“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਸੀ
‘ਆਤਮਾ, ਆਵਾਗਵਣ, ਕਰਮ ਸਿਧਾਂਤ ਬਾਰੇ ਇਹ ਵਿਚਾਰ ਗੁਰਦੁਆਰੇ ਦੇ ਇਕ ਗਿਆਨੀ ਜੀ ਦੇ ਯੂ ਟਿਊਬ ਤੇ ਪਾਏ ਜਾ ਰਹੇ ਇੰਟਰਵਿਊ ਦੇ ਆਧਾਰ ਤੇ ਹਨ।ਜੋ ਕਿ ‘ਲਾਇਫ ਐਂਡ ਡੈਥ ਬਾਇ...’ ਭਰਕੇ ਸਰਚ ਕਰਕੇ ਦੇਖੇ, ਸੁਣੇ ਜਾ ਸਕਦੇ ਹਨ।ਪੇਸ਼ ਹਨ ਪਿਛਲੇ ਵਿਚਾਰਾਂ ਤੋਂ ਅੱਗੇ:-
ਪੱਤਰ- 4
ਲੱਗਦਾ ਹੈ ਗਿਆਨੀ ਜ: ਸਿੰਘ ਜੀ ਨੂੰ ਇਹ ਪਤਾ ਹੀ ਨਹੀਂ ਕਿ ਅਸਲ ਵਿੱਚ “ਕਰਮ ਫਲੌਸਫੀ” ਕਹਿੰਦੇ ਕਿਸ ਨੂੰ ਹਨ।ਜਾਂ ਫੇਰ ਉਹ ਜਾਣ ਬੁੱਝਕੇ ਸਿੱਖ ਜਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਗਿਆਨੀ ਜੀ ਦਾ ਕਹਿਣਾ ਹੈ ਕਿ ਲੋਕ ਜਿਹੜੇ ਚੰਗੇ ਮਾੜੇ ਕਰਮ ਕਰ ਰਹੇ ਹਨ ਇਹ ਪਿਛਲੇ ਜਨਮ ਦੇ ਕਰਮਾਂ ਕਰਕੇ ਨਹੀਂ ਬਲਕਿ ਕਰੱਪਟ ਸਮਾਜ ਦੀ ਵਜ੍ਹਾ ਕਰਕੇ ਮਾੜੇ ਕਰਮ ਕਰ ਰਹੇ ਹਨ।
ਵਿਚਾਰ ਤਾਂ ਗਿਆਨੀ ਜੀ ਨੇ ਇਸ ਬਾਰੇ ਦੇਣੇ ਸੀ ਕਿ ਕੋਈ ਬੰਦਾ ਚੋਰੀ ਠੱਗੀ ਮਾਰ ਕੇ ਦੌਲਤ ਇਕੱਠੀ ਕਰਕੇ ਐਸ਼ ਦੀ ਜ਼ਿੰਦਗ਼ੀ ਬਸਰ ਕਰ ਰਿਹਾ ਹੈ ਤਾਂ ਉਸ ਬਾਰੇ ਗੁਰਮਤਿ ਅਨੁਸਾਰ ਕਰਮ ਫਲੌਸਫੀ ਕੀ ਹੈ? ਗਿਆਨੀ ਜੀ ਨੇ ਗੁਰਬਾਣੀ ਉਦਾਹਰਣਾਂ ਸਮੇਤ ਦੱਸਣਾ ਤਾਂ ਇਹ ਸੀ ਕਿ, **ਇਸ ਜਨਮ ਵਿੱਚ ਕੀਤੇ ਕਰਮਾਂ ਦੀ** ਬੰਦੇ ਨੂੰ ਕਦੇ ਸਜ਼ਾ ਭੁਗਤਣੀ ਪੈਂਦੀ ਹੈ ਕਿ ਨਹੀਂ? ਪਰ ਗਿਆਨੀ ਜੀ ਇਹ ਸਮਝਾ ਰਹੇ ਹਨ ਕਿ ਬੰਦਾ ਮਾੜੇ ਕਰਮ ਕਰਦਾ ਕਿਉਂ ਹੈ? ਗਿਆਨੀ ਜੀ ਸਮਝਾ ਰਹੇ ਹਨ ਕਿ-
1- ਬੰਦਾ ਸਮਾਜ ਦਾ ਮਜਬੂਰ ਕੀਤਾ ਵੀ ਚੋਰੀ ਕਰ ਸਕਦਾ ਹੈ।
2- ਕਈਆਂ ਦੀ ਚੋਰੀ ਕਰਨ ਦੀ ਆਦਤ ਹੋ ਸਕਦੀ ਹੈ।
3- ਸਾਨੂੰ ਛੋਟੀਆਂ ਛੋਟੀਆਂ ਚੋਰੀਆਂ ਕਰਨ ਵਾਲੇ ਚੋਰ ਤਾਂ ਦਿਸਦੇ ਹਨ ਪਰ ਵੱਡੇ ਵੱਡੇ ਘਪਲੇ ਕਰਨ ਵਾਲੇ ਨਹੀਂ ਦਿਸਦੇ।
4- ਇਹ ਸਾਡੇ ਕਰਮਾਂ ਦਾ ਫਲ ਹੈ ਕਿ ਅਸੀਂ ਚੁੱਪ ਬੈਠੇ ਹਾਂ।
5- ਜੇ ਲੋਕ ਜਾਗ ਪੈਣ, ਸੁਚੇਤ ਹੋ ਜਾਣ ਤਾਂ ਇਹ ਚੋਰੀ, ਬੇਈਮਾਨੀ ਨਹੀਂ ਕਰ ਸਕਦੇ।ਵੱਢੀ ਨਹੀਂ ਖਾ ਸਕਦੇ।
6- ਅਸੀਂ ਵੀ ਭੁਗਤ ਰਹੇ ਹਾਂ, ਹੋਰ ਸਾਰੇ ਵੀ ਭੁਗਤ ਰਹੇ ਹਨ।
??- ਬਾਰ ਬਾਰ ਪੁੱਛੇ ਜਾਣ ਤੇ ਵੀ ਗਿਆਨੀ ਜੀ ਆਪਣਾ ਪੱਖ ਗੁਰਬਾਣੀ ਉਦਾਹਰਣਾਂ ਸਮੇਤ ਨਹੀਂ ਰੱਖ ਰਹੇ।
ਛੋਟੇ ਚੋਰ ਜਾਂ ਵੱਡੇ ਚੋਰ ਦੀ ਤਾਂ ਗੱਲ ਹੀ ਨਹੀਂ, ਸਵਾਲ ਤਾਂ ਬੰਦੇ ਦੇ ਕੀਤੇ ਕਰਮਾਂ ਦੀ ਕਰਮ ਫਲੌਸਫੀ ਅਨੁਸਾਰ ਉਸ ਨੂੰ ਫਲ਼ ਮਿਲਦਾ ਹੈ ਜਾਂ ਭੁਗਤਣਾ ਪੈਂਦਾ ਹੈ ਕਿ ਨਹੀਂ? ਕੋਈ ਚੋਰੀ ਠੱਗੀ ਮਾਰਕੇ ਦੌਲਤ ਇੱਕਠੀ ਕਰਕੇ ਆਪਣੀ ਐਸ਼ ਦੀ ਜਿੰਦਗੀ ਬਸਰ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ, ਉਸ ਬਾਰੇ ਗੁਰਮਤਿ ਅਨੁਸਾਰ ਕਰਮ ਸਿਧਾਂਤ ਕੀ ਹੈ?
ਚੱਲੋ ਮੰਨ ਲਵੋ ਸਾਡੀ ਢਿੱਲ ਕਰਕੇ ਹੀ ਕੋਈ ਚੋਰੀ ਠੱਗੀ ਅਤੇ ਬੇਈਮਾਨੀ ਕਰਦਾ ਹੈ।ਗਿਆਨੀ ਜੀ ਮੁਤਾਬਕ ਅਸੀਂ ਸਾਰੇ ਗੁਨਹਗਾਰ ਹੋਏ।ਸਵਾਲ ਫੇਰ ਉਹੀ ਹੈ ਕਿ ਜਿਹੜਾ ਵੀ ਗੁਨਹਗਾਰ ਹੈ ਉਸਨੂੰ ਕਰਮ ਸਿਧਾਂਤ ਅਨੁਸਾਰ ਪ੍ਰਭੂ ਵੱਲੋਂ ਕੋਈ ਸਜ਼ਾ ਹੈ ਕਿ ਨਹੀਂ? ਗਿਆਨੀ ਜੀ ਮੁਤਾਬਕ ਤਾਂ ਸਾਡੀ ਢਿੱਲ ਕਰਕੇ ਹੋਰ ਦੂਸਰੇ ਲੋਕ ਠੱਗੀਆਂ ਤੇ ਬੇਈਮਾਨੀਆਂ ਕਰ ਰਹੇ ਹਨ ਅਤੇ ਵਿਗੜੇ ਸਮਾਜਕ ਢਾਂਚੇ ਕਾਰਣ ਅਸੀਂ ਚੋਰੀਆਂ ਠੱਗੀਆਂ ਮਾਰੀ ਜਾ ਰਹੇ ਹਾਂ।ਫੇਰ ਤਾਂ ਸਮਾਜਕ ਢਾਂਚੇ ਨੂੰ ਸੁਧਾਰਨ ਦੀ ਗੱਲ ਵੀ ਕਰੀ ਜਾਵੋ।ਅਤੇ ਸਮਾਜਕ ਢਾਂਚੇ ਦਾ ਬਣਕੇ ਸਾਰਿਆਂ ਦੀ ਤਰ੍ਹਾਂ ਚੱਲੀ ਵੀ ਜਾਵੋ।
ਗਿਆਨੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦਾ ਤਪਸਰਾ ਸੁਣਾਈ ਜਾ ਰਹੇ ਹਨ, ਜਿਨ੍ਹਾਂ ਗੱਲਾਂ ਦਾ ਕਰਮ ਸਿਧਾਂਤ ਅਤੇ ਗੁਰਮਤਿ ਫਲਸਫੇ ਨਾਲ ਕੋਈ ਸੰਬੰਧ ਵੀ ਨਹੀਂ।ਕੀ ਗੁਰਬਾਣੀ ਵਿੱਚੋਂ ਕਿਤੇ ਵੀ ਸੇਧ ਮਿਲਦੀ ਹੈ ਕਿ ਸਾਡੇ ਚੁੱਪ ਰਹਿਣ ਦੀ ਵਜ੍ਹਾ ਕਰਕੇ ਸਮਾਜ ਦਾ ਢਾਂਚਾ ਵਿਗੜਿਆ ਹੋਇਆ ਹੈ, ਇਸ ਲਈ ਕਿਸੇ ਦੇ ਚੰਗੇ ਮੰਦੇ ਕਰਮਾਂ ਲਈ ਅਸੀਂ ਜਿੰਮੇਵਾਰ ਹਾਂ? ਜੇ ਅਸੀਂ ਜਿੰਮੇਵਾਰ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ, ਜਾਂ ਗਿਆਨੀ ਜੀ ਕੀ ਕਰ ਰਹੇ ਹਨ? ਇਸ ਬਾਰੇ ਗੁਰਬਾਣੀ ਕੀ ਸੇਧ ਦਿੰਦੀ ਹੈ? ਜੇ ਬੇਈਮਾਨੀਆਂ, ਠੱਗੀਆਂ ਅਤੇ ਘਪਲੇ ਕਰਨ ਵਾਲਾ ਏਨਾ ਤਕੜਾ ਹੋਵੇ ਕਿ ਤਾਕਤ ਦੇ ਜ਼ੋਰ ਨਾਲ ਉਸ ਨੂੰ ਸੁਧਾਰਿਆ ਨਾ ਜਾ ਸਕਦਾ ਹੋਵੇ।ਕਿਸੇ ਧਰਮ ਕਰਮ ਦੀ ਗੱਲ ਉਸ ਤੇ ਕੋਈ ਅਸਰ ਨਾ ਕਰਦੀ ਹੋਵੇ, ਤਾਂ ਗਿਆਨੀ ਜੀ ਕਿਤੇ ਵੀ ਇਹ ਗੱਲ ਸਾਫ ਨਹੀਂ ਕਰ ਰਹੇ ਕਿ ਇਸ ਵਰਤਾਰੇ ਵਿੱਚ ਪ੍ਰਭੂ ਦਾ ਕੋਈ ਦਖ਼ਲ ਹੈ ਜਾਂ ਨਹੀਂ?
ਗਿਆਨੀ ਜੀ ਦੇ ਵਿਖਿਆਨਾਂ ਤੋਂ ਤਾਂ ਇਹ ਸਿੱਟਾ ਨਿਕਲਦਾ ਹੈ ਕਿ ਕੁਰੱਪਟ ਸਮਾਜ ਵਿੱਚ ਕੋਈ ਭਾਈ ਲਾਲੋ ਬਣ ਨਹੀਂ ਸਕਦਾ।ਜੇ ਬਣ ਵੀ ਜਾਵੇ ਤਾਂ ਇਸ ਕਰੱਪਟ ਸੰਸਾਰ ਵਿੱਚ ਐਸੇ ਵਿਅਕਤੀ ਦੀ ਕੀ ਕੋਈ ਕਦਰ ਨਹੀਂ।ਅਤੇ ਇਹ ਜੀਵਨ-ਸਫਰ ਮੁੱਕਣ ਤੇ ਸਭ ਕਰਮਾਂ ਦੇ ਲੇਖੇ ਵੀ ਖ਼ਤਮ।ਪ੍ਰਭੂ ਦਾ ਵੀ ਸਾਰੇ ਵਰਤਾਰੇ ਵਿੱਚ ਕੋਈ ਦਖ਼ਲ ਨਹੀਂ।
ਤਾਂ ਸਾਰੇ ਦੁਨਿਆਵੀ ਸੁਖ ਛੱਡਕੇ ਕੋਈ ਭਾਈ ਲਾਲੋ ਜਾਂ ਭਗਤ ਪੂਰਨ ਸਿੰਘ (ਪਿੰਗਲਵਾੜਾ) ਕਿਉਂ ਬਣਨਾ ਚਾਹੇਗਾ?
ਉੱਪਰੋਂ ਉੱਪਰੋਂ ਗਿਆਨੀ ਜੀ ਬੇਸ਼ੱਕ ਸਚਿਆਰਾ ਅਤੇ ਨੇਕ ਜੀਵਨ ਵਤੀਤ ਕਰਨ ਦੀਆਂ ਗੱਲਾਂ ਕਰੀ ਜਾਣ ਪਰ ਕੀ ਸਿਧਾਂਤਕ ਤੋਰ ਤੇ ਗਿਆਨੀ ਜੀ ਦੁਆਰਾ (ਗੁਰਮਤਿ ਦੇ ਉਲਟ) ਬਿਆਨ ਕੀਤਾ ਉਪਦੇਸ਼ ਬੰਦੇ ਨੂੰ ਕੁਰੱਪਟ ਸਮਾਜ ਵਿੱਚ ਵਿਚਰਦਿਆਂ ਕੁਰੱਪਟ ਸਮਾਜ ਦਾ ਹੀ ਹਿੱਸਾ ਬਣਨ ਵੱਲ ਨਹੀਂ ਪ੍ਰੇਰਦਾ?
