BJP ਤੋਂ ਪੁੱਛੇ ਜਾਣ ਵਾਲੇ ਸਵਾਲ।
੧. ਭਾਜਪਾ ਵੱਲੋਂ ਆਈਪੀਐੱਲ ਗੇਮਾਂ ਦੌਰਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਧਰਨਾ ਦੇਣ ਦਾ ਕਾਰਟੂਨਾਂ ਰਾਹੀਂ ਮਜਾਕ ਉਡਾਉਣ ਵਾਲਾ ਵੀਡੀਓ ਇਸ਼ਤਿਹਾਰ ਜਾਰੀ ਕਰਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕਰਨਾ ਅਤੇ ਅੱਜ ਵਾਰਾਨਸ਼ੀ ਪਹੁੰਚਣ 'ਤੇ ਭਾਜਪਾ ਵਰਕਰਾਂ ਵੱਲੋਂ ਕੇਜਰੀਵਾਲ ਨੂੰ ਕਾਲੇ ਝੰਡੇ ਵਿਖਾਉਣਾ ਅਤੇ ਉਸ ਉਪਰ ਕਾਲੀ ਸਿਆਹੀ ਸੁੱਟਣਾ ਦੱਸ ਰਿਹਾ ਹੈ ਕਿ ਭਾਜਪਾ ਕੇਜਰੀਵਾਲ ਤੋਂ ਬੇਹੱਦ ਡਰੀ ਹੋਈ ਹੈ। ਕੀ ਭਾਜਪਾ ਵਰਕਾਰਾਂ ਵੱਲੋਂ ਵਾਰਾਨਸ਼ੀ ਵਿਖੇ ਕੀਤੇ ਗਏ ਵਿਵਹਾਰ ਨੂੰ ਤੁਸੀਂ ਲੋਕਤੰਤਰ 'ਤੇ ਹਮਲਾ ਅਤੇ ਚੋਣਾਂ ਵਿੱਚ ਹਿੰਸਾ ਫੈਲਾ ਕੇ ਡਰ ਪੈਦਾ ਨਹੀਂ ਕਰ ਰਹੇ? ੫ ਮਾਰਚ ਨੂੰ ਮੱਧ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਧਰਨੇ 'ਤੇ ਬੈਠੇ। ਭਾਜਪਾ ਵੱਲੋਂ ਆਪਣੇ ਮੁੱਖ ਮੰਤਰੀ ਦੇ ਧਰਨੇ ਦਾ ਸਮਰਥਨ ਅਤੇ ਕੇਜਰੀਵਾਲ ਦੇ ਧਰਨੇ ਦਾ ਵਿਰੋਧ ਕਰਦੇ ਸਮੇਂ ਦੂਹਰਾ ਮਾਪਦੰਡ ਕਿਉਂ??
੨. ਗੁਜਰਾਤ ਦੀ ਮੋਦੀ ਸਰਕਾਰ ਵੱਲੋਂ ਭੁੱਜ ਅਤੇ ਕੱਛ ਖੇਤਰ ਦੇ ਸਿੱਖ ਕਿਸਾਨਾਂ ਵਿਰੁੱਧ ਸੁਪ੍ਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨੀ ਪਰ ਜਗਰਾਉਂ ਰੈਲੀ ਵਿੱਚ ਇਹ ਕਹਿਣਾ ਕਿ ਗੁਜਰਾਤ ਵਿੱਚੋਂ ਕਿਸੇ ਸਿੱਖ ਕਿਸਾਨ ਦਾ ਉਜਾੜਾ ਨਹੀਂ ਕੀਤਾ ਜਾ ਰਿਹਾ ਇਹ ਸਿਰਫ ਕਾਂਗਰਸ ਦਾ ਗੁੰਮਰਾਹਕੁਨ ਝੂਠਾ ਪ੍ਰਚਾਰ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀ ਮੋਦੀ ਨੇ ਜਗਰਾਉਂ ਵਿਖੇ ੧੦੦% ਝੂਠ ਬੋਲਿਆ ਹੈ? ਤੁਹਾਡਾ ਇਸ ਸਬੰਧੀ ਕੀ ਖਿਆਲ ਹੈ??
