ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ ਅਜੋਕਾ ਗੁਰਮਤਿ ਪ੍ਰਚਾਰ ? ” ਭਾਗ - 21
“ ਅਜੋਕਾ ਗੁਰਮਤਿ ਪ੍ਰਚਾਰ ? ” ਭਾਗ - 21
Page Visitors: 2995

   “ ਅਜੋਕਾ  ਗੁਰਮਤਿ  ਪ੍ਰਚਾਰ ? ”  ਭਾਗ - 21
ਗੁਰਬਾਣੀ ਵਿਆਕਰਣ ਸੰਬੰਧੀ-
ਅਜੋਕੇ ਕੁੱਝ ਗੁਰਮਤਿ ਪ੍ਰਚਾਰਕਾਂ ਨੂੰ ਗੁਰਬਾਣੀ ਦੇ ਆਪਣੀ ਬਣੀ ਸੋਚ ਮੁਤਾਬਕ ਅਰਥ ਘੜਨ ਦੇ ਰਾਹ ਵਿੱਚ ਦੋ ਵਡੀਆਂ ਰੁਕਾਵਟਾਂ ਪੇਸ਼ ਆ ਰਹੀਆਂ ਹਨ।ਇੱਕ ਗੁਰਬਾਣੀ ਦੀ ਵਿਆਕਰਣ-ਖੋਜ ਅਨੁਸਾਰ ਕੀਤੇ ਅਰਥਾਂ ਵਾਲਾ ਪ੍ਰੋ: ਸਾਹਿਬ ਸਿੰਘ ਜੀ ਦਾ ਦਰਪਣ ਅਤੇ ਦੂਸਰਾ ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼।ਇਸ ਲਈ ਇਨ੍ਹਾਂ ਲੋਕਾਂ ਵੱਲੋਂ ਕਿਸੇ ਨਾ ਕਿਸੇ ਬਹਾਨੇ ਇਨ੍ਹਾਂ ਦੋਨਾਂ ਨੂੰ ਗ਼ਲਤ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ।
ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਕੋਸ਼ਿਸ਼ ਕਰਦੇ ਹੋਏ ਤ:…ਪ: ਵਾਲੇ ਲਿਖਦੇ ਹਨ:-
“ਇਸ ਵਿਆਕਰਣ ਅਨੁਸਾਰ ‘ਕਿਸੇ’ ਲਫ਼ਜ਼ ਨਾਲ ਔਂਕੜ, ਸਿਹਾਰੀ, ਜਾਂ ਮੁਕਤਾ ਲੱਗਣ ਨਾਲ ਅਰਥ ਬਦਲ ਜਾਂਦਾ ਹੈ।ਭਾਵ ‘ਗੁਰੁ’ ‘ਗੁਰਿ’ ‘ਗੁਰ’ ਦੇ ਅਰਥ ਅਲੱਗ ਅੱਲਗ ਹੋਣਗੇ।ਪਰ ਐਸਾ ਨਹੀਂ ਹੈ। ਇਕੋ ਸਮੇਂ ਇਕੋ ਲਫ਼ਜ਼ ਦੇ ਵੱਖ-ਵੱਖ ਰੂਪ ਹੁੰਦੇ ਹਨ।ਹਰ ਕੋਈ, ਕੋਈ ਵੀ ਰੂਪ ਵਰਤ ਲੈਂਦਾ ਹੈ।ਹੋਰ ਤਾਂ ਹੋਰ ਛੰਦ ਦੀ ਚਾਲ ਦੇ ਹਿਸਾਬ ਨਾਲ ਇਕੋ ਲੇਖਕ, ਇਕੋ ਲਫ਼ਜ਼ ਦੇ ਵੱਖ-ਵੱਖ ਰੂਪ ਵੀ ਵਰਤ ਲੈਂਦਾ ਹੈ।ਇਸ ਨਾਲ ਲਫ਼ਜ਼ ਦੇ ਅਰਥ ਵਿੱਚ ਕੋਈ ਫ਼ਰਕ ਨਹੀਂ ਪੈਂਦਾ।ਇਹ ਸਿਰਫ਼ ਸਾਡਾ ਵਿਚਾਰ ਨਹੀਂ, *ਪ੍ਰੋ: ਸਾਹਿਬ ਸਿੰਘ ਜੀ ਵੀ ਐਸਾ ਹੀ ਮੰਨਦੇ ਹਨ*।ਆਓ ਵੇਖੀਏ,
‘ਗੁਰੂ ਗ੍ਰੰਥ ਸਾਹਿਬ ਦਰਪਣ’ ਭਾਗ-10 ਦੇ ਪੰਨਾ 420 ਤੇ ਪ੍ਰੋ: ਸਾਹਿਬ ਸਿੰਘ ਜੀ ਨੇ ਕੁੱਝ ਲਫ਼ਜਾਂ ਪਿਰ, ਗੁਰ, ਘਰ, ਆਦਿ ਦੇ ਉਦਾਹਰਣ ਦੇਂਦੇ ਹੋਏ ਲਿਖਿਆ ਹੈ:
