ਆਓ ਭ੍ਰਿਸ਼ਟਚਾਰ ਅਤੇ ਭਗਵਾਂ ਬ੍ਰਿਗੇਡ ਨੂੰ ਪੰਜਾਬ ਵਿੱਚੋਂ ਭਜਾਣਉ ਲਈ ਸ਼੍ਰੀ ਕੇਜਰੀਵਾਲ ਦਾ ਡਟ ਕੇ ਸਾਥ ਦੇਈਏ
ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭
ਭਗਵਾਂ ਬ੍ਰਿਗੇਡ ਨੇ ਸਿੱਖ ਸਿਧਾਂਤਾਂ ਅਤੇ ਇਤਿਹਾਸ 'ਤੇ ਜ਼ਬਰ ਦਸਤ ਹੱਲਾ ਬੋਲਿਆ ਹੋਇਆ ਹੈ।
ਦੁੱਖ ਦੀ ਗੱਲ ਇਹ ਹੈ ਕਿ ਸਤਾ ਦੀ ਕੁਰਸੀ ਦੇ ਲਾਲਚ ਅਧੀਨ ਸਿੱਖਾਂ ਦੀ ਨੁੰਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ ਧਰਤਾ ਭਗਵਾਂ ਬ੍ਰਿਗੇਡ ਦਾ ਵਿਰੋਧ ਕਰਨ ਦੀ ਥਾਂ ਇਸ ਦੇ ਸਿਆਸੀ ਵਿੰਗ ਭਾਜਪਾ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਚੁੱਕੇ ਹਨ। ੧੯੮੨ 'ਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਤਲੁਜ ਦਰਿਆ ਨੂੰ ਯਮੁਨਾ ਦਰਿਆ ਨਾਲ ਜੋੜਨ ਵਾਲੀ ਲਿੰਕ ਨਹਿਰ ਕੱਢੇ ਜਾਣ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਪਿੰਡ ਕਪੂਰੀ ਵਿਖੇ ਨਹਿਰ ਰੋਕੂ ਮੋਰਚਾ ਲਾਇਆ। ਭਾਜਪਾ ਨੇ ਉਸ ਦਾ ਜ਼ਬਰ ਦਸਤ ਵਿਰੋਧ ਕੀਤਾ। ਉਸ ਸਮੇਂ ਅਕਾਲੀਅ ਦੇ ਮੋਰਚੇ ਨੂੰ ਫੇਲ੍ਹ ਕਰਨ ਲਈ ਕਾਂਗਰਸ ਤੇ ਭਾਜਪਾ ਇੱਕਸੁਰ ਸਨ ਜਿਸ ਕਾਰਣ ਅਕਾਲੀਆਂ ਦੀ ਕੋਈ ਵੀ ਜਾਇਜ਼ ਮੰਗ ਨਾ ਮੰਨੀ ਗਈ ਤੇ ਉਸ ਮੋਰਚੇ ਦਾ ਅੰਤ ਅਕਾਲ ਤਖ਼ਤ ਨੂੰ ਢਹਿਢੇਰੀ ਕਰਨ ਅਤੇ ਸਿੱਖਾਂ ਦੇ ਕਤਲੇਆਮ ਵਿੱਚ ਨਿਕਲਿਆ। ਪਰ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਹਕਾਂ ਦਾ ਕਦਮ ਕਦਮ 'ਤੇ ਵਿਰੋਧ ਕਰਨ ਵਾਲੀ ਪਾਰਟੀ ਦੇ ਨੇਤਾ
ਨਰਿੰਦਰ ਮੋਦੀ ਜਿਹੜਾ ਕਿ ਅੱਧੀ ਸਦੀ ਤੋਂ ਗੁਜਰਾਤ ਦੇ ਕੱਛ ਖੇਤਰ ਵਿੱਚ ਵਸੇ ਸਿੱਖ ਕਿਸਾਨਾਂ ਨੂੰ ਉਜਾੜਨ 'ਤੇ ਤੁਲਿਆ ਹੋਇਆ ਹੈ; ਜਿਸ ਐੱਸਵਾਈਐੱਲ ਨਹਿਰ ਨੂੰ ਰੋਕਣ ਲਈ ਪੰਜਾਬ ਨੂੰ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ, ਉਸ ਨੂੰ ਕੱਢਣ ਦੇ ਹੱਕ ਵਿੱਚ ਹੈ।
ਇਸ ਦਾ ਸੰਕੇਤ ਉਹ ੨੦੦੯ ਦੀਆਂ ਲੋਕ ਸਭਾ ਚੋਣਾਂ ਮੌਕੇ ਲਧਿਆਣਾ ਵਿਖੇ ਹੋਈ ਚੋਣ ਰੈਲੀ ਵਿੱਚ ਦੇ ਚੁੱਕਾ ਹੈ। ਚਪੜਚਿੜੀ ਦੇ ਮੈਦਾਨ ਵਿੱਚ ਹੁਣੇ ਹੀ ਹੋਏ ਕਿਸਾਨ ਸੰਮੇਲਨ ਦੌਰਾਨ ਭਾਜਪਾਈ ਮੁੱਖ ਮੰਤਰੀ ਪੰਜਾਬ ਦ ਮੁੱਖ ਮੰਤਰੀ ਅਤੇ ਉਪ ਮੰਤਰੀ ਦੀ ਹਾਜਰੀ ਵਿੱਚ ਬੜੇ ਧੜੱਲੇ ਨਾਲ ਕਹਿ ਕੇ ਗਏ ਹਨ ਕਿ ਜੇ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪਹਿਲਾ ਕੰਮ ਦੇਸ਼ ਦੇ ਦਰਿਆਵਾਂ ਨੂੰ
ਜੋੜਨ ਦਾ ਹੋਵੇਗਾ। ਇਸ ਦੇ ਬਾਵਯੂਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਨੂੰ ਪ੍ਰਧਾਨ ਮੰਤਰੀ ਲਈ ਅੱਡੀ ਚੋਟੀ ਦਾ ਜੋਰ ਲਾਉਣਾ ਪੰਜਾਬ ਲਈ ਮੌਤ ਦੇ ਵਰੰਟਾਂ 'ਤੇ ਦਸਤਖਤ ਕਰਨ ਦੇ ਤੁਲ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਸ: ਬਾਦਲ ਨੇ ਮੋਦੀ ਦੇ ਹੱਥੋਂ ਹੀ ਐੱਸ ਵਾਈ ਐੱਲ ਨਹਿਰ ਕਢਵਾਉਣੀ ਸੀ ਤਾਂ ੧੯੮੨ ਵਿੱਚ ਮੋਰਚਾ ਲਾ ਕੇ ਪੰਜਾਬ ਅਤੇ ਸਿੱਖਾਂ ਦਾ ਇੰਨਾਂ ਨੁਕਸਾਨ ਕਰਵਾਉਣ ਦੀ ਕੀ ਲੋੜ ਸੀ।
ਸਿੱਖਾਂ ਵਿੱਚ ਜਾਗਰੂਕ ਤਬਕੇ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਜਾਗਰੂਕ ਕਰਕੇ ਭ੍ਰਿਸ਼ਟਾਚਾਰ ਅਤੇ ਭਗਵਾਂ ਬ੍ਰਿਗੇਡ ਰੋਕਣ ਲਈ ਸ਼੍ਰੀ ਅਰਵਿੰਦ ਕੇਜ਼ਰੀਵਾਲ ਦੀ "ਆਮ ਆਦਮੀ ਪਾਰਟੀ" ਦਾ ਭਰਵਾਂ ਸਮਰਥਨ ਕਰਨ ਲਈ ਲਾਮਬੰਦੀ ਕਰਨ। ਸਾਡੇ ਵਿੱਚ ਆਰਐੱਸਐੱਸ ਵੱਲੋਂ ਪਾਏ ਗਏ ਵਖਰੇਵਿਆਂ ਕਾਰਣ ਦਸਮ ਗ੍ਰੰਥ, ਸਿੱਖ ਰਹਿਤ ਮਰਿਆਦਾ ਆਦਿਕ ਅਨੇਕਾਂ ਮੁੱਦਿਆਂ 'ਤੇ ਮਤਭੇਦ ਹਨ। ਕੌਮੀ ਹਿਤਾਂ ਵਿੱਚ ਇਨ੍ਹਾਂ ਮਤਭੇਦਾਂ ਨੂੰ ਕੁਝ ਸਮੇਂ ਲਈ ਭੁਲਾ ਕੇ ਕੇਵਲ ਭਗਵਾਂ ਬ੍ਰਿਗੇਡ ਨੂੰ ਰੋਕਣ ਲਈ ਇਕਮੁੱਠ ਹੋ ਜਾਣਾ ਚਾਹੀਦਾ ਹੈ। ਜਿਨ੍ਹਾਂ ਜੋਰ ਅਤੇ ਸਮਾਂ ਅਸੀਂ ਮਾਮੂਲੀ ਮਤਭੇਦਾਂ ਕਾਰਣ ਇੱਕ ਦੂਜੇ 'ਤੇ ਸ਼ਬਦੀ ਤੀਰਾਂ ਦੇ ਨਿਸ਼ਾਨੇ ਲਾਉਣ ਲਈ ਲਾ ਰਹੇ ਹਾਂ ਜੇ ਏਕਤਾ ਦਾ ਪ੍ਰਗਟਾਵਾ ਕਰਕੇ ਇੰਨਾਂ ਜੋਰ ਭਗਵਾਂ ਬ੍ਰਿਗੇਡ ਦੇ ਵਿਰੋਧ ਵਿੱਚ ਅਤੇ "ਆਪ" ਦੇ ਸਮਰਥਨ ਕਰਨ ਵਿੱਚ ਲਾ ਦੇਈਏ ਤਾਂ ਕੋਈ ਕਾਰਣ ਨਹੀਂ ਹੈ ਕਿ ਪੰਜਾਬ ਵਿੱਚੋਂ ਭਗਵਾਂ ਬ੍ਰਿਗੇਡ ਅਤੇ ਇਸ ਦੇ ਸਾਥੀਆਂ ਨੂੰ ਪੰਜਾਬ ਦੀ ਧਰਤੀ ਵਿੱਚੋਂ ਭਜਾਉਣ ਵਿੱਚ ਕਾਮਯਾਬ ਨਾ ਹੋਈਏ। ਸ਼੍ਰੀ ਕੇਜਰੀਵਾਲ ਦੇਸ਼ ਦਾ ਪਹਿਲਾ ਨੈਸ਼ਨਲ ਪੱਧਰ ਦਾ ਨੇਤਾ ਹੈ ਜਿਸ ਨੇ ਘੱਟ ਗਿਣਤੀਆਂ ਖਾਸ ਕਰਕੇ ਸਿੱਖ ਪੀੜਤਾਂ ਦੇ ੩੦ ਸਾਲਾਂ ਤੋਂ ਰਿਸਦੇ ਜਖਮਾਂ 'ਤੇ ਮੱਲ੍ਹਮ ਲਾਉਣ ਦਾ ਕੰਮ ਸਿਰਫ ੩੦ ਦਿਨ ਵਿੱਚ ਕਰ ਵਿਖਾਇਆ। ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਣ ਦੇ ਬਾਵਯੂਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਫਾਂਸੀ ਦੀਆਂ ਸਜਾਵਾਂ ਰੱਦ ਕਰਨ ਲਈ ਰਾਸ਼ਟਰਪਤੀ ਨੂੰ ਅਪੀਲ ਕਰਨ ਲਈ ਤਿਆਰ ਨਹੀਂ ਸੀ ਜਦੋਂ ਕਿ ਸ਼੍ਰੀ ਕੇਜ਼ਰੀਵਾਲ ਨੂੰ ਹਾਲੀ ਤੱਕ ਕਿਸੇ ਵੀ ਵੱਡੀ ਸਿੱਖ ਜਥੇਬੰਦੀ ਨੇ ਖੁਲ੍ਹ ਕੇ ਸਮਰਥਨ ਨਹੀਂ ਸੀ ਦਿੱਤਾ ਇਸ ਦੇ ਬਾਵਯੂਦ ਉਨ੍ਹਾਂ ਨੇ ਸਰਕਾਰ ਬਣਨ ਦੇ ਕੁਝ ਹੀ ਦਿਨਾਂ ਵਿੱਚ ਪਹਿਲਾ ਕੰਮ ੧੯੮੪ ਦੇ ਸਿੱਖ ਕਤਲੇਆਮ ਦੇ ਕੇਸ ਮੁੜ ਖੋਲ੍ਹਣ ਲਈ ਵਿਸ਼ੇਸ਼ ਜਾਂਚ ਟੀਮ ਦੇ ਗੱਠਨ ਕਰਨ ਲਈ ਰਾਸ਼ਟਰਪਤੀ ਨੂੰ ਪੱਤਰ ਲਿਖ ਦਿੱਤਾ।