ਸਨ 84 ਦੇ ਸਿੱਖ ਕਤਲੇਆਮ ਲਈ ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ।ਅਤੇ ਹੁਣ ਵੀ ਸਿੱਖਾਂ ਨਾਲ ਵਧੀਕੀਆਂ ਹੋ ਰਹੀਆਂ ਹਨ।ਵਧੀਕੀਆਂ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲੇ ਹੀ ਵਧੀਕੀਆਂ ਕਰ-ਕਰਵਾ ਰਹੇ ਹੋਣ ਤਾਂ ਗਿਆਨੀ ਜੀ ਮੁਤਾਬਕ ਇਸ ਸਾਰੇ ਵਰਤਾਰੇ ਬਾਰੇ ਗੁਰਮਤਿ ਦੀ ਕਰਮ ਫਲੌਸਫੀ ਕੀ ਕਹਿੰਦੀ ਹੈ?
ਗਿਆਨੀ ਜੀ ਦੇ ਵਿਚਾਰਾਂ ਤੋਂ ਕੁਝ ਸਵਾਲ ਪੈਦਾ ਹੁੰਦੇ ਹਨ-
ਕੀ ਗਿਆਨੀ ਜੀ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਨ? ਜੇ ਮੰਨਦੇ ਹਨ ਤਾਂ ਕਿਸੇ ਦੇ ਕੀਤੇ ਚੰਗੇ ਮੰਨਦੇ ਕਰਮਾਂ ਸੰਬੰਧੀ ਉਸ ਦਾ ਕੋਈ ਰੋਲ ਹੈ ਜਾਂ ਨਹੀਂ? ਜੇ ਕਰਮ-ਸਿਧਾਂਤ ਵਿੱਚ ਉਸ ਦਾ ਕੋਈ ਰੋਲ ਨਹੀਂ ਤਾਂ ਫੇਰ ਉਸਦਾ ਰੋਲ ਹੈ ਕੀ?
ਹਿੰਦੂ ਕਰਮ-ਫਲੌਸਫੀ ਅਨੁਸਾਰ ਕੋਈ ਵੀ ਬੰਦਾ ਚੰਗੇ ਜਾਂ ਮਾੜੇ ਕਰਮਾਂ ਦੇ ਫਲ਼ ਤੋਂ ਬਚ ਨਹੀਂ ਸਕਦਾ।ਅਵੱਛ ਉਸਦਾ ਚੰਗਾ ਜਾਂ ਮਾੜਾ ਫਲ਼ ਭੁਗਤਣਾ ਹੀ ਪੈਂਦਾ ਹੈ।ਇਸ ਦੇ ਮੁਕਾਬਲੇ ਵਿੱਚ ਕੀ ਗਿਆਨੀ ਜੀ ਗੁਰਬਾਣੀ ਉਦਾਹਰਣਾਂ ਸਮੇਤ ਗੁਰਮਤਿ ਦਾ ਪੱਖ ਰੱਖਣ ਦੀ ਖੇਚਲ ਕਰਨਗੇ?
ਗਿਆਨੀ ਜੀ ਦਾ ਕਹਿਣਾ ਹੈ- “ਜੇ ਸਾਡੇ ਮਾਂ ਪਿਉ ਨੂੰ ਸਰੀਰਕ ਪਰੌਬਲਮ ਸੀ ਸਾਨੂੰ ਵੀ ਹੋਊਗੀ।ਗੁਰੂ ਸਾਹਿਬ ਨੇ ਕਿਹਾ ਜੇ ਤੂੰ ਆਪ ਚੰਗਾ ਬਣੇਗਾ ਦੂਜਿਆਂ ਲਈ ਵੀ ਚੰਗੀ ਜਿੰਦਗੀ ਦਾ ਸਾਧਨ ਪੈਦਾ ਕਰ ਜਾਏਂਗਾ।ਜੇ ਸਾਰੇ ਹੱਥ ਤੇ ਹੱਥ ਧਰਕੇ ਬੈਠ ਜਾਣਗੇ ਤਾਂ ਨਰਕ ਬਣ ਜਾਵੇਗਾ"।
ਵਿਚਾਰ- ਗੁਰੂ ਸਾਹਿਬ ਨੇ ਤਾਂ ਮਨ, ਆਤਮਾ, ਸੋਚ ਅਤੇ ਆਚਰਣ ਪੱਖੋਂ ਨੇਕ ਅਤੇ ਚੰਗਾ ਬਣਨ ਦੀ ਪ੍ਰੇਰਣਾ ਕੀਤੀ ਹੈ।ਪਰ ਗਿਆਨੀ ਜੀ ਬਾਇਓਲੌਜੀ ਅਤੇ ਜੀਨਸ ਥਿਉਰੀ ਅਨੁਸਾਰ ਸਰੀਰਕ ਤੌਰ ਤੇ ਚੰਗੇ (ਤਕੜੇ ਅਤੇ ਰਿਸ਼ਟ-ਪੁਸ਼ਟ) ਹੋਣ ਦਾ ਸਬਕ ਪੜ੍ਹਾ ਰਹੇ ਹਨ।
ਗਿਆਨੀ ਜੀ ਨੂੰ ਸਵਾਲ ਤਾਂ ਇਹ ਕੀਤਾ ਗਿਆ ਸੀ ਕਿ ਦੋ ਭਰਾਵਾਂ ਵਿੱਚੋਂ ਇੱਕ ਬੁਲੰਦੀਆਂ ਤੇ ਪਹੁੰਚ ਜਾਂਦਾ ਪਰ ਦੂਸਰਾ ਉਸ ਤੋਂ ਵੀ ਵਧ ਮਿਹਨਤ ਕਰਕੇ ਵੀ ਓਥੇ ਦਾ ਓਥੇ ਹੀ ਰਹਿ ਜਾਂਦਾ ਹੈ, ਇਸ ਬਾਰੇ ਗੁਰਬਾਣੀ ਦਾ ਕੀ ਪੱਖ ਹੈ?
ਗਿਆਨੀ ਜੀ ਕਹਿ ਰਹੇ ਹਨ- “ਬਹੁਤੇ ਲੋਕ ਇਮਾਨਦਾਰੀ ਨਾਲ ਕਾਮਜਾਬ ਨਹੀਂ ਹੁੰਦੇ।ਖੁਸ਼ਾਮਦਾਂ, ਚਾਪਲੂਸੀਆਂ ਤੇ ਹੇਰਾ ਫੇਰੀਆਂ ਨਾਲ ਕਾਮਜਾਬ ਹੁੰਦੇ ਹਨ।ਜਿਹੜੇ ਮਨਿਸਟਰ ਬੈਠੇ ਆ ਤੁਸੀਂ ਕੀ ਸਮਝਦੇ ਹੋ ਇਮਾਨਦਾਰ ਲੋਕ ਬੈਠੇ ਆ? ਕੀ ਉਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੈ ਤਾਂ ਉਹ ਉੱਚੇ ਅਹੁਦਿਆਂ ਤੇ ਬੈਠੇ ਹਨ? ਨਹੀਂ! ਬੇਈਮਾਨੀ ਅਤੇ ਕਰੱਪਸ਼ਣ ਨੇ ਓਸ ਥਾਂ ਬਿਠਾਇਆ ਹੋਇਆ ਹੈ।ਇਹ ਭਾਗਾਂ ਦੀ ਨਿਸ਼ਾਨੀ ਨਹੀਂ ਬਲਕਿ ਕਰੱਪਟ ਸਿਸਟਮ ਦੀ ਨਿਸ਼ਾਨੀ ਹੈ”।
ਗਿਆਨੀ ਜੀ ਦੇ ਜਵਾਬ ਤੇ ਜ਼ਰਾ ਗੌਰ ਕਰੋ।ਗਿਅਨੀ ਜੀ ਮੁਤਾਬਕ ਭਾਵ ਇਹ ਬਣਦਾ ਹੈ ਕਿ ਜੇ ਕਾਮਜਾਬੀ ਦੀ ਜਿੰਦਗੀ ਚਾਹੀਦੀ ਹੈ ਤਾਂ ਸਾਨੂੰ ਖੁਸ਼ਾਮਦ, ਚਾਪਲੂਸੀ, ਹੇਰਾਫੇਰੀ ਕਰਨੀ ਚਾਹੀਦੀ ਹੈ।ਜੇ ਕੋਈ ਵਿਅਕਤੀ ਬੇਈਮਾਨੀ, ਹੇਰਾਫੇਰੀ, ਚਾਪਲੂਸੀ ਨਹੀਂ ਕਰਦਾ ਤਾਂ ਉਹ ਕਾਮਜਾਬ ਨਹੀਂ ਹੋ ਸਕਦਾ।ਸਵਾਲ ਪੈਦਾ ਹੁੰਦਾ ਹੈ ਕਿ ਜੇ ਕੀਤੇ ਚੰਗੇ ਮਾੜੇ ਕਰਮਾਂ ਦਾ ਕਿਤੇ ਲੇਖਾ ਨਹੀਂ ਹੁੰਦਾ ਤਾਂ, ਕਿਸੇ ਨੂੰ ਕੀ ਜਰੂਰਤ ਪਈ ਹੈ, ਨਾ-ਕਾਮਜਾਬ ਜਿੰਦਗੀ ਬਸਰ ਕਰਨ ਦੀ? ਕੀ ਗਿਆਨੀ ਜੀ ਦੁਆਰਾ ਬਿਆਨ ਕੀਤੀ ਗਈ 'ਗੁਰਮਤਿ ਫਲੌਸਫੀ (?)' ਬੰਦੇ ਨੂੰ ਬੇਈਮਾਨ ਤੇ ਕਰੱਪਟ ਬਣਨ ਵੱਲ ਨਹੀਂ ਪਰੇਰਦੀ?