੩. ਸਤਲੁਜ ਨੂੰ ਯਮੁਨਾ ਦਰਿਆ ਨਾਲ ਜੋੜਨ ਵਾਲੀ ਲਿੰਕ ਨਹਿਰ ਦੇ ਵਿਰੋਧ ਵਿੱਚ ਅਕਾਲੀ ਦਲ ਨੇ ੧੯੮੨ ਵਿੱਚ ਕਪੂਰੀ ਮੋਰਚਾ ਲਾਇਆ। ਜਿਹੜਾ ਬਾਅਦ ਵਿੱਚ ਹੋਰ ਮੰਗਾਂ ਜੋੜ ਕੇ ਧਰਮਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ ਤੇ ਜਿਸ ਦਾ ਅੰਤ ੧੯੮੪ ਦੇ ਬਲਿਯੂ ਸਟਾਰ ਉਪਰੇਸ਼ਨ ਵਿੱਚ ਨਿਕਲਿਆ। ਇਸ ਮੋਰਚੇ ਦੌਰਾਨ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸੰਵਿਧਾਨ ਦੀ ਧਾਰਾ ੨੫ ਵਿੱਚ ਸੋਧ ਦੀ ਮੰਗ ਕਰਦਿਆਂ ਇਸ ਧਾਰਾ ਨੂੰ ਸਾੜਿਆ ਵੀ ਗਿਆ ਸੀ। ਹੁਣ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੈ
ਇਸ ਲਈ ਦੱਸੋ ਕਿ ਕੀ ਤੁਸੀਂ ਧਰਮਯੁੱਧ ਮੋਰਚੇ ਵਿੱਚ ਅਕਾਲੀ ਦਲ ਵੱਲੋਂ ਰੱਖੀਆਂ ਉਹ ਮੰਗਾਂ ਪੂਰੀਆਂ ਕਰਨ ਲਈ ਸਹਿਮਤ ਹੋ? ਇਹ ਵੀ ਦੱਸੋ ਕਿ ੧੯੮੨ ਵਿੱਚ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚੇ ਦਾ ਭਾਜਪਾ ਨੇ ਵਿਰੋਧ ਕੀਤਾ; ਬਲਿਯੂ ਸਟਾਰ ਉਪ੍ਰੇਸ਼ਨ ਦਾ ਸਮਰਥਨ ਕੀਤਾ ਤਾਂ ਹੁਣ ਤੁਹਾਡੇ ਵੱਲੋਂ ਇੰਗਲੈਂਡ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਬਲਿਯੂ ਸਟਾਰ ਉਪ੍ਰੇਸ਼ਨ ਕਰਨ ਲਈ ਦਿੱਤੀ ਗਈ ਸਹਾਇਤਾ ਦੀ ਜਾਂਚ ਕਰਾਉਣ ਦੀ ਮੰਗ ਕਰਕੇ ਤੁਸੀਂ ਕਿਹੜੇ ਵੋਟਰਾਂ ਨੂੰ ਮੂਰਖ ਬਣਾਉਣ ਅਤੇ ਕਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹੋ??
