ਚੰਡੀਗੜ੍ਹ, 3 ਮਾਰਚ (ਪੰਜਾਬ ਮੇਲ) – ਲੋਕ ਸਭਾ ਚੋਣਾਂ ਲਈ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਾਅਦ ਕਾਂਗਰਸ ਵਿਚ ਬਗ਼ਾਵਤੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਦੇ ਅੰਦਰ ਅਤੇ ਬਾਹਰ ਬਗ਼ਾਵਤ ਦੇ ਝੰਡੇ ਚੁੱਕਣ ਲੱਗੇ ਹਨ। ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦੇਣ ਦਾ ਅੰਦਰਖਾਤੇ ਹਾਈ ਕਮਾਂਡ ਕੋਲ ਵਿਰੋਧ ਕਰ ਰਿਹਾ ਹੈ ਅਤੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਨੂੰ ਟਿਕਟ ਦੇਣ ਲਈ ਮਜ਼ਬੂਤ ਦਾਅਵੇਦਾਰ ਦੱਸ ਰਿਹਾ ਹੈ। ਕੈਪਟਨ ਤੋਂ ਇਲਾਵਾ ਮਾਲਵੇ ਦੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਏ ਜਾਣ ਖ਼ਿਲਾਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਉਧਰ ਬਾਜਵਾ ਹਾਈ ਕਮਾਂਡ ਕੋਲ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਟਿਕਟ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਬਰਾੜ ਨੇ ਮਨਪ੍ਰੀਤ ਨੂੰ ਟਿਕਟ ਦੇਣ ਦਾ ਵਿਰੋਧ ਕਰਦਿਆਂ ਜਿਥੇ ਇਸ ਨੂੰ ਪਾਰਟੀ ਲਈ ਨੁਕਸਾਨਦੇਹ ਕਰਾਰ ਦਿਤਾ ਗਿਆ ਹੈ, ਉਥੇ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ‘ਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕਮਾਂਡ ਨੂੰ ਗ਼ਲਤ ਜਾਣਕਾਰੀ ਦਿਤੀ ਹੈ। ਇੱਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਾੜ ਨੇ ਕਿਹਾ ਕਿ ਮਨਪ੍ਰੀਤ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਏ ਜਾਣ ਨਾਲ ਕਾਂਗਰਸ ਪਾਰਟੀ ਦਾ ਸਿੱਧੇ ਤੌਰ ‘ਤੇ ਨੁਕਸਾਨ ਹੋਏਗਾ। ਬਰਾੜ ਨੇ ਸਾਫ਼ ਕਿਹਾ ਕਿ ਇਸ ਮਾਮਲੇ ‘ਤੇ ਬਾਜਵਾ ਵੱਲੋਂ ਹਾਈ ਕਮਾਂਡ ਨੂੰ ਗ਼ਲਤ ਜਾਣਕਾਰੀ ਦਿੱਤੀ ਗਈ ਹੈ ਤੇ ਪੀਪੀਪੀ ਨਾਲ ਸਮਝੌਤਾ ਕਰਕੇ ਮਨਪ੍ਰੀਤ ਨੂੰ ਉਮੀਦਵਾਰ ਬਣਾਏ ਜਾਣ ਤੋਂ ਪਹਿਲਾਂ ਮਾਲਵੇ ਦੇ ਤਿੰਨ ਜ਼ਿਲਿਆਂ ਬਠਿੰਡਾ, ਫਿਰੋਜ਼ਪੁਰ ਤੇ ਫ਼ਰੀਦਕੋਟ ਦੇ ਕਿਸੇ ਵੀ ਵਿਧਾਇਕ, ਸਾਬਕਾ ਵਿਧਾਇਕ ਜਾਂ ਜ਼ਿਲ੍ਹਾ ਪ੍ਰਧਾਨ ਤੱਕ ਤੋਂ ਰਾਏ ਨਹੀਂ ਲਈ ਗਈ। ਬਰਾੜ ਨੇ ਕਿਹਾ ਕਿ ਬਾਜਵਾ ਖ਼ੁਦ ਚੋਣ ਲੜਨ ਤੋਂ ਭੱਜ ਰਹੇ ਹਨ ਤੇ ਮਨਪ੍ਰੀਤ ਵਰਗਿਆਂ ਨੂੰ ਉਮੀਦਵਾਰ ਬਣਵਾ ਕੇ ਪਾਰਟੀ ਦਾ ਨੁਕਸਾਨ ਕਰਨ ‘ਤੇ ਤੁਲੇ ਹਨ।। ਖ਼ੁਦ ਨੂੰ ਬਠਿੰਡਾ ਤੋਂ ਉਮੀਦਵਾਰ ਵਜੋਂ ਪੇਸ਼ ਕਰਦਿਆਂ ਬਰਾੜ ਨੇ ਕਿਹਾ ਕਿ ਉਹ ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਕਿਸੇ ਵੀ ਹਲਕੇ ਤੋਂ ਲੋਕ ਸਭਾ ਚੋਣ ਲੜਨ ਲਈ ਤਿਆਰ ਹਨ ਤੇ ਜੇ ਹਾਈ ਕਮਾਂਡ ਉਨ੍ਹਾਂ ਨੂੰ ਬਠਿੰਡਾ ਤੋਂ ਟਿਕਟ ਦਿੰਦੀ ਹੈ ਤਾਂ ਉਹ ਇਕ ਲੱਖ ਵੋਟਾਂ ਦੇ ਫ਼ਰਕ ਨਾਲ ਇਹ ਸੀਟ ਪਾਰਟੀ ਦੀ ਝੋਲੀ ‘ਚ ਪਾਉਣਗੇ।।
ਉਨ੍ਹਾਂ ਬਾਜਵਾ ਦੀ ਇਸ ਮਾਮਲੇ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਵੀ ਸ਼ਿਕਾਇਤ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਛੇਤੀ ਹੀ ਉਹ ਦਿੱਲੀ ਜਾ ਕੇ ਮਾਮਲੇ ਦੀ ਸਹੀ ਜਾਣਕਾਰੀ ਦੇ ਕੇ ਪਾਰਟੀ ਦੇ ਨੁਕਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ।।
ਇਸ ਤੋਂ ਇਲਾਵਾ ਜਗਦੀਸ਼ ਭੋਲਾ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਦੇ ਮਾਮਲੇ ‘ਚ ਹਾਈ ਕੋਰਟ ‘ਚ ਸ਼ਸ਼ੀਕਾਂਤ ਦੀ ਪਟੀਸ਼ਨ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਾਮਲੇ ‘ਚ ਪੰਜਾਬ ਸਰਕਾਰ ਨੂੰ 5 ਮਾਰਚ ਨੂੰ ਆਪਣਾ ਜਵਾਬ ਦੇਣ ਲਈ ਹਾਈ ਕੋਰਟ ਨੇ ਹੁਕਮ ਦਿਤਾ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਵੱਲੋਂ ਵੀ ਆਪਣਾ ਜੁਆਬ ਦਿੰਦਿਆਂ ਕਿਹਾ ਗਿਆ ਹੈ ਕਿ ਨਸ਼ਿਆਂ ਦੇ ਮਾਮਲੇ ‘ਚ ਸਹੀ ਜਾਂਚ ਏਜੰਸੀ ਨਾਰਕੋਟਿਕਸ ਬਿਊਰੋ ਹੈ ਤੇ ਸੀਬੀਆਈ ਇਸ ‘ਚ ਮਾਹਰ ਨਹੀਂ ਹੈ।
ਖ਼ਬਰਾਂ
ਮਨਪ੍ਰੀਤ ਕਾਰਨ ਕਾਂਗਰਸ ‘ਚ ਬਗ਼ਾਵਤ ਹੋਣ ਲੱਗੀ
Page Visitors: 2543