ਗਿਆਨੀ ਜੀ ਆਪਣੀ ਘੜੀ ਫਲੌਸਫੀ ਨੂੰ ਖੁਦ ਗਲਤ ਮਹਿਸੂਸ ਕਰਦੇ ਹੋਏ ਅੱਗੇ ਕਹਿੰਦੇ ਹਨ:- “ਇਸ ਲਈ ਧਰਮ ਦੀ ਲੋੜ ਹੈ।ਧਰਮ ਇਹ ਸਿਖਾਉਂਦਾ ਆ ਕਿ ਤੂੰ ਪਸ਼ੂ ਨਹੀਂ, ਇਹ ਪਸ਼ੂ ਸੁਭਾਅ ਹੈ।ਅੱਜ ਧਰਮ ਦੀ ਪਹਿਲਾਂ ਨਾਲੋਂ ਜਿਆਦਾ ਲੋੜ ਹੈ।ਧਰਮ ਬੰਦੇ ਨੂੰ ਅੰਕੁਸ਼ ਲਾਉਂਦਾ, ਸੋਝੀ ਦਿੰਦਾ, ਜੀਵਨ ਦਾ ਪਰਪਜ ਦੱਸਦਾ, ਬਈ ਤੂੰ ਕਾਹਦੇ ਲਈ ਆਇਆਂ, ਤੇ ਕੀ ਕਰ ਰਿਆਂ? ਜਿਹੜੇ ਫੜੇ ਜਾਂਦੇ ਆ ਪਹਿਲਾਂ ਅਰਸ਼ਾ ਤੇ ਹੁੰਦੇ ਆ, ਫੇਰ ਫਰਸ਼ ਤੇ ਡਿੱਗੇ ਹੁੰਦੇ ਆ।ਬਾਪੂ ਆਸਾਰਾਮ ਵਰਗੇ ਜੇਲ੍ਹ ਵਿੱਚ ਬੈਠੇ ਆ”।...
... “ਅੱਜ ਅੱਧੀ ਦੁਨੀਆਂ ਰੱਬ ਨੂੰ ਨਹੀਂ ਮੰਨਦੀ, ਕੀ ਤੁਸੀਂ ਦਿਖਾ ਸਕਦੇ ਹੋ ਐਸੇ ਲੋਕ ਜਿਹੜੇ ਧਾਰਮਿਕ ਆ ਪਰ ਆਪਣੇ ਕਾਰੋਬਾਰ ਵਿੱਚ ਹੇਰਾ ਫੇਰੀ ਨਾ ਕਰਦੇ ਹੋਣ? ਝੂਠ ਨਾ ਬੋਲਦੇ ਹੋਣ, ਬੇਈਮਾਨੀ ਨਾ ਕਰਦੇ ਹੋਣ?
ਵਿਚਾਰ- ਇਸ ਅਖੀਰਲੇ ਪਹਿਰੇ ਵਿੱਚ ਗਿਆਨੀ ਜੀ ਆਪਣੇ ਅੰਦਰੂਨੀ ਤੇ ਅਸਲੀ ਸੋਚ ਦਾ ਹਲਕਾ ਜਿਹਾ ਪ੍ਰਦਰਸ਼ਨ ਕਰ ਗਏ ਹਨ ਕਿ ਉਹ ਰੱਬ ਦੀ ਹੋਂਦ ਤੋਂ ਮੁਨਕਰ ਅਤੇ ਧਾਰਮਿਕ ਬਣਨ ਦੀ ਜਰੂਰਤ ਤੋਂ ਆਕੀ ਹਨ।
ਦੂਸਰਾ ਸਵਾਲ- ਗਿਆਨੀ ਜੀ ਗੁਰਮਤਿ ਅਨੁਸਾਰ ਕਰਮ ਫਲੌਸਫੀ ਸਮਝਾ ਰਹੇ ਹਨ ਜਾਂ ਦੁਨੀਆਂ ਤੇ ਕੀ ਹੋ ਰਿਹਾ ਹੈ ਉਸ ਬਾਰੇ ਤਪਸਰਾ ਦੇ ਰਹੇ ਹਨ?
?? ਇੱਕ ਬਾਪੂ ਆਸਾ ਰਾਮ ਫੜਿਆ ਗਿਆ ਜੋ ਕਿ ਪਤਾ ਨਹੀਂ ਕਿੰਨੇਕੁ ਸਾਲਾਂ ਤੋਂ ਕੁਕਰਮ ਕਰ ਰਿਹਾ ਸੀ, ਅਨੇਕਾਂ ਐਸੇ ਹਨ ਜਿਹੜੇ ਫਵੇ ਨਹੀਂ ਜਾਂਦੇ।ਜੇ ਹੁਣ ਵੀ ਆਸਾ ਰਾਮ ਨਾ ਫੜਿਆ ਜਾਂਦਾ, ਫੇਰ? ਜੇ ਅੱਜ ਉਹ ਫੜਿਆ ਗਿਆ ਹੈ ਤਾਂ ਕੀ ਕੁਰੱਪਟ ਸਮਾਜ ਵਿੱਚ ਮੁਮਕਿਨ ਨਹੀਂ ਕਿ ਪੈਸੇ ਦੇ ਜ਼ੋਰ ਨਾਲ, ਸਿਆਸੀ ਰੁਸੂਖ ਨਾਲ ਜਾਂ ਸ਼ਰਧਾਲੂਆਂ ਦੁਆਰਾ ਧਮਕੀਆਂ ਦਿਵਾ ਕੇ ਗਵਾਹਾਂ ਨੂੰ ਮੁਕਰਨ ਲਈ ਮਜਬੂਰ ਕਰਕੇ ਆਸਾ ਰਾਮ ਸਾਰੇ ਕੇਸਾਂ ਤੋਂ ਬਰੀ ਹੋ ਜਾਵੇ? ਜੇ ਇਸ ਤਰ੍ਹਾਂ ਹੋ ਜਾਵੇ ਫੇਰ ਗਿਆਨੀ ਜੀ ਦੁਆਰਾ ਬਿਆਨੀ ਕਰਮ ਫਲੌਸਫੀ ਦਾ ਕੀ ਬਣੇਗਾ?
ਗਿਆਨੀ ਜੀ ਕਹਿ ਰਹੇ ਹਨ- "ਧਰਮ, ਜੀਵਨ ਦਾ ਪਰਪਜ ਦੱਸਦਾ, ਬਈ ਤੂੰ ਕਾਹਦੇ ਲਈ ਆਇਆਂ, ਕੀ ਕਰ ਰਿਆਂ?”