“ਗੁਰ, ਗੁਰੁ, ਗੁਰਿ।ਕਾਰਕ-ਚਿਹਨ ਲਫ਼ਜ਼ਾਂ ਦੇ ਆਪਣੇ ਨਿਜ-ਅਰਥ ਨਹੀਂ ਬਦਲਦੇ”।
ਤਰਕ- ਤ:…ਪ: ਵਾਲਿਆਂ ਵੱਲੋਂ, ਚਲਾਕੀ ਨਾਲ ਅਤੇ ਆਪਣੇ ਫਰਜ ਤੋਂ ਕੁਤਾਹੀ ਕਰਦੇ ਹੋਏ ਪ੍ਰੋ: ਸਾਹਿਬ ਸਿੰਘ ਦੀ ਸੰਬੰਧਤ ਵਿਸ਼ੇ ਬਾਰੇ ਪੋਥੀ 10- ਪੰਨਾ 400 ਤੋਂ ਲੈ ਕੇ ਪੰਨਾ 427, ਤਕਰੀਬਨ 28 ਸਫਿਆਂ ਦੀ ਲਿਖਤ ਵਿੱਚੋਂ ਸਿਰਫ਼ ਇਕੋ ਹੀ ਪੰਗਤੀ ਪੇਸ਼ ਕੀਤੀ ਗਈ ਹੈ।ਪੇਸ਼ ਹਨ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖਤ ਵਿੱਚੋਂ ਸੰਬੰਧਤ ਵਿਸ਼ੇ ਬਾਰੇ ਕੁਝ ਹੋਰ ਅੰਸ਼:
“ਨਿਯਮ ਉਹ ਜੋ ਹਰ ਥਾਂ ਢੁੱਕ ਸਕੇ:
... ਜੇ ਲਫ਼ਜ਼ ‘ਗੁਰ’ (ਮੁਕਤਾ ਅੰਤ) ਨੂੰ *ਅਕਾਲ ਬੋਧਕ* ਅਤੇ ‘ਗੁਰੁ’ (  ੁ -ਅੰਤ) ਨੂੰ *ਗੁਰੂ* ਬੋਧਕ ਮੰਨ ਲਈਏ ਤਾਂ ਲਫ਼ਜ਼ ‘ਗੁਰਿ’ ( ਿ-ਅੰਤ) ਦਾ ਕੀ ਅਰਥ ਕਰਾਂਗੇ? ਨਿਰਾ ਇਹੀ ਨਹੀਂ, *ਸੈਂਕੜੇ* ਮੁਕਤਾ ਅੰਤ ਪੁਲਿੰਗ ਸ਼ਬਦ ਇਹਨਾਂ ਤਿੰਨਾਂ ਰੂਪਾਂ ਵਿੱਚ ਮਿਲਦੇ ਹਨ।ਵੰਨਗੀ ਦੇ ਤੌਰ ਤੇ ਲਵੋ ਪਿਰ, ਘਰ, ਗ੍ਰਿਹ, ਸਬਦ, ਜਲ, ਹੁਕਮ:
1- ਪਿਰ, ਪਿਰੁ, ਪਿਰਿ    2- ਘਰ, ਘਰੁ, ਘਰਿ     3- ਗ੍ਰਿਹ, ਗ੍ਰਿਹੁ, ਗ੍ਰਿਹਿ
4- ਸਬਦ, ਸਬਦੁ, ਸਬਦਿ   5- ਜਲ, ਜਲੁ, ਜਲਿ    6- ਹੁਕਮ, ਹੁਕਮੁ ਹੁਕਮਿ
ਇਸੇ ਤਰ੍ਹਾਂ-  *7- ਗੁਰ, ਗੁਰੁ, ਗੁਰਿ*।
ਕਾਰਕ-ਚਿਹਨ (ਛੳਸੲ ਠੲਰਮਨਿੳਟੋਿਨਸ) ਲਗਾਇਆਂ ਲਫ਼ਜ਼ਾਂ ਦੇ ਆਪਣੇ *ਨਿਜ-ਅਰਥ* ਨਹੀਂ ਬਦਲ ਸਕਦੇ”।
ਨੋਟ: ਇੱਥੇ ਪ੍ਰੋ: ਸਾਹਿਬ ਨੇ ਛੇ ਹੋਰ ਉਦਾਹਰਣਾਂ ਦੇ ਕੇ ਦੱਸਿਆ ਹੈ ਕਿ “ਗੁਰ, ਗੁਰੁ, ਗੁਰਿ ਸ਼ਬਦ ਦੇ ਕਾਰਕ-ਚਿਹਨ ਨਾਲ ਇਸ ਦੇ ਨਿਜ ਅਰਥ (ਬੁਨਿਆਦੀ ਅਰਥ) ਨਹੀਂ ਬਦਲ ਸਕਦੇ।