“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਡੀ
ਅਜੋਕੇ ਗੁਰਮਤਿ ਪ੍ਰਚਾਰਕਾਂ ਵਿੱਚੋਂ ਗੁਰਦੁਆਰੇ ਦੇ ਇਕ ਗਿਆਨੀ ਜੀ ਨਾਲ ਯੂ ਟਿਊਬ ਤੇ ਲੜੀਵਾਰ ਇੰਟਰਵਿਊ ਪਾਇਆ ਜਾ ਰਿਹਾ ਹੈ।ਜਿਸ ਨੂੰ ਯੂ ਟਿਊਬ ਤੇ “ਲਾਇਫ ਐਂਡ ਡੈਥ ਬਾਇ ਜ….ਸਿੰਘ” ਭਰਕੇ ਸਰਚ ਕੀਤਾ ਜਾ ਸਕਦਾ ਹੈ।ਗਿਆਨੀ ਜੀ ਦੇ ਇੰਟਰਵਿਊ ਆਧਾਰਿਤ ਵਿਚਾਰ ਇੱਥੇ ਪੇਸ਼ ਕੀਤੇ ਜਾ ਰਹੇ ਹਨ।ਪੇਸ਼ ਹਨ ਪਿਛਲੇ ਵਿਚਾਰਾਂ ਤੋਂ ਅੱਗੇ:-
ਗਿਆਨੀ ਜੀ ਦਾ ਕਹਿਣਾ ਹੈ:- “ਇਹ ਅਰਥ ਮੈਂ ਆਪਣੇ ਕੋਲੋਂ ਨਹੀਂ ਕਰ ਰਿਹਾ ਕਿਉਂਕਿ ਬਹੁਤ ਸਾਰੇ ਵੀਰ ਐਸਾ ਸਮਝਦੇ ਹਨ ਕਿ ਸ਼ਾਇਦ ਅਸੀਂ ਆਪਣੇ ਕੋਲੋਂ ਬਣਾ ਕੇ ਆਖ ਰਹੇ ਆਂ, ਮੈਂ ਦੋ ਗੱਲਾਂ ਸਪੱਸ਼ਟ ਕਰਨੀਆਂ ਚਾਹੁੰਨਾ ਕਿ ਜਿਹੜੇ ਅਰਥ ਸ਼ਬਦਾਂ ਦੇ ਮੈਂ ਕਰ ਰਿਹਾਂ, ਇਹ ਮੇਰੇ ਆਪਣੇ ਅਰਥ ਨਹੀਂ ਬਣਾਏ ਹੋਏ, ਪ੍ਰੋ: ਸਾਹਿਬ ਸਿੰਘ ਹੁਣਾਂ ਦੇ ਅਰਥ ਮੈਂ ਲੈ ਰਿਹਾਂ, ਹੋ ਸਕਦਾ ਹੈ ਬਿਆਨ ਕਰਨ ਲੱਗਿਆਂ ਸ਼ਬਦ ਅੱਗੇ ਪਿੱਛੇ ਹੋ ਸਕਦੇ ਆ, ਪਰ ਕੇਂਦਰੀ ਭਾਵ ਸਾਹਿਬ ਸਿੰਘ ਦੇ ਟੀਕੇ ਵਿੱਚੋਂ ਹਨ, ਦੂਜੀ ਗੱਲ ਇਹ ਹੈ ਕਿ ਸਾਰੇ ਪ੍ਰਮਾਣ ਗੁਰਬਾਣੀ ਵਿੱਚੋਂ ਹਨ।ਗੁਰਬਾਣੀ ਨੂੰ ਜੇ ਧਿਆਨ ਨਾਲ ਪੜ੍ਹਾਂਗੇ ਤਾਂ ਸਪੱਸ਼ਟ ਰੂਪ ਵਿੱਚ ਸਾਡੇ ਸਾਹਮਣੇ ਆਵੇਗਾ ਕਿ ਗੁਰੂ ਸਾਹਿਬ ਨੇ ਸਾਨੂੰ ਇਸ ਸੰਬੰਧ ਵਿੱਚ ਕੀ ਸੇਧ ਦਿੱਤੀ ਹੋਈ ਏ”।
ਗਿਆਨੀ ਜੀ ਕਿੰਨੀ ਗ਼ਲਤ-ਬਿਆਨੀ ਕਰ ਰਹੇ ਹਨ।ਗੁਰਮਤਿ ਦੇ ਉਲਟ ਆਪਣੇ ਮਨ ਦੀ ਬਣੀ ਸੋਚ ਉੱਪਰ ਗੁਰਮਤਿ ਫਲੌਸਫੀ ਦੀ ਅਤੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਦੀ ਮੋਹਰ ਲਗਾ ਰਹੇ ਹਨ।
ਗਿਆਨੀ ਜੀ ਨੂੰ ਅਨੇਕਾਂ ਵਾਰੀਂ ਸਵਾਲ ਕੀਤਾ ਜਾ ਚੁੱਕਾ ਹੈ ਕਿ- “ਕੀ ਉਹ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪੇਸ਼ ਕਰ ਸਕਦੇ ਹਨ ਜਿਸ ਵਿੱਚ ਲਿਖਿਆ ਹੋਵੇ ਕਿ ਸਭ ਦੇ ਕੀਤੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ।ਲਿਖਿਆ ਹੋਵੇ ਕਿ ਸਾਡੇ ਕੀਤੇ ਕਰਮਾਂ ਨਾਲ ਸਿਰਫ ਅਸੀਂ ਹੀ ਨਹੀਂ ਹੋਰ ਆਲਾ ਦੁਆਲਾ, ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਹੋਰ ਆਲੇ ਦੁਆਲੇ ਦੀਆਂ ਆਣ ਵਾਲੀਆਂ ਪੀੜ੍ਹੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।ਲਿਖਿਆ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ, ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ।