ਅਮਰੀਕਾ-ਕੈਨੇਡਾ ਵਿੱਚ ਪੀੜਤਾਂ ਦੀ ਮਦਦ ਦੇ ਜਜ਼ਬੇ ਨੇ ਲਹਿਰ ਦਾ ਰੂਪ ਧਾਰਿਆ
ਵੈਨਕੂਵਰ, 29 ਮਾਰਚ (ਪੰਜਾਬ ਮੇਲ) – ਇੱਕ ਹਫ਼ਤਾ ਪਹਿਲਾਂ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਸਿਆਟਲ ਦੇ ਉ¤ਤਰ-ਪੂਰਬੀ ਖੇਤਰ ਡੈਰਿੰਗਟਨ ਤੇ ਓਸੋ ਦੇ ਕੁਝ ਖੇਤਰਾਂ ਵਿੱਚ ਆਏ ਗਾਰੇ ਤੇ ਮਿੱਟੀ ਦੇ ਭਾਰੀ ਹੜ੍ਹ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 100 ਤੋਂ ਵੱਧ ਹੋਣ ਦੀ ਸੂਚਨਾ ਹੈ। ਮਿਲੀਆਂ ਲਾਸ਼ਾਂ ਦੇ ਅਧਾਰ ’ਤੇ ਬੇਸ਼ੱਕ ਸਰਕਾਰੀ ਤੌਰ ’ਤੇ ਸਿਰਫ 30 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ ਪਰ ਮਲਬਾ ਫਰੋਲਣ ਵਾਲਿਆਂ ਅਨੁਸਾਰ ਗੁੰਮ ਹੋਏ ਸਾਰੇ ਲੋਕਾਂ ਵਿੱਚੋਂ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ।
ਖੇਤਰ ਵਿੱਚ ਭਾਰੀ ਮੀਂਹ ਤੇ ਹਨੇਰੀ ਕਾਰਨ ਰਾਹਤ ਕਾਰਜ ਪ੍ਰਭਾਵਿਤ ਹੋ ਰਹੇ ਹਨ। ਸਨੋਮਿਸ਼ ਕੌਂਟੀ ਫਾਇਰ ਚੀਫ ਟਰੈਵਿਸ ਹੌਟ ਜੋ ਉਸ ਦਿਨ ਤੋਂ ਹੀ ਬਿਨਾਂ ਰੁਕੇ ਰਾਹਤ ਕੰਮਾਂ ਦੀ ਦੇਖਰੇਖ ਕਰ ਰਹੇ ਹਨ, ਨੇ ਦੱਸਿਆ ਕਿ ਮਲਬਾ ਫਰੋਲਣ ਦਾ ਕੰਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਗੁੰਮ ਹੋਏ ਸਾਰੇ ਲੋਕਾਂ ਦਾ ਪਤਾ ਨਹੀਂ ਲਾ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਨਾਲ ਨਾਲ ਸਵੈ ਸੇਵੀ ਗਰੁੱਪ, ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਤੇ ਇੱਥੋਂ ਤੱਕ ਕਿ ਸਕਾਊਟਸ(ਲੜਕੀਆਂ) ਵੀ ਲਗਾਤਾਰ ਆਪਣਾ ਕੰਮ ਕਰ ਰਹੇ ਹਨ। ਨਾਲ ਹੀ ਵੱਡੀ ਗਿਣਤੀ ਨੌਜਵਾਨ ਤੇ ਮੁਟਿਆਰਾਂ ਵੀ ਸਵੈ ਇੱਛਾ ਨਾਲ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਪੀੜਤਾਂ ਦੀ ਫੌਰੀ ਵਿੱਤੀ ਮਦਦ ਤੇ ਮੁੜਵਸੇਬੇ ਲਈ ਸਮਰੱਥਾ ਤੋਂ ਵੀ ਵੱਧ ਹਿੱਸੇਦਾਰ ਬਣ ਰਹੇ ਹਨ।
ਅਧਿਕਾਰੀ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਪੀੜਤਾਂ ਦੀ ਮਦਦ ਕਰਨ ਲਈ ਆਪਣੇ ਕੁਝ ਮਹਿੰਗੇ ਖਿਡੌਣੇ ਵੇਚ ਕੇ ਰਕਮ ਦਾਨ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਬਾਹੀ ਦਾ ਅਜਿਹਾ ਮੰਜ਼ਰ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਹੈ। ਬਹੁਕੌਮੀ ਕੰਪਨੀਆਂ ਵੀ ਰਾਹਤ ਕਾਰਜਾਂ ਵਿੱਚ ਯੋਗਦਾਨ ਪਾ ਰਹੀਆਂ ਹਨ। ਹੌਟ ਦੇ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕਈ ਦਿਨਾਂ ਤੋਂ ਕੁਝ ਪਲ ਵੀ ਆਰਾਮ ਨਾਲ ਨਹੀਂ ਬੈਠਾ ਹੈ ਤੇ ਹੋਰਨਾਂ ਲਈ ਮਿਸਾਲ ਬਣ ਰਿਹਾ ਹੈ।