ਅਤੇ ਨਾਲ ਇਹ ਵੀ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਹੋਰ *ਸੈਂਕੜੇ* ਸ਼ਬਦ ਹਨ ਜਿਹੜੇ ਬੁਨਿਆਦੀ ਤੌਰ ਤੇ ਇਨ੍ਹਾਂ ਵੱਖ ਵੱਖ ਰੂਪਾਂ ਵਿੱਚ ਮਿਲਦੇ ਹਨ, ਜਿਨ੍ਹਾਂ ਦੇ ਕਾਰਕ ਚਿਨ੍ਹ ਬਦਲਣ ਨਾਲ ਇਨ੍ਹਾਂ ਦੇ ਨਿਜ ਅਰਥ ਨਹੀਂ ਬਦਲਦੇ।ਅਤੇ ਇਹ ਉੱਪਰ ਸੱਤ ਉਦਾਹਰਣਾਂ ਉਨ੍ਹਾਂ ‘ਸੈਂਕੜੇ’ ਲਫਜਾਂ ਵਿੱਚੋਂ ਦਿੱਤੀਆਂ ਗਈਆਂ ਹਨ।ਇਹ ਨਹੀਂ ਕਿ *ਕਿਸੇ ਵੀ* ਸ਼ਬਦ ਦੇ ਕਾਰਕ ਚਿਹਨ ਬਦਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਇਕ ਉਦਾਹਰਣ ਹੋਰ – ( ਪੋਥੀ 10- ਪੰਨਾ 406): “ਰੇਣੁ; ਇਹ ਸ਼ਬਦ ਭੀ ਸੰਸਕ੍ਰਿਤ ਦਾ ‘ਰੇਣੁ’ ਹੈ, ਅਤੇ ਇਹ ਪੁਲਿੰਗ ਅਤੇ ਇਸਤ੍ਰੀ-ਲਿੰਗ ਦੋਹਾਂ ਵਿਚ ਹੀ ਵਰਤਿਆ ਜਾਂਦਾ ਹੈ।ਪੁਰਾਣੀ ਪੰਜਾਬੀ ਵਿੱਚ ਇਹ ਕੇਵਲ ਇਸਤ੍ਰੀ-ਲਿੰਗ ਰਹਿ ਗਿਆ।ਨਿਰਾ ਇਹੀ ਨਹੀਂ ਰੂਪ ਵੀ ਚਾਰ ਹੋ ਗਏ- ਰੇਣੁ, ਰੇਣ, ਰੇਨੁ, ਰੇਨ”।
ਗੁਰਬਾਣੀ ਵਿਆਕਰਣ, ਪੰਨਾ-23 ਤੇ ਵੀ ਉਦਾਹਰਣ ਪੇਸ਼ ਕੀਤੀ ਗਈ ਹੈ:-
ਨਾਨਕ ਚਿੰਤਾ ‘ਮਤਿ’ ਕਰਹੁ ਚਿੰਤਾ ਤਿਸ ਹੀ ਹੋਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥...
.... ਨਾਨਕ ਚਿੰਤਾ ‘ਮਤ’ ਕਰਹੁ ਚਿੰਤਾ ਤਿਸ ਹੀ ਹੇਇ
॥ (ਪੰਨਾ-955)”।
ਇਹ ਵਿਚਾਰ ਦੇਣ ਦਾ ਪ੍ਰੋ: ਸਾਹਿਬ ਸਿੰਘ ਦਾ ਮੁਖ ਉਦੇਸ਼ ਇਹ ਹੈ ਕਿ ‘ਪੁਸਤਕ ‘ਗੁਰਮੰਤ੍ਰ ਪ੍ਰਬੋਧ’ ਦੇ ਕਰਤਾ ਅਨੁਸਾਰ ‘ਗੁਰ’ ਅਤੇ ‘ਸਤਿਗੁਰ’ ਦਾ ਅਰਥ ਹੈ ਪਰਮਾਤਮਾ ਅਤੇ ‘ਗਰੁ, ਸਤਿਗੁਰੁ’ ਦਾ ਅਰਥ ਹੈ ‘ਦਸ ਗੁਰੂ ਸਾਹਿਬਾਨ’।
ਇਸ ਗੱਲ ਦਾ ਖੰਡਣ ਕਰਦੇ ਹੋਏ ਪ੍ਰੋ: ਸਾਹਿਬ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਗੁਰ’ ਲਫ਼ਜ਼ ਮੂਲ ਰੂਪ ਵਿੱਚ ਗੁਰ, ਗੁਰੁ ਅਤੇ ਗੁਰਿ ਤਿੰਨਾਂ ਹੀ ਰੂਪਾਂ ਵਿੱਚ ਆਉਂਦਾ ਹੈ।ਇਸ ਦੇ ਕਾਰਕ ਚਿੰਨ੍ਹ (ਵਿਆਕਰਣਕ ਲਗਾ, ਮਾਤ੍ਰਾਵਾਂ) ਦੇ ਬਦਲਣ ਨਾਲ ਇਸ ਦੇ *ਨਿਜ/ ਮੂਲ ਅਰਥ* ਵਿੱਚ ਕੋਈ ਫ਼ਰਕ ਨਹੀਂ ਪੈਂਦਾ।ਅਰਥਾਤ ਇਹ ਨਹੀਂ ਕਿ ਕਿਸੇ ਰੂਪ ਵਿੱਚ ਇਸ ਦੇ ਅਰਥ ਗੁਰੂ (ਦਸ ਗੁਰੂ ਸਾਹਿਬਾਨ) ਅਤੇ ਕਿਸੇ ਹੋਰ ਰੂਪ ਵਿੱਚ ਇਸ ਦੇ ਅਰਥ ਪਰਮਾਤਮਾ ਹੋ ਜਾਂਦੇ ਹਨ।