ਗਿਆਨੀ ਜੀ ਅਨੁਸਾਰ ਗੁਰਮਤਿ ਦਾ ਕਰਮ ਸਿਧਾਂਤ ਕੀ ਹੈ (ਜਾਂ ਫੇਰ ਜਿਸ ਤਰ੍ਹਾਂ ਦੇ ਮਰਜੀ ਚੰਗੇ ਮੰਦੇ ਕਰਮ ਕਰੀ ਜਾਵੋ ਪ੍ਰਭੂ ਦੀ ਦਰਗਾਹ ਵਿੱਚ ਕੋਈ ਲੇਖਾ ਨਹੀਂ ਹੁੰਦਾ)? ਕੋਈ ਬੰਦਾ ਜਿਸ ਉੱਤੇ ਧਰਮ-ਕਰਮ ਦੀ ਕਿਸੇ ਗੱਲ ਦਾ ਕੋਈ ਅਸਰ ਨਹੀਂ, ਜਿਸ ਨੂੰ ਗੁਰਬਾਣੀ ਜਾਂ ਕੋਈ ਵੀ ਹੋਰ, ਪਸ਼ੂ ਕਹਿੰਦਾ ਹੈ ਤਾਂ ਕਹੀ ਜਾਵੇ।ਜਿਹੜਾ ਸਾਰੀ ਉਮਰ ਪਰਾਇਆ ਹੱਕ ਮਾਰ-ਮਾਰ ਕੇ, ਦੌਲਤ ਇਕੱਠੀ ਕਰਕੇ ਆਪਣੀ ਮਨ-ਮਰਜੀ ਦਾ ਜੀਵਨ ਬਿਤਾ ਕੇ ਸੰਸਾਰ ਤੋਂ ਤੁਰ ਜਾਂਦਾ ਹੈ, ਉਸ ਬਾਰੇ ਗੁਰਬਾਣੀ ਸਿਧਾਂਤ ਕੀ ਹੈ? ਗਿਆਨੀ ਜੀ ਜੇ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਨ, ਤਾਂ ਕੀ ਉਹ ਸਾਡੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਦੇਖਦਾ ਹੈ? ਜੇ ਦੇਖਦਾ ਹੈ ਤਾਂ ਕੀ ਉਸਦੇ ਭਾਣੇ ਅਨੁਸਾਰ ਉਸ ਦਾ ਕੋਈ ਹੁਕਮ ਚੱਲਦਾ ਹੈ? ਗਿਆਨੀ ਜੀ ਕੁਦਰਤ ਨੂੰ ਰਚਣ ਵਾਲੇ ਅਤੇ ਚੰਗੇ ਮੰਦੇ ਕੀਤੇ ਕੰਮਾਂ ਮੁਤਾਬਕ ਆਪਣਾ ਹੁਕਮ ਚਲਾਣ ਵਾਲੇ ਕਿਸੇ ਰੱਬ ਨੂੰ ਮੰਨਦੇ ਹਨ? ਜਾਂ ਸਿਰਫ ਭੁਲੇਖੇ'ਚ ਪਾਣ ਲਈ ਕੁਦਰਤ ਨੂੰ ਹੀ ਪਰਮਾਤਮਾ ਨਾਮ ਦੇ ਰੱਖਿਆ ਹੈ? ਕੀ ਗਿਆਨੀ ਜੀ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਾਫ ਲਫਜ਼ਾਂ ਵਿੱਚ ਆਪਣਾ ਪੱਖ ਰੱਖਣ ਦੀ ਖੇਚਲ ਕਰਨਗੇ?
ਇਸ ਜਨਮ ਤੋਂ ਮਗ਼ਰੋਂ ਫੇਰ ਜਨਮ ਬਾਰੇ ਜਵਾਬ ਦੇਣ ਦੀ ਬਜਾਏ ਗਿਆਨੀ ਜੀ ਆਤਮਕ ਮੌਤ ਵਾਲੀਆਂ ਉਦਾਹਰਣਾਂ ਪੇਸ਼ ਕਰਕੇ ਸਿੱਖ ਸਰੋਤਿਆਂ ਨੂੰ ਗੁਮਰਾਹ ਕਰ ਰਹੇ ਹਨ।ਜਿਸ ਨਾਲ ਓਪਰੀ ਨਜ਼ਰੇ ਤਾਂ ਬੇਸ਼ੱਕ ਕਈਆਂ ਨੂੰ ਲੱਗ ਸਕਦਾ ਹੈ ਕਿ ਗਿਆਨੀ ਜੀ ਸਭ ਕੁਝ ਠੀਕ ਕਹਿ ਰਹੇ ਹਨ, ਪਰ ਅਸਲ ਵਿੱਚ ਚਲਾਕੀ ਨਾਲ ਪੈਂਤੜਾ ਬਦਲਕੇ ਆਵਾਗਵਣ ਦੀ ਗੱਲ ਬਦਲਕੇ ਆਤਮਕ ਮੌਤ ਦੀ ਗੱਲ ਵਿੱਚ ਹੀ ਉਲਝਾ ਰਹੇ ਹਨ।ਇਸ ਗੱਲ ਦਾ ਜਵਾਬ ਗਿਆਨੀ ਜੀ ਨਹੀਂ ਦੇ ਰਹੇ ਕਿ ਕੀ ਆਤਮਕ ਮੌਤ ਵਾਲੀਆਂ ਉਦਾਹਰਣਾਂ ਪੇਸ਼ ਕਰਨ ਨਾਲ "ਆਵਾਗਵਣ" ਸਿਧਾਂਤ ਬਾਰੇ ਜਾਣਕਾਰੀ ਮਿਲ ਜਾਂਦੀ ਹੈ? ਕੀ ਆਤਮਕ ਮੌਤ ਵਾਲੀਆਂ ਉਦਾਹਰਣਾਂ ਪੇਸ਼ ਕਰਨ ਨਾਲ ਸਿੱਧ ਹੋ ਜਾਂਦਾ ਹੈ ਕਿ ਆਵਾਗਵਣ ਨਹੀਂ ਹੁੰਦਾ।"ਆਤਮਾ" ਸੰਬੰਧੀ ਹੋਰ ਮਤਾਂ ਦੀ ਵਿਚਾਰਧਾਰਾ ਤਾਂ ਗਿਆਨੀ ਜੀ ਨੇ ਪ੍ਰਸਤੁਤ ਕਰ ਦਿੱਤੀ ਪਰ ਬਾਰ ਬਾਰ ਪੁੱਛੇ ਜਾਣ ਤੇ ਵੀ ਆਤਮਾ ਸੰਬੰਧੀ ਗੁਰਮਤਿ ਦਾ ਪੱਖ ਰੱਖਣ ਤੋਂ ਕੰਨੀ ਕਤਰਾ ਰਹੇ ਹਨ।ਗਿਆਨੀ ਜੀ ਆਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਪਰ ਆਤਮਕ ਮੌਤ ਮੰਨਦੇ ਹਨ।
ਅਗਲੇ ਪਿਛਲੇ ਜਨਮ ਨਾਲ ਸੰਬੰਧਤ ਗੁਰਬਾਣੀ ਉਦਾਹਰਣਾਂ ਪੇਸ਼ ਕੀਤੇ ਜਾਣ ਤੇ ਅਤੇ ਉਨ੍ਹਾਂ ਸੰਬੰਧੀ ਸਵਾਲ ਪੁੱਛੇ ਜਾਣ ਤੇ ਵੀ ਗਿਆਨੀ ਜੀ ਸਵਾਲਾਂ ਦੇ ਜਵਾਬ ਦੇਣ ਤੋਂ ਕਤਰਾ ਰਹੇ ਹਨ, ਜਦਕਿ ਦਾਅਵਾ ਇਹ ਹੈ ਕਿ ਉਹ ਗੁਰਬਾਣੀ ਵਿੱਚੋਂ ਹੀ ਆਪਣੇ ਵਿਚਾਰ ਦੇ ਰਹੇ ਹਨ।
ਗੁਰਬਾਣੀ ਦੀਆਂ ਕੁਝ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਸਨ:-
“ਦੇਹੀ ਜਾਤਿ ਨ ਆਗੈ ਜਾਏ॥ਜਿਥੈ ਲੁਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ॥” (ਪੰਨਾ-112)
ਅਰਥ (ਪ੍ਰੋ: ਸਾਹਿਬ ਸਿੰਘ ਜੀ):- ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।ਜਿੱਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ । ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਡ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ।
ਗਿਆਨੀ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਵਾਲੇ ਹੀ ਅਰਥ ਬਿਆਨ ਕੀਤੇ ਹਨ।ਤਾਂ ਕੀ ਗਿਆਨੀ ਜੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਕਿੱਥੇ ਇਹ ਗੱਲ ਸਵਿਕਾਰ ਕੀਤੀ ਹੈ ਕਿ **ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ** ? ਗਿਆਨੀ ਜੀ ਨੇ ਪਰਲੋਕ ਦੀ ਗੱਲ ਕਿੱਥੇ ਸਵਿਕਾਰ ਕੀਤੀ ਹੈ?
ਸਵਾਲ ਕੀਤਾ ਗਿਆ ਸੀ ਕਿ ਉਹ “ਅਗੈ ਜਾਂ ਆਗੈ” ਕਿੱਥੇ ਹੈ ਜਿੱਥੇ ਦੇਹੀ, ਜਾਤ, ਰੂਪ ਨਹੀਂ ਜਾਂਦੇ? ਪਰ ਗਿਆਨੀ ਜੀ ਨੇ ਇਸ ਬਾਰੇ ਅੱਜ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ।
ਗਿਆਨੀ ਜੀ ਦਾ ਕਹਿਣਾ ਹੈ:- “ਗੁਰਬਾਣੀ ਆਫਟਰ ਡੈਥ ਲਾਈਫ’ਚ ਬਿਲੀਵ ਨਹੀਂ ਕਰਦੀ”।
ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲੀਆਂ ਕੁੱਝ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਸਨ:-
"ਹੁਣ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥” (ਪੰਨਾ-450)
ਅਰਥ (ਪ੍ਰੋ: ਸਾਹਿਬ ਸਿੰਘ ਜੀ):-
ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇਂ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਪਰਲੋਕ ਵਿਚ ਤਦੋਂ ਕੇਹੜੀ ਖ਼ੁਰਾਕ ਵਰਤੇਗਾ ਜਦੋਂ ਆਤਮਕ ਜੀਵਨ ਦੇ ਪਲ੍ਹਰਨ ਵਾਸਤੇ ਨਾਮ-ਭੋਜਨ ਦੀ ਲੋੜ ਪਏਗੀ? ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ।
?? ਗਿਆਨੀ ਜੀ ਨੇ ਪਰਲੋਕ ਵਾਲੀ ਅਤੇ ਮੁੜ ਮੁੜ ਜਨਮਾਂ ਦੇ ਚੱਕਰ ਵਾਲੀ ਗੱਲ ਕਿੱਥੇ ਸਵਿਕਾਰ ਕੀਤੀ ਹੈ?