ਪ੍ਰੋ: ਭੁੱਲਰ ਦੀ ਫਾਂਸੀ ਦੀ ਸਜਾ ਮੁਆਫ ਕਰਨ ਲਈ ਰਾਸ਼ਟਰਪਤੀ ਨੂੰ ਪੱਤਰ ਲਿਖਣ ਤੋਂ ਇਲਾਵਾ ਸੁਪ੍ਰੀਮ ਕੋਰਟ ਵਿੱਚ ਸਜਾ ਮੁਆਫੀ ਲਈ ਦਿੱਲੀ ਸਰਕਾਰ ਵੱਲੋਂ ਹਲਫੀਆ ਬਿਆਨ ਦਰਜ ਕਰਵਾ ਦਿੱਤਾ। ਜੇ ਫਿਰ ਵੀ ਪੰਜਾਬ ਵਿੱਚ ਸ਼੍ਰੀ ਕੇਜਰੀਵਾਲ ਦਾ ਸਮਰਥਨ ਕਰਨ ਦੀ ਥਾਂ ਬਾਦਲ ਦਲ ਦੇ ਹੱਥੇ ਚੜ੍ਹ ਕੇ ਭਗਵਾਂ ਬ੍ਰਿਗੇਡ ਨੂੰ ਜਿਤਾਉਣ ਦੀ ਗਲਤੀ ਕੀਤੀ ਤਾਂ ਯਾਦ ਰੱਖੋ ਅੱਗੇ ਤੋਂ ਕਿਸੇ ਵੀ ਕੌਮੀ ਆਗੂ ਨੇ ਸਿੱਖਾਂ ਤੇ ਪੰਜਾਬ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਹੀਂ ਮਾਰਨਾ। ਇਸ ਲਈ ਸ਼ੋਸ਼ਿਲ ਮੀਡੀਏ ਨਾਲ ਜੁੜੇ ਉਨ੍ਹਾਂ ਵੀਰਾਂ, ਜਿਹੜੇ ਮਾਮੂਲੀ ਮੱਤਭੇਦਾਂ ਕਾਰਣ ਇੱਕ ਦੂਜੇ ਵਿਰੁੱਧ ਘਟੀਆ ਸ਼ਬਦਾਵਲੀ ਵਿੱਚ ਕੋਮੈਂਟਸ ਦੇਣ ਵਿੱਚ ਸਮਾਂ ਖਰਾਬ ਕਰ ਰਹੇ ਹਨ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅੰਦਰੂਨੀ ਲੜਾਈ ਕੁਝ ਸਮੇਂ ਲਈ ਰੋਕ ਕੇ ਇਸ ਸਮੇਂ ਦੀ ਵਰਤੋਂ ਭਗਵਾਂ ਬ੍ਰਿਗੇਡ ਨੂੰ ਪੰਜਾਬ ਵਿੱਚੋਂ ਭਜਾਣਉ ਲਈ ਕਰ ਲੈਣ। ਸਾਡੇ ਆਪਸੀ ਮੱਤ ਭੇਦ ਸਾਡਾ ਘਰੇਲੂ ਮਸਲਾ ਹੈ ਜੋ ਕਿ ਸਿੱਖੀ ਦੇ ਵੱਡੇ ਦੁਸ਼ਮਣ ਨੂੰ ਭਜਾਉਣ ਮਗਰੋਂ ਬਾਅਦ ਵਿੱਚ ਮਿਲ ਬੈਠ ਕੇ ਸੁਲਝਾ ਲਵਾਂਗੇ।
ਕਿਰਪਾਲ ਸਿੰਘ ਬਠਿੰਡਾ
ਆਓ ਭ੍ਰਿਸ਼ਟਚਾਰ ਅਤੇ ਭਗਵਾਂ ਬ੍ਰਿਗੇਡ ਨੂੰ ਪੰਜਾਬ ਵਿੱਚੋਂ ਭਜਾਣਉ ਲਈ ਸ਼੍ਰੀ ਕੇਜਰੀਵਾਲ ਦਾ ਡਟ ਕੇ ਸਾਥ ਦੇਈਏ
Page Visitors: 2812