ਸੋ ਤ:…ਪ: ਵਾਲਿਆਂ ਦਾ ਇਹ ਕਹਿਣਾ ਗ਼ਲਤ ਹੈ ਕਿ “.. *ਕੋਈ ਵੀ* ਲਫ਼ਜ਼ ਕੇਵਲ ਕਾਰਕ-ਚਿਹਨ ਦੇ ਬਦਲਣ ਨਾਲ ਆਪਣੇ ਅਸਲ ਅਰਥ ਤੋਂ ਉਲਟ ਨਹੀਂ ਹੋ ਸਕਦਾ”। ਅਤੇ ਆਪਣੇ ਕੋਲੋਂ ਹੀ ਲਿਖਕੇ ਕਿ “.. ਇਕੋ ਲਫ਼ਜ਼ ਦੇ ਵੱਖ-ਵੱਖ ਰੂਪ ਹੁੰਦੇ ਹਨ । ਹਰ ਕੋਈ, ਕੋਈ ਵੀ ਰੂਪ ਵਰਤ ਲੈਂਦਾ ਹੈ।ਹੋਰ ਤਾਂ ਹੋਰ ਛੰਦ ਦੀ ਚਾਲ ਦੇ ਹਿਸਾਬ ਨਾਲ ਇਕੋ ਲੇਖਕ, ਇਕੋ ਲਫ਼ਜ਼ ਦੇ ਵੱਖ-ਵੱਖ ਰੂਪ ਵੀ ਵਰਤ ਲੈਂਦਾ ਹੈ।ਇਸ ਨਾਲ ਲਫ਼ਜ਼ ਦੇ ਅਰਥ ਵਿੱਚ ਕੋਈ ਫ਼ਰਕ ਨਹੀਂ ਪੈਂਦਾ” ਇਹ ਲਿਖਕੇ ਤ…ਪ: ਵਾਲੇ ਇਹ ਕਹਿਣਾ ਚਾਹੁੰਦੇ ਹਨ ਜਿਵੇਂ ਇਹ ਪ੍ਰੋ: ਸਾਹਿਬ ਸਿੰਘ ਜੀ ਦੇ ਵਿਚਾਰ ਹੋਣ।
ਤ:…ਪ: ਵਾਲੇ ਜਾਂ ਤਾਂ ਇਹ ਸਮਝਣ ਤੋਂ ਅਸਮਰਥ ਹਨ ਕਿ ਪ੍ਰੋ: ਸਾਹਿਬ ਸਿੰਘ ਨੇ ‘ਸੈਂਕੜੇ’ ਸ਼ਬਦਾਂ ਵਾਸਤੇ ਇਹ ਗੱਲ ਕਹੀ ਹੈ ‘ਸਾਰੇ’ ਸ਼ਬਦਾਂ ਵਾਸਤੇ ਨਹੀਂ।ਜਾਂ ਫ਼ੇਰ ਜਾਣ ਬੁੱਝ ਕੇ ਗੁਰਮਤਿ ਪ੍ਰੇਮੀਆਂ ਨੂੰ ਗੁਰਮਰਾਹ ਕਰਕੇ ਇਹ ਸਮਝਾਣਾ ਚਾਹੁੰਦੇ ਹਨ ਕਿ ਗੁਰਬਾਣੀ-ਵਿਆਕਰਣ ਗ਼ੈਰ-ਜਰੂਰੀ ਹੈ, ਤਾਂ ਕਿ ਉਹ ਗੁਰਬਾਣੀ ਦੇ ਆਪਣੀ ਮਰਜੀ ਦੇ ਅਰਥ ਘੜ ਸਕਣ।
ਤ:…ਪ: ਵਾਲੇ ਸ਼ਾਇਦ ਇਹ ਕਹਿਣਾ ਚਾਹੁੰਦੇ ਹਨ ਕਿ ਪ੍ਰੋ: ਸਾਹਿਬ ਸਿੰਘ ਜੀ ਇਹ ਗੱਲ ਮੰਨਦੇ ਸਨ ਕਿ ਕਾਰਕ ਚਿੰਨ੍ਹ ਲਗਾਣ ਨਾਲ *ਕਿਸੇ ਵੀ* ਸ਼ਬਦ ਦੇ ਅਰਥ ਨਹੀਂ ਬਦਲਦੇ, ਪਰ ਫ਼ੇਰ ਵੀ ਵਿਆਕਰਣ ਖੋਜ ਤੇ ਸਾਲਾਂ ਭਰ ਦੀ ਏਨੀਂ ਮਿਹਨਤ ਵਿਅਰਥ ਹੀ ਕਰਦੇ ਰਹੇ? ਅਤੇ ਗੁਰਬਾਣੀ ਵਿਆਕਰਣ ਦੀ ਖੋਜ ਤੇ ਇਤਨੀ ਮਿਹਨਤ ਕਰਕੇ ਵੀ ਉਨ੍ਹਾਂ ਨੇ ਆਪਣੀ ਹੀ ਖੋਜ ਕੀਤੀ ਹੋਈ ਵਿਆਕਰਣ ਦੇ ਆਧਾਰ ਤੇ ਨਹੀਂ ਬਲਕਿ ਆਪਣੇ ਮਨ ਦੀ ਬਣ ਚੁਕੀ ਵਿਚਾਰ ਅਨੁਸਾਰ ਹੀ ਅਰਥ ਕਰ ਦਿੱਤੇ?
ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ ਤੇ ਪੋਚਾ ਫੇਰਨ ਲਈ ਇਕ ਹੋਰ ਤਰਕ ਪੇਸ਼ ਕਰਦੇ ਹੋਏ ਤ:…ਪ: ਵਾਲੇ ਲਿਖਦੇ ਹਨ-
ਤ:…ਪ:- “ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਆਪਣੇ ਪਹਿਲਾਂ ਬਣੇ ਵਿਚਾਰਾਂ ਦੇ ਆਧਾਰ ਤੇ ‘ਖੋਜੀ ਵਿਆਕਰਣ ਤੋਂ ਉਲਟ ਕੀਤੇ (ਆਪਾ ਵਿਰੋਧੀ) ਅਰਥਾਂ ਦੀ ਇਕ ਮਿਸਾਲ ਹੋਰ ਸਾਂਝੀ ਕਰਦੇ ਹਾਂ:-
ਰਾਮਾਨੰਦ ਸੁਆਮੀ ਰਮਤ ਬ੍ਰਹਮ॥”
ਅਰਥ (ਪ੍ਰੋ: ਸਾਹਿਬ ਸਿੰਘ ਜੀ):- “ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ”।…
… “ਇਹ ਜਵਾਬ ਬਹੁਤ ਹੱਦ ਤੱਕ ਸਹੀ ਹੈ” । ਪਰ ਜਦੋਂ ਪ੍ਰੋ: ਸਾਹਿਬ ਸਿੰਘ ਜੀ ਨੇ ਸੱਤੇ ਬਲਵੰਡ ਦੀ ਵਾਰ ਦੇ ਅਰਥ ਕੀਤੇ ਤਾਂ ਉਸ ਸਮੇਂ ਇਸ ਤੁਕ
ਤਖਤਿ ਬੈਠਾ ਅਰਜਨ ਗੁਰੂ” ਵਿੱਚ ‘ਅਰਜਨ ਗੁਰੂ’ ਦੇ ਅਰਥ ‘ਗੁਰੂ ਅਰਜਨ ਸਾਹਿਬ’ ਕਰ ਰਹੇ ਹਨ।ਕਿਉਂਕਿ ਉਨ੍ਹਾਂ ਦੇ ਮਨ ਵਿੱਚ ਇਹ ਧਾਰਨਾ ਪਹਿਲਾਂ ਬਣੀ ਹੋਈ ਸੀ । ਜਦਕਿ ‘ਰਾਮਾਨੰਦ ਸੁਆਮੀ’(ਰਾਮਾਨੰਦ ‘ਦਾ’ ਸੁਆਮੀ) ਵਾਂਗੂੰ ਇਥੇ ਵੀ ਵਿਆਕਰਣ ਦੇ ਨਿਯਮ ਅਨੁਸਾਰ ਅਰਥ ‘ਅਰਜਨ ‘ਦਾ’ ਗੁਰੂ’ (ਪਰਮਾਤਮਾ) ਹੀ ਕਰਨੇ ਚਾਹੀਦੇ ਸੀ । ਜੇ ਹੁਣ ਕੋਈ ਇਸ ਗ਼ਲਤੀ ਵੱਲ ਇਸ਼ਾਰਾ ਕਰਦਾ ਹੋਇਆ ਸੁਧਾਰ ਦਾ ਸੁਝਾਅ ਵੀ ਦੇ ਦੇਂਦਾ ਹੈ ਤਾਂ ਸਾਡੇ ਕਈ ਸਤਿਕਾਰਯੋਗ ਗੁਰਸਿੱਖ ਉਸ ਨੂੰ ਪ੍ਰੋ: ਸਾਹਿਬ ਸਿੰਘ ਜੀ ਦਾ ਨਿੰਦਕ ਮੰਨਣਾ ਅਤੇ ਪ੍ਰਚਾਰਣਾ ਸ਼ੁਰੂ ਕਰ ਦੇਂਦੇ ਹਨ”।
ਤਰਕ- ਤ:…ਪ: ਵਾਲੇ ਵਿਆਕਰਣ ਦੇ ਨਿਯਮਾਂ ਦੀ ਗੱਲ ਕਰਦੇ ਹਨ।ਪਰ ਵਿਆਕਰਣ ਦੇ ਨਿਯਮਾਂ ਬਾਰੇ ਸ਼ਾਇਦ ਉਨ੍ਹਾਂਨੂੰ ਖੁਦ ਨੂੰ ਕੋਈ ਜਾਣਕਾਰੀ ਨਹੀਂ ਹੈ।ਉਨ੍ਹਾਂਨੂੰ ਸਿਰਫ਼ ਤੁਕਾਂ ਦੇਖਣ ਨੂੰ ਇੱਕੋ ਜਿਹੀਆਂ ਲੱਗਦੀਆਂ ਹਨ ਇਸ ਲਈ ਜਿਹੜੇ ਅਰਥ ਇਨ੍ਹਾਂਨੂੰ ਸੈਟ ਬੈਠਦੇ ਹਨ ਉਨ੍ਹਾਂ ਬਾਰੇ ਕਹਿ ਦਿੱਤਾ “ਇਹ ਜਵਾਬ ਬਹੁਤ ਹੱਦ ਤੱਕ ਸਹੀ ਹੈ”।