ਗਿਆਨੀ ਜੀ ਕਹਿੰਦੇ ਹਨ- “ ਗੁਰਬਾਣੀ ਵਿੱਚ ਲਿਖਿਆ ਹੈ- ਇਕ ਦਝਹਿ ਇਕ ਦਬੀਅਹਿ….ਜਦੋਂ ਕਿਸੇ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਆਪੋ ਆਪਣੇ ਰਿਵਾਜ ਅਤੇ ਧਾਰਮਿਕ ਅਕੀਦੇ ਅਨੁਸਾਰ ਕੋਈ ਦਫਨਾ ਦਿੰਦਾ ਹੈ ਕੋਈ ਸਸਕਾਰ ਕਰ ਦਿੰਦਾ ਹੈ, ਕੋਈ ਜਲ ਪ੍ਰਵਾਹ ਕਰ ਦਿੰਦੇ ਹਨ, ਕੋਈ ਜਾਨਵਰਾਂ ਨੂੰ ਖੁਆ ਦਿੰਦੇ ਹਨ, ਵਖੋ ਵੱਖਰੇ ਰਿਵਾਜ ਹਨ।ਪਰ ਗੁਰੂ ਸਾਹਿਬ ਕਹਿੰਦੇ ਹਨ ਜੀਵਨ ਦਾ ਉਹ ਜਿਹੜਾ ਤੱਤ ਸੀਗਾ, ਜਿਹਦੇ ਆਸਰੇ ਸਰੀਰ ਸੀ, ਉਹ ਕਿੱਥੇ ਗਿਆ ਸਤਿਗੁਰ ਆਖਦੇ ਆ ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ, ਗੁਰੂ ਸਾਹਿਬ ਬੜਾ ਕਲੀਅਰ ਆਖਦੇ ਹਨ ਕਿ **ਇਹ ਨਹੀਂ ਪਤਾ ਲੱਗਦਾ ਕਿੱਥੇ ਚਲਾ ਗਿਅ**।
ਪ੍ਰੋ: ਸਾਹਿਬ ਸਿੰਘ ਜੀ ਨੇ ਸਲੋਕ ਦੇ ਅਰਥ ਕੀਤੇ ਹਨ:- “(ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨ੍ਹਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ ਹਨ।ਪਰ ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ **ਰੂਹਾਂ ਕਿੱਥੇ ਜਾ ਵਸਦੀਆਂ ਹਨ**”।
?? ਗਿਆਨੀ ਜੀ ਨੇ ਕਿੱਥੇ ਸਵਿਕਾਰ ਕੀਤਾ ਹੈ ਕਿ ਮਰਨ ਤੋਂ ਬਾਅਦ ਰੂਹਾਂ ਕਿਤੇ ਜਾ ਸਮਾਂਦੀਆਂ ਹਨ? ਪਤਾ ਨਹੀਂ ਰੂਹਾਂ ਕਿੱਥੇ ਜਾ ਸਮਾਂਦੀਆਂ ਹਨ ਦਾ ਇਹ ਮਤਲਬ ਤਾਂ ਬਿਲਕੁਲ ਨਹੀਂ ਬਣਦਾ ਕਿ ਰੂਹਾਂ ਹੈ ਹੀ ਨਹੀਂ ਅਤੇ ਮਰਨ ਤੋਂ ਬਾਅਦ ਕਿਤੇ ਜਾ ਕੇ ਸਮਾਂਦੀਆਂ ਹੀ ਨਹੀਂ।“ਪਤਾ ਨਹੀਂ ਕਿੱਥੇ ਜਾ ਸਮਾਂਦੀਆਂ ਹਨ” ਅਤੇ “ਰੂਹਾਂ ਕਿਤੇ ਜਾ ਕੇ ਸਮਾਂਦੀਆਂ ਹੀ ਨਹੀਂ” ਦਾ ਫਰਕ ਸਮਝਣ ਵਿੱਚ ਗਿਆਨੀ ਜੀ ਅਸਮਰਥ ਹਨ।ਇਸ ਸ਼ਲੋਕ ਤੋਂ ਤਾਂ ਆਵਾਗਵਣ ਸਿਧਾਂਤ ਦੀ ਹੋਰ ਵੀ ਪਕਿਆਈ ਹੁੰਦੀ ਹੈ ਕਿ ਮਰਨ ਤੋਂ ਬਾਅਦ ਰੂਹ ਕਿਸੇ ਹੋਰ ਜੀਵ ਵਿੱਚ ਜਾ ਸਮਾਂਦੀ ਹੈ ਪਰ ਇਹ ਪਤਾ ਨਹੀਂ ਉਸ ਨੇ ਆਪਣੇ ਕੀਤੇ ਕਰਮਾਂ ਅਤੇ ਪ੍ਰਭੂ ਦੇ ਹੁਕਮ ਵਿੱਚ ਕਿੱਥੇ ਜਾ ਸਮਾਣਾ ਹੈ।ਮੌਜੂਦਾ ਚੱਲ ਰਹੀ ਵਿਚਾਰ ਦਾ ਮੁੱਖ ਮੁੱਦਾ ਇਹ ਹੈ ਕਿ ਕੀ ਆਵਾਗਵਣ ਹੁੰਦਾ ਹੈ ਕਿ ਨਹੀਂ? ਮੁੱਦਾ ਇਹ ਨਹੀਂ ਕਿ ਕੋਈ ਜੀਵ ਮਰਨ ਤੋਂ ਬਾਅਦ ਕਿਸ ਜੂਨ ਵਿੱਚ ਪਏਗਾ।
"ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ॥
ਘੜਿ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰ॥” (ਪੰਨਾ- 466)
