ ਵਿੱਚ ਉਤਰਦਿਆਂ ਹੀ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿਚੋਂ ਇੱਕ ਤਿਹਾਈ ਤੋਂ ਵੀ ਵੱਧ (28) ਸੀਟਾਂ ’ਤੇ ਕਬਜ਼ਾ ਕਰ ਅਤੇ ਬੀਤੇ 15 ਵਰ੍ਹਿਆਂ ਤੋਂ ਮੁੱਖ ਮੰਤਰੀ ਵਜੋਂ ਰਾਜ ਕਰਦੀ ਚਲੀ ਆ ਰਹੀ ਸ਼ੀਲਾ ਦੀਕਸ਼ਤ ਨੂੰ ਕਰਾਰੀ ਹਾਰ ਦੇ, ਇੱਕ ਨਵਾਂ ਇਤਿਹਾਸ ਸਿਰਜਣ ਵਿੱਚ ਸਫਲ ਹੋ ਜਾਣਗੇ। ਉਨ੍ਹਾਂ ਦੀ ਇਸ ਸਫਲਤਾ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਹੌਂਸਲੇ ਬੁਲੰਦ ਕੀਤੇ ਅਤੇ ਦੂਜੇ ਪਾਸੇ ਬਿਨਾਂ ਕਿਸੇ ਵਿਸ਼ੇਸ਼ ਤਰੱਦਦ ਦੇ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੀਆਂ ਅਜਿਹੀਆਂ ਇਕਾਈਆਂ ਹੋਂਦ ਵਿੱਚ ਆ ਗਈਆਂ, ਜਿਨ੍ਹਾਂ ਦਾ ਨਾ ਕੋਈ ਪ੍ਰਧਾਨ ਸੀ ਅਤੇ ਨਾ ਹੀ ਕੋਈ ਅਹੁਦੇਦਾਰ। ਇਸ ਦੇ ਬਾਵਜੂਦ ਉਸ ਨੇ ਦੇਸ਼ ਭਰ ਵਿੱਚ ਪਤਾਲ ਤੱਕ ਜੜ੍ਹਾਂ ਜਮਾਈ ਬੈਠੀਆਂ ਕੌਮੀ ਰਾਜਸੀ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਇਥੋਂ ਤੱਕ ਕਿ ਭਾਜਪਾ ਦੇ ਲੋਹ-ਪੁਰਸ਼ ਤੇ ਤਾਨਾਸ਼ਾਹ ਨੇਤਾ, ਨਰੇਂਦਰ ਮੋਦੀ, ਜੋ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਹੋ, ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨੁੱਕਰੇ ਲਾਇਆ ਅਤੇ ਉਨ੍ਹਾਂ ਦੀ ਛਾਤੀ ’ਤੇ ਪੈਰ ਰੱਖ ਅੱਗੇ ਵੱਧਦਾ ਚਲਿਆ ਜਾ ਰਿਹਾ ਹੈ, ਨੂੰ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣੇ ਬਰਾਬਰ ਦਾ ਨੇਤਾ ਸਵੀਕਾਰ ਕਰਨ ’ਤੇ ਮਜ਼ਬੂਰ ਹੋਣਾ ਪੈ ਗਿਆ। ਕੱਲ ਤੱਕ ਜੋ ਕੌਮੀ ਅਤੇ ਇਲਾਕਾਈ ਪਾਰਟੀਆਂ ‘ਆਪ’ ਦੀ ਰਾਜਸੀ ਹੋਂਦ ਨੂੰ ਸਵੀਕਾਰਨ ਲਈ ਵੀ ਤਿਆਰ ਨਹੀਂ ਸਨ, ਉਨ੍ਹਾਂ ਦੇ ਨੇਤਾ ਅੱਜ ਇਹ ਮਹਿਸੂਸ ਕਰਨ ’ਤੇ ਮਜ਼ਬੂਰ ਹੋ ਗਏ ਹਨ ਕਿ ਆਮ ਆਦਮੀ ਪਾਰਟੀ ਇੱਕ ਭਾਰੀ ਚੁਨੌਤੀ ਬਣ ਉਨ੍ਹਾਂ ਸਾਹਮਣੇ ਆ ਖੜ੍ਹੀ ਹੋਈ ਹੈ। ਕੇਜਰੀਵਾਲ ਨੇ ਭਾਜਪਾ ਦੇ ਲੋਹ-ਪੁਰਸ਼ ਨੂੰ ਉਸ ਦੇ ਘਰ, ਗੁਜਰਾਤ ਵਿੱਚ ਜਾ ਵੰਗਾਰਿਆ ਅਤੇ ਗੁਜਰਾਤ ਦੇ ਵਿਕਾਸ ਦੇ ਮੋਦੀ ਵੱਲੋਂ ਪ੍ਰਚਾਰੇ ਜਾ ਰਹੇ ‘ਵਿਕਾਸ ਮਾਡਲ’ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਰਖੀ। ਨਰੇਂਦਰ ਮੋਦੀ ਵੱਲੋਂ ਆਪਣੇ ਲਈ ਸਭ ਤੋਂ ਵੱਧ ਸੁਰੱਖਿਅਤ ਚੁਣੀ ਗਈ ਸੀਟ ਬਨਾਰਸ (ਵਾਰਾਣਸੀ) ਤੇ ਵੀ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਾ ਚੁਣੌਤੀ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਲੋਹ-ਪੁਰਸ਼ ਨਰੇਂਦਰ ਮੋਦੀ, ਜੋ ਦੇਸ਼ ਭਰ ਵਿੱਚ ਆਪਣੀ ਹਵਾ ਹੋਣ ਦਾ ਦਾਅਵਾ ਕਰ, ਲੋਕਾਂ ਵਿੱਚ ਆਪਣੀ ਹੀ ਪਾਰਟੀ ਵਿੱਚ ਭਰਮ-ਭੁਲੇਖੇ ਪੈਦਾ ਕਰ ਚੰਮ ਦੀਆਂ ਚਲਾਉਂਦਾ ਚਲਿਆ ਆ ਰਿਹਾ ਹੈ, ਤੜਪ ਉਠਿਆ ਅਤੇ ਇੱਕ ਪਾਸੇ ਉਸਨੇ ਆਪਾ ਖੋਹ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਅਤੇ ਦੂਜੇ ਪਾਸੇ ਆਪਣੇ ਘਰ ‘ਗੁਜਰਾਤ’ ਜਾ ਉਥੇ ਇੱਕ ਹੋਰ ਸੁਰੱਖਿਅਤ ਸੀਟ ਲੱਭ, ਉਥੋਂ ਚੋਣ ਮੈਦਾਨ ਵਿੱਚ ਜਾ ਉਤਰਨ ’ਤੇ ਮਜਬੂਰ ਹੋ ਗਿਆ।
ਇੱਕ ਸੁਆਲ : ਆਖਰ ਕੀ ਕਾਰਣ ਹੈ ਕਿ ਇਤਨੇ ਘਟ ਸਮੇਂ ਵਿੱਚ ਆਮ ਆਦਮੀ ਪਾਰਟੀ ਕੇਂਦਰੀ ਸੱਤਾ ਵਾਲੇ ਛੋਟੇ ਜਿਹੇ ਰਾਜ, ਦਿੱਲੀ ਵਿਚੋਂ ਉਠ ਅਚਾਨਕ ਦੂਸਰੀਆਂ, ਕਈ ਦਹਾਕਿਆਂ ਤੋਂ ਦੇਸ਼ ਦੀ ਰਾਜਨੀਤੀ ਵਿੱਚ ਪੈਰ ਜਮਾਈ ਪਾਰਟੀਆਂ ਦੇ ਮੁਕਾਬਲੇ ਆ ਖੜ੍ਹੀ ਹੋਈ ਹੈ। ਰਾਜਸੀ ਮਾਹਿਰਾਂ ਅਨੁਸਾਰ ਸ਼ਾਇਦ ਇਸ ਦਾ ਕਾਰਣ ਇਹ ਹੈ ਕਿ ਦੇਸ਼ ਦਾ ਮਤਦਾਤਾ ਕਈ ਦਹਾਕਿਆਂ ਤੋ ਇਨ੍ਹਾਂ ਦੋਹਾਂ, ਕਾਂਗਰਸ ਅਤੇ ਭਾਜਪਾ ਕੌਮੀ ਪਾਰਟੀਆਂ. ਦੇ ਚਕਰਵਿਊ ਵਿੱਚ ਫਸਿਆ ਦਮ ਘੁਟਦਾ ਜਿਹਾ ਮਹਿਸੂਸ ਕਰਨ ਲੱਗ ਪਿਆ ਸੀ। ਅਜਿਹੇ ਸਮੇਂ ਵਿੱਚ ਆਮ ਆਦਮੀ ਪਾਰਟੀ, ਦਿੱਲੀ ਵਿੱਚ ਭਾਵੇਂ 50 ਦਿਨ ਵੀ ਸੱਤਾ ਵਿੱਚ ਨਹੀਂ ਰਹਿ ਸਕੀ, ਫਿਰ ਵੀ ਉਸ ਨੇ ਇਤਨੇ ਘਟ ਸਮੇਂ ਵਿੱਚ ਕੁਝ ਅਜਿਹੀਆਂ ਨਵੀਆਂ ਪੈੜਾਂ ਸਥਾਪਤ ਕੀਤੀਆਂ, ਜਿਸ ਕਾਰਣ ਉਸਦੀ ਗੂੰਜ ਦੇਸ਼ ਭਰ ਵਿੱਚ ਸੁਣਾਈ ਦੇਣ ਲਗੀ ਅਤੇ ਇਸ ਦੇ ਨਾਲ ਹੀ ਇਸ ਗੂੰਜ ਦੀ ਆਵਾਜ਼ ਸੰਸਾਰ ਭਰ ਵਿੱਚ ਜਾ ਪੁੱਜੀ।