??- ਗਿਆਨੀ ਜੀ ਆਪਣੇ ਇਨ੍ਹਾਂ ਵਿਚਾਰਾਂ ਨੂੰ ਜ਼ਰਾ ਵਿਸਥਾਰ ਨਾਲ ਸਮਝਾਣ ਦੀ ਖੇਚਲ ਕਰਨਗੇ? ਗਿਆਨੀ ਜੀ ਦੀ ਸੋਚ ਵਾਲੇ ਅਜੋਕੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਮਾਤਾ ਪਿਤਾ ਦੇ ਮੇਲ ਤੋਂ ਬੱਚੇ ਦਾ ਜਨਮ ਹੋਇਆ, ਜੋ ਕਿ ਕੁਦਰਤੀ ਨਿਯਮਾਂ ਅਨੁਸਾਰ ਹੋਣਾ ਹੀ ਸੀ।ਕੀ ਗਿਆਨੀ ਜੀ ਦੱਸਣਗੇ ਕਿ ਜੀਵਨ ਪਰਪਜ਼ ਹੈ ਕੀ ਅਤੇ ਇਹ ਜੀਵਨ ਪਰਪਜ਼ ਕਿਸਨੇ ਬਣਾਇਆ ਅਤੇ ਬੰਦੇ ਨਾਲ ਕਦੋਂ ਅਤੇ ਕਿਵੇਂ ਜੁੜਿਆ? ਇਸ ਨੁਕਤੇ ਬਾਰੇ ਗਿਆਨੀ ਜੀ ਗੁਰਬਾਣੀ ਉਦਾਹਰਣਾਂ ਸਮੇਤ ਵਧੇਰੇ ਜਾਣਕਾਰੀ ਦੇਣ ਦੀ ਖੇਚਲ ਕਰਨਗੇ?
ਗਿਆਨੀ ਜੀ ਦਾ ਰੱਬ ਦੀ ਹੋਂਦ ਬਾਰੇ ਸਾਧੂ ਬੀਨਿੰਗ ਨਾਲ ਵਿਚਾਰ ਵਟਾਂਦਰਾ ਹੋਇਆ ਸੀ।ਗਿਆਨੀ ਜੀ ਨੇ ਰੱਬ ਦੀ ਹੋਂਦ ਮੰਨਣ ਵਾਲਾ ਪੱਖ ਰੱਖਿਆ ਸੀ ਪਰ ਬੀਨਿੰਗ ਦੀ ਤਸੱਲੀ ਕਰਾਣ ਵਿੱਚ ਕਾਮਜਾਬ ਨਹੀਂ ਰਹੇ।ਕਾਰਣ ਇਹ ਸੀ ਕਿ ਗਿਆਨੀ ਜੀ ਨੇ ਗੁਰਮਤਿ ਦਾ ਅਧਿਆਤਮਕ ਅਤੇ ਪ੍ਰਭੂ ਦੇ ਸੂਖਮ ਵਰਤਾਰੇ ਵਾਲਾ ਪੱਖ ਪੜ੍ਹਿਆ/ਸਮਝਿਆ ਹੀ ਨਹੀਂ।ਅਤੇ ਨਾ ਹੀ ਵਿਗਿਆਨ ਪੜ੍ਹੀ ਹੈ, ਤਾਂ ਕਿ ਬੀਨਿੰਗ ਨੂੰ ਵਿਗਿਆਨ ਦੀ ਲਿਮਿਟ ਅਤੇ ਹੱਦਾਂ ਸਮਝਾ ਸਕਦੇ, ਅਤੇ ਰੱਬ ਦੀ ਕਿਰਤ ਬਾਰੇ ਉਸਨੂੰ ਕੁਝ ਦੱਸ ਪਾਉਂਦੇ ਕਿ ਸੰਸਾਰ ਤੇ ਬਹੁਤ ਕੁਝ ਐਸਾ ਵੀ ਹੈ ਜਿਹੜਾ ਵਿਗਿਆਨਕਾਂ ਦੀ ਸਮਝ ਅਤੇ ਪਹੁੰਚ ਤੋਂ ਪਰੇ ਦੀ ਗੱਲ ਹੈ ਅਤੇ ਹਮੇਸ਼ਾਂ ਪਰੇ ਹੀ ਰਹੇਗਾ।ਸਾਧੂ ਬੀਨਿੰਗ ਨੂੰ ਤਾਂ ਗਿਆਨੀ ਜੀ ਸੰਤੁਸ਼ਟ ਕਰ ਨਹੀਂ ਸਕੇ, ਆਪਣੇ ਗਿਆਨ ਦੀ ਕਚਿਆਈ ਕਰਕੇ ਉਲਟਾ ਉਸ ਦਾ ਪ੍ਰਭਾਵ ਖੁਦ ਕਬੂਲ ਕਰਕੇ ਨਾਸਤਿਕਾਂ ਵਾਲੀਆਂ ਗੱਲਾਂ ਕਰਨ ਲੱਗ ਪਏ ਹਨ।ਜਿਸ ਦਾ ਇੱਕੋ ਹੀ ਕਾਰਣ ਹੈ ਕਿ ਗਿਆਨੀ ਜੀ ਨੇ ਗੁਰਬਾਣੀ ਜਾਂ ਤਾਂ ਪੜ੍ਹੀ ਹੀ ਨਹੀਂ ਜਾਂ ਫੇਰ ਇਸ ਦੇ ਸੰਦੇਸ਼ ਨੂੰ ਸਮਝ ਨਹੀਂ ਸਕੇ।ਹੁਣ ਗਿਆਨੀ ਜੀ ਜੋ ਗੁਰਮਤਿ ਸਮਝਾ ਰਹੇ ਹਨ, ਉਸ ਮੁਤਾਬਕ ਗਿਆਨੀ ਜੀ ਨਾ ਤਾਂ ਵਿਗਿਆਨਕ ਪੱਖੋਂ ਅਤੇ ਨਾ ਹੀ ਧਾਰਮਿਕ ਪੱਖੋਂ ਕਿਸੇ ਨਾਲ ਵੀ ਨਿਆਂ ਕਰ ਰਹੇ ਹਨ।
ਧਾਰਮਿਕ ਪੱਖ ਬਾਰੇ ਕੁਝ ਸਵਾਲ- ਕੀ ਗਿਆਨੀ ਜੀ ਦੱਸ ਸਕਦੇ ਹਨ ਕਿ ਧਰਮ ਕਿਸ ਤਰੀਕੇ ਨਾਲ ਬੰਦੇ ਨੂੰ ਗ਼ਲਤ ਕਰਨ ਤੇ ਅੰਕੁਸ਼ ਲਗਾਉਂਦਾ ਹੈ? ਗਿਆਨੀ ਜੀ ਮੁਤਾਬਕ ਧਰਮ ਬੰਦੇ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾ, ਸੋਝੀ ਅਤੇ ਜਾਣਕਾਰੀ ਤਾਂ ਦਿੰਦਾ ਹੈ ਪਰ ਜੇ ਕੋਈ ਸਿਸਟਮ ਅਤੇ ਵਾਤਾਵਰਣ ਦਾ ਬਹਾਨਾ ਬਣਾ ਕੇ ਖੁਦ ਵੀ ਸਿਸਟਮ ਦਾ ਹੀ ਹਿੱਸਾ ਬਣ ਜਾਂਦਾ ਹੈ ਤਾਂ ਕੀ ਉਸ ਵਾਸਤੇ ਧਰਮ ਦਾ ਕਿਹੜਾ ਅੰਕੁਸ਼ ਹੈ? ਕੀ ਗਿਆਨੀ ਜੀ ਕੋਲ ਇਸ ਗੱਲ ਦਾ ਜਵਾਬ ਹੈ ਕਿ ਕੋਈ ਬੰਦਾ ਸਾਰੀ ਉਮਰ ਚੋਰੀਆਂ ਠੱਗੀਆਂ ਅਤੇ ਬੇਈਮਾਨੀਆਂ ਦੇ ਆਸਰੇ ਦੋਲਤ ਇਕੱਠੀ ਕਰਕੇ ਆਪਣੀ ਮਨ ਮਰਜੀ ਦਾ ਜੀਵਨ ਬਤੀਤ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ।ਧਰਮ ਉਸਨੂੰ ਪਸ਼ੂ ਬਿਰਤੀ ਜਾਂ ਪਸ਼ੂਆਂ ਵਾਲਾ ਜੀਵਨ ਕਹਿੰਦਾ ਹੈ, ਜੇ ਇਨ੍ਹਾਂ ਗੱਲਾਂ ਦਾ ਉਸ ਤੇ ਕੋਈ ਅਸਰ ਹੀ ਨਾ ਹੋਵੇ ਤਾਂ ਐਸੇ ਬੰਦੇ ਲਈ ਧਰਮ ਕਿਸ ਤਰ੍ਹਾਂ ਅੰਕੁਸ਼ ਲਗਾਂਦਾ ਹੈ?
