ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਘੱਟ ਗਿਣਤੀਆਂ ਅਤੇ ਅਮਨ ਪਸੰਦ ਲੋਕਾਂ ਨੂੰ ਆਪਣੇ ਦੁਸ਼ਮਣ ਮਿੱਤਰ ਦੀ ਪਛਾਣ ਕਰਕੇ ਕਰਨਾ ਚਾਹੀਦਾ ਹੈ ਆਪਣੀ ਵੋਟ ਦਾ ਇਸਤੇਮਾਲ
ਘੱਟ ਗਿਣਤੀਆਂ ਅਤੇ ਅਮਨ ਪਸੰਦ ਲੋਕਾਂ ਨੂੰ ਆਪਣੇ ਦੁਸ਼ਮਣ ਮਿੱਤਰ ਦੀ ਪਛਾਣ ਕਰਕੇ ਕਰਨਾ ਚਾਹੀਦਾ ਹੈ ਆਪਣੀ ਵੋਟ ਦਾ ਇਸਤੇਮਾਲ
Page Visitors: 2697

ਘੱਟ ਗਿਣਤੀਆਂ ਅਤੇ ਅਮਨ ਪਸੰਦ ਲੋਕਾਂ ਨੂੰ ਆਪਣੇ ਦੁਸ਼ਮਣ ਮਿੱਤਰ ਦੀ ਪਛਾਣ ਕਰਕੇ ਕਰਨਾ ਚਾਹੀਦਾ ਹੈ ਆਪਣੀ ਵੋਟ ਦਾ ਇਸਤੇਮਾਲ
ਕਿਰਪਾਲ ਸਿੰਘ ਬਠਿੰਡਾ

ਮੋਬ: 9855480797

*ਸਿਆਸੀ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਅਸਲ ਵਿੱਚ ਧਰਮ ਦੇ ਹਿੱਤ ਵਿੱਚ ਨਹੀਂ ਹਨ

*ਆਰਐੱਸਐੱਸ ਦੀਆਂ ਸ਼ਾਖਾਵਾਂ ਵੱਲੋਂ ‘ਆਪ’ ਦਾ ਕੀਤਾ ਜਾ ਰਿਹਾ ਜ਼ਬਰਦਸਤ ਵਿਰੋਧ ਹੀ ਦਸਦਾ ਹੈ ਕਿ ‘ਆਪ’ ਘੱਟ ਗਿਣਤੀਆਂ ਤੇ ਇਨਸਾਫ਼-ਪਸੰਦ ਲੋਕਾਂ ਦੇ ਹਿੱਤਾਂ ਵਿੱਚ ਹੈ
‘ਆਪ’ ਭਾਵ ਆਮ ਆਦਮੀ ਪਾਰਟੀ ਸਤਾ ਪ੍ਰਾਪਤੀ ਲਈ ਭਾਰਤ ਦੀਆਂ ਬਾਕੀ ਸਿਆਸੀ ਪਾਰਟੀਆਂ ਵਰਗੀ ਕੋਈ ਆਮ ਸਿਆਸੀ ਪਾਰਟੀ ਨਹੀਂ ਹੈ ਬਲਕਿ ਭ੍ਰਿਸ਼ਟ ਅਤੇ ਵਿਗੜ ਚੁੱਕੇ ਸਿਸਟਮ ਨੂੰ ਪੂਰੀ ਤਰ੍ਹਾਂ ਬਦਲਣ ਲਈ ਇੱਕ ਕ੍ਰਾਂਤੀ ਹੈ। ਹੁਣ ਤੱਕ ਦਾ ਸਿਸਟਮ ਜਿਸ ਨੂੰ ਬਦਲਣ ਲਈ ‘ਆਪ’ ਨੇ ਜੋ ਸੁਪਨਾ ਲਿਆ ਹੈ, ਉਹ ਕੀ ਹੈ; ਇਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ। ਇਸ ਸਿਸਟਮ ਵਿੱਚ ਦੋ ਵੱਡੇ ਦੋਸ਼ ਹਨ। ਪਹਿਲਾ ਦੋਸ਼ ਤਾਂ ਇਹ ਹੈ ਕਿ ਵੱਖ ਵੱਖ ਧਰਮਾਂ ਅਤੇ ਜਾਤਾਂ ਦੇ ਹਿੱਤ ਪੂਰਨ ਦੇ ਨਾਮ ਹੇਠ ਰਾਜਨੀਤਕ ਪਾਰਟੀਆਂ ਬਣਾਈਆਂ ਜਾਂਦੀਆਂ ਹਨ। ਜਿਵੇਂ ਕਿ ਸਿੱਖਾਂ ਦੇ ਹਿੱਤ ਪੂਰਨ ਦੇ ਨਾਮ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਹਿੰਦੂਆਂ ਦੇ ਹਿੱਤ ਪੂਰਨ ਦੇ ਨਾਮ ’ਤੇ ਆਰਐੱਸਐੱਸ ਦੀ ਨਿਗਰਾਨੀ ਹੇਠ ਭਾਜਪਾ ਹੋਂਦ ਵਿੱਚ ਆਈ। ਇਹ ਪਾਰਟੀਆਂ ਧਰਮ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਕਈ ਤਰ੍ਹਾਂ ਦੇ ਮੋਰਚੇ ਲਾ ਕੇ ਸਬੰਧਤ ਧਰਮ ਦੇ ਮੰਨਣ ਵਾਲਿਆਂ ਨੂੰ ਆਪਣੇ ਵੋਟ ਬੈਂਕ ਲਈ ਵਰਤਦੇ ਹਨ। ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਦੇ ਅਧਾਰ ’ਤੇ ਵੱਖਰਾ ਪੰਜਾਬੀ ਸੂਬਾ ਬਣਾਉਣ ਦੀ ਮੰਗ ਰੱਖ ਕੇ ਮੋਰਚੇ ਲਾਏ। ਇਨ੍ਹਾਂ ਮੋਰਚਿਆਂ ਵਿੱਚ ਕਿੰਨੇ ਹੀ ਸੁਹਿਰਦ ਸਿੱਖਾਂ ਨੇ ਪੁਲਿਸ ਲਾਠੀ ਚਾਰਜ ਦੌਰਾਨ ਡਾਂਗਾਂ ਖਾਧੀਆਂ, ਜੇਲ੍ਹਾਂ ਕੱਟੀਆਂ ਅਤੇ ਸ਼ਹੀਦੀਆਂ ਪਾਈਆਂ। ਅਕਾਲੀ ਦਲ ਦੀ ਇਸ ਮੰਗ ਦਾ ਹਿੰਦੂਆਂ ਦਾ ਹਿੱਤ ਪੂਰਨ ਦੇ ਨਾਮ ’ਤੇ ਉਸ ਸਮੇਂ ਬਣੀ ਰਾਜਨੀਤਕ ਪਾਰਟੀ ਜਨਸੰਘ (ਹੁਣ ਬਦਲਿਆ ਨਾਮ ਭਾਜਪਾ) ਨੇ ਡਟ ਕੇ ਵਿਰੋਧ ਕੀਤਾ।
ਪੰਜਾਬੀ ਬੋਲਦੇ ਹੋਣ ਦੇ ਬਾਵਯੂਦ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ; ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਦੇ ਮਰਨ ਵਰਤਾਂ ਦੇ ਸਮਾਨਅੰਤਰ ਜਨਸੰਘ ਦੇ ਆਗੂ ਯੱਗਯ ਦੱਤ ਸ਼ਰਮਾ ਨੇ ਮਰਨ ਵਰਤ ਰੱਖੇ। ਇਸ ਦਾ ਸਿੱਟਾ ਇਹ ਨਿਕਲਿਆ ਕਿ ਹਿੰਦੂ ਸਿੱਖਾਂ ਦੇ ਮਨਾਂ ਅਤੇ ਰਿਸ਼ਤਿਆਂ ਵਿੱਚ ਭਾਰੀ ਤ੍ਰੇੜਾਂ ਪਈਆਂ; ਪੰਜਾਬੀ ਬੋਲਦੇ ਖੇਤਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਰਹਿ ਗਏ; ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਲਾਗੂ ਰਿਪੇਰੀਅਨ ਕਾਨੂੰਨ ਦੀ ਅਣਦੇਖੀ ਕਰਕੇ ਪੰਜਾਬ ਨੂੰ ਇਸ ਦੇ ਦਰਿਆਈ ਪਾਣੀਆਂ ਤੋਂ ਵਾਂਝਾ ਕਰ ਦਿੱਤਾ ਗਿਆ। ਪੰਜਾਬ ਦਾ ਇਤਨਾ ਨੁਕਸਾਨ ਕਰਵਾਉਣ ਪਿੱਛੋਂ ਪੰਜਾਬੀ ਸੂਬੇ ਸਬੰਧੀ ਬਿਲਕੁਲ ਆਪਾ ਵਿਰੋਧੀ ਪੈਂਤੜਾ ਅਪਨਾਉਣ ਵਾਲੇ ਅਕਾਲੀ ਦਲ ਅਤੇ ਜਨਸੰਘ ਨੇ ਸਤਾ ਦੀ ਕੁਰਸੀ ਦਾ ਅਨੰਦ ਮਾਨਣ ਲਈ ਨਵੇਂ ਬਣੇ ਪੰਜਾਬੀ ਸੂਬੇ ਵਿੱਚ ਹੋਈਆਂ ਪਹਿਲੀਆਂ ਪਹਿਲੀਆਂ ਚੋਣਾਂ ਪਿੱਛੋਂ ਦੋ ਵਾਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ 8 ਮਾਰਚ 1967 ਤੋਂ 25 ਨਵੰਬਰ 1967 ਅਤੇ 17 ਫਰਵਰੀ 1969 ਤੋਂ 27 ਮਾਰਚ 1970 ਤੱਕ ਅਤੇ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 27 ਮਾਰਚ 1970 ਤੋਂ 14 ਜੂਨ 1971 ਅਤੇ 20 ਜੂਨ 1977 ਤੋਂ 17 ਫਰਵਰੀ 1980 ਤੱਕ ਪੂਰੀ ਤਰ੍ਹਾਂ ਗੈਰਸਿਧਾਂਤਕ ਗਠਜੋੜ ਕਰਕੇ ਸਰਕਾਰ ਚਲਾਈ ਜਿਸ ਨੂੰ ਹਿੰਦੂ ਸਿੱਖ ਏਕਤਾ ਦਾ ਨਾਮ ਦਿੱਤਾ ਗਿਆ। ਇਸ ਗੱਠਜੋੜ ਨੂੰ ਗੈਰ ਸਿਧਾਂਤਕ ਇਸ ਕਾਰਣ ਲਿਖਿਆ ਹੈ ਕਿ ਗਠਜੋੜ ਕਰਨ ਸਮੇਂ ਇਨ੍ਹਾਂ ਦਾ ਨਿਸ਼ਾਨਾ ਹਿੰਦੂ ਸਿੱਖ ਏਕਤਾ ਨਹੀਂ ਬਲਕਿ ਸਤਾ ਪ੍ਰਾਪਤੀ ਤੱਕ ਸੀਮਤ ਹੁੰਦਾ ਹੈ। 
ਜੇ ਕਰ ਨਿਸ਼ਾਨਾ ਹਿੰਦੂ ਸਿੱਖ ਏਕਤਾ ਹੁੰਦਾ ਤਾਂ ਚਾਰ ਵਾਰ ਪੰਜਾਬ ਦੀ ਸਰਕਾਰ ਅਤੇ ਇੱਕ ਵਾਰ ਜੇ.ਪੀ. ਅੰਦੋਲਨ ਪਿੱਛੋਂ ਮੋਰਾਰਜੀ ਦੇਸਾਈ ਦੀ ਅਗਵਾਈ ਹੇਠ 24 ਮਾਰਚ 1977 ਤੋਂ 28 ਜੁਲਾਈ 1979 ਤੱਕ ਕੇਂਦਰ ਸਰਕਾਰ ਵਿੱਚ ਭਾਈਵਾਲ ਰਹਿਣ ਉਪ੍ਰੰਤ ਹਿੰਦੂ ਸਿੱਖ ਏਕਤਾ ਪੱਕੀ ਹੋ ਜਾਣੀ ਚਾਹੀਦੀ ਸੀ। ਏਕਤਾ ਦੀ ਲੜੀ ਵਿੱਚ ਪ੍ਰੋਤੇ ਹਿੰਦੂ ਸਿੱਖ ਪੰਜਾਬ ਦੇ ਹਿਤਾਂ ਲਈ ਹਮੇਸ਼ਾਂ ਰਲ ਕੇ ਆਵਾਜ਼ ਬੁਲੰਦ ਕਰਦੇ। ਪਰ ਐਸਾ ਕਦੀ ਵੀ ਨਹੀਂ ਹੋਇਆ ।
ਇਸ ਦਾ ਅੰਦਾਜ਼ਾ ਸਹਿਜੇ ਹੀ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 24 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਜਿਸ ਰਾਹੀਂ ਸਤਲੁਜ ਦਰਿਆ ਦਾ ਪਾਣੀ ਹਰਿਆਣਾ ਨੂੰ ਦੇਣ ਲਈ ਯਮੁਨਾ ਦਰਿਆ ਵਿੱਚ ਪਾਇਆ ਜਾਣਾ ਸੀ; ਦਾ ਟੱਕ ਲਾਏ ਜਾਣ ਉਪ੍ਰੰਤ ਅਕਾਲੀ ਦਲ ਨੇ ਨਹਿਰ ਰੋਕੂ ਮੋਰਚਾ ਲਾ ਦਿੱਤਾ ਜੋ ਬਾਅਦ ਵਿੱਚ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ। ਇਸ ਮੋਰਚੇ ਦੌਰਾਨ ਅਕਾਲੀ ਦਲ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਧੱਕਾ ਅਤੇ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਕਰਨ ਦੇ ਦੋਸ਼ ਲਾਏ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸੰਵਿਧਾਨ ਦੀ ਧਾਰਾ 25ਬੀ(2) ਜਿਹੜੀ ਕਿ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਣ ਦੀ ਥਾਂ ਹਿੰਦੂ ਧਰਮ ਦਾ ਇੱਕ ਅੰਗ ਦਰਸਾਉਂਦੀ ਹੈ ਪਾੜ ਕੇ ਸਾੜੀ ਗਈ। ਭਾਜਪਾ ਨੇ ਇਨ੍ਹਾਂ ਸਾਰੀਆਂ ਮੰਗਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਰਾਜਨੀਤਕ ਵਿਰੋਧ ਕਾਰਣ ਹਿੰਦੂ ਸਿੱਖਾਂ ਵਿੱਚ ਦੁਸ਼ਮਣੀ ਦੀ ਹੱਦ ਤੱਕ ਤ੍ਰੇੜਾਂ ਵਧ ਗਈਆਂ। ਬਹੁਗਿਣਤੀ ਹਿੰਦੂ ਭਾਰਤ ਵਿੱਚ ਸੰਵਿਧਾਨਕ ਤੌਰ ’ਤੇ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਤੇ ਜਾਣ ਦੀ ਉਮੀਦ ਪੂਰੀ ਨਾ ਹੁੰਦੀ ਵੇਖ ਜ਼ਜ਼ਬਾਤ ਵਿੱਚ ਆਏ ਸਿੱਖ ਨੌਜਵਾਨਾਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਹਥਿਆਰ ਚੁੱਕ ਲਏ। ਭਾਜਪਾ ਵੱਲੋਂ ਪੰਜਾਬ ਦੀਆਂ ਹੱਕੀ ਮੰਗਾਂ ਦਾ ਹਰ ਫਰੰਟ ’ਤੇ ਵਿਰੋਧ ਕੀਤੇ ਜਾਣ ਕਾਰਣ ਮਾਮਲਾ ਦਿਨੋ ਦਿਨ ਉਲਝਦਾ ਗਿਆ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਪਹਿਲਾਂ ਤੋਂ ਹੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਤਿਆਰੀ ਕਰ ਰਹੀ ਇੰਦਰਾ ਗਾਂਧੀ ਨੂੰ ਉਕਸਾਇਆ; ਜਿਸ ਦਾ ਪ੍ਰਗਟਾਵਾ ਅਡਵਾਨੀ ਨੇ ਆਪਣੀ ਸਵੈਜੀਵਨੀ ਪੁਸਤਕ ਵਿੱਚ ਵੀ ਕੀਤਾ ਹੈ। ਅਡਵਾਨੀ ਵੱਲੋਂ ਦਿੱਤੀ ਗਈ ਉਕਸਾਹਟ ਨਾਲ ਇੰਦਰਾ ਗਾਂਧੀ ਨੂੰ ਹੋਰ ਬਲ ਮਿਲਿਆ ਤੇ ਉਸ ਨੇ 3 ਜੂਨ ਤੋਂ 6 ਜੂਨ 1984 ਦੌਰਾਨ ਅਕਾਲ ਤਖ਼ਤ ’ਤੇ ਟੈਂਕਾਂ ਅਤੇ ਹਵਾਈ ਜਹਾਜਾਂ ਨਾਲ ਫੌਜੀ ਹਮਲਾ ਕਰਕੇ ਅਕਾਲ ਤਖ਼ਤ ਨੂੰ ਢਹਿਢੇਰੀ ਕਰ ਦਿੱਤਾ। ਇਸ ਹਮਲੇ ਨੂੰ ਸਫਲਤਾ ਵਿੱਚ ਬਦਲਣ ਲਈ ਰੂਸ ਅਤੇ ਇੰਗਲੈਂਡ ਦੀਆਂ ਸਰਕਾਰਾਂ ਤੋਂ ਮੱਦਦ ਲੈਣ ਵਿੱਚ ਵੀ ਸੰਕੋਚ ਨਾ ਕੀਤਾ। ਆਪਣੇ ਹੀ ਦੇਸ਼ ਦੇ ਸ਼ਹਿਰੀਆਂ ਜਿਨ੍ਹਾਂ ਨੇ ਦੇਸ਼ ਦੀ ਆਜਾਦੀ ਵਿੱਚ ਭਾਰੀ ਯੋਗਦਾਨ ਪਾਇਆ; ਨੂੰ ਕੁਚਲਣ ਲਈ ਵਿਦੇਸ਼ਾਂ ਤੋਂ ਫੌਜੀ ਸਹਾਇਤਾ ਲੈਣੀ, ਸੰਵਿਧਾਨਕ ਤੌਰ ’ਤੇ ਚੁਣੀ ਸਰਕਾਰ ਦੀ ਇਖ਼ਲਾਕੀ ਹਾਰ ਸੀ ਪਰ ਇਸ ਦੇ ਬਾਵਯੂਦ ਭਾਜਪਾ ਨੇ ਇਸ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਭੰਗੜੇ ਪਾਏ ਤੇ ਲੱਡੂ ਵੰਡੇ; ਇੰਦਰਾ ਗਾਂਧੀ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ। 
ਸਰਕਾਰ ਅਤੇ ਭਾਜਪਾ ਦੀ ਇਸ ਕਾਰਵਾਈ ਨੇ ਸਿੱਖਾਂ ਵਿੱਚ ਭਾਰੀ ਰੋਸ ਪੈਦਾ ਕੀਤਾ ਜਿਸ ਕਾਰਣ ਇੰਦਰਾ ਗਾਂਧੀ ਦੇ ਦੋ ਬੌਡੀਗਰਡ ਸਿੱਖਾਂ ਨੇ ਹੀ ਉਸ ਨੂੰ 31 ਅਕਤੂਬਰ 1984 ਨੂੰ ਉਸ ਦੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਿਉਂਕਿ ਪਹਿਲਾਂ ਤੋਂ ਹੀ ਕੇਂਦਰੀ ਕਾਂਗਰਸ ਸਰਕਾਰ, ਭਾਜਪਾ ਅਤੇ ਇਨ੍ਹਾਂ ਦਾ ਅਸਰ ਕਬੂਲਣ ਵਾਲੇ ਮੀਡੀਏ ਨੇ ਸਿੱਖਾਂ ਨੂੰ ਹਿੰਦੂ ਵਿਰੋਧੀ ਦੱਸ ਕੇ ਖੂਬ ਭੰਡਿਆ ਸੀ। ਇਸ ਲਈ ਬਦਲੇ ਦੀ ਭਾਵਨਾ ਅਧੀਨ ਸਮੁਚੇ ਸਿੱਖ ਭਾਈਚਾਰੇ ਨੂੰ ਇੰਦਰਾ ਗਾਂਧੀ ਦੇ ਕਤਲ ਦਾ ਦੋਸ਼ੀ ਮੰਨ ਕੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਸਿੱਧੀ ਸਰਪ੍ਰਸਤੀ ਹੇਠ ਗੁੰਮਰਾਹ ਕੀਤੇ ਹਜੂਮ ਨੇ 1 ਨਵੰਬਰ ਤੋਂ 3 ਨਵੰਬਰ ਤੱਕ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ, ਉਨ੍ਹਾਂ ਦੀਆਂ ਜਾਇਦਾਦਾਂ ਦੀ ਲੁੱਟ ਮਾਰ ਤੇ ਸਾੜਫੂਕ ਕੀਤੀ ਗਈ ਅਤੇ ਇਖ਼ਲਾਕ ਦੀਆਂ ਸਾਰੀਆਂ ਹੱਦਾਂ ਬੰਨੇ ਟਪਦਿਆਂ ਸਿੱਖ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਜੰਗਲ ਰਾਜ ਨੇ ਨੌਜਵਾਨ ਅਣਖੀ ਸਿੱਖਾਂ ਨੂੰ ਇਸ ਕਦਰ ਝੰਜੋੜਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ: 
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥’ {ਗੁਰੂ ਗ੍ਰੰਥ ਸਾਹਿਬ - ਪੰਨਾ 142}, 
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
 ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥’ (ਗੁਰੂ ਗ੍ਰੰਥ ਸਾਹਿਬ ਪੰਨਾ 1105) ਅਤੇ 
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ 
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥’ {ਗੁਰੂ ਗ੍ਰੰਥ ਸਾਹਿਬ ਪੰਨਾ 1412}
ਪੜ੍ਹਦੇ ਹੋਏ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ ਜਿਸ ਕਾਰਣ ਇੱਕ ਦਹਾਕੇ ਤੱਕ ਹਿੰਦੂ ਸਿੱਖਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਸ਼ਹੀਦ ਸਿੰਘਾਂ ਦੇ ਭੋਗਾਂ ’ਤੇ ਵੀ ਜਾਂਦਾ ਸੀ ਅਤੇ ਉਨ੍ਹਾਂ ਨੂੰ ਕੌਮੀ ਸ਼ਹੀਦ ਐਲਾਨਦਾ ਰਿਹਾ।