ਅੱਜ ਸੰਸਾਰ ਦਾ ਹਰ ਰਾਜਨੈਤਿਕ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਨਤੀਜਿਆਂ ਦੇ ਇੰਤਜ਼ਾਰ ਵਿੱਚ ਨਜ਼ਰਾਂ ਗਡੀ ਬੈਠਾ ਹੈ। ਰਾਜਸੀ ਨਿਗਰਾਨਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਇਤਨੇ ਘਟ ਸਮੇਂ ਵਿੱਚ ਹੋਈ ਚੜ੍ਹਤ ਇਸ ਗੱਲ ਦਾ ਵੀ ਸੰਕੇਤ ਹੈ ਕਿ ਦੇਸ਼ ਦਾ ਆਮ ਮਤਦਾਤਾ ਕੌਮੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਚੁਕਾ ਹੈ, ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਅਤੇ ਆਏ ਦਿਨ ਅਰਬਾਂ-ਖਰਬਾਂ ਰੁਪਿਆਂ ਦੇ ਹੋਏ ਘੁਟਾਲ਼ਿਆਂ ਦੇ ਉਜਾਗਰ ਹੁੰਦਿਆਂ ਜਾਣ ਕਾਰਣ ਉਸ ਦੀ ਨਿਰਾਸ਼ਾ ਲਗਾਤਾਰ ਵੱਧਦੀ ਜਾ ਰਹੀ ਹੈ। ਉਸ ਨੂੰ ਇਹ ਵੀ ਸ਼ਿਕਾਇਤ ਰਹੀ ਹੈ ਕਿ ਕੌਮੀ ਪਾਰਟੀਆਂ ਦੇ ਆਗੂ ਪੰਜ ਵਰ੍ਹਿਆਂ ਵਿੱਚ ਕੇਵਲ ਇੱਕ ਵਾਰ, ਤੇ ਉਹ ਵੀ ਜਲਸਿਆਂ ਵਿੱਚ ਮੂੰਹ ਵਿਖਾਲਦੇ ਹਨ। ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਾਰ ਤੱਕ ਲੈਣ ਕੋਈ ਨਹੀਂ ਆਉਂਦਾ, ਜਿਸ ਕਾਰਣ ਉਹ ਅਣਗੌਲੇ ਹੀ ਰਹਿੰਦੇ ਹਨ, ਜਦਕਿ ਆਮ ਆਦਮੀ ਪਾਰਟੀ ਦੇ ਮੁੱਖੀਆਂ ਅਤੇ ਵਰਕਰਾਂ ਨੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਨ ਅਤੇ ਉਸਨੂੰ ਬਣਾਈ ਰੱਖਣ ਦੀ ਪਹਿਲ ਕਰ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਦਸਿਆ ਗਿਆ ਹੈ ਕਿ ਦਿੱਲੀ ਦੀ ਸਰਕਾਰ ਤੋਂ ਕਿਨਾਰਾ ਕਰ ਲੈਣ ਤੋਂ ਬਾਅਦ ਵੀ ਦਿੱਲੀ ਵਿਧਾਨ ਸਭਾ ਦੀ ਚੋਣ ਲੜ ਆਮ ਆਦਮੀ ਪਾਰਟੀ ਦੇ ਜਿਤੇ ਵਿਧਾਇਕ ਅਤੇ ਹਾਰੇ ਉਮੀਦਵਾਰ ਅੱਜ ਵੀ ਆਪੋ-ਆਪਣੇ ਹਲਕੇ ਦੇ ਲੋਕਾਂ ਦੇ ਸੰਪਰਕ ਵਿੱਚ ਬਣੇ ਹੋਏ ਹਨ। ਜਦੋਂ ਵੀ ਉਨ੍ਹਾਂ ਨੂੰ ਕੋਈ ਆਵਾਜ਼ ਦਿੰਦਾ ਹੈ ਤਾਂ ਉਹ ਝਟ ਉਸ ਦੀ ਸਾਰ ਲੈਣ ਲਈ ਜਾ ਪੁੱਜਦੇ ਹਨ।