ਗਿਆਨੀ ਜੀ ਕਹਿ ਰਹੇ ਹਨ- ਜੋ ਮੈਂ ਕਹਿਨਾਂ ਮੈਂ ਮੰਨਦਾ ਨਹੀਂ, ਕਰਮ ਮੇਰੇ ਕਹਿਣ ਤੋਂ ਉਲਟ ਹਨ ਕਰਮ ਮੈਂ ਉਹ ਕਰ ਰਿਹਾਂ ਜਿਹੜੇ ਨਰਕਾਂ ਵਿੱਚ ਸੁੱਟਣ ਵਾਲੇ ਹਨ, ਫੇਰ ਧਰਮ ਮੰਨਣ ਦਾ ਕੀ ਅਰਥ ਹੈ ਇਸ ਦਾ ਮਤਲਬ ਮੈਂ ਜੋ ਧਰਮ ਮੰਨਦਾਂ ਮੇਰਾ ਮੰਨਣਾ ਢੌਂਗ ਹੈ।ਮਤਲਬ ਮੇਰਾ ਵਿਸ਼ਵਾਸ਼ ਨਹੀਂ।ਉਂਝ ਮੈਂ ਕਹੀ ਜਾਂਨਾ ਮੈਂ ਚੰਗੇ ਕਰਮ ਕਰੂੰਗਾ ਸ੍ਵਰਗ ਮਿਲੂਗਾ, ਮਾੜੇ ਕੰਮ ਕਰੂੰਗਾ ਨਰਕ ਮਿਲੂਗਾ, ਪਰ ਪਰੈਕਟੀਕਲੀ ਨਹੀਂ ਕਰ ਰਿਹਾ।
ਸਵਾਲ- ਗਿਆਨੀ ਜੀ ਮੁਤਾਬਕ ਨਰਕ ਕੀ ਹੈ? ਇਸੇ ਜਨਮ ਵਿੱਚ ਨਰਕਾਂ ਵਰਗਾ ਜੀਵਨ ਜਿਉਣਾ ਹੀ ਤਾਂ ਨਰਕ ਹੈ ਜਾਂ ਕੋਈ ਹੋਰ? ਪਰ ਬੰਦੇ ਨੂੰ ਜਿਸ ਤਰ੍ਹਾਂ ਦਾ ਜੀਵਨ ਵਧੀਆ ਲੱਗਦਾ ਹੈ ਉਹ ਵਤੀਤ ਕਰ ਰਿਹਾ ਹੈ।ਉਸਨੂੰ ਆਪਣਾ ਜੀਵਨ ਨਰਕ ਲੱਗਦਾ ਹੀ ਨਹੀਂ ਤਾਂ ਫੇਰ? ਮੰਨ ਲਵੋ ਜੋ ਮੈਂ ਕਹਿਨਾਂ ਕਰਦਾ ਨਹੀਂ ਢੌਂਗ ਹੀ ਹੈ, ਤਾਂ ਇਸ ਨਾਲ ਕੀ ਫਰਕ ਪੈਂਦਾ ਹੈ, ਮੈਨੂੰ ਲੋਕ ਤਾਂ ਧਰਮੀਂ ਮੰਨਦੇ ਹਨ, ਮੇਰਾ ਸਨਮਾਨ ਕਰਦੇ ਹਨ।ਖੁਦ ਨੂੰ ਚਾਹੇ ਰੋਟੀ ਔਖੀ ਜੁੜਦੀ ਹੋਵੇ, ਪਰ ਮੈਨੂੰ ਤਾਂ ਮਹਿੰਗੀਆਂ ਮਹਿੰਗੀਆਂ ਕਾਰਾਂ ਭੇਟ ਕਰਦੇ ਹਨ।ਅਤੇ ਕਾਰ ਤੇ ਲਗਾਣ ਲਈ ਲਾਲ ਬੱਤੀ ਮਿਲੀ ਹੋਈ ਹੈ।ਬੇਵਕੂਫ ਬਨਾਣ ਵਾਲੀਆਂ ਕੁੱਝਕੁ ਮਨਘੜਤ ਕਹਾਣੀਆਂ ਸੁਨਾਣ ਬਦਲੇ ਲੋਕ ਲੱਖਾਂ ਰੁਪਏ ਚੜ੍ਹਾਵਾ ਚੜ੍ਹਾ ਜਾਂਦੇ ਹਨ।ਮੈਂ ਵਾਹ ਵਾਹ ਵੀ ਖੱਟ ਰਿਹਾ ਹਾਂ ਅਤੇ ਬੇ ਹਿਸਾਬੀ ਦੌਲਤ ਵੀ ਮਿਲ ਰਹੀ ਹੈ।ਦੱਸੋ ਮੈਂ ਧਾਰਮਿਕ ਪੱਖੋਂ ਠੀਕ ਕਰ ਰਿਹਾ ਹਾਂ?ਜੇ ਠੀਕ ਨਹੀਂ ਕਰ ਰਿਹਾ, ਜੇ ਕੀਤੇ ਕਰਮਾਂ ਅਨੁਸਾਰ ਕੋਈ ਲੇਖਾ ਵੀ ਨਹੀਂ, ਤਾਂ ਕੀ ਗਿਆਨੀ ਜੀ ਦੱਸ ਸਕਦੇ ਹਨ ਕਿ ਧਰਮ ਦਾ ਕਿਹੜਾ ਅੰਕੁਸ਼ ਮੇਰਾ ਕੁਝ ਵਿਗਾੜਦਾ ਹੈ?
