ਸਿਆਟਲ, 14 ਫਰਵਰੀ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਨਾਬਾਲਿਗ ਕੁੜੀ ਪਾਸੋਂ ਜਬਰੀ ਵੇਸਵਾਪੁਣਾ ਕਰਵਾਉਣ ਵਾਲੇ ਸਿਆਟਲ ਦੇ 20 ਸਾਲਾ ਪੰਜਾਬੀ ਨੌਜਵਾਨ ਨੇ ਅਦਾਲਤ ’ਚ ਪਹਿਲੀ ਪੇਸ਼ੀ ’ਤੇ ਹੀ ਆਪਣਾ ਗੁਨਾਹ ਸਵੀਕਾਰ ਕਰ ਲਿਆ। ਵਾਸ਼ਿੰਗਟਨ ਸਟੇਟ ਦੇ ਕੇਨਵਿਕ ਸ਼ਹਿਰ ਦੀ ਅਦਾਲਤ ਵੱਲੋਂ ਦੀਪਕ ਸਿੰਘ ਸਮਰਾ ਨੂੰ 26 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।
ਸਿਆਟਲ ਦੇ ਕੈਂਟ ਇਲਾਕੇ ਦੇ ਰਹਿਣ ਵਾਲੇ ਦੀਪਕ ਸਿੰਘ ਸਮਰਾ ਅਤੇ ਉਸ ਦੀ 16 ਸਾਲਾ ਪ੍ਰੇਮਿਕਾ ਨੂੰ ਪੁਲਿਸ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਇਕ ਗਾਹਕ ਨਾਲ ਜਾਣ ਤੋਂ ਇਨਕਾਰ ਕਰਨ ਵਾਲੀ ਭਾਰਤੀ ਮੂਲ ਦੀ 15 ਸਾਲਾ ਕੁੜੀ ਨਾਲ ਕੁੱਟਮਾਰ ਕਰ ਰਹੇ ਸਨ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਦੀਪਕ ਕੋਲ ਉਸ ਦੀਆਂ ਨੰਗੀਆਂ ਫੋਟੋਆਂ ਸਨ, ਜਿਨ੍ਹਾਂ ਨੂੰ ਨਸ਼ਰ ਕਰਨ ਦਾ ਡਰਾਵਾ ਦੇ ਕੇ ਉਹ ਉਸ ਤੋਂ ਵੇਸਵਾਪੁਣਾ ਕਰਵਾ ਰਿਹਾ ਹੈ। ਪਿਛਲੇ ਜੂਨ ਮਹੀਨੇ ਘਟਨਾ ਵਾਲੇ ਦਿਨ ਉਹ ਉਸ ਨੂੰ 30 ਸਾਲਾਂ ਦੇ ਇਕ ਮਰਦ ਨਾਲ 60 ਡਾਲਰ ਪੇਸ਼ਗੀ ਲੈ ਕੇ ਸੈਕਸ ਲਈ ਭੇਜ ਰਹੇ ਸਨ, ਪਰ ਕੁੜੀ ਵੱਲੋਂ ਇਨਕਾਰ ਕੀਤੇ ਜਾਣ ’ਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ ਗਿਆ ਸੀ।
ਦੀਪਕ ਸਿੰਘ ਸਮਰਾ ਦੀ ਪ੍ਰੇਮਿਕਾ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਸਹਿਯੋਗ ਦਿੱਤੇ ਜਾਣ ਕਰਕੇ ਉਸ ਨੂੰ ਨਰਮ ਸਜ਼ਾ ਦੇ ਕੇ ਨਾਬਾਲਿਗ ਜੇਲ੍ਹ ’ਚ ਰੱਖਿਆ ਗਿਆ ਹੈ।
ਦੀਪਕ ਸਮਰਾ ਨੂੰ ਪਿਛਲੇ ਹਫਤੇ ਹੀ ਤਿੰਨ ਕਰੋੜ ਰੁਪਏ ਦੀ ਜ਼ਮਾਨਤ ਉਪਰ ਰਿਹਾਅ ਕੀਤਾ ਗਿਆ ਸੀ। ਅੱਜ ਇਕਬਾਲੇ ਜ਼ੁਰਮ ਪਿੱਛੋਂ ਉਸ ਨੂੰ ਹਿਰਾਸਤ ’ਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ। ਸਰਕਾਰੀ ਵਕੀਲ ਨੇ ਸਮਰਾ ਲਈ 6 ਸਾਲ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ।