ਚੰਡੀਗੜ੍ਹ, 6 ਅਪ੍ਰੈਲ (ਪੰਜਾਬ ਮੇਲ) – ਚੰਡੀਗੜ੍ਹ ਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਵਿਜੈਪਾਲ ਸਿੰਘ ਡਿੰਪੀ ਨੂੰ ਸ਼ੁੱਕਰਵਾਰ ਰਾਤ ਚੰਡੀਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ, ਐਸ ਐਸ ਵਿਰਕ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਹੈ। ਵਿਰਕ ਨੇ ਸ਼ਿਕਾਇਤ ਦਿੱਤੀ ਹੈ ਕਿ ਡਿੰਪੀ ਨੇ ਜ਼ਮੀਨ ਦਿਵਾਉਣ ਦੇ ਨਾਮ ’ਤੇ 50 ਲੱਖ ਰੁਪਏ ਲਏ ਸਨ। ਨਾ ਜ਼ਮੀਨ ਦਿਵਾਈ, ਨਾ ਰਕਮ ਵਾਪਸ ਕੀਤੀ। ਮਜ਼ੇਦਾਰ ਗੱਲ ਇਹ ਹੈ ਕਿ 2007 ਵਿੱਚ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਕੇਸ ਵਿੱਚ ਵਿਰਕ ਦੇ ਨਾਲ ਡਿੰਪੀ ਵੀ ਗ੍ਰਿਫਤਾਰ ਹੋਇਆ ਸੀ। ਡਿੰਪੀ ਨੂੰ ਸੈਕਟਰ-40 ਵਿੱਚ ਇੱਕ ਡਿਨਰ ਪਾਰਟੀ ਪਿੱਛੋਂ ਗ੍ਰਿਫਤਾਰ ਕੀਤਾ ਗਿਆ। ਇਸ ਪਾਰਟੀ ਵਿੱਚ ਪਵਨ ਬਾਂਸਲ ਵੀ ਆਏ ਹੋਏ ਸਨ। ਗ੍ਰਿਫਤਾਰੀ ਦੇ ਤੁਰੰਤ ਬਾਅਦ ਡਿੰਪੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ 16 ਸੈਕਟਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤੇ ਫਿਰ ਪੀ ਜੀ ਆਈ ਰੈਫਰ ਕੀਤਾ ਗਿਆ ਹੈ। ਐਫ ਆਈ ਆਰ ਮੁਤਾਬਕ ਐਸ ਐਸ ਵਿਰਕ ਨੇ ਅਗਸਤ 2012 ਵਿੱਚ ਓਦੋਂ ਦੇ ਹੋਮ ਸੈਕਟਰੀ ਰਾਮ ਨਿਵਾਸ ਨੂੰ ਸ਼ਿਕਾਇਤ ਦਿੱਤੀ ਸੀ ਕਿ 2007 ਵਿੱਚ ਉਸ ਨੂੰ ਪੰਜਾਬ ਦੇ ਏ ਡੀ ਜੀ ਪੀ, ਆਰ ਪੀ ਸਿੰਘ ਨੇ ਵਿਜੇਪਾਲ ਸਿੰਘ ਡਿੰਪੀ ਨਾਲ ਮਿਲਵਾਇਆ ਸੀ। ਉਨ੍ਹਾਂ ਦੀ ਪਤਨੀ ਜਸਵਿੰਦਰ ਵਿਰਕ ਦੀ ਮਨੀ ਮਾਜਰਾ ਵਿੱਚ ਚਾਰ ਏਕੜ ਜ਼ਮੀਨ ਨੂੰ ਐਡਮਨਿਸਟਰੇਸ਼ਨ ਨੇ ਡੀ ਟੀ ਮਾਲ ਲਈ ਐਕਵਾਇਰ ਕਰ ਕੇ 65 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ। ਇਹ ਫੈਸਲਾ ਉਹ ਖੇਤੀ ਯੋਗ ਜ਼ਮੀਨ ਵਿੱਚ ਲਾਉਣਾ ਚਾਹੁੰਦੇ ਸਨ। ਡਿੰਪੀ ਨੇ ਕਿਹਾ ਕਿ ਉਹ ਪੈਸਾ ਇਨਵੈਸਟ ਕਰਵਾ ਦੇਵੇਗਾ। ਉਨ੍ਹਾਂ ਨੇ ਡਿੰਪੀ ਨੂੰ ਪੰਜਾਹ ਲੱਖ ਰੁਪਏ ਦੀ ਚੈਕ ਪੇਮੈਂਟ ਕੀਤੀ, ਪਰ ਡਿੰਪੀ ਨੇ ਨਾ ਜ਼ਮੀਨ ਦਿਵਾਈ, ਨਾ ਪੈਸਾ ਵਾਪਸ ਦਿੱਤਾ। ਵਿਰਕ ਦੀ ਇਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦਸੰਬਰ 2012 ਨੂੰ ਵਿਰਕ ਨੇ ਦੋਬਾਰਾ ਹੋਮ ਸੈਕਟਰੀ ਨਾਲ ਮੁਲਾਕਾਤ ਕੀਤੀ, ਉਦੋਂ ਵੀ ਕਾਰਵਾਈ ਨਹੀਂ ਹੋਈ। ਜਨਵਰੀ 2014 ਵਿੱਚ ਵਿਰਕ ਨੇ ਆਈ ਜੀ, ਆਰ ਪੀ ਉਪਾਧਿਆਏ ਨੂੰ ਸ਼ਿਕਾਇਤ ਦਿੱਤੀ। ਚਾਰ ਜਨਵਰੀ ਨੂੰ ਪੁਲਸ ਨੇ ਡਿੰਪੀ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਅਤੇ ਸ਼ੁੱਕਰਵਾਰ ਰਾਤ ਪੁਲਸ ਨੇ ਡਿੰਪੀ ਨੂੰ ਗ੍ਰਿਫਤਾਰ ਕਰ ਲਿਆ।
ਖ਼ਬਰਾਂ
ਸਾਬਕਾ ਡੀ ਜੀ ਪੀ ਵਿਰਕ ਨਾਲ 50 ਲੱਖ ਰੁਪਏ ਦੀ ਠੱਗੀ
Page Visitors: 2559