ਗਿਆਨੀ ਜੀ- "ਉਂਝ ਮੈਂ ਕਹੀ ਜਾਂਨਾ ਮੈਂ ਚੰਗੇ ਕਰਮ ਕਰੂੰਗਾ ਸ੍ਵਰਗ ਮਿਲੂਗਾ, ਮਾੜੇ ਕੰਮ ਕਰੂੰਗਾ ਨਰਕ ਮਿਲੂਗਾ, ਪਰ ਪਰੈਕਟੀਕਲੀ ਨਹੀਂ ਕਰ ਰਿਹਾ"।
ਵਿਚਾਰ- ਓਪਰੀ ਨਜ਼ਰੇ ਗਿਆਨੀ ਜੀ ਦੀਆਂ ਗੱਲਾਂ ਕਿੰਨੀਆਂ ਸਹੀ ਲੱਗਦੀਆਂ ਹਨ ਪਰ ਜਰਾ ਗੌਰ ਕਰੋ, ਗਿਆਨੀ ਸੀ ਕੀ ਕਹਿ ਰਹੇ ਹਨ।ਪਹਿਲੀ ਗੱਲ ਗੁਰਮਤਿ ਕਿਸੇ ਸ੍ਵਰਗ ਨਰਕ ਨੂੰ ਨਹੀਂ ਮੰਨਦੀ, ਗਿਆਨੀ ਜੀ ਵੀ ਨਹੀਂ ਮੰਨਦੇ।(ਪਰ ਉਨ੍ਹਾਂਦੇ ਵਿਚਾਰਾਂ ਤੋਂ ਭਾਵ ਇਹ ਨਿਕਲਦਾ ਹੈ ਕਿ ਜੇ ਸ੍ਵਰਗ ਦੇ ਚਾਹਵਾਨ ਹੋ ਤਾਂ ਪਰੈਕਟੀਕਲੀ ਵੀ ਚੰਗੇ ਕੰਮ ਕਰੋ)।ਪਰ ਸੋਚੋ ਜਿਹੜਾ ਬੰਦਾ ਇਹ ਵੀ ਨਹੀਂ ਮੰਨਦਾ ਕਿ ਇਸ ਜਨਮ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ।ਤਾਂ ਕੀ ਉਸ ਦੇ ਲਈ ਖੁਲ੍ਹੀ ਛੂਟ ਨਾ ਹੋ ਗਈ ਕਿ ਇਸ ਜਨਮ ਤੋਂ ਬਾਅਦ ਕੋਈ ਕਰਮਾਂ ਦਾ ਲੇਖਾ ਤਾਂ ਹੋਣਾ ਨਹੀਂ ਇਹ ਜੋ ਜੀਵਨ ਮਿਲਿਆ ਹੈ, ਕਿਸੇ ਦੇ ਭਲੇ, ਕਿਸੇ ਲਈ ਪਰਉਪਕਾਰ ਕਰਨ ਦੀ ਚਿੰਤਾ ਛੱਡਕੇ, ਜਿਹੜੇ ਮਰਜੀ ਕੁਕਰਮ ਕਰਕੇ ਦੌਲਤ ਇਕੱਠੀ ਕਰੋ, ਇਸ ਜੀਵਨ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਖੁਸ਼ੀ ਲਈ ਮਨ ਮਰਜੀ ਮੁਤਾਬਕ ਵਤੀਤ ਕਰੋ?
ਗਿਆਨੀ ਜੀ ਨੇ ਗੁਰਬਾਣੀ ਉਦਾਹਰਣਾਂ ਸਮੇਤ ਕਰਮ ਸਿਧਾਂਤ ਦਾ ਪੱਖ ਨਹੀਂ ਰੱਖਿਆ, ਬਲਕਿ ਸੰਸਾਰ ਤੇ ਜੋ ਵਾਪਰ ਰਿਹਾ ਹੈ ਉਸ ਦੀਆਂ ਖਬਰਾਂ ਸੁਣਾਈ ਜਾ ਰਹੇ ਹਨ।ਜਿਹੜੀਆਂ ਗੱਲਾਂ ਇਨ੍ਹਾਂਨੇ ਸੁਣਾਈਆਂ ਹਨ ਉਹ ਕੁਝ ਇਸ ਪ੍ਰਕਾਰ ਹਨ:-
- ਗੁਰਬਾਣੀ ਫੁਰਮਾਨ ਹੈ
"ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥"
ਪਰ ਗਿਆਨੀ ਜੀ ਮੁਤਾਬਕ ਜੋ ਮੈਂ ਕੀਤਾ ਉਹ ਨਹੀਂ ਪਾਇਆ ਬਲਕਿ ਕੁਰੱਪਟ ਸਮਾਜ ਦਾ ਕੀਤਾ ਸਾਰੇ ਪਾ ਰਹੇ ਹਾਂ।
- ਗੁਰਬਾਣੀ ਤਾਂ ਕਹਿੰਦੀ ਹੈ-
"ਅਹਿ ਕਰ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥" (ਪੰਨਾ-406)
"ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥" (ਪੰਨਾ-470)
"ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥" (ਪੰਨਾ-473),
ਪਰ ਗਿਆਨੀ ਜੀ ਦਾ ਕਹਿਣਾ ਹੈ, ਨਹੀਂ ਆਪਣਾ ਕੀਤਾ ਨਹੀਂ ਬਲਕਿ ਕੁਰੱਪਟ ਸਮਾਜ ਦਾ ਕੀਤਾ ਪਾਵਣਾ।ਆਪਣੇ ਅਤੇ ਆਲੇ ਦੁਆਲੇ ਦੇ ਪੂਰਵਜਾਂ ਦਾ ਕੀਤਾ ਪਾਵਣਾ ਹੈ।
- ਛੋਟੀ ਬੱਚੀ ਨਾਮ ਬਲਾਤਕਾਰ ਕਰਨ ਵਾਲਾ ਕੁਰਪਟ ਸਮਾਜ ਵਿੱਚ ਕਿਸੇ ਤਰੀਕੇ ਨਾਲ ਦੁਨਿਆਵੀ ਸਜ਼ਾ ਪਾਣੋਂ ਬਚ ਜਾਂਦਾ ਹੈ ਤਾਂ, 'ਕੁਰੱਪਟ ਸਮਾਜ' ਕਹਿਕੇ ਗੱਲ ਖਤਮ ਹੋ ਗਈ।ਜਾਂ ਵਧ ਤੋਂ ਵਧ ਉਸ ਨੂੰ ਵਹਿਸ਼ੀ ਦਰਿੰਦਾ ਕਹਿਕੇ ਸਬਰ ਕਰ ਲਵੋ।
ਜੇ ਸੁਖ ਦੁਖ ਪੂਰਬ ਜਨਮ ਦੇ ਨਹੀਂ ਤਾਂ:-
?? "ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥" (ਪੰਨਾ-1273)
ਜੇ ਸੁਖ ਦੁਖ ਪਿਛਲੇ ਜਨਮ ਦੇ ਨਹੀਂ ਤਾਂ, ਮੱਛੀ ਪਾਣੀ ਵਿੱਚ ਪੈਦਾ ਹੁੰਦੀ ਹੈ, ਅਤੇ ਪਾਣੀ ਵਿੱਚ ਹੀ ਰਹਿੰਦੀ ਹੈ।ਕਿਤੇ ਚੰਗੇ ਮੰਦੇ ਕਰਮ ਕਮਾਣ ਨਹੀਂ ਜਾਂਦੀ।ਫੇਰ ਉਹ ਇਸੇ ਜਨਮ ਦੇ ਕਿਹੜੇ ਕਰਮਾਂ ਦਾ ਜਾਂ ਕੁਰੱਪਟ ਸਮਾਜ ਦਾ ਕੀਤਾ ਕਿਵੇਂ ਭੋਗਦੀ ਹੈ? *ਸੁਖ ਦੁਖ ਪੁਰਬਿ ਕਮਾਈ* ਦਾ ਕੀ ਮਤਲਬ ਹੋਇਆ?
"ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ਭਰਮਹਿ ਜੋਨਿ ਅਸੰਖ ਮਰਿ ਜਨਮਰਿ ਆਵਹੀ॥
ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥
ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ॥ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ॥" (ਪੰਨਾ-705)
ਪਸ਼ੂ ਪੰਸ਼ੀ ਇਸੇ ਜਨਮ ਵਿੱਚ ਕਿਹੜੇ ਬੀਜ ਦਾ ਫਲ ਭੁਗਤਦੇ ਹਨ?