ਇਸ ਸਲੋਕ ਦੇ ਭਾਵਾਰਥ ਪ੍ਰੋ: ਸਾਹਿਬ ਸਿੰਘ ਜੀ ਨੇ ਲਿਖੇ ਹਨ:- “ਜਦੋਂ ਜੀਵਾਤਮਾ ਆਪਣਾ ਸਰੀਰ-ਚੋਲਾ ਛੱਡ ਜਾਏ, ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿਕ ਕਿਸੇ ਕਿਰਿਆ ਦਾ ਕੋਈ ਅਸਰ ਜੀਵਾਤਮਾ ਉੱਤੇ ਨਹੀਂ ਪੈ ਸਕਦਾ।ਜਿਤਨਾ ਚਿਰ ਇਹ ਸਰੀਰ ਵਿਚ ਰਹਿੰਦਾ ਸੀ, ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ।ਉਹ ਫ਼ੈਸਲਾ ਕੀ ਹੈ? ਹਰੇਕ ਜੀਵ ਸਬੰਧੀ ਇਸ ਪ੍ਰਸ਼ਨ ਦੇ ਉੱਤਰ ਨੂੰ ਤਾਂ ਕਰਤਾਰ ਹੀ ਜਾਣਦਾ ਹੈ, ਜਿਸ ਨੇ ਜਗਤ-ਮਰਯਾਦਾ ਰਚੀ ਹੈ (ਭਾਵ, ਰੱਬ ਆਪ ਹੀ ਜਾਣਦਾ ਹੈ, ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿਚ ਕਿੱਥੇ ਜਾ ਅੱਪੜਿਆ ਹੈ)”।
?? ਗਿਆਨੀ ਜੀ ਨੇ ਕਿੱਥੇ ਸਵਿਕਾਰ ਕੀਤਾ ਹੈ ਕਿ “ਜਦੋਂ ਜੀਵਾਤਮਾ ਆਪਣਾ ਸਰੀਰ-ਚੋਲਾ ਛੱਡ ਜਾਂਦੀ ਹੈ, .. ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ।ਰੱਬ ਆਪ ਹੀ ਜਾਣਦਾ ਹੈ, ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿਚ ਕਿੱਥੇ ਜਾ ਅੱਪੜਿਆ ਹੈ)”।
“ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥” (ਪੰਨਾ-1383)
ਅਰਥ ਪ੍ਰੋ: ਸਾਹਿਬ ਸਿੰਘ ਜੀ:-
ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ”।
?? ਗਿਆਨੀ ਜੀ ਨੇ ਕਿੱਥੇ ਸਵਿਕਾਰ ਕੀਤਾ ਹੈ ਕਿ ਇਸ ਦੁਨੀਆਂ (ਇਸ ਜੀਵਨ) ਵਿੱਚ ਕੀਤੇ ਭਲੇ ਕੰਮ ਪਰਮਾਤਮਾ ਦੀ ਦਰਗਾਹ ਵਿੱਚ ਕੰਮ ਆਉਂਦੇ ਹਨ?
“ਕਹੈ ਫਰੀਦ ਸਹੇਲੀਹੋ ਸਹੁ ਅਲਾਇਸੀ॥ਹੰਸ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥” ( ਪੰਨਾ-794)
ਅਰਥ ਪ੍ਰੋ: ਸਾਹਿਬ ਸਿੰਘ ਜੀ:-
ਫਰੀਦ ਆਖਦਾ ਹੈ- ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿੱਚੋਂ ਤੁਰਨ ਲਈ) ਆਵੇਗਾ, ਤਾਂ (ਮਾਇਆ ਵਿੱਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇੱਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਏਗਾ”।
?? ਗਿਆਨੀ ਜੀ ਨੇ ਕਿੱਥੇ ਸਵਿਕਾਰ ਕੀਤਾ ਹੈ ਕਿ ਇਸ ਭੌਤਿਕ ਸਰੀਰ ਤੋਂ ਇਲਾਵਾ ਵੀ ਕੋਈ ਜੀਵਾਤਮਾ ਹੈ ਜਿਹੜੀ ਸਰੀਰ ਦੇ ਢੇਰੀ ਹੋ ਜਾਣ ਤੇ ਅੱਗੇ ਜਾਂਦੀ ਹੈ?