1997 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਵਿੱਚ ਚੋਣ ਵਾਅਦਾ ਕੀਤਾ ਸੀ ਕਿ “ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਜੇਲ੍ਹਾਂ ਵਿੱਚ ਬੈਠੇ ਸਾਰੇ ਸਿੱਖਾਂ ਨੂੰ ਰਿਹਾਅ ਕਰਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਸਿੱਖ ਨੌਜਾਵਾਨਾਂ ਦਾ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਕਤਲ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਤੇ ਮੁਲਾਜਮਾਂ ਨੂੰ ਕਾਨੂੰਨ ਮੁਤਾਬਕ ਸਜਾ ਦਿੱਤੀ ਜਾਵੇਗੀ।” ਪਰ ਇਸ ਨੂੰ ਬੇਸ਼ਰਮੀ ਦੀ ਹੱਦ ਹੀ ਕਿਹਾ ਜਾ ਸਕਦਾ ਹੈ ਕਿ ਚੋਣਾਂ ਜਿੱਤਣ ਉਪ੍ਰੰਤ ਅਕਾਲੀ ਦਲ ਨੇ ਉਸੇ ਭਾਜਪਾ (ਜਿਸ ਦੇ ਗਲਤ ਰਵਈਏ ਕਾਰਣ ਪੰਜਾਬ ਦੇ ਹਾਲਤ ਇਸ ਕਦਰ ਵਿਗੜੇ) ਨਾਲ ਪੰਜਾਬ ਅਤੇ ਕੇਂਦਰ ਵਿੱਚ ਫਿਰ ਭਾਈਵਾਲ ਸਰਕਾਰ ਬਣਾ ਕੇ ਸਤਾ ਦੀ ਕੁਰਸੀ ਦਾ ਅਨੰਦ ਮਾਣਿਆ। ਜਿਨ੍ਹਾਂ ਸਿੱਖ ਨੌਜਾਵਾਨਾਂ ਨੇ ਇਨ੍ਹਾਂ ਵੱਲੋਂ ਲਾਏ ਮੋਰਚੇ ਨੇ ਹਥਿਆਰ ਚੁੱਕਣ ਦੇ ਰਾਹ ਪਾਇਆ, ਜਿਨ੍ਹਾਂ ਦੇ ਭੋਗ ਸਮਾਗਮਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਕੌਮੀ ਸ਼ਹੀਦ ਐਲਾਣਦਾ ਰਿਹਾ ਹੈ ਅਤੇ ਜੇਲ੍ਹ ਵਿੱਚ ਬੈਠੇ ਜਿਨ੍ਹਾਂ ਸਿੰਘਾਂ ਨੂੰ ਰਿਹਾਅ ਕਰਕੇ ਮੁੜ ਵਸੇਬੇ ਦੇ ਲਾਰੇ ਲਾਉਂਦੇ ਰਿਹਾ ਸੀ; ਉਨ੍ਹਾਂ ਨੂੰ ਹੀ ਅੱਜ ਇਹ ਖਤਰਨਾਕ ਅੱਤਵਾਦੀ ਕਰਾਰ ਦੇ ਕੇ ਪੈਰੋਲ ਦੇਣ ਤੋਂ ਵੀ ਹੱਥ ਖੜ੍ਹੇ ਕਰ ਰਿਹਾ ਹੈ। ਸ: ਬਾਦਲ ਦਾ ਦੋਗਲਾਪਨ ਉਸ ਸਮੇਂ ਤਾਂ ਜੱਗ ਜ਼ਾਹਰ ਹੋ ਜਾਂਦਾ ਹੈ ਜਦੋਂ ਜੇਲ੍ਹਾਂ ਵਿੱਚ ਬੰਦ ਸਿੰਘ ਦੀ ਰਿਹਾਈ ਲਈ ਨਵੰਬਰ ਦਸੰਬਰ 1984 ਵਿੱਚ ਲਾਏ ਗਏ ਮੋਰਚੇ ਦੌਰਾਨ ਤਾਂ ਬਿਆਨ ਦਿੰਦਾ ਸੀ ਕਿ ਜੇ ਉਸ ਦੇ ਵੱਸ ਹੋਵੇ ਤਾਂ ਉਹ ਇਨ੍ਹਾਂ ਸਿੰਘ ਨੂੰ ਰਿਹਾਅ ਕਰਨ ਲਈ ਪੰਜ ਮਿੰਟ ਵੀ ਨਾ ਲਾਉਂਦਾ। 
ਇਸ ਉਪ੍ਰੰਤ 27 ਦਸੰਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਰਾਹੀਂ ਰਿਹਾਈ ਦਾ ਝੂਠਾ ਵਾਅਦਾ ਕਰਵਾ ਕੇ ਭਾਈ ਗੁਰਬਖ਼ਸ਼ ਸਿੰਘ ਦਾ ਵਰਤ ਸਮਾਪਤ ਕਰਵਾਇਆ ਪਰ 22 ਜਨਵਰੀ ਅਤੇ 30 ਜਨਵਰੀ 2013 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਭਾਈ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਲਈ ਹੋਈ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਡੀਸੀ ਪਟਿਆਲਾ ਗਲਤ ਰੀਪੋਰਟਾਂ ਭੇਜਦਾ ਰਿਹਾ ਅਤੇ ਹਾਈ ਕੋਰਟ ਦੀ ਹਦਾਇਤ ਦੇ ਬਾਵਜੂਦ ਪੰਜਾਬ ਸਰਕਾਰ ਨੇ 30 ਜਨਵਰੀ ਨੂੰ ਆਪਣਾ ਜਵਾਬ ਨਾ ਦਿੱਤਾ; ਜਿਸ ਕਾਰਣ ਅਗਲੀ ਸੁਣਵਾਈ 28 ਫਰਵਰੀ ਰੱਖੀ ਗਈ। ਜਿਸ ਤੋਂ ਸਪਸ਼ਟ ਹੈ ਕਿ ਸ: ਬਾਦਲ ਹੀ ਇਨ੍ਹਾਂ ਸਿੰਘਾਂ ਦੀ ਰਿਹਾਈ ਲਟਕਾ ਰਹੇ ਹਨ।
ਜਿਨ੍ਹਾਂ ਮੰਗਾਂ ਕਾਰਣ ਸ: ਬਾਦਲ ਮੋਰਚੇ ਲਾਉਂਦਾ ਰਿਹਾ ਹੈ ਉਨ੍ਹਾਂ ਨੂੰ ਮੂਲੋਂ ਹੀ ਵਿਸਾਰ ਚੁੱਕਾ ਹੈ। ਕਿਉਂਕਿ ਇਸ ਨੂੰ ਪਤਾ ਹੈ ਕਿ ਜੇ ਇਹ ਮੰਗਾਂ ਮੁੜ ਉਠਾਈਆਂ ਤਾਂ ਭਾਜਪਾ ਨਾਲ ਬਣਾਇਆ ਪਤੀ ਪਤਨੀ ਦਾ ਗੈਰਸਿਧਾਂਤਕ ਰਿਸ਼ਤਾ ਤਿੜਕ ਜਾਣਾ ਹੈ ਜਿਸ ਕਾਰਣ ਸਤਾ ਦੀ ਕੁਰਸੀ ਖਿਸਕ ਸਕਦੀ ਹੈ। ਹੋਰ ਤਾਂ ਹੋਰ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਿਖੇ ਐੱਨਡੀਏ ਦੀ ਮਹਾਂ ਚੋਣ ਰੈਲੀ ਹੋਈ ਜਿਸ ਵਿੱਚ ਗੁਜਰਾਤ ਦੇ ਭਾਜਪਾ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਸਾਰੇ ਦਰਿਆਵਾਂ ਦਾ ਸਾਂਝਾ ਪੂਲ ਬਣਾ ਕੇ ਉਸ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਰੱਖਣ ਦਾ ਸੁਝਾਉ ਦੇ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਇਸ ਸੁਝਾਉ ਨਾਲ ਸਹਿਮਤ ਹਨ। ਸ਼੍ਰੀ ਮੋਦੀ ਦਰਿਆਵਾਂ ਦੇ ਪਾਣੀਆਂ ਸਬੰਧੀ ਅੱਜ ਵੀ ਆਪਣੀ ਪੁਰਾਣੀ ਸੋਚ’ਤੇ ਕਾਇਮ ਹਨ। ਆਮ ਲੋਕਾਂ ਦੀ ਯਾਦਾਸਤ ਬਹੁਤ ਥੋਹੜੀ ਹੋਣ ਕਰਕੇ ਉਹ ਛੇਤੀ ਹੀ ਸਭ ਕੁਝ ਭੁੱਲ ਜਾਂਦੇ ਹਨ ਪਰ ਬਹੁਤ ਸਾਰੇ ਸੂਝਵਾਨ ਪੰਜਾਬੀ ਇਸ ਮੌਕੇ ਵੀ ਹਨ ਜਿਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਇਸੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੇ ਐੱਸ ਵਾਈ ਐੱਲ ਨਹਿਰ ਰੋਕਣ ਲਈ ਅਤੇ ਭਾਖੜਾ ਤੇ ਨੰਗਲ ਡੈਮਾਂ ਦਾ ਕੰਟ੍ਰੋਲ ਪੰਜਾਬ ਨੂੰ ਸੌਂਪਣ ਲਈ ਧਰਮਯੁੱਧ ਮੋਰਚਾ ਲਾਇਆ ਸੀ ਜਿਹੜਾ ਕਿ ਕਾਂਗਰਸ ਅਤੇ ਭਾਜਪਾ ਦੋਵਾਂ ਵੱਲੋਂ ਹੀ ਅਪਣਾਏ ਗਏ ਗਲਤ ਸਟੈਂਡ ਕਾਰਣ ਉਸ ਰਾਹ ਪੈ ਗਿਆ ਜਿਸ ਕਾਰਣ ਡੇਢ ਦਹਾਕੇ ਤੱਕ ਪੰਜਾਬ ਅੱਗ ਦੀ ਭੱਠੀ ਵਾਂਗ ਸੜਦਾ ਰਿਹਾ। 
ਬਾਦਲ ਦੇ ਇਸ ਬਦਲਵੇਂ ਪੈਂਤੜੇ ਦੀ ਉਸ ਕਹਾਵਤ ਨਾਲ ਪੂਰੀ ਤਰ੍ਹਾਂ ਤੁਲਨਾ ਦਿੱਤੀ ਜਾ ਸਕਦੀ ਹੈ ਕਿ 
ਰੋਮ ਸੜ ਰਿਹਾ ਹੈ ਤੇ ਨੀਰੂ ਬੰਸਰੀ ਵਜਾ ਰਿਹਾ ਹੈ’।
ਭਾਵ ਇਸ ਵੱਲੋਂ ਧਰਮਯੁੱਧ ਮੋਰਚੇ ਲਾਉਣੇ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਨਹੀ ਸਗੋਂ ਕੁਰਸੀ ਖੁੱਸਣ ਪਿੱਛੋਂ ਸਤਾ ਪ੍ਰਾਪਤੀ ਦੇ ਸਾਧਨ ਸਨ।
ਲੰਗੜਾ ਪੰਜਾਬੀ ਸੂਬਾ ਮਨਜੂਰ ਕਰਨ ਪਿੱਛੇ ਵੀ ਇਨ੍ਹਾਂ ਦੀ ਭਾਵਨਾਂ ਪੰਜਾਬੀ ਭਾਸ਼ਾ ਦੇ ਹਿੱਤ ਨਹੀਂ ਸਨ ਬਲਕਿ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਸੀ ਤਾ ਕਿ ਨਵੇਂ ਸੂਬੇ ਦੀ ਰਾਜਨੀਤੀ ਵਿੱਚ ਅਕਾਲੀਦਲ ਦਾ ਏਕਾਧਿਕਾਰ ਬਣਿਆ ਰਹੇ। ਪੰਜਾਬੀ ਭਾਸ਼ਾ ਨੂੰ ਅੱਜ ਵੀ ਪੰਜਾਬ ਵਿੱਚ ਉਹ ਦਰਜਾ ਨਹੀਂ ਮਿਲ ਸਕਿਆ ਜਿਹੜਾ ਕਿ ਸੂਬੇ ਦੀ ਮਾਤਭਾਸ਼ਾ ਨੂੰ ਮਿਲਣਾ ਚਾਹੀਦਾ ਹੈ। ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਅੱਜ ਵੀ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਜੁਰਮਾਨੇ ਤੇ ਸਰੀਰਕ ਸਜਾਵਾਂ ਭੁਗਤਣੀਆਂ ਪੈਂਦੀਆਂ ਹਨ। ਦਫਤਰਾਂ ਵਿੱਚ ਬਹੁਤਾ ਕੰਮ ਅੰਗਰੇਜੀ ਵਿੱਚ ਹੋ ਰਿਹਾ ਹੈ।
ਇਹੋ ਹਾਲ ਭਾਜਪਾ ਦਾ ਹੈ ਜਿਸ ਨੇ ਵੋਟਾਂ ਖਾਤਰ ਹਿੰਦੂ ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਆਪਣੇ ਪੱਖ ਵਿੱਚ ਕਰਨ ਲਈ ਰਾਮ ਮੰਦਰ ਦਾ ਨਾਹਰਾ ਦੇ ਕੇ 6 ਦਸੰਬਰ 1992 ਨੂੰ ਬਾਬਰੀ ਮਸਜ਼ਿਦ ਗਿਰਾਈ, ਵਿਰੋਧੀ ਧਿਰ ਵਿੱਚ ਹੁੰਦਿਆਂ ਕਈ ਰਥ ਯਾਤਰਾਵਾਂ ਕੱਢ ਕੇ ਹਿੰਦੂ-ਮੁਸਲਮਾਨਾਂ ਦੇ ਦਿਲਾਂ ਵਿੱਚ ਨਫਰਤ ਪੈਦਾ ਕਰਵਾ ਕੇ ਸੰਪ੍ਰਦਾਇਕ ਦੰਗੇ ਭੜਕਾਏ ਜਿਸ ਕਾਰਣ ਫਰਵਰੀ ਮਾਰਚ 2002 ਵਿੱਚ ਨਰਿੰਦਰ ਮੋਦੀ ਦੀ ਸਰਪ੍ਰਸਤੀ ਹੇਠ ਗੁਜਰਾਤ ਵਿੱਚ ਮੁਸਲਿਮ ਵਿਰੋਧੀ ਦੰਗੇ ਹੋਏ ਜਿਸ ਦੌਰਾਨ ਹਜਾਰਾਂ ਬੇਗੁਨਾਹ ਮੁਸਲਮਾਨ ਤੇ ਕੁਝ ਹਿੰਦੂ ਮਾਰੇ ਗਏ; ਕਰੋੜਾਂ ਦੀ ਜਾਇਦਾਦਾਂ ਦਾ ਨੁਕਸਾਨ ਹੋਇਆ ਪਰ ਇਹ ਭਾਜਪਾ ਜਦੋਂ ਸਤਾ ਵਿੱਚ ਆ ਜਾਂਦੀ ਹੈ ਤਾਂ ਰਾਮ ਮੰਦਰ ਨੂੰ ਬਿਲਕੁਲ ਭੁੱਲ ਜਾਂਦੀ ਹੈ। ਇਸ ਤੋਂ ਜ਼ਾਹਰ ਹੋਇਆ ਕਿ ਧਰਮ ਦੇ ਨਾਮ ’ਤੇ ਬਣੀਆਂ ਇਹ ਸਿਆਸੀ ਪਾਰਟੀਆਂ ਨੂੰ ਧਰਮ ਜਾਂ ਧਰਮ ਨਾਲ ਸਬੰਧਤ ਮੰਗਾਂ ਨਾਲ ਕੋਈ ਸਰੋਕਾਰ ਨਹੀਂ ਸਗੋਂ ਧਰਮ ਦੀ ਗਲਤ ਵਰਤੋਂ ਕਰਦੇ ਹੋਏ ਇਸ ਨੂੰ ਕੇਵਲ ਆਪਣੀ ਸਿਆਸਤ ਲਈ ਵਰਤ ਰਹੇ ਹਨ। ਹਰ ਧਰਮ ਦੇ ਮੰਨਣ ਵਾਲੇ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿਆਸੀ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਧਰਮ ਦੀ ਆੜ ਵਿੱਚ ਬਣੀਆਂ ਰਾਜਨੀਤਕ ਪਾਰਟੀਆਂ ਅਸਲ ਵਿੱਚ ਧਰਮ ਦੇ ਹਿੱਤ ਵਿੱਚ ਨਹੀਂ ਹਨ।