ਜੇ ਪਿਛਲੇ ਜਨਮ ਦੇ ਕਰਮਾਂ ਦਾ ਕੁਝ ਲੈਣਾ ਦੇਣਾ ਨਹੀਂ ਤਾਂ-
??? ਕੀ ਗਿਆਨੀ ਜੀ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰ ਸਕਦੇ ਹਨ ਜਿਸ ਵਿੱਚ ਲਿਖਿਆ ਹੋਵੇ ਕਿ ਹਰ ਇਕ ਦੇ ਕਰਮਾਂ ਦਾ ਲੇਖਾਂ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ? ਜੇ ਕਰਮਾਂ ਦਾ ਕੋਈ ਲੇਖਾ ਨਹੀਂ ਹੁੰਦਾ, ਸਾਰੇ ਕੀਤੇ ਕਰਾਏ ਦਾ ਹਿਸਾਬ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ ਤਾਂ ਫੇਰ-
"ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ॥" (ਪੰਨਾ-1104)
ਬਾਕੀ ਭਾਰੀ ਕਿਉਂ ਨਿਕਲੀ? ਅਤੇ
"ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜਮ ਜੰਦਾਰੁ ਜੀਉ॥" (ਪੰਨਾ- 751)
ਜੇ ਕਰਮਾਂ ਦਾ ਕੋਈ ਹਿਸਾਬ ਨਹੀਂ ਹੁੰਦਾ ਤਾਂ 'ਬਾਕੀ ਵਾਲਾ' ਦਾ ਕੀ ਮਤਲਬ ਹੋਇਆ? ਤਲਬ ਕਰਨ ਦੀ ਕਿਉਂ ਲੋੜ ਪਈ?
"ਦੇਹੀ ਜਾਤਿ ਨ ਆਗੈ ਜਾਏ॥ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥" (ਪੰਨਾ-112)
‘ਅਗੈ’ ਕਿੱਥੇ ਹੈ ਜਿੱਥੇ ‘ਦੇਹ’ ਅਤੇ ‘ਜਾਤਿ’ ਨਹੀਂ ਜਾਂਦੇ?
‘ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥’ ਦਾ ਕੀ ਮਤਲਬ ਹੋਇਆ?
"ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ॥ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ॥" (ਪੰਨਾ-1241)
ਦਾ ਕੀ ਮਤਲਬ ਹੋਇਆ?
“ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ਜੇਹੇ ਕਰਮ ਕਮਾਇ ਤੇਹਾ ਹੋਇਸੀ॥" (ਪੰਨਾ-730)
ਦਾ ਕੀ ਮਤਲਬ ਹੋਇਆ?
"ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ਸੋ ਜਾਣੈ ਜਿਨਿ ਦਾਤੈ ਦੀਐ॥
ਕਿਸ ਕਉ ਦੋਸੁ ਦੇਇ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥" (ਪੰਨਾ-1030)
ਦਾ ਕੀ ਅਰਥ ਹੋਇਆ?
ਅਰਥ ਬਦਲਕੇ ਆਪਣੀ ਸੋਚ ਮੁਤਾਬਕ ਘੜਨ ਤੋਂ ਪਹਿਲਾਂ ਯਾਦ ਰਹੇ ਕਿ ਇੱਥੇ ਪੁਰਬ “ਜਨਮ” ਦੀ ਗੱਲ ਕਹੀ ਗਈ ਹੈ।
"ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥" (ਪੰਨਾ-700)
ਦਾ ਕੀ ਅਰਥ ਹੋਇਆ?
??? ਗਿਆਨੀ ਜੀ ਨੇ ਵੀਡੀਓ ਦੇ ਪਹਿਲੇ ਭਾਗ ਵਿੱਚ ਆਤਮਾ ਬਾਰੇ ਹੋਰ ਮਤਾਂ ਦੀਆਂ ਤਿੰਨ ਪ੍ਰਚੱਲਤ ਮਾਨਤਾਵਾਂ ਦਾ ਜ਼ਿਕਰ ਕੀਤਾ ਸੀ, ਆਤਮਾ ਬਾਰੇ ਗੁਰਮਤਿ ਦਾ ਪੱਖ ਦੱਸਣਾ ਬਾਕੀ ਹੈ।
??? ਸੰਸਾਰ ਤੇ ਜੋ ਸਾਰਾ ਵਰਤਾਰਾ ਹੋ ਰਿਹਾ ਹੈ, ਇਸ ਵਿੱਚ ਪਰਮਾਤਮਾ ਦਾ ਕੋਈ ਦਖਲ ਹੈ ਜਾਂ ਨਹੀਂ? ਕੀ ਪਰਮਾਤਮਾ ਸਭ ਕੁਝ ਦੇਖ ਪਰਖ ਰਿਹਾ ਹੈ ਕਿ ਨਹੀਂ? ਜੇ ਦੇਖ ਪਰਖ ਰਿਹਾ ਹੈ ਤਾਂ ਕੀ ਉਸ ਵੱਲੋਂ ਕਦੇ ਕੋਈ ਐਕਸ਼ਨ ਹੁੰਦਾ ਹੈ, ਜਾਂ ਉਹ ਮੂਕ ਦਰਸ਼ਕ ਬਣ ਕੇ ਸਿਰਫ ਦੇਖਦਾ ਹੀ ਹੈ? ਸੰਸਾਰ ਤੇ ਪਰਮਾਤਮਾ ਦਾ ਕੋਈ ਰੋਲ ਹੈ ਵੀ? ਜੇ ਹੈ ਤਾਂ ਕੀ? ਜਾਂ ਉਸ ਦਾ ਕੋਈ ਰੋਲ ਨਹੀਂ, ਦੂਸਰੇ ਲਫਜ਼ਾਂ ਵਿੱਚ ਰੱਬ ਦੀ ਕੋਈ ਹੋਂਦ ਨਹੀਂ?
??? ਗਿਆਨੀ ਜੀ ਨੇ ਗੁਰਬਾਣੀ ਉਦਾਹਰਣਾਂ ਸਹਿਤ ਹਾਲੇ ਇਹ ਵੀ ਪੱਖ ਰੱਖਣਾ ਹੈ ਕਿ ਕੋਈ ਚੰਗੇ ਕੰਮ ਕਰੇ ਜਾਂ ਮੰਦੇ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ।
??? "ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਇਐ॥" (ਪੰਨਾ-748)
"ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ॥" (ਪੰਨਾ-918)
"ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ॥" (ਪੰਨਾ-918)
ਜੇ ਗਿਆਨੀ ਜੀ ਗੁਰਬਾਣੀ ਦੇ ਇਨ੍ਹਾਂ ਫੁਮਾਣਾਂ ਨੂੰ ਮੰਨਦੇ ਹਨ ਤਾਂ-
ਸਵਾਲ- ਉਸਨੇ ਹੋਰ ਦੂਸਰੇ ਜੀਵਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ ਹੈ?ਹੋਰ ਜੀਵਾਂ ਨਾਲ ਵਿਤਕਰਾ ਕਿਉਂ? ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾ ਦਿੱਤਾ।ਮਨੁੱਖ ਦੀ ਏਨੀ ਤਰਫਦਾਰੀ ਕਿਉਂ? ਕੀ ਉਸ ਦਾ ਨਿਆਉਂ ਸੱਚਾ ਨਹੀਂ ਹੈ? ਉਸ ਦੀ ਤਾਂ ਇਹ ਖੇਡ ਦਾ ਕੋਈ ਨਿਯਮ ਨਹੀਂ? ਮਨੁੱਖ ਕੋਲ ਹੋਰ ਸਾਰੇ ਜੀਵਾਂ ਨਾਲੋਂ ਵੱਧ ਸਮਝ ਹੋਣ ਕਰਕੇ, ਹਾਥੀ, ਘੋੜੇ, ਬੈਲ .... ਆਦਿ ਏਨੇ ਵੱਡੇ ਵੱਡੇ ਜਾਨਵਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਕੰਮ ਲੈਂਦਾ ਹੈ।ਹੋਰ ਜੀਵਾਂ ਨੂੰ ਮਨੁੱਖ ਜਿੰਨੀ ਸਮਝ ਕਿਉਂ ਨਹੀਂ ਬਖਸ਼ੀ? ਤਾਂ ਕੀ ਹੋਰ ਜੀਵਾਂ ਨਾਲ ਵਿਤਕਰਾ ਨਾ ਹੋਇਆ?
ਜਸਬੀਰ ਸਿੰਘ ਵਿਰਦੀ 02-03-2014
ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 24 ਸੀ
Page Visitors: 2724