ਗਿਆਨੀ ਜੀ ਦੀ ਆਪਣੀ ਘੜੀ ਗੁਰਮਤਿ ਅਨੁਸਾਰ ਕਿਸੇ ਦਾ ਵੀ ਕੀਤਾ ਚੰਗਾ ਜਾਂ ਮਾੜਾ ਕੰਮ ਕਿਸੇ ਇੱਕ ਵਿਅਕਤੀ ਨੂੰ ਪ੍ਰਭਾਵਿਤ ਨਹੀਂ ਕਰਦਾ, ਬਲਕਿ ਹੋਰ ਬਹੁਤ ਸਾਰੇ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹਨ।
ਜਦਕਿ ਗੁਰਬਾਣੀ ਤਾਂ ਕਹਿੰਦੀ ਹੈ:-
"ਅਹਿ ਕਰ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥" (ਪੰਨਾ-406)
ਅਰਥ ਪ੍ਰੋ: ਸਾਹਿਬ ਸਿੰਘ ਜੀ- ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ।ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ ।
?? ਗਿਆਨੀ ਜੀ ਨੇ ਕਿੱਥੇ ਸਵਿਕਾਰ ਕੀਤਾ ਹੈ ਕਿ ਜਿਹੜਾ ਕੋਈ ਚੰਗਾ ਜਾਂ ਮਾੜਾ ਕੰਮ ਕਰਦਾ ਹੈ, ਉਹੀ ਉਸ ਦਾ ਫਲ ਭੁਗਤਦਾ ਹੈ ਅਤੇ ਕਿਸੇ ਇੱਕ ਦੇ ਕੀਤੇ ਕੰਮ ਦਾ ਫਲ ਕਿਸੇ ਦੂਸਰੇ ਨੂੰ ਨਹੀਂ ਭੁਗਤਣਾ ਪੈਂਦਾ।ਬਲਕਿ ਗਿਆਨੀ ਜੀ ਤਾਂ ਕਹਿ ਰਹੇ ਹਨ ਕਿ ਸਾਡੇ ਕੀਤੇ ਕੰਮ ਤੋਂ ਸਿਰਫ ਅਸੀਂ ਹੀ ਨਹੀਂ ਬਲਕਿ ਆਲਾ-ਦੁਆਲਾ ਸਾਡੀਆਂ ਆਣ ਵਾਲੀਆਂ ਪੀੜ੍ਹੀਆਂ, ਆਲੇ ਦੁਆਲੇ ਦੀਆਂ ਆਣ ਵਾਲੀਆਂ ਪੀੜ੍ਹੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।ਗਿਆਨੀ ਜੀ ਆਪਣੇ ਇਹ ਵਿਚਾਰ ਕਿਹੜੇ ਗੁਰਬਾਣੀ ਫੁਰਮਾਨਾਂ ਦੇ ਆਧਾਰ ਤੇ ਦੇ ਰਹੇ ਹਨ ਅਤੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨਾਲ ਗਿਆਨੀ ਜੀ ਦੇ ਵਿਚਾਰ ਕਿੱਥੇ ਮਿਲਦੇ ਹਨ?
"ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥" (ਪੰਨਾ-473)
ਅਰਥ ਪ੍ਰੋ: ਸਾਹਿਬ ਸਿੰਘ ਜੀ:- ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ।
"ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥" (ਪੰਨਾ-470)
ਅਰਥ ਪ੍ਰੋ: ਸਾਹਿਬ ਸਿੰਘ ਜੀ:-
(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।
ਪਰ ਗਿਆਨੀ ਜੀ ਦੀ ਘੜੀ ਥਿਉਰੀ ਕਹਿੰਦੀ ਹੈ ਨਹੀਂ! ਕਿਸੇ ਦਾ ਵੀ ਕੀਤਾ ਚੰਗਾ ਜਾਂ ਮਾੜਾ ਕੰਮ ਕਿਸੇ ਇੱਕ ਵਿਅਕਤੀ ਨੂੰ ਪ੍ਰਭਾਵਿਤ ਨਹੀਂ ਕਰਦਾ, ਬਲਕਿ ਹੋਰ ਬਹੁਤ ਸਾਰੇ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹਨ।ਕਿਸ ਆਧਾਰ ਤੇ ਗਿਆਨੀ ਜੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਗੁਰਬਾਣੀ ਵਿੱਚੋਂ ਹੀ ਅਤੇ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਿੱਚੋਂ ਹੀ ਆਪਣੇ ਵਿਚਾਰ ਦਿੱਤੇ ਹਨ?
ਪੂਰਬ ਜਨਮ ਬਾਰੇ:-
"ਸੁਖ ਦੁਖ ਪੁਰਬ ਜਨਮ ਕੇ ਕੀਏ॥ਸੋ ਜਾਣੈ ਜਿਨ ਦਾਤੈ ਦੀਏ॥
ਕਿਸੁ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਨਾ ਕੀਆ ਕਰਾਰਾ ਹੇ॥" (ਪੰਨਾ- 1030)
ਅਰਥ ਪ੍ਰੋ: ਸਾਹਿਬ ਸਿੰਘ ਜੀ:-
ਹੇ ਪ੍ਰਾਣੀ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ, ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ (ਇਹ ਦੁਖ ਸੁਖ ਭੋਗਣੇ) ਦਿੱਤੇ ਹਨ।ਹੇ ਪ੍ਰਾਣੀ! (ਵਾਪਰੇ ਦੁੱਖਾਂ ਦੇ ਕਾਰਨ) ਤੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਤਾਂ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ ।
?? ਗਿਆਨੀ ਜੀ ਕਿੱਥੇ ਮੰਨਦੇ ਹਨ ਕਿ ਪ੍ਰਾਣੀ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗਦੇ ਹਨ? ਗਿਆਨੀ ਜੀ ਨੇ ਇਸ ਪੰਗਤੀ ਦੇ ਅਰਥ ਕੀਤੇ ਹਨ ਕਿ ਜੋ ਮੈਂ ਕਹਿੰਨਾਂ ਕਰਦਾ ਨਹੀਂ।ਪ੍ਰੋ: ਸਾਹਿਬ ਸਿੰਘ ਜੀ ਨੇ ਕਿੱਥੇ ਅਰਥ ਲਿਖੇ ਹਨ ਕਿ ਜੋ ਮੈਂ ਕਹਿਨਾਂ, ਕਰਦਾ ਨਹੀਂ ਇਸ ਲਈ ਮੈਂ ਦੁਖੀ ਹੁੰਨਾਂ?
1- “ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ” ਅਤੇ 2-“ਜੋ ਮੈਂ ਕਹਿਨਾਂ, ਕਰਦਾ ਨਹੀਂ ਇਸ ਲਈ ਮੈਂ ਦੁਖੀ ਹੁੰਨਾਂ? ਇਨ੍ਹਾਂ ਦੋਨਾਂ ਅਰਥਾਂ ਵਿੱਚ ਰੱਤੀ ਭਰ ਵੀ ਮੇਲ ਹੈ?
“ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥” (ਪੰਨਾ-700)
ਅਰਥ ਪ੍ਰੋ: ਸਾਹਿਬ ਸਿੰਘ ਜੀ:-
ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸਤੇਦਾਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇੱਥੇ) ਮਿਲ ਪਏ ਹਨ।ਅਖ਼ੀਰ ਵੇਲੇ ਇਨਾਂ ਵਿੱਚੋਂ ਕੋਈ ਭੀ ਸਾਥੀ ਨਹੀਂ ਬਣਦਾ”।
?? ਗਿਆਨੀ ਜੀ ਨੇ ਪੂਰਬ ਜਨਮ ਨੂੰ ਕਿੱਥੇ ਮੰਨਿਆ ਹੈ? ਅਤੇ ਕਿਥੇ ਸਵਿਕਾਰ ਕੀਤਾ ਹੈ ਕਿ ਰਿਸਤੇਦਾਰ ਅਤੇ ਮਿੱਤਰ ਆਦਿ ਪਿਛਲੇ ਜਨਮ ਦੇ ਸੰਜੋਗ ਕਰਕੇ ਮਿਲਦੇ ਹਨ? ਸਿਰਫ ਆਪਣੇ ਵਿਚਾਰਾਂ ਉੱਤੇ ਪ੍ਰੋ: ਸਾਹਿਬ ਸਿੰਘ ਜੀ ਦੇ ਨਾਮ ਦੀ ਮੋਹਰ ਲਗਾਣ ਲਈ ਕਹਿ ਦਿੱਤਾ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਾਲੇ ਹੀ ਅਰਥ ਪੇਸ਼ ਕੀਤੇ ਹਨ।ਅਤੇ ਜੋ ਵਿਚਾਰ ਵੀ ਦੇ ਰਹੇ ਹਨ ਜਿਆਦਾਤਰ ਸੰਸਾਰ ਤੇ ਵਾਪਰ ਰਹੀਆਂ ਘਟਨਾਵਾਂ ਹੀ ਬਿਆਨ ਕਰ ਰਹੇ ਹਨ, ਕਿਤੇ ਗੁਰਬਾਣੀ ਉਦਾਹਰਣਾਂ ਪੇਸ਼ ਨਹੀਂ ਕੀਤੀਆਂ ਜਾ ਰਹੀਆਂ।
ਗਿਆਨੀ ਜੀ ਦੀ ਇੱਕ ਹੋਰ ਬੜੀ ਅਜੀਬ ਜਿਹੀ ਗੱਲ ਨੋਟ ਕਰਨ ਵਾਲੀ ਹੈ।ਫਰੀਦ ਜੀ ਦਾ ਇਕ ਸਲੋਕ ਪੇਸ਼ ਕਰਦੇ ਹਨ:- “ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ॥ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ॥ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥” (ਪੰਨਾ-1983) ਇਹ ਸਲੋਕ ਪੇਸ਼ ਕਰਕੇ ਗਿਆਨੀ ਜੀ ਕਹਿੰਦੇ ਹਨ- “ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ, ਰੂਹਾਂ ਕਬਰਾਂ ਵਿੱਚ ਜਾ ਵਾਸਾ ਕਰਦੀਆਂ ਹਨ।ਇਹ ਇਸਲਾਮਿਕ ਵਿਸ਼ਵਾਸ਼ ਹੈ।ਗੁਰੂ ਸਾਹਿਬ ਨੇ ਉਨ੍ਹਾਂਦੇ ਇਸ ਵਿਸ਼ਵਾਸ਼ ਨੂੰ ਛੇੜਿਆ ਨਹੀਂ।ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਸਾਡਾ ਮੇਨ ਮੁਖ ਮਕਸਦ ਹੈ ਉਹ ਸਾਡਾ ਚੰਗਾ ਸਚਿਆਰ ਜੀਵਨ ਬਨਾਉਣ ਦਾ ਹੈ।ਮਹਤਵਪੂਰਣ ਇਹ ਹੈ ਕਿ ਬੰਦਾ ਚੰਗਾ ਇਨਸਾਨ ਹੈ? ਇਨਸਾਨੀ ਕਦਰਾਂ ਕੀਮਤਾਂ ਨੂੰ ਅਪਨਾਇਆ ਹੋਇਆ? ਫਰੀਦ ਸਾਹਿਬ ਦੇ ਸਲੋਕ ਦੇ ਅੱਗੇ ਉਨ੍ਹਾਂਨੇ ਟੀਕਾ ਟਿੱਪਣੀ ਨਹੀਂ ਕੀਤੀ।ਫਰੀਦ ਜੀ ਆਖਦੇ ਆ ਬਹਿਸਣਿ ਰੂਹਾਂ ਮਲਿ, ਫਰੀਦ ਸਾਹਿਬ ਦਾ ਵਿਸ਼ਵਾਸ਼ ਆ, ਬੜੀ ਪਿਆਰੀ ਰੂਹ ਆ, ***ਗੁਰੂ ਸਾਹਿਬ ਨੇ ਉਸ ਪਵਿੱਤਰਤਾ ਨੂੰ ਮੁੱਖ ਰੱਖਿਆ ਕਿ ਸਾਡੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਆ***, ਗੁਰੂ ਸਾਹਿਬ ਉੱਥੇ ਕੋਈ ਟਿਕਾ ਟਿੱਪਣੀ ਨਹੀਂ ਕਰ ਰਹੇ।ਇਹ ਇਸਲਾਮ ਦਾ ਵਿਸ਼ਵਾਸ਼ ਆ, ਕਿ ਜਦੋਂ ਕਿਆਮਤ ਹੋਵੇਗੀ ਓਦੋਂ ਰੂਹਾਂ ਕਬਰਾਂ ਵਿੱਚੋਂ ਉੱਠਣਗੀਆਂ, ਇਹ ਉਨ੍ਹਾਂ ਦਾ ਵਿਸ਼ਵਾਸ਼ ਆ ਵੱਖੋ ਵੱਖਰੇ ਵਿਚਾਰ ਆ”।
ਕਿਆ ਅਜੀਬ ਵਿਚਾਰ ਦਿੱਤੇ ਹਨ ਗਿਆਨੀ ਜੀ ਦੇ, ਕਿ ਫਰੀਦ ਜੀ ਦੇ ਅਤੇ ਗੁਰੂ ਸਾਹਿਬ ਦੇ ਵਿਚਾਰ ਆਪਸ ਵਿੱਚ ਨਹੀਂ ਸੀ ਮਿਲਦੇ ਕੇਵਲ ਫਰੀਦ ਜੀ ਦੀ ਰੂਹ ਗੁਰੂ ਸਾਹਿਬ ਨੂੰ ਬੜੀ ਪਿਆਰੀ ਲੱਗੀ ਸੀ।ਜਾਣੀ ਕਿ ਗੁਰੂ ਸਾਹਿਬ ਨੇ ਫਰੀਦ ਜੀ ਦੀ ਰੂਹ ਨੂੰ ਕੋਈ ਮੀਟਰ ਲਗਾ ਕੇ ਚੈੱਕ ਕਰ ਲਿਆ ਸੀ, ਅਤੇ ਵਿਚਾਰਾਂ ਦਾ ਵਖਰੇਵਾਂ ਹੋਣ ਦੇ ਬਾਵਜੂਦ ਵੀ ਫਰੀਦ ਜੀ ਦੇ ਵਿਚਾਰਾਂ ਨੂੰ (ਗੁਰੂ ਅਰਜੁਨਦੇਵ ਜੀ ਨੇ) ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਿਆ।ਜਾਣੀ ਕਿ ਦੂਸਰੇ ਲਫਜ਼ਾਂ ਵਿੱਚ ਜੇ ਇਹੀ ਵਿਚਾਰ ਕਿਸੇ ਹੋਰ ਦੇ ਹੁੰਦੇ ਜਿਸ ਨੂੰ ਕਿ ਗੁਰੂ ਸਾਹਿਬ “ਚੰਗੀ ਰੂਹ ਨਾ ਸਮਝਦੇ ਹੁੰਦੇ” ਤਾਂ ਗੁਰੂ ਸਾਹਿਬ ਨੇ ਇਨ੍ਹਾਂ ਵਿਚਾਰਾਂ ਦਾ ਖੰਡਣ ਕਰ ਦੇਣਾ ਸੀ? ਮੱਕੇ ਜਾ ਕੇ ਗੁਰੂ ਸਾਹਿਬ ਨੇ ਮੁਸਲਮਾਨੀ ਵਿਚਾਰਾਂ ਦਾ ਖੰਡਣ ਕੀਤਾ ਸੀ ਕਿ ਰੱਬ ਸਿਰਫ ਮੱਕੇ ਵੱਲ ਹੀ ਨਹੀਂ ਹਰ ਪਾਸੇ ਹੈ, ਤਾਂ ਸ਼ਾਇਦ ਗੁਰੂ ਸਾਹਿਬ ਨੂੰ ਉਹ ਰੂਹਾਂ ਪਿਆਰੀਆਂ ਨਹੀਂ ਲੱਗੀਆਂ ਹੋਣੀਆਂ ਇਸ ਲਈ ਉਨ੍ਹਾਂ ਦੇ ਵਿਚਾਰਾਂ ਦਾ ਖੰਡਣ ਕਰ ਦਿੱਤਾ?? ਤਾਂ ਕੀ ਇਹ ਮੰਨਕੇ ਚੱਲਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਤਿ ਦੇ ਉਲਟ ਵੀ ਵਿਚਾਰ ਦਰਜ ਹਨ?
ਗਿਆਨੀ ਜੀ ਇੱਕ ਗੁਰਦੁਆਰੇ ਵਿੱਚ ਗੁਰਮਤਿ ਦੇ ਪ੍ਰਚਾਰਕ ਹਨ, ਅਤੇ ਇਹ ਹੈ ਉਨ੍ਹਾਂਦਾ ਗੁਰਮਤਿ ਪ੍ਰਚਾਰ।ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ ਕਿ ਅਜੋਕੇ ਸਮੇਂ ਜੇ ਜਾਗਰੁਕਤਾ ਲਿਆਉਣ ਦੇ ਨਾਂ ਤੇ ਇਹੋ ਜਿਹਾ ਗੁਰਮਤਿ ਪ੍ਰਚਾਰ ਗੁਰਦੁਆਰਿਆਂ ਤੋਂ ਹੋਣ ਲੱਗ ਪਿਆ ਹੈ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨਿਕਟ ਭਵਿੱਖ ਵਿੱਚ ਗੁਰਮਤਿ ਦੀ ਕੀ ਦਸ਼ਾ /ਦੁਰਦਸ਼ਾ ਹੋਵੇਗੀ।ਜਦੋਂ ਇਹੋ ਜਿਹੇ ਗੁਰਮਤਿ ਪ੍ਰਚਾਰਕਾਂ ਨੂੰ ਕਈ ਗੁਰਦੁਆਰਿਆਂ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ ਤਾਂ ਇਹ ਲੋਕ ਦੁਖੀ ਹੁੰਦੇ ਹਨ।
ਜਸਬੀਰ ਸਿੰਘ ਵਿਰਦੀ 07-03-2014
ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਡੀ
Page Visitors: 2790