ਦੂਸਰਾ ਵਿਗਾੜ ਇਹ ਪੈ ਗਿਆ ਹੈ ਕਿ ਸਮਾਜ ਸੇਵਾ ਜਾਂ ਸਮਾਜ ਸੁਧਾਰ ਦੀ ਭਾਵਨਾ ਅਧੀਨ ਲੋਕ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੁੰਦੇ ਬਲਕਿ ਵੱਡੇ ਵੱਡੇ ਧਨਾਡ ਲੋਕ ਪੈਸੇ ਦੇ ਜੋਰ ਨਾਲ ਰਾਜਨੀਤਕ ਅਹੁੱਦੇ ਪ੍ਰਾਪਤ ਕਰਦੇ ਹਨ ਤੇ ਫਿਰ ਇਨ੍ਹਾਂ ਉਚ ਅਹੁੱਦਿਆਂ ਦੀ ਕੁਵਰਤੋਂ ਕਰਕੇ ਭ੍ਰਿਸ਼ਟਾਚਾਰ ਰਾਹੀਂ ਵੱਧ ਤੋਂ ਵੱਧ ਧਨ ਕਮਾਉਣਾ ਹੀ ਇੱਕੋ ਇੱਕ ਟੀਚਾ ਬਣ ਚੁੱਕਾ ਹੈ। ਇਹੋ ਕਾਰਣ ਹੈ ਕਿ ਅਕਾਲੀ ਦਲ ਦੇ ਸੱਦੇ ’ਤੇ ਮੋਰਚਿਆਂ ਵਿੱਚ ਸ਼ਾਮਲ ਹੋ ਕੇ ਪੁਲਿਸ ਦੀਆਂ ਡਾਂਗਾਂ ਖਾਣ, ਜੇਲ੍ਹਾਂ ਕੱਟਣ ਤੇ ਸ਼ਹੀਦੀਆਂ ਪਾਉਣ ਵਾਲਿਆਂ ਦੀ ਪਾਰਟੀ ਵਿੱਚ ਅੱਜ ਕੋਈ ਪੁੱਛ ਪ੍ਰਤੀਤ ਨਹੀਂ ਤੇ ਪਾਰਟੀ ਟਿਕਟਾਂ ਤੇ ਅਹੁਦੇ ਰੀਅਲ ਅਸਟੇਟਾਂ, ਸ਼ਰਾਬ ਦੇ ਵੱਡੇ ਠੇਕੇਦਾਰਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਉਨ੍ਹਾਂ ਵੱਲੋਂ ਚੋਣਾਂ ਵਿੱਚ ਖਰਚੇ ਜਾਣ ਵਾਲੇ ਪੈਸੇ ਨੂੰ ਮੁੱਖ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ। ਬਾਦਲ ਸਾਹਿਬ ਕਦੀ ਕਦਾਈਂ ਅਜਿਹੇ ਚੁਟਕਲੇ ਸੁਣਾ ਕੇ ਪੁਰਾਣੇ ਵਰਕਰਾਂ ਨੂੰ ਖੁਸ਼ ਕਰ ਲੈਂਦੇ ਹਨ ਕਿ ਅਸੀਂ ਜੇਲਾਂ ਕਟਦੇ ਰਹੇ, ਬਹੁਤ ਸਾਰੇ ਮੇਰੇ ਪੁਰਾਣੇ ਸਾਥੀ ਵੀ ਸਾਹਮਣੇ ਬੈਠੇ ਹਨ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਪਰ ਆਹ ਮੁੰਡੇ (ਮਜੀਠੀਏ ਵੱਲ ਹੱਥ ਕਰਕੇ) ਜਿਨ੍ਹਾਂ ਨੂੰ ਥਾਲ ਵਿੱਚ ਪਰੋਸੀ ਹੋਈ ਮਿਲ ਗਈ ਹੈ ਇਹ ਹੁਣ ਸਭ ਕਾਸੇ ’ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਹਨ। ਬਾਦਲ ਸਾਹਿਬ ਨੂੰ ਕੋਈ ਪੁਰਾਣਾ ਟਕਸਾਲੀ ਇਹ ਪੁੱਛਣ ਦੀ ਹਿੰਮਤ ਨਹੀਂ ਰਖਦਾ ਕਿ ਇਹ ਕਬਜ਼ਾ ਤਾਂ ਮਨਪ੍ਰੀਤ ਬਾਦਲ ਵੀ ਕਰਨ ਨੂੰ ਫਿਰਦਾ ਸੀ ਤੂੰ ਉਸ ਨੂੰ ਕਿਉਂ ਨਾ ਕਰਨ ਦਿੱਤਾ? ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ ਸਾਰੇ ਹੀ ਕਬਜ਼ਾ ਕਰਨ ਨੂੰ ਫਿਰਦੇ ਸਨ ਉਹ ਕਿਉਂ ਸਫਲ ਨਾ ਹੋ ਸਕੇ? ਕੀ ਉਨ੍ਹਾਂ ਦੀ ਯੋਗਤਾ ਸੁਖਬੀਰ ਬਾਦਲ ਅਤੇ ਮਜੀਠੀਏ ਨਾਲੋਂ ਕਿਸੇ ਤਰ੍ਹਾਂ ਘੱਟ ਸੀ ਜਾਂ ਇਹ ਸਭ ਕੁਝ ਪ੍ਰਵਾਰਵਾਦ ਦਾ ਹੀ ਕ੍ਰਿਸ਼ਮਾ ਹੈ ਕਿ ਇਹ ਕਾਬਜ਼ ਹੋ ਗਏ!
ਕਾਂਗਰਸ ਵੱਲੋਂ ਕੀਤੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਕੇ ਧਰਮ ਦੇ ਨਾਮ ’ਤੇ ਬਣੀਆਂ ਇਹ ਦੋਵੇਂ ਪਾਰਟੀਆਂ ਅਤੇ ਸ਼ਰੇਆਮ ਗੁੰਡਾਗਰਦੀ ਕਰਨ ਵਾਲੀ ਸ਼ਿਵਸੈਨਾ ਦਾ ਗੱਠਜੋੜ; ਸਤਾ ਦੀ ਕੁਰਸੀ ਹਥਿਆਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਤੋਂ ਲੋਕ ਅੰਤਾਂ ਦੇ ਦੁਖੀ ਹਨ। ਇਹ ਵੀ ਬਿਲਕੁਲ ਸਹੀ ਹੈ ਕਿ ਲੰਬਾ ਸਮਾਂ ਕਾਂਗਰਸ ਦਾ ਰਾਜ ਰਹਿਣ ਕਰਕੇ ਇਹ ਪਾਰਟੀ ਹੀ ਮੁੱਖ ਤੌਰ ’ਤੇ ਦੋਸ਼ੀ ਹੈ। ਪਰ ਇਨ੍ਹਾਂ ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਉਣ ਵਾਲੀਆਂ ਇਨ੍ਹਾਂ ਪਾਰਟੀਆਂ ਦਾ ਆਪਣਾ ਹਾਲ ਵੇਖੋ! ਮਹਿੰਗਾਈ ਤੇ ਭ੍ਰਿਸ਼ਟਾਚਾਰ ਵਾਜਪਾਈ ਦੀ ਅਗਵਾਈ ਹੇਠਲੀ ਸਰਕਾਰ ਦੇ ਸਮੇਂ ਵੀ ਸਿਖਰਾਂ ’ਤੇ ਸੀ। ਉਸ ਵੇਲੇ ਦਾ ਭਾਜਪਾ ਪ੍ਰਧਾਨ ਬੰਗਾਰੂ ਲਕਸ਼ਮਣ ਰੰਗੇ ਹੱਥੀਂ ਰਿਸ਼ਵਤ ਲੈਂਦਾ ਸਟਿੰਗ ਉਪ੍ਰਸ਼ੇਨ ਰਾਹੀਂ ਟੀਵੀ ਚੈਨਲਾਂ ’ਤੇ ਸਾਰੀ ਦੁਨੀਆਂ ਨੇ ਵੇਖਿਆ।
ਕਾਰਗਿਲ ਦੇ ਸ਼ਹੀਦਾਂ ਲਈ ਤਬੂਤਾਂ ਦੀ ਖ੍ਰੀਦ ਲਈ ਪ੍ਰਾਪਤ ਕੀਤਾ ਕਮਿਸ਼ਨ ਜੱਗ ਜ਼ਾਹਰ ਹੋਇਆ। 2004 ਦੀਆਂ ਚੋਣਾਂ ਸਮੇਂ ਇਨ੍ਹਾਂ ਹੀ ਮੁੱਦਿਆਂ ਨੂੰ ਉਛਾਲ ਕੇ ਕਾਂਗਰਸ ਨੇ ਸਤਾ ਹਾਸਲ ਕੀਤੀ।