੪. ੧੯੯੨ ਵਿੱਚ ਭਾਜਪਾ ਦੇ ਅਡਵਾਨੀ ਸਮੇਤ ਪ੍ਰਮੁੱਖ ਆਗੂਆਂ ਨੇ ਰੱਥ ਯਾਤਰਾਵਾਂ ਕਰਕੇ ਸੰਪ੍ਰਦਾਇਕ ਦੰਗੇ ਕਰਵਾਏ; ਬਾਬਰੀ ਮਸਜ਼ਿਦ ਗਿਰਾਈ ਅਤੇ ਨਾਹਰੇ ਲਾਏ "ਅਯੁੱਧਿਆ ਤਾਂ ਸਿਰਫ ਝਾਕੀ ਹੈ; ਅਭੀ ਤੋ ਕਾਂਸ਼ੀ ਮਥੁਰਾ ਬਾਕੀ ਹੈ", "ਕਸਮ ਰਾਮ ਕੀ ਖਾਏਂਗੇ; ਰਾਮ ਮੰਦਰ ਵਹੀਂ ਬਣਾਏਂਗੇ" । ਬੜੀ ਮੁਸ਼ਕਲ ਨਾਲ ੨ ਸਾਂਸਦ ਜਿਤਾ ਸਕਣ ਵਾਲੀ ਪਾਰਟੀ ਨੇ ਇਨ੍ਹਾਂ ਨਾਹਰਿਆਂ ਸਦਕਾ ਹੀ ਕਈ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਤੇ ਕਈਆਂ ਵਿੱਚ ਹੁਣ ਵੀ ਚੱਲ ਰਹੀਆਂ ਹਨ;
ਕੇਂਦਰ ਵਿੱਚ ਵੀ ਭਾਜਪਾ ਦੀ ਅਗਵਾਈ ਹੇਠ ੧੯੯੮ ਤੋਂ ੨੦੦੪ ਤੱਕ ੬ ਸਾਲ ਤੱਕ ਐੱਨਡੀਏ ਸਰਕਾਰ ਨੇ ਰਾਜ ਕੀਤਾ। ਰਾਮ ਮੰਦਰ ਦੀ ਉਸਾਰੀ ਵਿੱਚ ਭਾਗ ਲੈ ਕੇ ਵਾਪਸ ਆ ਰਹੇ ਕਾਰ ਸੇਵਕਾਂ ਦੀ ਰੇਲਵੇ ਬੋਗੀ ਨੂੰ ਵਡੋਦਰਾ ਵਿਖੇ ਅੱਗ ਲੱਗ ਜਾਣ ਕਾਰਣ ਗੁਜਰਾਤ ਵਿੱਚ ਭਿਆਨਕ ਨਸਲੀ ਦੰਗੇ ਹੋਏ। ਇਸ ਬਦਨਾਮੀ ਕਾਰਣ ੨੦੦੫ ਅਤੇ ੨੦੦੯ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ
ਬਣਾਉਣ ਤੋਂ ਸਮਰੱਥ ਰਹੀ। ਇਸੇ ਕਾਰਣ ਭਾਜਪਾ ਨੇ ਹੁਣ ਵਾਲੀਆਂ ਚੋਣਾਂ ਵਿੱਚ ਹਿੰਦੂ ਮੁੱਦਾ ਉਠਾਉਣ ਦੀ ਵਜਾਏ ਵਿਕਾਸ, ਵਿਕਾਸ ਦੇ ਨਾਹਰੇ ਲਾ ਕੇ ਸਤਾ ਵਿੱਚ ਆਉਣ ਦੀ ਨੀਤੀ ਅਪਣਾਈ ਹੋਈ ਹੈ। ਜੇ ਕੋਈ ਵਿਰੋਧੀ ਪਾਰਟੀ ੧੯੯੨ ਅਤੇ ੨੦੦੨ ਦੀਆਂ ਗੱਲਤੀਆਂ ਦਾ ਭਾਜਪਾ ਵੱਲੋਂ ਜਵਾਬ ਮੰਗਦੀ ਹੈ ਤਾਂ ਤੁਸੀਂ ਉਨ੍ਹਾਂ 'ਤੇ ਸੰਪ੍ਰਦਾਇਕਤਾ ਫੈਲਾਉਣ ਦਾ ਦੋਸ਼ ਲਾਉਂਦੇ ਹੋ। ਹੁਣ ਤੁਹਾਡੇ ਲਈ ਸਵਾਲ ਹਨ ਕਿ ਕੀ ਜਨਸੰਘ/ਭਾਜਪਾ ਨੇ ਸਿਰਫ ਸਤਾ ਵਿੱਚ ਆਉਣ ਲਈ ਹੀ ਬਾਬਰੀ ਮਸਜ਼ਿਦ ਗਿਰਾਉਣ, ਰਾਮ ਮੰਦਰ ਬਣਾਉਣ, ਅਤੇ ਇਸ ਨੂੰ ਝਾਕੀ ਦੱਸ ਕੇ ਕਾਂਸ਼ੀ ਮਥਰਾ ਬਾਕੀ ਹੋਣ ਦੀ ਨਾਹਰੇ ਲਾਏ ਸਨ? ਕੀ ਹੁਣ ਸਤਾ ਲਈ ਹੀ ਉਨ੍ਹਾਂ ਮੁੱਦਿਆਂ ਨੂੰ ਛੱਡ ਕੇ 'ਵਿਕਾਸ' ਦਾ ਮੁੱਦਾ ਉਠਾਇਆ ਜਾ ਰਿਹਾ ਹੈ?? ਜਾਂ ਗੁਪਤ ਏਜੰਡਾ ਉਹੀ ਹੈ ਪਰ ਲੋਕਾਂ ਨੂੰ ਬੇਵਕੂਫ ਬਨਾਉਣ ਲਈ ਆਪਣੇ ਆਪ ਨੂੰ ਧਰਮ ਨਿਰਪੱਖ ਵਿਖਾ ਰਹੇ ਹੋ??? ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਜੇਹੇ ਵਿਕਾਸ ਤਾਂ ਸਮੇਂ ਮੁਤਾਬਿਕ ਭਾਰਤ ਵਿੱਚ ਮੁਗਲ ਸਰਕਾਰ ਅਤੇ ਅੰਗਰੇਜ ਸਰਕਾਰ ਨੇ ਵੀ ਕੀਤੇ ਇੱਥੋਂ ਤੱਕ ਕਿ ਕਾਂਗਰਸ ਸਰਕਾਰ ਨੇ ਵੀ ਕੁਝ ਗਿਣਨਯੋਗ ਕੰਮ ਕੀਤੇ ਹਨ। ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਬੇਕਸੂਰ ਲੋਕਾਂ ਨੂੰ ਰਾਜਨੀਤਕ ਲੋਕਾਂ ਦੀ ਘਟੀਆਂ ਰਾਜਨੀਤੀ ਕਾਰਣ ਗਲਾਂ ਵਿੱਚ ਟਾਇਰ ਪਾ ਕੇ
ਸਾੜਿਆ ਗਿਆ, ਬੇਕਰੀ ਦੀਆਂ ਭੱਠੀਆਂ ਵਿੱਚ ਭੁੰਨਿਆ ਗਿਆ ਅਧ ਸੜੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਕੁੱਤੇ ਖਾਂਦੇ ਰਹੇ, ਔਰਤਾਂ ਨਾਲ ਸ਼ਰੇਬਜ਼ਾਰ ਸਮੂਹਿਕ ਬਲਾਤਕਾਰ ਕੀਤੇ ਗਏ ਅੱਜ ਉਨ੍ਹਾਂ ਨੂੰ ਉਹ ਲੋਕ ਭੁੱਲ ਕੇ ਸਿਰਫ ਗੁਜਰਾਤ ਵਿਕਾਸ ਮਾਡਲ ਦੀ ਕੀਤੀ ਜਾ ਰਹੀ ਝੂਠੀ ਇਸ਼ਤਿਹਾਰਬਾਜ਼ੀ ਨੂੰ ਵੇਖ ਕੇ ਹੀ ਤੁਹਾਨੂੰ ਵੋਟਾਂ ਪਾਉਣ ਦੀ ਗਲਤੀ ਕਰਨਗੇ????
ਕੀ ਇਹੋ ਕਾਰਣ ਹੈ ਕਿ ਗੁਜਰਾਤ ਦੇ ਵਿਕਾਸ ਮਾਡਲ ਦੀ ਕੇਜਰੀਵਾਲ ਵੱਲੋਂ ਪੋਲ ਖੋਲ੍ਹੇ ਜਾਣ ਕਰਕੇ ਹੀ ਭਾਜਪਾ ਵਰਕਰ ਉਸ ਦਾ ਥਾਂ ਥਾਂ ਵਿਰੋਧ ਕਰਨ ਲਈ ਕਾਲੇ ਝੰਡੇ ਵਿਖਾ ਰਹੇ ਹਨ ਤੇ ਉਨ੍ਹਾਂ ਦੇ ਚਿਹਰੇ 'ਤੇ ਸਿਆਹੀ ਸੁੱਟ ਰਹੇ ਹਨ?????
ਜੇ ਅਜਿਹੀਆਂ ਕਾਰਵਾਈਆਂ ਕਰਕੇ ਭਾਜਪਾ ਵਰਕਰ ਲੋਕਤੰਤਰ 'ਤੇ ਹਮਲਾ ਕਰ ਰਹੇ ਹਨ ਤਾਂ ਕੱਲ੍ਹ ਨੂੰ ਸਤਾ ਵਿੱਚ ਆਉਣ ਪਿੱਛੋਂ ਉਹ ਵਿਰੋਧੀ ਵੀਚਾਰਾਂ ਤੇ ਘੱਟ ਗਿਣਤੀ ਲੋਕਾਂ 'ਤੇ ਇਸੇ ਤਰ੍ਹਾਂ ਹਮਲੇ ਨਹੀਂ ਕਰਨਗੇ??????
੫. ਭਾਜਪਾ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਮੁੱਦਾ ਬਣਾ ਕੇ ਚੋਣਾਂ ਲੜ ਰਹੀ ਹੈ। ਪਰ ਹੈਰਾਨੀ ਹੈ ਕਿ ਸਤਾ ਦੀ ਕੁਰਸੀ ਤੱਕ ਪਹੁੰਚਣ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਜਾ ਚੁੱਕੇ ਯੈਦੀਯੁਰੱਪਾ, ਗੇਗਾਂਗ ਅਪਾਂਗ ਵਰਗੇ ਅਨੇਕਾਂ ਅਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਹੀਆਂ ਹਨ। ਅਪਰਾਧਿਕ ਕੇਸਾਂ ਵਿੱਚ ਸਜਾ ਕੱਟ ਚੁੱਕੇ ਬਾਬੂ ਲਾਲ ਬੁਖੇਰੀਆ ਅਤੇ ਪ੍ਰਸ਼ੋਤਮ ਸ਼ੋਲੰਕੀ ਵਰਗੇ ਨੇਤਾ ਮੋਦੀ ਸਰਕਾਰ ਵਿੱਚ ਕੈਬਿਨਿਟ ਮੰਤਰੀ ਹਨ।
ਯੂਪੀਏ ਸਰਕਾਰ ਵੱਲੋਂ ੧ ਅਪ੍ਰੈਲ ਤੋਂ ਗੈਸ ਦੀਆਂ ਕੀਮਤਾਂ ਵਧਾਏ ਜਾਣ ਸਬੰਧੀ ਕੇਜਰੀਵਾਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦੇ। ਭਾਜਪਾ ਵੱਲੋਂ ਚੋਣਾਂ ਲਈ ਇਸ਼ਤਿਹਾਰਬਾਜ਼ੀ, ਰੈਲੀਆਂ ਤੇ ਕੀਤੇ ਜਾ ਰਹੇ ਬੇਤਹਾਸ਼ਾ ਖਰਚੇ, ਮੋਦੀ ਦੇ ਚੋਣ ਦੌਰਿਆਂ ਲਈ ਹਵਾਈ ਖਰਚੇ; ਬਾਕੀ ਦੀਆਂ ਸਾਰੀਆਂ ਪਾਰਟੀਆਂ ਦੇ ਮਕਾਬਲੇ ਬਹੁਤ ਵੱਧ ਹਨ। ਇਹ ਖਰਚੇ ਕੌਣ ਕਰ ਰਿਹਾ ਹੈ;
ਇਸ ਸਬੰਧੀ ਭਾਜਪਾ ਕੋਈ ਜਵਾਬ ਨਹੀਂ ਦਿੰਦੀ ਤਾਂ ਦੱਸੋ ਵੋਟਰ ਕਿਸ ਤਰ੍ਹਾਂ ਯਕੀਨ ਕਰਨ ਕਿ ਭਾਜਪਾ ਸਰਕਾਰ ਆਉਣ ਪਿੱਛੋਂ ਭ੍ਰਿਸ਼ਟਾਚਾਰ ਤੇ ਮਹਿੰਗਾਈ ਖਤਮ ਹੋ ਜਾਵੇਗੀ?
ਕਿਰਪਾਲ ਸਿੰਘ ਬਠਿੰਡਾ
ਮੋਬ: +੯੧੯੮੫੫੪੮੦੭੯੭
ਕਿਰਪਾਲ ਸਿੰਘ ਬਠਿੰਡਾ
BJP ਤੋਂ ਪੁੱਛੇ ਜਾਣ ਵਾਲੇ ਸਵਾਲ।
Page Visitors: 2802