ਜਿਹੜੇ ਅਰਥ ਸੈਟ ਨਹੀਂ ਬੈਠਦੇ ਉਨ੍ਹਾਂ ਬਾਰੇ ਕਹਿ ਦਿੱਤਾ ਇਹ ਆਪਾ ਵਿਰੋਧੀ ਹੈ । ਜੇ ਇਨ੍ਹਾਂਨੂੰ ਵਿਆਕਰਣ ਬਾਰੇ ਜਾਣਕਾਰੀ ਹੁੰਦੀ ਤਾਂ ਵਿਆਕਰਣ ਦੇ ਨਿਯਮ ਸਮਝਾ ਕੇ ਦੱਸਦੇ ਕਿ ਕਿਹੜੇ ਅਰਥ ਕਿਵੇਂ ਠੀਕ ਜਾਂ ਗ਼ਲਤ ਹਨ ।                    
ਦੋਨੋਂ ਤੁਕਾਂ ਓਪਰੀ ਨਜ਼ਰੇ ਦੇਖਿਆਂ ਬੇਸ਼ਕ ਇੱਕੋ ਜਿਹੀਆਂ ਹੀ ਲੱਗਦੀਆਂ ਹਨ ਪਰ ਵਿਆਕਰਣਕ ਨਿਯਮਾਂ ਅਨੁਸਾਰ ਦੋਨਾਂ ਤੁਕਾਂ ਦਾ ਫਰਕ ਸਮਝਣ ਦੀ ਜਰੂਰਤ ਹੈ।
ਪੇਸ਼ ਹਨ ਦੋਨੋਂ ਤੁਕਾਂ:
1- “ਰਾਮਾਨੰਦ ਸੁਆਮੀ’ ਰਮਤ ਬ੍ਰਹਮ॥” (ਰਾਮਾਨੰਦ ‘ਦਾ’ ਸੁਆਮੀ) ਅਤੇ      
2- “ਤਖਤਿ ਬੈਠਾ ‘ਅਰਜਨ ਗੁਰੂ’॥” (‘ਅਰਜਨ-ਗੁਰੂ’)
ਸਭ ਤੋਂ ਪਹਿਲਾਂ ਵਿਆਕਰਣ ਦਾ ਇਹ ਨਿਯਮ ਸਮਝਣਾ ਜਰੂਰੀ ਹੈ ਕਿ- “ਕਿਸੇ ਵਾਕ ਵਿੱਚ ‘ਨਾਂਵ’ ਅਤੇ ‘ਕ੍ਰਿਆ’ ਦੇ ਆਪੋ ਵਿੱਚ ਦੇ ਸੰਬੰਧ ਦਾ ਨਾਂ ‘ਕਾਰਕ’ ਹੈ” (- ਪ੍ਰੋ: ਸਾਹਿਬ ਸਿੰਘ ਜੀ)      ਮਹਾਨ ਕੋਸ਼ ਅਨੁਸਾਰ:-“ਕਾਰਕ:- ਸੰਗਿਆ ਅਥਵਾ ਸਰਵਨਾਮ ਸ਼ਬਦ ਦੀ ਉਹ ਅਵਸਥਾ ਜਿਸ ਨਾਲ ਉਸ ਦਾ ਕ੍ਰਿਆ ਨਾਲ ਸੰਬੰਧ ਪ੍ਰਗਟ ਹੋਵੇ”।
ਹੁਣ ਦੇਖੋ ਪਹਿਲੀ ਤੁਕ “ਰਾਮਾਨੰਦ ਸੁਆਮੀ ਰਮਤ ਬ੍ਰਹਮ॥”
ਇਹ ਤੁਕ ‘ਸੰਬੰਧ ਕਾਰਕ’ ਦਰਸਾਉਂਦੀ ਹੈ।
‘ਸੰਬੰਧ ਕਾਰਕ’ ਦੀ ਪਰਿਭਾਸ਼ਾ:- ਸੰਗਿਆ ਦੇ ਜਿਸ ਰੂਪ ਨਾਲ ਕਿਸੇ ਵਸਤੂ, ਦਾ ਦੂਸਰੀ ਵਸਤੂ ਨਾਲ ‘ਸੰਬੰਧ’ ਪ੍ਰਗਟ ਹੋਵੇ, ਉਸ ਨੂੰ ਸੰਬੰਧ ਕਾਰਕ ਕਿਹਾ ਜਾਂਦਾ ਹੈ।ਸੰਗਿਆ ਨਾਲ ਕਾ, ਕੇ, ਕੀ, *ਦਾ*, ਦੇ, ਦੀ, ਆਦਿ ਲਗਾਇਆਂ ਉੱਤਰ ਮਿਲਣ ਤੇ ਇਹ ‘ਸੰਬੰਧ ਕਾਰਕ’ ਹੁੰਦੀ ਹੈ।
ਇੱਥੇ ‘ਰਾਮਾਨੰਦ’ ਸੰਗਿਆ ਦਾ ਸੰਬੰਧ ‘ਸੁਆਮੀ ਦੇ ਰਮੇ ਹੋਣ ਦੀ ਕ੍ਰਿਆ ਦੁਆਰਾ ਦਰਸਾਇਆ ਗਿਆ ਹੈ।ਰਾਮਾਨੰਦ ‘ਦਾ’ ਸੁਆਮੀ ਰਮਿਆ ਹੋਇਆ।
ਦੂਸਰੀ ਤੁਕ-
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥”
ਵਿਆਕਰਣ ਅਨੁਸਾਰ ਇਹ ਤੁਕ ‘ਅਧਿਕਰਣ ਕਾਰਕ ਇਕ ਵਚਨ’ ਹੈ।
