ਲੋਕ ਸਭਾ ਚੋਣਾਂ-2014 ਆਓ ਪਿਛਲੀਆਂ ਗਲਤੀਆਂ ਤੋਂ ਹੀ ਕੁਝ ਸਿੱਖ ਲਈਏ
ਜੇ ਗ੍ਰਿਸਤ ਅਤੇ ਸਮਾਜ ਤੋਂ ਭਗੌੜੇ ਯੋਗੀ ਅਤੇ ਹੋਰ ਸਾਧੂ ਹਿੱਕ ਥਾਪੜ ਕੇ ਕਹਿ ਰਹੇ ਹਨ ਕਿ ਇਸ ਦੇਸ਼ ਦੇ ਰਿਸ਼ੀ ਮੁਨੀ ਤੇ ਸੰਤ ਤੈਅ ਕਰਨਗੇ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਤਾਂ ਸਿੱਖ ਪ੍ਰਚਾਰਕ; ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਧਰਮ ਅਤੇ ਰਾਜਨੀਤੀ ਦੇ ਅਰਥ ਚੰਗੀ ਤਰ੍ਹਾਂ ਸਮਝਦੇ ਹਨ; ਉਹ ਦੇਸ਼ ਦੇ ਲੋਕਾਂ ਨੂੰ ਚੰਗੇ ਵਿਅਕਤੀ ਚੁਣਨ ਦੀ ਸਲਾਹ ਕਿਉਂ ਨਹੀਂ ਦੇ ਸਕਦੇ!
ਕਿਰਪਾਲ ਸਿੰਘ ਬਠਿੰਡਾ
ਮੋਬ: 9855380797
ਪਿਛਲੇ ਸਮੇਂ ਵਿੱਚ ਭਾਵੇਂ ਉਹ ਅਜਾਦੀ ਮੌਕੇ ਦੇਸ਼ ਦੀ ਵੰਡ ਦਾ ਸਮਾਂ ਹੋਵੇ, ਅਜਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੱਗੇ ਮੋਰਚੇ ਹੋਣ; ਨਵੇਂ ਬਣੇ ਪੰਜਾਬ ਲਈ ਇਸ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਖੇਤਰਾਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਅਤੇ ਸੂਬੇ ਦੇ ਦਰਿਆਵਾਂ ਦੇ ਪਾਣੀਆਂ ’ਤੇ ਪੰਜਾਬ ਦਾ ਹੱਕ ਜਤਾਉਣ ਲਈ ਲਾਏ ਗਏ ਮੋਰਚੇ ਹੋਣ ਜਾਂ ਫਿਰ 1984 ’ਚ ਕਾਂਗਰਸ ਸਰਕਾਰ ਵੱਲੋਂ ਅਕਾਲ ਤਖ਼ਤ ਨੂੰ ਢਹਿ ਢੇਰੀ ਕਰਨ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਕਰਕੇ ਕਾਂਗਰਸ ਨੂੰ ਦੋਸ਼ੀ ਮੰਨ ਕੇ ਬਹੁਗਿਣਤੀ ਸਿੱਖਾਂ ਵੱਲੋਂ ਕੇਵਲ ਅਕਾਲੀ ਦਲ ਬਾਦਲ ਨੂੰ ਪੰਥ ਦੀ ਸ਼੍ਰੋਮਣੀ ਨੁੰਮਾਇੰਦਾ ਪਾਰਟੀ ਮੰਨ ਕੇ ਉਸ ਦੀ ਝੋਲ਼ੀ ਵਿੱਚ ਡਿੱਗ ਪੈਣਾ ਜਾਂ ਕੁਝ ਕੁ ਵੱਲੋਂ ਵੱਖਰੇ ਤੇ ਅਜਾਦ ਖਾਲਸਤਾਨ ਦੀ ਮੰਗ ਕਰਨ ਦਾ ਰਸਤਾ ਅਖਤਿਆਰ ਕਰਨਾ ਹੋਵੇ; ਅਸੀਂ ਕੌਮ ਲਈ ਪ੍ਰਾਪਤ ਕੁਝ ਵੀ ਨਹੀਂ ਕੀਤਾ ਪਰ ਗਵਾਇਆ ਬਹੁਤ ਕੁਝ ਹੈ। ਗਵਾਇਆ ਕੀ ਹੈ; ਇਸ ਸਬੰਧੀ ਕਿਸੇ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ ਇਸ ਲਈ ਇਸ ਦੀ ਵੀਚਾਰ ਕਰਨਾ ਇਸ ਲੇਖ ਦਾ ਵਿਸ਼ਾ ਨਹੀਂ ਹੈ।
ਹੁਣ ਕਰਨਾ ਕੀ ਹੈ? ਇਸ ਸਬੰਧੀ ਵੀਚਾਰ ਕਰਨਾ ਹੀ ਇਸ ਲੇਖ ਦਾ ਮੁੱਖ ਵਿਸ਼ਾ ਹੈ। ਲੋਕਤੰਤਰ ਵਿੱਚ ਚੋਣਾਂ ਦਾ ਮੌਕਾ ਹੀ ਐਸਾ ਮੌਕਾ ਹੁੰਦਾ ਹੈ ਜਦੋਂ ਸੋਚ ਵੀਚਾਰ ਕੇ ਲਿਆ ਫੈਸਲਾ ਕੌਮ ਤੇ ਸਮਾਜ ਲਈ ਸੰਵਿਧਾਨ ਅਨੁਸਾਰ ਕੁਝ ਪ੍ਰਾਪਤ ਕਰਨ ਦਾ ਰੋਲ ਨਿਭਾ ਸਕਦਾ ਹੈ। ਪਰ ਬਦਕਿਸਮਤੀ ਇਹ ਹੈ ਕਿ ਸਿੱਖ ਪੰਥ ਦੇ ਵਾਹਦ ਆਗੂ ਅਖਵਾਉਣ ਵਾਲੇ ਕੌਮ ਦੀ ਵਜਾਏ ਆਪਣੇ ਨਿਜੀ ਸਵਾਰਥ ਪੂਰੇ ਕਰਨ ਲਈ ਜਾਂ 25 ਸਾਲ ਰਾਜ ਕਰਨ ਦੇ ਸੁਪਨੇ ਪਾਲ ਕੇ ਕੌਮੀ ਹਿਤਾਂ ਨੂੰ ਬਿਲਕੁਲ ਭੁੱਲ ਜਾਂਦੇ ਹਨ। ਮਿਸਾਲ ਦੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਜਿੰਨੇ ਵੀ ਮੋਰਚੇ ਲਾਏ ਜਨਸੰਘ (ਹੁਣ ਬਦਲਿਆ ਨਾਮ ਭਾਜਪਾ) ਨੇ ਉਨ੍ਹਾਂ ਸਾਰਿਆਂ ਦਾ ਜ਼ਬਰਦਸਤ ਵਿਰੋਧ ਕੀਤਾ ਜਿਸ ਕਾਰਣ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਪੰਜਾਬ ਦਾ ਜਿੰਨਾ ਨੁਕਸਾਨ ਅਕਾਲੀ ਦਲ ਦੀਆਂ ਮੰਗਾਂ ਦਾ ਭਾਜਪਾ ਵੱਲੋਂ ਵਿਰੋਧ ਕਰਨ ਨਾਲ ਅਤੇ ਉਸ ਵੱਲੋਂ ਇੰਦਰਾ ਗਾਂਧੀ ਨੂੰ ਉਕਸਾਉਣ ਨਾਲ ਹੋਇਆ ਇੰਨਾ ਸ਼ਾਇਦ ਇਕੱਲੀ ਕਾਂਗਰਸ ਪਾਰਟੀ ਨਾ ਕਰ ਸਕਦੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਤਾ ’ਤੇ ਕਾਬਜ਼ ਹੋਣ ਦੀ ਮੰਦ ਭਾਵਨਾ ਨਾਲ ਇਹ ਦੋਵੇਂ ਵੀਚਾਰਧਾਰਕ ਵਿਰੋਧੀ ਪਾਰਟੀਆਂ ਅੱਜ ਪਤੀ ਪਤਨੀ ਦਾ ਰਿਸ਼ਤਾ ਬਣਾਈ ਬੈਠੀਆਂ ਹਨ। ਪਰ ਇਸ ਦੇ ਬਾਵਯੂਦ ਵੀ ਭਾਜਪਾ ਅੱਜ ਵੀ ਉਨ੍ਹਾਂ ਮੰਗਾਂ ਦਾ ਉਤਨਾ ਹੀ ਵਿਰੋਧ ਕਰਦੀ ਆ ਰਹੀ ਹੈ ਜਿਨ੍ਹਾਂ ਪਹਿਲਾਂ ਕਰਦੀ ਸੀ। ਇਸ ਤੋਂ ਸਾਫ ਹੈ ਕਿ ਇਹ ਰਿਸ਼ਤਾ ਪਵਿੱਤਰ ਨਹੀਂ ਬਲਕਿ ਕੇਵਲ ਸਤਾ ਦੀ ਕੁਰਸੀ ਹਥਿਆਉਣ ਲਈ ਹੀ ਹੈ।
ਇਸ ਨਾਪਾਕ ਗੱਠਜੋੜ ਤੋਂ ਦੁਖੀ ਸਿੱਖ ਅੱਗੇ ਤਿੰਨ ਹਿੱਸਿਆਂ ਵਿੱਚ ਵੰਡੇ ਗਏ। ਇੱਕ ਧਿਰ ਤਾਂ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਸਿੱਖਾਂ ਦਾ ਆਪਣੇ ਘਰ ਖਾਲਸਤਾਨ ਤੋਂ ਬਿਨਾਂ ਕੁਝ ਨਹੀਂ ਬਣਨਾ। ਇਸ ਸੋਚ ਵਾਲੇ ਵੀਰ ਪਹਿਲਾਂ ਹਥਿਆਰਬੰਦ ਸੰਘਰਸ਼ ਦੇ ਰਾਹ ਪਏ ਪਰ ਉਨ੍ਹਾਂ ਨੂੰ ਅਤਿਵਾਦੀ ਤੇ ਵੱਖਵਾਦੀ ਦਾ ਲੈਵਲ ਲਾ ਕੇ ਤਕਰੀਬਨ ਰਗੜ ਦਿੱਤਾ ਗਿਆ। ਹਥਿਆਰਬੰਦ ਸੰਘਰਸ਼ ਫੇਲ੍ਹ ਹੋਣ ਪਿੱਛੋਂ ਕੁਝ ਕੁ ਜਥੇਬੰਦੀਆਂ ਵੋਟ ਸਿਸਟਮ ਰਾਹੀਂ ਖਾਲਸਤਾਨ ਬਣਾਉਣ ਦੇ ਸੁਪਨੇ ਵੇਖਣ ਲੱਗ ਪਈਆਂ। ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਵਰਗੀ ਅਤਿ ਘੱਟ ਗਿਣਤੀ ਕੌਮ; ਉਹ ਵੀ ਸਾਰੇ ਦੇਸ਼ ਵਿੱਚ ਦੂਰ ਦੁਰਾਡੇ ਤੱਕ ਵਿਖਰੀ ਹੋਈ ਕਦੀ ਵੀ ਮੌਜੂਦਾ ਵੋਟ ਸਿਸਟਮ ਰਾਹੀਂ ਆਪਣਾ ਵੱਖਰਾ ਖਾਲਸਤਾਨ ਨਹੀਂ ਬਣਾ ਸਕਦੀ। ਦੂਸਰੀ ਗੱਲ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਐਸਾ ਸੰਕੇਤ ਨਹੀਂ ਹੈ ਕਿ ਸਿੱਖ ਆਪਣੇ ਵੱਖਰੇ ਖਾਲਸਤਾਨ ਵਿੱਚ ਹੀ ਰਹਿਣ। ਸਗੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਧਰਮਾਂ ਅਤੇ ਜਾਤਾਂ ਪਾਤਾਂ ਦੇ ਨਾਮ ’ਤੇ ਲੜਨ ਵਾਲਿਆਂ ਨੂੰ ਮੂਰਖ ਦੱਸ ਕੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਸਮਝਾਇਆ ਹੈ ਕਿ ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋˆ ਸਾਰਾ ਜਗਤ ਪੈਦਾ ਹੋਇਆ ਹੈ। (ਤਾˆ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ। ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾˆ ਭਰਪੂਰ ਹੈ। ਗੁਰਵਾਕ ਹੈ:
‘ਅਵਲਿ, ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ? ਕੋ ਮੰਦੇ? ॥1॥
ਲੋਗਾ! ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ, ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ॥1॥ ਰਹਾਉ ॥’ (ਗੁ:ਗ੍ਰੰ:ਸਾ ਪੰਨਾ 1350)
ਜਦੋਂ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਰੱਬ ਸਾਰੀ ਹੀ ਖ਼ਲਕਤ ਵਿਚ ਮੌਜੂਦ ਹੈ ਅਤੇ ਉਹ ਸਭ ਥਾˆ ਵਸ ਰਿਹਾ ਹੈ ਤਾਂ ਸਾਨੂੰ ਵੱਖਰੇ ਖਾਲਸਤਾਨ ਦੀ ਕੋਈ ਲੋੜ ਨਹੀਂ ਹੈ।