ਕਿਹਾ ਜਾਂਦਾ ਹੈ ਕਿ ਅੱਜ ਦਾ ਮਤਦਾਤਾ ਆਮ ਆਦਮੀ ਪਾਰਟੀ ਵਲੋਂ ਐਲਾਨੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੈ, ਉਹ ਮੰਨਦਾ ਹੈ ਕਿ ਦਿੱਲੀ ਦੀ 49 ਦਿਨਾਂ ਦੀ ਸੱਤਾ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖੀਆਂ ਨੇ ਆਪਣੇ ਏਜੰਡੇ, ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਇਦਿਆਂ ਨੂੰ ਪੂਰਿਆਂ ਕਰਨ ਵੱਲ ਕਦਮ ਵਧਾਇਆ, ਵਿਸ਼ੇਸ਼ ਕਰ ਭ੍ਰਿਸ਼ਟਾਚਾਰ ਨੂੰ ਨੱਥ ਪਾਣ ਲਈ ਉਨ੍ਹਾਂ ਜੋ ਕ੍ਰਾਂਤੀਕਾਰੀ ਕਦਮ ਚੁਕੇ, ਉਨ੍ਹਾਂ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਥਾਂ ਬਨਾਉਣ ਵਿੱਚ ਕੋਈ ਕੁਤਾਹੀ ਨਹੀਂ ਕੀਤੀ। ਆਮ ਲੋਕੀ, ਜੋ ਬੀਤੇ ਲੰਮੇਂ ਸਮੇਂ ਤੋਂ ਭ੍ਰਿਸ਼ਟਾਚਾਰ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸਦੇ ਚਲੇ ਆ ਰਹੇ ਹਨ, ਉਨ੍ਹਾਂ ਲਈ ਇਹ ਕੁਝ ਹੋਰ ਸਹਿ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ। ਉਹ ਇਸ ਤੋਂ ਜਲਦੀ ਤੋਂ ਜਲਦੀ ਨਿਜਾਤ ਹਾਸਲ ਕਰਨਾ ਚਾਹੁੰਦੇ ਹਨ।
...ਅਤੇ ਅੰਤ ਵਿੱਚ : ਇਸ ਸਮੇਂ ਸੁਆਲ ਇਹ ਨਹੀਂ ਰਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕਿਤਨੇ ਉਮੀਦਵਾਰ ਆਪਣੀ ਜਿੱਤ ਦਰਜ ਕਰਵਾਉਣ ਵਿੱਚ ਸਫਲ ਹੁੰਦੇ ਹਨ ਅਤੇ ‘ਆਪ’ ਕੇਂਦਰੀ ਸੱਤਾ ਤੋਂ ਕਿਤਨੀ ਦੂਰ ਰਹਿ ਜਾਂਦੀ ਹੈ? ਸਗੋਂ ਸੁਆਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਦੇਸ਼ ਦੀ ਕੌਮੀ ਰਾਜਨੀਤੀ ਵਿੱਚ ਜੋ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦਾ ਵਾਤਾਵਰਣ ਸਿਰਜਿਆ ਹੈ, ਉਹ ਕਿਤਨੇ ਦਿਨ ਕਾਇਮ ਰਹਿ ਪਾਂਦਾ ਹੈ।
ਜਸਵੰਤ ਸਿੰਘ ਅਜੀਤ
ਕੀ ਭਾਰਤੀ ਰਾਜਨੀਤੀ ਦਾ ਊਠ ਕਰਵਟ ਲੈ ਰਿਹਾ ਹੈ ?
Page Visitors: 2749