ਅਧਿਕਰਣ ਕਾਰਕ ਦੀ ਪਰਿਭਾਸ਼ਾ (ਪ੍ਰੋ: ਸਾਹਿਬ ਸਿੰਘ):- “ਅਧਿ’ ਦਾ ਅਰਥ ਹੈ ‘ਉਤੇ’ ‘ਵਿੱਚ’।
ਜਿਸ ਨੂੰ ਕੋਈ ਨਵਾਂ ਅਧਿਕਾਰ ਦਿੱਤਾ ਜਾਏ, ਭਾਵ, ਜਿਸ ਦੇ ‘ਉੱਤੇ’ ਜਾਂ ‘ਵਿੱਚ’ ਕੋਈ ਹੋਰ ਨਵੀਂ ਚੀਜ਼ ਰੱਖੀ ਜਾਵੇ, ਉਸ ਨਾਂਵ ਨੂੰ ਏਸ ਕਾਰਕ ਵਿੱਚ ਵਰਤੀਦਾ ਹੈ”।
(ਇਕ ਹੋਰ ਵਿਆਕਰਣ ਅਨੁਸਾਰ ਪਰਿਭਾਸ਼ਾ): “ਸੰਗਿਆ ਦੇ ਜਿਸ ਰੂਪ ਨਾਲ *ਕਿਰਿਆ ਦੇ ਆਧਾਰ* ਦਾ ਬੋਧ ਹੋਵੇ, ਜਿਸ ਨਾਲ ਇਹ ਬੋਧ ਹੋਵੇ ਕਿ ਕੀਤੇ ਗਏ ਕੰਮ ਦਾ ਆਧਾਰ, ਸਥਾਨ, ਜਾਂ ਸਮਾਂ ਕੀ ਹੈ, ਉਸ ਨੂੰ ‘ਅਧਿਕਰਣ ਕਾਰਕ’ ਕਹਿੰਦੇ ਹਨ । ਸੰਗਿਆ ਦੇ ਨਾਲ ‘ਵਿੱਚ, ਤੇ, ਉਤੇ, ਕਦੋਂ’ ਆਦਿ ਲਗਾਉਣ ਤੇ ਜਵਾਬ ਮਿਲਣ ਨਾਲ ਇਸ ਕਾਰਕ ਦਾ ਪਤਾ ਲੱਗਦਾ ਹੈ”।
ਇਹ ਸੀ ਵਿਆਕਰਣਕ ਨਿਯਮਾਂ ਤੇ ਆਧਾਰਿਤ ਤੁਕਾਂ ਬਾਰੇ ਵਿਚਾਰ । ਹੁਣ ਦੇਖੋ, “ਰਾਮਾਨੰਦ…ਸੁਆਮੀ” ਅਤੇ “ਅਰਜਨ …ਗੁਰੂ” ਬਾਰੇ ਵਿਚਾਰ:-
“ਰਾਮਾਨੰਦ ਸੁਆਮੀ ਰਮਤ ਬ੍ਰਹਮ॥” ਇਸ ਤੁਕ ਵਿੱਚ ‘ਰਾਮਾਨੰਦ’ ਅਤੇ ‘ਸੁਆਮੀ’, “ਰਮੇ ਹੋਣ” ਦੀ ਕ੍ਰਿਆ ਦੇ ਜ਼ਰੀਏ ਆਪਸ ਵਿੱਚ ਸੰਬੰਧ ਰੱਖਦੇ ਹਨ।ਅਤੇ ‘ਕਾ, ਕੇ, ਕੀ, ਦਾ, ਦੇ, ਦੀ’ ਆਦਿ ਵਰਤਿਆਂ ਜਵਾਬ ਮਿਲਦਾ ਹੈ (ਰਾਮਾਨੰਦ ‘ਦਾ’ ਸੁਆਮੀ) ।
ਸੰਬੰਧ ਕਾਰਕ ਹੋਣ ਕਰਕੇ ਦੋਨਾਂ ਦੇ ਵਿਚਾਲੇ *ਦਾ* ਦੇ, ਦੀ’ ਆਦਿ ਚਿਹਨ ਆਏਗਾ।
ਤਖਤਿ ਬੈਠਾ ਅਰਜਨ ਗੁਰੂ॥” ਤੁਕ ਵਿੱਚ ਕ੍ਰਿਆ ਦੇ ਜਰੀਏ ‘ਅਰਜਨ’ ਅਤੇ ‘ਗੁਰੂ’ ਦਾ ਆਪਸ ਵਿੱਚ ਸੰਬੰਧ ਨਹੀਂ ਬਲਕਿ ‘ਅਰਜਨ’ ਦੇ ‘ਤਖਤ ਤੇ ਬੈਠਣ ਦੀ ਕ੍ਰਿਆ’ ਹੈ । ਕ੍ਰਿਆ ਦੇ ਜਰੀਏ ਅਰਜਨ ਅਤੇ ਗੁਰੂ ਦਾ ਸੰਬੰਧ ਨਾ ਹੋਣ ਕਰਕੇ ‘ਅਰਜਨ ਅਤੇ ਗੁਰੂ’ ਵਿਚਾਲੇ ਕਾਰਕ ਚਿੰਨ੍ਹ ਨਹੀਂ ਲੱਗ ਸਕਦਾ।