ਭਗਤ ਰਵਿਦਾਸ ਜੀ ਨੇ ਜਿਸ ਬੇਗਮਪੁਰਾ ਸ਼ਹਿਰ ਦੀ ਗੱਲ ਕੀਤੀ ਹੈ ਉਹ ਕਿਸੇ ਜਮੀਨ ਦੇ ਟੁਕੜੇ ’ਤੇ ਵਸਦੇ ਸ਼ਹਿਰ ਦੀ ਨਹੀਂ ਬਲਕਿ ਇੱਕ ਐਸੀ ਆਤਮਕ ਅਵਸਥਾ ਦੀ ਗੱਲ ਹੈ ਜਿਥੇ ਨਾ ਕਿਸੇ ਜਾਇਦਾਦ ਦੇ ਝਗੜੇ ਹਨ, ਨਾ ਜਾਇਦਾਦ ਦੇ ਟੈਕਸ ਦਾ ਖਤਰਾ, ਨਾ ਕੋਈ ਅਮੀਰ ਗਰੀਬ ਹੋਣ ਦੇ ਨਾਤੇ ਦੂਜੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦੇ ਵਿਤਕਰੇ ਹਨ। ਪੂਰਾ ਸ਼ਬਦ ਅਰਥਾਂ ਸਮੇਤ ਇਸ ਤਰ੍ਹਾਂ ਹੈ:
‘ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥’
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈˆ ਵੱਸਦਾ ਹਾˆ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀˆ ਪੋਹ ਸਕਦਾ); ਉਸ ਥਾˆ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀˆ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀˆ; ਕੋਈ ਡਰ ਨਹੀˆ; ਕੋਈ ਗਿਰਾਵਟ ਨਹੀˆ ॥1॥
‘ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥’
ਹੇ ਮੇਰੇ ਵੀਰ! ਹੁਣ ਮੈˆ ਵੱਸਣ ਲਈ ਸੋਹਣੀ ਥਾˆ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ ॥1॥ ਰਹਾਉ ॥
‘ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥’
ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀˆ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ’ਤੇ ਜੋ ਜੋ ਅੱਪੜਦੇ ਹਨ ਉਹਨਾˆ ਦੇ ਅੰਦਰ ਕੋਈ ਵਿਤਕਰਾ ਨਹੀˆ ਰਹਿੰਦਾ ਤੇ ਉਹਨਾˆ ਨੂੰ ਦੁਨੀਆ ਦੀ ਭੁੱਖ ਨਹੀˆ ਰਹਿੰਦੀ) ॥2॥
‘ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥
ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥’
(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾˆ ਦੇ ਰਾਹ ਵਿਚ) ਰੋਕ ਨਹੀˆ ਪਾ ਸਕਦਾ। ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋˆ) ਖ਼ਲਾਸੀ ਪਾ ਲਈ ਹੈ ਆਖਦਾ ਹੈ-ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ ॥3॥2॥ (ਗੁ:ਗ੍ਰੰ:ਸਾ -ਪੰਨਾ 345)
ਐਸੀ ਅਵਸਥਾ ਕੇਵਲ ਸਿੱਖਾਂ ਨੂੰ ਹੀ ਨਹੀਂ ਚਾਹੀਦੀ ਬਲਕਿ ਹਿੰਦੂ ਮੁਸਲਮਾਨਾਂ, ਈਸਾੲਆਂ, ਬੋਧੀਆਂ, ਜੈਨੀਆਂ, ਯਹੂਦੀਆਂ, ਪਾਰਸੀਆਂ ਆਦਿਕ ਸਭ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਹੀ ਚਾਹੀਦੀ ਹੈ। ਇਹ ਅਵਸਥਾ ਸੰਭਵ ਤਾਂ ਹੀ ਹੋ ਸਕਦੀ ਹੈ ਜੇ ਸਾਰੇ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਾਂਝਾ ਭਾਈਚਾਰਕ ਮਹੌਲ ਸਿਰਜਣ। ਪਰ ਸਿਆਸੀ ਲੋਕ, ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਆਪਸੀ ਵੰਡੀਆਂ ਪਾ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਇਨ੍ਹਾਂ ਪਾਈਆਂ ਵੰਡੀਆਂ ਰਾਹੀਂ ਸਾਡੇ ’ਤੇ ਰਾਜ ਕਰ ਰਹੇ ਹਨ। ਬੇਸ਼ੱਕ ਇਸ ਪਾੜੋ ਤੇ ਰਾਜ ਕਰੋ ਨੀਤੀ ਰਾਹੀਂ ਨੁਕਸਾਨ ਤਾਂ ਸਾਰੇ ਹੀ ਧਰਮਾਂ ਨੂੰ ਮੰਨਣ ਵਾਲੇ ਇਨਸਾਫ ਪਸੰਦ, ਇਮਾਨਦਾਰ ਤੇ ਮਿਹਨਤਕਸ਼ ਲੋਕਾਂ ਦਾ ਹੋ ਰਿਹਾ ਹੈ ਪਰ ਲੋਕਤੰਤਰ ਵਿੱਚ ਜਿੱਥੇ ਮੁੱਲ ਗੁਣਾਂ ਦਾ ਨਹੀਂ ਗਿਣਤੀ ਦਾ ਪੈਂਦਾ ਹੋਵੇ ਉਥੇ ਘੱਟ ਗਿਣਤੀਆਂ ਵੱਲੋਂ ਆਪਣੇ ਆਪ ਨੂੰ ਵੱਧ ਅਸੁਰੱਖਿਅਤ ਮੰਨਣਾ ਲਾਜ਼ਮੀ ਹੈ। ਘੱਟ ਗਿਣਤੀ ਹੋਣ ਕਾਰਣ ਇਸ ਅਸੁਰੱਅਿਤ ਭਾਵਨਾ ਵਿੱਚੋਂ ਹੀ ਵੱਖਰੇ ਖਾਲਸਤਾਨ ਦੀ ਮੰਗ ਨੇ ਜਨਮ ਲਿਆ ਜੋ ਸਾਡੀ ਮੰਗ ਨਹੀਂ ਬਲਕਿ ਮਜ਼ਬੂਰੀ ਹੈ। ਜੇ ਕਰ ਸਾਨੂੰ ਬਰਾਬਰ ਦਾ ਇਨਸਾਫ ਮਿਲਣ ਲੱਗ ਪਏ ਤਾਂ ਇਹ ਮੰਗ ਆਪਣੇ ਆਪ ਖਤਮ ਹੋ ਜਾਵੇਗੀ।
ਦੂਸਰੀ ਧਿਰ ਉਹ ਹੈ ਜੋ ਵੱਖਰੇ ਖਾਲਸਤਾਨ ਦੇ ਪੱਖ ਵਿੱਚ ਨਹੀਂ ਪਰ ਉਹ ਸਮਝਣ ਲੱਗ ਪਏ ਹਨ ਕਿ ਕਾਂਗਰਸ ਨੇ ਸਿੱਖਾਂ ਦਾ ਸਰੀਰਕ ਅਤੇ ਆਰਥਕ ਤੌਰ ’ਤੇ ਨੁਕਸਾਨ ਕੀਤਾ ਹੈ ਪਰ ਸਿਧਾਂਤਕ ਤੌਰ ’ਤੇ ਜੋ ਨੁਕਸਾਨ ਅਕਾਲੀ-ਭਾਜਪਾ ਗੱਠਜੋੜ ਨੇ ਕੀਤਾ ਹੈ ਉਹ ਕਾਂਗਰਸ ਨਹੀਂ ਕਰ ਸਕੀ। ਕਾਂਗਰਸ ਨੇ ਸਾਡਾ ਅਕਾਲ ਤਖ਼ਤ ਢਾਹਿਆ ਜੋ ਦੁਬਾਰਾ ਉਸਾਰ ਲਿਆ ਗਿਆ ਹੈ ਪਰ ਅਕਾਲੀ-ਭਾਜਪਾ ਗੱਠਜੋੜ ਅਕਾਲ ਤਖ਼ਤ ਦਾ ਸਿਧਾਂਤ ਖਤਮ ਕਰਨ ’ਤੇ ਤੁਲਿਆ ਹੋਇਆ ਹੈ ਜਿਸ ਨੂੰ ਮੁੜ ਉਸਾਰਨਾ ਅਸੰਭਵ ਹੋ ਜਾਵੇਗਾ। ਇਸ ਸੋਚ ਅਨੁਸਾਰ ਉਹ ਅਕਾਲੀ-ਭਾਜਪਾ ਗੱਠਜੋੜ ਨਾਲੋਂ ਕਾਂਗਰਸ ਨੂੰ ਚੰਗੀ ਸਮਝਣ ਲੱਗ ਪਏ ਹਨ। ਇਸ ਸੋਚ ਵਾਲਿਆਂ ਦਾ; ਨਾ ਚਾਹੁੰਦੇ ਹੋਏ ਵੀ ਝੁਕਾਅ ਕਾਂਗਰਸ ਵੱਲ ਹੋ ਗਿਆ। ਇਨ੍ਹਾਂ ਵਿੱਚੋਂ ਕਾਫੀ ਸਿੱਖ ਐਸੇ ਵੀ ਹਨ ਜਿਹੜੇ ਕਿ ਸਤਾ ਦੀ ਭੁੱਖ ਕਾਰਣ ਕਾਂਗਰਸ ਦੀ ਝੋਲ਼ੀ ਵਿੱਚ ਠੀਕ ਉਸੇ ਤਰ੍ਹਾਂ ਪੈ ਗਏ ਜਿਵੇਂ ਬਾਦਲ ਦਲ ਭਾਜਪਾ ਦੀ ਝੋਲ਼ੀ ਵਿੱਚ ਪਿਆ ਹੋਇਆ ਹੈ।
ਤੀਸਰੀ ਧਿਰ ਹੈ ਜਿਹੜੀ ਗੁਰਮਤਿ ਅਤੇ ਇਤਿਹਾਸ ਦੀ ਕਾਫੀ ਸੂਝ ਰੱਖਣ ਕਾਰਣ ਇਨ੍ਹਾਂ ਨੂੰ ਜਾਗਰੂਕ ਧੜਾ ਮੰਨਿਆ ਜਾ ਰਿਹਾ ਹੈ। ਜੇ ਇਸ ਸੋਚ ਵਾਲੇ ਸਾਰੇ ਸਿੱਖ ਇਕਮੁੱਠ ਹੋ ਕੇ ਕੌਮ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦੇਣ ਤਾਂ ਕਾਫੀ ਸੰਭਾਵਨਾ ਹੈ ਕਿ ਕੌਮ ਲਈ ਕੁਝ ਪ੍ਰਪਤੀਆਂ ਕਰਨ ਲਈ ਇੱਕ ਲਹਿਰ ਖੜ੍ਹੀ ਕਰਨ ਦੇ ਸਮਰਥ ਹੋ ਜਾਂਦੇ। ਇਹ ਖਤਰਾ ਸਾਰੇ ਹੀ ਮਹਿਸੂਸ ਕਰ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਆਰਐੱਸਐੱਸ ਦੇ ਅਸਿੱਧੇ ਕੰਟਰੋਲ ਹੇਠ ਆ ਚੁੱਕਾ ਹੈ ਇਸ ਲਈ ਦੇਸ਼ ਵਿੱਚ ਭਗਵੇਂ ਬ੍ਰਿਗੇਡ ਦਾ ਵਧ ਰਿਹਾ ਪ੍ਰਭਾਵ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਇਸ ਖਤਰੇ ਦਾ ਵਿਰੋਧ ਕਰਨ ਲਈ ਨਿਰੋਲ ਘੱਟ ਗਿਣਤੀਆਂ ਦੇ ਹਿੱਤ ਪੂਰਨ ਲਈ ਬਣਾਈ ਗਈ ਕੋਈ ਵੀ ਪਾਰਟੀ ਇਸ ਦੇਸ਼ ਵਿੱਚ ਸਫਲ ਨਹੀਂ ਹੋ ਸਕਦੀ ਕਿਉਂਕਿ ਇਸ ਨੂੰ ਸੰਪ੍ਰਦਾਇਕਤਾ ਤੇ ਵੱਖਵਾਦ ਦਾ ਨਾ ਦੇ ਕੇ ਸਰਕਾਰ ਇਸ ਨੂੰ ਬੜੀ ਅਸਾਨੀ ਨਾਲ ਬਿਲਕੁਲ ਉਸੇ ਤਰ੍ਹਾਂ ਦਬਾਉਣ ਵਿੱਚ ਸਫਲ ਹੋ ਜਾਂਦੀ ਹੈ ਜਿਵੇਂ ਕਿ 1982 ਵਿੱਚ ਅਕਾਲੀ ਦਲ ਵੱਲੋਂ ਲਾਏ ਗਏ ਧਰਮ ਯੁੱਧ ਮੋਰਚੇ ਨੂੰ ਵੱਖਵਾਦ ਅਤੇ ਅਤਿਵਾਦ ਵੱਲ ਧਕੇਲ ਕੇ ਦਬਾਉਣ ਵਿੱਚ ਸਫਲ ਹੋ ਗਈ ਸੀ। ਅਜਿਹੇ ਮੋਰਚਿਆਂ ਨਾਲ ਬੇਸ਼ੱਕ ਨੁਕਸਾਨ ਹਰ ਧਰਮ ਨੂੰ ਮੰਨਣ ਵਾਲੇ ਦੇਸ਼ਵਾਸੀਆਂ ਦਾ ਹੀ ਹੋਵੇਗਾ ਪ੍ਰਤੂੰ ਸਭ ਤੋਂ ਵੱਧ ਨੁਕਸਾਨ ਘੱਟ ਗਿਣਤੀਆਂ ਦਾ ਹੀ ਹੁੰਦਾ ਹੈ। ਇਹ ਫਾਰਮੂਲਾ ਵੰਡੋ ਤੇ ਰਾਜ ਕਰੋ ਦੀ ਰਾਜਨੀਤੀ ਕਰਨ ਵਾਲੇ ਭ੍ਰਿਸ਼ਟ, ਸੰਪ੍ਰਦਾਇਕ ਅਤੇ ਅਪ੍ਰਾਧਿਕ ਕਿਸਮ ਦੇ ਆਗੂਆਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਇਹ ਆਗੂ ਪੰਜ ਸਾਲ ਰੱਜ ਕੇ ਭ੍ਰਿਸ਼ਟਾਚਾਰ ਅਤੇ ਘਪਲੇ ਕਰਦੇ ਹਨ ਚੋਣਾਂ ਦੇ ਨੇੜੇ ਇੱਕ ਸੰਪ੍ਰਦਾਈ ਦੰਗੇ ਕਰਵਾ ਦਿੰਦੇ ਹਨ। ਦੇਸ਼ਵਾਸੀਆਂ ਦੇ ਧਾਰਮਿਕ ਜ਼ਜ਼ਬਾਤ ਇਸ ਕਦਰ ਭੜਕਾ ਦਿੱਤੇ ਜਾਂਦੇ ਹਨ ਕਿ ਉਹ ਮਹਿੰਗਾਈ, ਭ੍ਰਿਸ਼ਟਾਚਾਰਰ, ਵਿਕਾਸ, ਅਤੇ ਬੇਰੁਜ਼ਗਾਰੀ ਦੇ ਸਾਰੇ ਮਸਲੇ ਭੁੱਲ ਕੇ ਹਿੰਦੂ ਭਾਜਪਾ ਵੱਲ, ਮੁਸਲਮਾਨ ਕਾਂਗਰਸ ਜਾਂ ਮੁਲਾਇਮ ਸਿੰਘ ਯਾਦਵ ਵੱਲ ਅਤੇ ਸਿੱਖ ਅਕਾਲੀ ਦਲ ਵੱਲ ਝੁਕਾਅ ਕਰ ਲੈਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੰਗੇ ਕਰਵਾਉਣ ਵਾਲੀ ਪਾਰਟੀ ਚੋਣਾਂ ਵਿੱਚ ਵੱਡਾ ਲਾਭ ਪ੍ਰਾਪਤ ਕਰਦੀ ਹੈ। ਜਿਵੇਂ ਕਿ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਨੇ 1985 ਵਿੱਚ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਜਿੰਨੀ ਕਿ ਇਸ ਨੂੰ ਕਦੀ ਅਜਾਦੀ ਤੋਂ ਬਾਅਦ ਨਹਿਰੂ ਦੇ ਸਮੇਂ ਵੀ ਨਹੀਂ ਸੀ ਹੋਈ। ਕਾਰਣ ਸਿਰਫ ਇੱਕੋ ਸੀ ਕਿ ਕਾਂਗਰਸ ਨੇ ਹਿੰਦੂਆਂ ਦੇ ਮਨ ਵਿੱਚ ਕੂੜ ਪ੍ਰਚਾਰ ਰਾਹੀਂ ਇਹ ਭਰ ਦਿੱਤਾ ਕਿ ਕਾਂਗਰਸ ਉਨ੍ਹਾਂ ਦੀ ਭਾਜਪਾ ਨਾਲੋਂ ਵੀ ਵੱਡੀ ਰੱਖਿਅਕ ਹੈ। ਇਸ ਸਮੇਂ ਭਾਜਪਾ ਆਗੂਆਂ ਨੇ ਵੀ ਇੰਦਰਾ ਨੂੰ ਦੁਰਗਾ ਦਾ ਖਿਤਾਬ ਦੇ ਕੇ ਇੰਦਰਾ ਦੇ ਕਥਨ ਨੂੰ ਸਹੀ ਕਰਾਰ ਦੇਣ ਦੀ ਗਲਤੀ ਕੀਤੀ ਜਿਸ ਦਾ ਖਮਿਆਜ਼ਾ ਉਨ੍ਹਾਂ ਖੁਦ ਨੂੰ ਭੁਗਤਣਾ ਪਿਆ ਤੇ 1985 ਦੀਆਂ ਚੋਣਾਂ ਵਿੱਚ ਉਨ੍ਹਾਂ ਦਾ ਤਕਰੀਬਨ ਮੁਕੰਬਲ ਹੋ ਗਿਆ।
1992 ਵਿੱਚ ਬਾਬਰੀ ਮਸਜਿਦ ਗਿਰਾ ਕੇ ਅਤੇ ਮੁਸਲਮਾਨ ਵਿਰੋਧੀ ਦੰਗੇ ਕਰਵਾ ਕੇ ਭਾਜਪਾ ਨੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਜਿਸ ਸਦਕਾ ਕਦੀ ਦੋ ਸਾਂਸਦ ਜਿੱਤਣ ਵਾਲੀ ਪਾਰਟੀ ਕਈ ਸੂਬਿਆਂ ਅਤੇ 6 ਸਾਲ ਤੱਕ ਕੇਂਦਰ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੋ ਗਈ। ਬਾਬਰੀ ਮਸਜ਼ਿਦ-ਰਾਮ ਮੰਦਰ ਵਿਵਾਦ ਦੇ ਚਲਦਿਆਂ ਹੀ 2002 ਵਿੱਚ ਗੁਜਰਾਤ ਵਿੱਚ ਮੁਸਲਮਾਨ ਵਿਰੋਧੀ ਦੰਗੇ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਨ ਵਾਲਾ ਮੁੱਖ ਮੰਤਰੀ ਨਰਿੰਦਰ ਮੋਦੀ ਭਾਜਪਾ ਦਾ ਸਭ ਤੋਂ ਮਜ਼ਬੂਤ ਨੇਤਾ ਦੇ ਤੌਰ ’ਤੇ ਉਭਾਰਿਆ ਜਾ ਰਿਹਾ ਹੈ ਜਿਸ ਕਾਰਣ ਉਹ ਲਗਾਤਾਰ ਤਿੰਨ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਤੇ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦਾ ਉਮੀਦਵਾਰ ਹੈ। ਭ੍ਰਿਸ਼ਟਾਚਾਰ ਰਾਹੀਂ ਕਮਾਏ ਧਨ ਵਿੱਚੋਂ ਮੀਡੀਆ ਨੂੰ ਦਿੱਤੇ ਵੱਡੇ ਇਸ਼ਤਿਹਾਰਾਂ ਰਾਹੀਂ ਮੋਦੀ ਨੂੰ ਵਿਕਾਸ ਦਾ ਪ੍ਰਤੀਕ ਅਤੇ ਭ੍ਰਿਸ਼ਟਾਚਾਰ ਤੇ ਮਹਿੰਗਾਈ ਦੇ ਖਾਤਮੇ ਲਈ ਦ੍ਰਿੜ ਇਰਾਦੇ ਵਾਲੇ ਮਜ਼ਬੂਤ ਨੇਤਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਭ੍ਰਿਸ਼ਟਾਚਾਰ, ਮਹਿੰਗਾਈ ਤੇ ਰਾਜਨੀਤੀ ਵਿੱਚ ਅਪਰਾਧੀਆਂ ਦੀ ਹਿੱਸੇਦਾਰੀ ਨੂੰ ਰੋਕਣ ਲਈ ਮੋਦੀ ਕਿਤਨਾ ਕੁ ਦ੍ਰਿੜ ਹੈ ਇਸ ਦਾ ਸਬੂਤ ਇਹ ਹੈ ਕਿ ਕਰਨਾਟਕਾ ਦਾ ਸਾਬਕਾ ਮੁੱਖ ਮੰਤਰੀ ਯੈਦੀਯੁਰੱਪਾ ਜਿਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਅਹੁੱਦੇ ਤੋਂ ਹਟਾਇਆ ਗਿਆ ਸੀ, ਉਹ ਕੇਸ ਹੁਣ ਵੀ ਅਦਾਲਤ ਵਿੱਚ ਚੱਲ ਰਹੇ ਹਨ ਅਤੇ ਉਹ ਜੇਲ੍ਹ ਵੀ ਜਾ ਚੁੱਕਾ ਹੈ। ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਉਣ ਤੋਂ ਨਰਾਜ਼ ਯੈਦੀਯੁਰੱਪਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਆਪਣੀ ਨਵੀਂ ਪਾਰਟੀ ਬਣਾ ਲਈ। ਪਾਰਟੀ ਦੀ ਇਸ ਫੁੱਟ ਕਾਰਣ ਭਾਜਪਾ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਈ। ਪਰ ਹੁਣ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਉਸੇ ਯੈਦੀਯੁਰੱਪਾ ਨੂੰ ਭਾਜਪਾ ਨੇ ਆਪਣੀ ਪਾਰਟੀ ਵਿੱਚ ਸਿਰਫ ਸ਼ਾਮਲ ਹੀ ਨਹੀਂ ਕੀਤਾ ਸਗੋਂ ਉਸ ਨੂੰ ਲੋਕ ਸਭਾ ਲਈ ਟਿਕਟ ਵੀ ਦੇ ਦਿੱਤੀ। ਇੱਕ ਹਜਾਰ ਕਰੋੜ ਰੁਪਏ ਦੇ ਘੁਟਾਲੇ ਵਿੱਚ ਜੇਲ੍ਹ ਜਾ ਚੁੱਕੇ ਅਰੁਣਾਂਚਲ ਪ੍ਰਦੇਸ਼ ਤੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਹੈ। ਭਰਤੀ ਘੁਟਾਲੇ ਵਿੱਚ ਜੇਲ੍ਹ ਵਿੱਚ ਬੈਠੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਭਾਜਪਾ ਦਾ ਚੋਣ ਸਮਝੌਤਾ ਹੈ। ਆਪਣੇ ਧੁਰ ਵਿਰੋਧੀ, ਭਰਤੀ ਘੁਟਾਲੇ ਤੇ ਭ੍ਰਿਸ਼ਟਾਚਾਰ ਦੇ ਅਰੋਪਾਂ ਵਿੱਚ ਘਿਰਿਆ, ਪ੍ਰਵਾਰਵਾਦ ਦੀ ਰਾਜਨੀਤੀ ਕਰਨ ਵਾਲੇ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਨਾਲ ਭਾਜਪਾ ਦਾ ਚੋਣ ਸਮਝੌਤਾ ਹੋ ਗਿਆ ਹੈ। ਸਮਝੌਤੇ ਅਧੀਨ ਪਾਸਵਾਨ ਨੂੰ ਮਿਲੀਆਂ 7 ਸੀਟਾਂ ਵਿੱਚੋਂ ਉਹ ਖੁਦ, ਉਸ ਦਾ ਪੁੱਤਰ ਅਤੇ ਭਰਾ ਭਾਵ ਇੱਕੋ ਪ੍ਰਵਾਰ ਵਿੱਚੋਂ ਤਿੰਨ ਟਿਕਟਾਂ ਦਿੱਤੀਆਂ ਗਈਆਂ ਹਨ। ਕੱਲ੍ਹ ਨੂੰ 2ਜੀ ਸਪੈੱਕਟ੍ਰਮ ਘੁਟਾਲੇ ਦੇ ਅਰੋਪੀ ਏ ਰਾਜਾ ਅਤੇ ਦਇਆਨਿਧੀ ਮਾਰਨ ਵੀ ਭਾਜਪਾ ਵਿੱਚ ਆਉਣ ਦੀ ਹਾਮੀ ਭਰਨ ਤਾਂ ਉਨ੍ਹਾਂ ਨੂੰ ਵੀ ਭਾਜਪਾ ਜੀ ਆਇਆਂ ਕਹਿਣ ਲਈ ਪੱਬਾਂ ਭਾਰ ਹੋਵੇਗੀ। 