ਹੁਣ ਆਪਣਾ ਵੇਲਾ ਭੁੱਲ ਕੇ ਭ੍ਰਿਸ਼ਟਚਾਰ ਅਤੇ ਮਹਿੰਗਾਈ ਨੂੰ ਉਛਾਲ ਕੇ ਭਾਜਪਾ ਚੋਣਾਂ ਜਿੱਤਣਾ ਚਾਹੁੰਦੀ ਹੈ! ਭਾਜਪਾ ਦਾ ਦਾਮਨ ਹੁਣ ਵੀ ਸਾਫ ਨਹੀਂ ਹੈ। ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਐੱਸ.ਬੀ. ਯੈਦੀਯੁਰੱਪਾ ਦਾ 2011 ਵਿੱਚ ਭ੍ਰਿਸ਼ਟਾਚਾਰ ਜੱਗ ਜ਼ਾਹਰ ਹੋਣ ਕਰਕੇ ਉਸ ਨੂੰ ਭਾਜਪਾ ਨੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾ ਦਿੱਤਾ। ਯੈਦੀਯੁਰੱਪਾ ਨੇ ਨਰਾਜ਼ ਹੋ ਕੇ ਭਾਜਪਾ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਲਈ; ਜਿਸ ਕਾਰਣ ਭਾਜਪਾ ਮਈ 2013 ਦੀ ਚੋਣਾਂ ਕਾਂਗਰਸ ਹੱਥੋਂ ਹਾਰ ਗਈ। ਪਰ ਹੁਣ ਸਤਾ ਪ੍ਰਾਪਤੀ ਲਈ ਭਾਜਪਾ ਨੇ ਉਸੇ ਯੈਦੀਯੁਰੱਪਾ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ਜਿਸ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਅਦਾਲਤ ਵਿੱਚ ਹਾਲੀ ਚੱਲ ਰਹੇ ਹਨ। ਬੰਗਾਰੂ ਲਕਸ਼ਮਨ ਅਤੇ ਯੈਦੀਯੁਰੱਪਾ ਵਾਂਗ ਇਸੇ ਤਰ੍ਹਾਂ ਦੇ ਅਨੇਕਾਂ ਹੋਰ ਭ੍ਰਿਸ਼ਟਾਚਾਰ ਦੇ ਦੋਸ਼ੀ ਵਿਅਕਤੀ ਇਸ ਸਮੇਂ ਵੀ ਭਾਜਪਾ ਵਿੱਚ ਮੌਜੂਦ ਹਨ।
ਅਕਾਲੀ ਦਲ (ਬਾਦਲ) ਦਾ ਹਾਲ ਇਸ ਤੋਂ ਵੀ ਬੁਰਾ ਹੈ। ਭ੍ਰਿਸ਼ਟ ਢੰਗ ਅਪਣਾ ਕੇ ਬਾਦਲ ਪ੍ਰਵਾਰ ਸੂਬੇ ਦੀ ਤਕਰੀਬਨ ਸਾਰੀ ਟਰਾਂਸਪੋਰਟ, ਕੇਬਲ ਸਿਸਟਮ ਅਤੇ ਮੀਡੀਏ ’ਤੇ ਕਾਬਜ਼ ਹੋ ਚੁੱਕਾ ਹੈ। ਲੈਂਡ ਮਾਫੀਏ, ਰੇਤ ਮਾਫੀਏ ਅਤੇ ਨਸ਼ਾ ਤਸ਼ਕਰੀ ਵਿੱਚ ਬਿਕ੍ਰਮ ਮਜੀਠੀਏ ਦਾ ਨਾਮ ਹਰ ਇੱਕ ਪੰਜਾਬੀ ਦੀ ਜ਼ਬਾਨ ’ਤੇ ਹੈ। ਨਸ਼ਾ ਤਸ਼ਕਰੀ ਦੇ ਕੇਸ ਵਿੱਚ ਫੜਿਆ ਗਿਆ ਅਕਾਲੀ ਆਗੂ ਜਗਦੀਸ਼ ਭੋਲਾ ਸਿੱਧੇ ਤੌਰ ’ਤੇ ਬਿਕ੍ਰਮ ਮਜੀਠੀਏ ਦਾ ਨਾਮ ਲੈ ਚੁੱਕਾ ਹੈ ਅਤੇ ਦੋ ਹੋਰ ਮਨਿਸਟਰਾਂ ਦੇ ਨਾਮ ਲੈਣ ਦਾ ਸੰਕੇਤ ਦੇ ਚੁੱਕਾ ਹੈ। ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਸਰਵਿਸ ਵਿੱਚ ਹੁੰਦਿਆਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ ਕਿ ਉਚ ਰਾਜਨੀਤਕ ਆਗੂ ਤੇ ਅਫਸਰ ਨਸ਼ਾ ਤਸ਼ਕਰਾਂ ਦੀ ਸਰਪਸਤੀ ਕਰ ਰਹੇ ਹਨ ਜਿਸ ਕਾਰਣ ਪੁਲਿਸ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਤੋਂ ਅਸਮਰਥ ਹੈ।
ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਸ਼੍ਰੀ ਸ਼ਸ਼ੀ ਕਾਂਤ ਨੇ ਸੇਵਾ ਮੁਕਤ ਹੋਣ ਉਪ੍ਰੰਤ ਕੇਸ ਹਾਈ ਕੋਰਟ ਵਿੱਚ ਪਾਇਆ ਹੋਇਆ ਹੈ। ਜੋਗਿੰਦਰ ਜੈਨ ਵਿਰੁੱਧ ਭ੍ਰਿਸ਼ਟਾਚਾਰ, ਹਵਾਲਾ ਅਤੇ ਕਈ ਹੋਰ ਸੰਗੀਨ ਦੋਸ਼ਾਂ ਦੇ ਕੇਸ ਅਦਾਲਤ ਵਿੱਚ ਚੱਲ ਰਹੇ ਸਨ। ਅਕਾਲੀ ਦਲ ਨੇ ਉਸ ਭ੍ਰਿਸ਼ਟ ਵਿਧਾਇਕ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ, ਉਸ ਨੂੰ ਪੰਜਾਬ ਵੇਅਰਹਾਊਸ ਦਾ ਚੇਅਰਮੈਨ ਨਿਯੁਕਤ ਕੀਤਾ। ਹਾਈ ਕੋਰਟ ਨੇ ਉਸ ਦੀ ਨਿਯੁਕਤੀ ਰੱਦ ਕਰ ਦਿੱਤੀ। ਪਰ ਅਦਾਲਤਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਦਾ ਢੰਢੋਰਾ ਪਿੱਟਣ ਵਾਲੇ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦੇ ਫੋਕੇ ਨਾਹਰੇ ਲਾਉਣ ਵਾਲੇ ਬਾਦਲ ਦਲ ਨੇ ਉਸ ਨੂੰ ਮੁੜ ਉਸੇ ਮਹਿਕਮੇ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਜਿਸ ਤੋਂ ਅਦਾਲਤ ਦੇੇ ਹੁਕਮ ਨਾਲ ਹਟਾਇਆ ਗਿਆ ਸੀ। ਇਸ ਤਰ੍ਹਾਂ ਹੋਰ ਬਹੁਤ ਸਾਰੇ ਆਗੂ ਹਨ ਜਿਨ੍ਹਾਂ ’ਤੇ ਬਾਦਲ ਦਲ ਭ੍ਰਿਸ਼ਟਾਚਾਰ ਅਤੇ ਹੋਰ ਸੰਗੀਨ ਦੋਸ਼ ਲਾਉਂਦਾ ਰਿਹਾ ਹੈ ਪਰ ਬਾਅਦ ਵਿੱਚ ਉਨ੍ਹਾਂ ਹੀ ਆਗੂਆਂ ਨੂੰ ਦਲਬਦਲੀ ਕਰਵਾ ਕੇ ਆਪਣੇ ਦਲ ਵਿੱਚ ਸ਼ਾਮਲ ਕਰ ਲਿਆ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਜਿਸ ਤਰ੍ਹਾਂ ਗੰਦੇ ਨਦੀਆਂ ਨਾਲੇ ਗੰਗਾ ਵਿੱਚ ਪੈਣ ਨਾਲ ਸਾਰੇ ਹੀ ਪਵਿੱਤਰ ਹੋ ਜਾਂਦੇ ਹਨ; ਇਸੇ ਤਰ੍ਹਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਏ ਉਹ ਸਾਰੇ ਹੀ ਪਵਿੱਤਰ ਹੋ ਗਏ ਹਨ। ਬੱਸ ਇਹੀ ਇਨ੍ਹਾਂ ਦਾ ਫਾਰਮੂਲਾ ਹੈ ਕਿ ਜਿਹੜਾ ਬਾਦਲ ਦਲ ਵਿੱਚ ਹੈ ਉਹੀ ਈਮਾਨਦਾਰ ਹੈ ਅਤੇ ਜਿਹੜਾ ਇਨ੍ਹਾਂ ਦੀ ਵਿਰੋਧੀ ਪਾਰਟੀ ਵਿੱਚ ਹੈ ਉਹ ਭ੍ਰਿਸ਼ਟਾਚਾਰੀ ਹੈ। ਸੋ ਇਨ੍ਹਾਂ ਦੇ ਪਿਛੋਕੜ ਅਤੇ ਮੰਦ ਭਾਵਨਾ ਦੀ ਚੰਗੀ ਤਰ੍ਹਾਂ ਪਛਾਣ ਕਰਨ ਉਪ੍ਰੰਤ ਹਰ ਵੋਟਰ ਨੂੰ ਚਾਹੀਦਾ ਹੈ ਕਿ ਉਹ ਪੁਰਾਤਨ ਸਾਰੀਆਂ ਭ੍ਰਿਸ਼ਟਚਾਰੀ ਤੇ ਧਰਮ ਦੇ ਨਾਮ ’ਤੇ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਆਪ ਸੁਚੇਤ ਹੋਣ ਤੇ ਦੂਸਰਿਆਂ ਨੂੰ ਸੁਚੇਤ ਹੋਣ। ਨਵੀਂ ਬਣੀ ਆਮ ਆਦਮੀ ਦੀ ਪਾਰਟੀ ‘ਆਪ’ ਜਿਹੜੀ ਕਿ ਸਿਰਫ ਭ੍ਰਿਸ਼ਟਚਾਰ ਵਿਰੁੱਧ ਲੜਨ ਦਾ ਦ੍ਰਿੜ ਇਰਾਦਾ ਹੀ ਨਹੀਂ ਰਖਦੀ ਬਲਕਿ ਭਾਈਚਾਰਕ ਸਾਂਝ ਪੈਦਾ ਕਰਕੇ ਇੱਕ ਨਵੀਂ ਕਿਸਮ ਦੀ ਰਾਜਨੀਤੀ ਕਰ ਰਹੀ ਹੈ ਨੂੰ ਡੱਟ ਕੇ ਸਮਰਥਨ ਦੇਣ। 
‘ਆਪ’ ਦੇ ਮੁਖੀ ਸ਼੍ਰੀ ਕੇਜ਼ਰੀਵਾਲ ਨੇ ਸਪਸ਼ਟ ਕੀਤਾ ਹੈ ਕਿ ਉਹ ਸਰਕਾਰ ਬਣਾਉਣ ਜਾਂ ਇਸ ਨੂੰ ਬਚਾਉਣ ਲਈ ਰਾਜਨੀਤੀ ਕਰਨ ਲਈ ਨਹੀਂ ਆਏ ਬਲਕਿ ਭ੍ਰਿਸ਼ਟਾਚਾਰ, ਪ੍ਰਵਾਰਵਾਦ ਅਤੇ ਵੀਆਈਪੀ ਸਭਿਆਚਾਰ ਮੁਕਤ ਸਰਕਾਰ ਦੇ ਕੇ ਦੇਸ਼ ਨੂੰ ਬਚਾਉਣ ਲਈ ਆਏ ਹਨ। ਇਹੋ ਕਾਰਣ ਹੈ ਕਿ ਕਾਂਗਰਸ ਪਾਰਟੀ ਦਾ ਸਮਰਥਨ ਲੈ ਕੇ ਖੜ੍ਹੀ ‘ਆਪ’ ਸਰਕਾਰ ਨੇ 30 ਦਿਨਾਂ ਵਿੱਚ ਉਹ ਕੰਮ ਕਰ ਵਿਖਾਏ ਜਿਹੜੇ ਕਿ ਅਜਾਦੀ ਮਿਲਣ ਤੋਂ ਲੈ ਕੇ ਅੱਜ ਤੱਕ 66 ਸਾਲਾਂ ਵਿੱਚ ਬਣੀ ਕਿਸੇ ਸਰਕਾਰ ਨਹੀਂ ਕੀਤੇ। ਸਮੁੱਚੇ ਦੇਸ਼ ਦੀ ਸਿਆਸਤ ’ਤੇ ਏਕਾਧਿਕਾਰ ਜਮਾ ਕੇ ਬੈਠੇ ਕੁਝ ਘਰਾਣੇ, ਅਫਸਰਸ਼ਾਹੀ, ਮੀਡੀਆ ਅਤੇ ਕੁਝ ਹੋਰ ਵਿਅਕਤੀ ਜਿਹੜੇ ਮੌਜੂਦਾ ਸਿਸਟਮ ਤੋਂ ਲਾਭਪਾਤਰੀ ਹਨ ਉਨ੍ਹਾਂ ਨੂੰ ਕੇਜ਼ਰੀਵਾਲ ਦੀ ਚੜ੍ਹਤ ਨਾਲ ਆਪਣਾ ਕਿਲਾ ਢਹਿੰਦਾ ਦਿੱਸਦਾ ਹੈ। ਇਹੋ ਕਾਰਣ ਹੈ ਕਿ ਸ਼੍ਰੀ ਕੇਜ਼ਰੀਵਾਲ ਦਾ ਵਿਰੋਧ ਕਰਨ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਆਰ ਐੱਸ ਐੱਸ ਦੀਆਂ ਸ਼ਾਖਾਵਾਂ ਵੱਲੋਂ ‘ਆਪ’ ਦਾ ਕੀਤਾ ਜਾ ਰਿਹਾ ਜ਼ਬਰਦਸਤ ਵਿਰੋਧ ਹੀ ਦਸਦਾ ਹੈ ਕਿ ‘ਆਪ’ ਘੱਟ ਗਿਣਤੀਆਂ ਤੇ ਦੇਸ਼ ਦੇ ਸਮੁੱਚੇ ਇਨਸਾਫ਼-ਪਸੰਦ ਲੋਕਾਂ ਦੇ ਹਿੱਤਾਂ ਵਿੱਚ ਹੈ। ਸਿੱਖਾਂ ਦੀ
ਕਾਤਲ ਕਾਂਗਰਸ ਅਤੇ ਮੁਸਲਮਾਨਾਂ ਦੀ ਕਾਤਲ ਭਾਜਪਾ ਨੂੰ ਵੋਟ ਪਾਉਣਾ ਘੱਟ ਗਿਣਤੀਆਂ ਵੱਲੋਂ ਤਾਂ ਆਪਣੇ ਪੈਰ ਕੁਹਾੜਾ ਮਾਰਨ ਦੇ ਬਰਾਬਰ ਹੈ ਹੀ ਬਾਕੀ ਦੇ ਇਨਸਾਫ ਪਸੰਦ ਲੋਕਾਂ ਲਈ ਵੀ ਇੰਦਰਾ ਗਾਂਧੀ ਦੇ ਪ੍ਰਵਾਰ ਦੇ ਕਿਸੇ ਮੈਂਬਰ ਜਾਂ ਘੱਟ ਗਿਣਤੀ ਵਿਰੋਧੀ ਸੋਚ ਦੇ ਮਾਲਕ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਨੁਕਸਾਨ ਦੇਹ ਹੈ; ਕਿਉਂਕਿ ਇਸ ਤਰ੍ਹਾਂ ਇਹ ਸੰਦੇਸ਼ ਜਾਵੇਗਾ ਕਿ ਘੱਟ ਗਿਣਤੀਆਂ ਦਾ ਕਤਲ ਕਰਵਾਉਣ ਵਾਲੇ ਇਸ ਦੇਸ਼ ਦੇ ਲੋਕਾਂ ਅਤੇ ਸੰਵਿਧਾਨ ਦੀਆਂ ਨਜ਼ਰਾਂ ਵਿੱਚ ਕੋਈ ਮਾੜੀ ਗੱਲ ਨਹੀਂ। ਇਸ ਸੰਦੇਸ਼ ਨਾਲ ਘੱਟ ਗਿਣਤੀਆਂ ਨੂੰ ਯਕੀਨ ਹੋ ਜਾਣਾ ਹੈ ਕਿ ਇਸ ਦੇਸ਼ ਦੀ ਸਰਕਾਰ, ਪ੍ਰਸ਼ਾਸ਼ਨ, ਨਿਆਂ ਪ੍ਰਣਾਲੀ ਅਤੇ ਲੋਕਤੰਤਰ ਸਭ ਤੋਂ ਹੀ ਉਨ੍ਹਾਂ ਨੂੰ ਕੋਈ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬਚਨਾ: 
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥’ (ਜ਼ਫ਼ਰਨਾਮਾ)
ਭਾਵ ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ, ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥22॥ ਤੋਂ ਸੇਧ ਲੈ ਕੇ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ; ਜਿਸ ਦਾ ਸੇਕ ਸਾਰੇ ਭਾਰਤ ਨੂੰ ਪਹਿਲਾਂ ਵੀ ਸਹਿਣਾ ਪਿਆ ਹੈ ਤੇ ਅੱਗੇ ਤੋਂ ਵੀ ਜਾਰੀ ਰਹੇਗਾ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.