ਇਹ ਹਨ ਵਿਆਕਰਣ ਦੇ ਆਧਾਰ ਤੇ ਅਰਥਾਂ ਸੰਬੰਧੀ ਵਿਚਾਰ । ਅਤੇ ਇੱਥੇ ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਦੇਖਣ ਨੂੰ ਬੇਸ਼ੱਕ ਦੋਨੋਂ ਤੁਕਾਂ ਇੱਕੋ ਜਿਹੀਆਂ ਹੀ ਲੱਗਦੀਆਂ ਹਨ ਪਰ ਵਿਆਕਰਣਕ ਨਿਯਮਾਂ ਅਨੁਸਾਰ ਹੀ ਪ੍ਰੋ: ਸਾਹਿਬ ਸਿੰਘ ਜੀ ਨੇ ਰਾਮਾਨੰਦ ‘ਦਾ’ ਸੁਆਮੀ ਅਤੇ ‘ਅਰਜਨ-ਗੁਰੂ’ ਅਰਥ ਕੀਤੇ ਹਨ, ਆਪਣੀ ਬਣੀ ਹੋਈ ਕਿਸੇ ਸੋਚ ਅਨੁਸਾਰ ਨਹੀਂ । ਦੂਸਰਾ ਇੱਥੇ ਸਾਫ਼ ਜ਼ਾਹਰ ਹੈ ਕਿ ਤ:…ਪ: ਵਾਲੇ ਆਪਣੀ ਬਣੀ ਸੋਚ ਅਨੁਸਾਰ ਗੁਰਬਾਣੀ ਦੇ ਅਰਥ ਕਰਨ ਦੇ ਮਕਸਦ ਨਾਲ ਗੁਰਬਾਣੀ ਵਿੱਚ ਵਰਤੀ ਗਈ ਵਿਆਕਰਣ ਨੂੰ ਗ਼ੈਰ-ਜਰੂਰੀ ਕਰਾਰ ਦੇਣ ਲਈ ਅਤੇ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਨੂੰ ਰੱਦ ਕਰਨ ਲਈ ਨੁਕਤੇ ਲੱਭਦੇ ਰਹਿੰਦੇ ਹਨ।
ਹੁਣ ਪੇਸ਼ ਹਨ ਇਸੇ ‘ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥’ (968)
ਤੁਕ ਦੇ ਤ:…ਪ: ਵਾਲਿਆਂ ਵੱਲੋਂ  ਕੀਤੇ ਗਏ ਅਰਥ ਅਤੇ ਉਨ੍ਹਾਂ ਬਾਰੇ ਵਿਚਾਰ:
ਅਰਥ (ਤ:…ਪ:)- ਇਸ ਦੁਨੀਆ ਰੂਪੀ ਤਖਤ ਉਪਰ ਅਰਜਨ ਪਾਤਸ਼ਾਹ ਜੀ (ਵੱਲੋਂ ਪ੍ਰਚਾਰੇ) ਦਾ ਗੁਰੂ (ਪ੍ਰਭੂ) ਬਿਰਾਜਮਾਨ ਹੈ । ਉਸ ਪ੍ਰਭੂ ਦਾ ਹੁਕਮ ਰੂਪੀ ਚੰਦੋਆ (ਸ੍ਰਿਸ਼ਟੀ ਉਪਰ) ਚਮਕ ਰਿਹਾ ਹੈ।
ਵਿਚਾਰ- ਅਰਥਾਂ ਨੂੰ ਆਪਣੀ ਹੀ ਬਣੀ ਸੋਚ ਦਾ ਰੰਗ ਦੇਣ ਦੇ ਚੱਕਰ ਵਿੱਚ ਕਿੰਨੇ ਹੀ ਲਫ਼ਜ਼ ਜ਼ਬਰਦਸਤੀ ਆਪਣੇ ਕੋਲੋਂ ਜੋੜੇ ਗਏ ਹਨ।
“*ਦੁਨੀਆਂ ਤੇ* ਅਰਜਨ ਪਾਤਸ਼ਾਹ ਦੇ *ਪ੍ਰਚਾਰੇ ਦਾ ਗੁਰੂ (ਪ੍ਰਭੂ)* ਬਿਰਾਜਮਾਨ ਹੈ।*ਸ੍ਰਿਸ਼ਟੀ ਤੇ ਪ੍ਰਭੂ ਦਾ ਹੁਕਮ* ਚਮਕ ਰਿਹਾ ਹੈ”।
‘ਅਰਜਨ ਪਾਤਸ਼ਾਹ ਦੇ ਪ੍ਰਚਾਰੇ ਦੇ’ ਪ੍ਰਭੂ ਦਾ ਹੁਕਮ ਚੱਲਣ ਦਾ ਕੀ ਮਤਲਬ ਹੋਇਆ?
ਕੀ ਅਰਜਨ ਪਾਤਸ਼ਾਹ ਦੁਆਰਾ ਪ੍ਰਚਾਰਿਆ ਪ੍ਰਭੂ ਕੋਈ ਵੱਖਰਾ ਹੈ? ਜੇ ਪ੍ਰਚਾਰੇ ਦੇ ਗੁਰੂ (ਪ੍ਰਭੂ) ਦੀ ਹੀ ਗੱਲ ਹੈ ਤਾਂ, ਉਹ ਤਾਂ ਪਹਿਲਾਂ ‘ਗੁਰੂ ਨਾਨਕ ਦੇਵ’ ਜੀ ਦੁਆਰਾ ਹੀ ਪ੍ਰਚਾਰਿਆ ਗਿਆ ਸੀ।
ਜਸਬੀਰ ਸਿੰਘ ਵਿਰਦੀ                16-01-2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.