11 ਮਾਰਚ 2014 ਨੂੰ ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਰੀਪੋਰਟ ਮੁਤਾਬਕ 15ਵੀਂ ਲੋਕ ਸਭਾ ਵਿੱਚ 18 ਖਾਲੀ ਸੀਟਾਂ ਨੂੰ ਛੱਡ ਕੇ ਬਾਕੀ ਦੀਆਂ 525 ਵਿਚੋਂ 156 ਸਾਂਸਦਾਂ ’ਤੇ ਅਪਰਾਧਿਕ ਕੇਸ ਦਰਜ ਹਨ ਜਿਨ੍ਹਾਂ ਵਿੱਚੋਂ ਕਈ ਕਤਲਾਂ ਤੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ। ਅਪਰਾਧੀਆਂ ਦੀ ਪ੍ਰਤੀਸ਼ਤ ਗਿਣਤੀ ਵਜੋਂ ਵੀ ਭਾਜਪਾ ਤੇ ਇਸ ਦੀ ਭਾਈਵਾਲ ਸ਼ਿਵਸੈਨਾ ਦਾ ਨਾਮ ਸਭ ਤੋਂ ਉੱਪਰ ਹੈ। ਸ਼ਿਵ ਸੈਨਾ ਦੇ 10 ਸਾਂਸਦਾਂ ਵਿੱਚੋਂ 8 ਭਾਵ 80%, ਭਾਜਪਾ ਦੇ 112 ਵਿੱਚੋਂ 46 ਭਾਵ 41.07%, ਜੰਤਾ ਦਲ (ਯੂ) ਦੇ 19 ਵਿੱਚੋਂ 7 ਭਾਵ 36.84%, ਬਸਪਾ ਦੇ 22 ਵਿੱਚੋਂ 6 ਭਾਵ 28.57%, ਸਮਾਜਵਾਦੀ ਪਾਰਟੀ ਦੇ 21 ਵਿੱਚੋਂ 6 ਭਾਵ 27.27%, ਕਾਂਗਰਸ ਦੇ 201 ਵਿੱਚੋਂ 48 ਭਾਵ 23.88% ਸਾਂਸਦਾਂ ਤੇ ਕਤਲਾਂ ਸਮੇਤ ਕਈ ਅਪਰਾਧਿਕ ਕਿਸਮ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ। ਇਸ ਤਰ੍ਹਾਂ ਅਪਰਾਧਿਕ ਪਿਛੋਕੜ ਵਾਲੇ ਸਾਂਸਦਾਂ ਦੀ ਗਿਣਤੀ ਪੱਖੋਂ ਸਭ ਤੋਂ ਵੱਧ ਕਾਂਗਰਸ ਦੇ 48 ਸਾਂਸਦ ਅਪਰਾਧਿਕ ਕੇਸਾਂ ਵਿੱਚ ਲਿਪਤ ਹਨ ਪਰ ਪ੍ਰਤੀਸ਼ਤ ਦੇ ਤੌਰ ’ਤੇ ਇਸ ਦਾ ਨੰਬਰ 6ਵਾਂ ਹੈ ਜਦੋਂ ਕਿ ਸ਼ਿਵ ਸੈਨਾ ਐੱਨਡੀਏ ਦੀਆਂ ਮੁੱਖ ਪਾਰਟੀਆਂ ਸ਼ਿਵਸੈਨਾ ਅਤੇ ਭਾਜਪਾ ਪਹਿਲੇ ਤੇ ਦੂਜੇ ਨੰਬਰ ’ਤੇ ਹਨ। ਵਿਕਾਸ ਵਿਕਾਸ ਦੇ ਨਾਹਰਿਆਂ ਦੀ ਗੂੰਜ ਵਿੱਚ ਜਿਸ ਗੁਜਰਾਤ ਮਾਡਲ ਨੂੰ ਪੇਸ਼ ਕਰਕੇ ਸਮੁੱਚੇ ਭਾਰਤ ਨੂੰ ਗੁਜਰਾਤ ਵਰਗਾ ਬਣਾਉਣਾ ਚਾਹੁੰਦੇ ਹਨ ਉਸ ਦੀ ਫੂਕ ਤਾਂ ਕੇਜਰੀਵਾਲ ਦੇ ਇੱਕ ਦੌਰੇ ਨੇ ਹੀ ਕੱਢ ਦਿੱਤੀ ਹੈ। ਅਪਰਾਧ ਪੱਖੋਂ ਵੀ ਗੁਜਰਾਤ ਦੇ ਕੁੱਲ 26 ਸਾਂਸਦਾਂ ਵਿੱਚ 11 ਸਾਂਸਦਾਂ (ਭਾਜਪਾ 9 + ਕਾਂਗਰਸ 2) ਅਪਰਾਧਿਕ ਦੋਸ਼ਾਂ ਵਿੱਚ ਘਿਰੇ ਹੋਣ ਕਰਕੇ 42.30% ਨਾਲ ਦੇਸ਼ ਭਰ ਵਿੱਚੋਂ ਤੀਜੇ ਨੰਬਰ ਅਤੇ ਮਹਾਂਰਾਸ਼ਟਰ ਦੇ 48 ਸਾਂਸਦਾਂ ਵਿੱਚੋਂ 23 ਅਪਰਾਧੀ ਪਿਛੋਕੜ ਵਾਲੇ ਹੋਣ ਕਰਕੇ ਦੂਜੇ ਨੰਬਰ ’ਤੇ ਹੈ। ਹੈਰਾਨੀ ਤਾਂ ਇਹ ਹੈ ਕਿ ਬਿਹਾਰ ਅਤੇ ਯੂਪੀ ਜਿਹੜੇ ਕਿ ਕਾਨੂੰਨ ਵਿਵਸਥਾ ਵਜੋਂ ਦੇਸ਼ ਵਿੱਚ ਸਭ ਤੋਂ ਵੱਧ ਬਦਨਾਮ ਹਨ ਉਨ੍ਹਾਂ ਦੇ ਅਪਰਾਧਿਕ ਸਾਂਸਦ ਕਰਮਵਾਰ 40 ਵਿੱਚੋਂ 16 ਭਾਵ 40% ਅਤੇ 80 ਵਿੱਚੋਂ 30 ਭਾਵ 37.50% ਨਾਲ ਚੌਥੇ ਤੇ ਪੰਜਵੇਂ ਨੰਬਰ ’ਤੇ ਹਨ। ਸਭ ਤੋਂ ਵੱਧ ਅਪਰਾਧਿਕ ਅਰੋਪਾਂ ਵਾਲੇ ਸਾਂਸਦ ਝਾਰਖੰਡ 14 ਵਿੱਚੋਂ 7 (50%) ਨਾਲ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ’ਤੇ ਹੈ। ਮੋਦੀ ਦੀ ਗੁਜਰਾਤ ਸਰਕਾਰ ਵਿੱਚ ਤਾਂ ਤਿੰਨ ਸਾਲ ਦੀ ਸਜਾ ਕੱਟਣ ਵਾਲਾ ਬਾਬੂ ਲਾਲ ਬੁਖੇਰੀਆ ਅਤੇ ਅਪਰਾਧਕ ਕੇਸਾਂ ਵਿੱਚ ਘਿਰਿਆ ਪ੍ਰਸ਼ੋਤਮ ਸ਼ੋਲੰਕੀ ਕੈਬਿਨਿਟ ਮੰਤਰੀ ਵੀ ਹਨ। ਫਿਰ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਨੂੰ ਸਤਾ ਤੋਂ ਲਾਂਭੇ ਕਰਕੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੂੰ ਸਤਾ ਸੌਂਪ ਕੇ ਦੇਸ਼ ਵਿੱਚ ਭ੍ਰਿਸ਼ਟਚਾਰ ਅਤੇ ਅਪਰਾਧਾਂ ਤੋਂ ਮੁਕਤ ਰਾਜ ਕਾਇਮ ਹੋ ਸਕਦਾ ਹੈ ਜਿਸ ਵਿੱਚ ਸਭ ਨੂੰ ਇਨਸਾਫ ਮਿਲ ਸਕੇਗਾ। ਪੀੜਤਾਂ ਨੂੰ ਇਨਸਾਫ ਦਿੱਤੇ ਬਿਨਾ ਅਤੇ ਭ੍ਰਿਸ਼ਟਚਾਰੀਆਂ ਤੇ ਅਪਰਾਧੀਆਂ ਨੂੰ ਸਖਤ ਸਜਾਵਾਂ ਦਿੱਤੇ ਬਿਨਾਂ ਵਿਕਾਸ ਸੰਭਵ ਹੀ ਨਹੀਂ ਹੈ। ਇਸ ਲਈ ਵਿਕਾਸ ਦੇ ਫੋਕੇ ਨਾਹਰੇ ਦੇਸ਼ਵਾਸੀਆਂ ਨਾਲ ਨਿਰਾ ਛਲਾਵਾ ਅਤੇ ਧੋਖਾ ਹੈ।
ਭ੍ਰਿਸ਼ਟਾਚਾਰ ਰਾਹੀਂ ਕਮਾਏ ਧਨ ਵਿੱਚੋਂ ਅਰਬਾਂ ਰੁਪਏ ਖਰਚ ਕੇ ਵੱਡੀਆਂ ਵੱਡੀਆਂ ਕੀਤੀਆਂ ਚੋਣ ਰੈਲੀਆਂ ਅਤੇ ਮੀਡੀਏ ਵਿੱਚ ਲਵਾਈਆਂ ਪੇਡ ਖ਼ਬਰਾਂ ਅਤੇ ਇਸ਼ਤਿਹਾਰਬਾਜ਼ੀ ਤੋਂ ਪ੍ਰਭਾਵਤ ਹੋ ਕੇ ਜੇ ਹੁਣ ਵੀ ਅਸੀਂ ਵੋਟ ਪਾਉਣ ਸਮੇਂ ਸਹੀ ਫੈਸਲਾ ਨਾ ਲਿਆ ਅਤੇ ਪੁਰਾਣੀਆਂ ਪਰਖੀਆਂ ਹੋਈਆਂ ਪਾਰਟੀਆਂ ਵਿੱਚੋਂ ਹੀ ਕਿਸੇ ਦੀ ਚੋਣ ਕਰ ਬੈਠੇ ਤਾਂ ਇਹ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਗੱਲ ਹੋਵੇਗੀ। ਸਾਡੇ ਧਾਰਮਿਕ ਆਗੂਆਂ, ਪ੍ਰਚਾਰਕਾਂ ਤੇ ਹੋਰ ਸੂਝਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਧਰਮ ਤੇ ਰਾਜਨੀਤੀ ਇਕੱਠੀ ਹੋਣ ਦੀ ਅਸਲੀ ਪ੍ਰੀਭਾਸ਼ਾ ਲੋਕਾਂ ਨੂੰ ਸਮਝਾਉਣ ਕੇ ਧਰਮ ਦੀ ਰਾਜਨੀਤੀ ਦੁਰਵਰਤੋਂ ਕਰਕੇ ਰਾਜਸਤਾ ਹਾਸਲ ਕਰਨਾ ਹੀ ਧਰਮ ਤੇ ਰਾਜਨੀਤੀ ਇਕੱਠੀ ਕਰਨਾ ਨਹੀਂ ਸਗੋਂ ਸਮੇਂ ਸਿਰ ਬੋਲਿਆ ਸੱਚ ਹੀ ਅਸਲੀ ਧਰਮ ਹੈ:
‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ॥2॥3॥5॥’ (ਤਿਲੰਗ ਮ: 1 ਪੰਨਾ 723),
‘ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ ॥’ (ਆਸਾ ਫਰੀਦ, ਪੰਨਾ 488)
’ਤੇ ਪਹਿਰਾ ਦਿੰਦੇ ਹੋਏ
‘ਰਾਜੇ ਸੀਹ, ਮੁਕਦਮ ਕੁਤੇ ॥’ {ਮਲਾਰ-ਵਾਰ (ਮ: 1) ਪੰਨਾ 1288}
ਕਹਿਣ ਦੀ ਜੁਰ੍ਹਤ ਰੱਖੀਏ।
‘ਰਤੁ ਪੀਣੇ ਰਾਜੇ, ਸਿਰੈ ਉਪਰਿ ਰਖੀਅਹਿ; ਏਵੈ ਜਾਪੈ ਭਾਉ ॥’ {ਮਾਝ-ਵਾਰ (ਮ: 1) ਪੰਨਾ 142} ਅਤੇ
‘ਤਖਤਿ ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥’ {ਮਾਰੂ ਵਾਰ¹ (ਮ: 3) ਪੰਨਾ 1088}
ਤੋਂ ਸੇਧ ਲੈਂਦੇ ਹੋਏ ਰਾਜਨੀਤੀ ਕਰਕੇ ਸਹੀ ਚੋਣ ਕਰਨ ਦੀ ਜਾਚ ਸਿੱਖੀਏ। ਨਵੀਂ ਉੱਭਰੀ ਪਾਰਟੀ ਜਿਸ ਦਾ ਹੁਣ ਤੱਕ ਦਾ ਕਿਰਦਾਰ ਭ੍ਰਿਸ਼ਟਾਚਾਰ ਤੇ ਪ੍ਰਵਾਰਵਾਦ ਦਾ ਖਾਤਮਾ ਅਤੇ ਦੰਗੇ ਭੜਕਾ ਕੇ ਧਰਮ ਅਧਾਰਤ ਰਾਜਨੀਤੀ ਦਾ ਵਿਰੋਧ ਕਰਕੇ ਸਹੀ ਮਾਅਨਿਆਂ ਵਿੱਚ ਸਵਰਾਜ ਲਾਗੂ ਕਰਨਾ ਅਤੇ ਮਨੁੱਖੀ ਅਧਿਕਾਰਾਂ ਨੂੰ ਬਹਾਲ ਕਰਨ ਦਾ ਹੈ; ਦੀ ਚੋਣ ਕਰਨ ਦੀ ਜਾਚ ਸਿੱਖੀਏ। ਜੇ ਗ੍ਰਿਸਤ ਅਤੇ ਸਮਾਜ ਤੋਂ ਭਗੌੜੇ ਯੋਗੀ ਅਤੇ ਹੋਰ ਸਾਧੂ ਹਿੱਕ ਥਾਪੜ ਕੇ ਕਹਿ ਰਹੇ ਹਨ ਕਿ ਇਸ ਦੇਸ਼ ਦੇ ਰਿਸ਼ੀ ਮੁਨੀ ਤੇ ਸੰਤ ਤੈਅ ਕਰਨਗੇ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਤਾਂ ਸਿੱਖ ਪ੍ਰਚਾਰਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਧਰਮ ਅਤੇ ਰਾਜਨੀਤੀ ਦੇ ਅਰਥ ਚੰਗੀ ਤਰ੍ਹਾਂ ਸਮਝਦੇ ਹਨ; ਦੇਸ਼ ਦੇ ਲੋਕਾਂ ਨੂੰ ਚੰਗੇ ਵਿਅਕਤੀ ਚੁਣਨ ਦੀ ਸਲਾਹ ਕਿਉਂ ਨਹੀਂ ਦੇ ਸਕਦੇ!
ਕਿਰਪਾਲ ਸਿੰਘ ਬਠਿੰਡਾ
ਲੋਕ ਸਭਾ ਚੋਣਾਂ-2014 ਆਓ ਪਿਛਲੀਆਂ ਗਲਤੀਆਂ ਤੋਂ ਹੀ ਕੁਝ ਸਿੱਖ ਲਈਏ
Page Visitors: 2754